ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ.........ਰੀਵਿਊ / ਬਲਜੀਤ ਖੇਲਾ (ਸਿਡਨੀ), ਆਸਟ੍ਰੇਲੀਆ


ਮਰਹੂਮ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੀ ਯਾਦ ਨੂੰ ਤਾਜ਼ਾ ਰੱਖਣ ਵਿੱਚ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਦਾ ਬੜਾ ਵੱਡਾ ਹੱਥ ਹੈ। ਉਸਨੇ ਯਮਲੇ ਨੂੰ ਬਾਲ ਅਵਸਥਾ ਵਿੱਚ ਹੀ ਆਪਣਾ ਉਸਤਾਦ ਧਾਰ ਲਿਆ ਸੀ। ਉਸਨੇ ਉਸਦੀ ਤੂੰਬੀ ਨਾਲ ਗਾਇਆ ਵੀ ਤੇ ਉਸ ਬਾਰੇ ਲਿਖਿਆ ਵੀ ਬਹੁਤ ਹੈ। ਸਮੇਂ-ਸਮੇਂ ‘ਤੇ ਲਿਖ ਕੇ ਆਪਣੇ ਉਸਤਾਦ ਦੇ ਪਰਿਵਾਰ ਦੀ ਆਵਾਜ਼ ਵੀ ਉਹ ਬੁਲੰਦ ਕਰਦਾ ਰਹਿੰਦਾ ਹੈ। ਹੁਣੇ ਜਿਹੇ ਪੰਜਾਬੀ ਯੂਨੀਵਰਸਟੀ ਪਟਿਆਲਾ ਨੇ ਉਸ ਪਾਸੋਂ ‘ਲਾਲ ਚੰਦ ਯਮਲਾ ਜੱਟ–ਜੀਵਨ ਤੇ ਕਲਾ’ ਨਾਂ ਹੇਠ ਇੱਕ ਪੁਸਤਕ ਲਿਖਵਾਈ ਹੈ। ਮੈਂ ਸਮਝਦਾ ਹਾਂ ਕਿ ਯੂਨੀਵਰਸਿਟੀ  ਨੂੰ ਇਸੇ ਲੜੀ ਤਹਿਤ ਅਜਿਹੇ ਕਲਾਕਾਰਾਂ ਤੇ ਉਹਨਾਂ ਦੇ ਜੀਵਨ ਤੇ ਕਲਾਵਾਂ ਬਾਰੇ ਲਿਖਵਾਉਣ ਤੇ ਸਾਂਭਣ ਲਈ ਯਤਨ ਕਰਨੇ ਚਾਹੀਦੇ ਹਨ। 142 ਪੰਨਿਆਂ ਦੀ ਇਹ ਪੁਸਤਕ ਦਰਵੇਸ਼ ਲੋਕ-ਗਾਇਕ ਯਮਲੇ ਜੱਟ ਦੀ ਸਾਂਝ ਤੇ ਪਿਆਰ ਨੂੰ ਉਸਦੇ ਸ੍ਰੋਤਿਆਂ ਤੇ ਪ੍ਰਸੰਸਕਾਂ ਨਾਲ ਹੋਰ ਪੱਕਿਆਂ ਕਰਦੀ ਹੈ। ਕਿੱਥੇ ਉਹ ਜੰਮਿਆਂ ਪਲਿਆ, ਕਿਹੋ-ਜਿਹੇ ਜ਼ਮਾਨੇ ਸਨ, ਉਸ ਸਮੇਂ ਦਾ ਸੰਗੀਤ ਤੇ ਸਮਾਜਿਕ ਆਲਾ-ਦੁਆਲਾ,
ਯਮਲੇ ਜੱਟ ਦਾ ਤੰਗੀਆਂ ਤੁਰਸ਼ੀਆਂ ਭਰਿਆ ਬਚਪਨ, ਬਾਲ-ਉਮਰੇ ਪਿਤਾ ਦਾ ਮਰਨਾ, ਮਾਂ ਨਾਲ ਨਾਨਕੇ ਆਉਣਾ, ਮਹਾਨ ਉਸਤਾਦਾਂ ਦੀ ਸੰਗਤ, ਦੇਸ਼ ਦੀ ਵੰਡ (ਜਿਸਦਾ ਜਿ਼ਕਰ ਯਮਲਾ ਆਪਣੀ ਜ਼ੁਬਾਨੀ ਇਸ ਪੁਸਤਕ ਵਿੱਚ ਕਰਦਾ ਹੈ, ਬੜਾ ਤ੍ਰਾਸਦਿਕ ਹੈ), ਲੁਧਿਆਣੇ ਡੇਰਾ ਲਾਉਣਾ, ਰਾਮ ਨਰੈਣ ਸਿੰਘ ਦਰਦੀ ਦੇ ਬਾਗ ਵਿੱਚ ਮਾਲੀ ਲੱਗਣਾ ਤੇ ਉਸ ਨਾਲ ਕਵੀ ਦਰਬਾਰਾਂ ਵਿੱਚ ਜਾ ਕੇ ਗਾਉਣਾ, ਪ੍ਰਸਿੱਧੀ ਦੇ ਦਿਨ, ਤੂੰਬੀ ਕਿਵੇਂ ਬਣਾਈ, ਯਮਲਾ ਨਾਂ ਕਿਵੇਂ ਪਿਆ, ਸਾਧੂ ਮਹਾਤਾਵਾਂ ਦੀ ਸੰਗਤ, ਗੀਤਾਂ ਦੀ ਪੇਸ਼ਕਾਰੀ, ਯਮਲੇ ਦਾ ਅਨੁਭਵ ਤੇ ਉਸਦੀ ਗਾਇਨ ਕਲਾ, ਜੀਵਨ ਦੇ ਕਠਿਨ ਪੈਂਡੇ ਦੀਆਂ ਅਭੁੱਲ ਯਾਦਾਂ ਆਦਿ ਸਾਰਾ ਕੁਝ ਬਹੁਤ ਵਿਸਥਾਰ ਤੇ ਬਾਰੀਕੀ ਨਾਲ ਇਸ ਪੁਸਤਕ ਵਿੱਚ ਬਿਆਨਿਆ ਗਿਆ ਹੈ। ਨਿੰਦਰ ਘੁਗਿਆਣਵੀ ਉਸਦਾ ਸਿ਼ਸ਼ ਰਿਹਾ ਤੇ ਸਿਰੜੀ ਖੋਜੀ ਹੋਣ ਕਰਕੇ ਵੀ ਇਹ ਸਾਰੀ ਕਥਾ ਸਮੱਗਰੀ ਬੜੀ ਸੌਖ ਨਾਲ ਜੁਟਾ ਗਿਆ, ਕਿਸੇ ਹੋਰ ਲਈ ਕਰਨਾ ਇਹ ਕੰਮ ਔਖਾ ਸੀ। ਇਸ ਸਭ ਤੋਂ ਇਲਾਵਾ ਉਸਨੇ ਇੱਕ ਵਿਸ਼ਲੇਸ਼ਕ ਵਜੋਂ ਯਮਲੇ ਦੇ ਚੋਣਵੇਂ ਗੀਤਾਂ ਦਾ ਵਿਸ਼ਾ-ਵਸਤੂ, ਲਿਖਣ ਸ਼ੈਲੀ ਤੇ ਗੀਤ ਰਚਨਾ ਪ੍ਰਕਿਰਿਆ ਆਦਿ ਦਾ ਵਿਸ਼ਲੇਸ਼ਣ ਕਰਦਿਆਂ ਬੜੇ ਦਿਲਚਸਪ ਤੱਥ ਪੇਸ਼ ਕੀਤੇ ਹਨ। ਇਹ ਕਿਤਾਬ ਪੜ੍ਹ ਕੇ ਅਹਿਸਾਸ ਹੁੰਦਾ ਹੈ ਕਿ ਆਪਣੇ ਸਮਕਾਲੀ ਕਲਾਕਾਰਾਂ, ਬੁੱਧੀਜੀਵੀਆਂ ਤੇ ਸੰਗੀਤਕਾਰਾਂ ਵਿੱਚ ਯਮਲੇ ਦੀ ਸ਼ਖ਼ਸੀਅਤ ਕਿੰਂਨੀ ਪਿਆਰੀ ਤੇ ਮਾਣਯੋਗ ਸੀ। ਯਮਲਾ ਜੱਟ ਦੀ ਦਰਵੇਸ਼ੀ ਦੇ ਦੀਦਾਰ ਵੀ ਹੁੰਦੇ ਹਨ। ਉਸਦੀਆਂ 50 ਤੋਂ ਵੀ ਵੱਧ ਪੁਰਾਣੀਆਂ ਯਾਦਗਾਰੀ ਤਸਵੀਰਾਂ ਇਸ ਪੁਸਤਕ ਦਾ ਸਿ਼ੰਗਾਰ ਬਣੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਨਿੰਦਰ ਘੁਗਿਆਣਵੀ ਇਸ ਉਪਰਾਲੇ ਲਈ ਸ਼ਲਾਘਾ ਦੇ ਹੱਕਦਾਰ ਹਨ। ਪਾਠਕ ਇਸ ਪੁਸਤਕ ਦੀ ਪ੍ਰਾਪਤੀ ਲਈ ਹੇਠ ਲਿਖੇ ਫੋਨ  ਨੰਬਰ 98152-98459 ‘ਤੇ ਸੰਪਰਕ ਕਰ ਸਕਦੇ ਹਨ।   


****

No comments: