ਭਿੰਦਰ ਜਲਾਲਾਬਾਦੀ ਦੀ ਕਿਤਾਬ “ਬਣਵਾਸ ਬਾਕੀ ਹੈ” ਆਸਟ੍ਰੇਲੀਆ ‘ਚ ਲੋਕ ਅਰਪਿਤ


ਐਡੀਲੇਡ (ਬਿਓਰੋ) : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਇੱਕ ਭਰਵੇਂ ਸਮਾਗਮ ਦੌਰਾਨ ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਵੱਲੋਂ ਪੰਜਾਬੀ ਕਹਾਣੀਕਾਰਾ ਭਿੰਦਰ ਜਲਾਲਾਬਾਦੀ ਦੇ ਕਹਾਣੀ ਸੰਗ੍ਰਹਿ “ਬਣਵਾਸ ਬਾਕੀ ਹੈ” ਨੂੰ ਲੋਕ ਅਰਪਣ ਕੀਤਾ ਗਿਆ।ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਦੇ ਡਾਇਰੈਕਟਰ ਬਿੱਕਰ ਸਿੰਘ ਬਰਾੜ ਵੱਲੋਂ ਆਪਣੇ ਕਰ ਕਮਲਾਂ ਨਾਲ ਇਸ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ‘ਤੇ ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਵੱਲੋਂ ਆਏ ਹੋਏ ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ। ਕਿਤਾਬ ਰਿਲੀਜ਼ ਮੌਕੇ ਬੋਲਦਿਆਂ ਬਿੱਕਰ ਸਿੰਘ ਬਰਾੜ ਨੇ ਕਿਹਾ ਕਿ ਆਪਣੀ ਉਮਰ ਦਾ ਇਕ ਲੰਮਾ ਹਿੱਸਾ ਵਿਦੇਸ਼ ਗੁਜਾਰਨ ਦੇ ਬਾਵਜੂਦ ਵੀ ਜੋ ਪੰਜਾਬੀਅਤ ਦੀ ਮਹਿਕ ਭਿੰਦਰ ਦੀਆਂ ਕਹਾਣੀਆਂ ਵਿੱਚ ਆਉਂਦੀ ਹੈ ਉਹ
ਬੇਮਿਸਾਲ ਹੈ।। ਇਸ ਸਮੇਂ ਹੋਰਾਂ ਤੋਂ ਇਲਾਵਾ ਮਿੰਟੂ ਬਰਾੜ, ਹਰਵਿੰਦਰ ਸਿੰਘ ਗਰਚਾ, ਨਵਤੇਜ ਸਿੰਘ ਬੱਲ, ਗਿਆਨੀ ਸੰਤੋਖ ਸਿੰਘ, ਜੌਹਰ ਗਰਗ, ਰਿਸ਼ੀ ਗੁਲਾਟੀ ਤੇ ਜਗਤਾਰ ਸਿੰਘ ਨਾਗਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਨਵਤੇਜ ਸਿੰਘ ਬੱਲ ਨੇ ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਜੋ ਸੇਵਾ ਐਸੋਸੀਏਸ਼ਨ ਕਰ ਰਹੀ ਹੈ, ਉਹ ਕਾਬਿਲ ਏ ਤਾਰੀਫ਼ ਹੈ। ਐਸੋਸੀਏਸ਼ਨ ਦੁਆਰਾ ਕੀਤੇ ਜਾ ਰਹੇ ਕਾਰਜਾਂ ਲਈ ਉਨ੍ਹਾਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਵਿਦੇਸ਼ਾਂ ‘ਚ ਸਾਰੇ ਸਮਾਜਿਕ ਅਦਾਰੇ ਜੇਕਰ ਇਸ ਐਸੋਸੀਏਸ਼ਨ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਪੰਜਾਬੀ ਮਾਂ ਬੋਲੀ ਦਾ ਭਵਿੱਖ ਬਹੁਤ ਉੱਜਲ ਹੋਵੇਗਾ।ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਹ ਕਿਤਾਬ ਮੰਗਵਾਉਣ ਲਈ ਤੇ ਆਨ ਲਾਈਨ ਪੜ੍ਹਨ ਲਈ “ਸ਼ਬਦ ਸਾਂਝ ਡਾਟ ਕੋਮ” ਨਾਲ ਸੰਪਰਕ ਕੀਤਾ ਜਾ ਸਕਦਾ ਹੈ।  

No comments: