ਸ਼ਹੀਦਾਂ ਨੂੰ ......... ਗ਼ਜ਼ਲ / ਮਲਕੀਅਤ "ਸੁਹਲ"


ਸ਼ਹੀਦਾਂ ਨੂੰ  ਯਾਦ ਸਦਾ  ਕਰਦੇ  ਰਹਾਂਗੇ।
ਤਵਾਰੀਖ਼  ਉਨ੍ਹਾਂ  ਦੀ  ਪੜ੍ਹਦੇ  ਰਹਾਂਗੇ।

ਮਨੁੱਖਤਾ  ਲਈ ਦਿਤੀ  ਜਿਨ੍ਹਾਂ ਕੁਰਬਾਨੀ
ਨਕਸ਼ੇ ਕਦਮ  ਤੇ   ਚਲਦੇ   ਰਹਾਂਗੇ।

ਗੁਰੂ ਗੋਬਿੰਦ ਸਿੰਘ,  ਦੇ ਜਿਗਰੇ ਨੂੰ ਤੱਕੋ
ਸੀਸ  ਉਹਦੇ  ਚਰਨੀ   ਧਰਦੇ  ਰਹਾਂਗੇ।

ਛੱਲਾਂ ਤੂਫ਼ਾਨੀ  ਜੇ  ਲੱਖਾਂ  ਵੀ  ਆਵਣ
ਭਵ - ਸਾਗਰ  ਤਾਂ ਵੀ  ਤਰਦੇ ਰਹਾਂਗੇ।

ਖ਼ੂਨ ਦਾ ਇਕ-ਇਕ  ਕੱਤਰਾ ਜੋ ਡੁਲ੍ਹਿਆ
ਅਸੀਂ   ਉਹ   ਜ਼ਖ਼ਮ  ਭਰਦੇ  ਰਹਾਂਗੇ।

ਪੜ੍ਹ   ਕੁਰਬਾਨੀ    ਗੁਰੁ  ਅਰਜਨ ਦੀ
ਕਿਨਾਂ  ਕੁ   ਚਿਰ,  ਡਰਦੇ   ਰਹਾਂਗੇ।

ਗੜ੍ਹੀ  ਚਮਕੌਰ ਦੀ 'ਵਾਜਾਂ  ਪਈ  ਮਾਰੇ
ਮਜ਼ਲੂਮਾਂ ਲਈ  ਲੜਦੇ  ਮਰਦੇ  ਰਹਾਂਗੇ।

ਭਗਤ  ਸਿੰਘ  ਦੀ ,  ਫਾਂਸੀ  ਦਾ  ਰੱਸਾ
ਉਸ ਰੱਸੇ ਨੂੰ  ਫੜ-ਫੜ  ਚੜ੍ਹਦੇ  ਰਹਾਂਗੇ।

ਕਰਤਾਰ ਸਰਾਭਾ  ਤੇ  ਊਧਮ  ਦੀ  ਮੂਰਤ
"ਸੁਹਲ" ਉਨ੍ਹਾਂ ਤੇ ਫੁੱਲ ਜੜਦੇ  ਰਹਾਂਗੇ।

ਜੇ  ਭੁੱਲ ਗਏ  ਸ਼ਹੀਦਾਂ  ਦੀ  ਕੁਰਬਾਨੀ
ਨਾ ਅਸੀਂ ਬਾਹਰ,  ਨਾ ਘਰ ਦੇ ਰਹਾਂਗੇ।
        
ਉਠੋ!  ਤੇ  ਜਾਗੋ  ਹੰਭਲਾ  ਕੋਈ  ਮਾਰੋ
ਇਹ ਜਬਰ  ਕਦੋਂ ਤਕ  ਜਰਦੇ  ਰਹਾਂਗੇ।


No comments: