ਅਫ਼ਰੀਕਾ ਵਿੱਚ ਘੁੰਮ ਰਿਹਾ ਭੋਖੜੇ ਦਾ ਦੈਂਤ ਅਤੇ ਰੱਜਿਆ ਪੱਛਮੀ ਸੰਸਾਰ.......... ਲੇਖ / ਜੋਗਿੰਦਰ ਬਾਠ ਹੌਲੈਂਡ


ਦੋ ਹਜ਼ਾਰ ਦਸ ਦੇ ਅਖ਼ੀਰ ਵਿੱਚ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਮੱਦਤੀ ਜੱਥੇਬੰਦੀਆਂ ਨੇ ਸਾਰੇ ਸੰਸਾਰ ਨੂੰ ਆਪਣੀਆਂ ਅਪੀਲਾਂ ਦਲੀਲਾਂ ਨਾਲ ਖ਼ਬਰਦਾਰ ਕਰਨਾ ਸ਼ੁਰੂ ਕਰ ਦਿੱਤਾ ਸੀ ।  ਜੇ ਸੋਕੇ ਦਾ ਇਹੋ ਹਾਲ ਰਿਹਾ ਤਾਂ ਅਫ਼ਰੀਕਾ ਦੇ ਦੇਸ਼ਾਂ ਸੁਮਾਲੀਆ, ਈਰੀਟਰੀਆ, ਦਾਈਬੂਟੀ, ਇਥੋਪੀਆ ਅਤੇ ਕੀਨੀਆਂ ਵਿੱਚ ਅਕਾਲ ਅਤੇ ਭੋਖੜੇ ਦਾ ਕਹਿਰ ਵਰਤ ਸਕਦਾ ਹੈ।  ਅਫ਼ਰੀਕਾ ਮਹਾਂਦੀਪ ਦਾ ਨਕਸ਼ਾ ਵੇਖਿਆਂ ਇੳਂੁ ਲੱਗਦਾ ਹੈ, ਜਿਸ ਤਰ੍ਹਾਂ ਇਹ ਇਲਾਕਾ ਅਫ਼ਰੀਕਾ ਦੀ ਵੱਖੀ ਵਿੱਚ ਉੱਗੀ ਦਰਿਆਈ ਘੋੜੇ ਦੇ ਦੇ ਸਿੰਗ ਵਰਗੀ ਖੁੰਗੀ ਹੋਵੇ ? ਕਿੳਂਕਿ ਪਿਛਲੇ ਸਾਲ ਦੁਨੀਆਂ ਦੇ ਮੌਸਮੀ ਮਾਹਰਾਂ ਨੇ ਇਹ ਰਿਪੋਰਟ ਦਿੱਤੀ ਸੀ ਕਿ ਇਨ੍ਹਾਂ ਦੇਸ਼ਾਂ ਦੀਆਂ ਕੁਦਰਤੀ ਮੌਨਸ਼ੂਨਾਂ ਧੋਖਾ ਦੇ ਗਈਆਂ ਹਨ। ਪਿਛਲੇ ਦੋ ਸਾਲਾਂ ਤੋਂ  ਕੁਦਰਤ ਵਲੋਂ ਤਹਿ ਕੀਤੀ ਬਾਰਸ਼ ਦਾ ਵੀਹ ਪ੍ਰਤੀਸ਼ਤ ਹਿੱਸਾ ਵੀ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਇਨ੍ਹਾਂ ਯੁੱਗਾਂ ਤੋਂ ਤ੍ਰਿਹਾਈਆਂ ਭੂਮੀਆਂ ਯਾਨਿ ਕਿ ਦੇਸ਼ਾਂ ਵਿੱਚ ਨਹੀਂ ਤਰੱਪਕਿਆ। ਆਮ ਕਰਕੇ ਅਪ੍ਰੈ਼ਲ ਪੰਜਾਬ ਦੇ ਸੌਣ ਮਹੀਨੇ ਵਾਂਗ ਸੋਮਾਲੀਆ ਅਤੇ ਇਥੋਪੀਆ ਦਾ ਸਭ ਤੋਂ ਸਿੱਲ੍ਹਾ, ਭਿੱਜਾ ਅਤੇ ਬਾਰਸ਼ਾਂ ਭਰਪੂਰ ਮਹੀਨਾ ਹੁੰਦਾ ਹੈ। ਇਸ ਮਹੀਨੇ 120 ਤੋਂ ਲੈ ਕੇ 150 ਮਿਲੀਮੀਟਰ ਬਾਰਸ਼ ਇਹਨਾਂ ਦੇਸ਼ਾਂ ਵਿੱਚ ਬਰਸਦੀ ਹੈ ਪਰੰਤੂ ਇਸ ਸਾਲ ਇਹ ਸਿਰਫ਼ ਤੀਹ ਤੋਂ ਚਾਲੀ ਮਿਲੀਮੀਟਰ ਹੀ ਬਰਸੀ ਅਤੇ ਛੋਟਾ ਬਰਸਾਤੀ ਸੀਜ਼ਨ ਅਕਤੂਬਰ ਤੋਂ ਦਸੰਬਰ ਤੱਕ ਵੀ ਅਸਲੋਂ ਸੋਕੇ ਨਾਲ  ਇਨ੍ਹਾਂ ਦੇਸ਼ਾਂ ਨੂੰ ਡੋਬਾ ਦੇ ਗਿਆ ਹੈ। ਇਹ ਸਭ ਕੁਝ ਮੌਸਮੀ ਚੱਕਰ ਵਿੱਚ ਵਿਗਾੜ ਆ ਜਾਣ ਦੇ ਕਾਰਨ ਹੀ ਵਾਪਰਿਆ ਹੈ। ਇੱਕ ਪਾਸੇ ਅਫ਼ਰੀਕਾ ਦੇ ਇਨ੍ਹਾਂ ਦੇਸ਼ਾਂ ਵਿੱਚ ਸੋਕੇ ਨੇ ਨਹਿਰਾਂ, ਨਦੀਆਂ, ਬਨਸਪਤੀ, ਪਸ਼ੂ-ਪਰਿੰਦੇ ਤੇ ਇਨਸਾਨ ਤੱਕ ਸੁੱਕਣੇ ਪਾ ਦਿੱਤੇ ਹਨ ਤੇ ਦੂਜੇ ਪਾਸੇ ਲਾਤੀਨੀ ਅਮਰੀਕਾ, ਪਾਕਿਸਤਾਨ ਅਤੇ ਆਸਟਰੇਲੀਆ ਹੜਾਂ ਦੇ ਪਾਣੀ ਨੇ ਡੋਬ ਕੇ ਰੋੜ ਦਿੱਤੇ ਹਨ।

ਹੁਣ ਇਹ ਸੋਕੇ ਦਾ ਦੈਂਤ ਕਿਸੇ ਹੱਦ ਤੱਕ ਅੱਧੇ ਅਫ਼ਰੀਕੀ ਲੋਕਾਂ ਨੂੰ ਖਾਣ ਤੇ ੳਜਾੜਨ ਲੱਗ ਪਿਆ ਹੈ। ਔੜ ਮਾਰੇ ਵੱਖ ਵੱਖ ਦੇਸ਼ਾਂ ਤੋਂ ਹੁਣ ਇਹ ਭੁੱਖ ਨੰਗ ਦਾ ਕਾਲਾ ਤੂਫਾਨ ਰੋਟੀ ਦੀ ਭਾਲ ਵਿੱਚ ਕੀਨੀਆਂ ਦੇ ਸ਼ਹਿਰ ਡਡਡਾਬ ਵੱਲ ਭੁੱਖਾ ਤਿਹਾਇਆ ਮਾਰਚ ਕਰ ਰਿਹਾ ਹੈ, ਜਿੱਥੇ ਤਿੰਨ ਸ਼ਰਨਾਰਥੀ ਕੈਂਪ  ਪਹਿਲਾਂ ਹੀ ਭੋਖੜੇ ਦੇ ਮਾਰੇ ਹਜ਼ਾਰਾਂ ਲੋਕਾਂ ਨਾਲ ਭਰੇ ਪਏ ਹਨ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਹੁਣ ਤੱਕ ਇਨ੍ਹਾਂ ਚੌਂਹ ਮੁਲਖਾਂ ਦੇ ਤਕਰੀਬਨ ਦਸ ਮੀਲੀਅਨ ਲੋਕ ਭੋਖੜੇ ਦਾ ਸਿ਼ਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾਣ ਲਈ ਮਜ਼ਬੂਰ ਹੋਏ ਪਏ ਹਨ। ਪਹਿਲਾ ਇਹ ਲੋਕ ਜਿੱਧਰ ਜਿੱਧਰ ਹਰੀਆਂ ਭਰੀਆਂ ਚਰਾਂਦਾ ਲੱਭਦੀਆਂ ਸਨ ਆਪਣਾ ਮਾਲ ਡੰਗਰ ਸਾਰੇ ਦੇਸ਼ ਵਿੱਚ ਹੀ ਤੋਰੀ ਫੇਰੀ ਰੱਖਦੇ ਸਨ ਪਰੰਤੂ ਹੁਣ ਤਾਂ ਹਜਾ਼ਰਾਂ ਮੀਲਾਂ ਦੇ ਖੇਤਰ ਵਿੱਚ ਹਰੇ ਘਾਹ ਦੀ ਕੋਈ ਤਿੜ੍ਹ ਤੱਕ ਨਜ਼ਰ ਨਹੀਂ ਆੳਂੁਦੀ। ਸੁੱਕੇ ਪੱਤਿਆਂ ਰਹਿਤ ਦਰੱਖਤ ਪ੍ਰੇਤਾਂ ਵਾਂਗ ਖੜੇ ਅਜੀਬ ਮੰਜ਼ਰ ਪੇਸ਼ ਕਰ ਰਹੇ ਹਨ। ਔੜ ਮਾਰੇ ਇਨ੍ਹਾਂ ਦੇਸ਼ਾਂ ਦੇ ਤਕਰੀਬਨ ਅੱਸੀ ਪ੍ਰਤੀਸ਼ਤ ਪਾਲਤੂ ਅਤੇ ਜੰਗਲੀ ਪਸ਼ੂ ਭੁੱਖ ਨਾਲ ਮਰ ਗਏ ਹਨ । ਬਾਕੀ ਬੱਚਿਆ ੳੱਪਰ ਵੀ ਮਾਸ ਦਾ ਭੋਰਾ ਨਹੀਂ ਲੱਭਦਾ। ਬੀ ਬੀ ਸੀ ਦੀ ਰਿਪੋਰਟ ਮੁਤਾਬਕ ਜੋ ਡੰਗਰ ਬਚੇ ਹਨ ਨਾ ਤਾਂ ਉਹ ਹੁਣ ਦੁੱਧ ਦੇਣ ਜੋਗੇ ਹਨ ਤੇ ਨਾ ਹੀ ਇਨਸਾਨਾਂ ਦੇ ਖਾਣ ਯੋਗ, ਨਾ ਹੀ ਇਨ੍ਹਾਂ ਡੰਗਰਾਂ ਦਾ ਕੋਈ ਖਰੀਦਦਾਰ ਹੈ। ਹੱਡੀਆਂ ਨੂੰ ਕੋਈ ਖਾਵੇ ਅਤੇ ਵੇਚੇ ? ਭੇਡਾਂ, ਬੱਕਰੀਆਂ, ਮੱਝਾਂ, ਗਾਵਾਂ ਨੂੰ ਤਾਂ ਛੱਡੋ ਹੁਣ ਤਾਂ ਊਠ ਮਾਰੂਥਲ ਦਾ ਜਹਾਜ਼, ਜੋ ਮਹੀਨਿਆਂ ਬੱਧੀ ਪਾਣੀ ਤੋਂ ਬਗੈਰ ਰਹਿ ਸਕਦਾ ਹੈ, ਵੀ ਪਾਣੀ ਅਤੇ ਚਾਰੇ ਦੀ ਕਮੀ ਕਾਰਨ ਮਰਨ ਲੱਗ ਪਏ ਹਨ । ਊਠਣੀਆਂ ਦੇ ਥਣਾਂ ਵਿੱਚੋਂ ਪਿਆਸੇ ਲੋਕਾਂ ਨੇ ਆਖਰੀ ਦੁੱਧ ਦੇ ਕਤਰੇ ਤੱਕ ਨੂੰ ਵੀ ਨਿਚੋੜ ਲਿਆ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਬੋਤੇ ਬੋਤੀਆਂ ਵੀ ਜਦੋਂ ਪਾਣੀ ਅਤੇ ਚਾਰੇ ਖੁਣੋਂ ਮਰਨ ਲੱਗ ਪੈਣ ਤਾਂ ਦੁਨੀਆ ਨੂੰ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਅਫ਼ਰੀਕਾ ਵਿੱਚ ਹਾਲਾਤ ਹੁਣ ਕਿੰਨੇ ਬਦਤਰ ਤੇ ਭਿਆਨਕ ਹਨ। ਇਸ ਲੰਬੀ ਔੜ ਨੇ ਲੱਖਾਂ ਲੋਕਾਂ ਦੇ ਪੱਲੇ ਧੇਲਾ ਵੀ ਨਹੀਂ ਰਹਿਣ ਦਿੱਤਾ, ਜਿਸ ਨਾਲ ਉਹ ਇੱਕ ਦੂਸਰੇ ਤੋਂ ਕੁਝ ਖਰੀਦ-ਵੇਚ ਸਕਣ ਅਤੇ ਆਪਣੀਆਂ ਆਂਦਰਾਂ ਦੀਆਂ ਭੁੱਖ ਨਾਲ ਪੈ ਰਹੀਆਂ ਕੜਵੱਲਾਂ ਨੂੰ ਠੱਲ੍ਹ ਪਾ ਸਕਣ। ੳਪਰੋਂ ਖਾਧ ਪਦਾਰਥਾਂ ਦੇ ਭਾਅ ਅਸਮਾਨੀ ਜਾ ਚੜ੍ਹੇ ਹਨ । ਲੋਕ ਦਾਣੇ ਦਾਣੇ ਨੂੰ ਤਰਸੀ ਜਾਂਦੇ ਹਨ। ਜਦੋਂ ਕੋਈ ਚਾਰਾ ਨਹੀਂ ਚੱਲਦਾ ਤਾਂ ਪਿੰਡਾਂ ਦੇ ਪਿੰਡ ੳੁੱਠ ਕੇ ਦਾਣੇ-ਪਾਣੀ ਦੀ ਭਾਲ ਵਿੱਚ ਕਾਫ਼ਲਿਆਂ ਦੇ ਰੂਪ ਵਿੱਚ ਜਿੱਧਰੋਂ ਮਾੜੀ ਮੋਟੀ ਆਸ ਹੈ ਓਧਰ ਨੂੰ ਘਰ ਬਾਰ ਛੱਡ ਕੇ ਤੁਰੇ ਜਾਂਦੇ ਹਨ। ਸਮਾਜਸੇਵੀ ਜੱਥੇਬੰਦੀਆਂ ਨੂੰ ਇਸ ਭਿਆਨਕ ਸੋਕੇ ਦਾ ਪਹਿਲਾਂ ਹੀ ਅਹਿਸਾਸ ਸੀ । ਉਹਨਾਂ ਅਪਣੇ ਵਿੱਤ ਮੁਤਾਬਕ ਇਨ੍ਹਾਂ ਦੇਸ਼ਾਂ ਵਿੱਚ ਪਹਿਲਾਂ ਹੀ ਕੁਝ ਪ੍ਰਬੰਧ ਕਰ ਰੱਖੇ ਸਨ । ਸਾਰੇ ਦੇਸ਼ਾਂ ਵਿੱਚ ਪਾਣੀ ਦੇ ਛੋਟੇ ਛੋਟੇ ਛੇਤੀ ਨਾ ਸੁੱਕਣ ਵਾਲੇ ਜਲ-ਸਰੋਤ ਬਣਵਾਏ ਸਨ। ਖੂਹ ਪੁਟਵਾਏ ਸਨ । ਪਸ਼ੂਆਂ ਡੰਗਰਾਂ ਦੇ ਚਾਰੇ ਲਈ ਡੀਪੂ ਬਣਾਏ ਸਨ। ਪਰੰਤੂ ਇਸ ਦੋ ਸਾਲੀ ਔੜ ਨੇ ਸਾਰੇ ਓਹੜ-ਪੋਹੜ ਹੀ ਰੱਦੀ ਕਰ ਕੇ ਰੱਖ ਦਿੱਤੇ ਹਨ। ਇਹ ਔੜ ਐਨਾ ਭਿਆਨਕ ਰੂਪ ਧਾਰ ਜਾਵੇਗੀ, ਇਸ ਦਾ ਕਿਆਸ ਉਹ ਵੀ ਨਹੀਂ ਕਰ ਸਕੇ ਸਨ। ਆਖਿਰ ਇਹ ਭਾਣਾ  ਵਾਪਰਿਆ ਕਿੳਂ ?
ਪਹਿਲਾ ਕਾਰਨ ਤਾਂ ਮਨੁੱਖਾਂ ਵਲੋਂ ਜੰਗਲਾਂ ਦਾ ਉਜਾੜਾ ਕਰਨ ਕਰਕੇ ਧਰਤੀ ਦੀ ਵਧ ਰਹੀ ਤਪਸ਼ ਦੀ ਵਜ੍ਹਾ ਨਾਲ ਕੁਦਰਤੀ ਮੌਸਮੀ ਚੱਕਰ ਵਿੱਚ ਵਿਗਾੜ ਪੈਣ ਕਰਕੇ ਇਹ ਮਹਾਂ-ਵਿਨਾਸ਼ ਵਾਪਰ ਰਹੇ ਹਨ। ਦੂਸਰਾ ਤੇ ਸਭ ਤੋਂ ਵੱਡਾ ਕਾਰਨ ਦੁਨੀਆ ਵਿੱਚ ਅਰਬਾਂ ਦੇ ਹਿਸਾਬ ਨਾਲ ਚੱਲ ਰਹੀਆਂ ਸਕੂਟਰੀਆਂ ਤੋਂ ਲੈ ਕੇ ਰਾਕਟਾਂ ਵਿੱਚ ਵਰਤੇ ਅਤੇ ਫੂਕੇ ਜਾਂਦੇ ਤੇਲ ਦੀ ਖੱਪਤ ਨੂੰ ਪੂਰਾ ਕਰਨ ਲਈ ਵਾਹੀਯੋਗ ਜ਼ਮੀਨ ਵਿੱਚ ਮਨੁੱਖ ਦੇ ਖਾਣ ਵਾਲੇ ਅਨਾਜ ਤੋ ਬਾਇਉ ਡੀਜ਼ਲ ਅਤੇ ਵਾਹਨਾਂ ਵਿੱਚ ਵਰਤੀ ਜਾਣ ਵਾਲੀ ਐਲਕੋਹਲ ਬਣਾਈ ਜਾ ਰਹੀ ਹੈ, ਜਿਸ ਕਰਕੇ ਖਾਣ ਵਾਲੇ ਅਨਾਜ ਦੇ ਭਾਅ ਪਿਛਲੇ ਪੰਜਾਂ ਸਾਲਾਂ ਵਿੱਚ ਕੁਝ ਦੇਸ਼ਾਂ ਵਿੱਚ ਚੌਗਣੇ ਪੰਜ਼ੌਗਣੇ ਹੋ ਗਏ ਹਨ। ਜਿਸ ਨੂੰ ਹਰ ਹਾਲਤ ਰੋਕਿਆ ਜਾਣਾ ਬਣਦਾ ਹੈ ਨਹੀਂ ਤਾਂ ਸਾਰੀ ਦੁਨੀਆਂ ਵਿੱਚ ਹੀ ਪਰਲੋ ਆ ਜਾਵੇਗੀ।
ਤੀਸਰਾ ਅਫਰੀਕੀ ਦੇਸ਼ਾਂ ਵਿੱਚ ਏਡਜ਼ ਦੀ ਮਹਾਂਮਾਰੀ ਫੈਲੀ ਹੋਈ ਹੈ ਤੇ ਉੱਤੋਂ ਹਮੇਸ਼ਾ ਇਨ੍ਹਾਂ ਦੇਸ਼ਾਂ ਵਿੱਚ ਸਿਆਸੀ ਅਸਥਿਰਤਾ ਅਤੇ ਖਾਨਾਂਜੰਗੀ ਵਾਲੇ ਹਾਲਾਤ ਬਣੇ ਰਹਿੰਦੇ ਹਨ। ਜੇ ਸੁੱਖ ਸਾਂਤੀ ਹੋਵੇਗੀ ਤਾਂ ਹੀ ਕਿਸਾਨ ਇੱਕ ਥਾਂ ਟਿਕ ਲਗਾਤਾਰ ਅਨਾਜ ਉਗਾਉਣਗੇ।
ਚੌਥਾ ਖਾਣ ਵਾਲੇ  ਮੂੰਹ ਯਾਨਿ ਕਿ ਜਨਸੰਖਿਆ ਵਿੱਚ ਵੀ ਦਿਨੋ ਦਿਨ ਵਾਧਾ ਹੋਈ ਜਾਂਦਾ ਹੈ। ਪਿਛਲੇ ਚਾਲੀ ਸਾਲਾਂ ਵਿੱਚ ਹੀ ਅਫ਼ਰੀਕਾ ਮਹਾਂਦੀਪ ਦੀ ਅਬਾਦੀ 335 ਮਿਲੀਅਨ ਤੋਂ ਲੈ ਕੇ 751 ਮਿਲੀਅਨ ਤੱਕ ਪਹੁੰਚ ਗਈ ਹੈ ਅਤੇ 2.2 ਪ੍ਰਤੀਸ਼ਤ ਦਾ ਵਾਧਾ ਹਰ ਸਾਲ ਜਾਰੀ ਹੈ।
ਪੰਜਵਾਂ ਸੰਯੁਕਤ ਰਾਸ਼ਟਰ ਸੰਘ ਵੀ ਇਹੋ ਜਿਹੀਆਂ ਮਹਾਂਮਾਰੀਆਂ ਲਈ ਆਪਣੇ ਵੱਲੋਂ ਰੱਖੇ ਬਜਟ ਨੂੰ ਪੂਰਾ ਨਹੀਂ ਜੁਟਾ ਪਾਇਆ, ਕਿਉਂਕਿ ਦਾਨ ਦੇਣ ਵਾਲੇ ਅਮੀਰ ਦੇਸ਼ ਆਪ ਮੰਦੇ ਦੀ ਮਾਰ ਨਾਲ ਜੂਝ ਰਹੇ ਹਨ। ਉਹ ਹੁਣ ਤੱਕ ਦਾਈਬੂਟੀ ਨੂੰ ਤੀਹ ਪ੍ਰਤੀਸ਼ਤ, ਸੋਮਾਲੀਆ ਨੂੰ ਪੰਜਾਹ ਪ੍ਰਤੀਸ਼ਤ, ਅਤੇ ਕੀਨੀਆਂ ਨੂੰ ਲੋੜੀਂਦੀ ਮੱਦਦ ਦਾ ਸਿਰਫ਼ ਚਰਵੰਜਾ ਪ੍ਰਤੀਸ਼ਤ ਹੀ ਮੁਹਈਆ ਕਰਵਾ ਸਕੇ ਹਨ । ਇਨ੍ਹਾਂ ਗ਼ਰੀਬਾਂ ਨੂੰ ਬਚਾਉਣ ਲਈ ਚਾਹੀਦੇ ਬਜਟ ਵਿੱਚੋਂ ਹੁਣ ਵੀ 800 ਮਿਲੀਅਨ ਯੂਰੋ ਥੁੜਦੇ ਹਨ। ਕਈ ਦੇਸ਼ਾਂ ਦੀਆਂ ਅੱਤਵਾਦੀ ਜਥੇਬੰਦੀਆਂ ਨੇ ਬਾਹਰਲੀ ਮੱਦਦ ਨੂੰ ਮੂਲੋਂ ਹੀ ਠੁਕਰਾ ਦਿੱਤਾ ਹੈ । ੳਹਨਾਂ ਆਪ ਤਾਂ ਕੀ ਆਪਣੇ ਦੇਸ਼ ਦੇ ਭੁੱਖਿਆਂ ਦੀ ਮੱਦਦ ਕਰਨੀ ਸੀ, ਸਗੋਂ ਉਹ ਇਸ ਭੈੜੇ ਵਕਤ ਵੀ ਆਪਣੇ ਹੀ ਲੋਕਾਂ ਨੂੰ ਕੁੱਟਣ, ਲੁੱਟਣ ਅਤੇ ਬਚਿਆ ਮਾਲ ਡੰਗਰ ਟੈਕਸ ਰੂਪ ਵਿੱਚ ਖੋਲ੍ਹ ਕੇ ਲਿਜਾਣ ਲੱਗੇ ਹੋਏ ਹਨ।                                
 ਹੁਣ  ਅਫ਼ਰੀਕਾ ਦਾ ਇਹ ਭਿਆਨਕ ਭੋਖੜਾ ਰੱਜੇ ਪੱਛਮੀ ਸੰਸਾਰ ਦੇ ਲੋਕਾਂ ਨੂੰ ਵੀ ਪਰੇਸ਼ਾਨ ਕਰਨ ਲੱਗ ਪਿਆ  ਹੈ। ਰੱਜੇ ਸੰਸਾਰ ਦੇ ਲੋਕ ਸ਼ਾਮੀਂ ਸੱਤ ਵਜੇ ਆਪਣੇ ਡਾਇਨਿੰਗ ਟੇਬਲਾਂ ਤੇ ਬੈਠ ਕੇ ਜਦੋਂ ਛੱਤੀ ਪ੍ਰਕਾਰ ਦੇ ਪਦਾਰਥਾਂ ਨਾਲ ਅਟੀਆਂ ਪਲੇਟਾਂ ਵਿੱਚੋਂ ਕਾਂਟੇ ਨਾਲ ਗਰਾਹੀ ਚੁੱਕਦੇ ਹਨ ਤਾਂ ਟੀ ਵੀ ਉੱਪਰ ਭੁੱਖ ਨਾਲ ਹਰਾਸੇ ਕਾਲੇ ਲੋਕਾਂ ਦੀਆਂ ਸ਼ਕਲਾਂ ਵਿਖਾ ਵਿਖਾ ਕੇ ਦਾਨ ਦੇਣ ਦੀਆਂ ਅਪੀਲਾਂ ਉਨ੍ਹਾਂ ਦਾ ਖਾਣਾ ਬੇਸੁਵਾਦਾ ਕਰ ਦਿੰਦੀਆਂ ਹਨ। ਭੁੱਖ ਨਾਲ ਅੱਧਮੋਏ ਸੁੱਕੇ ਅਤੇ ਹੱਡੀਆਂ ਦੀਆਂ ਮੁੱਠਾਂ ਨਿਆਣਿਆਂ ਦੇ ਪਾਣੀ ਨਾਲ ਭਰੇ ਬਾਹਰ ਨੂੰ ਆਏ ਡੇਲੇ ਅਤੇ ਰੋਟੀ ਲਈ ਟੱਡੇ  ਹੱਥ ਵਿਖਾਏ ਜਾਂਦੇ ਹਨ। ਜਿੰਨ੍ਹਾਂ ਦੇ ਢਿੱਡਾਂ ਵਿੱਚ ਭੋਖੜੇ ਨਾਲ ਪਾਣੀ ਭਰ ਗਿਆ ਅਤੇ ਲੱਤਾਂ ਬਾਹਾਂ ਸੁੱਕੇ ਕਾਨਿਆਂ ਵਰਗੀਆਂ ਹੋ ਗਈਆ ਹਨ, ਜਿਵੇਂ ਹੱਡੀਆਂ ਤੇ ਚਮੜੀ ਨਾ ਹੋਵੇ ਪਤਲੀ ਜਾਮਨੀ ਰੰਗੀ ਰਬੜ ਚੜ੍ਹਾਈ ਹੋਵੇ।  1984 ਤੋਂ ਬਾਅਦ ਹੁਣ ਇੱਕ ਵਾਰ ਫਿਰ ਇਨ੍ਹਾਂ ਦਿਲ ਕੰਬਾਊ ਤਸਵੀਰਾਂ ਦਾ ਰਾਜ ਟੀ ਵੀ ਅਤੇ ਅਖਬਾਰਾਂ ਦੇ ਮੁੱਖ ਪੰਨਿਆਂ ਉੱਪਰ ਹੋ ਗਿਆ ਹੈ। ੳਦੋਂ ਲੱਖਾਂ ਹੀ ਲੋਕ ਇਥੋਪੀਆ ਵਿੱਚ ਭੋਖੜੇ ਨਾਲ ਮਰ ਗਏ ਸਨ। ਕਲਾਕਾਰਾਂ ਤੇ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਚੇਤੰਨ ਲੋਕਾਂ ਨੇ ਲਾਇਫ-ਏਡ ਬਨਾਮ ਜਿੰਦਗੀ ਬਚਾਉ ਪਰੋਗਰਾਮ ਸ਼ੁਰੂ ਕੀਤਾ  ਸੀ, ਜਿਸ ਵਿੱਚ ਇਹੋ ਜਿਹੇ ਯੰਤਰ ਵੀ ਸੈਟੇਲਾਇਟਾਂ ਨਾਲ ਫਿੱਟ ਕਰਕੇ ਅਸਮਾਨ ਵਿੱਚ ਭੇਜੇ ਗਏ ਸਨ, ਜੋ ਸਮਾਂ ਰਹਿੰਦਿਆ ਇਹੋ ਜਿਹੇ ਮਹਾਂ-ਅਕਾਲਾਂ ਦੀ ਸਮੇਂ ਸਿਰ ਸੂਚਨਾ ਦੇ ਸਕਣ 
ਸ਼ਇਦ ਉਨ੍ਹਾਂ ਯੰਤਰਾਂ ਤੇ ਭਰੋਸਾ ਕਰਕੇ  ਪੂਰੇ ਯੂਰਪ ਨੇ ਅਜੇ ਬਾਂਹ ਸਿਰਹਾਣੇ ਥੱਲੇ ਦੇ ਕੇ ਸੁੱਤੇ ਰਹਿਣਾ ਸੀ, ਜੇ ਬੀ ਬੀ ਸੀ ਦੇ ਰਿਪੋਰਟਰ ਇਸ ਮਹਾਂ-ਅਕਾਲ ਦੀਆਂ ਦਿਲ ਕੰਬਾਊ ਰਿਪੋਰਟਾਂ ਨਾ ਵਿਖਾਉਂਦੇ। ਇਸੇ ਕਰਕੇ ਇੰਗਲੈਂਡ ਵਿੱਚ ਹੁਣ ਤੱਕ ਗਿਆਰਾਂ ਮਿਲੀਅਨ ਯੂਰੋ ਵੀ ਇਕੱਠੇ ਹੋ ਚੁੱਕੇ ਹਨ। ਪਰੰਤੂ ਮੇਰੇ ਦੇਸ਼ ਵਿੱਚ ਸ਼ਾਇਦ ਇਹ ਇੱਕ ਖ਼ਬਰ ਹੀ ਸੀ, ਇਸ ਕਰਕੇ ਕੋਈ ਖਾਸ ਉਜ਼ਰ ਨਹੀਂ ਕੀਤਾ ਗਿਆ । ਹੁਣ ਜਦੋਂ ਮੀਡੀਏ ਨੂੰ ਪਤਾ ਲੱਗਿਆ ਹੈ ਕਿ ਇਹ ਸੋਕਾ ਤਾ ਅਫਰੀਕਾ ਦੇ ਭੁੱਖੇ ਲੋਕਾਂ ਦੀਆਂ ਚਮੜੀ ਤੋਂ ਬਾਅਦ ਹੱਡੀਆਂ ਵੀ ਖਾ ਚੁੱਕਿਆ ਹੈ ਤਾਂ ਸਮਾਜਸੇਵੀ ਜੱਥੇਬੰਦੀਆਂ ਅਤੇ ਮੀਡੀਆ ਹਰਕਤ ਵਿੱਚ ਆਇਆ ਹੈ। ਹੁਣ ਗੀਰੋ 555 ਖੋਲਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਅਤੇ ਨੈਸ਼ਨਲ ਟੈਲੀਵੀਯਨ ਤੇ ਸਿੱਧੀ ਲੋਕਾਂ ਨੂੰ ਅਫਰੀਕਾ ਦੇ ਭੁੱਖਿਆਂ ਦੀ ਮੱਦਦ ਲਈ ਪੈਸੇ ਜਮ੍ਹਾਂ ਕਰਵਾਉਣ ਲਈ ਅਪੀਲਾਂ ਕੀਤੀਆਂ ਜਾਂਦੀਆਂ ਹਨ। ਸਾਰੇ ਸੰਸਾਰ ਦੇ ਰੱਜੇ ਲੋਕਾਂ ਨੂੰ ਜਰੂਰ ਆਪਣੇ ਵੱਲੋਂ ਆਪਣੀ ਹੀ ਆਦਮ ਜਾਤ ਨੂੰ ਭੁੱਖ ਤੋਂ ਬਚਾਉਣ ਲਈ ਆਪਣੀ ਆਪਣੀ ਸਮਰੱਥਾ ਅਨੁਸਾਰ ਜੋ ਸਰਦਾ ਪੁੱਜਦਾ ਹੈ, ਜਰੂਰ ਦੇਣਾ ਚਾਹੀਦਾ ਹੈ। ਬਾਬਾ ਫਰੀਦ ਇਹ ਸੱਚ ਹੀ ਆਖ ਗਿਆ ਹੈ।
ਫ਼ਰੀਦਾ ਮੌਤੋਂ ਭੁੱਖ ਬੁਰੀ
ਰਾਤੀ ਸੁੱਤੇ ਖਾ ਕੇ ਦਿਨੇ ਫਿਰ ਖੜੀ
****

No comments: