ਅਮਰੀਕਾ ਦੀ ਫੇਰੀ ( ਭਾਗ 1 )........... ਸਫ਼ਰਨਾਮਾ / ਯੁੱਧਵੀਰ ਸਿੰਘ

ਇਨਸਾਨ ਦੀ ਫਿਤਰਤ ਦੇ ਵਿਚ ਕਿੰਨੇ ਰੰਗ ਹਨ ਇਹ ਕੋਈ ਵੀ ਸਹੀ ਨਹੀ ਜਾਣਦਾ, ਨਵੀਂਆਂ ਚੀਜ਼ਾਂ ਵੇਖਣ ਦੀ ਲਾਲਸਾ ਇਨਸਾਨ ਦੇ ਮਨ ਵਿਚ ਹਮੇਸ਼ਾ ਜਾਗਦੀ ਰਹਿੰਦੀ ਹੈ । ਅਕਾਲਪੁਰਖ ਨੇ ਐਸੀ ਦੁਨੀਆਂ ਸਾਜ ਦਿੱਤੀ ਕਿ ਜਿੰਨਾ ਮਰਜ਼ੀ ਦੇਖੀ ਜਾਓ, ਕਦੇ ਵੀ ਆਕਰਸ਼ਣ ਖਤਮ ਨਹੀਂ ਹੋਵੇਗਾ ਦੁਨੀਆਂ ਦੇ ਵਿਚ । ਪਰ ਦੁਨੀਆਂ ਦੇ ਰੰਗ ਵੇਖਣ ਲਈ ਤੁਹਾਨੂੰ ਆਪਣੇ ਕੰਮ ਕਾਜ ਤੋਂ ਕੁਝ ਦਿਨਾਂ ਦੀ ਛੁੱਟੀ ਲੈਣੀ ਪਵੇਗੀ ਤਾਂ ਕਿ ਇਸ ਦੁਨੀਆਂ ਦੇ ਕੁਝ ਹਿੱਸੇ ਦੇ ਪ੍ਰਤੱਖ ਦਰਸ਼ਨ ਕੀਤੇ ਜਾਣ । ਇੰਟਰਨੈੱਟ ਦੀ ਨਿਵੇਕਲੀ ਦੁਨੀਆਂ ਜਿਸ ਵਿਚ ਫੇਸਬੁੱਕ, ਸਕਾਈਪ, ਗੂਗਲ ਆਦਿ ਆਉਂਦਾ ਹੈ, ਨੇ ਦੁਨੀਆਂ ਨੂੰ ਵਾਕਿਆ ਹੀ ਬਹੁਤ ਛੋਟਾ ਕਰ ਦਿੱਤਾ ਹੈ । ਫੋਨ ਤੇ ਗੱਲ ਨਾਂ ਵੀ ਹੋਵੇ ਤਾਂ ਫੇਸਬੁੱਕ ਤੇ ਮੈਸਜ ਕਰ ਕੇ ਹਾਲ ਚਾਲ ਪੁੱਛ ਲਈਦਾ ਹੈ ਇਸ ਨਾਲ ਹਾਜ਼ਰੀ ਲੱਗ ਜਾਂਦੀ ਹੈ । ਕੁਝ ਐਸੇ ਹੀ ਵਿਚਾਰ ਮੇਰੇ ਮਨ ਵਿਚ ਕਾਫੀ ਮਹੀਨਿਆਂ ਤੋਂ ਉੱਠ ਰਹੇ ਸੀ ਕਿ ਆਸਟ੍ਰੇਲੀਆ ਤੋਂ ਬਾਹਰ ਜਾ ਕੇ ਕੁਝ ਨਵਾਂ ਵੇਖਿਆ ਜਾਵੇ । ਮੇਰੇ ਕਾਫੀ ਦੋਸਤ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਕੰਮ ਧੰਧਿਆਂ ਵਿਚ ਜ਼ੋਰ ਅਜ਼ਮਾਈ ਕਰ ਰਹੇ ਹਨ । ਇਸੇ ਤਰਾਂ ਹੀ ਦੇਹਰਾਦੂਨ ਤੋਂ  ਮੇਰਾ ਇਕ ਖਾਸ ਦੋਸਤ ਪਰਾਂਜਲ ਮਹੰਤ, ਜਿਸ ਦਾ ਕਿ ਪਿਆਰ ਜਾਂ ਧੱਕੇ ਨਾਲ ਅਸੀਂ ਨਾਮ ਡੀ.ਡੀ. (ਦੇਹਰਾਦੂਨ) ਰੱਖਿਆ, ਉਹ ਅਮਰੀਕਾ ਦੇ ਰਾਜ ਫਲੌਰਿਡਾ ਦੇ ਸ਼ਹਿਰ ਓਰਲੈਂਡੌਂ
ਵਿਖੇ ਆਪਣੀ ਘਰ ਵਾਲੀ ਰਿੰਕੀ ਮਹੰਤ ਤੇ ਬੇਟੇ ਅਰਨਵ ਮਹੰਤ ਨਾਲ ਰਹਿ ਰਿਹਾ ਹੈ । ਉਸ ਨਾਲ ਵੀ ਮੇਰੀ ਬੜੀ ਦੇਰ ਤੋਂ ਗੱਲ ਹੋ ਰਹੀ ਸੀ । ਅਸੀ ਦੋਵੇਂ ਇਕ ਦੂਜੇ ਤੇ ਜ਼ੋਰ ਪਾਉਂਦੇ ਰਹਿੰਦੇ ਕਿ ਤੂੰ ਆਸਟ੍ਰੇਲੀਆ ਆ ਜਾ ਘੁੰਮਣ ਦੇ ਲਈ, ਉਹ ਮੈਨੂੰ ਕਹਿੰਦਾ ਰਹਿੰਦਾ ਕਿ ਤੂੰ ਅਮਰੀਕਾ ਵਿਚ ਆ । ਇਸੇ ਖਿਚੋਤਾਣ ਵਿਚ ਮੈਂ ਹੀ ਫੈਸਲਾ ਲੈ ਲਿਆ ਕਿ ਚਲੋ ਮੈਂ ਹੀ ਅਮਰੀਕਾ ਵਿਚ ਆਉਂਦਾ ਹਾਂ । ਇਥੇ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਅਮਰੀਕਾ ਦਾ ਇਹ ਮੇਰਾ ਬਿਲਕੁੱਲ ਨਿੱਜੀ ਦੌਰਾ ਸੀ । ਪਰ ਜਦੋਂ ਮੇਰੇ ਕਾਫੀ ਦੋਸਤਾਂ ਨੂੰ ਪਤਾ ਚੱਲਿਆ ਕਿ ਮੈਂ ਅਮਰੀਕਾ ਜਾ ਰਿਹਾ ਹਾਂ ਤਾਂ ਉਹਨਾਂ ਨੇ ਮੈਨੂੰ ਬਹੁਤ ਜ਼ੋਰ ਦੇ ਕੇ ਕਿਹਾ ਕਿ ਇਸ ਦੌਰੇ ਦੌਰਾਨ ਆਸਟ੍ਰੇਲੀਆ ਤੋਂ ਜਾਣ ਤੋਂ ਲੈ ਕੇ ਆਉਣ ਤੱਕ ਦੇ ਸਫਰ ਬਾਰੇ, ਘੁੰਮਣ ਫਿਰਨ ਅਤੇ ਹਾਲਤਾਂ ਬਾਰੇ ਜ਼ਰੂਰ ਲਿਖਾਂ, ਤੇ ਕੋਈ ਫੂਕ ਛਕਾਊ ਸਨਮਾਨਾਂ ਦਾ ਜਿ਼ਕਰ ਜਿਸ ਵਿਚ ਨਾਂ ਹੋਵੇ, ਤੇ ਇਹ ਵੀ ਜ਼ਰੂਰ ਦੱਸਾਂ ਕਿ ਕਿਹੜਾ ਦੇਸ਼ ਵਧੀਆ ਹੈ ਅਮਰੀਕਾ ਜਾਂ ਆਸਟ੍ਰੇਲੀਆ । ਵੈਸੇ ਮੇਰਾ ਕੋਈ ਇਰਾਦਾ ਨਹੀ ਸੀ ਸਫ਼ਰਨਾਮਾ ਲਿਖਣ ਦੇ ਲਈ, ਪਰ ਫਿਰ ਸੋਚਿਆ ਵੈਸੇ ਵੀ ਅੰਦਰ ਲਿਖਣ ਵਾਲੇ ਕੀੜੇ ਕੁਰਬਲ ਕੁਰਬਲ ਕਰਦੇ ਰਹਿੰਦੇ ਹਨ ਚਲੋ ਲਿਖ ਦਿਆਂਗੇ । ਨਾਲ ਮੇਰੀ ਕੋਸ਼ਿਸ ਇਹ ਵੀ ਹੋਵੇਗੀ ਕਿ ਤੁਹਾਨੂੰ ਨਾਲ਼ ਨਾਲ਼ ਉਸ ਜਗ੍ਹਾ ‘ਤੇ ਘੁੰਮਣ ਦੇ ਕੁਝ ਖਾਸ ਤਰੀਕੇ ਵੀ ਦੱਸ ਸਕਾਂ । ਅਮਰੀਕਾ ਜਾਣ ਦਾ ਇਰਾਦਾ ਪੱਕਾ ਹੋਣ ਤੋਂ ਬਾਦ  ਮੈਂ ਖੋਜ ਸ਼ੁਰੂ ਕੀਤੀ । ਮੇਰੇ ਕੋਲ ਆਸਟ੍ਰੇਲੀਅਨ ਪਾਸਪੋਰਟ ਹੋਣ ਕਾਰਣ ਦਿਮਾਗ ਵਿਚ ਸੁਆਲ ਸੀ ਕਿ ਹੁਣ ਕਿਹੜਾ ਵੀਜ਼ਾ ਲੈਣਾ ਪੈਣਾ ਹੈ, ਤੇ ਜਦ ਖੋਜ ਕੀਤੀ ਕਿ  ਕਿ ਕਿਹੜੇ ਜ਼ਰੂਰੀ ਕਾਗਜ਼ਾਤ ਹਨ, ਜਿਨਾਂ ਦੇ ਅਮਰੀਕਾ ਦੇ ਵਿਚ ਦਾਖਲ ਹੋਣ ਸਮੇਂ ਲੋੜ ਪਵੇਗੀ ਤਾਂ ਬਾਬਾ ਗੂਗਲ ਸਿੰਘ ਨੇ ਅਮਰੀਕਾ ਸਰਕਾਰ ਦੀ ਵੈਬਸਾਇਟ ਈ ਐੱਸ ਟੀ ਏ ਦਿਖਾਈ । ਵਿਸਥਾਰ ਨਾਲ ਪੜ੍ਹਨ ਦੇ ਬਾਦ ਵੀ ਯਕੀਨ ਨਾ ਬਣੇ ਕਿ ਵਾਕਿਆ ਹੀ ਇਹ ਸਰਕਾਰੀ ਵੈਬਸਾਇਟ ਹੈ ਕਿਉਂਕਿ ਇਕ ਇਸ ਦੀ ਬਣਤਰ ਠੀਕ ਨਹੀਂ ਲੱਗ ਰਹੀ ਸੀ, ਦੂਜਾ ਦੋ ਸਾਲ ਦੀ ਫੀਸ ਸਿਰਫ ਚੌਦਾਂ ਡਾਲਰ ਦਿਖਾ ਰਿਹਾ ਸੀ । ਇਹ ਇਕ ਐਸਾ ਫਾਰਮ ਹੁੰਦਾ ਹੈ ਜੋ ਕਿ ਤੁਸੀਂ ਅਮਰੀਕਾ ਜਾਣ ਤੋਂ ਪਹਿਲਾਂ ਆਨਲਾਈਨ ਭਰਨਾ ਹੁੰਦਾ ਹੈ । ਇਸ ਵਿਚ ਤੁਹਾਡੀ ਨਿੱਜੀ ਜਾਣਕਾਰੀ, ਪਾਸਪੋਰਟ ਦੀ ਜਾਣਕਾਰੀ ਤੇ ਹੋਰ ਕੁਝ ਗੱਲਾਂ ਭਰਨੀਆਂ ਹੁੰਦੀਆਂ ਹਨ ਤੇ ਨਾਲ਼ ਹੀ 14 ਡਾਲਰ ਫੀਸ ਭਰਨੀ ਹੁੰਦੀ ਹੈ ਜੋ ਕਿ ਦੋ ਸਾਲ ਤੱਕ ਵੈਧ ਹੁੰਦਾ ਹੈ । ਜਿੱਥੇ ਕੋਈ ਪੇਚੀਦਾ ਮਸਲਾ ਫਸ ਜਾਂਦਾ ਹੈ ਤਾਂ ਮੈਂ ਮਾਸਟਰ ਮਨਜੀਤ ਸਿੰਘ ਜੀ ਔਜਲਾ ਦੇ ਘਰ ਦੀ ਟੱਲੀ ਖੜਕਾ ਦਿੰਦਾ ਹਾਂ । ਸੋ, ਮਾਸਟਰ ਜੀ ਨੂੰ ਦੱਸਿਆ ਤਾਂ ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਦੋ ਵਾਰ ਗਏ ਹਨ, ਪਰ ਉਹਨਾਂ ਨੇ ਐਸਾ ਕੋਈ ਫਾਰਮ ਨਹੀਂ ਭਰਿਆ । ਜਦ ਮੈਂ ਉਨ੍ਹਾਂ ਨੂੰ ਵੈਬਸਾਈਟ ਦਿਖਾਈ ਤਾਂ ਕਾਫੀ ਦੇਖਣ ਤੋਂ ਬਾਦ ਉਹਨਾਂ ਨੇ ਕਿਹਾ ਕਿ ਅਮਰੀਕਾ ਸਰਕਾਰ ਨੇ ਨਵਾਂ ਫਾਰਮ ਲਾਗੂ ਕਰ ਦਿੱਤਾ ਹੈ, ਸੋ ਇਹ ਭਰਨਾ ਹੀ ਪੈਣਾ । ਨਾਲ ਹੀ ਉਨ੍ਹਾਂ ਨੇ ਫਾਰਮ ਭਰ ਦਿੱਤਾ । ਮੈਂ ਕ੍ਰੈਡਿਟ ਕਾਰਡ ਵਿਚੋਂ ਫੀਸ ਭਰ ਦਿੱਤੀ ਤਾਂ ਇਕ ਮਿੰਟ ਬਾਦ ਮੇਰੀ ਫਾਰਮ ਸਵੀਕਾਰ ਹੋ ਗਿਆ ਤੇ ਸਬੂਤ ਵਜੋਂ ਫਾਰਮ ਦਾ ਪ੍ਰਿੰਟ ਕੱਢ ਕੇ ਰੱਖ ਲਿਆ । ਹੁਣ ਦੇ ਰੂਲ ਮੁਤਾਬਿਕ ਤੁਸੀਂ ਈ ਐੱਸ ਟੀ ਏ ਫਾਰਮ ਦੇ ਬਗੈਰ ਅਮਰੀਕਾ ਜਾਣ ਵਾਲੇ ਜਹਾਜ਼ ਵਿਚ ਚੜ੍ਹ ਵੀ ਨਹੀਂ ਸਕਦੇ । ਇਸ ਤੋਂ ਬਾਦ ਗੱਲ ਆ ਗਈ, ਮੈਲਬੌਰਨ ਤੋਂ ਓਰਲੈਂਡੌ ਟਿਕਟ ਬੁੱਕ ਕਰਾਉਣ ਦੇ ਲਈ । ਟਿਕਟ ਲੱਭਣ ਦਾ ਕੰਮ ਤਾਂ ਕੁਝ ਜਿ਼ਆਦਾ ਹੀ ਔਖਾ ਹੈ, ਕਿਉਂਕਿ ਉਪਰ ਤੋਂ ਆਸਟ੍ਰੇਲੀਅਨ ਹਾਂ ਪਰ ਦਿਮਾਗ ਤਾਂ ਭਾਰਤੀ ਹੀ ਰਹਿਣਾ ਹੈ । ਮੈਂ ਸੋਚਿਆ ਕਿ ਟਿਕਟ ਸਸਤੀ ਲਉ, ਕਿਉਂਕਿ ਸਫਰ ਦੇ ਵਿਚ ਸੌਣਾ ਹੀ ਹੈ ਤੇ ਬਾਕੀ ਪੈਸਾ ਖੁੱਲਾ ਘੁੰਮਣ ਫਿਰਣ ਤੇ ਖ਼ਰਚ ਕਰੋ । ਜਦ ਇੰਟਰਨੈੱਟ ਤੇ ਦੇਖਿਆ ਤਾਂ ਕਿਸੇ ਦੀ ਟਿਕਟ 1900 ਦੀ, ਕਿਸੇ ਦੀ 2200 ਡਾਲਰ ਦੀ ।  ਸਫ਼ਰ ਕਿਸੇ ਏਅਰਲਾਈਨ ਤੇ 26 ਘੰਟੇ ਦਾ, ਕਿਸੇ ਤੇ 24 ਘੰਟੇ ਦਾ । ਮੇਰੇ ਇਕ ਵਾਰ ਤਾਂ ਹੋਸ਼ ਉੱਡ ਗਏ ਕਿ ਐਡਾ ਲੰਮਾ ਸਫਰ ! ਮੈਂ ਤਾਂ ਸਮਝਦਾ ਸੀ ਕਿ ਆਸਟ੍ਰੇਲੀਆ ਤਾਂ ਅਮਰੀਕਾ ਦੇ ਕਾਫੀ ਨੇੜੇ ਹੈ ਤੇ ਮਸਾਂ 10-11 ਘੰਟੇ ਦਾ ਹੀ ਸਫ਼ਰ ਹੋਣਾ ਹੈ । ਪਰ ਫਿਰ ਬਾਬਾ ਗੂਗਲ ਸਿੰਘ ਦੇ ਉੱਤੇ ਦੁਨੀਆਂ ਦੇ ਨਕਸ਼ੇ ਨੂੰ ਸਹੀ ਤਰਾਂ ਦੇਖਿਆ, ਫਿਰ ਪਤਾ ਚੱਲਿਆ ਕਿ ਫਲੌਰਿਡਾ ਸਥਿਤ ਓਰਲੈਂਡੌ ਤਾਂ ਅਮਰੀਕਾ ਦੇ ਦੂਜੇ ਕੋਨੇ ਤੇ ਸਥਿਤ ਹੈ । ਮੈਂ ਸੋਚਿਆ, ਮਨ ਤਾਂ ਬਣ ਹੀ ਗਿਆ ਹੈ ਹੁਣ 25 ਘੰਟੇ ਕੀ ਤੇ 11 ਘੰਟੇ ਕੀ । ਕਾਫੀ ਮੱਥਾ ਖਪਾਈ ਦੇ ਬਾਦ ਸ਼ਰਨ ਲਈ ਫਲਾਈਟ ਸੈਂਟਰ ਦੇ ਵਿਚ । ਉਥੇ ਬੈਠੀ ਬੀਬੀ ਨੂੰ ਜਦ ਦੱਸਿਆ ਕਿ ਟਿਕਟ ਚਾਹੀਦੀ ਹੈ, ਓਰਲੈਂਡੌ  ਲਈ ਤਾਂ ਉਸ ਨੇ ਤਾਂ ਇਕ ਵਾਰ ਤਾਂ ਹਜ਼ਾਰਾਂ ਡਾਲਰਾਂ ਦੇ ਪੈਕਜ ਗਿਣਾ ਦਿੱਤੇ, ਜਿਸ ਵਿਚ ਡਿਜ਼ਨੀ ਵਰਲਡ, ਨਾਸਾ ਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਜਾਣ ਦੇ ਪੈਕਜ ਸਨ । ਮੈਨੂੰ ਇਹਨਾਂ ਥਾਵਾਂ ਬਾਰੇ ਪਰਾਂਜਲ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਦੁਨੀਆਂ ਦੀਆਂ ਕਾਫੀ ਮਸ਼ਹੂਰ ਥਾਵਾਂ ਉਰਲੈਂਡੌ ਵਿਚ ਹਨ । ਆਪਾਂ ਬੀਬੀ ਅੱਗੇ ਫਿਰ ਅਰਜ਼ ਗੁਜ਼ਾਰੀ ਕਿ ਸਿਰਫ਼ ਸਸਤੀ ਟਿਕਟ ਦਾ ਰੇਟ ਹੀ ਦੱਸ ਦਿਉ, ਕਿਉਂਕਿ ਰਹਿਣ ਤੇ ਘੁੰਮਣ ਫਿਰਣ ਦਾ ਪ੍ਰਬੰਧ ਮੈਂ ਪਹਿਲਾਂ ਹੀ ਕਰ ਚੁੱਕਾ ਹਾਂ । ਬੀਬੀ ਨੇ ਅਮਰੀਕਾ ਦੀ ਯੂਨਾਇਟਡ ਏਅਰਲਾਈਨਜ਼ ਦੀ ਟਿਕਟ ਬਾਰੇ ਦੱਸਿਆ ਜੋ ਕਿ 1230 ਡਾਲਰ ਦੀ ਮਿਲ ਰਹੀ ਸੀ । ਇਸ ਫਲਾਇਟ ਨੇ ਮੈਲਬੌਰਨ ਤੋਂ ਸਿਡਨੀ, ਲਾਸ ਏਂਜਲਸ ਤੇ ਸ਼ਿਕਾਗੋ ਹੁੰਦੇ ਹੋਏ ਓਰਲੈਂਡੌ ਜਾਣਾ ਸੀ ਤੇ ਤਕਰੀਬਨ 24 ਘੰਟੇ ਦਾ ਸਫ਼ਰ ਬਣਦਾ ਸੀ । ਨਾਲ ਮੁਸ਼ਕਿਲ ਇਹ ਸੀ ਕਿ ਜੇਕਰ ਕਿਸੇ ਹਾਲਾਤ ਵਿਚ ਵੀ ਟਿਕਟ ਕੈਂਸਲ ਹੁੰਦੀ ਹੈ ਤਾਂ ਮੈਨੂੰ ਇਕ ਡਾਲਰ ਵੀ ਵਾਪਸ ਨਹੀਂ ਮਿਲਣਾ । ਪਰ ਟਿਕਟ ਵੀ ਬੜੀ ਸਸਤੀ । ਮੈਂ ਸੋਚਿਆ ਕਿ ਜੇਕਰ ਜਾਣ ਦਾ ਫੈਸਲਾ ਕਰ ਹੀ ਲਿਆ ਹੈ ਤਾਂ ਫਿਰ ਟਿਕਟ ਕੈਂਸਲ ਕਿਉਂ ਕਰਵਾਉਣੀ ਹੈ । ਸੋ, ਮੈਂ ਹਾਂ ਕਰ ਦਿੱਤੀ । ਬੀਬੀ ਟਿਕਟ ਬਣਾਉਣ ਲੱਗ ਗਈ, ਨਾਲ ਹੀ ਮੈਨੂੰ ਕਹਿੰਦੀ ਕਿ ਅਮਰੀਕਾ ਜਾਣ ਲਈ ਆਈ ਐੱਸ ਟੀ ਏ ਫਾਰਮ ਭਰਨਾ ਪੈਣਾ ਹੈ । ਮੈਂ ਉਹਨੂੰ ਫਾਰਮ ਦਿਖਾ ਦਿੱਤਾ ਤਾਂ ਬੀਬੀ ਕਹਿੰਦੀ ਕਿ ਕਾਫੀ ਖੋਜ ਕਰ ਲਈ ਅਮਰੀਕਾ ਜਾਣ ਤੋਂ ਪਹਿਲਾਂ । ਖੈਰ ! ਟਿਕਟ ਲੈ ਲਈ ਤੇ ਘਰ ਨੂੰ ਪਰਤ ਆਇਆ । ਨਾਲ ਹੀ ਟਿਕਟ ਸਕੈਨ ਕਰ ਕੇ ਪਰਾਂਜਲ ਨੂੰ ਭੇਜ ਦਿੱਤੀ । ਕੰਮ ਤੋਂ  ਛੁੱਟੀ ਇਹ ਸਭ ਹੋਣ ਤੋਂ ਬਾਦ ਲਈ ਕਿ ਹੁਣ ਤਾਂ ਜਾਣਾ ਹੀ ਜਾਣਾ ਹੈ । ਜੇਕਰ ਛੁੱਟੀ ਨਾਂ ਮਿਲੀ ਤਾਂ ਜੌਬ ਛੱਡ ਦਿਆਂਗੇ । ਪਰ ਬੌਸ ਨੇ ਪਹਿਲੀ ਗੱਲ ਤੇ ਹੀ ਛੁੱਟੀ ਲਈ ਹਾਂ ਕਰ ਦਿੱਤੀ । ਮੈਂ ਸੋਚਿਆ ਕਿ ਜੇ ਟਾਇਮ ਮਿਲਿਆ ਤਾਂ ਨਿਊਯਾਰਕ ਤੇ ਟੌਰਾਂਟੋ ਵੀ ਜਾ ਆਵਾਂਗਾ । ਨਿਊਜਰਸੀ ਵਿਚ ਚਾਚਾ ਜੀ ਦੀ ਲੜਕੀ ਪਰਮਜੀਤ ਕੌਰ ਤੇ ਜਵਾਈ ਗੁਰਵਿੰਦਰ ਸਿੰਘ ਨਾਲ ਫੋਨ ਤੇ ਰਾਬਤਾ ਹੋ ਗਿਆ । ਮੈਂ ਇਕ ਦਿਨ ਦਾ ਪ੍ਰੋਗਰਾਮ ਬਣਾ ਲਿਆ ਸੀ ਕਿ ਚਲੋ ਨਿਊਯਾਰਕ ਦੇਖ ਲਵਾਂਗੇ, ਨਾਲ ਹੀ ਅੱਗੇ ਟੌਰਾਂਟੋ ਚਾਚਾ ਜੀ ਦੇ ਬੇਟੇ ਮਨੀਪਾਲ ਸਿੰਘ ਨਾਲ ਵੀ ਗੱਲ ਹੋਈ ਕਿ 2-3 ਦਿਨ ਟੌਰਾਂਟੋ ਦੇਖਾਂਗੇ । ਵਾਸ਼ਿੰਗਟਨ ਵਿਚ ਸਰਬਜੀਤ ਸਿੰਘ ਰੀਨ ਰਹਿੰਦਾ ਸੀ ਉਹ ਕਹਿੰਦਾ ਕਿ ਵਾਈਟ ਹਾਊਸ ਦੇ ਵਿਚ ਵੀ ਤੜਥੱਲੀ ਪਾਉਣੀ ਹੈ । ਸੋ, ਇਦਾਂ ਦਿਨ ਮਿੱਥ ਲਏ ਕਿ ਇਕ ਮਹੀਨੇ ਵਿਚ ਇਹ ਸਭ ਕੁਝ ਕਵਰ ਕਰ ਦੇਣਾ ਹੈ । ਅਮਰੀਕਾ ਵਿਚ ਪੰਜਾਬੀ ਮੀਡੀਆ ਜਗਤ ਵੀ ਕਾਫੀ ਛਾਇਆ ਹੋਇਆ ਹੈ ।  ਆਸਟ੍ਰੇਲੀਆ  ਦੇ ਵਿਚ ਤਸਵਿੰਦਰ ਸਿੰਘ  ਜੀ ਦੇ ਇੰਡੋ ਟਾਈਮਜ਼ ਅਖਬਾਰ ਨੇ ਮੈਨੂੰ ਲੇਖਕਾਂ ਦੀ ਕਤਾਰ ਵਿਚ ਖੜਾ ਕੀਤਾ ਹੋਇਆ ਹੈ ।  ਅਮਰੀਕਾ ਵਿਚ  ਗੁਰਮੁੱਖ ਸਿੰਘ ਭੁੱਲਰ ਦੀ ਪੰਜਾਬੀ ਲੇਖਕ ਡਾਟ ਕਾਮ ਵੈਬਸਾਈਟ ‘ਤੇ ਛਪੇ ਮੇਰੇ ਲੇਖਾਂ ਨੇ ਦੁਨੀਆਂ ਵਿਚ ਮੇਰੀ ਵੀ ਹਾਜ਼ਰੀ ਲਗਵਾ ਦਿੱਤੀ ਸੀ । ਟੈਕਸਸ ਤੋਂ ਸ਼ਰਨਜੀਤ ਸਿੰਘ ਬੈਂਸ ਦੇ ਰੋਜ਼ਾਨਾ ਪੰਜਾਬੀ ਅਖਬਾਰ ਦ ਟਾਇਮਜ ਆਫ ਪੰਜਾਬ ਤੇ ਸੈਕਰਾਂਮੈਟੋ ਤੋਂ ਜਗਦੇਵ ਸਿੰਘ ਭੰਡਾਲ ਦੇ ਪੰਜਾਬੀ ਅਖਬਾਰ ਪੰਜ ਦਰਿਆ ਦੇ ਵਿਚ ਰੋਜ਼ਾਨਾ ਖਬਰਾਂ ਤੇ ਲੇਖਾਂ ਦੀ ਲੱਗਦੀ ਹਾਜ਼ਰੀ ਨੇ ਬਹੁਤ ਮਾਣ ਬਖਸ਼ਿਆ । ਪਰ ਮੈ ਚਾਹੁੰਦੇ ਹੋਏ ਵੀ ਇਹਨਾਂ ਨੂੰ ਨਾ ਦੱਸਿਆ ਕਿ ਕਿਤੇ  ਮੁੜ ਕੇ ਸਨਮਾਨਾਂ ਵਾਲਾ ਚੱਕਰ ਹੀ ਨਾ ਪੈ ਜਾਏ । ਇਸ ਲਈ ਮੈਂ ਕਿਸੇ ਵੀ ਮੀਡੀਆ ਨਾਲ ਸਬੰਧ ਰੱਖਣ ਵਾਲੇ ਨੂੰ ਮੇਰੀ ਅਮਰੀਕਾ ਫੇਰੀ ਬਾਰੇ ਨਹੀਂ ਦੱਸਿਆ । ਸਨਮਾਨਿਤ ਹੋਣਾ ਮਾੜੀ ਗੱਲ ਨਹੀਂ ਹੈ, ਪਰ ਅੱਜ ਦੇ ਸਮੇਂ ਵਿਚ ਗਧਾ ਘੋੜਾ ਇਕ ਹੀ ਲਾਈਨ ਵਿਚ ਕੀਤੇ ਪਏ ਹਨ, ਜਿਸ ਕਾਰਣ ਸਨਮਾਨ ਕਰਾਉਣ ਤੋਂ ਵੀ ਡਰ ਲੱਗਦਾ ਹੈ । ਕਿਸੇ ਦੇ ਕੋਲੋਂ ਸਨਮਾਨ ਕਰਵਾ ਕੇ ਜਾਂ ਚੰਦ ਰੁਪਈਆਂ ਪਿੱਛੇ ਕਿਸੇ ਦੇ ਸੋਹਲੇ ਗਾਉਣਾ ਮੇਰੀ ਫਿਤਰਤ ਨਹੀਂ ਹੈ । ਲਿਖਣ ਵਾਲਾ ਕੰਮ ਵੀ ਕੰਮ ਹੀ ਹੈ, ਪਰ ਰੋਟੀ ਖਾਣ ਤੇ ਕਮਾਉਣ ਲਈ ਵੀ ਮਾਲਕ ਨੇ ਉਹੀ ਹੱਥ ਦਿੱਤੇ ਹਨ, ਜਿਨਾਂ ਦੇ ਨਾਲ ਲਿਖਣ ਦੀ ਕੋਸ਼ਿਸ ਕਰਦਾ ਹਾਂ । ਕਿਸੇ ਥਾਂ ‘ਤੇ ਘੁੰਮਣ ਲਈ ਜਾਣਾ ਹੋਵੇ ਤਾਂ ਇੰਟਰਨੈੱਟ ‘ਤੇ ਉਸ ਜਗ੍ਹਾ ਬਾਰੇ ਜ਼ਰੂਰ ਵੇਖਦਾ ਹਾਂ । ਇਵੇਂ ਹੀ ਪਤਾ ਚੱਲਿਆ ਕਿ ਟਾਇਮ ਪਾਸ ਕਰਨ ਲਈ ਲੈਪਟਾਪ ਚੁੱਕਣ ਦੀ ਥਾਂ ਤੇ ਆਪਣਾ ਸਮਾਰਟ ਫੋਨ ਵਧੀਆ ਹੈ, ਨਾਲੇ ਭਾਰਾ ਨਹੀਂ । ਫਿਰ ਪਤਾ ਚੱਲਿਆ ਕਿ ਤਕਰੀਬਨ ਵੱਡੇ ਰੂਟ ਦੀਆਂ ਬੱਸਾਂ, ਰੇਲਾਂ ਤੇ ਜਹਾਜ਼ਾਂ ਵਿਚ ਬਿਜਲੀ ਤੇ ਇੰਟਰਨੈੱਟ ਦੀ ਸਹੂਲਤ ਵੀ ਮੌਜੂਦ ਹੈ । ਤੁਹਾਨੂੰ ਕਿਤੇ ਪੈਸੇ ਦੇਣੇ ਪੈਣਗੇ ਤੇ ਕਿਤੇ ਮੁਫ਼ਤ ਵਿਚ ਹੀ ਜੁਗਾੜ ਹੈ । ਸੋ, ਆਪਾਂ ਬਿਜਲੀ  ਕਨਵਰਟਰ ਪਲੱਗ ਮੈਲਬੌਰਨ ਤੋਂ ਹੀ ਨਾਲ ਲੈ ਲਿਆ ਕਿ ਸਿਡਨੀ ਤੋਂ ਬਾਦ ਕਿਸੇ ਵੀ ਏਅਰਪੋਰਟ ‘ਤੇ ਫੋਨ ਜਾਂ ਬਿਜਲੀ ਵਾਲੇ ਕਿਸੇ ਵੀ ਉਪਕਰਣ ਨੂੰ ਵਰਤਿਆ ਜਾ ਸਕੇ । ਲੰਮੇ ਰੇਲ ਜਾਂ ਜਹਾਜ਼ ਦੇ ਸਫ਼ਰ ਦੇ ਵਿਚ ਸਭ ਤੋਂ ਵਧੀਆ ਡਰੈਸ ਢਿੱਲੀ ਜਿਹੀ ਟੀ ਸ਼ਰਟ ਤੇ ਪਜਾਮਾ ਜਾਂ ਕੈਪਰੀ ਰਹਿੰਦੀ ਹੈ ਤੇ ਪੈਰਾਂ ਵਿਚ ਸਲੀਪਰ, ਤਾਂ ਕਿ ਬੰਦਾ ਆਰਾਮ ਦੇ ਨਾਲ ਸੌਂ ਸਕੇ । ਜਹਾਜ਼ ਦੇ ਸਫ਼ਰ ਦੇ ਵਿਚ ਪਹਿਲਾਂ ਤਾਂ ਲਿਸ਼ਕ ਪੁਸ਼ਕ ਕੇ ਜਾਈਦਾ ਸੀ ਤੇ ਗੋਰਿਆਂ ਨੂੰ ਵੇਖੀਦਾ ਸੀ ਕਿ ਇਹਨਾਂ ਨੇ ਟੀ ਸ਼ਰਟਾਂ ਤੇ ਨਿੱਕਰਾਂ ਨਾਲ ਚੱਪਲਾਂ ਪਾਈ ਬੈਠੇ ਹੋਣਾ ਤਾਂ ਸਾਨੂੰ ਹਾਸਾ ਆਉਂਦਾ ਸੀ, ਪਰ ਜਹਾਜ਼ ਵਿਚ ਬੈਠ ਕੇ ਅਸਲੀਅਤ ਪਤਾ ਚੱਲਦੀ ਸੀ ਕਿ ਪੰਗਾ ਹੀ ਲੈ ਲਿਆ, ਜੀਨ ਦੀ ਪੈਂਟ ਦੇ ਨਾਲ ਚਮੜੇ ਦੇ ਬੂਟ ਪਾ ਕੇ । ਬੰਦਾ ਜਹਾਜ਼ ਦੀ ਸੀਟ ਤੇ ਹਿਲ ਵੀ ਨਹੀਂ ਸਕਦਾ । ਸੋ, ਹੁਣ ਤਾਂ ਇਸ ਕੰਮ ਵਿਚ ਗੋਰਿਆਂ ਦਾ ਬਾਖੂਬੀ ਪਿੱਛਾ ਕਰੀਦਾ ਹੈ । ਖੈਰ ! ਰੱਬ ਰੱਬ ਕਰਦੇ ਅਮਰੀਕਾ ਜਾਣ ਦਾ ਦਿਨ ਵੀ ਆ ਗਿਆ । ਮੈਂ ਸੋਚਿਆ ਕਿ ਕਿਸੇ ਨੂੰ ਕਿਉਂ ਤਕਲੀਫ ਦਿੱਤੀ ਜਾਏ, ਏਅਰਪੌਰਟ ਤੇ ਛੱਡ ਕੇ ਆਉਣ ਦੀ । ਮੈਂ ਡੈਂਡੀਨੌਂਗ ਤੋਂ ਏਅਰਪੋਰਟ ਜਾਣ ਵਾਲੀ ਬੱਸ ਵਿਚ ਸਵੇਰੇ 7 ਵਜੇ ਦੀ ਸੀਟ ਬੁੱਕ ਕਰਾ ਦਿੱਤੀ । ਪੈਸੇ ਬੱਸ ਵਿਚ ਬੈਠਣ ਲੱਗੇ ਦੇਣੇ ਸੀ  ਤੇ ਬੱਸ ਨੇ ਘਰ ਤੋਂ 700 ਮੀਟਰ ਦੂਰ ਰੁਕਣਾ ਸੀ । ਰਾਤ ਨੂੰ ਕੰਮ ‘ਤੇ ਜਾਣ ਤੋਂ ਪਹਿਲਾਂ ਮੇਰਾ ਦੋਸਤ ਵਿੱਕੀ ਸ਼ਰਮਾ ਕਹਿੰਦਾ ਕਿ ਉਸ ਨੇ ਕੱਲ ਸਵੇਰੇ  ਦਸ ਵਜੇ ਮੈਲਬੌਰਨ ਦੇ ਵੈਸਟ ਏਰੀਆ ਦੇ ਵਿਚ ਜਾਣਾ ਹੈ ਤੇ ਉਹ ਮੈਨੂੰ ਏਅਰਪੋਰਟ ਛੱਡ ਕੇ ਚਲਾ ਜਾਊਗਾ । ਮੈਂ ਕਿਹਾ ਕਿ ਬੱਸ ਬੁੱਕ ਹੋ ਗਈ ਹੈ  ਪਰ ਪੈਸੇ ਨਹੀ ਦਿੱਤੇ, ਚਲੋ ਸਵੇਰੇ ਦੇਖਦੇ ਹਾਂ । ਸਵੇਰੇ 6 ਵਜੇ ਕੰਮ ਖਤਮ ਕਰਕੇ ਘਰ ਆਇਆ, ਸਭ ਸਾਮਾਨ ਘਰਵਾਲੀ ਨੇ ਸੂਟਕੇਸ ਚ ਸੈੱਟ ਕਰ ਕੇ ਰੱਖ ਦਿੱਤਾ ਸੀ । ਮੈਂ ਤਿਆਰ ਹੋਣ ਲੱਗ ਗਿਆ । ਨੀਂਦ ਆ ਰਹੀ ਸੀ ਪਰ ਸੋਚਿਆ ਕਿ ਜਹਾਜ਼ ਵਿਚ ਹੀ ਸੌਂ ਲਵਾਂਗਾ । ਬੱਸ ਵਾਲਾ ਸ਼ਾਇਦ 3-4 ਮਿੰਟ ਇੰਤਜ਼ਾਰ ਕਰ ਕੇ ਅੱਗੇ ਚਲਾ ਗਿਆ । ਇੱਧਰ 7:30 ਵਜੇ ਸ਼ਰਮਾ ਜੀ ਨੇ ਕਾਰ ਮੌਨੈਸ਼ ਫਰੀ-ਵੇਅ ਤੇ ਰੇੜ੍ਹ ਦਿੱਤੀ । ਫਲਾਇਟ 12:55 ਤੇ ਸੀ । ਸੋ, ਆਰਾਮ ਨਾਲ ਹੀ ਜਾ ਰਹੇ ਸੀ ਪਰ ਹਮੇਸ਼ਾ ਦੀ ਤਰਾਂ ਮੌਨੈਸ਼ ਫਰੀ-ਵੇਅ ਦਾ ਮੈਲਬੌਰਨ ਸ਼ਹਿਰ ਤੱਕ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਸੀ । ਏਅਰਪੋਰਟ ਪਹੁੰਚਦੇ ਪਹੁੰਚਦੇ ਤਕਰੀਬਨ ਡੇਢ ਘੰਟਾ ਲੱਗ ਗਿਆ । ਮੈਨੂੰ ਟਰਮੀਨਲ ‘ਤੇ ਛੱਡ ਕੇ ਵਿੱਕੀ ਸ਼ਰਮਾ ਕਾਰ ਪਾਰਕ ਕਰਨ ਚਲਾ ਗਿਆ । ਤਦ ਤੱਕ ਮੈਂ ਸੂਟਕੇਸ ਦਾ ਭਾਰ ਸੈੱਟ ਕਰ  ਕੇ ਲੈਮੀਨੇਟ ਕਰਵਾ ਲਿਆ ਸੀ । ਹੈਂਡਬੈਗ ਤੇ ਸੂਟਕੇਸ ਦੇ ਵਿਚ ਵਜ਼ਨ ਪੂਰਾ ਹੀ ਸੀ । ਟਿਕਟ ਕਾਊਂਟਰ ਵਾਲੀ ਬੀਬੀ ਨੇ ਚਾਰ ਬੋਰਡਿੰਗ ਪਾਸ ਪ੍ਰਿੰਟ ਕਰ ਕੇ ਦੇ ਦਿੱਤੇ । ਯੂਨਾਇਟਜ਼ ਦੀ 840 ਫਲਾਇਟ ਸ਼ਿਕਾਗੋ ਤੱਕ ਜਾਣੀ ਸੀ, ਪਰ ਸਿਡਨੀ, ਲਾਸ ਏਂਜਲਸ ਤੇ ਸ਼ਿਕਾਗੋ ਵਿਚ ਜਹਾਜ਼ ਬਦਲਣੇ ਪੈਣੇ ਸੀ । ਮੈਂ ਸੋਚਿਆ ਇਹ ਅਡਵੈਂਚਰ ਵੀ ਠੀਕ ਹੈ । ਵਿੱਕੀ ਸ਼ਰਮਾ ਦੇ ਜਾਣ ਬਾਦ ਮੈਂ ਇੰਮੀਗਰੇਸ਼ਨ ਕਾਊਂਟਰ ਤੇ ਚਲਾ ਗਿਆ । ਅਫਸਰ ਵੱਲੋਂ ਕੋਈ ਸਵਾਲ ਨਹੀਂ ਕੀਤਾ ਗਿਆ, ਸਿਰਫ ਪਾਸਪੋਰਟ ਹੀ ਚੈੱਕ ਕੀਤਾ ਗਿਆ । ਸਕਿਉਰਟੀ ਚੈਕਿੰਗ ਤੋਂ ਬਾਦ  ਜਹਾਜ਼ ਉੱਡਣ ਵਾਲੇ ਟਰਮੀਨਲ ਕੋਲ ਆ ਕੇ ਡੇਰੇ ਲਗਾ ਦਿੱਤੇ । ਸਵੇਰ ਦਾ ਟਾਇਮ ਹੋਣ ਕਾਰਣ ਏਅਰਪੋਰਟ ਬਹੁਤ ਬਿਜ਼ੀ ਚੱਲ ਰਿਹਾ ਸੀ । ਸੈਂਕੜਿਆਂ ਦੀ ਤਾਦਾਦ ਵਿਚ ਸਵਾਰੀਆਂ ਆ-ਜਾ ਰਹੀਆਂ ਸਨ । 12:25 ‘ਤੇ ਜਹਾਜ਼ ਵਿਚ ਜਾਣ ਦੀ ਅਨਾਊਂਸਮੈਂਟ ਹੋ ਗਈ । ਇਸ ਜਹਾਜ਼ ਵਿਚ ਜਾਣ ਵਾਲਿਆਂ ਵਿਚ ਕਾਫੀ ਗਿਣਤੀ ਵਿਚ ਯਹੂਦੀ ਭਾਈਚਾਰੇ ਦੇ ਮਰਦ ਤੇ ਇਸਤਰੀਆਂ ਸਨ । ਐਸੇ ਸੁਚੱਜੇ ਢੰਗ ਦੇ ਕੱਪੜੇ ਪਾਏ ਕਿ ਲੱਗਣ ਹੀ ਨਾ ਕਿ ਇਹ ਇਸ ਦੁਨੀਆਂ ਤੇ ਰਹਿ ਰਹੇ ਹਨ । ਔਰਤਾਂ ਦੇ ਸਿਰ ਤੋਂ ਲੈ ਕੇ ਪੈਰ ਤੱਕ ਢਕੇ ਹੋਏ ਸਨ । ਬੋਇੰਗ ਦਾ 747-400 ਜਹਾਜ਼ ਇਕ ਟਾਇਮ ‘ਚ 500 ਸਵਾਰੀਆਂ ਲੈ ਕੇ ਜਾ ਸਕਦਾ ਹੈ । ਸਾਨੂੰ ਲੈ ਕੇ ਜਾਣ ਦੀ ਜਿੰਮੇਵਾਰੀ ਵੀ ਬੋਇੰਗ 747-400 ਦੇ ਸਿਰ ‘ਤੇ ਹੀ ਸੀ । ਉੱਤੇ ਥੱਲੇ ਸਵਾਰੀਆਂ ਨਾਲ ਲੈਸ ਹੋਣ ਤੋਂ ਬਾਦ ਜਹਾਜ਼ ਉੱਡਣ ਦੀ ਅਨਾਊਂਸਮੈਂਟ ਹੋ ਗਈ । ਨਾਲ ਹੀ ਮੈਂ ਫੇਸਬੁੱਕ ‘ਤੇ ਆਪਣੇ ਬਾਹਰ ਜਾਣ ਦਾ ਸਟੇਟਸ ਪਾ ਦਿੱਤਾ, ਜਿਸ ਵਿਚ ਜਾਣ ਵਾਲੇ ਦੇਸ਼ ਦਾ ਨਾਮ ਨਹੀਂ ਸੀ ਲਿਖਿਆ । ਸਾਰੇ ਟੂਰ ਦੇ ਦੌਰਾਨ ਫੇਸਬੁੱਕ ਮੇਰੇ ਨਾਲ ਨਾਲ ਹੀ ਰਹੀ, ਤਕਰੀਬਨ ਹਰ ਦੇਖਣ ਵਾਲੀ ਥਾਂ ਦੀਆਂ ਫੋਟੋਆਂ ਸਮੇਂ ਸਮੇਂ ਤੇ ਅਪਲੋਡ ਕਰਦਾ ਰਿਹਾ ਸੀ । ਇਧਰੋਂ ਪਾਇਲਟ ਨੇ ਜਹਾਜ਼ ਨੂੰ ਧਰਤੀ ਤੋਂ ਅਸਮਾਨ  ਦੀ ਗੋਦ ਵਿਚ ਲਿਆ ਦਿੱਤਾ ਤੇ ਮੈਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦਾ ਜਾ ਰਿਹਾ ਸੀ, ਸਿਡਨੀ ਵੱਲ ਨੂੰ...
ਚਲਦਾ...
****

No comments: