ਪਿਆਰੇ ਪਾਸ਼ ਨੂੰ ਸਮਰਪਿਤ.......... ਨਜ਼ਮ/ਕਵਿਤਾ / ਸੁਖਵੀਰ ਸਰਵਾਰਾ


ਨਹੀਂ ਦੋਸਤ
ਤੂੰ ਹਾਲੀਂ ਵਿਦਾ ਨਹੀਂ ਹੋਣਾ ਸੀ
ਹਾਲੀਂ ਤਾਂ ਤੂੰ ਬਹਤ ਕੁਝ ਹੋਰ ਕਰਨਾ ਸੀ
ਤੂੰ ਭਾਰਤ ਮਾਂ ਦੀ ਬਾਂਹ ਤੇ ਬੰਨੀਂ ਕੋਈ ਰੱਖ ਬਣਨਾ ਸੀ
ਜੋ ਸਾਨੂੰ ਨਹੀਂ ਦਿਸਦਾ ਦਿਖਾਉਣ ਲਈ ਅੱਖ ਬਣਨਾ ਸੀ
ਸਾਨੂੰ ਨਾਸਮਝਾਂ ਨੂੰ ਹਾਲੀ ਤੂੰ ਹੋਰ ਸਮਝਾਉਣਾ ਸੀ
ਸਾਨੂੰ ਬੇ ਅਣਖਾਂ ਨੂੰ ਅਣਖ ਨਾਲ ਜੀਣਾ ਸਿਖਾਉਣਾ ਸੀ
ਸਾਡੇ ਬੋਲੇ ਕੰਨਾਂ ਨੂੰ ਜੋ ਸੁਣ ਸਕੇ ਉਹ ਰਾਗ ਬਣਨਾ ਸੀ
ਅੱਜ ਦੇ ਸਿਆਸੀ ਦੁੱਧ ਨੂੰ ਫਾੜਨ ਦੇ ਲਈ ਜਾਗ ਬਣਨਾ ਸੀ

ਮੈਂ ਮੰਨਦਾ ਇਹ ਸਭ ਤੂੰ ਆਪਣੇ ਸਮਿਆਂ ਵਿਚ ਕਰ ਗਿਆ ਸੀ
ਨਾਸਾਜ਼ ਹਾਲਾਤ ਬਦਲਦੇ ਕਿਵੇਂ ਨਜਮਾਂ ‘ਚ ਲਿਖ ਕੇ ਧਰ ਗਿਆ ਸੀ
ਪਰ ਜਦੋਂ ਵੀ ਯਾਰਾ ਕਿਧਰੇ ਮੇਰੀ ਖੱਬੀ ਅਖ ਫਰਕਦੀ ਏ
ਇਓਂ ਲਗਦਾ ਏ ਮੈਨੂੰ ਕਿ ਤੇਰੀ ਰੂਹ ਤੜਫਦੀ ਏ
ਇਹ ਦੇਖ ਕੇ ਅਸੀਂ ਜਿਹਨਾ ਨੇ।।।
ਸਮੇ ਦੇ ਬੇਕਾਬੂ ਘੋੜੇ ਦੀ ਲਗਾਮ ਨੂੰ ਫੜਨਾ ਸੀ
ਜਿਹਨਾ ਤੇਰਾ ਦਸਿਆ ਤੀਸਰਾ ਮਹਾਂ-ਯੁਧ ਲੜਨਾ ਸੀ
ਆਪੋ ਵਿਚ ਹੀ ਲੜ-ਲੜ, ਕਟ-ਕਟ ਮਰੀ ਜਾ ਰਹੇ ਹਾਂ
ਨਿੱਤ ਜ਼ੁਲਮ ਦੀ ਸਰਹੱਦ ਤੇ ਸਿਰ ਧਰੀ ਜਾ ਰਹੇ ਹਾਂ
ਕਿ ਤੇਰੀਆਂ ਨਜ਼ਮਾਂ ‘ਚ ਹੀ ਰਹਿ ਗਿਆ
ਤੇਰੇ ਦੱਸੇ ਜੀਣ ਦੇ ਢੰਗ ਦਾ ਨਾਂ
ਕਿ ਅਸੀਂ ਅੱਜ ਵੀ ਲੋਟੂ ਹੀ ਰਹੇ ਹਾਂ ਬਦਲ
ਜਿੰਦਗੀ ਤੇ ਮੌਤ ਦੇ ਅਰਥ ਬਦਲਣ ਦੀ ਥਾਂ
ਤੂੰ ਵਾਪਿਸ ਆ ਯਾਰਾ
ਜ਼ੁਲਮ ਦੇ ਖਿਲਾਫ਼ ਕੱਢੀ ਕੋਈ ਸੂਹ ਬਣਕੇ ਆ
ਇਨਕਲਾਬ ਦੇ ਪਿੰਡ ਨੂੰ ਜਾਂਦੀ ਕੋਈ ਜੂਹ ਬਣਕੇ ਆ
ਲੋਕਾਂ ਦੇ ਇਸ਼ਕ ਦਿਆ ਵਾਰਿਸਾ ਤੂੰ
ਵਿਚ ਸਰੀਰਾਂ ਸਾਡਿਆਂ ਰੂਹ ਬਣਕੇ ਆ
ਨਹੀਂ ਯਾਰਾ ਤੂੰ ਹਾਲੀਂ ਨਹੀਓਂ ਵਿਦਾ ਹੋਣਾ ਸੀ
ਹਾਲੇ ਤਾਂ ਯਾਰਾ ਮੈਂ ਵੀ ਤੇਰੇ ਗਲ ਲੱਗ ਰੋਣਾ ਸੀ
ਹਾਲੇ ਤਾਂ ਯਾਰਾ ਮੈਂ ਤੈਨੂੰ ਛੂਹ ਕੇ ਵੇਖਣਾ ਸੀ
ਤੇਰੇ ਹੱਥਾਂ ਨੂੰ ਚੁੰਮਣਾ ਸੀ, ਤੇਰੇ ਪੈਰਾਂ ਨੂੰ ਧੋਣਾ ਸੀ
ਨਹੀਂ ਦੋਸਤ
ਤੂੰ ਹਾਲੀਂ ਵਿਦਾ ਨਹੀਂ ਹੋਣਾ ਸੀ
****

No comments: