ਖੁਸ਼ਆਮਦੀਦ ਵੀਰ ਭੰਗੂ……… ਲੇਖ / ਮਿੰਟੂ ਬਰਾੜ

ਪੰਜਾਬ ਦੇ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਪੰਜਾਬੀ ਗਾਇਕੀ ਵਿਚ ਆਪਣੀ ਮਧੁਰ ਆਵਾਜ਼ ਦਾ ਰਸ ਘੋਲਿਆ ਹੈ ਅਤੇ ਘੋਲ ਰਹੇ ਹਨ। ਇਨ੍ਹਾਂ ਗਾਇਕਾਂ ਦੇ ਗੀਤਾਂ ਵਿਚ ਪੰਜਾਬ ਦੇ ਬਹੁ-ਪੱਖੀ ਵਿਰਸੇ ਦੀਆਂ ਪਰਤਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਖੋਲ੍ਹਿਆ ਗਿਆ ਹੈ। ਇਹ ਅਜਿਹੇ ਗੀਤ ਹਨ, ਜਿਨ੍ਹਾਂ ਨੂੰ ਸਾਂਝੇ ਪਰਿਵਾਰਾਂ ਵਿਚ ਮਾਣਿਆ ਜਾਂਦਾ ਹੈ। ਅਜਿਹੇ ਗੀਤ ਸਾਡੀ ਮਾਣ ਕਰਨ ਯੋਗ ਵਿਰਾਸਤ ਹਨ।

ਇਸ ਦੇ ਉਲਟ ਇਸ ਤਸਵੀਰ ਦਾ ਇਕ ਦੂਸਰਾ ਪਾਸਾ ਵੀ ਹੈ। ਇਹ ਪਾਸਾ ਗਾਇਕੀ ਦੇ ਨਾਂ 'ਤੇ ਕਲੰਕ ਵਰਗਾ ਹੈ। ਬੀਤੇ ਦਹਾਕੇ ਤੋਂ ਤਾਂ ਪੰਜਾਬੀ ਗਾਇਕੀ ਵਿਚ ਬੁਣਿਆ ਜਾ ਰਿਹਾ ਸ਼ੋਰ, ਸਾਡੇ ਰਿਸ਼ਤੇ ਭੰਨ ਰਿਹਾ ਹੈ। ਗੱਡੇ, ਰੇਹੜੀਆਂ ਨੂੰ ਸਟੇਜ ਬਣਾ ਕੇ ਤੂੰਬੀਆਂ, ਅਲਗੋਜਿਆਂ ਨਾਲ ਗਾਉਣ ਵਾਲੇ ਸਾਡੇ ਮਰਹੂਮ ਗਾਇਕਾਂ ਲਾਲ ਚੰਦ ਯਮਲਾ ਜੱਟ, ਕੁਲਦੀਪ ਮਾਣਕ ਦਾ ਸਮਾਂ ਬਹੁਤ ਪਿੱਛੇ ਰਹਿ ਗਿਆ ਹੈ। ਵੀਡੀਓਗ੍ਰਾਫੀ ਦੇ ਇਸ ਯੁੱਗ ਵਿਚ ਜਿਥੇ ਗਾਇਕੀ ਹਾਈ-ਟੈਕ ਹੋਈ ਹੈ, ਉਥੇ ਸ਼ੋਰ ਬਣੇ ਸੰਗੀਤ ਵਿਚ ਗਾਇਕੀ, ਵੇਖਣ ਦੀ ਚੀਜ਼ ਬਣ ਕੇ ਰਹਿ ਗਈ ਹੈ। ਭਾਰੀ ਮਾਤਰਾ ਵਿਚ ਅਜੋਕੀ ਪੰਜਾਬੀ ਗਾਇਕੀ ਪੌਪ ਸੰਗੀਤ ਬਣਕੇ ਰਹਿ ਗਈ ਹੈ । ਗੀਤਾਂ ਦੇ ਮੁਖੜੇ ਅਤੇ ਵੀਡੀਓ ਫਿਲਮਾਂਕਣ ਹਰ ਦਰਸ਼ਕ/ਸਰੋਤੇ ਨੂੰ ਲਾਲ ਬੱਤੀ ਚੌਂਕ ਵਿਚ ਲਿਜਾ ਖੜ੍ਹਦੇ ਹਨ, ਜਿਸ ਦੇ ਦੁਆਲਿਓ ਮਾਰੀਆਂ ਗਈਆਂ ਕਦਰਾਂ ਦੀ ਬੋਅ ਆ ਰਹੀ ਹੁੰਦੀ ਹੈ। ਅਜਿਹੇ ਗੀਤ ਗਾਏ ਜਾ ਰਹੇ ਹਨ, ਜਿਨ੍ਹਾਂ ਨੂੰ ਗੀਤ ਕਹਿਣਾ ਵੀ ਗੀਤਾਂ ਦਾ ਅਪਮਾਨ ਹੈ, ਜਿਨ੍ਹਾਂ ਦੇ ਵਿਚ ਸਾਡੀਆਂ ਬਾਲੜੀਆਂ ਤੋਂ ਲੈ ਕੇ ਬਜ਼ੁਰਗ ਮਾਂਵਾਂ ਤੱਕ ਦਾ ਚੀਰ-ਹਰਨ ਕੀਤਾ ਗਿਆ ਹੈ, ਸਮੁੱਚੀ ਨਾਰੀ ਦਾ ਅਪਮਾਨ ਕੀਤਾ ਗਿਆ ਹੈ। ਜੇ ਗੀਤ ਲੜਾਈਆਂ, ਨਸ਼ਿਆਂ ਲਈ ਪ੍ਰੇਰਦੇ ਹਨ, ਸਾਡੀ ਜਵਾਨੀ ਨੂੰ ਵਿਭਾਚਾਰ ਦੇ ਖਾਰੇ ਸਮੁੰਦਰਾਂ ਵਿਚ ਡਬੋਣ ਦਾ ਕਾਰਨ ਬਣਦੇ ਹਨ, ਨਸ਼ਿਆਂ ਅਤੇ ਨੰਗੇਜ਼ ਦੀ ਵਡਿਆਈ ਕਰਦੇ ਹਨ, ਅਣਚਾਹੀਆਂ ਮੁਹੱਬਤਾਂ ਲਈ ਪ੍ਰੇਰਕ ਸਾਡੀ ਜਵਾਨੀ ਨੂੰ ਸਿੱਖਿਆ ਵਿਚੋਂ ਕੱਢਣ ਦਾ ਕਾਰਨ ਬਣ ਰਹੇ ਹਨ ਤਾਂ ਇਹ ਨੋਟ ਕਰਨਾ ਬਣਦਾ ਹੈ ਕਿ ਸਾਡੇ ਲੇਖਕ ਅਤੇ ਗਾਇਕ, ਗੰਦਗੀ 'ਤੇ ਪਏ ਪੈਸੇ ਨੂੰ ਉਠਾ ਕੇ, ਆਪਣੇ ਆਪ ਨੂੰ ਲਬੇੜਦੇ ਹੋਏ, ਪੰਜਾਬ ਦੀ ਧਰਤੀ ਨਾਲ ਧ੍ਰੋਹ ਕਰ ਰਹੇ ਹਨ। ਉਕਤ ਦੇ ਸੰਦਰਭ ਵਿਚ ਬਹੁਤ ਜ਼ਿਆਦਾ ਲੋੜ ਹੈ ਲੇਖਣੀ, ਗਾਇਕੀ ਅਤੇ ਸਰੋਤਿਆਂ/ਦਰਸ਼ਕਾਂ ਦੇ ਪੱਧਰ 'ਤੇ ਮੋੜਾ ਕੱਟਣ ਦੀ।
 

ਮੇਰੇ ਵਾਂਗ ਬਹੁਤ ਸਾਰੇ ਲੋਕ ਹੋਣਗੇ, ਜਿਨ੍ਹਾਂ ਦੇ ਕੰਨ ਪੱਕ ਅਤੇ ਅੱਖਾਂ ਥੱਕ ਚੁੱਕੀਆਂ ਹੋਣਗੀਆਂ, ਬੇਅਰਥ ਗਾਇਕੀ ਦੇ ਮੁਖੜੇ ਸੁਣਦਿਆਂ, ਵੀਡੀਓ ਵੇਖਦਿਆਂ। ਸੱਚਮੁੱਚ ਅਜਿਹੇ ਬਹੁਤ ਸਾਰੇ ਲੋਕ ਹਨ, ਜਿਹੜੇ ਤਰਸਦੇ ਹਨ ਕਿ ਉਨ੍ਹਾਂ ਨੂੰ ਗਾਇਕੀ ਦੇ ਪੱਧਰ 'ਤੇ ਸੁਣਨ/ਵੇਖਣ ਨੂੰ ਵਧੀਆ ਮਿਲਦਾ ਰਹੇ।

ਪਿਛਲੇ ਦਿਨੀਂ ਇਸ ਲੇਖਕ ਨੂੰ ਕੁਝ ਸੁਣਨ ਨੂੰ/ਕੁਝ ਦੇਖਣ ਨੂੰ ਵਧੀਆ ਮਿਲਿਆ ਹੈ । ਇਕ ਸਬੱਬ ਵਸ ਹਸਰਤ ਸਾਖਸ਼ਾਤ ਹੋਈ ਹੈ, ਇੱਛਾ ਅਮੀਰ ਹੋਈ ਹੈ ਕਿਉਂਕਿ ਐਡੀਲੇਡ ਰਹਿੰਦੇ ਨੌਜਵਾਨ 'ਵੀਰ ਭੰਗੂ' ਨੇ ਪੰਜਾਬੀ ਗਾਇਕੀ ਵਿਚ ਯੂ ਟਿਊਬ ਰਾਹੀˆ ਦਸਤਕ ਦਿੱਤੀ ਹੈ। ਮੈਨੂੰ ਇਹ ਚੰਗੀ ਲੱਗੀ ਹੈ, ਮਨੁੱਖੀ ਰਿਸ਼ਤਿਆਂ ਦੇ ਪ੍ਰਬਲ ਮੋਹ ਨੂੰ ਪ੍ਰਸਿੱਧ ਗੀਤਕਾਰ 'ਰਾਜ ਕਾਕੜੇ' ਨੇ ਲਿਸ਼ ਲਿਸ਼ ਕਰਦੇ ਸ਼ਬਦਾਂ ਦਾ ਲਿਬਾਸ ਪਹਿਨਾਇਆ ਹੈ, ਇਨ੍ਹਾਂ ਸ਼ਬਦਾਂ ਦੀ ਰਚਨਾ ਕਰਕੇ; “ਤੇਰੀਆਂ ਉਡੀਕਾਂ ਵਿਚ ਰਹਿਣ ਰਹਿਣ ਮੇਰੇ ਨੈਣ ਸੋਹਣਿਆਂ……।”  ਰਹਿੰਦੀ ਕਸਰ ਸੰਗੀਤਕਾਰ ਅਨੂੰ ਮਨੂੰ ਨੇ ਸੁਰ-ਬੱਧ ਕਰਕੇ ਅਤੇ ਵੀਰ ਭੰਗੂ ਦੀ ਮੁਲਾਇਮ ਜਿਹੀ ਮਖਮਲੀ ਆਵਾਜ਼ ਨੇ ਪੂਰੀ ਕਰ ਦਿੱਤੀ ਹੈ। ਬਾਕੀ ਰਹਿੰਦੀ ਕਸਰ ‘ਭਾਰਦਵਾਜ ਫਿਲਮਜ਼’ ਵੱਲੋਂ ਤਿਆਰ ਕੀਤੇ ਵੀਡੀਓ ਕਲਿੱਪ ਨੇ ਕੱਢ ਦਿੱਤੀ ਹੈ। ਅਜੇ 13 ਮਾਰਚ ਨੂੰ ਇਹ ਵੀਡੀਓ ਯੂ ਟਿਊਬ 'ਤੇ ਪਾਈ ਗਈ ਹੈ ਕਿ ਥੋੜੇ ਦਿਨਾਂ ਵਿਚ ਹੀ ਹਜ਼ਾਰਾਂ ਹੀ ਲੋਕਾਂ ਨੇ ਇਸ ਨੂੰ ਸੁਣ ਕੇ ਇਸ ਨਵੀਂ ਆਵਾਜ਼, ਨਵੇˆ ਚਿਹਰੇ ਨੂੰ ਕਾਮਨਾਵਾਂ ਭੇਟ ਕਰਦਿਆਂ ਖੁਸ਼ਆਮਦੀਦ ਕਿਹਾ ਹੈ।

ਸੰਗੀਤ ਦੀ ਦੁਨੀਆਂ ਵਿਚ ਸੰਖੇਪ, ਪਲੇਠੇ ਪਰ ਜ਼ੋਰਦਾਰ ਦਖਲ ਦੇਣ ਵਾਲੇ 'ਵੀਰ ਭੰਗੂ' ਦੇ ਥੋੜਾ ਪਿਛੋਕੜ ਬਾਰੇ ਇਸ ਲਈ ਜਾਨਣਾ ਚਾਹਿਆ, ਕਿਉਂਕਿ ਇਸ ਯਤਨ ਪਿਛੇ ਕੋਈ ਸੰਜੀਦਗੀ ਭਰੀ ਦਮਦਾਰ ਵਿਰਾਸਤ ਝਲਕਦੀ ਸੀ। ਇਹ ਪੜਤਾਲ ਮੈਨੂੰ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਤੇ ਫਿਰ ਇਸ ਦੇ ਇਕ ਇਤਿਹਾਸਕ ਸ਼ਹਿਰ ਚਮਕੌਰ ਸਾਹਿਬ ਲੈ ਗਈ, ਜਿਥੇ ਵੀਰ ਭੰਗੂ ਦੇ ਮਾਪੇ ਵਸਦੇ ਹਨ। ਇਸ ਸ਼ਹਿਰ ਵਿਚ ਵਸਣ ਵਾਲੇ ਭਲੇ ਲੋਕਾਂ ਵਿਚ ਵੀਰ ਭੰਗੂ ਦੇ ਮਾਪਿਆਂ ਦਾ ਅਨੁਭਵਾਂ, ਦਿਆਲਤਾ ਅਤੇ ਤਿਆਗ ਦਾ ਮਿਸਾਲੀ ਇਤਿਹਾਸ ਹੈ। ਮਰਨ ਉਪਰੰਤ ਆਪਣੀ ਦੇਹ ਤੱਕ ਦਾਨ ਕਰਨ ਦੀ ਵਸੀਅਤ ਕਰ ਚੁੱਕਿਆ ਇਹ ਜੋੜਾ, ਨਿੱਜ ਸਵਾਰਥ ਦੇ ਇਸ ਯੁੱਗ ਵਿਚ ਨਾਇਕ/ਨਾਇਕਾ ਤੋਂ ਘੱਟ ਨਹੀਂ। ਵੀਰ ਭੰਗੂ ਦੀ ਮਾਤਾ ਸ੍ਰੀਮਤੀ ਗੁਰਪ੍ਰੀਤ ਕੌਰ ਜਿਥੇ ਇਕ ਸਕੂਲ ਅਧਿਆਪਕਾ ਹੈ, ਉਥੇ ਨਰੋਈਆਂ ਕਦਰਾਂ ਨੂੰ ਸਮਰਪਿਤ ਥੀਏਟਰ ਗਰੁੱਪ 'ਚੇਤਨਾ ਕਲਾ ਮੰਚ ਚਮਕੌਰ ਸਾਹਿਬ' ਦੀ ਸੰਚਾਲਕ ਹੈ। ਉਸ ਦਾ ਗਰੁੱਪ ਸਮਾਜਿਕ ਅਲਾਮਤਾਂ ਵਿਰੁੱਧ ਜਾਗਰੂਕਤਾ ਪੈਦਾ ਕਰਦਾ ਹੈ। ਉਹ ਦਰਜਨਾਂ ਸੀਰੀਅਲਾਂ ਅਤੇ ਕੁਝ ਹਿੰਦੀ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ ਤੇ ਕਰ ਰਹੀ ਹੈ। ਵੀਰ ਭੰਗੂ ਦਾ ਪਿਤਾ ਪੱਤਰਕਾਰ ਅਤੇ ‘ਰੋਜ਼ਾਨਾ ਅਜੀਤ’ ਵਿਚ ‘ਸਿੱਖਿਆ ਵਿਚ ਕਿੱਤਾ ਚੁਣਨ ਦੀ ਮਹੱਤਤਾ’ ਵਿਸ਼ੇ ਦਾ ਕਾਲਮ ਨਵੀਸ ਹੈ ਅਤੇ ਅਜੀਤ ਦੇ ਜ਼ਿਲ੍ਹਾ ਰੂਪਨਗਰ ਦਾ ਇੰਚਾਰਜ ਹੈ। ਉਨ੍ਹਾਂ ਕੋਲ ਸਮਾਜ ਸੇਵੀ ਕਾਰਜਾਂ ਦਾ ਇਤਿਹਾਸ ਹੈ। ਉਹ ਇਲਾਕਾ ਚਮਕੌਰ ਸਾਹਿਬ ਵਿਚ ਕੁਝ ਭਲੇ ਲੋਕਾਂ ਦੇ ਸਹਿਯੋਗ ਨਾਲ ਇਕ ਕਦਰਾਂ ਭਰੀ ਵਿਦਿਅਕ ਸੰਸਥਾ ਦੇ ਨਿਰਦੇਸ਼ਕ ਹਨ, ਜਿਸ ਵਿਚ ਇਲਾਕੇ ਦੇ ਗਰੀਬ ਪਰ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਹੋਰ ਕਾਫੀ ਕੁਝ ਹੈ ਇਥੋˆ ਤੱਕ ਕਿ ਇਸ ਯੋਗ ਜੋੜੇ ਨੇ ਚਮਕੌਰ ਸਾਹਿਬ ਵਿਚਲੀ ਆਪਣੀ ਕਰੋੜਾਂ ਰੁਪਏ ਦੀ ਨਿੱਜੀ ਜਾਇਦਾਦ ਨੂੰ ਵੀ ਇਕ ਟਰੱਸਟ ਬਣਾ ਕੇ ਜਨਤਕ ਕਰ ਦਿੱਤਾ ਹੋਇਆ ਹੈ। ਵੀਰ ਭੰਗੂ ਇਸ ਜੋੜੇ ਦੀ ਇਕਲੌਤੀ ਔਲਾਦ ਹੈ ਜਿਹੜਾ ਬੀਤੇ ਕੁਝ ਵਰ੍ਹਿਆਂ ਤੋਂ ਆਪਣੀ ਪਤਨੀ ਪੂਨਮਦੀਪ ਕੌਰ ਸਮੇਤ ਐਡੀਲੈਡ ਵਿਚ ਰਹਿ ਰਿਹਾ ਹੈ। ਵੀਰ ਭੰਗੂ ਬਾਰੇ ਪੁੱਛਣ 'ਤੇ ਸ: ਸਵਰਨ ਸਿੰਘ ਭੰਗੂ ਨੇ ਇਸ ਤਰ੍ਹਾਂ ਦੱਸਿਆ:

''ਵੀਰ ਭੰਗੂ ਦੇ ਨਾਂ ਨਾਲ ਸੰਗੀਤਕ ਸਫਰ ਸ਼ੁਰੂ ਕਰਨ ਵਾਲੇ ਮੇਰੇ ਪੁੱਤਰ ਦਾ ਅਸਲ ਨਾਂ ਅਮਰਬੀਰ ਸਿੰਘ ਹੈ । ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ, 7ਵੀˆ ਤੋਂ +2 ਤੱਕ ਉਹ ਮੇਰੀ ਅਗਵਾਈ ਵਾਲੇ ਸਕੂਲ ਵਿਚ ਪੜ੍ਹਿਆ ਹੈ। ਹਰ ਸ਼ਨੀਵਾਰ ਅਸੈਂਬਲੀ ਨੂੰ ਮੇਰੇ ਸਮੇਤ ਸਾਰਾ ਸਕੂਲ ਉਤਸੁਕਤਾ ਨਾਲ ਉਡੀਕਿਆ ਕਰਦਾ ਸੀ ਕਿ ਇਸ ਅਸੈਂਬਲੀ ਵਿਚ 'ਅਮਰਬੀਰ' ਗੀਤ ਗਾਏਗਾ। ਚੰਗੀ ਗੱਲ ਇਹ ਹੈ ਕਿ ਉਸ ਕੋਲ ਇਹ ਹੁਨਰ ਹੀ ਨਹੀਂ ਸਗੋਂ ਚੰਗੇ ਸਾਹਿਤ ਦਾ ਰਸੀਆ ਹੋਣ ਕਰਕੇ, ਦੁਨੀਆਂ ਦੇ ਵਰਤਾਰਿਆਂ ਨੂੰ ਸਹੀ ਪਰਿਖੇਪ ਵਿਚ ਵੇਖਣ ਅਤੇ ਰਿਸ਼ਤੇ ਨਾਤਿਆਂ ਵਿਚਲੀ ਸੱਚੀ ਸਾਂਝ ਦੀ ਕਦਰ ਕਰਨ ਦੀ ਸੋਝੀ ਅਤੇ ਇਸ ਨੂੰ ਮਾਨਣ ਦਾ ਚੱਜ ਹੈ। ਮੇਰੀ ਵੀ ਦਿਲੀ ਇੱਛਾ ਰਹੀ ਹੈ ਕਿ ਅਮਰਬੀਰ ਦਾ ਹੁਨਰ ਮਨੁੱਖੀ ਸਮਾਜ ਵਿਚ ਜਰਬਾਂ ਖਾਵੇ। ਆਪਣੀ ਗਾਇਕੀ ਦੀ ਪਰਖ ਲਈ ਇਕ ਗੀਤ ਗਾਉਣ ਤੋਂ ਪਹਿਲਾਂ ਉਸ ਨੇ ਸਾਡਾ ਅਸ਼ੀਰਵਾਦ ਲਿਆ ਸੀ। ਮੈਨੂੰ ਇਹ ਵੀ ਪਤਾ ਹੈ ਕਿ ਸਵਾਰਥ ਅਧਾਰਤ ਗਾਇਕੀ ਨੇ ਸਰੋਤਿਆਂ ਦੇ ਸਵਾਦ ਵਿਗਾੜ ਦਿੱਤੇ ਹਨ । ਅਜਿਹੇ ਸਮਿਆਂ ਵਿਚ ਕਦਰਾਂ ਅਧਾਰਤ ਗਾਇਕੀ ਦੇ ਪਿੜ ਵਿਚ ਖੜਨ ਲਈ ਬਹੁਤ ਸਬਰ ਅਤੇ ਸਿਰੜ ਦੀ ਲੋੜ ਹੈ। ਚੰਗੇ ਸਰੋਤਿਆਂ ਦੀ ਵਾਹ ਵਾਹ ਉਸ ਨੂੰ ਮਿਲਣੀ ਹੀ ਮਿਲਣੀ ਹੈ। ਮੈਂ ਕਾਮਨਾ ਕਰਦਾ ਹਾਂ ਕਿ ਚੰਗੇ ਗੀਤ ਸੰਗੀਤ ਦੀ ਦੁਨੀਆਂ ਵਿਚ ਉਸ ਨੂੰ ਉਸ ਦੇ ਖੜ੍ਹਨ ਜੋਕਰੀ ਥਾਂ ਮਿਲੇ।''

ਇਸ ਸਬੰਧ ਵਿਚ ਵੀਰ ਭੰਗੂ ਨਾਲ ਕੀਤੀਆਂ ਗੱਲਾਂ ਦਰਜ ਕਰਨ ਦੀ ਖੁਸ਼ੀ ਲੈ ਰਿਹਾ ਹਾਂ:

ਤੁਸੀਂ ਇਕ ਹੀ ਗੀਤ ਗਾਇਆ ਤੇ ਯੂ ਟਿਊਬ 'ਤੇ ਪਾਇਆ ਹੈ, ਐਲਬਮ ਕਿਉਂ ਨਹੀਂ?
ਗਾਇਕੀ ਕੀ ਹੋਣੀ ਚਾਹੀਦੀ ਹੈ, ਕੀ ਬਣ ਗਈ? ਸਭ ਦੇ ਸਾਹਮਣੇ ਹੈ। ਉਪਰ ਬਹੁਤ ਖੂਬਸੂਰਤ ਸ਼ਬਦਾਂ ਵਿਚ ਜ਼ਿਕਰ ਆ ਚੁੱਕਾ ਹੈ। ਮੇਰਾ ਵੀ ਦਿਲ ਕਰਦਾ ਰਿਹਾ ਕਿ ਮੈਂ ਵੀ ਆਪਣੇ ਹੁਨਰ ਨੂੰ ਚੁਰਸਤੇ ਵਿਚ ਲੈ ਜਾਵਾਂ। ਹੁਨਰ ਦੀ ਘੋੜੀ ਨੂੰ ਮਿੱਤਰਾਂ ਨੇ ਅਜਿਹਾ ਚਾਬੁਕ ਮਾਰਿਆ ਕਿ ਇਕ ਗੀਤ 'ਨੈਣ' ਹੋਂਦ ਵਿਚ ਆ ਗਿਆ। ਇਕੋ ਗੀਤ ਗਾਉਣ ਅਤੇ ਯੂ ਟਿਊਬ 'ਤੇ ਪਾਉਣ ਤੋਂ ਭਾਵ ਤਾਂ ਆਪਣੇ ਆਪ ਨੂੰ ਚੈੱਕ ਕਰਨਾ ਹੈ।

ਕੀ ਤੁਸੀਂ ਚੈੱਕ ਹੋ ਗਏ?
ਹਾਂ, ਬਹੁਤ ਖੁਸ਼ ਹਾਂ ਕਿ ਦਿਨਾਂ ਵਿਚ ਹੀ ਹਜ਼ਾਰਾਂ ਲੋਕਾਂ ਨੇ ਯੂ ਟਿਊਬ ਅਤੇ ਫੇਸ ਬੁੱਕ ਨੂੰ ਵਿਜ਼ਿਟ ਕਰ ਲਿਆ। ਗੀਤ ਪਸੰਦ ਵੀ ਕੀਤਾ ਗਿਆ, ਸਲਾਹਿਆ ਵੀ ਗਿਆ, ਸੁਨੇਹੀਆਂ ਦੇ ਲਗਾਤਾਰ ਫੋਨ ਆ ਰਹੇ ਹਨ, ਗੀਤ ਸੰਗੀਤ ਦੀ ਦੁਨੀਆਂ ਖਿੱਚ ਰਹੀ ਪ੍ਰਤੀਤ ਹੁੰਦੀ ਹੈ। ਬਹੁਤ ਆਸਵੰਦ ਹਾਂ ਕਿ ਮੇਰਾ ਹੁਨਰ ਤੇ ਹੁਨਰ ਨੂੰ ਮਿਲ ਰਿਹਾ ਹੁੰਗਾਰਾ ਜਲਦੀ ਹੀ ਪੁਲ ਬਣ ਜਾਣਗੇ ਜਿਸ 'ਤੇ ਅਸੀˆ ਇਕ ਦੂਜੇ ਨੂੰ ਮਿਲਦੇ ਰਹਾਂਗੇ।

ਤੁਹਾਡੀ ਭਵਿੱਖ ਦੀ ਯੋਜਨਾ ਕੀ ਹੈ?
ਅਗਲੇ ਵਰ੍ਹੇ ਆਪਣੇ ਸਰੋਤਿਆਂ (ਚੰਗੇ ਗੀਤਾਂ ਦੇ ਕਦਰਦਾਨਾਂ) ਨੂੰ ਮੇਰੇ ਹੋਰ ਵੀ ਗੀਤ ਸੁਣਨ ਨੂੰ ਮਿਲਣਗੇ। ਤਿਆਰੀ ਚਲ ਰਹੀ ਹੈ, ਸੋਹਣੇ ਸ਼ਬਦ ਲੈ ਕੇ, ਗੀਤਾਂ ਦੇ ਸੋਹਣੇ ਮੁਖੜੇ ਬੁਣੇ ਜਾ ਰਹੇ ਹਨ।ਮੈ ਅਜਿਹਾ ਕਰਨ ਲਈ ਦ੍ਰਿੜ ਸਕੰਲਪ ਹਾਂ।

ਪ੍ਰੇਰਣਾ ਦੇਣ ਵਾਲਿਆਂ ਅਤੇ ਸਹਿਯੋਗੀਆਂ ਦੇ ਨਾਂ?
ਪਰਿਵਾਰ, ਮੀਡੀਆ, ਹਰਮਨ ਰੇਡੀਓ ਤੋਂ ਅਮਨਦੀਪ ਸਿੱਧੂ, ਤੁਹਾਡੇ ਸਮੇਤ ਦਿਲਪ੍ਰੀਤ ਗਿੱਲ, ਸਾਹਿਲ ਵਰਮਾ, ਮਨਿੰਦਰ ਬਰਾੜ, ਗੁਰਤੇਜ ਬਰਾੜ ਕੈਨੇਡਾ, ਰੇਡੀਓ ਸਪਾਈਸ ਨਿਊਜ਼ ਤੋਂ ਇਲਾਵਾ ਅਨੇਕ ਦੋਸਤ, ਸ਼ੁਭਚਿੰਤਕ ਅਤੇ ਪ੍ਰੇਰਕ ।

****

No comments: