ਇਹ ਤੁਹਾਨੂੰ ਮੰਨਣਾ ਪਵੇਗਾ........... ਨਜ਼ਮ/ਕਵਿਤਾ / ਸੁਖਵੀਰ ਸਰਵਾਰਾ


ਮੈਂ ਬੇਧੜਕ ਕਹਿ ਵੀ ਸਕਦਾ ਹਾਂ
ਤੇ ਸਾਬਿਤ ਵੀ ਕਰ ਸਕਦਾ ਹਾਂ
ਕਿ ਅਸੀਂ ਤੁਹਾਡੇ ਨਾਲੋਂ ਵੱਧ ਖੁਸ਼ਨਸੀਬ ਹਾਂ
ਬੇਸ਼ਕ, ਸਵੇਰੇ ਤੁਹਾਡਾ
ਪਹਿਲਾ ਕਦਮ ਬਾਥਰੂਮ 'ਚ
ਦੂਜਾ ਡਾਇਨਿੰਗ ਟੇਬਲ
'ਤੇ ਤੀਜਾ ਏ।ਸੀ। ਕਾਰ ਚ ਹੁੰਦਾ ਹੈ
ਪਰ ਆਰਾਮ ਦੇ ਅਰਥਾਂ ਦਾ ਤੁਹਾਨੂੰ
ਕੋਈ ਇਲਮ ਨਹੀ
ਜੇ ਤੁਹਾਨੂੰ ਚਲਾਉਣਾ ਪਵੇ
ਪੰਜ ਕੋਹ ਸਾਇਕਲ
ਜਾਂ ਪੈਦਲ ਮੁਕਾਈ ਹੋਵੇ

ਅੱਡੇ ਤੋਂ ਸਾਡੇ ਪਿੰਡ ਤੱਕ ਦੀ ਵਾਟ
ਤੇ ਆਣ ਕੇ ਮਾਣੀ ਹੋਵੇ
ਸਾਡੀ ਸੱਥ ਦੇ ਬਰੋਟੇ ਦੀ ਛਾਂ
ਤਾਂ ਤੁਹਾਨੂੰ ਪਤਾ ਚੱਲੇ ਕਿ ਆਰਾਮ
ਕਿਸ ਸ਼ੈਅ ਦਾ ਹੈ ਨਾਂ
ਬੇਸ਼ਕ ਤੁਹਾਡੇ ਘਰ ਪੱਕੇ ਨੇ
ਪਰ ਤੁਹਾਡੇ ਇਮਾਨ ਓਨੇ ਹੀ ਕੱਚੇ ਨੇ
ਜਿੰਨੇ ਸਾਡੇ ਪਿੰਡ ਦੇ ਦਿਹਾੜੀਦਾਰਾਂ ਦੇ ਘਰ
ਬੇਸ਼ਕ ਥੋਡੇ ਤਿੰਨੇ ਖਾਣੇ
ਪੰਜ ਸਿਤਾਰਾ ਹੁੰਦੇ ਨੇ
ਪਰ ਹੱਡ ਭੰਨਵੀਂ ਮਿਹਨਤ ਤੋਂ ਬਾਅਦ
ਗੰਢੇ ਨਾਲ ਰੋਟੀ ਦਾ ਸਵਾਦ
ਤੁਸੀਂ ਕਦੇ ਮਾਣ ਨਹੀਂ ਸਕਦੇ
ਜੇ ਤੁਸੀਂ ਅਜੇ ਵੀ ਖੁਦ ਨੂੰ
ਖੁਦ ਨੂੰ ਵੱਧ ਖੁਸ਼ਨਸੀਬ ਕਹਿੰਦੇ ਹੋ
ਤਾਂ ਚਲੋ ਮੈਂ ਮੰਨ ਲੈਂਦਾ ਹਾਂ
ਪਰ ਇਹ ਖ਼ੁਸ਼ਨਸੀਬੀ
ਤੁਹਾਨੂੰ ਅਸੀਂ ਹੀ ਦਿੱਤੀ ਹੋਈ ਹੈ
ਇਹ ਤੁਹਾਨੂੰ ਮੰਨਣਾ ਪਵੇਗਾ

****

Post a Comment