ਵੀਰੇ ਤੈਨੂੰ ਯਾਦ ਹੈ ਨਾ.......... ਨਜ਼ਮ/ਕਵਿਤਾ / ਹਰਦੀਪ ਕੌਰ, ਲੁਧਿਆਣਾ

ਵੀਰੇ ਤੈਨੂੰ ਯਾਦ ਹੈ ਨਾ
ਮਾਂ ਦੀਆਂ ਲੋਰੀਆਂ
ਤੇ ਪਿਉ ਦੀਆਂ ਹੱਲਾਸ਼ੇਰੀਆਂ
ਭੈਣਾਂ ਦੀਆਂ ਰੱਖੜੀਆਂ
ਓਹ ਪਤੰਗ, ਓਹ ਚਰਖੜੀਆਂ?

ਤੈਨੂੰ ਯਾਦ ਹੈ ਨਾ
ਓਹ ਖੇਡਾਂ, ਓਹ ਅੜੀਆਂ
ਓਹ ਲੜਾਈਆਂ ਜੋ ਆਪਾਂ ਲੜੀਆਂ?
ਤੈਨੂੰ ਯਾਦ ਹੈ ਨਾ
ਸਾਇਕਲ ਤੇ ਤੇਰਾ ਮੈਨੂੰ ਸਕੂਲ ਲੈ ਕੇ ਜਾਣਾ
ਆਪਣਾ ਗੱਲ ਗੱਲ ਤੇ ਰੁੱਸ ਜਾਣਾ
ਤੇਰਾ ਅੰਬੀਆਂ ਤੋੜ ਕੇ ਲਿਆਉਣਾ
ਆਪਣਾ ਲੂਣ ਭੁੱਕ ਕੇ ਖਾਣਾ
ਤੈਨੂੰ ਯਾਦ ਤਾਂ ਹੈ ਨਾ?

ਇਹ ਸਭ ਗੱਲਾਂ ਅੱਜ
ਮੈਨੂੰ ਚੇਤੇ ਆਈਆਂ
ਭੁੱਲ ਗਈਆਂ ਕੁਝ ਯਾਦਾਂ ਥਿਆਈਆਂ
ਕੁਝ ਯਾਦ ਆਇਆ, ਮੇਰਾ ਦਿਲ ਭਰ ਆਇਆ
ਅੱਖੀਆਂ ਵਿਚੋਂ ਹੰਝੂ ਆਇਆ

ਵੀਰਾ ! ਯਾਦ ਆਇਆ ਤੇਰਾ ਕੋਰਾਹੇ ਜਾਣਾ
ਪਿਉ ਦੀਆਂ ਆਸਾਂ ਚਿੱਥੜੇ ਕਰ ਜਾਣਾ
ਮਾਂ ਦੀ ਮਮਤਾ ਦਾ ਖੁਰ ਜਾਣਾ
ਯਾਦ ਆਇਆ ਤੇਰਾ ਬੋਲ ਬੇਗਾਨਾ
ਯਾਦ ਆਇਆ ਤੇਰੇ ਹੱਥ ਪੈਮਾਨਾ
ਯਾਦ ਆਇਆ ਤੂੰ ਹੋਇਆ ਬੇਗਾਨਾ
ਯਾਦ ਆਇਆ ਓਹ ਮੁੜ ਜ਼ਮਾਨਾ

ਬੀਤ ਗਿਆ ਓਹ ਲਮਹਾ ਮੋਇਆ
ਮਾਂ ਦਾ ਸੀਨਾ ਛੱਲੀ ਹੋਇਆ
ਪਿਉ ਰੀਝਾਂ ਤਾੜ-ਤਾੜ ਨੇ
ਵਕਤ ਓਹਨਾ ਲਈ ਆਣ ਖਲੋਇਆ
ਜਿੱਦਣ ਦਾ ਤੂੰ ਲਾਂਭੇ ਹੋਇਆ

ਭੈਣ ਤੇਰੀ ਦੀ ਰੱਖੜੀ ਵੀਰਾ
ਉਡੀਕ ਰਹੀ ਹੈ ਤੇਰੀ ਕਲਾਈ
ਕਿਉਂ ਤੂੰ ਏਨੀ ਦੇਰੀ ਲਾਈ
ਕਿਉਂ ਤੂੰ ਏਨੀ ਦੇਰੀ ਲਾਈ?

****

1 comment:

Jasmer Singh Lall said...

ਬਹੁਤ ਖੂਬ ! ਹਰਦੀਪ ਤੇਰੀ ਇਸ ਕਵਿਤਾ ਵਿਚ ਚੁਣੇ ਸਾਰੇ ਦੇ ਸਾਰੇ ਬਿੰਬ ਇੱਕ ਤੋੰ ਇੱਕ ਵਧਕੇ ਪਿਆਰੇ ਹਨ , ਦਿਲ ਨੂੰ ਛੋਂਹਦੇ , ਖੁਬ੍ਹਦੇ ਚਲੇ ਜਾਂਦੇ ਹਨ ! ਰਿਸ਼ਤਿਆਂ ਵਿਚੋਂ ਗੁਆਚ ਚੁੱਕੇ ਅਰਥਾਂ ਨੂੰ ਟੋਲਦੀ ਹੋਈ ਇੱਕ ਉਦਾਸ ਪਿਆਸ ਹੈ , ਮੰਗ ਹੈ , ਚੁਣੌਤੀ ਹੈ , ਵਿਅੰਗ ਹੈ , ਸਮਝੌਤੀ ਹੈ ! ਵਾਹ ਤੇਰੀ ਸੋਚ ਨੂੰ ,ਤੇਰੀ ਕਲਮ ਨੂੰ ਮੇਰਾ ਬਹੁਤ ਬਹੁਤ ਆਸ਼ੀਰਵਾਦ ! ਮੈਨੂੰ ਯਕੀਨ ਹੈ ਇੱਕ ਨਾ ਇੱਕ ਦਿਨ ਤੇਰਾ ਇਹ ਸੁਨੇਹਾ ਆਪਣੇ ਚਾਨਣ ਨਾਲ ਲੋਕ ਦਿਲਾਂ ਵਿੱਚ ਜਰੂਰ ਰਿਸ਼ਤਿਆਂ ਦੇ ਨਾਵਾਂ ਨੂੰ ਅਸਲੀ ਮਾਹਨੇ ਦੇ ਕੇ ਰੋਸ਼ਨਾ ਦੇਵੇਗਾ ! ਜਖਮੀ ਹੋਈਆਂ ਰੂਹਾਂ ਦੀ ਮਲ੍ਹਮ ਬਣੇਗਾ !
ਜਸਮੇਰ