ਦੋਹੇ.......... ਦੋਹੇ / ਗੁਰਚਰਨ ਨੂਰਪੁਰ

ਸੱਜਣਾ ਵੇ ਤੂੰ ਰਿਸ਼ਤਿਆਂ ਦੀ, ਕੀ ਕਰਦਾ ਏਂ ਗੱਲ।
ਅਜਕਲ ਇਹ ਤਾਂ ਹੋ ਗਏ ਜਿਉਂ ਪਾਣੀ ਦੀ ਛੱਲ।

ਕਵੀ ਤੇ ਕਵਿਤਾ ਮੰਗਦੇ, ਮਾਨਵਤਾਂ ਦੀ ਖੈਰ।
ਵਹਿਸ਼ੀ ਲੋਕ ਨੇ ਉਗਲਦੇ ਕੱਟੜਤਾ ਦੀ ਜਹਿਰ।

ਮਾਏ ਨੀ ਤੇਰੇ ਮੋਹ ਦੀ, ਘਟਦੀ ਨਾ ਖੁਸ਼ਬੋ।
ਤੇਰੇ ਪਿਆਰ ਦੇ ਸਾਹਵੇਂ ਰੱਬ ਵੀ, ਬੌਣਾ ਜਾਂਦਾ ਹੋ।

ਕਾਸ਼ ਤੂੰ ਬਣਦਾ ਰੱਬ ਨਾ, ਬਣ ਜਾਂਦਾ ਇਨਸਾਨ।
ਕਰ ਦਿੰਦਾ ਮੈਂ ਤੇਰੇ ਤੋਂ, ਲੱਖ ਜਨਮ ਕੁਰਬਾਨ।

ਧਰਤ ਵਿਚਾਰੀ ਬਹਿ ਗਈ ਅੱਖੀਆ ਕਰਕੇ ਬੰਦ।
ਬੰਦਿਆਂ ਨੇ ਤਨ ਆਪਣੇ, ‘ਤੇ ਬੰਬ ਲਏ ਨੇ ਬੰਨ।

ਧਰਮ ਪੁਜਾਰੀ ਵੰਡ ਰਿਹੈ, ਨਫ਼ਰਤ ਦਾ ਪ੍ਰਸ਼ਾਦ।
ਆਖੋ ਉਹਨੂੰ ਰਹਿਣ ਦੇ ਬਸਤੀ ਨੂੰ ਆਬਾਦ।

ਸ਼ਹਿਰ ਤੇਰੇ ਵਿੱਚ ਵਗ ਗਈ, ਇਹ ਕਿਹੋ ਜਿਹੀ ਵਾ।
ਫਿੱਕੀਆਂ ਫਿੱਕੀਆਂ ਯਾਰੀਆਂ, ਤੇ ਮੱਠੇ ਮੱਠੇ ਚਾਅ।

ਲਿਖਣੇ ਨੇ ਜੇ ਸੱਜਣਾ ਕਾਲੇ ਲੇਖ ਨਾ ਲਿਖ।
ਸਬਰ ਹਲੀਮੀ ਹੌਸਲਾ ਧਰਤੀ ਕੋਲੋਂ ਸਿੱਖ।

ਨੀਰ ਨੇ ਰੁਸ ਗਏ ਦੋਸਤੋ ਕਰੀਏ ਕੋਈ ਉਪਾਅ
ਰੰਗਲੇ ਦੇਸ਼ ਪੰਜਾਬ ਨੂੰ ਲੱਗ ਗਈ ਬਦਦੁਆ।।

ਅੰਬਰ ਭਾਵੇਂ ਗਾਹ ਲਵੀ ਬਹਿ ਕੇ ਵਿੱਚ ਮਸ਼ੀਨ।
ਪੈਰਾਂ ਥੱਲੇ ਰਹਿਣ ਦੇਹ ਤਿੰਨ ਕੁ ਹੱਥ  ਜ਼ਮੀਨ।

ਸੁਭਾ  ਚਿੜੀ ਜੋ ਚੂਕਦੀ ਹੋਈ ਅੱਜ ਉਦਾਸ।
ਕਿਹੜੀ ਛੱਤ ਵਿੱਚ ਹੋਏਗਾ ਹੁਣ ਬੋਟਾਂ ਦਾ ਵਾਸ।

ਰੁੱਤ ਆਏਗੀ ਰਾਂਗਲੀ, ਆਪੇ ਪੈਣੇ ਨੇ ਫੁੱਟ।
ਸੁਪਨੇ ਜੇਕਰ ਬੀਜਣੇ ਮੰਜੇ ਉੱਤੋਂ ਉੱਠ।

ਸਫਰ ਉਮਰ ਦਾ ਮੁੱਕਦਾ ਵਕਤ ਦੇ ਪਹੀਏ ਨਾਲ।
ਖੁਸ਼ੀਆਂ ਖੇੜੇ ਵੰਡ ਦੇਹ ਸੁਪਨੇ ਰੱਖ ਸੰਭਾਲ।

ਸਬਰ ਦਾ ਅੰਬਰ ਸਾਂਭ ਲੈ, ਕੁਝ ਦਇਆ ਦੀ ਧਰਤ।
ਸੂਰਜ ਬਣਕੇ ਹਾਣੀਆਂ ਮੈਂ ਆਵਾਂਗਾ ਪਰਤ।

ਵਿਕਦਾ ਹੈ ਇਨਸਾਫ ਵੀ ਵਿਕਦਾ ਹੈ ਈਮਾਨ।
ਰੂਪ ਮੰਡੀ ਦਾ ਲੈ ਰਿਹਾ ਪੂਰਾ ਅੱਜ ਜਹਾਨ।

ਵੇ ਰੂਹਾਂ ਦੀਆ ਵਾਕਫਾ , ਵੇ ਕੀ ਏ ਆਪਣਾ ਸਾਕ ।
ਰੱਜ ਰੱਜ ਗੱਲਾਂ ਕਰਨ ਦੀ, ਕਿਉਂ ਨਹੀਂ ਮੁੱਕਦੀ ਝਾਕ।

ਰੋਜ ਹੈ ਮਮਤਾ ਲੁੱਛਦੀ ਨੈਣੀਂ ਭਰ ਭਰ ਨੀਰ।
ਨਸ਼ੇ ਮੁਕਾ ਕੇ ਰੱਖਤਾ ਜਗ ਦੇ ਵਿੱਚੋਂ ਸੀਰ।

ਧੀਆਂ ਧਰੇਕਾਂ ਆਖਦੇ ਹੋਰ ਘਰਾਂ ਦੀ ਛਾਂ।
ਆਣ ਸਿਹਰਾਣੇ ਖੜਦੀਆਂ ਯਾਦ ਕਰੇ ਜਦ ਮਾਂ।

ਖਾਲੇ ਅੱਡਾਂ ਸੁੱਕ ਗਈਆਂ, ਸੋਚੀਂ ਪਿਆ ਜਨੌਰ।
ਰੋਜ ਹੈ ਬੰਦਾ ਕੱਢਦਾ ਨਾਲ ਅਸਾਡੇ ਖੋਰ੍ਹ।

ਧਰਤੀ ਦੀ ਹਰ ਨੁੱਕਰੇ ਪਾਇਆ ਏਸ ਖਾਰੂਦ।
ਮੋਢੇ ਰੱਖੇ ਮਿਜਾਇਲ ਇਹ ਹੱਥਾਂ ਵਿੱਚ ਬਾਰੂਦ।

ਪਾ ਕੇ ਵੱਡੀਆਂ ਕੋਠੀਆਂ ਵਿੱਚ ਪਸਰਿਆ ਆਣ।
ਆਇਆ ਜੋ ਇਸ ਧਰਤ ਤੇ ਕੁਝ ਦਿਨ ਲਈ ਮਹਿਮਾਨ।

ਉਸੇ ਤੋਂ ਹੈ ਮੰਗਦਾ ਆਪਣੇ ਘਰ ਲਈ ਵਰ।
ਬੰਦਾ ਖੁਦ ਬਣਾਂਵਦਾ ਜੀਹਦੇ ਲਈ ਹੈ ਘਰ।

ਪਾਣੀ ਸਾਡੀ ਅੱਖ ਦਾ ਬਣੇ ਸੁਨਾਮੀ ਲਹਿਰ।
ਜਦ ਵੀ ਯਾਦਾਂ ਉਹਦੀਆਂ ਦਿਲ ਤੇ ਢਾਵਣ ਕਹਿਰ।

ਕਰਕੇ ਸਧਰਾਂ ਪੂਰੀਆਂ ਜਦ ਪਹੁੰਚਣਗੇ ਘਰ।
ਤਾਘਾਂ ਵਾਲੀਆਂ ਅੱਖੀਆਂ ਦਾ ਸਿਵਾ ਜਾਏਗਾ ਠਰ।

ਪੱਥਰਾਂ ਤੇ ਕਿਉਂ ਡੋਹਲਦੈ ਪਾਣੀ ਭਰ ਭਰ ਡੋਲ।
ਬੂਟੇ ਕਿਸੇ ਨੂੰ ਪਾ ਦੇਹ ਇਹ ਅੰਮ੍ਰਿਤ ਅਨਮੋਲ।

ਲੰਮਾ ਚੋਲਾ ਪਾ ਲਿਆ ਗਲ ਵਿੱਚ ਮਾਲਾ ਚਾਰ।
ਉਹ ਆਪਣੇ ਕਾਰੋਬਾਰ ਦਾ ਕਰੀ ਜਾਏ ਵਿਸਥਾਰ।

ਲੋਕਾਂ ਨੂੰ ਸੀ ਤਾਰਦਾ ਆਪ ਡੁੱਬਾ ਮੰਝਧਾਰ।
ਚਿੱਠਾ ਉਹਦੇ ਕੁਕਰਮ ਦਾ ਛਪਿਆ ਵਿੱਚ ਅਖਬਾਰ।

ਰੋਜ ਹੈ ਮਮਤਾ ਲੁੱਛਦੀ ਨੈਣੀ ਭਰ ਭਰ ਨੀਰ।
ਪੁੜੀ ਨਸ਼ੇ ਕਰ ਗਈ ਖਤਮ ਜੱਗ ਚੋਂ ਸੀਰ।

****No comments: