ਢੋਲ ਦਾ ਸੁਲਤਾਨ ਮੁਹੰਮਦ ਸੁਲਤਾਨ ਢਿਲੋਂ……… ਸ਼ਬਦ ਚਿਤਰ / ਖੁਸ਼ਪ੍ਰੀਤ ਸਿੰਘ ਸੁਨਾਮ

ਸੰਗੀਤ ਮਨੁੱਖ ਦੀ ਰੂਹ ਦੀ ਖੁਰਾਕ ਹੈ। ਚੰਗਾ ਸੰਗੀਤ ਜਿੱਥੇ ਕੰਨਾਂ ਨੂੰ ਸੁਨਣ ਨੂੰ ਚੰਗਾ ਲਗਦਾ ਹੈ, ਉਥੇ ਹੀ ਸਾਡੀ ਰੂਹ ਨੂੰ ਵੀ ਤਾਜ਼ਗੀ ਬਖਸ਼ਦਾ ਹੈ। ਖਾਸ ਤੌਰ ‘ਤੇ ਜੇ ਇਹ ਸੰਗੀਤ ਲੋਕ ਸਾਜ਼ਾਂ ਤੇ ਅਧਾਰਤ ਹੋਵੇ ਤਾਂ ਹੋਰ ਵੀ ਸੋਨੇ ਤੇ  ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਪਰੰਤੂ ਅਫਸੋਸ ਕਿ ਅਜੋਕਾ ਸੰਗੀਤ ਪੱਛਮੀ ਸਾਜ਼ਾਂ ਦੇ ਪ੍ਰਭਾਵ ਹੇਠ ਸ਼ੋਰੀਲਾ ਅਤੇ ਕੰਨ ਪਾੜਵਾਂ ਹੋ ਗਿਆ ਹੈ। ਜਿਸ ਦੇ ਫਲ਼ਸਰੂਪ ਸੰਗੀਤ ਵਿਚਲਾ ਸੁਹਜ ਖਤਮ ਹੁੰਦਾ ਜਾ ਰਿਹਾ ਹੈ। ਸੰਗੀਤ ਰੂਹ ਦੀ ਖੁਰਾਕ ਨਾ ਹੋ ਕੇ ਰੂਹ ਦਾ ਜੰਜਾਲ ਬਣਦਾ ਜਾ ਰਿਹਾ ਹੈ, ਪਰੰਤੂ ਸੰਤੋਖ ਦੀ ਗੱਲ ਹੈ ਕਿ ਅਜੇ ਵੀ ਕੁਝ ਇਨਸਾਨ ਅਜਿਹੇ ਹਨ, ਜੋ ਪੁਰਾਤਨ ਲੋਕ ਸਾਜ਼ਾਂ ਦੇ ਜਨੂੰਨ ਦੀ ਹੱਦ ਤੱਕ ਸ਼ੁਦਾਈ ਹਨ। ਇਨ੍ਹਾਂ ਵਿੱਚੋ ਹੀ ਇੱਕ ਸਖਸ਼ ਹੈ ਮੁਹੰਮਦ ਸੁਲਤਾਨ ਢਿਲੋਂ। ਜਿਸਨੇ ਪ੍ਰਸਿੱਧ ਰਵਾਇਤੀ ਲੋਕ ਸਾਜ ਢੋਲ ਵਜਾਉਣ ਵਿੱਚ ਨਾ ਸਿਰਫ ਮੁਹਾਰਤ ਹਾਸਲ ਕੀਤੀ ਸਗੋਂ ਇਸਦੀ ਖੁਸ਼ਬੂ ਨੂੰ ਦੂਰ-ਦੂਰ ਤੱਕ ਖਲੇਰਿਆ ਹੈ।
ਜ਼ਿਲ੍ਹਾ ਸੰਗਰੂਰ ਦੇ ਇਤਿਹਾਸਕ ਸ਼ਹਿਰ ਮਲੇਰਕੋਟਲਾ ਦੇ ਜੰਮਪਲ ਇਸ ਨੌਜਵਾਨ ਨੂੰ ਬਚਪਨ ਤੋਂ ਹੀ ਸਾਜਾਂ ਨਾਲ ਪਿਆਰ ਸੀ। ਘਰ ਵਿੱਚ ਸੰਗੀਤਕ ਮਾਹੌਲ ਹੋਣ ਕਾਰਨ ਸ਼ੌਂਕ ਨੂੰ ਪੂਰਾ ਕਰਨਾ ਥੋੜਾ ਸੌਖਾ ਹੋ ਗਿਆ। ਸੁਲਤਾਨ ਦੇ ਚਾਚਾ ਜਨਾਬ ਅਖਤਰ ਅਲੀ ਜੋ ਕਿ ਖੁਦ ਇੱਕ ਮੰਨੇ ਪ੍ਰਮੰਨੇ ਢੋਲੇ ਵਾਦਕ ਹਨ, ਨੂੰ ਆਪਣਾ ਉਸਤਾਦ ਧਾਰਿਆ ਅਤੇ ਮੁੱਢਲੇ ਦੌਰ ਵਿੱਚ ਕਾਫੀ ਕੁਝ ਸਿੱਖਿਆ। ਜਿਵੇਂ-ਜਿਵੇਂ ਸੁਲਤਾਨ ਨੂੰ ਜਵਾਨੀ ਚੜ੍ਹੀ, ਤਿਉਂ-ਤਿਉਂ ਉਸਦੀ ਕਲਾ ਵਿੱਚ ਵੀ ਵਧੇਰੇ ਨਿਖਾਰ ਆਉਂਦਾ ਗਿਆ। ਢੋਲ ਸਿੱਖਣ ਦੇ ਨਾਲ-ਨਾਲ ਸੁਲਤਾਨ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ। ਸੁਲਤਾਨ ਨੇ ਜਿਉਂ ਹੀ ਗੋਰਮਿੰਟ ਕਾਲਜ ਮਲੇਰਕੋਟਲਾ ਵਿੱਚ ਦਾਖਲਾ ਲਿਆ ਤਾਂ ਉਸ ਵਿਚਲੀ ਇਸ ਕਲਾ ਨੁੰ ਕੁਝ ਪਾਰਖੂ ਨਜ਼ਰਾਂ ਨੇ ਪਛਾਣ ਕੇ ਤਰਾਸ਼ਣ ਦਾ ਮਨ ਬਣਾਇਆ ਤੇ ਸੁਲਤਾਨ ਵੀ ਉਨ੍ਹਾਂ ਪਾਰਖੂਆਂ ਦੀ ਕਸਵੱਟੀ ਤੇ ਖਰਾ ਉਤਰਿਆ।ਪ੍ਰੋ. ਅਨਿਲ ਭਾਰਤੀ ਅਤੇ ਭਜਨ ਲਾਲ ਅੰਬਾਲੇ ਵਾਲਿਆਂ ਨੂੰ ਆਪਣਾ ਸੰਗੀਤਕ  ਗੁਰੂ ਧਾਰਿਆ ਅਤੇ ਉਨਾਂ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਨਾਲ ਉਸਦੀ ਕਲਾ ਵਿੱਚ ਹੋਰ ਨਿਖਾਰ ਆਇਆ। ਨਤੀਜੇ ਵਜੋਂ ਲਗਾਤਾਰ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਜਿਥੇ ਵਾਹ-ਵਾਹ ਖੱਟੀ ਉਥੇ ਹੀ ਪੁਜੀਸ਼ਨਾਂ ਵੀ ਹਾਸਲ ਕੀਤੀਆਂ। ਸੁਲਤਾਨ ਨੇ ਲਗਾਤਾਰ ਤਿੰਨ ਸਾਲ ਲੋਕ ਸਾਜਾਂ ਦੇ ਮੁਕਾਬਲੇ, ਫੋਕ ਆਰਕੈਸਟਰਾ ਵਿੱਚ, ਇੰਟਰਵਰਸਿਟੀ ਗੋਲਡ, ਇੰਟਰ ਜੋਨਲ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ। ਪੰਜਾਬੀ ਯੂਨੀਵਰਸਿਟੀ ਵਿੱਚ ਐਮ.ਏ. ਸੰਗੀਤ (ਵੋਕਲ) ਵਿੱਚ ਦਾਖਲਾ ਲਿਆ ਇਥੇ ਸੁਲਤਾਨ ਦਾ ਮੇਲ ਪ੍ਰਸਿੱਧ ਤਬਲਾ ਵਾਦਕ ਸ਼੍ਰੀ ਜਗਮੋਹਨ ਸ਼ਰਮਾ ਹੋਰਾਂ ਨਾਲ ਹੋਇਆ ਤੇ ਇਨ੍ਹਾਂ ਦੀ ਪ੍ਰੇਰਣਾਵਾਂ ਸਦਕਾ ਸੁਲਤਾਨ ਨੇ ਵਧੇਰੇ ਬੁਲੰਦੀਆਂ ਨੂੰ ਛੋਹਿਆ। 2006 ਵਿੱਚ ਸੁਲਤਾਨ ਨੇ ਨੈਸ਼ਨਲ ਫੋਕ ਆਰਕੈਸਟਰਾ ਵਿੱਚ ਅਗਵਾਈ ਕੀਤੀ ਜਿਥੇ ਕਿ ਪੂਰੇ ਭਾਰਤ ਵਿੱਚੋਂ ਟੀਮਾਂ ਪਹੁੰਦੀਆਂ ਹੋਈਆਂ ਸਨ। ਇਥੇ ਵੀ ਸੁਲਤਾਨ ਦੀ ਟੀਮ ਨੇ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸੁਲਤਾਨ ਨੂੰ ਛੇ ਵਾਰ ਕਾਲਜ ਕਲਰ ਅਤੇ ਇੱਕ ਵਾਰ ਰੋਲ ਆਫ ਆਨਰ ਮਿਲਿਆ, ਜੋ ਕਿ ਵਿਰਲੇ ਦੇ ਹਿੱਸੇ ਹੀ ਆਉਂਦਾ ਹੈ। ਸੁਲਤਾਨ ਦਾ ਮੰਨਣਾ ਸੀ ਕਿ ਉਸ ਵਾਂਗ ਹੋਰ ਨੌਜਵਾਨ ਵੀ ਲੋਕ ਸਾਜਾਂ ਨੂੰ ਸਿਖਣ, ਇਸ ਲਈ ਉਸਨੇ ਖੁਦ ਟੀਮਾਂ ਤਿਆਰ ਕਰਵਾਈਆਂ ਤੇ ਵੱਖ-ਵੱਖ ਹੋਣ ਵਾਲੇ ਮੁਕਾਬਲਿਆਂ ਵਿੱਚ ਭੇਜਿਆ। 2006 ਵਿੱਚ ਵਿਦਿਆਰਥੀ ਵੀਜੇ ਤੇ ਸੁਲਤਾਨ ਮੈਲਬੋਰਨ (ਆਸਟਰੇਲੀਆ) ਆ ਗਿਆ ਪਰੰਤੂ ਇਥੇ ਆ ਕੇ ਵੱਖ-ਵੱਖ ਦੌਰ ਵਿੱਚੋਂ ਗੁਜ਼ਰਦੇ ਹੋਏ ਆਪਣੇ ਸ਼ੌਂਕ ਨੂੰ ਮਰਨ ਨਾ ਦਿੱਤਾ । ਢੋਲ ਵਜਾਉਣ ਵਿੱਚ ਉਸਦੀ ਮੁਹਾਰਤ ਹੀ ਹੈ ਕਿ ਜਦੋਂ ਉਹ ਢੋਲ ਉਪਰ ਡੱਗਾ ਲਗਾਉਂਦਾ ਹੈ ਤਾਂ ਪੰਜਾਬੀ ਹੀ ਨਹੀਂ ਗੋਰੇ-ਗੋਰੀਆਂ ਦੇ ਪੱਬ ਥਿਰਕਣ ਲਈ ਮਜ਼ਬੂਰ ਹੋ ਜਾਂਦੇ ਹਨ। ਰੋਜ਼ੀ ਰੋਟੀ ਦੇ ਜੁਗਾੜ ਦੇ ਨਾਲ-ਨਾਲ ਸੁਲਤਾਨ ਆਪਣੀ ਇਸ ਕਲਾ ਨੂੰ ਪੂਰੇ ਆਸਟ੍ਰੇਲੀਆ ਵਿੱਚ ਪ੍ਰਦਰਸ਼ਿਤ ਰਿਹਾ ਹੈ। ਹੁਣ ਤੱਕ ਸੁਲਤਾਨ ਵੱਖ-ਵੱਖ ਭੰਗੜਾ ਮੁਕਾਬਲਿਆਂ, ਲੋਕ ਸਾਜ਼ ਮੁਕਾਬਲਿਆਂ ਵਿੱਚ ਜਿਥੇ ਲਾਜਵਾਬ ਪ੍ਰਦਰਸ਼ਨ ਕਰ ਚੁੱਕਾ ਹੈ, ਉਥੇ ਹੀ ਕਈ ਨਾਮਵਰ ਕਲਾਕਾਰਾਂ ਦੀ ਸੰਗਤ ਵੀ ਕਰ ਚੁੱਕਿਆ ਹੈ। ਸੁਲਤਾਨ ਹੁਣ ਤੱਕ ਮਾਹਸ਼ਾ ਅਲੀ, ਰੋਸ਼ਨ ਪ੍ਰਿੰਸ, ਸਰਦੂਲ ਸਿਕੰਦਰ, ਮਿੰਟੂ ਧੂਰੀ, ਕੁਲਵਿੰਦਰ ਬਿੱਲਾ, ਰਣਵਿਜੇ, ਬੱਬਲ ਆਦਿ ਗਾਇਕਾਂ ਨਾਲ ਢੋਲ ਵਜਾ ਚੁੱਕਾ ਹੈ। ਸੁਲਤਾਨ ਨੇ “ਮੈਲਬੌਰਨ ਢੋਲ ਕੁਨੈਕਸ਼ਨ” ਨਾਂ ਦਾ ਗਰੁੱਪ ਬਣਾਇਆ ਹੈ। ਜਿਸ ਵਿੱਚ ਛੇ ਢੋਲੀ ਇੱਕੋ ਵਾਰ ਜੁਗਲਬੰਦੀ ਪੇਸ਼ ਕਰਦੇ ਹਨ, ਜੋ ਕਿ ਕਾਬਿਲ-ਏ-ਤਾਰੀਫ ਹੈ। ਸੁਲਤਾਨ ਦੇ ਗਰੁੱਪ ਵਿੱਚ ਉਸ ਤੋਂ ਇਲਾਵਾ ਯੁੱਧਵੀਰ ਸਿੰਘ (ਗਿੰਨੀ), ਸੰਨੀ ਦੱਤ, ਗੁਰਮਿੰਦਰ ਜੰਡੂ, ਜੈ ਦੀਪ ਗੁਰਾਇਆ, ਜਸਪਾਲ ਮਠਾੜੂ, ਜਸਵਿੰਦਰ ਸੈਂਡੀ ਹਨ।
ਸੁਲਤਾਨ ਆਪਣੀਆਂ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦੇ ਪਿੱਛੇ ਪਿਤਾ ਮੁਹੰਮਦ ਅਨਵਾਰ ਢਿਲੋਂ, ਮਾਂ ਫਾਤਿਮਾ ਢਿਲੋਂ ਅਤੇ ਗੁਰੂਆਂ ਦਾ ਆਸ਼ੀਰਵਾਦ ਮੰਨਦਾ ਹੈ।ਸੁਲਤਾਨ ਦੀ ਹਮਸਫਰ ਬੇਗਮ ਰਾਫਸਿਆ ਅਤੇ ਬੇਟਾ ਮੁਹੰਮਦ ਆਯਾਨ ਢਿਲੋਂ ਵੀ  ਉਸਦੀਆਂ ਪ੍ਰਾਪਤੀਆਂ ਤੋਂ ਬੇਹਦ ਖੁਸ਼ ਹਨ। ਸੁਲਤਾਨ ਦਸਦਾ ਹੈ ਕਿ ਜਦੋਂ ਤੋਂ ਕੰਪਿਊਟਰ ਨਾਲ ਤਿਆਰ ਕੀਤਾ ਜਾਣ ਵਾਲਾ ਸੰਗੀਤ ਸ਼ੁਰੂ ਹੋਇਆ ਹੈ, ਉਸ ਨਾਲ ਅਸਲੀ ਸਾਜ਼ਾਂ ਤੇ ਕਲਾਕਾਰਾਂ ਨੂੰ ਬਹੁਤ ਨੁਕਸਾਨ ਕੀਤਾ ਹੈ।ਜਿਸ ਨਾਲ ਨਾਮੀ ਸਾਜ਼ੀਆਂ ਦੀ ਕਲਾ ਦਬ ਕੇ ਰਹਿ ਗਈ ਹੈ। ਪਰੰਤੂ ਸੁਲਤਾਨ ਉਸੇ ਢੋਲ ਦੀ ਥਾਪ ਤੇ ਧਮਕ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ। ਮੁੱਕਦੀ ਗੱਲ, ਢੋਲ ਅਤੇ ਸੁਲਤਾਨ ਇੱਕ ਦੂਜੇ ਦੇ ਪੂਰਕ ਹਨ। ਢੋਲ ਉਸਦੀ ਜਿੰਦ-ਜਾਨ ਹੈ। ਉਸ ਦਾ ਦਿਲ ਢੋਲ ਦੇ ਡੱਗੇ ਦੇ ਨਾਲ ਧੜਕਦਾ ਹੈ। ਉਹ ਚਾਹੁੰਦਾ ਹੈ ਕਿ ਉਸਦੇ ਢੋਲ ਦੀ ਧਮਕ ਦੁਨੀਆਂ ਦੇ ਕੋਨੇ-ਕੋਨੇ ਵਿੱਚ ਸੁਣਾਈ ਦੇਵੇ। ਸ਼ਾਲਾ ! ਉਸਦੀਆਂ ਆਸਾਂ ਨੂੰ ਬੂਰ ਪਵੇ ਅਤੇ ਉਸਦਾ ਹੁਨਰ ਨਿੱਤ-ਨਵੀਆਂ ਬੁਲੰਦੀਆਂ ਨੂੰ ਛੋਹੇ।
****

No comments: