ਨਵਾਂ ਪੰਜਾਬੀ ਨਾਵਲ “ਪਛਾਣ ਚਿੰਨ” ‘ਤੇ ਗੋਸ਼ਟੀ ........... ਪੁਸਤਕ ਰਿਲੀਜ਼ / ਪਰਮਿੰਦਰ ਸਿੰਘ ਤੱਗੜ (ਡਾ)-ਨਾਵਲ ਪਰਬਤ ਪੁੱਤਰੀਲੋਕ ਅਰਪਿਤ
ਅੰਬਾਲਾ : ਹਰਿਆਣਾ ਸਾਹਿਤ ਅਕਾਦਮੀ ਅਤੇ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅੰਬਾਲਾ ਦੇ ਜੀ ਐਮ ਨੈਸ਼ਨਲ ਪੋਸਟ ਗ੍ਰੈਜੂਏਟ ਕਾਲਜ ਵਿਖੇ ਵਿਸ਼ੇਸ਼ ਸਾਹਿਤਕ ਗੋਸ਼ਟੀ ਕਰਵਾਈ ਗਈ। ਜਿਸ ਦੇ ਮੁੱਖ ਮਹਿਮਾਨ ਸਨ ਡਾ: ਸੁਖਚੈਨ ਸਿੰਘ ਭੰਡਾਰੀ ਡਾਇਰੈਕਟਰ ਸਾਹਿਤ ਅਕਾਦਮੀ ਹਰਿਆਣਾ ਅਤੇ ਪ੍ਰਧਾਨਗੀ ਮੰਡਲ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਪ੍ਰੋਫ਼ੈਸਰ (ਡਾ:) ਕਰਮਜੀਤ ਸਿੰਘ (ਸਰਪ੍ਰਸਤ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ), ਸ਼ਾਮ ਸਿੰਘ (ਅੰਗ-ਸੰਗ), ਆਲੋਚਕਾ ਡਾ: ਉਪਿੰਦਰਜੀਤ, ਨਾਵਲਕਾਰ ਪ੍ਰੇਮ ਬਰਨਾਲਵੀ, ਕਾਲਜ ਦੇ ਪ੍ਰਿੰਸੀਪਲ ਡਾ: ਮਲਿਕ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ: ਸੁਦਰਸ਼ਨ ਗਾਸੋ ਸ਼ਾਮਲ ਸਨ। ਜੀ ਆਇਆਂ ਨੂੰਕਹਿਣ ਦੀ ਰਸਮ ਪ੍ਰਿੰਸੀਪਲ ਮਲਿਕ ਨੇ ਖ਼ੂਬਸੂਰਤ ਅਲਫ਼ਾਜ਼ ਰਾਹੀਂ ਅਦਾ ਕੀਤੀ। ਗੋਸ਼ਟੀ ਵਿਚ ਪੰਜਾਬ ਵੱਲੋਂ ਪ੍ਰਤੀਨਿਧਤਾ ਕਰ ਰਹੇ ਇਨ੍ਹਾਂ ਸਤਰਾਂ ਦੇ ਲੇਖਕ ਪਰਮਿੰਦਰ ਸਿੰਘ ਤੱਗੜ (ਡਾ:) ਵੱਲੋਂ ਡਾ: ਉਪਿੰਦਰਜੀਤ ਦੀ ਨਵ-ਪ੍ਰਕਾਸ਼ਤ ਆਲੋਚਨਾ ਪੁਸਤਕ ਨਵਾਂ ਪੰਜਾਬੀ ਨਾਵਲ : ਪਛਾਣ ਚਿੰਨ੍ਹਉੱਤੇ ਮੈਟਾ-ਆਲੋਚਨਾਤਮਕ ਪਰਚਾ ਅੰਤਰੀਵ ਮਸਲਿਆਂ ਦਾ ਪ੍ਰਤੱਖਣ - ਨਵਾਂ ਪੰਜਾਬੀ ਨਾਵਲ : ਪਛਾਣ ਚਿੰਨ੍ਹਪੜ੍ਹਿਆ ਗਿਆ। ਇਸੇ ਹੀ ਪੁਸਤਕ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਪੀਐਚ। ਡੀ। ਦੀ ਖੋਜਾਰਥਣ ਗਗਨਦੀਪ ਕੌਰ ਨੇ ਨਵਾਂ ਪੰਜਾਬੀ ਨਾਵਲ : ਪਛਾਣ ਚਿੰਨ੍ਹ -ਇਕ ਵਿਸ਼ਲੇਸ਼ਣਵਿਸ਼ੇ ਤਹਿਤ ਪਰਚਾ ਪੜ੍ਹਿਆ। ਦੋਨੋਂ ਪਰਚਿਆਂ ਰਾਹੀਂ ਆਲੋਚਕਾ ਡਾ: ਉਪਿੰਦਰਜੀਤ ਦੁਆਰਾ 2005 ਤੱਕ ਛਪੇ ਇੰਦਰ ਸਿੰਘ ਖ਼ਾਮੋਸ਼ ਦੇ ਕਾਫ਼ਰ ਮਸੀਹਾ‘, ਮਿੱਤਰਸੈਨ ਮੀਤ ਦੇ ਕੌਰਵ ਸਭਾ‘, ਬਲਦੇਵ ਸਿੰਘ ਦੇ ਅੰਨਦਾਤਾ‘, ਹਰਜੀਤ ਅਟਵਾਲ ਦੇ ਰੇਤ‘, ਮਨਮੋਹਨ ਬਾਵਾ ਦੇ ਯੁੱਧ-ਨਾਦ‘, ਨਛੱਤਰ ਦੇ ਨਿੱਕੇ ਨਿੱਕੇ ਅਸਮਾਨ‘, ਜਰਨੈਲ ਸਿੰਘ ਸੇਖਾ ਦੇ ਭਗੌੜਾ‘, ਬਲਜਿੰਦਰ ਨਸਰਾਲੀ ਦੇ ਵੀਹਵੀਂ ਸਦੀ ਦੀ ਆਖ਼ਰੀ ਕਥਾ‘, ਬਲਦੇਵ ਸਿੰਘ ਗਰੇਵਾਲ ਦੇ ਪਰਿਕਰਮਾਅਤੇ ਗੁਰਚਰਨ ਸਿੰਘ ਜੈਤੋ ਦੇ ਲੋਕੁ ਕਹੈ ਦਰਵੇਸੁਸਮੇਤ ਚਰਚਿਤ ਅਤੇ ਗ਼ੈਰ-ਚਰਚਿਤ ਨਾਵਲਾਂ ਤੇ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਅੰਤਰੀਵ ਨਾਵਲੀ ਮਸਲਿਆਂ ਤੇ ਭਾਵ-ਪੂਰਤ ਤਰੀਕੇ ਰਾਹੀਂ ਪੇਸ਼ ਆਲੋਚਨਾ ਨੂੰ ਨਵੇਂ ਦਿਸਹੱਦਿਆਂ ਵੱਲ ਲੈ ਜਾਣ ਦਾ ਯਤਨ ਕੀਤਾ ਗਿਆ। ਡਾ। ਸੁਖਚੈਨ ਸਿੰਘ ਭੰਡਾਰੀ, ਪ੍ਰੋਫ਼ੈਸਰ (ਡਾ:) ਕਰਮਜੀਤ ਸਿੰਘ, ਪ੍ਰੋਫ਼ੈਸਰ (ਡਾ:) ਹਰਸਿਮਰਨ ਸਿੰਘ ਰੰਧਾਵਾ ਤੇ ਡਾ: ਰਾਬਿੰਦਰ ਮਸਰੂਰ, ਡਾ: ਸੁਦਰਸ਼ਨ ਗਾਸੋ ਅਤੇ ਸ਼ਾਮ ਸਿੰਘ (ਅੰਗ-ਸੰਗ) ਨੇ ਪੁਸਤਕ ਅਤੇ ਪਰਚੇ ਸਬੰਧੀ ਭਰਪੂਰ ਚਰਚਾ ਕੀਤੀ ਅਤੇ ਪਰਚਿਆਂ ਨੂੰ ਸਮੀਖਿਆਤਮਕ ਦਸਤਾਵੇਜ਼ ਬਿਆਨ ਕੀਤਾ ਜਿਹੜੇ ਕਿ ਹਰ ਪਹਿਲੂ ਤੇ ਝਾਤ ਪਾਉਂਦੇ ਹੋਏ ਆਲੋਚਨਾ ਪੁਸਤਕ ਨੂੰ ਨਵੇਂ ਵਿਸਥਾਰ ਪ੍ਰਦਾਨ ਕਰਨ ਵਿਚ ਸਫ਼ਲ ਹੁੰਦੇ ਦੇਖੇ ਜਾ ਸਕਦੇ ਹਨ। ਪੁਸਤਕ ਦੀ ਲੇਖਕਾ ਡਾ: ਉਪਿੰਦਰਜੀਤ ਨੇ ਆਪਣੇ ਸੰਬੋਧਨ ਵਿਚ ਪੁਸਤਕ ਬਾਰੇ ਪੜ੍ਹੇ ਪਰਚੇ ਅਤੇ ਉਪਰੰਤ ਹੋਈ ਬਹਿਸ ਮੌਕੇ ਉਤਸ਼ਾਹੀ ਰੁਖ਼ ਅਪਨਾਉਣ ਲਈ ਪਰਚਾ ਲੇਖਕ ਅਤੇ ਵਿਦਵਾਨਾਂ ਦਾ ਧਨਵਾਦ ਕੀਤਾ।

ਇਸੇ ਗੋਸ਼ਟੀ ਵਿਚ ਪ੍ਰਧਾਨਗੀ ਮੰਡਲ ਵੱਲੋਂ ਹਰਿਆਣਾ ਦੇ ਪੰਜਾਬੀ ਨਾਵਲਕਾਰ ਪ੍ਰੇਮ ਬਰਨਾਲਵੀ ਦੇ ਨਵ-ਪ੍ਰਕਾਸ਼ਤ ਨਾਵਲ ਪਰਬਤ ਪੁੱਤਰੀਨੂੰ ਲੋਕ ਅਰਪਿਤ ਕੀਤਾ ਗਿਆ। ਨਾਵਲ ਦੀ ਸਮੀਖਿਆ ਹਿਤ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪੀਐੱਚ। ਡੀ। ਦੇ ਖੋਜਾਰਥੀਆਂ ਜੀਤ ਸਿੰਘ, ਤਰੁਨਜੀਤ ਕੌਰ, ਰਵਿੰਦਰ ਕੌਰ ਅਤੇ ਦਵਿੰਦਰ ਸਿੰਘ ਨੇ ਪਰਚੇ ਪੜ੍ਹੇ। ਪਰਚਿਆਂ ਉਪਰੰਤ ਹੋਈ ਬਹਿਸ ਵਿਚ ਨਾਵਲਕਾਰ ਪ੍ਰੇਮ ਬਰਨਾਲਵੀ ਦੀ ਇਸ ਤਾਜ਼ਾ ਕ੍ਰਿਤ ਦੀ ਪ੍ਰਸ਼ੰਸਾ ਦੇ ਨਾਲ਼ ਨਾਲ਼ ਡਾ: ਰਤਨ ਸਿੰਘ ਢਿੱਲੋਂ  ਅਤੇ ਡਾ: ਬਲਵਿੰਦਰ ਸਿੰਘ ਨੇ ਜਿੱਥੇ ਪਰੂਫ਼ ਦੀਆਂ ਗ਼ਲਤੀਆਂ ਤੇ ਉਂਗਲ ਕੀਤੀ ਉਥੇ ਡਾ: ਹਰਜੀਤ ਸੱਧਰ ਰਾਜਪੁਰਾ ਨੇ ਇਸ ਵਿਚ ਵਿਆਕਰਣਕ ਊਣਤਾਈਆਂ ਅਤੇ ਹਿੰਦੀ ਦੇ ਪ੍ਰਭਾਵ ਦਾ ਜ਼ਿਕਰ ਕੀਤਾ। ਡਾ: ਕਰਮਜੀਤ ਸਿੰਘ ਅਤੇ ਡਾ: ਹਰਸਿਮਰਨ ਸਿੰਘ ਰੰਧਾਵਾ ਨੇ ਨਾਵਲ ਵਿਚ ਪੇਸ਼ ਪਹਾੜੀ ਸਭਿਆਚਾਰ ਦੇ ਚਿਤਰਣ ਦੇ ਖ਼ੂਬਸੂਰਤ ਹਵਾਲਿਆਂ ਦਾ ਜ਼ਿਕਰ ਕਰਦਿਆਂ ਨਾਵਲ ਦੀ ਪ੍ਰਸ਼ੰਸਾ ਕੀਤੀ ਅਤੇ ਨਾਲ਼ ਹੀ ਪਰੂਫ਼ ਅਤੇ ਵਿਆਕਰਣਕ ਗ਼ਲਤੀਆਂ ਅਗਲੇ ਸੰਸਕਰਨ ਮੌਕੇ ਦੁਹਰਾਉਣ ਤੋਂ ਗੁਰੇਜ਼ ਕਰਨ ਅਤੇ ਹਾਜ਼ਰ ਸਾਹਿਤਕਾਰਾਂ ਨੂੰ ਪੰਜਾਬੀ ਭਾਸ਼ਾ ਦੇ ਨਿਯਮਤ ਨੇਮ ਵਿਧਾਨ ਨੂੰ ਧਿਆਨ ਚ ਰੱਖ ਕੇ ਹੀ ਸਿਰਜਣਾਤਮਕ ਕ੍ਰਿਤ ਪੇਸ਼ ਕਰਨ ਦਾ ਸੁਨੇਹਾ ਦਿੱਤਾ। ਡਾ: ਰਾਬਿੰਦਰ ਮਸਰੂਰ ਨੇ ਸਮਾਗਮ ਦੀ ਵਿਲੱਖਣਤਾ ਦੀ ਨਿਸ਼ਾਨਦੇਹੀ ਕਰਦਿਆਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰਾਧਿਆਪਕਾਂ ਵੱਲੋਂ ਆਪਣੇ ਖੋਜਾਰਥੀਆਂ ਨੂੰ ਪਰਚੇ ਪੜ੍ਹਦਿਆਂ ਸਾਹਮਣੇ ਬੈਠ ਕੇ ਵਾਚਨ ਅਤੇ ਆਪਣਾ ਅਕਸ ਉਨ੍ਹਾਂ ਰਾਹੀਂ ਉੱਭਰਦਾ ਦੇਖਣ ਦੀ ਸ਼ੁਰੂ ਕੀਤੀ ਰਿਵਾਇਤ ਨੂੰ ਸ਼ੁਭ ਸ਼ਗਨ ਮੰਨਦਿਆਂ ਹਰਿਆਣਾ ਸਾਹਿਤ ਅਕਾਦਮੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਡਾ: ਗੁਰਵਿੰਦਰ ਸਿੰਘ ਤੇ ਕਮਲੇਸ਼ ਚੌਧਰੀ ਨੇ ਵੀ ਬਹਿਸ ਚ ਭਾਗ ਲਿਆ। ਕਹਾਣੀਕਾਰਾ ਪ੍ਰੀਤਮਾ ਦੁਮੇਲ, ਡਾ: ਸੰਤੋਖ ਸਿੰਘ, ਡੇਜ਼ੀ ਹਾਂਡਾ, ਡਾ: ਮਹੇਸ਼ ਗੁਪਤਾ, ਡਾ: ਕੁਲਦੀਪ ਸਿੰਘ, ਗੁਰਜੋਗ ਸਿੰਘ, ਬਲਰਾਜ ਸਿੰਘ ਤੋਂ ਇਲਾਵਾ ਹਰਿਆਣਾ ਦੇ ਕਈ ਪੰਜਾਬੀ ਸਾਹਿਤਕਾਰ, ਵਿਭਿੰਨ ਕਾਲਜਾਂ ਦੇ ਪ੍ਰਾਧਿਆਪਕ, ਵਿਦਿਆਰਥੀ ਅਤੇ ਸਾਹਿਤਕ ਮਸ ਰੱਖਣ ਵਾਲ਼ੇ ਲੋਕ ਸਮਾਗਮ ਚ ਸ਼ਾਮਲ ਸਨ।

****

No comments: