ਅਸ਼ਲੀਲ ਐਮ ਐਮ ਐਸ ਅਤੇ ਅਸੀਂ.......... ਲੇਖ / ਸੁਰਜੀਤ ਗੱਗ


ਕੁੜੀਆਂ ਭੋਲ਼ੀਆਂ ਨਹੀਂ ਹੁੰਦੀਆਂ, ਉਨ੍ਹਾਂ ਨੂੰ ਭੋਲ਼ੀਆਂ ਰੱਖ ਲਿਆ ਜਾਂਦਾ ਹੈ। ਏਸੇ ਲਈ ਉਹ ਸਮਾਜ ਵਿੱਚ ਤਰਸ ਦੇ ਪਾਤਰ ਦੇ ਤੋਰ ਤੇ ਜਾਣੀਆਂ ਜਾਂਦੀਆਂ ਹਨ। ਕੁੜੀਆਂ ਨੇ ਆਪ ਕਦੇ ਨਹੀਂ ਚਾਹਿਆ ਕਿ ਉਹ ਸਮਾਜ ਵਿੱਚ ਕਿਸੇ ਨਾਲੋਂ ਵੀ ਘੱਟ ਅਖਵਾਉਣ। ਜੇ ਕਰ ਕੁੜੀਆਂ ਦੀ ਜੰਮਦੇ ਸਾਰ ਮੁੰਡਿਆਂ ਵਰਗੀ ਪਰਵਰਿਸ਼ ਕੀਤੀ ਜਾਵੇ ਤਾਂ ਛੇ ਸਾਲ ਦੀ ਉਮਰ ਤੱਕ ਕੁੜੀਆਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੁੜੀਆਂ ਹਨ, ਤੇ ਉਨ੍ਹਾਂ ਦੇ ਭਰਾ ਮੁੰਡੇ। ਅਣਜਾਣੇ ਵਿੱਚ ਕੁੜੀਆਂ 'ਤੇ ਲਗਾਈਆਂ ਗਈਆਂ ਬੰਦਿਸ਼ਾਂ ਹੀ ਉਨ੍ਹਾਂ ਲਈ ਘਾਤਕ ਸਾਬਿਤ ਹੁੰਦੀਆਂ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੰਦਿਸ਼ਾਂ ਹੀ ਬਗਾਵਤ ਉਪਜਦੀਆਂ ਹਨ ਤੇ ਬਗਾਵਤਾਂ ਹਾਨੀ-ਲਾਭ ਨਹੀਂ ਵੇਖਦੀਆਂ।


ਅਜਕੱਲ ਜ਼ਮਾਨਾ ਕਾਫ਼ੀ ਬਦਲ ਗਿਆ ਹੈ। ਹੁਣ ਟੈਕਨੋਲੋਜੀ ਦਾ ਜ਼ਮਾਨਾ ਹੈ। ਹੁਣ ਕੁੜੀਆਂ ਨੇ ਸਿਰਫ਼ ਘਰ ਹੀ ਨਹੀਂ ਸਾਂਭਣੇ, ਬਲਕਿ ਘਰ ਚਲਾਉਣ ਵਿੱਚ ਵੀ ਅਹਿਮ ਯੋਗਦਾਨ ਪਾਉਣਾ ਹੁੰਦਾ ਹੈ ਤੇ ਇਸ ਲਈ ਉਸ ਨੂੰ ਘਰ ਦੀ ਚਾਰਦੀਵਾਰੀ ਉਲੰਘਣੀ ਪੈਂਦੀ ਹੈ। ਸਿਰਫ਼ ਚਾਰਦੀਵਾਰੀ ਹੀ ਨਹੀਂ ਹੋਰ ਵੀ ਕਾਫ਼ੀ ਕੁਛ ਉਲੰਘਣਾ ਪੈਂਦਾ ਹੈ। ਤੇ ਇਹ ਉਨ੍ਹਾਂ ਦੀ ਜਰੂਰਤ ਜਾਂ ਮਜ਼ਬੂਰੀ ਕੁੱਝ ਵੀ ਹੋ ਸਕਦਾ ਹੈ। ਬੇਰੁਜ਼ਗਾਰੀ ਅਤੇ ਮੁਕਾਬਲੇ ਦੇ ਯੁੱਗ ਵਿੱਚ ਕਿਸੇ ਤੋਂ ਅੱਗੇ ਲੰਘਣਾ ਤਾਂ ਦੂਰ ਦੀ ਗੱਲ, ਅਪਣੇ ਪੈਰਾਂ ਤੇ ਖਲੋਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਇਨ੍ਹਾਂ ਮੁਸ਼ਕਿਲਾਂ ਨੂੰ ਆਸਾਨ ਕਰਨ ਲਈ ਕੁੱਝ ਮਾਨਸਿਕ ਸਮਝੋਤੇ ਵੀ ਕਰਨੇ ਪੈ ਸਕਦੇ ਹਨ। ਇਹ ਮੁਸ਼ਕਿਲਾਂ ਮੁੰਡਿਆਂ ਨੂੰ ਵੀ ਪੇਸ਼ ਆਉਂਦੀਆਂ ਹਨ ਪਰ ਜ਼ਿਆਦਾਤਰ ਕੁੜੀਆਂ ਨੂੰ ਹੀ ਇਸ ਦੌਰ 'ਚੋਂ ਲੰਘਣਾ ਪੈਂਦਾ ਹੈ।


ਅਜਕੱਲ 12-12 ਸਾਲ ਦੇ ਮੁੰਡਿਆਂ ਕੋਲ ਵੀ ਮੋਬਾਈਲ ਫੋਨ ਹਨ ਤੇ ਉਹ ਫੋਨ ਵੀ ਲੇਟੈਸਟ ਟੈਕਨੋਲਜੀ ਦੇ ਹਨ। ਕੁੜੀਆਂ ਸਿਰਫ਼ ਅਪਣੇ ਭਰਾਵਾਂ ਦਾ ਜਾਂ ਪਿਤਾ ਜੀ ਦਾ ਫੋਨ ਲੈ ਕੇ ਹੀ ਉਸ ਬਾਰੇ ਸੀਮਿਤ ਜਿਹੀ ਜਾਣਕਾਰੀ ਲੈ ਸਕਦੀਆਂ ਹਨ। ਜੇਕਰ ਕੁੜੀਆਂ ਨੂੰ ਸਮਝਾਇਆ ਵੀ ਜਾਂਦਾ ਹੈ ਤਾਂ ਉਨ੍ਹਾਂ ਨੂੰ ਮੋਬਾਈਲ ਫੋਨ ਦੇ ਫ਼ਾਇਦੇ ਹੀ ਦੱਸੇ ਜਾਂਦੇ ਹਨ, ਉਸ ਦੇ ਨੁਕਸਾਨ ਜਾਂ ਸੰਭਾਵੀ ਨੁਕਸਾਨ/ਖਤਰੇ ਨਹੀਂ ਦੱਸੇ ਜਾਂਦੇ। ਜਿਸ ਕਾਰਨ ਕੁੜੀਆਂ ਨੂੰ ਅਣਜਾਣੇ ਵਿੱਚ ਹੀ ਭੋਲ਼ੀਆਂ ਰੱਖ ਲਿਆ ਜਾਂਦਾ ਹੈ ਤੇ ਉਹ ਭੋਲ਼ੀਆਂ ਨੂੰ ਮਾਪਿਆਂ ਦੀ ਇਸ ਛੋਟੀ ਜਿਹੀ ਅਣਗਹਿਲੀ ਕਾਰਨ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ ਤੇ ਅਣਭੋਲਾਂ ਦੇ ਨਾਂ ਤੇ ਅਸੱਭਿਆ ਸਮਾਜ ਵਲੋਂ ਸੱਭਿਅਕ ਮਾਪਿਆਂ ਦਾ ਵੀ ਜੀਣਾ ਹਰਾਮ ਕਰ ਦਿੱਤਾ ਜਾਂਦਾ ਹੈ।


ਹਰ ਦੂਜੇ ਤੀਜੇ ਦਿਨ ਅਖਬਾਰਾਂ ਵਿੱਚ ਇਹ ਸੁਰਖੀਆਂ ਆਮ ਹੀ ਪੜ੍ਹਨ ਨੂੰ ਮਿਲ ਜਾਂਦੀਆਂ ਹਨ ਕਿ ਫਲਾਂ ਕੁੜੀ ਦਾ ਐਮ ਐਮ ਐਸ ਬਜ਼ਾਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦਾ ਕੋਈ ਵੀ ਸ਼ਹਿਰ/ਕਸਬਾ ਅਜਿਹਾ ਨਹੀਂ ਬਚਿਆ ਜਿੱਥੇ ਕੋਈ ਅਜਿਹਾ ਅਸ਼ਲੀਲ ਵਰਤਾਰਾ ਸੁਰਖੀਆਂ ਵਿੱਚ ਨਾ ਆਇਆ ਹੋਵੇ। ਇਸ ਦਾ ਕਾਰਨ ਕੀ ਹੈ ? ਕੀ ਲੜਕੀਆਂ ਨੂੰ ਅਪਣੇ ਭਲੇ-ਬੁਰੇ ਦੀ ਪਛਾਣ ਨਹੀਂ ਹੈ, ਕੀ ਉਨ੍ਹਾਂ ਨੂੰ ਸ਼ਰਮ ਹਯਾ ਹੀ ਨਹੀਂ ਹੈ ? ਕੀ ਇਹ ਲੜਕੀਆਂ ਧੰਦਾ ਕਰਦੀਆਂ ਹਨ ? ਅਜਿਹੇ ਸਵਾਲ ਆਮ ਉਠਾਏ ਜਾਂਦੇ ਹਨ। ਇਨ੍ਹਾਂ ਅਸ਼ਲੀਲ ਵੀਡੀਓ ਨੂੰ ਮੋਬਾਈਲਾਂ ਵਿੱਚ ਭਰਾ ਕੇ ਇੱਕ ਦੂਜੇ ਨੂੰ ਵਿਖਾ ਕੇ ਚਟਖਾਰੇ ਵੀ ਉਹ ਹੀ ਲਗਾਉਂਦੇ ਹਨ ਜਿਨ੍ਹਾਂ ਨੇ ਅਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਿਆ ਹੁੰਦਾ, ਜਿਨ੍ਹਾਂ ਦੇ ਅਪਣੇ ਘਰੋਂ ਖਬਰਾਂ ਨਹੀਂ ਨਿਕਲੀਆਂ ਹੁੰਦੀਆਂ। ਕੁੜੀਆਂ ਜਾਂ ਮੁੰਡਿਆਂ ਦਾ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਸਮਾਜਿਕ ਮਰਿਆਦਾਵਾਂ ਉਲੰਘਣਾ ਕੋਈ ਅਲੋਕਾਰੀ ਗੱਲ ਨਹੀਂ ਹੈ। ਅਲੋਕਾਰੀ ਗੱਲ ਹੈ ਇਨ੍ਹਾਂ ਨਿਜੀ ਗੱਲਾਂ ਦਾ ਲੁਕਾਉਣ ਵਾਲੀਆਂ ਗੱਲਾਂ ਦਾ ਤਮਾਸ਼ਾ ਬਣਾਇਆ ਜਾਣਾ।  ਅਜਿਹਾ ਨਹੀਂ ਹੈ ਕਿ ਏਸ ਤਰਾਂ ਪਹਿਲਾਂ ਕਦੇ ਨਾ ਹੋਇਆ ਹੋਵੇ। ਲੋਕ ਕਥਾਵਾਂ, ਦੰਦ ਕਥਾਵਾਂ, ਇਤਿਹਾਸ, ਮਿਥਿਹਾਸ ਵਿੱਚ ਅਜਿਹੀਆਂ ਬਹੁਤ ਉਦਾਹਰਨਾਂ ਮਿਲ ਜਾਂਦੀਆਂ ਹਨ। ਹੀਰ ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਅਤੇ ਸੱਸੀ ਪੁਨੂੰ ਉਹ ਉਦਾਹਰਨਾਂ ਹਨ ਜੋ ਅਪਣੀਆਂ ਨਿਜੀ ਸਾਂਝਾਂ ਨੂੰ ਲੁਕੋ ਤਾਂ ਨਾ ਸਕੇ ਪਰ ਉਨ੍ਹਾਂ ਨੇ ਇਸ ਨੂੰ ਤਮਾਸ਼ਾ ਵੀ ਨਹੀਂ ਬਣਨ ਦਿੱਤਾ। ਰਾਵਣ ਤਾਂ ਸੀਤਾ ਦੇ ਨੇੜੇ ਵੀ ਨਹੀਂ ਸੀ ਢੁੱਕਿਆ ਉਸ ਦਾ ਪੁਤਲਾ ਸਾੜਨ ਵੇਲੇ ਅਸੀਂ ਪਤਾ ਨਹੀਂ ਕਿਹੜੇ ਆਦਰਸ਼ਾਂ ਦੀ ਗੱਲ ਕਰਦੇ ਹਾਂ। ਸਿੰਘਾਂ ਨੇ ਤਾਂ ਔਰਤਾਂ ਨੂੰ ਮੁਗਲਾਂ/ਲੁਟੇਰਿਆਂ ਤੋਂ ਛੁਡਾ-2 ਕੇ ਉਨ੍ਹਾਂ ਦੇ ਘਰ ਵਸਾਏ ਹਨ। ਜਿਨ੍ਹਾਂ ਔਰਤਾਂ ਨੂੰ ਘਰਦਿਆਂ ਨੇ ਅਪਣਾਉਣ ਤੋਂ ਮਨ੍ਹਾ ਕਰਿਆ ਸੀ ਉਨ੍ਹਾਂ ਔਰਤਾਂ ਨੂੰ ਵੀ ਸਿੰਘਾਂ ਨੇ ਇੱਜ਼ਤ ਦਿੱਤੀ ਸੀ, ਕਿਸੇ ਦੀ ਇੱਜ਼ਤ ਦਾ ਫਲੂਦਾ ਨਹੀਂ ਸੀ ਬਣਾਇਆ।(ਯਾਦ ਰਹੇ ਕਿ ਇਹ ਵੀਡੀਓ ਮੂਵੀਆਂ ਕੋਈ ਹੋਰ ਨਹੀਂ ਬਣਾਉਂਦਾ, ਇਹ ਉਨ੍ਹਾਂ ਲੜਕੀਆਂ/ਔਰਤਾਂ ਦੇ ਸਹਿਭਾਗੀ ਪੁਰਸ਼ ਮਿੱਤਰ ਹੀ ਬਣਾਉਂਦੇ ਹਨ, ਜਿਨ੍ਹਾਂ ਤੇ ਐਮ ਐਮ ਐਸ ਦਾ ਸ਼ਿਕਾਰ ਹੋਈਆਂ ਲੜਕੀਆਂ ਨੂੰ ਰੱਬ ਜਿੰਨਾ ਵਿਸ਼ਵਾਸ ਹੁੰਦਾ ਹੈ। ਉਹ ਹੀ ਉਸ ਦੇ ਵਿਸ਼ਵਾਸ ਨੂੰ ਤਾਰ ਤਾਰ ਕਰਦੇ ਹਨ। ਜਦੋਂ ਕਿ ਲੜਕੀਆਂ ਬੁਆਏ ਫਰੈਂਡਾਂ ਵਲੋਂ ਇਸ ਵੀਡੀਓ ਮੂਵੀ ਦੇ ਜਨਤਕ ਕਰ ਦੇਣ ਦੇ ਇਰਾਦਿਆਂ ਤੋਂ ਅਤੇ ਮੋਬਾਈਲ ਦੀ ਲੇਟੈਸਟ ਟੈਕਨੋਲੋਜੀ ਤੋਂ ਨਾ ਵਾਕਿਫ਼ ਹੁੰਦੀਆਂ ਹਨ।)

ਯਾਦ ਨਹੀਂ ਕਿਹੜੀ ਰਿਪੋਰਟ ਵਿੱਚ ਦੱਸਿਆ ਜਾ ਚੁੱਕਿਆ ਹੈ ਪਰ ਇਹ ਸਭ ਨੂੰ ਮੰਨਣਾ ਪਵੇਗਾ ਕਿ ਉਹ ਰਿਪੋਰਟ ਝੂਠੀ ਨਹੀਂ ਹੋ ਸਕਦੀ। ਦਿੱਲੀ ਦੀ ਕਿਸੇ ਸੰਸਥਾ ਦੀ ਰਿਪੋਰਟ ਹੈ ਕਿ ਕਾਲਜਾਂ/ਯੂਨਿਵਰਸਿਟੀਆਂ ਵਿੱਚ ਪੜ੍ਹਦੀਆਂ ਲੜਕੀਆਂ ਵਿੱਚੋਂ 20% ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ ਤੇ 70% ਲੜਕੀਆਂ ਅਪਣਾ ਕੁਆਰਾਪਨ ਗੁਆ ਚੁੱਕੀਆਂ ਹਨ। ਇਹ ਸੋਚਣਾ ਅਪਣੇ ਆਪ ਨੂੰ ਹਨੇਰੇ ਵਿੱਚ ਰੱਖਣਾ ਹੀ ਹੈ ਕਿ ਅਸੀਂ ਸ਼ਾਇਦ ਬਾਕੀ ਬਚਦੇ 30% ਵਿੱਚ ਆਉਂਦੇ ਹੋਵਾਂਗੇ। ਇਹ ਇੱਕ ਵੱਖਰਾ ਵਿਸ਼ਾ ਹੈ, ਇਸ ਦੀ ਉਦਾਹਰਨ ਏਸ ਲਈ ਜਰੂਰੀ ਸੀ ਕਿ ਇਹ ਉਹ ਹਿੱਸਾ ਹੈ ਜਿਸ ਦੇ ਅਸ਼ਲੀਲ ਐਮ ਐਮ ਐਸ ਨਹੀਂ ਬਣੇ ਜਾਂ ਬਜ਼ਾਰ ਵਿੱਚ ਨਹੀਂ ਆਏ।


ਸਕੂਲਾਂ ਵਿੱਚ ਸੈਕਸ ਸਿੱਖਿਆ ਦੀ ਅਣਹੋਂਦ ਕਾਰਨ ਲੜਕੀਆਂ ਦਾ ਭਟਕ ਜਾਣਾ ਆਮ ਗੱਲ ਹੋ ਚੁੱਕੀ ਹੈ। ਬਹੁਤੇ ਪੜ੍ਹੇ ਲਿਖੇ ਮਾਪੇ ਵੀ ਅਪਣੇ ਬੱਚਿਆਂ ਨੂੰ ਸੈਕਸ ਸਿੱਖਿਆ ਦੇਣ ਵਿੱਚ ਝਿਜਕ ਮਹਿਸੂਸ ਕਰਦੇ ਹਨ , ਭਾਵੇਂ ਉਹ ਸਮਝਦੇ ਹਨ ਕਿ ਇਹ ਸਿੱਖਿਆ ਅਤਿ ਜਰੂਰੀ ਹੈ। ਪਰ ਇਸ ਤੋਂ ਹਟਵੀਂ ਸਿਖਿਆ ਜੋ ਅਸੀਂ ਦੇ ਸਕਦੇ ਹਾਂ ਉਸ ਪਾਸੇ ਵੱਲ ਧਿਆਨ ਹੀ ਨਹੀਂ ਜਾਂਦਾ। ਅਤੇ ਬਾਅਦ ਵਿੱਚ ਮੱਥੇ ਤੇ ਹੱਥ ਮਾਰਨ ਤੋਂ ਇਲਾਵਾ ਕੁੱਝ ਵੀ ਨਹੀਂ ਕਰ ਸਕਦੇ। ਲੜਕੇ ਲੜਕੀਆਂ ਵਲੋਂ ਵਿਆਹ ਤੋਂ ਪਹਿਲਾਂ ਸ਼ਰੀਰਕ ਸਬੰਧ ਨਾਜਾਇਜ਼ ਹਨ ਜਾਂ ਜਾਇਜ਼ ਇਹ ਇੱਕ ਬਹਿਸ ਦਾ ਵਿਸ਼ਾ ਹੈ ਅਤੇ ਜੇ ਉਨ੍ਹਾਂ ਨੂੰ ਸੱਭਿਅਤਾ ਦਾ ਵਾਸਤਾ ਦੇ ਕੇ ਸਮਝਾਉਣਾ ਹੈ ਤਾਂ ਕਿਵੇਂ ਸਮਝਾਇਆ ਜਾਵੇ ਇਹ ਵੱਖਰਾ ਵਿਸ਼ਾ ਹੈ। ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਹਰੇ ਸਰੀਰਕ ਸਬੰਧ ਕਿਸੇ ਦੇ ਵੀ ਹੋ ਸਕਦੇ ਹਨ। ਪਰ ਅਸ਼ਲੀਲ ਐਮ ਐਮ ਐਸ ਦਾ ਸ਼ਿਕਾਰ ਸਿਰਫ਼ ਉਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਮਾਪਿਆਂ ਨੇ ਭੋਲ਼ੀਆਂ ਰੱਖ ਲਿਆ ਹੁੰਦਾ ਹੈ, ਜਿਨ੍ਹਾਂ ਨੂੰ ਅਸੱਭਿਅਕ ਸਮਾਜ ਤੋਂ ਪਾਸੇ ਰਹਿਣਾ ਤਾਂ ਸਿਖਾਇਆ ਜਾਂਦਾ ਹੈ ਪਰ ਉਸ ਅਸੱਭਿਅਕ ਸਮਾਜ ਵਿੱਚ ਮਹਿਫ਼ੂਜ਼ ਰਹਿਣ ਬਾਰੇ ਕੁੱਝ ਨਹੀਂ ਸਿਖਾਇਆ ਜਾਂਦਾ। ਅਣਖ ਦੀ ਖਾਤਰ ਹੁੰਦੇ ਕਤਲ ਵੀ ਕਿਸੇ ਨਾ ਕਿਸੇ ਤਰਾਂ ਅਸ਼ਲੀਲ ਐਮ ਐਮ
ਐਸ ਵਿੱਚੋਂ ਪੈਦਾ ਹੋਏ ਸੰਭਾਵੀ ਖਤਰੇ ਕਾਰਨ ਹੀ ਹੁੰਦੇ ਹਨ। ਜਦੋਂ ਸਮਾਜ ਦੀਆਂ ਉੰਗਲਾਂ ਸ਼ਰੀਫ਼ ਘਰਾਂ ਵੱਲ ਉੱਠਦੀਆਂ ਹਨ ਤਾਂ ਘਰਾਂ ਵਿੱਚੋਂ ਲਾਸ਼ਾਂ ਹੀ ਨਿਕਲਦੀਆਂ ਹਨ। ਉਹ ਲਾਸ਼ਾਂ ਜੋ ਇਨ੍ਹਾਂ ਸੰਭਾਵੀ ਖਤਰਿਆਂ ਪ੍ਰਤੀ ਅਣਗਹਿਲੀ ਵਰਤ ਜਾਂਦੀਆਂ ਹਨ।


ਸਮਾਜ ਗਰਕ ਰਿਹਾ ਹੈ, ਸਮਾਜ ਤਰੱਕੀ ਕਰ ਰਿਹਾ ਹੈ। ਦੋਵੇਂ ਸ਼ਬਦ ਇੱਕ ਦੂਜੇ ਦੇ ਵਿਰੋਧੀ ਸ਼ਬਦ ਹੋਣ ਦੇ ਬਾਵਜੂਦ ਸਮਾਂਤਰ ਚੱਲ ਰਹੇ ਹਨ। ਬਚਾਅ ਸਿਰਫ਼ ਸਮਾਜਿਕ ਜਾਗਰੂਕਤਾ ਰਾਹੀਂ ਹੀ ਹੋ ਸਕਦਾ ਹੈ ਕਿਉਂਕਿ ਅਸੀਂ ਬਹੁਤ ਤੜਫ਼ੇ ਹਾਂ, ਕਲਪੇ ਹਾਂ। ਲਾਡਾਂ ਨਾਲ ਪਾਲ਼ੀਆਂ ਨੂੰ ਨਰੜਾਂ ਨਾਲ ਨੂੜਨ ਲਈ ਮਜ਼ਬੂਰ ਹੋਏ ਹਾਂ ਜਾਂ ਹੱਥੀਂ ਉਨ੍ਹਾਂ ਦਾ ਫ਼ਾਹ ਵੱਢਣ ਵਾਲਾ ਅੱਕ ਵੀ ਸਾਨੂੰ ਚੱਬਣਾ ਪਿਆ ਹੈ। ਧੀਆਂ ਪੁੱਤਰ ਕੋਈ ਤਿੱਤਰ ਬਟੇਰੇ ਜਾਂ ਮੁਰਗੇ-ਮੁਰਗੀਆਂ ਨਹੀਂ ਹਨ ਜਿਨ੍ਹਾਂ ਨੂੰ ਪਾਲ਼-ਪੋਸ ਕੇ ਵੱਢਣਾ ਹੁੰਦਾ ਹੈ, ਨਾ ਹੀ ਮੱਝਾਂ ਗਾਵਾਂ ਹਨ ਜਿਨ੍ਹਾਂ ਨੂੰ ਉਮੀਦਾਂ ਤੇ ਖਰੇ ਨਾ ਉਤਰਨ ਕਾਰਨ ਗਲ਼ੋਂ ਲਾਹੁਣਾ ਹੁੰਦਾ ਹੈ। ਧੀਆਂ-ਪੁੱਤ ਕੋਈ ਹੱਡ-ਮਾਸ ਦਾ ਟੁਕੜਾ ਨਹੀਂ, ਉਨ੍ਹਾਂ ਦਾ ਵੀ ਸਮਾਜਿਕ ਰੁਤਬਾ ਹੈ, ਸਮਾਜਿਕ ਪਹਿਚਾਣ ਹੈ। ਉਹ ਵੀ ਅਪਣੇ ਮਨ ਵਿੱਚ ਅਪਣੇ ਲਈ ਸੁਪਨੇ ਸੰਜੋਅ ਕੇ ਰੱਖਦੇ ਹਨ। ਭਟਕੇ ਹੋਏ ਨੂੰ ਰਾਹ ਤੇ ਲਿਆਉਣਾ ਸਾਡਾ ਫਰਜ਼ ਹੈ, ਨਾ ਕਿ ਭਟਕੇ ਹੋਏ ਨੂੰ ਹੋਰ ਭਟਕਣ ਦੇਣਾ।ਜੇਕਰ ਅਸੀਂ ਉਨ੍ਹਾਂ ਤੋਂ ਕੋਈ ਉਮੀਦ ਰੱਖਣੀ ਹੈ, ਤਾਂ ਉਨ੍ਹਾਂ ਨੂੰ ਉਸ ਦੇ ਕਾਬਲ ਬਣਾਉਣਾ ਵੀ ਸਾਡਾ ਹੀ ਫ਼ਰਜ਼ ਹੈ, ਗੁਆਂਢੀਆਂ ਦਾ ਨਹੀਂ।  ਕਿਤੇ ਇਹ ਨਾ ਹੋਵੇ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਦਾਜ ਦੀ ਬਜਾਏ ਐਮ ਐਮ ਐਸ ਕਾਰਨ ਭਰੂਣ ਹੱਤਿਆ ਵਰਗੇ ਗੈਰ ਮਨੁੱਖੀ ਅਪਰਾਧ ਕਰਨੇ ਪੈਣ। ਹਰ ਘਰ ਵਿੱਚ ਜੁਆਕ ਮੋਬਾਈਲਾਂ ਦੇ ਫੰਕਸ਼ਨ ਵੱਡਿਆਂ ਨਾਲੋਂ ਸੋਖਿਆਂ ਹੀ ਸਿੱਖ ਲੈਂਦੇ ਹਨ। ਮੇਰਾ ਇੱਕ ਲੜਕਾ ਹੈ ਉਮਰ 9 ਸਾਲ ਅਤੇ ਇੱਕ ਲੜਕੀ ੳਮਰ 6 ਸਾਲ। ਮੇਰੇ ਮੋਬਾਈਲ ਨਾਲ ਉਨ੍ਹਾਂ ਨੇ ਪੰਗੇ ਲੈ-ਲੈ ਕੇ ਏਨਾ ਕੁੱਝ ਸਿੱਖ ਲਿਆ ਹੈ ਕਿ ਦੱਸਣ ਦੀ ਲੋੜ ਨਹੀਂ। ਕਦੇ ਐਡਵੋਕੇਟ ਹਰਿੰਦਰ ਲਾਲੀ ਨੂੰ ਖਾਲੀ ਮੈਸੇਜ ਕਦੇ ਮਿੱਸ ਕਾਲਾਂ, ਕਦੇ ਕਿਸੇ ਨੂੰ ਮਿੱਸ ਕਾਲਾਂ ਕਦੇ ਫੋਨ ਕਰ-ਕਰ ਕੇ ਉਨ੍ਹਾਂ ਨੇ ਪਤਾ ਨਹੀਂ ਫੋਨ ਵਿੱਚੋਂ ਕਿੰਨੇ ਪੈਸੇ ਫਜ਼ੂਲ ਉਡਾਏ ਹਨ। ਪਰ ਮੈਂ ਇਨ੍ਹਾਂ ਨੂੰ ਫਜੂਲ ਨਹੀਂ ਗਿਣਦਾ। ਇਹ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਹੈ। ਉਹ ਅਜੇ ਛੋਟੇ ਹਨ, ਵੱਡੇ ਹੋ ਜਾਣਗੇ ਹੋਰ ਵੀ ਕਾਫ਼ੀ ਕੁੱਝ ਸਿੱਖ ਜਾਣਗੇ, ਏਨਾ ਕੁੱਝ ਸਿੱਖ ਜਾਣਗੇ ਕਿ ਮੈਨੂੰ ਵੀ ਸਿਖਾਉਣ ਦੇ ਕਾਬਲ ਹੋ ਜਾਣਗੇ। ਪਰ ਅਜੇ ਉਹ ਬੱਚੇ ਹਨ। ਟੈਕਨੋਲੋਜੀ ਸਿੱਖ ਗਏ ਹਨ, ਫਾਇਦੇ ਸਿੱਖ ਗਏ ਹਨ, ਨੁਕਸਾਨਾਂ ਦੀ ਵੀ ਸਮਝ ਆਉਣ ਲੱਗ ਪਈ ਹੈ। ਪਰ ਸਮਾਜਿਕ ਨੁਕਸਾਨ, ਮਾਨਸਿਕ ਨੁਕਸਾਨ ਬਾਰੇ ਸਾਨੂੰ ਆਪ ਹੀ ਅਪਣੇ ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ-ਸਨੇਹੀਆਂ ਨੂੰ ਸਤਰਕ ਕਰਨਾ ਪਵੇਗਾ।


ਮੈਂ ਮੋਬਾਈਲ ਰਾਹੀਂ ਅਪਣੇ ਬੱਚਿਆਂ ਦੀਆਂ ਕਵਿਤਾਵਾਂ/ਸ਼ਰਾਰਤਾਂ  ਦੀ ਵੀਡੀਓ ਬਣਾ ਕੇ ਬਹੁਤੇ ਰਿਸ਼ਤੇਦਾਰਾਂ, ਮਿੱਤਰਾਂ ਦੇ ਫੋਨਾਂ ਵਿੱਚ ਭੇਜ ਚੁੱਕਿਆ ਹਾਂ ਤੇ ਉਨ੍ਹਾਂ ਦੇ ਬੱਚਿਆਂ ਦੀਆਂ ਸ਼ਰਾਰਤਾਂ ਮੇਰੇ ਬੱਚੇ ਮੇਰੇ ਫੋਨ ਰਾਹੀਂ ਘਰ ਬੈਠੇ ਵੇਖ ਲੈਂਦੇ ਹਨ। ਉਨ੍ਹਾਂ ਨੂੰ ਏਨੀ ਕੁ ਸਮਝ ਆ ਗਈ ਹੈ ਕਿ ਜਦੋਂ ਡੈਡੀ ਫੋਨ ਵਿੱਚ ਫਿਲਮ ਬਣਾਉਣ ਲਗਦੇ ਹਨ ਤਾਂ ਕੋਈ ਵੀ ਅਜਿਹੀ ਸ਼ਰਾਰਤ ਨਾ ਕਰੀਏ ਕਿ ਬਾਅਦ ਵਿੱਚ ਨਮੋਸ਼ੀ ਝੱਲਣੀ ਪਵੇ। ਜਦੋਂ ਕਦੇ ਉਹ ਪੜ੍ਹਾਈ ਜਾਂ ਸ਼ਰਾਰਤਾਂ ਕਾਰਨ ਕੁੱਟ ਖਾ ਲੈਂਦੇ ਹਨ ਤਾਂ ਉਨ੍ਹਾਂ ਦੇ ਰੋਂਦਿਆਂ ਦੀ ਵੀਡੀਓ ਬਣਾਉਣ ਦਾ ਇਹ ਫਾਇਦਾ ਹੁੰਦਾ ਹੈ ਕਿ ਉਹ ਮੋਬਾਈਲ ਸਾਹਮਣੇ ਰੋਂਦੇ-ਰੋਂਦੇ ਹੱਸਣ ਲੱਗ ਜਾਂਦੇ ਹਨ। ਉਨ੍ਹਾਂ ਨੂੰ ਪਤਾ ਹੈ ਜਦ ਉਨ੍ਹਾਂ ਦੇ ਹਮਉਮਰ ਇਹ ਰੋਂਦਿਆਂ ਦੀ ਫਿਲਮ ਵੇਖਣਗੇ ਤਾਂ ਚਿੜਾਉਣਗੇ ਜਾਂ ਮਖੌਲ ਉਡਾਉਣਗੇ। ਉਹ ਸਤਰਕ ਹੋ ਜਾਂਦੇ ਹਨ। ਇਹ ਸਤਰਕਤਾ ਅੱਲੜ੍ਹ ਉਮਰ ਦੇ ਬੱਚਿਆਂ ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ। ਕਿਉਂਕਿ  ਭਟਕਣ ਦੀ ਉਮਰ ਵਿੱਚ ਵੀ ਉਹ ਅਪਣੇ ਆਪ ਬਾਰੇ ਪੂਰਨ ਤੌਰ ਤੇ ਸੁਚੇਤ ਰਹਿਣਗੇ।  ਇਹ ਤਾਂ ਸੀ ਬੱਚਿਆਂ ਦੇ ਸਤਰਕ ਹੋਣ ਦੀ ਗੱਲ। ਏਸੇ ਤਰਾਂ ਅੱਲੜ੍ਹ ਉਮਰ ਦੇ ਨੋਜਵਾਨ ਲੜਕੇ ਲੜਕੀਆਂ ਨੂੰ ਵੀ ਸਤਰਕ ਕੀਤਾ ਜਾ ਸਕਦਾ ਹੈ। ਲੜਕੇ ਤੇਜ਼ ਹੁੰਦੇ ਹਨ, ਲੜਕੀਆਂ ਨੂੰ ਹੀ ਸਤਰਕ ਕਰਨਾ ਲਾਜ਼ਮੀ ਅਤੇ ਗੁੰਝਲਦਾਰ ਹੈ। ਉਸ ਦੀ ਭਰਾਵਾਂ ਨਾਲ ਜਾਂ ਗੁਆਂਢੀਆਂ ਨਾਲ ਲੜਦੀ ਦਾ ਐਮ ਐਮ ਐਸ ਬਣਾ ਕੇ ਕਹਿਣਾ ਕਿ ਇਹ ਤੇਰੇ ਹੋਣ ਵਾਲੇ ਸਹੁਰਿਆਂ ਨੂੰ ਭੇਜਾਂਗੇ। ਅਜਿਹੇ ਐਮ ਐਮ ਐਸ ਭਰਾ ਦੇ ਫੋਨ ਤੋਂ ਡੈਡੀ ਦੇ ਫੋਨ ਤੇ ਭੇਜਣੇ ਸਿਖਾਏ ਜਾਣ, ਭੈਣਾਂ ਅਤੇ ਜੀਜੇ ਦੇ ਫੋਨ ਤੇ ਭੇਜੀਏ ਤਾਂ ਲਾਜ਼ਮੀ ਹੈ ਕਿ ਇਸ ਟੇਢੇ ਢੰਗ ਨਾਲ ਦਿੱਤੀ ਜਾਣਕਾਰੀ ਉਸ ਲਈ ਸਹਾਈ ਸਿੱਧ ਹੋਵੇਗੀ। ਤੇ ਉਹ ਮੋਬਾਈਲ ਦੇ ਖਤਰਿਆਂ ਤੋਂ ਹਮੇਸ਼ਾ ਸਤਰਕ ਰਹੇਗੀ। ਜਿੰਨੀ ਲੋੜ ਉਸ ਨੂੰ ਸਮਝਾਉਣ ਦੀ ਹੈ ਉਸ ਤੋਂ ਕਿਤੇ ਵੱਧ ਲੋੜ ਆਪ ਸਮਝਣ ਦੀ ਹੈ। ਲੋੜ ਸਾਨੂੰ ਅਪਣੀ ਔਲਾਦ ਤੇ ਵਿਸ਼ਵਾਸ ਕਰਨ ਦੀ ਹੈ। ਉਸ ਦੇ ਸਭ ਤੋਂ ਨੇੜਲੇ ਮਿੱਤਰ ਅਤੇ ਦੁਸ਼ਮਣ ਅਸੀਂ ਹੀ ਹਾਂ। ਜੇ ਕਰ ਸਾਡੀ ਲੜਕੀ ਨੂੰ ਟੈਕਨੋਲੋਜੀ ਦੀ ਪੂਰੀ ਜਾਣਕਾਰੀ ਹੋਵੇਗੀ ਤਾਂ ਅਜਿਹੀ ਨੋਬਤ ਕਦੇ ਨਹੀਂ ਆਏਗੀ ਕਿ ਕੋਈ ਮਨਚਲਾ ਉਸ ਨੂੰ ਪ੍ਰੇਸ਼ਾਨ ਕਰ ਸਕੇ। ਕਿਉਂਕਿ ਉਹ ਅਪਣੇ ਪੈਰਾਂ ਤੇ ਹੀ ਨਹੀਂ ਅਪਣੇ ਵਿਸ਼ਵਾਸ ਤੇ ਵੀ ਖੜੀ ਹੋਵੇਗੀ। ਅਜਿਹਾ ਤਦੇ ਹੀ ਹੋਵੇਗਾ ਜਦੋਂ ਅਸੀਂ ਉਸ ਨੂੰ ਪੁੱਤਰਾਂ ਬਰਾਬਰ ਹੀ ਨਹੀਂ ਪੁੱਤਰਾਂ ਵਾਂਗ ਹੀ ਉਸ ਦੀ ਪਰਵਰਿਸ਼ ਕਰਾਂਗੇ। ਜਦੋਂ ਤੱਕ ਉਹ ਮੁੰਡਿਆਂ ਵਿੱਚ ਕੁੜੀਆਂ ਵਾਂਗ ਵਿਚਰੇਗੀ ਉਦੋਂ ਤੱਕ ਅਸੀਂ ਉਸ ਬਾਰੇ ਫਿਕਰਮੰਦ ਹੀ ਰਹਾਂਗੇ। ਜਦੋਂ ਉਹ ਮੁੰਡਿਆਂ ਵਿੱਚ ਮੁੰਡਿਆਂ ਵਾਂਗ ਰਹੇਗੀ ਤਾਂ ਕੋਈ ਉਸ ਦੀ ਅਣਖ ਵੱਲ ਝਾਕਣ ਦੀ ਹਿੰਮਤ ਵੀ ਨਹੀਂ ਕਰੇਗਾ। ਉਸ ਦਾ ਆਤਮ-ਵਿਸ਼ਵਾਸ ਹੀ ਉਸ ਦੀ ਪਹਿਚਾਣ ਹੋਵੇਗੀ। ਆਤਮ-ਵਿਸ਼ਵਾਸ ਉਸ ਨੂੰ ਸਿਰਫ਼ ਥਿੜ੍ਹਕਣ ਤੋਂ ਹੀ ਨਹੀਂ ਬਚਾਏਗਾ।  ਆਤਮ-ਵਿਸ਼ਵਾਸ ਕਾਰਨ ਉਸ ਨੂੰ ਅਪਣੀ ਜ਼ਿੰਦਗੀ ਬਾਰੇ ਲਏ ਗਏ ਹਰ ਸੂਖਮ ਤੋਂ ਸੂਖਮ ਅਤੇ ਵੱਡੇ ਤੋਂ ਵੱਡੇ ਫੈਸਲੇ 'ਤੇ ਵੀ ਕੋਈ ਨਮੋਸ਼ੀ ਨਹੀਂ ਹੋਵੇਗੀ, ਸਗੋਂ ਸਮਾਜ ਅੱਗੇ ਅਪਣਾ ਪੱਖ ਮਜ਼ਬੂਤੀ ਨਾਲ ਰੱਖਣ ਦੇ ਕਾਬਲ ਵੀ ਹੋਵੇਗੀ। ਗੁਰਬਾਣੀ ਵਿੱਚ ਲਿਖਿਆ ਹੈ, "ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣ"। ਜੇ ਕਿਸੇ ਨੇ ਗੁਰਬਾਣੀ ਦੀ ਏਸ ਤੁੱਕ ਤੇ ਅਮਲ ਨਹੀਂ ਕਰਨਾ ਹੈ ਤਾਂ ਨਾ ਕਰੇ ਪਰ ਏਨਾ ਖ਼ਿਆਲ ਜਰੂਰ ਰੱਖਣਾ ਚਾਹੀਦਾ ਹੈ ਕਿ ਜੇ ਬੇਗਾਨੀਆਂ ਸਾਡੀਆਂ ਮਾਵਾਂ ਧੀਆਂ ਭੈਣਾਂ ਨਹੀਂ ਵੀ ਹਨ ਤਾਂ ਉਹ ਕਿਸੇ ਦੀਆਂ ਧੀਆਂ ਭੈਣਾਂ ਤਾਂ ਹਨ ਹੀ। ਜਿਵੇਂ ਅਸੀਂ ਕਿਸੇ ਦੀਆਂ ਧੀਆਂ ਭੈਣਾਂ ਨੂੰ ਸਮਝਦੇ ਹਾਂ, ਉਵੇਂ ਹੀ ਕੋਈ ਸਾਡੀਆਂ ਧੀਆਂ-ਭੈਣਾਂ ਨੂੰ ਸਮਝੇਗਾ। ਆਓ ਇਸ ਸਮਾਜਿਕ ਕੋਹੜ ਨੂੰ ਅਪਣੇ ਘਰਾਂ ਵੱਲ ਵਧਣ ਤੋਂ ਰੋਕੀਏ ਅਤੇ ਪ੍ਰਣ ਕਰੀਏ ਕਿ ਅਸੀਂ ਅਪਣੀਆਂ ਲੜਕੀਆਂ ਨੂੰ ਲੜਕਿਆਂ ਬਰਾਬਰ ਖੁੱਲ੍ਹ ਅਤੇ ਅਧਿਕਾਰ ਦੇਣੇ ਹਨ। ਯਾਦ ਰੱਖੋ ਕਸੂਰ ਹਮੇਸ਼ਾ ਲੜਕੀਆਂ ਦਾ ਹੀ ਕੱਢਿਆ ਜਾਂਦਾ ਹੈ, ਨਮੋਸ਼ੀ ਲੜਕੀ ਪੱਖ ਨੂੰ ਹੀ ਝੱਲਣੀ ਪੈਂਦੀ ਹੈ। ਇਸ ਲਈ ਜ਼ਿਆਦਾ ਸਿੱਖਿਅਤ ਜ਼ਿਆਦਾ ਆਤਮ ਨਿਰਭਰ ਲੜਕੀਆਂ ਨੂੰ ਹੀ ਬਣਾਉਣਾ ਪਵੇਗਾ। ਲੜਕੀਆਂ ਨੂੰ ਭੋਲ਼ੀਆਂ ਨਹੀਂ ਉਨ੍ਹਾਂ ਨੂੰ ਚੁਸਤ-ਚਲਾਕ ਬਣਾਉਣਾ ਪਵੇਗਾ। ਤਦੇ ਹੀ ਸਾਡੇ ਮੂੰਹ ਤੇ ਅਖੌਤੀ ਨੱਕ ਸ਼ਾਨ ਨਾਲ ਰਹਿ ਸਕੇਗਾ।


****
ਮੋਬ. +91 94633 89628

No comments: