ਦੋ ਨੰਬਰੀ......... ਲੇਖ / ਕੇਹਰ ਸ਼ਰੀਫ਼

ਲੋਕ ਆਮ ਤੌਰ ’ਤੇ ਸਮੇਂ ਦੀ ਧਾਰਾ ਵੇਖ ਕੇ ਚੱਲਣ ਦੇ ਆਦੀ ਹੋ ਗਏ ਹਨ। ਨਵੀਆਂ ਪੈੜਾਂ ਪਾਉਣ ਵਾਲੇ ਬਹੁਤ ਹੀ ਘੱਟ ਲੋਕ ਮਿਲਦੇ ਹਨ, ਜੋ ਸੱਚਮੁੱਚ ਜਿ਼ੰਦਗੀ ਨਾਲ ਸਬੰਧਤ ਗੰਭੀਰ ਮੁੱਦਿਆਂ/ਮਸਲਿਆਂ ਵਲ ਸੁਹਿਰਦਤਾ ਤੇ ਸੋਝੀ ਭਰੀ ਰੁਚੀ ਰੱਖਦੇ ਹੋਣ। ਬਹੁਤੇ ਤਾਂ ‘ਵਗਦੀ ਗੰਗਾ’ ਵਿਚ ਹੱਥ ਧੋ ਕੇ ਆਪਣਾ ਆਪ ਛੱਡ ਹੋਰਾਂ ਵਰਗੇ ਹੋਏ ਚਾਹੁੰਦੇ ਹਨ ਜਾਂ ਫੇਰ ਉਸ ਵੱਗ ਵਿਚ ਰਲ਼ਿਆ ਚਾਹੁੰਦੇ ਹਨ ਜਿਹੜਾ ਵੱਗ ਗਲ਼ ਪਈ ਪੰਜਾਲੀ ਦਾ ਭਾਰ ਢੋਣ ਅਤੇ ਖੋਪੇ ਲੱਗੀ ਜਿ਼ੰਦਗੀ ਹੰਢਾਉਣ ਦਾ ਆਦੀ ਹੋ ਚੁੱਕਿਆਂ ਹੈ, ਕਿਉਂਕਿ ਹਵਾ ਦੇ ਰੁਖ ਚੱਲਣਾ ਸੌਖਾ ਹੁੰਦਾ ਹੈ। ਹਵਾ ਦਾ ਰੁਖ ਮੋੜਨਾ ਔਖਾ ਤਾਂ ਜ਼ਰੂਰ ਹੁੰਦਾ ਹੈ ਪਰ ਅਸੰਭਵ ਬਿਲਕੁਲ ਨਹੀਂ। ਇਤਿਹਾਸ ਵਿਚ ਇਸ ਦੀਆਂ ਕਾਫੀ ਸਾਰੀਆਂ ਮਿਸਾਲਾਂ ਮਿਲਦੀਆਂ ਹਨ।
ਨਵੀਆਂ ਪੈੜਾਂ ਪਾਉਣ ਵਾਸਤੇ ਨਵੀਂ ਸੋਚ ਅਤੇ ਨਵੇਂ ਜੋਸ਼ ਦੀ ਲੋੜ ਪੈਂਦੀ ਹੈ। ਨਵੀਂ ਸੋਚ ਵਾਸਤੇ ਮਨ ਦਾ ਜਗਿਆਸੂ ਤੇ ਖੋਜੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਨਵੇਂ ਤੇ ਪੁਰਾਣੇ ਅਤੇ ਖਰੇ–ਮਾੜੇ ਦੀ ਨਿਰਖ, ਪਰਖ ਕਰਨ ਵਾਸਤੇ ਸੋਚ ਨੂੰ ਤਿੱਖਿਆਂ/ਤਕੜਿਆਂ ਪਰ ਸਮਤੋਲ ਕਰਦਿਆਂ ਨਵੀਆਂ ਧਾਰਨਾਵਾਂ, ਨਵੀਆਂ ਜੁਗਤਾਂ ਨਾਲ ਜੁੜਨਾ/ਜੂਝਣਾ ਪੈਂਦਾ ਹੈ। ਇਹ ਤਾਂ ਫੇਰ ਉਹ ਹੀ ਕਰ ਸਕੇਗਾ ਜਿਸ ਦੇ ਮਨ ਮਸਤਕ ਵਿਚ ਚਿੰਤਨ ਦਾ ਦੀਵਾ ਬਲਦਾ ਹੋਵੇ, ਮਨੁੱਖਤਾ ਦਾ ਦਰਦ ਵਸਦਾ ਹੋਵੇ, ਲੋਕਾਈ ਦਾ ਦੁੱਖ ਹਰਨ ਦੀ ਤਾਂਘ ਘਰ ਕਰੀ ਬੈਠੀ ਹੋਵੇ ਤਾਂ ਫੇਰ ਉਹ ਆਪਣੇ ਵਿਚਾਰਾਂ ਨਾਲ, ਆਪਣੇ ਅਨੁਭਵ ਦੇ ਆਸਰੇ ਹੋਰਨਾਂ ਨੂੰ ਵੀ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕਰਦਿਆਂ ਆਪਣੇ ਨਾਲ ਰਲਾ ਕੇ ਸੱਚ ਦੀ ਇਕ ਲਹਿਰ ਉਸਾਰਨ ਦਾ ਜ਼ੋਖ਼ਮ ਭਰਿਆ ਰਾਹ ਅਪਣਾ ਸਕਦਾ ਹੋਵੇ। ਅਜਿਹਾ ਕਾਰਜ ਕਿਸੇ ਵੀ ਲਹਿਰ ਤੋਂ ਬਿਨਾ ਅੱਗੇ ਨਹੀਂ ਵਧ ਸਕਦਾ। ਜਿਸ ਨੇ ਕਿਸੇ ਚੰਗੇ ਕਾਰਜ ਦਾ ਨਿਸਚਾ ਕਰ ਹੀ ਲਿਆ ਹੋਵੇ ਉਹ ਫੇਰ ਯਤਨ ਕਰਕੇ ਆਪਣੇ ਵਰਗੇ ਹੋਰ ਲੋਕ ਵੀ ਲੱਭ ਹੀ ਲੈਂਦਾ ਹੈ ਜੋ ਉਸ ਕਾਰਜ ਨੂੰ ਨੇਪਰੇ ਚਾੜ੍ਹਨ ਵਾਸਤੇ ਮੱਦਦਗਾਰ ਸਾਬਤ ਹੋ ਸਕਦੇ ਹੋਣ, ਔਖੇ ਕਾਰਜ ਦਾ ਭਾਰ ਵੰਡਾਅ ਸਕਦੇ ਹੋਣ। ਯਤਨ ਜਾਰੀ ਰੱਖੇ ਜਾਣ ਤਾਂ ਕੀਤੀ ਮਿਹਨਤ ਨੂੰ ਫਲ ਪੈਂਦਾ ਹੀ ਹੈ। ਇਹ ਵੀ ਅੱਜ ਦੀ ਦੁੱਖ ਭਰੀ ਅਸਲੀਅਤ ਹੈ ਕਿ ਜਿਵੇਂ ਜਿਵੇਂ ਇਨਸਾਨ ਦੀਆਂ ਪਦਾਰਥਕ ਲੋੜਾਂ ਪੂਰੀਆਂ ਹੁੰਦੀਆਂ ਜਾ ਰਹੀਆਂ ਹਨ ਉਸ ਦੀ ਪਦਾਰਥਕ ਭੁੱਖ ਹੋਰ ਵਧਦੀ ਜਾ ਰਹੀ ਹੈ। ੀੲਸ ‘ਹੋਰ’ ਦੀ ਗੈਰ ਜਰੂਰੀ ਪ੍ਰਾਪਤੀ ਉਸ ਨੂੰ ਗਲਤ ਰਾਹੇ ਤੋਰਦੀ ਹੈ ਜੋ ਆਖਰ ਉਸ ਨੂੰ ਚਰਿਤਰਹੀਣਤਾ ਦੀ ਝੋਲੀ ਪਾ ਦਿੰਦੀ ਹੈ। ਸੋਚਿਆ ਜਾਵੇ ਭਲਾਂ ਇਖ਼ਲਾਕਹੀਣ ਇਨਸਾਨ ਦਾ ਵੀ ਕੋਈ ਜੀਊਣ ਹੁੰਦਾ ਹੈ?

ਹਾਥੀ ਦੇ ਦੰਦਾਂ ਵਾਲੀ ਕਹਾਵਤ ਅੱਜ ਸੌ ਨਹੀਂ ਕਈ ਸੌ ਫੀਸਦੀ ਸੱਚ ਹੈ। ਆਪਣੇ ਆਪ ਨੂੰ ਸਮਾਜ ਸੇਵਕ ਕਹਾਉਣ ਵਾਲਿਆਂ ਵਿਚੋਂ ਬਹੁਤੇ ਸਿਆਸਤ ਦਾ ਧੰਦਾ ਕਰਦੇ ਹਨ। ਸਿਆਸਤਦਾਨਾਂ ਵਿਚਲੇ ‘ਗੰਦੇ ਆਂਡਿਆਂ’ ਨੇ ਸਮਾਜ ਅੰਦਰ ਇੰਨਾ ਗੰਦ ਪਾ ਦਿੱਤਾਂ ਹੈ, ਜਿਸਨੂੰ ਸਾਫ ਕਰਨ ਵਾਲਾ ਕਾਸਟਕ ਸੋਢਾ ਕਿਧਰੇ ਨਹੀਂ ਮਿਲਦਾ। ਦੋਹਰੀ ਜਾਂ ਦੋ ਨੰਬਰ ਦੀ ਜਿ਼ੰਦਗੀ ਜੀਊਣ ਵਾਲੇ ਆਪ ਹੀ ਆਪਣੇ ਆਪ ਨੂੰ ਸਿਆਣੇ ਦੱਸਕੇ ਬਾਹਵਾਂ ਉਲਾਰ ਉਲਾਰ ਕੇ ਸਭ ਤੋਂ ਵੱਧ ਨੈਤਿਕਤਾ (ਮੋਰੈਲਿਟੀ) ਦਾ ਪ੍ਰਚਾਰ ਕਰਦੇ ਹਨ। ਬਸ, ਸਟੇਜ ਤੋਂ ਥੱਲੇ ਲਹਿਣ ਦੀ ਦੇਰ ਹੈ ਕਿ ਬਿਨਾ ਕਿਸੇ ਸ਼ਰਮ-ਹਯਾ ਤੋਂ ਉਹ ਉਸੇ ਨੈਤਿਕਤਾ ਦਾ ਕਤਲ ਕਰਦੇ ਨਜ਼ਰ ਆਉਣਗੇ। ਇਹ ਦੰਭ ਅੱਜ ਦੀ ਸਿਆਸਤ ਦਾ ਧੰਦਾ ਕਰਨ ਵਾਲੇ ਦਲਾਲਾਂ ਵਲੋਂ ਹਰ ਹੀਲੇ ਤਾਕਤ (ਖਾਸ ਕਰਕੇ ਰਾਜਸੀ ਅਤੇ ਆਰਥਕ) ਪ੍ਰਾਪਤ ਕਰਨ ਦੀ ਭੁੱਖ ਵਿਚੋਂ ਜੰਮਿਆਂ ਅੱਤ ਦਾ ਕਮੀਨਾ ਅਤੇ ਨਿੰਦਣਯੋਗ ਵਰਤਾਰਾ ਹੈ, ਜੋ ਸਮਾਜ ਅੰਦਰ ਬੁਰਿਆਈ ਪੈਦਾ ਹੀ ਨਹੀਂ ਕਰਦਾ ਸਗੋਂ ਉਹਦੇ ਵਧਣ ਫੁਲਣ ਵਿਚ ਵੀ ਸਹਾਈ ਹੁੰਦਾ ਹੈ। ਜਾਂ ਫੇਰ ਇਸ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਇਹ ਨਵੇਂ ਕਿਸਮ ਦੇ ਭੁੱਖਿਆਂ ਦਾ ਨੰਗਪੁਣਾ ਤੇ ਫੁਕਰਪੁਣਾ ਹੈ। ਇਸ ਭੁੱਖਪੁਣੇ/ਤੇ ਫੁਕਰੇਪਨ ਨੂੰ ਸਿਆਸੀ ਭਾਸ਼ਾ ਵਿਚ ਮੌਕਾਪ੍ਰਸਤੀ ਕਿਹਾ ਜਾਵੇ ਜਾਂ ਸ਼ਾਵਨਵਾਦੀ ਰੁਚੀ, ਦੋਵੇਂ ਹੀ ਠੀਕ ਹਨ। ਅਜਿਹੇ ਲੋਕ ਸਦਾ ਹੀ ਬੇਪੈਂਦ ਲੋਟੇ ਵਰਗੀਆਂ ਕਰਤੂਤਾਂ ਕਰਦੇ ਹਨ। ਗਿਰਜੇ ਦੇ ਕੁੱਕੜ ਵਾਂਗ ਹਵਾ ਦੇ ਰੁਖ ਨਾਲ ਹੀ ਘੁੰਮਦੇ ਨਜ਼ਰ ਆਉਂਦੇ ਹਨ। 

ਜੀਵਨ ਦੇ ਹੋਰ ਖੇਤਰਾਂ ਵਿਚ ਵੀ ਆਮ ਤੌਰ ’ਤੇ ਅਜਿਹਾ ਹੀ ਹੋ ਰਿਹਾ ਹੈ। ਕਿਸੇ ਪਾਸੇ ਵੀ ਨਿਗਾਹ ਮਾਰੋ ਤਾਂ ਮਨ ਦੇ ਕਦਮ ਉਦਾਸੀ ਦੀਆਂ ਡੂੰਘਾਣਾਂ ਵਲ ਤੁਰਦੇ ਹਨ। ਭਾਰਤ ਬਾਰੇ ਗੱਲ ਕਰਦਿਆਂ ਲੋਕ ਇਹ ਹੀ ਕਹਿੰਦੇ ਸੁਣੀਂਦੇ ਹਨ ਕਿ ਭਾਰਤ ਕਦੇ ਸੋਨੇ ਦੀ ਚਿੜੀ ਹੁੰਦਾ ਸੀ, ਇਹ ਕਥਨ ਠੀਕ ਹੀ ਹੋਵੇਗਾ। ਸਾਮਰਾਜੀਆਂ/ਬਸਤੀਵਾਦੀਆਂ ਨੇ ਵੀ ਬਥੇਰਾ ਲੁੱਟਿਆ। ਹੁਣ ਤਾਂ ਅਜਾਦੀ ਆਇਆਂ ਵੀ ਅੱਧੀ ਸਦੀ ਤੋਂ ਦਸ ਸਾਲ ਉੱਪਰ ਹੋ ਗਏ ਹਨ। ਪਰ, ਇਹਦੀ ਲੁੱਟ ਅਜੇ ਵੀ ਕਿਉਂ ਹੋਈ ਜਾ ਰਹੀ ਹੈ? ਹੁਣ ਇਹ ਕਿਉਂ ਮਿੱਟੀ ਦੀ ਚਿੜੀ ਬਣਦਾ ਜਾ ਰਿਹਾ ਹੈ? ਦੂਸਰੇ ਪਾਸੇ ਫਾਸਿ਼ਸ਼ਟ ਸੋਚ ਵਾਲਿਆਂ ਨੇ ਆਪਣੀ ਬੇ-ਹਯਾਈ ਭਰੀ ਲੋਕ ਵਿਰੋਧੀ, ਲੋਕਾਂ ਨੂੰ ਵੰਡਦੀ, ਪਾੜਦੀ ਫਿਰਕਾਪ੍ਰਸਤ ਵਾਲੀ ਵੱਖੋ-ਵੱਖਰੀ ‘ਧਾਰਮਿਕ’ ਕੱਟੜਤਾ ਭਰੀ ਗੰਦੀ ਸਿਆਸਤ ਲੈ ਕੇ ਮੁਲਕ ਦੇ ਸੈਕੂਲਰ ਢਾਂਚੇ ਦੇ ਮੂਹ ’ਤੇ ਫਿੱਟੇ-ਮੂੰਹ ਲਿਖਣ ਦੇ ਯਤਨਾਂ ਰਾਹੀਂ ਆਪਣਾ ਹੀ ਮੂੰਹ ਕਾਲਾ ਕੀਤਾ ਹੈ। ਦਰਅਸਲ ਧਾਰਮਕ ਕੱਟੜਤਾ ਨੂੰ ਅਪਣਾਏ ਹੋਏ ‘ਧਾਰਮਿਕਤਾ’ ਦਾ ਪਖੰਡ ਕਰਨ ਵਾਲੇ ਭਾਰਤ ਦੀਆਂ ਸੁੱਚੀਆਂ ਸੱਭਿਆਚਾਰਕ ਅਤੇ ਭਾਈਚਾਰਕ ਸਾਝਾਂ ਨੂੰ ਹੀ ਕਲੰਕਤ ਕਰਦੇ ਹਨ। ਐਹੋ ਜਹੀ ਪੁੱਠੀ ਖੋਪਰੀ ਵਾਲੇ ਇਨਸਾਨੀਅਤ ਦੇ ਮਿੱਤਰ ਨਹੀਂ ਦੁਸ਼ਮਣ ਹੀ ਹੋ ਸਕਦੇ ਹਨ। ਧਰਮ ਨਿਰਪੱਖ ਅਤੇ ਦੇਸ਼ਭਗਤੀ ਵਾਲੀ ਸੋਚ ਰੱਖਣ ਵਾਲਿਆਂ ਨੂੰ ਤਾਂ ਹਰ ਸਮੇਂ, ਹਰ ਥਾਵੇਂ ਸੁਚੇਤ ਹੋ ਕੇ ਇਸ ਬਾਰੇ ਬਹੁਤ ਹੀ ਗੰਭੀਰਤਾ ਨਾਲ ਸੋਚਣਾ ਪਵੇਗਾ। ਲੋਕਾਂ ਨੂੰ ਕੱਟੜਤਾ ਦੇ ਕੋਹੜ ਪ੍ਰਤੀ ਸੁਚੇਤ ਕਰਨ ਲਈ ਆਪਣਾ ਹਰ ਹੀਲਾ ਵਰਤਣਾ ਪਵੇਗਾ, ਤਾਂ ਕਿ ਲੋਕ ਇਸ ਜ਼ਹਿਰ ਭਰੇ ਡੰਗ ਤੋਂ ਬਚ ਸਕਣ। ਸ਼ਰਾਬੀ-ਕਬਾਬੀ ਕਿਸਮ ਦੇ ਨੇਤਾ ਸ਼ਰਾਬਬੰਦੀ ਵਾਲੀ ਮੁਹਿੰਮ ਦੇ ਉਦਘਾਟਨਾਂ ’ਤੇ ਪਹੁੰਚ ਕੇ ਧੂੰਆ-ਰਾਲ਼ੀ ਵਾਲਾ ਭਾਸ਼ਣ ਕਰਨ ਤੋਂ ਬਾਅਦ ‘ਮੂੰਹ ਗਿੱਲਾ’ ਕਰਦੇ ਹਨ। ਖੁਦ ਰਿਸ਼ਵਤਾਂ ਲੈਣ ਵਾਲੇ ਵੱਡੇ ਵੱਡੇ ਨੇਤਾ (ਪਰ ਛੋਟੇ ਮਨੁੱਖ) ਰਿਸ਼ਵਤਖੋਰਾਂ ਨੂੰ ਫੜਾਉਣ ਵਾਲਿਆਂ ਵਾਸਤੇ ਇਨਾਮ ਦੇਣ ਦਾ ਐਲਾਨ ਕਰਦੇ ਹਨ, ਬਸ! ਐਲਾਨ ਕਰਦੇ ਹਨ। ਇਸੇ ਓਹਲੇ ’ਚ ਉਹ ਆਪਣੇ ਘਰ ਭਰਦੇ ਹਨ। ਨਾਅਰਾ ਉਨ੍ਹਾਂ ਦਾ ਆਪਣਾ ਹੀ ਘੜਿਆ ਹੋਇਆ ਹੈ ‘ਲੁੱਟ ਮਚੀ ਹੈ ਲੁੱਟ, ਆਪਣੇ ਵੀ ਘਰ ਭਰ ਲਉ’ ਬਸ, ਉਹ ਤਾਂ ਇਸ ਨੂੰ ਹੀ ਸਾਕਾਰ ਕਰੀ ਜਾ ਰਹੇ ਹਨ।

ਆਪਣੇ ਹੀ ਘਰਾਂ ਅੰਦਰ ਔਰਤਾਂ ਨਾਲ ਦੁਰਵਿਵਾਰ ਕਰਨ ਅਤੇ ਉਨ੍ਹਾਂ ਨੂੰ ਕੁੱਟਣ ਮਾਰਨ ਵਾਲੇ ਕਾਫੀ ਸਾਰੇ ਔਰਤਾਂ ਦੀ ਬਰਾਬਰੀ ਅਤੇ ਉਨ੍ਹਾਂ ਉੱਤੇ ਹੁੰਦੇ ਅੱਤਿਆਚਾਰਾਂ ਦੇ ਖਿਲਾਫ ਨਿਕਲਦੇ ਜਲਸੇ-ਜਲੂਸਾਂ ਵਿਚ ਵੱਧ ਚੜ੍ਹਕੇ ਸ਼ਾਮਲ ਹੁੰਦੇ ਹਨ। ਦਾਜ-ਦਹੇਜ ਉੱਤੇ ਪਾਬੰਦੀ ਲਾਉਣ ਦਾ ਜੋਸ਼-ਖਰੋਸ਼ ਨਾਲ ਸੰਘ ਪਾੜ ਪਾੜ ਕੇ ਪ੍ਰਚਾਰ ਕਰਨ ਅਤੇ ਇਸ ਮਕਸਦ ਖਾਤਰ ਘੋਲ ਚਲਾਉਣ ਵਾਲਿਆਂ ਵਿਚੋਂ ਬਹੁਤੇ ਆਪਣੇ ਬੱਚਿਆਂ ਦੇ ਵਿਆਹ-ਸ਼ਾਦੀਆਂ ਵੇਲੇ ਹਿੱਕ ਠੋਕ ਕੇ ਵੱਧ ਤੋਂ ਵੱਧ ਦਾਜ ਲੈਣ ਦੀ ਜਿਦ ਪੂਰੀ ਕਰਕੇ ਆਪਣੀ “ਸ਼ਾਨ” ਵਿਚ ਵਾਧਾ ਕਰਦੇ ਹਨ। ਅਜਿਹਾ ਬਹੁਤ ਕੁੱਝ ਗਿਣਾਇਆ ਜਾ ਸਕਦਾ ਹੈ ਜੋ ਸਾਡੇ ਸਮਾਜ ਨੂੰ ਘੁਣ ਬਣਕੇ ਚੰਬੜਿਆ ਹੋਇਆ ਹੈ ਅਤੇ ਸਾਡੀ ਸੋਚ ਨੂੰ ਖੋਖਲਾ ਕਰ ਰਿਹਾ ਹੈ।

ਪਰਦੇਸ ਜੋ ਖਾਸ ਕਰਕੇ ਆਪਣੇ ਲੋਕਾਂ ਦੀ ਖਿੱਚ ਦਾ ਕੇਂਦਰ ਬਿੰਦੂ ਬਣਿਆਂਹੋਇਆ ਹੈ। ਮੁੰਡਾ ਜਾਂ ਕੁੜੀ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਸੈੱਟ ਹੋ ਜਾਣ, ਇਹ ਆਮ ਸੋਚ ਦਾ ਹਿੱਸਾ ਬਣ ਗਿਆ ਹੈ। ਕਾਫੀ ਸਾਰੇ ਮੁੰਡੇ ਬਾਹਰ ਪਹੁੰਚ ਕੇ ਪੱਕੇ ਹੋਣ ਵਾਸਤੇ ਕਿਸੇ ਵੀ ਤਰ੍ਹਾਂ ਦੀਆਂ ਔਰਤਾਂ ਦਾ ਸਹਾਰਾ ਲੈਂਦੇ ਹਨ ਭਾਵੇਂ ਕਿ ਬਹਾਨਾ ਘਰ ਵਸਾਉਣ ਦਾ ਲਾਇਆ ਜਾਂਦਾ ਹੈ। ਜਦੋਂ ਘਰ ਵਸ ਗਿਆ ਮਹਿਸੂਸ ਹੁੰਦਾ ਹੈ ਤਾਂ ਪੱਕੇ ਪੈਰੀਂ ਹੁੰਦਿਆਂ ਹੀ ਉਹ ਔਰਤ ਉਨ੍ਹਾਂ ਨੂੰ ਬੁੱਢੀ ਤੇ ਗਈ-ਗੁਜ਼ਰੀ ਦਿਸਣ ਲੱਗ ਪੈਂਦੀ ਹੈ। ਪਹਿਲਾਂ ਕਹਿਣਗੇ ‘ਨਹੀਂ ਉਮਰ ਤਾਂ ’ਨੀ ਬਹੁਤੀ’ ਜਦੋਂ ਤੋੜ ਵਿਛੋੜਾ ਕਰਦੇ ਹਨ ਤਾਂ ਆਖਣਗੇ ‘ਭਲਾਂ ਕਿਹੜਾ ਬੁੱਢੀ-ਢੇਰੀ ਨਾਲ ਧੱਕੇ ਖਾਂਦਾ ਫਿਰੇ’, ਨਾਲੇ ਮੇਰੀ ਅਜੇ ਉਮਰ ਹੀ ਕੀ ਐ? ਉਸਨੂੰ ਆਪਣੇ ਹੀ ਪਹਿਲਾਂ ਕਹੇ ਹੋਏ ਸ਼ਬਦ ਭੁੱਲ ਜਾਦੇ ਹਨ, ਜਿਨ੍ਹਾਂ ਲਫ਼ਜ਼ਾਂ ਦੇ ਆਸਰੇ ਉਹਨੇ ਵਕਤ ਕੱਢਿਆ ਸੀ। ਜਦੋਂ ਉਹ ਉਸੇ ਬੇਬੇ ਦੇ ਹਾਣ ਦੀ ‘ਬੁੱਢੀ-ਠੇਰੀ’ ਦੇ ਅੱਗੇ ਪਿੱਛੇ ‘ਡਾਰਲਿੰਗ, ਡਾਰਲਿੰਗ’ ਦਾ ਰਾਗ ਅਲਾਪਦਾ ਸਾਹ ਨਹੀਂ ਸੀ ਲੈਂਦਾ। ਇਸ ਤੋਂ ਬਾਅਦ ਫੇਰ ਉਹ ਦੋ ਨੰਬਰੀ ਆਪਣੇ ਮੁਲਕ ਵਲ ਰਵਾਨਾ ਹੁੰਦਾ ਹੈ। ਆਪਣੇ ਲੋਕ ਪਰਦੇਸ ਦੇ ਲਾਲਚ ਵਸ ਆਪਣੀਆਂ ਪੜ੍ਹੀਆਂ-ਲਿਖੀਆਂ, ਘੱਟ ਉਮਰ ਦੀਆਂ ਕੰਜ-ਕੁਆਰੀਆਂ ਧੀਆਂ ਨੂੰ ਅਜਿਹੇ ਦੋ ਨੰਬਰੀ (ਆਮ ਬੋਲੀ ਵਿਚ ਦਹਾਜੂ) ‘ਗਭਰੂਆਂ’ ਦੇ ਲੜ ਬੰਨ੍ਹ ਦਿੰਦੇ ਹਨ। ਲੜਕੀ ਦੇ ਮਾਪਿਆਂ ਨੂੰ ਉਸ ਲੜਕੇ ਬਾਰੇ ਬਹੁਤਾ ਪਤਾ ਹੀ ਨਹੀਂ ਹੁੰਦਾ। ਰਿਸ਼ਤਾ ਕਰਨ ਲੱਗਿਆਂ ਆਮ ਕਰਕੇ ਕਿਹਾ ਜਾਂਦਾ ਹੈ ਕਿ ‘ਉੱਥੇ ਤਾਂ ਮੇਰਾ ਕਾਗਜ਼ੀ ਵਿਆਹ ਹੋਇਆ ਸੀ ਸਿਰਫ ਪੱਕਾ ਹੋਣ ਵਾਸਤੇ’। 

ਬਸ ਏਦਾਂ ਦੇ ਫਿਕਰੇ ਬੋਲ ‘ਗਊ ਦੀ ਪੂਛ ਫੜਕੇ ਗੰਗਾ ਤਰਨ ਦਾ ਜਤਨ’ ਕੀਤਾ ਜਾਂਦਾ ਹੈ। ਪਰ ਵਹੁਟੀ ਜਦੋਂ ‘ਲਾੜੇ’ ਦੇ ਬਾਹਰਲੇ ਘਰ ਪਹੁੰਚਦੀ ਹੈ ਤਾਂ ਅਸਲੀਅਤ ਦਾ ਪਤਾ ਲਗਦਾ ਹੈ। ਬਹੁਤੇ ਕੇਸਾਂ ਵਿਚ ਕਿ ਕਾਗਜ਼ੀ ਦੱਸੇ ਗਏ ਵਿਆਹ ਵਿਚੋਂ ਬੱਚੇ ਵੀ ਹਨ, ਜਿਨ੍ਹਾਂ ਦਾ ਉਸ ‘ਗਭਰੂ’ ਨੂੰ ਜੇ ਉਹ ਕਾਨੂੰਨੀ ਕੰਮ ਕਰਦਾ ਹੋਵੇ ਤਾਂ ਹਰ ਮਹੀਨੇ ਕਾਨੂੰਨ ਮੁਤਾਬਿਕ ਖਰਚਾ ਵੀ ਤਾਰਨਾ ਪੈਂਦਾ ਹੈ। ਪਿੰਡੋਂ ਆਈ ਵਹੁਟੀ ਨੂੰ ਆਪਣੇ ਲਾੜੇ ਦਾ ਬਿਜ਼ਨਸ ਵੀ ਕਿਧਰੇ ਨਹੀਂ ਲੱਭਦਾ ਜਿਸ ਦੇ ਲਾਲਚ ਵਸ ਉਸ ਦੇ ਮਾਪਿਆਂ ਨੇ ਉਸਨੂੰ ਪਰਦੇਸ ਤੋਰਨ ਦਾ ਕੌੜਾ ਘੁੱਟ ਭਰਿਆ ਹੁੰਦਾ ਹੈ। ਅਜਿਹੇ ਲੋਕ ਆਪਣੇ ਆਪ ਨੂੰ ਹਾਸ਼ੀਏ ਵਲ ਧੱਕ ਕੇ ਦੋ ਨੰਬਰ ਦੀ ਜਿ਼ੰਦਗੀ ਭੋਗਦੇ ਦਿਨ ਕਟੀ ਕਰੀ ਜਾਂਦੇ ਹਨ/ਕਰੀ ਜਾ ਰਹੇ ਹਨ। ਆਖਰ ਇਹ ਰਾਹ ਭਲਾਂ ਕਿੱਧਰ ਜਾਂਦਾ ਹੈ?

ਕਿੱਥੇ ਹੈ ਰਿਸ਼ਤਿਆਂ ਵਿਚਲਾ ਨਿੱਘ, ਮੋਹ ਤੇ ਪਿਆਰ? ਕਿੱਥੇ ਹੈ ਆਪਣੇ ਇਖ਼ਲਾਕ ਨੂੰ ਉੱਚਾ ਚੁੱਕਣ ਵਾਲਾ ਰਾਹ? ਕਿੱਥੇ ਹੈ ਸੁਹਣੀ ਜਿ਼ੰਦਗੀ ਜੀਊਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਰੀਝਾਂ ਦੀ ਧਰਤੀ? ਕਿਸੇ ਦਾ ਉਤਾਰ ਪਾਉਣ ਵਾਲਿਆਂ ਨੂੰ ਮਾੜਾ ਕਿਹਾ ਜਾਂਦਾ ਹੈ। ਅਸੀਂ ਤਾਂ ਹੋਰਨਾਂ ਦੀ ਦੇਖਾ-ਦੇਖੀ ਆਪਣੇ ਆਪ ਤੋਂ ਥਿੜਕ ਕੇ ਕਿਸੇ ਹੋਰ ਦੇ ਰਾਹੇ ਤੁਰੇ ਜਾ ਰਹੇ ਹਾਂ। ਇਹ ਜਾਣਦਿਆਂ ਹੋਇਆਂ ਵੀ ਕਿ ਇਹ ਰਾਹ ਸਰਾਸਰ ਗਲਤ ਹੈ। ਲੋੜ ਹੈ ਸਿੱਧਾ ਰਾਹ ਫੜਕੇ ਜਿ਼ੰਦਗੀ ਅੰਦਰ ਨਵੀਂ ਰੌਸ਼ਨੀ ਭਰਨ ਦੀ, ਜਿਸ ਰੌਸ਼ਨੀ ਵਿਚ ਆਪਣਾ ਆਪ ਦੇਖਿਆ ਅਤੇ ਪਹਿਚਾਣਿਆ ਜਾ ਸਕੇ।

*****

No comments: