ਮਨੁੱਖ, ਧਰਮ ਅਤੇ ਸੱਭਿਆਚਾਰ-ਆਧਾਰ ਅਤੇ ਉਸਾਰ ਦੇ ਸੰਦਰਭ ਵਿੱਚ.......... ਲੇਖ / ਕੁਲਦੀਪ ‘ਅਜਿੱਤ ਗਿੱਲ’

ਸੱਭਿਆਚਾਰ(way of life) ਜਿੰਦਗੀ ਜਿਉਣ ਦਾ ਇਕ ਤਰੀਕਾ ਹੈ। ਦੂਸਰੀ ਪ੍ਰਕ੍ਰਿਤੀ ਹੈ, ਜਿਸਦੀ ਇਜ਼ਾਦ ਮਨੁੱਖ ਦੀਆਂ ਕਿਰਤ ਦੀਆਂ ਕਾਰਵਾਈਆਂ ਚੋਂ ਹੋਈ। ਮਨੁੱਖ ਦਾ ਆਪਣੀ ਬੇਹਤਰ ਜਿੰਦਗੀ ਲਈ ਕੁਦਰਤ ਨਾਲ ਸੰਘਰਸ਼ ਚਲਦਾ ਰਹਿੰਦਾ ਹੈ। ਇਸੇ ਸੰਘਰਸ਼ ਦਾ ਨਤੀਜਾ ਹੁੰਦਾ ਹੈ; ਕਿਸੇ ਇਲਾਕੇ, ਦੇਸ਼ ਜਾਂ ਕੌਮ ਦਾ ਸੱਭਿਆਚਾਰ। ਜਦੋਂ ਮਨੁੱਖ ਦੀਆਂ ਕੁਦਰਤ ਪ੍ਰਤੀ ਕਾਰਵਾਈਆਂ ਬਦਲ ਜਾਂਦੀਆਂ ਹਨ ਤਾਂ ਨਾਲ ਹੀ ਮਨੁੱਖ ਦਾ ਸੱਭਿਆਚਾਰ ਵੀ ਬਦਲ ਜਾਂਦਾ ਹੈ। ਸੱਭਿਆਚਾਰ ਕੋਈ ਵੀ ਹੋਵੇ, ਉਹ ਪਦਾਰਥ ਹਾਲਤਾਂ ਦੀ ਹੀ ਦੇਣ ਹੁੰਦਾ ਹੈ। ਜਦੋਂ ਪਦਾਰਥਕ ਹਾਲਤਾਂ ਵਿੱਚ ਤਬਦੀਲੀ ਹੁੰਦੀ ਹੈ ਤਾਂ ਇਸ ਦੀ ਸਭ ਤੋਂ ਪਹਿਲੀ  ਹਲਚਲ ਸੱਭਿਆਚਾਰ ਦੇ ਖੇਤਰ ਵਿੱਚ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਆਧਾਰ (ਪੈਦਾਵਾਰੀ ਸ਼ਕਤੀਆਂ, ਪੈਦਾਵਾਰੀ ਸੰਦ, ਪੈਦਾਵਾਰੀ ਢੰਗ, ਪੈਦਾਵਾਰੀ ਸਬੰਧ) ਉਪਰ ਹੀ ਉਸਾਰ( ਰਾਜਨੀਤੀ, ਧਰਮ, ਸਾਹਿਤ, ਕਲਾ, ਵਿਗਿਆਨ, ਕਾਨੂੰਨ, ਨੈਤਿਕਤਾ, ਮਾਨਵਤਾ, ਫਿਲਾਸਫੀ, ਸੱਭਿਆਚਾਰ) ਹੁੰਦਾ ਹੈ । ਆਧਾਰ (base) ਬਦਲਦਿਆਂ ਹੀ ਉਸਾਰ (superstructure) ਵਿੱਚ ਬਦਲਾਵ ਸ਼ੁਰੂ ਹੋ ਜਾਂਦਾ ਹੈ। ਜਦੋਂ ਲੋਕ ਬੀਤਦੇ ਜਾ ਰਹੇ ਸੱਭਿਆਚਾਰ ਦੇ ਕਹਾਣੀਆਂ-ਗੀਤ ਸੁਣਾ ਗਾ ਕਿ ਆਪਣੀ ਹਿੜਕ ਮੱਠੀ ਕਰਦੇ ਹੋਣ ਤਾਂ ਸਮਝੋ ਆਧਾਰ, ਉਸਾਰ ਦੇ ਬਦਲਾਵ ਦੀ ਮੰਗ ਕਰ ਰਿਹਾ ਹੈ। ਉਸਾਰ ਨੂੰ ਬਦਲਦੀਆਂ ਆਰਥਿਕ ਹਾਲਤਾਂ (ਆਧਾਰ) ਦੇ ਅਨੁਕੂਲ ਕਰਨਾ ਹੀ ਕ੍ਰਾਂਤੀ ਹੈ। ਇਸ ਵਿੱਚ ਹੀ ਮਨੁੱਖ ਜਾਤੀ  ਦਾ ਹਿੱਤ ਹੁੰਦਾ  ਹੈ।


ਮਨੁੱਖ ਜਾਤੀ ਹੁਣ ਤੱਕ ਮੋਟੇ ਤੌਰ ਤੇ ਪੰਜ ਪ੍ਰਕਾਰ ਦੇ ਸੱਭਿਆਚਾਰ ਹੰਢਾ ਚੁੱਕੀ ਹੈ, ਕਬੀਲਾਈ ਸੱਭਿਆਚਾਰ, ਗੁਲਾਮਦਾਰੀ ਸੱਭਿਆਚਾਰ, ਜਗੀਰਦਾਰੀ ਸੱਭਿਆਚਾਰ, ਪੂੰਜੀਵਾਦੀ ਸੱਭਿਆਚਾਰ ਅਤੇ ਸਮਾਜਵਾਦੀ ਸੱਭਿਆਚਾਰ। ਥੋੜਾ ਵਿਸਥਾਰ ਕਰਦੇ ਹੋਏ ਜਿੱਥੇ ਕਬੀਲਾਈ ਦੌਰ ਵਿੱਚ ਮਨੁੱਖ ਕੁਦਰਤੀ ਸ਼ਕਤੀਆਂ ਦਾ ਗਲਾਮ ਸੀ, ਸਭ ਨੂੰ ਕੰਮ ਕਰਨਾ ਪੈਂਦਾ ਸੀ, ਮਾਤ੍ਰ ਪ੍ਰਧਾਨ ਸਮਾਜ ਸੀ, ਦੇਵਤਿਆਂ ਦੀ ਪੂਜਾ ਸੀ, ਰੱਬ ਦੀ ਅਣਹੋਂਦ ਸੀ। ਹੌਲੀ ਹੌਲੀ ਕਬੀਲੇ ਆਪਣੀਆਂ ਜ਼ਰੂਰਤਾਂ ਲਈ ਇਕ ਦੂਸਰੇ ਉਪਰ ਹਮਲੇ ਕਰਨ ਲੱਗੇ। ਪਹਿਲਾਂ  ਉਹ ਹਾਰੇ ਕਬੀਲੇ ਦੇ ਮਰਦਾਂ ਨੂੰ ਮਾਰ ਦਿੰਦੇ ਸਨ। ਉਹਨਾਂ ਦਾ ਮਕਸਦ ਭੋਜਨ ਪ੍ਰਾਪਤ ਕਰਨਾ ਸੀ। ਪਰ ਖੇਤੀ ਦਾ ਵਿਕਾਸ  ਹੋਣ ਤੇ ਉਹਨਾਂ ਨੂੰ ਗੁਲਾਮ ਬਣਾ ਕੇ ਕੰਮ ਲੈਣ ਲੱਗੇ ਤਾਂ ਗੁਲਾਮਦਾਰੀ ਪ੍ਰਬੰਧ ਦੀ ਸ਼ੁਰੂਆਤ ਹੋ ਗਈ। ਗੁਲਾਮ-ਮਾਲਕ ਦਾ ਨਵਾਂ ਸੰਕਲਪ ਹੋਂਦ ਵਿੱਚ ਆਇਆ।  ਸਮਾਜ ਵਰਗਾਂ ਵਿੱਚ ਵੰਡਿਆ ਗਿਆ। ਕਿਰਤ ਦੀ ਵੰਡ ਹੋ ਗਈ। ਇਸ ਪ੍ਰਬੰਧ ਵਿੱਚ ਗੁਲਾਮ-ਮਾਲਕ ਦਾ ਨਵਾਂ ਰਿਸ਼ਤਾ ਪੈਦਾ ਹੋ ਗਿਆ। ਗੁਲਾਮ ਦੀ ਜਿੰਦਗੀ ਮਾਲਕ ਦੀ ਦਇਆ ਤੇ ਨਿਰਭਰ ਸੀ (ਐ ਮਾਲਕ ਤੇਰੇ ਬੰਦੇ ਹਮ, ਅੱਜ ਵੀ ਗਾਇਆ ਜਾਂਦਾ ਹੈ)। ਮਾਲਕ ਗੁਲਾਮ ਨੂੰ ਮਾਰ ਸਕਦਾ ਸੀ, ਵੇਚ ਸਕਦਾ ਸੀ, ਪਰ ਭੁੱਖਾ ਨਹੀਂ ਸੀ ਰੱਖ ਸਕਦਾ (ਸਾਡੇ ਅੱਜ ਦੇ ਪਾਲਤੂ-ਪਸ਼ੂਆਂ ਵਾਂਗ)। ਉਸ ਸਮੇਂ ਦੀ ਨੈਤਿਕਤਾ, ਇਨਸਾਨੀਅਤ ਜਾਂ ਮਾਨਵਤਾ ਅਨੁਸਾਰ ਮਾਲਕ ਗੁਲਾਮ ਦੀ ਪਤਨੀ ਨਾਲ ਪਹਿਲੀ ਰਾਤ ਭੋਗ ਕਰ ਸਕਦਾ ਸੀ। ਇਹ ਸੀ ਉਸ ਸਮੇਂ ਦਾ ਉਸਾਰ। ਖੈਰ ਗੁਲਾਮਦਾਰੀ ਯੁੱਗ ਵਿੱਚ ਹੀ ਧਰਮ ਪੈਦਾ ਹੋਇਆ। ਵੈਸੇ ਧਰਮ ਦਾ ਆਧਾਰ ਕਬੀਲਾਈ ਦੌਰ ਵਿੱਚ ਕੁਦਰਤ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਟੋਨੇ-ਟੋਟਕਿਆਂ ਵਿੱਚ ਬੱਝ ਚੁੱਕਾ ਸੀ। ਜਿਸਨੇ ਗੁਲਾਮ ਮਾਲਕ ਦੇ ਰਿਸ਼ਤੇ ਵਿੱਚ ਸਮਤੋਲ ਬਣਾਉਣ ਦਾ ਕੰਮ ਕੀਤਾ। ਮਾਲਕਾਂ ਦੇ ਮਨੋਰੰਜਨ ਚੋਂ ਸਾਹਿਤ ਪੈਦਾ ਹੋਇਆ। ਕਲਾ ਪੈਦਾ ਹੋਈ। ਗੁਲਾਮਾਂ ਨੇ ਦੁਨੀਆਂ ਦੀਆਂ ਪਹਿਲੀਆਂ ਬੇਹਤਰੀਨ ਇਮਾਰਤਾਂ-ਭਵਨਾਂ ਦਾ ਨਿਰਮਾਣ ਕੀਤਾ। ਮਿਸਰ ਦੀ ਖੂਬਸੂਰਤੀ ਇਸਦੀ ਇਕ ਉਦਾਹਰਨ ਹੋ ਸਕਦੀ ਹੈ। ਇਹ ਪ੍ਰਬੰਧ ਲੰਮੇ ਸਮੇਂ ਤੱਕ ਮੌਜੂਦ ਰਿਹਾ। ਗੁਲਾਮਾਂ ਦੇ ਘੱਟ ਵਿਆਹ ਹੋਣ ਕਾਰਨ ਗੁਲਾਮਾਂ ਦੀ ਗਿਣਤੀ ਘੱਟਣ ਲੱਗੀ। ਦੂਸਰਾ ਖੇਤੀ ਸੰਦਾਂ ਦੇ ਵਿਕਾਸ ਨੇ ਗੁਲਾਮਾ ਵਿੱਚ ਜਾਗ੍ਰਤੀ ਲਿਆਂਦੀ। ਗੁਲਾਮਾਂ ਦੀਆਂ ਬਗਾਵਤਾਂ ਵੀ ਸ਼ੁਰੂ ਹੋ ਗਈਆਂ। ਇਕ ਖਾਸ ਪੱਧਰ ਤੇ ਆ ਕਿ ਗੁਲਾਮਦਾਰੀ ਦੇ ਗਰਭ ਚੋਂ ਜਗੀਰਦਾਰੀ ਨਿਜ਼ਾਮ ਪੈਦਾ ਹੋਣ ਲੱਗਾ। ਗੁਲਾਮ ਕਿਸਾਨਾਂ ਵਿੱਚ ਬਦਲ ਗਏ ਅਤੇ ਮਾਲਕ ਜਗੀਰਦਾਰਾਂ ਵਿੱਚ। ਇਥੇ ਆ ਕੇ ਕਿਸਾਨ ਸੰਦਾਂ ਦਾ ਮਾਲਕ ਸੀ ਅਤੇ ਜਗੀਰਦਾਰ ਜ਼ਮੀਨ ਦਾ। ਉਸਾਰ ਬਦਲ ਗਿਆ। ਹੁਣ ਜਗੀਰਦਾਰ ਕਿਸਾਨ ਨੂੰ ਮਾਰ ਨਹੀਂ ਸੀ ਸਕਦਾ, ਵੇਚ ਨਹੀਂ ਸੀ ਸਕਦਾ। ਧਰਮ ਆਪਣਾ ਉਹੀ ਰੋਲ ਨਿਭਾਉਂਦਾ ਰਿਹਾ। ਸੰਦਾਂ ਦੇ ਵਿਕਾਸ ਨੇ ਉਦਯੋਗਾਂ ਨੂੰ ਜਨਮ ਦਿੱਤਾ। ਉਦਯੋਗਾਂ ਦੇ ਵਿਕਾਸ ਨੇ ਪੂੰਜੀਪਤੀ ਅਤੇ ਮਜ਼ਦੂਰ ਨੂੰ ਪੈਦਾ ਕੀਤਾ। ਇਸ ਨਵੇਂ ਨਿਜ਼ਾਮ ਨੂੰ ਪੂੰਜੀਵਾਦ ਕਿਹਾ ਗਿਆ। ਇਸ ਪ੍ਰਬੰਧ ਵਿੱਚ ਸਾਇੰਸ ਦਾ ਬਹੁਤ ਵਿਕਾਸ  ਹੁੰਦਾ ਹੈ,  ਇਸ ਪ੍ਰਬੰਧ ਵਿੱਚ ਪੂੰਜੀਪਤੀ ਕੋਲ ਕੱਚਾ ਮਾਲ (ਕਾਰਖਾਨੇ, ਜ਼ਮੀਨਾਂ, ਖਾਣਾਂ) ਹੁੰਦਾ ਹੈ ਅਤੇ ਮਜ਼ਦੂਰ ਕੋਲ ਵੇਚਣ ਲਈ ਕਿਰਤ ਹੁੰਦੀ ਹੈ। ਪੂੰਜੀਪਤੀ ਮਾਲ਼ ਤੇ ਕਿਰਤ ਖਰੀਦ ਕੇ ਲਗਾਉਂਦਾ ਹੈ, ਉਸਤੋਂ ਤਿਆਰ ਵਸਤੂ ਨੂੰ ਬਜਾਰ ਵਿੱਚ ਵੇਚਦਾ ਹੈ। ਇਥੇ ਪੂੰਜੀਪਤੀ ਨੂੰ ਜ਼ਰੂਰਤ ਹੁੰਦੀ ਹੈ, ਉਜ਼ਰਤੀ (ਅਜ਼ਾਦ) ਮਜ਼ਦੂਰ ਦੀ ਤਾਂ ਕਿ ਪੂੰਜੀਪਤੀ ਜਦੋਂ ਚਾਹੇ ਕਿਰਤ ਖਰੀਦ ਲਵੇ, ਜਦੋਂ ਚਾਹੇ ਮਜ਼ਦੂਰ ਨੂੰ ਬਾਹਰ ਦਾ ਰਾਸਤਾ ਦਿਖਾ ਦੇਵੇ। ਇਥੋਂ ਹੀ ਬੇਰੁਜ਼ਗਾਰੀ ਦੀ ਸ਼ੁਰੂਆਤ ਹੁੰਦੀ ਹੈ। ਪੂੰਜੀਪਤੀਆਂ ਚ ਮੁਕਾਬਲਾ ਭ੍ਰਿਸ਼ਟਾਚਾਰ ਨੂੰ ਜਨਮ ਦਿੰਦਾ ਹੈ ਅਤੇ ਇਹ ਉਪਰੋਂ ਥੱਲੇ ਤੱਕ ਫੈਲਣ ਲੱਗਦਾ ਹੈ। ਭ੍ਰਿਸ਼ਟਾਚਾਰ ਨੂੰ ਪੂੰਜੀਵਾਦ ਦੇ ਅੰਦਰ ਹੀ ਹੱਲ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਇਹ ਕੋਸ਼ਿਸ਼ਾਂ ਲੋਕਾਂ ਦੀਆਂ ਉਮੀਦਾਂ ਦਾ ਦੀਵਾ ਜਗਾਈ ਰੱਖਦੀਆਂ ਹਨ।  ਵਿਕਸਤ ਦੇਸ਼ ਦੂਸਰੇ ਦੇਸਾਂ ਚੋਂ ਸਸਤੀ ਕਿਰਤ ਲਈ ਮਨੁੱਖ ਨੂੰ ਪ੍ਰਦੇਸੀ ਬਣਾ ਦਿੰਦੇ ਹਨ। ਪ੍ਰਦੇਸੀ, ਪ੍ਰਦੇਸ ਜਾ ਕੇ ਦੇਸੀ ਮਜ਼ਦੂਰਾਂ ਦੀ ਕੀਮਤ ਘਟਾ ਦਿੰਦੇ ਹਨ, ਜਿਸਦਾ ਲਾਹਾ ਵੀ ਪੂੰਜੀਪਤੀ ਵਰਗ ਨੂੰ ਹੁੰਦਾ ਹੈ। ਖੈਰ, ਕੱਚੇ ਮਾਲ਼ ਦੇ ਬਾਜ਼ਾਰ ਤੱਕ ਦੇ ਸਫਰ ਵਿਚਕਾਰ ਆ ਜਾਂਦਾ ਹੈ ਸਾਰਾ ਤਾਮ-ਝਾਮ, ਜਿਸਨੂੰ ਅਸੀਂ ਪੂੰਜੀਵਾਦੀ ਉਸਾਰ ਕਹਿ ਸਕਦੇ ਹਾਂ। ਪੱਛਮ ਦੇ ਦੇਸਾਂ ਵਿੱਚ ਆਧਾਰ ਦੇ ਅਨੁਸਾਰ ਇਹ ਉਸਾਰ ਬਹੁਤ ਪਹਿਲਾਂ ਹੋ ਚੁਕਿਆ ਹੈ।  ਜਿਸਨੂੰ ਅਸੀਂ ਪੱਛਮੀ ਸੱਭਿਆਚਾਰ ਕਹਿੰਦੇ ਹਾਂ ਅਸਲ ਵਿੱਚ ਉਹ ਪੂੰਜੀਵਾਦੀ ਉਸਾਰ ਦਾ ਹੀ ਹਿੱਸਾ ਹੈ। ਭਾਰਤ ਦਾ ਜਗੀਰਦਾਰੀ ਉਸਾਰ ਵੀ ਪੂੰਜੀਵਾਦੀ ਉਸਾਰ ਵੱਲ ਨੂੰ ਹੀ ਵੱਧ ਰਿਹਾ ਹੈ। ਇਹ ਹੀ ਇਸਦਾ ਰਸਤਾ ਹੈ।

ਖੈਰ, ਧਰਮ ਪੂੰਜੀਵਾਦ ਵਿੱਚ ਵੀ ਮੌਜੂਦ ਰਹਿੰਦਾ ਹੈ, ਪਰ ਇਹ ਕਾਫੀ ਕਮਜ਼ੋਰ ਹੋਣ ਲੱਗਦਾ ਹੈ। ਹੁਣ ਇਸ ਦੀ ਇਹ ਜੁਰਅਤ ਨਹੀਂ ਰਹਿੰਦੀ ਕਿ ਇਹ ਤਰਕਸ਼ੀਲਾਂ, ਨਾਸਤਿਕਾਂ ਅਤੇ ਵਿਗਿਆਨਿਕਾਂ ਦੀ ਬਲੀ ਲੈ ਸਕੇ, ਬਲਕਿ ਹੁਣ ਇਹਨਾਂ ਤੋਂ ਕੰਨੀਂ ਕਤਰਾਉਣ ਲੱਗਦਾ ਹੈ। ਧਰਮ ਨੂੰ ਆਪਣੇ-ਆਪ ਨੂੰ ਜਿਉਂਦਾ ਰੱਖਣ ਲਈ ਰਿਆਇਤਾਂ ਦੇਣੀਆਂ ਪੈਂਦੀਆਂ ਹਨ, ਸੌਖਾ ਅਤੇ ਸਸਤਾ ਬਣਨਾ ਪੈਂਦਾ ਹੈ। ਵਿਗਿਆਨ ਦੀ ਮੋਹਰ ਕੋਲ ਰੱਖਣੀ ਪੈਂਦੀ ਹੈ। ਵੈਸੇ ਧਰਮ ਦਾ ਇਤਿਹਾਸ ਵਿਗਿਆਨ ਦੇ ਵਿਰੋਧਦਾ ਇਤਿਹਾਸ ਹੈ। ਇਹ ਨਿਜ਼ਾਮ ਜਿਵੇਂ -ਜਿਵੇਂ ਆਪਣੇ ਸਿਖਰ ਵੱਲ ਵੱਧਦਾ ਹੈ ਤਾਂ ਮਜ਼ਦੂਰ ਜਾਗਰੂਕ ਹੁੰਦੇ ਜਾਂਦੇ ਹਨ। ਕੰਮਾਂ ਵਿੱਚ ਸਮੂਹਿਕਤਾ ਆਉਂਦੀ ਜਾਂਦੀ ਹੈ। ਇੱਕ ਹੀ ਵਸਤੂ ਦੇ ਭਾਗ ਬਹੁਤ ਸਾਰੀਆਂ ਥਾਂਵਾਂ ਤੇ ਤਿਆਰ ਹੋਣ ਲਗਦੇ ਹਨ। ਜਿਸ ਕਾਰਨ ਇਕ ਥਾਂ ਤੇ ਲੱਗੀ ਬਰੇਕ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਹੀ ਮਜ਼ਦੂਰ-ਜਮਾਤ ਦੀ ਤਾਕਤ ਬਣ ਜਾਂਦੀ ਹੈ। ਦੂਸਰਾ ਉਨਤ ਤਕਨੀਕ ਵੀ ਮਜ਼ਦੂਰ-ਜਮਾਤ ਦੀ ਸਹਾਇਕ ਹੋ ਨਿਬੜਦੀ ਹੈ। ਮਜ਼ਦੂਰ ਸੰਗਠਨਾਂ ਦੀ ਤਾਕਤ ਇਸਨੂੰ ਸਮਾਜਵਾਦੀ ਨਿਜ਼ਾਮ ਵੱਲ ਲੈ ਜਾਂਦੀ ਹੈ, ਜਿੱਥੇ ਸਮੂਹਿਕ ਭਾਈਚਾਰੇ ਦਾ ਇਕ ਨਵਾਂ ਉਸਾਰ ਵਿਕਸਤ ਹੁੰਦਾ ਹੈ। ਧਰਮ ਸਮਾਜਵਾਦ ਵਿੱਚ ਵੀ ਮੌਜੂਦ ਰਹਿੰਦਾ ਹੈ ਪਰ ਇਹ ਐਨਾ ਕਮਜ਼ੋਰ ਹੋ ਜਾਂਦਾ ਹੈ ਕਿ ਧਾਰਮਿਕ ਸਥਾਨਾਂ ਨੂੰ ਤੋੜ ਕੇ ਬਿਨਾਂ ਕਿਸੇ ਵਿਰੋਧ ਦੇ ਖੇਡ ਦੇ ਮੈਦਾਨ ਬਣਾਏ ਜਾ ਸਕਦੇ ਹਨ । ਪਰ ਏਂਜਲਸ ਐਂਟੀ-ਡਿਉਰਿੰਗ ਵਿੱਚ ਲਿਖਦਾ ਹੈ ਕਿ ਅਜਿਹਾ ਕਦੇ ਵੀ  ਨਹੀਂ ਕੀਤਾ ਜਾਵੇਗਾ। ਕਿਉਂਕਿ ਅਜਿਹੀ ਕਾਰਵਾਈ ਧਰਮ ਨੂੰ ਸ਼ਹੀਦ ਬਣਾ ਸਕਦੀ ਹੈ। ਇਸ ਨੂੰ ਇਸ ਦੀ ਮੌਤ ਮਰਨ ਦਿੱਤਾ ਜਾਵੇਗਾ। ਅਫਸੋਸ !  ਕਈ ਸਦੀਆਂ ਲੁਟੇਰੇ ਵਰਗ ਦੀ ਸੇਵਾ ਕਰਨ ਦੇ ਬਾਵਜੂਦ ਧਰਮ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਮਿਲੇਗਾ।

****

No comments: