ਅਸਥਿਰ ਸਮਾਂ.......... ਨਜ਼ਮ/ਕਵਿਤਾ / ਕਾਕਾ ਗਿੱਲ


ਛੇਤੀ ਖ਼ਤਮ ਹੋ ਜਾਣਾ ਹੈ ਇਹ ਵਿਛੋੜਾ।
ਫਿਰ ਵੀ ਮਿੱਠਾ ਮਿੱਠਾ ਦਰਦ ਹੁੰਦਾ ਥੋੜਾ।

ਸੁਗੰਧੀਆਂ ਭਰੇ ਸੁਨੇਹੇ ਲੈਕੇ ਖ਼ਤ ਹਰ ਹਫ਼ਤੇ
ਮੇਰਾ ਹਾਲ ਪੁੱਛਦੇ ਅਤੇ ਤੇਰਾ ਹਾਲ ਦੱਸਦੇ
ਚੁੰਝਾਂ ਜੋੜਕੇ ਕਲੋਲਾਂ ਕਰਕੇ ਬਨੇਰੇ ਤੇ ਬੈਠਾ
ਤੇਰੇ ਆਉਣ ਦਾ ਸੰਦੇਸ਼ਾ ਦਿੰਦਾ ਕਾਂਵਾਂ ਦਾ ਜੋੜਾ।


ਨਗਰ ਤੇਰੇ ਵੱਲੋਂ ਮੁਸਾਫਿਰ ਰੋਜ਼ ਇੱਥੇ ਰੁਕਦੇ
ਰਾਹ ਤੋਂ ਭੁੱਲੇ ਭਟਕੇ ਰੁਕਕੇ ਰਾਹ ਪੁੱਛਦੇ
ਦੱਸਨਾਂ ਮੈਂ ਉਹਨਾਂ ਨੂੰ ਹਰਿੱਕ ਮੋੜ ਬਾਰੇ
ਖੁਦ ਜਾ ਮੱਲ ਲੈਨਾਂ ਵੀਰਾਨਿਆਂ ਖੂਹ ਬੋੜਾ।

ਸੱਧਰਾਂ ਨਾਲ ਗੱਡੀਓਂ ਉੱਤਰਦਾ ਹਰਿੱਕ ਚਿਹਰਾ ਦੇਖਾਂ
ਤੂੰ ਕਿਤੇ ਨਜਰ ਆ ਜਾਵੇਂ ਗਹੁ ਲਾਕੇ ਦੇਖਾਂ
ਵਕਤ ਬਿਤਾਵਾਂ ਤੇਰੀਆਂ ਸੋਚਾਂ ਨਾਲ ਮਨ ਲੱਦਕੇ
ਦਿਨ ਦੇ ਸੁਫ਼ਨੇ ਤੋੜਾਂ ਪਾਣੀ ਵਿੱਚ ਸੁੱਟਕੇ ਰੋੜਾ।

ਮਿਲਣ ਦੀ ਤਰੀਕ ਪਲੋ ਪਲ ਨੇੜੇ ਆਵੇ
ਕਲਪਨਾ ਕਰਕੇ ਹੀ ਦਿਲ ਦੀ ਧਰਕਣ ਵਧ ਜਾਵੇ
ਬਾਹਾਂ ਦੀ ਗਰਮੀ ਨਾਲ ਜਦ ਤੂੰ ਪਿਘਲੇਂਗੀ
ਸਮੇਂ ਦਾ ਅਹਿਸਾਸ ਰੜਕਦਾ ਬਣਕੇ ਅੱਲ੍ਹਾ ਫੋੜਾ।
****

No comments: