ਆਡੋਲਫ਼ ਹਿਟਲਰ.......... ਸ਼ਬਦ ਚਿੱਤਰ / ਆਸਾ ਸਿੰਘ ਘੁੰਮਣ

20ਵੀਂ ਸਦੀ ਦੇ ਦੂਜੇ ਚੌਥਾਈ ਹਿੱਸੇ ਵਿਚ ਭਾਵ 1925 ਤੇ 1950 ਦੇ ਵਿਚਲੇ ਸਮੇਂ ਵਿਚ ਦੁਨੀਆ ਇਕ ਗੰਭੀਰ ਸੰਕਟ ਨਾਲ ਦੋ-ਚਾਰ ਹੋ ਰਹੀ ਸੀ। ਇਸ ਦੀ ਵਜਾਹ ਸੀ ਕਿ ਇਕ ਬੇਤਹਾਸ਼ਾ ਰਾਜਨੀਤਕ ਸਿਸਟਮ, ਜਿਸ ਸਿਸਟਮ ਵਿਚ ਇਕ ਡਿਕਟੇਟਰ ਰਾਹੀਂ ਬਹੁਤ ਕਰੜਾ ਕੰਟਰੋਲ ਕੀਤਾ ਜਾਦਾ ਸੀ ਅਤੇ ਜੇ ਕੋਈ ਵਿਰੋਧੀ ਵਿਚਾਰ ਉਭਰਨ ਤਾਂ ਉਨ੍ਹਾਂ ਨੂੰ ਤਸੀਹੇ ਦੇ ਕੇ ਜਾਂ ਫਿਰਕਾਪ੍ਰਸਤੀ ਦੇ ਆਧਾਰ ‘ਤੇ ਕੁਚਲ ਦਿੱਤਾ ਜਾਂਦਾ ਸੀ। ਇਸ ਪ੍ਰਵਿਰਤੀ ਨੂੰ ਫਾਸ਼ੀਵਾਦ ਦਾ ਨਾਂਅ ਦਿੱਤਾ ਗਿਆ। ਫਾਸ਼ੀਵਾਦੀ ਚਾਹੁੰਦੇ ਸਨ ਕਿ ਸਾਰੀ ਦੁਨੀਆ ‘ਤੇ ਉਨ੍ਹਾਂ ਦਾ ਰਾਜ ਹੋਵੇ। ਅਸਲ ਵਿਚ ਪੂਰਬੀ ਏਸ਼ੀਆ ਦੇ ਬਹੁਤ ਵੱਡੇ ਹਿੱਸੇ ‘ਤੇ ਕਬਜ਼ਾ ਕਰਕੇ ਉਨ੍ਹਾਂ ਵੱਡੀ ਸ਼ੁਰੂਆਤ ਕਰ ਵੀ ਲਈ ਸੀ ਅਤੇ ਉਹ ਹਰ ਵਿਰੋਧੀ ਦਾ ਖਾਤਮਾ ਕਰੀ ਜਾ ਰਹੇ ਸਨ। ਇਸ ਵਿਚਾਰਧਾਰਾ ਦਾ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਸੀ ਅਡੋਲਫ ਹਿਟਲਰ। ਉਂਜ ਯਾਦ ਰਹੇ ਹਿਟਲਰ ਫਾਸ਼ੀਵਾਦ ਦਾ ਮੋਢੀ ਨਹੀਂ ਸੀ। ਹਿਟਲਰ 20 ਅਪ੍ਰੈਲ, 1889 ਵਿਚ ਆਸਟਰੀਆ ਦੇ ਇਕ ਛੋਟੇ ਜਿਹੇ ਕਸਬੇ ਬਰਾਨਾਓ-ਐਮ-ਇਨ ਵਿਚ ਪੈਦਾ ਹੋਇਆ। ਆਪਣੀ ਮੁਢਲੀ ਵਿੱਦਿਆ ਵਿਚ ਉਹ ਐਵੇਂ-ਕੈਵੇਂ ਹੀ ਸੀ। ਵੈਸੇ ਹੈਰਾਨੀ ਵਾਲੀ ਗੱਲ ਹੈ ਕਿ ਉਹ ਪੇਂਟਿੰਗ ਕਰਨ ਵਿਚ ਬਹੁਤ ਵਧੀਆ ਸੀ। ਪਰ ਬਦਕਿਸਮਤੀ ਨਾਲ ਵਿਆਨਾ ਅਕੈਡਮੀ ਆਫ਼ ਫਾਈਨ ਆਰਟਸ ਵਿਚ ਉਸ ਨੂੰ ਦਾਖਲਾ ਨਾ ਮਿਲਿਆ। ਬਾਅਦ ਵਿਚ ਉਹ ਆਸਟਰੀਆ ਵਿਚ ਫ਼ੌਜ ਵਿਚ ਭਰਤੀ ਹੋਣ ਦੇ ਡਰੋਂ ਜਰਮਨੀ ਵੱਲ ਭੱਜ ਨਿਕਲਿਆ। ਪ੍ਰੰਤੂ ਬਾਅਦ ਵਿਚ ਉਹ ਪਹਿਲੇ ਮਹਾਂਯੁੱਧ ਵਿਚ ਸ਼ਾਮਿਲ ਜਰਮਨੀ ਦੀ ਮਿਲਟਰੀ ਵਿਚ ਭਰਤੀ ਹੋ ਗਿਆ।

ਫੌਜ ਵਿਚ ਉਹ ਨਾਇਕ ਬਣ ਗਿਆ ਪਤੂ ਦੋ ਵਾਰ ਜ਼ਖਮੀ ਹੋਇਆ। ਆਖਰੀ ਵਾਰ ਉਹ ਯੁੱਧ ਦੇ ਖਤਮ ਹੋਣ ਤੋਂ ਚਾਰ ਕੁ ਹਫ਼ਤੇ ਪਹਿਲਾਂ ਜ਼ਖ਼ਮੀ ਹੋਇਆ। ਜਦੋਂ ਕੁ ਤੱਕ ਹਿਟਲਰ ਮੁੜ ਸਵਸਥ ਹੋਇਆ। ਪਹਿਲਾ ਮਹਾਂਯੁੱਧ ਜਰਮਨੀ ਦੀ ਹਾਰ ਦੇ ਨਾਲ ਹੀ ਖਤਮ ਹੋਇਆ ਤੇ ਨਾਲ ਹੀ ਹਿਟਲਰ-ਮਤ ਦੀ ਸ਼ੁਰੂਆਤ ਹੋ ਗਈ। ਸ਼ੁਰੂ-ਸ਼ੁਰੂ ਵਿਚ ਹਿਟਲਰ ਨੂੰ ਇਕ ਜਾਸੂਸ ਦੀ ਡਿਊਟੀ ਦਿੱਤੀ ਗਈ ਅਤੇ ਉਸ ਨੂੰ ਜਰਮਨ ਵਰਕਰਜ਼ ਪਾਰਟੀ ਦੇ ਨਾਂਅ ਨਾਲ ਜਾਣੇ ਜਾਂਦੇ ਇਕ ਛੋਟੇ ਜਿਹੇ ਗਰੁੱਪ ਨੂੰ ਨਿਯੰਤਰਤ ਕਰਨ ਲਈ ਭੇਜਿਆ ਗਿਆ। ਸਤੰਬਰ 1919 ਤੱਕ ਉਹ ਇਸ ਪਾਰਟੀ ਦਾ ਮੈਂਬਰ ਬਣ ਚੁੱਕਾ ਸੀ, ਜਿਸ ਦੀ ਵਿਚਾਰਧਾਰਾ ਉਸ ਦੇ ਆਪਣੇ ਖਿਆਲਾਂ ਨਾਲ ਮਿਲਦੀ-ਜੁਲਦੀ ਸੀ। ਅਜੇ ਇਕ ਸਾਲ ਵੀ ਨਹੀਂ ਬੀਤਿਆ ਹੋਣਾ ਕਿ ਇਸ ਪਾਰਟੀ ਦਾ ਨਾਂਅ ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ ਰੱਖ ਦਿੱਤਾ ਗਿਆ, ਜਿਸ ਦਾ ਛੋਟਾ ਨਾਂਅ ਸੀ ਨਾਜ਼ੀ। ਹਿਟਲਰ ਨੂੰ ਇਸ ਪਾਰਟੀ ਦਾ ਲੀਡਰ ਮਿਥਿਆ ਗਿਆ। ਨਾਜ਼ੀ ਪਾਰਟੀ ਦਿਨੋ-ਦਿਨ ਮਜ਼ਬੂਤ ਹੁੰਦੀ ਗਈ, ਜਿਸ ਦੀ ਇਕ ਵਜਾਹ ਇਹ ਸੀ ਕਿ ਹਿਟਲਰ ਕੋਲ ਬਹੁਤ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਭਾਸ਼ਣ ਕਲਾ ਸੀ ਤੇ ਇਸ ਤਰ੍ਹਾਂ ਨਾਜ਼ੀ ਪਾਰਟੀ ਹੌਲੀ-ਹੌਲੀ ਮਿਲਟਰੀਨੁਮਾ ਪਾਰਟੀ ਬਣ ਗਈ।

1923 ਦੇ ਅਖੀਰ ਜਿਹੇ ਵਿਚ ਹਿਟਲਰ ਦੀ ਅਗਵਾਈ ਵਾਲੀ ਇਸ ਨਾਜ਼ੀ ਪਾਰਟੀ ਨੇ ਮਿਊਨਿਖ ਵਿਚ ਬਵੇਰੀਅਨ ਸਰਕਾਰ ਦਾ ਰਾਜ ਪਲਟਾ ਕਰਨ ਦੀ ਕੋਸ਼ਿਸ਼ ਕੀਤੀ। ਰਾਜ ਪਲਟੇ ਦੀ ਇਹ ਕੋਸ਼ਿਸ਼ ਨਕਾਮ ਰਹੀ ਅਤੇ ਹਿਟਲਰ ਨੂੰ ਕੈਦ ਕਰ ਲਿਆ ਗਿਆ। ਉਸ ‘ਤੇ ਮੁਕੱਦਮਾ ਚਲਾਇਆ ਗਿਆ ਅਤੇ 5 ਸਾਲ ਦੀ ਜੇਲ੍ਹ ਭੇਜ ਦਿੱਤਾ ਗਿਆ। ਹਿਟਲਰ ਨੇ ਮਸੀਂ 9 ਮਹੀਨੇ ਦੀ ਜੇਲ੍ਹ ਕੱਟੀ। ਹੁਣ ਉਹ ਆਪਣੀ ਸ਼ਾਹਕਾਰ ਪੁਸਤਕ ‘ਮੈਨ ਕੈਫ਼‘ ਦੀਆਂ ਸ਼ਰਤਾਂ ਮਨਵਾਉਣ ਲੱਗ ਪਿਆ। ਇਹ ਪੁਸਤਕ ਡਾਰਵਿਨ ਦੇ ਸਿਧਾਂਤਾਂ ‘ਤੇ ਆਧਾਰਿਤ ਇਕ ਸਮਾਜਿਕ ਪਹੁੰਚ ਵਾਲੀ ਪੁਸਤਕ ਸੀ ਜਿਸ ਅਨੁਸਾਰ ਆਰੀਆ ਨਸਲ ਦੇ ਲੋਕ ਸਭ ਤੋਂ ਸ੍ਰੇਸ਼ਟ ਹਨ। ਭਾਵੇਂ ਕਿ ਅੱਜ ਹਿਟਲਰ ਦੀ ਆਤਮ-ਕਥਾ ਨੂੰ ਫਾਸਿਸਟਾਂ ਦਾ ਬਹੁਤ ਵੱਡਾ ਪ੍ਰਾਪੇਗੰਡਾ ਸਮਝਿਆ ਜਾਂਦੈ, ਪੰ੍ਰਤੂ ਉਸ ਵੇਲੇ ਜਰਮਨ ਕੌਮ ਪੂਰੀ ਉਘੜੀ-ਦੁਘੜੀ ਪਈ ਸੀ ਅਤੇ ਹਿਟਲਰ ਆਪਣੇ ਮੰਤਵ ਲਈ ਆਪਣੇ ਪ੍ਰਾਪੇਗੰਡੇ ਨੂੰ ਬੜੀ ਚਾਲਾਕੀ ਨਾਲ ਵਰਤ ਰਿਹਾ ਸੀ। ਨਾਜ਼ੀ ਪਾਰਟੀ ਦੇ ਏਜੰਡੇ ਨੂੰ ਹੋਰ ਵੀ ਵਧੀਆ ਸੁਰ ਵਿਚ ਲਿਆਉਂਦੇ ਹੋਏ, ਆਉਣ ਵਾਲੇ ਦੋ-ਤਿੰਨ ਸਾਲਾਂ ਵਿਚ ਹੀ ਰਾਜਨੀਤਕ ਹਲਕਿਆਂ ਵਿਚ ਉਸ ਦੀ ਸੇਵਕੀ ਬਹੁਤ ਵਧ ਗਈ। 30 ਜਨਵਰੀ, 1933 ਨੂੰ ਹਿਟਲਰ ਜਰਮਨੀ ਦਾ ਚਾਂਸਲਰ ਬਣ ਗਿਆ। ਬਸ ਅਗਲੇ ਸਾਲ ਹੀ ਹਿਟਲਰ ਨੇ ਹਰ ਚੀਜ਼ ਆਪਣੇ ਪੂਰਨ ਕੰਟਰੋਲ ਥੱਲੇ ਲੈ ਆਂਦੀ ਅਤੇ ਉਸ ਰਸਤੇ ‘ਤੇ ਚੱਲ ਪਿਆ ਜੋ ਦੂਜੇ ਵਿਸ਼ਵ ਯੁੱਧ ਨੂੰ ਜਾਂਦਾ ਸੀ।

ਜਰਮਨੀ ਵਿਚ ਫਾਸ਼ੀਵਾਦੀ ਰਾਜ ਸਥਾਪਤ ਹੋਣ ਦੀ ਦੇਰ ਸੀ, ਹਿਟਲਰ ਨੇ ਉਸੇ ਵੇਲੇ ਵਰਸੇਲਜ਼ ਦੀ ਸੰਧੀ ਦੀਆਂ ਸ਼ਰਤਾਂ ਤੋੜ ਕੇ ਮੁੜ ਮਿਲਟਰੀ ਨੂੰ ਸ਼ਸਤਰਧਾਰੀ ਕਰਨਾ ਸ਼ੁਰੂ ਕਰ ਦਿੱਤਾ। ਇਟਲੀ ਅਤੇ ਜਾਪਾਨ ਨਾਲ ਯੂਨੀਅਨ ਬਣਾ ਲਈ ਗਈ। ਜੇ ਕਿਤੇ ਦੂਸਰੇ ਮਹਾਂਯੁੱਧ ਵਿਚ ਮੁਤਹਾਦੀ? ਫੌਜਾਂ ਜਿੱਤੀਆਂ ਨਾ ਹੁੰਦੀਆਂ ਤਾਂ ਹਿਟਲਰ ਐਸੀ ਕੁਲੀਸ਼ਨ ਬਣਾਉਣ ਦੀ ਜ਼ਰੂਰਤ ਵੀ ਕਦੇ ਮਹਿਸੂਸ ਨਾ ਕਰਦਾ, ਅਸਲ ਵਿਚ ਉਹ ਸਮਝਦਾ ਸੀ ਕਿ ਜਰਮਨ ਦੇ ਆਰੀਆ ਲੋਕਾਂ ਨਾਲੋਂ ਬਾਕੀ ਸਭ ਥੱਲੇ ਸਨ। ਮਿਲਟਰੀ ਪੱਖੋਂ ਤਾਂ ਹਿਟਲਰ ਨੇ ਜੋ ਕੀਤਾ ਸੋ ਕੀਤਾ, ਉਸ ਦੇ ਇਸ ਵਤੀਰੇ ਨੇ ਨਿਊਕਲੀਅਰ ਹਥਿਆਰਸਾਜ਼ੀ ਨੂੰ ਜਨਮ ਦਿੱਤਾ। ਉਂਜ ਉਸ ਦੇ ਯੋਗਦਾਨ ਦਾ ਇਹ ਪੱਖ ਬਹੁਤੀ ਵਾਰੀ ਅੱਖੋਂ ਪਰੋਖੇ ਹੀ ਰਿਹਾ ਹੈ। ਜਰਮਨ ਦੇ ਭੌਤਿਕ ਵਿਗਿਆਨੀਆਂ ਨੂੰ ਇਹ ਨਿਰਦੇਸ਼ ਸਨ ਕਿ ਉਹ ਸਮੂਹਿਕ ਤਬਾਹੀ ਦੇ ਮੰਤਵ ਨਾਲ ਐਟਮੀ ਸਾਧਨ ਵਿਕਸਤ ਕਰਨ। ਨਤੀਜੇ ਵਜੋਂ ਹੋਰਨਾਂ ਤੋਂ ਇਲਾਵਾ, ਅਮਰੀਕਾ ਨੂੰ ਵੀ ਹਮਲਾ ਕਰਨ ਲਈ ਜਾਂ ਆਖਰਕਾਰ ਬਚਾਅ ਕਰਨ ਲਈ ਨਿਊਕਲੀਅਰ ਸਾਧਨ ਵਿਕਸਤ ਕਰਨ ‘ਤੇ ਜ਼ੋਰ ਦੇਣਾ ਪਿਆ। ਕਈ ਹੈਰਾਨਕੁੰਨ ਖੋਜਾਂ ਹੋਈਆਂ, ਜਿਨ੍ਹਾਂ ਨੇ ਮਿਲਟਰੀ ਅਸਤਰ-ਸ਼ਸਤਰ ਦੇ ਖੇਤਰ ਵਿਚ ਹੋਰ ਤਰੱਕੀ ਦੀਆਂ ਵੱਡੀਆਂ ਸੰਭਾਵਨਾਵਾਂ ਦੇ ਖੇਤਰ ਖੋਲ੍ਹ ਦਿੱਤੇ। ਹਿਟਲਰ ਦੀ ਦ੍ਰਿਸ਼ਟੀ ਸੀ ਤਾਂ ਇਕ ਪਾਸੜ ਪਰ ਇਸ ਨੇ ਮਿਲਟਰੀ ਯੁੱਧ ਕਲਾ ਵਿਚ ਭਵਿੱਖਤ ਸੰਭਾਵਨਾਵਾਂ ਲਈ ਰਾਹ ਪੱਧਰੇ ਤੇ ਸਾਵੇਂ ਕਰ ਦਿੱਤੇ।

ਅਡਾਲਫ਼ ਹਿਟਲਰ ਬੜਾ ਆਤਮ-ਵਡਿਆਈ ਦਾ ਖਬਤੀ ਸੀ। ਹਿਟਲਰ ਸਿਰਫ਼ ਆਪਣੇ ਸਮਿਆਂ ਦੀ ਹੀ ਪੈਦਾਇਸ਼ ਨਹੀਂ ਸੀ ਸਗੋਂ ਉਹ ਐਸੇ ਵਾਤਾਵਰਨ ਦੀ ਪੈਦਾਇਸ਼ ਸੀ ਜਿਹੜਾ ਕਿ ਐਸੇ ਲੀਡਰ ਲਈ ਬਿਲਕੁਲ ਅਨੁਕੂਲ ਹੋਵੇ ਜੋ ਲੀਡਰ ਇਕ ਵੱਡੀ ਤਬਦੀਲੀ ਲਿਆਉਣ ਦੇ ਯੋਗ ਹੋਵੇ। ਹਿਟਲਰ ਕੋਲ ਭਾਸ਼ਣ ਕਲਾ ਦੀ ਐਸੀ ਸਮਰੱਥਾ ਸੀ ਜਿਸ ਰਾਹੀਂ ਉਹ ਆਪਣੇ ਲੋਕਾਂ ਦੇ ਦਿਲਾਂ-ਦਿਮਾਗਾਂ ਤੱਕ ਪਹੁੰਚ ਸਕਦਾ ਸੀ। ਉਧਰੋਂ ਯੁੱਧ ਦੇ ਇਕਦਮ ਬਾਅਦ ਵਾਲੇ ਪ੍ਰਸਤਾਵ ਵੀ ਭਾਰੂ ਸਨ। ਇਸ ਸਭ ਕਾਸੇ ਕਰਕੇ ਸੈਮੀਟਿਕ ਵਿਰੋਧੀ ਨਫ਼ਰਤ ਦਾ ਪੁਨਰ-ਜਨਮ ਤੇ ਉਸ ਦਾ ਵਿਕਾਸ, ਸੁਭਾਵਿਕ ਸੀ। ਬਸ ਇਹ ਐਸੀ ਨਫ਼ਰਤ ਹੀ ਸੀ ਜਿਸ ਨੇ ਵਿਰੋਧੀ ਵਿਚਾਰਾਂ ਅਤੇ ਖਿਆਲਾਂ ਨੂੰ ਦੂਰ ਕਰ ਦਿੱਤਾ। ਨਹੀਂ ਤੇ ਉਂਜ ਤਾਂ ਇਹ ਗੱਲਾਂ ਮਨੁੱਖੀ ਵਿਕਾਸ ਦੇ ਪੱਥਰ-ਯੁੱਗ ਵਾਲੀਆਂ ਸਨ। ਜੇ ਕਿਤੇ ਅਡਾਲਫ਼ ਹਿਟਲਰ ਨਾ ਹੁੰਦਾ, ਨਾਜ਼ੀ ਪਾਰਟੀ ਵੀ ਤੇ ਜਰਮਨ ਫਾਸ਼ੀਵਾਦ ਵੀ ਖਿੰਡਰ-ਪੁੰਡਰ ਜਾਣਾ ਸੀ, ਜਿਸ ਕਰਕੇ ਕਮਿਊਨਿਜ਼ਮ ਅਤੇ ਸ਼ੀਤ-ਯੁੱਧ ਲਈ ਰਾਹ ਪੱਧਰਾ ਹੋ ਜਾਣਾ ਸੀ। ਬਦਕਿਸਮਤੀ ਨਾਲ ਹਿਟਲਰ ਦੀ ਨਫ਼ਰਤ ਵਾਲੀ ਵਿਰਾਸਤ ਅੱਜ ਵੀ ਸਾਰੀ ਦੁਨੀਆ ਵਿਚ ਕਾਇਮ ਹੈ। ਕਿਤੇ ਨਸਲਵਾਦ ਦੇ ਰੂਪ ਵਿਚ, ਕਿਤੇ ਸੱਭਿਆਚਾਰਕ ਦਮਨ-ਨੀਤੀਆਂ ਦੇ ਰੂਪ ਵਿਚ ਤੇ ਕਿਤੇ ਵਿਸ਼ਵ ਅੱਤਵਾਦ ਦੇ ਰੂਪ ਵਿਚ। ਦੂਜੇ ਵਿਸ਼ਵ ਯੁੱਧ ਵਿਚ, ਜਦੋਂ ਜਰਮਨੀ ਹਾਰ ਰਿਹਾ ਸੀ ਤਾਂ ਹਿਟਲਰ ਨੇ ਅੰਡਰ ਗਰਾਊਂਡ ਬੰਕਰ ਵਿਚ ਹੀ ਆਤਮ-ਹੱਤਿਆ ਕਰ ਲਈ ਅਤੇ ਇਸ ਤਰ੍ਹਾਂ ਆਪਣੀ ਹੀ ਪੈਦਾ ਕੀਤੀ ਉਧੜ-ਧੁੰਮੀ ਵੇਖਣ ਤੋਂ ਡਰਦਿਆਂ ਇਸ ਦੁਨੀਆ ਤੋਂ ਡਰਪੋਕਾਂ ਵਾਂਗ ਖਿਸਕ ਗਿਆ।

*****

(ਅੰਗਰੇਜ਼ੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ) 

No comments: