ਇਹ ਦਿਨ ਵੀ ਆਉਣਾ ਸੀ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਹਰ ਸਾਲ ਦੀ ਤਰ੍ਹਾਂ ਐਤਕੀ ਵੀ ਨਗਰ ਕੀਰਤਨ ਕੱਢਿਆ ਗਿਆ। ਥਾਂ-ਥਾਂ ਠੰਡੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾਈ ਗਈਆਂ। ਲੋਕਾਂ ਨੇ ਆਪਣੇ-ਆਪਣੇ ਬਾਰਾਂ ਅੱਗੇ ਸਫਾਈ ਕੀਤੇ ਤੇ ਪਾਣੀ ਛਿੜਕਿਆ। ਨਗਰ ਕੀਰਤਨ ਹਰ ਪੜਾਅ 'ਤੇ ਖੜ੍ਹਦਾ ਅੱਗੇ ਵੱਧਦਾ। ਢਾਡੀ ਜੱਥੇ ਆਪਣੀਆਂ-ਆਪਣੀਆਂ ਵਾਰਾਂ ਪੇਸ਼ ਕਰਦੇ। ਲੋਕੀਂ ਢਾਡੀ ਜੱਥਿਆਂ ਨੂੰ ਰੁਪਈਏ ਦਿੰਦੇ। ਗੁਰੂ ਘਰ ਦੇ ਫੰਡ ਵਿੱਚ ਸ਼ਰਧਾ ਮੁਤਾਬਕ ਰੁਪਏ ਦਿੰਦੇ। 'ਸ਼੍ਰੀ ਗੁਰੂ ਗ੍ਰੰਥ ਸਾਹਿਬ' ਨੂੰ ਮੱਥਾ ਟੇਕਦੇ। ਮਾਈਆਂ ਪ੍ਰਾਂਤਾਂ, ਬਾਲਟੀਆਂ ਕਣਕ ਦੀਆਂ ਪਾਉਂਦੀਆਂ।

ਹਰ ਸਾਲ ਢਾਡੀ ਜੱਥੇ ਪਿਛਲੇ ਪੜਾਅ 'ਤੇ ਆਪਣੀਆਂ-ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਮੇਰੇ ਘਰ, ਮੇਰੀ ਬੈਠਕ ਵਿੱਚ ਆ ਕੇ ਬਹਿੰਦੇ। ਮੇਰੇ ਘਰ ਚਾਹ-ਪਾਣੀ ਪੀਂਦੇ ਤੇ ਸਾਹਿਤ ਦੀਆਂ ਗੱਲਾਂ ਕਰਦੇ। ਨਗਰ ਕੀਰਤਨ ਪਿਛਲੇ ਪੜਾਅ ਤੋਂ ਰਵਾਨਾ ਹੁੰਦਾ ਅਗਲੇ ਪੜਾਅ 'ਤੇ ਜਾ ਕੇ ਖੜ੍ਹਦਾ ਤੇ ਢਾਡੀ ਜੱਥੇ ਮੇਰੇ ਘਰੋਂ ਉੱਠ ਕੇ ਅਗਲੇ ਪੜਾਅ 'ਤੇ ਰੌਣਕਾਂ ਲਾਉਂਦੇ।

ਭਰਾ ਨਾਲੋਂ ਅੱਡ ਹੋਣ ਵੇਲੇ ਮੇਰੇ ਸਿਰ 3 ਲੱਖ ਦਾ ਕਰਜ਼ਾ ਟੁੱਟ ਗਿਆ। ਅੰਤਾਂ ਦੀ ਮਹਿਗਾਈ ਵਿੱਚ ਮੇਰਾ ਘਰ ਦਾ ਖਰਚਾ ਮਸਾਂ ਹੀ ਚਲਦਾ। ਸੱਤ ਸਾਲਾਂ ਵਿੱਚ ਰੁਪਈਏ ਵਿਆਜ 'ਤੇ ਵਿਆਜ ਲੱਗ ਕੇ ਤਿੰਨ ਗੁਣਾਂ ਵੱਧ ਗਏ। ਮੋੜਨ ਦਾ ਕੋਈ ਸਾਧਨ ਨਹੀਂ ਸੀ। ਅਖੀਰ ਮੈਂ ਆਪਣੇ ਹਿੱਸੇ ਆਉਂਦੀ ਭੋਇੰ ਵੇਚ ਕੇ ਲੋਕਾਂ ਦਾ ਕਰਜ਼ਾ ਉਤਾਰਿਆ। ਇਕੱਲਾ ਲੋਕਾਂ ਦਾ ਮੂਲ ਹੀ ਦਿੱਤਾ ਗਿਆ। ਵਿਆਜ਼ ਦੇ ਫੇਰ ਪ੍ਰਨੋਟ ਲਿਖਵਾ ਲਏ। ਦੋ ਪ੍ਰਨੋਟ ਵਾਲਿਆਂ ਨੇ ਤਿੰਨ ਸਾਲ ਬਾਅਦ ਕੇਸ ਕਰ ਦਿੱਤੇ। ਆਟਾ-ਚੱਕੀ ਵੀ ਗਈ। ਮੇਰੇ ਕੋਲ ਕੁਝ ਵੀ ਨਾ ਰਿਹਾ। ਇੱਕ ਬੇਰੁਜ਼ਗਾਰ। ਅਨੇਕਾਂ ਵਾਰ ਆਤਮ-ਹੱਤਿਆ  ਕਰਨ ਸੰਬੰਧੀ ਸੋਚਿਆ। ਪਰ ਦੋਸਤਾਂ ਦੇ ਸਮਝਾਉਣ ਦਾ ਮੇਰੇ 'ਤੇ ਅਸਰ ਹੁੰਦਾ ਰਿਹਾ। ਨਾਲੇ ਮੈਂ ਅਨੇਕਾਂ ਵਾਰ ਲਿਖ ਚੁੱਕਿਆ ਸੀ ਕਿ ਆਤਮ-ਹੱਤਿਆ ਬੁਜ਼ਦਿਲ ਕਰਦੇ ਹਨ। ਮੇਰੇ ਇਹ ਗੱਲ ਚੇਤੇ ਆ ਜਾਂਦੀ। ਘਰ ਵੀ ਕੋਈ ਚੀਜ਼ ਨਾ ਰਹੀ। ਆਟਾ-ਚੱਕੀ ਦੀ ਰੌਣਕ, ਘਰ ਬੈਠਕ 'ਚ ਕਣਕ ਦੀਆਂ ਬੋਰੀਆਂ ਦੀਆਂ ਧਾਘਾਂ, ਸਵਾਤ ਤੂੜੀ ਨਾਲ ਭਰੀ, ਖੁਰਲੀਆਂ 'ਤੇ ਮੱਝਾਂ ਤੇ ਅਮਰੀਕਣ ਗਾਵਾਂ ਸਾਰਾ ਘਰ ਖਾਲੀ, ਸੁੰਨਾ-ਸੁੰਨਾ। ਕੁਝ ਨਹੀਂ ਸੁੱਝਦਾ ਸੀ। ਕੋਈ ਨਹੀਂ ਝੱਲਦਾ ਸੀ। ਮਨ, ਮਣਾ-ਮੂੰਹੀ ਗਮਾਂ ਨਾਲ ਘੋਲ ਕਰ ਰਿਹਾ ਸੀ।। ਇੱਕ ਡੰਗ ਰੋਟੀ ਦਾ ਫਿਕਰ ਹੋਇਆ ਪਿਆ ਸੀ। ਕਿਸੇ ਰਿਸ਼ਤੇਦਾਰ, ਦੋਸਤ-ਮਿੱਤਰ ਨੂੰ ਚਾਹ ਪਿਲਾਉਣ ਦੀ ਪਹੁੰਚ ਵੀ ਨਹੀਂ ਰਹੀ।

ਨਗਰ ਕੀਰਤਨ ਤੋਂ ਪਹਿਲਾਂ ਹਰ ਕਵੀਸ਼ਰੀ-ਢਾਡੀ ਜੱਥੇ ਜੋ ਸਾਡੇ ਪਿੰਡ ਆਉਂਦੇ, ਉਨ੍ਹਾਂ ਦੇ ਦਿਲ ਵਿੱਚ ਹੁੰਦਾ ਕਿ 'ਪ੍ਰੀਤੀਮਾਨ' ਕੋਲ ਜ਼ਰੂਰ ਜਾਵਾਂਗੇ 'ਤੇ ਰਾਤ ਵੀ ਉਸ ਕੋਲ ਕੱਟਾਂਗੇ, ਖਾਵਾਂ-ਪੀਵਾਂਗੇ 'ਤੇ ਗੱਪਾ-ਛੱਪਾਂ ਮਾਰਾਂਗੇ। ਹਰ ਸਾਲ ਸਾਡੇ ਪਿੰਡ ਆਉਣ ਵਾਲੇ ਜੱਥੇ ਮੇਰੇ ਲੇਖਕ ਹੋਣ ਦੇ ਕਾਰਨ ਅਤੇ ਉਨ੍ਹਾਂ ਨਾਲ ਮੇਰੇ ਵਿਚਾਰ ਮਿਲਣ ਕਾਰਨ ਮੇਰੇ ਬਹੁਤ ਪਿਆਰੇ ਮਿੱਤਰ ਬਣ ਗਏ।

ਐਂਤਕੀ ਜਦ ਨਗਰ ਕੀਰਤਨ ਪਿਛਲੇ ਪੜਾਅ 'ਤੇ ਆਇਆ, ਮੈਨੂੰ ਪਤਾ ਸੀ ਕਿ ਸਾਰੇ ਢਾਡੀ ਜੱਥੇ ਇੱਕ ਵਾਰ ਤਾਂ ਮੇਰੇ ਘਰ ਜ਼ਰੂਰ ਆਉਣਗੇ, ਵੀਹੀ ਵਾਲੀ ਬੈਠਕ ਵਿੱਚ ਬੈਠਣਗੇ। ਮੈਨੂੰ ਮਿਲੇ ਸਨਮਾਨ ਚਿੰਨ੍ਹ ਬੈਠਕ ਵਿੱਚ ਵੇਖ ਕੇ ਮੇਰੇ ਲਿਖਣ ਦੀ ਤਾਰੀਫ਼ ਕਰਨਗੇ। ਮੇਰੇ ਕੋਲੋਂ ਮੇਰੀਆਂ ਛਪੀਆਂ ਕਿਤਾਬਾਂ ਦੀ ਮੰਗ ਕਰਨਗੇ ਤੇ ਪਿੰਡ ਦੇ ਲੋਕ ਵੀ ਹਰ ਸਾਲ ਦੀ ਤਰ੍ਹਾਂ ਉਨ੍ਹਾਂ ਨੂੰ ਵੇਖ ਮੇਰੇ ਘਰ ਇਕੱਠੇ ਹੋਣਗੇ। ਬਾਹਰੋਂ ਆਏ ਕਵੀਸ਼ਰਾਂ ਨੂੰ ਚਾਹ ਨਾਲ ਬਿਸਕੁਟ ਖਿਲਾਉਣੇ ਪੈਣਗੇ। ਢਾਡੀ ਜੱਥੇ ਪਿਛਲੇ ਪੜਾਅ ਤੋਂ ਆਪਣੀ-ਆਪਣੀ ਕਵਿਤਾ ਬੋਲ ਕੇ ਮੇਰੇ ਘਰ ਨੂੰ ਮੈਨੂੰ ਮਿਲਣ ਲਈ ਬੜੇ ਚਾਅ ਨਾਲ ਉਤਾਵਲੇ ਹੋਏ ਅੱਗੇ-ਪਿੱਛੇ ਟੋਲੀਆਂ ਬਣਾ ਕੇ ਆ ਰਹੇ ਸਨ। ਮੇਰੇ ਘਰ ਨਾ ਚਾਹ ਨਾ ਖੰਡ ਨਾ ਦੁੱਧ ਤੇ ਨਾ ਬਿਸਕੁਟ ਲਿਆਉਣ ਲਈ ਕੋਈ ਪੈਸਾ ਸੀ। ਮੇਰਾ ਦਿਲ ਵੀ ਉਨ੍ਹਾਂ ਨੂੰ ਮਿਲਣ ਨੂੰ ਬਹੁਤ ਜ਼ਿਆਦਾ ਕਰ ਰਿਹਾ ਸੀ, ਪਰ ਮਿਲਦਾ ਕਿਵੇਂ ਉਨ੍ਹਾਂ ਦੀ ਸੇਵਾ ਲਈ ਤਾਂ ਕੋਈ ਵੀ ਚੀਜ਼ ਘਰ ਹੈ ਨਹੀਂ ਸੀ।

ਬਿਲਕੁਲ ਵੀਹੀ ਵਾਲੇ ਬਾਰ ਦੇ ਸਾਹਮਣੇ, ਸਾਡੀ ਤੂੜੀ ਵਾਲੀ ਸਵਾਤ ਹੈ। ਸਵਾਤ ਦੇ ਬਾਰ ਨੂੰ ਲੱਕੜ ਦੇ ਪੁਰਾਣੇ ਤਖਤੇ ਲੱਗੇ ਹੋਏ ਹਨ। ਤਖਤਿਆਂ ਵਿਚਦੀ ਵੱਡੀਆਂ-ਵੱਡੀਆਂ ਵਿਰਲਾਂ ਹਨ। ਮੈਂ ਸਵਾਤ ਦੇ ਤਖਤੇ ਝੰਬ ਕੇ ਵਿਰਲਾ ਥਾਣੀ ਵੇਖਣ ਲੱਗ ਪਿਆ। ਵੀਹੀ ਵਿੱਚ ਦੀ ਲੰਘਦਾ ਸਭ ਕੁਝ ਓਵੇਂ-ਜਿਕੂੰ ਤਖਤਿਆਂ ਦੀਆਂ ਵਿਰਲਾਂ ਥਾਣੀ ਦਿਖਾਈ ਦੇ ਰਿਹਾ ਸੀ। ਮੈਂ ਆਪਣੀ ਪਤਨੀ ਛਿੰਦੋ ਨੂੰ ਕਿਹਾ ਕਿ ਜੇ ਕੋਈ ਪੁੱਛੇ 'ਪ੍ਰੀਤੀਮਾਨ' ਘਰ ਹੈ? ਤਾਂ ਤੁਸੀਂ ਆਖ ਦਿਓ, ਓਹ ਤਾਂ ਰਿਸ਼ਤੇਦਾਰੀ 'ਚ ਕੱਲ੍ਹ ਦਾ ਗਿਆ ਹੋਇਆ ਹੈ।

ਮੇਰੇ ਕਹਿਣ 'ਤੇ ਛਿੰਦੋ ਵੀਹੀ ਵਾਲੇ ਬਾਰ 'ਚ ਜਾ ਖੜੀ। ਉਸਨੇ ਤਖਤੇ ਝੰਬਣੇ ਚਾਹੇ। ਅਜੇ ਇੱਕ ਤਖਤਾ ਝੰਬ ਹੀ ਰਹੀ ਸੀ ਕਿ ਢਾਡੀ ਜੱਥੇ ਦਾ ਇੱਕ ਗਰੁੱਪ ਚਾਰ ਜਣਿਆ ਦਾ ਬਾਰ 'ਚ ਆ ਗਿਆ ਤੇ ਛਿੰਦੋ ਨੂੰ ਉਨ੍ਹਾਂ ਵਿੱਚੋਂ ਇੱਕ ਨੇ ਪੁੱਛਿਆ 'ਭਾਈ ਪ੍ਰੀਤੀਮਾਨ' ਘਰ ਹੈ'? ਉਹ ਤਾਂ ਭਾਈ ਕੱਲ ਦੇ ਆਪਣੀ ਭੈਣ ਕੋਲ ਗਏ ਹੋਏ ਨੇ, ਛਿੰਦੋ ਨੇ ਕਿਹਾ। ਜੱਥੇ ਵਾਲੇ ਨਾ ਅਗਾਂਹ ਗਏ ਨਾ ਪਿਛਾਂਹ ਮੁੜੇ, ਉਹ ਮੇਰੇ ਘਰ ਦੇ ਸਾਹਮਣੇ ਹੀ ਖੜ੍ਹ ਗਏ, ਕਿਉਂਕਿ ਉਹ ਮੇਰੀ ਬੈਠਕ ਵਿੱਚ ਹੀ ਬਹਿੰਦੇ ਸਨ। ਫਿਰ ਦੂਜੇ ਜੱਥੇ ਵਾਲੇ ਆ ਗਏ। ਉਹ ਵੀ ਪੁੱਛ ਕੇ ਥਾਂ 'ਤੇ ਹੀ ਖੜ੍ਹ ਗਏ। ਫਿਰ ਤੀਜੇ ਜੱਥੇ ਵਾਲੇ, ਉਨ੍ਹਾਂ ਨੇ ਵੀ ਮੇਰੇ ਬਾਰੇ ਪੁੱਛਿਆ, ਪੁੱਛ ਕੇ ਉਹ ਵੀ ਖੜ੍ਹ ਗਏ। ਇੱਕ ਨੇ ਕਿਹਾ, 'ਯਾਰ 'ਪ੍ਰੀਤੀਮਾਨ' ਘਰ ਨਹੀਂ ਤਾਂ ਕੀ ਐ, ਆਪਾਂ ਇਉਂ ਖੜ੍ਹੇ ਤਾਂ ਸੋਹਣੇ ਨਹੀਂ ਲੱਗਦੇ। ਆਓ ਬੈਠਕ ਵਿੱਚ ਬੈਠੀਏ, ਉਹ ਸਾਰੇ ਬੰਦੇ ਮੇਰੇ ਘਰ ਬੈਠਕ ਵਿੱਚ ਆ ਕੇ ਬੈਠ ਗਏ। ਮੈਂ ਤੂੜੀ ਵਾਲੀ ਸਵਾਤ 'ਚ ਖੜਾ ਸਭ ਨੂੰ ਪਛਾਣ ਰਿਹਾ ਸੀ। ਪਿੰਡ ਦੇ ਲੋਕ ਉਨ੍ਹਾਂ ਕੋਲ ਮੇਰੇ ਘਰ ਇਕੱਠੇ ਹੋ ਰਹੇ ਸਨ। ਕੀਰਤਨ ਪਿਛਲੇ ਪੜਾਅ ਤੋਂ ਰਵਾਨਾ ਹੋ ਕੇ ਅਗਲੇ ਪੜਾਅ 'ਤੇ ਪਹੁੰਚ ਰਿਹਾ ਸੀ। ਢਾਡੀ ਜੱਥੇ ਮੇਰੇ ਘਰੋਂ ਉੱਠ ਅਗਲੇ ਪੜਾਅ 'ਤੇ ਪਹੁੰਚ ਗਏ। ਨਗਰ ਕੀਰਤਨ ਵੀਹੀ 'ਚ ਜਾਂਦਾ, ਮੈਂ ਤਖਤੇ ਦੀਆਂ ਵਿਰਲਾਂ ਥਾਣੀ ਵੇਖ ਰਿਹਾ ਸੀ। ਹਰ ਇੱਕ ਬੰਦਾ ਮੇਰੇ ਘਰ ਵੱਲ ਵੇਖ-ਵੇਖ ਕੇ ਲੰਘ ਰਿਹਾ ਸੀ । ਗੁਆਂਢੀਆਂ ਦਾ ਨੱਥਾ ਆ ਕੇ ਬੋਲਿਆ, 'ਪ੍ਰੀਤੀਮਾਨ' ਕਿਤੇ ਦਿਸਦਾ ਹੀ ਨਹੀਂ? 'ਉਹ ਤਾਂ ਕੱਲ੍ਹ ਦਾ ਰਿਸ਼ਤੇਦਾਰੀ 'ਚ ਗਿਆ ਦੱਸਦੇ ਨੇ', ਬੈਠਕ 'ਚ ਬੈਠੇ ਯੁਗਰਾਜ ਕਵੀਸ਼ਰ ਨੇ ਨੱਥੇ ਨੂੰ ਕਿਹਾ। 'ਘੰਟਾ ਹੋਇਐ, ਉਹ ਬਾਰ 'ਚ ਖੜ੍ਹਾ ਸੀ, ਐਡੀ ਛੇਤੀ ਰਿਸ਼ਤੇਦਾਰੀ 'ਚ ਚਲਾ ਗਿਆ ਤਾਂ ਫਿਰ ਹੁਣੇ ਗਿਆ ਹੋਣੈ? ਨੱਥੇ ਨੇ ਕਿਹਾ। 'ਉਨ੍ਹਾਂ ਦੇ ਘਰਦੇ ਤਾਂ ਕਹਿੰਦੇ ਕੱਲ੍ਹ ਦਾ ਗਿਐ, 'ਯੁਗਰਾਜ ਨੇ ਫਿਰ ਕਿਹਾ। 'ਤਾਂ ਫਿਰ ਮੈਨੂੰ ਭੁਲੇਖਾ ਪੈ ਗਿਆ ਹੋਣੈ, 'ਨੱਥਾ ਐਨੀ ਗੱਲ ਆਖ ਹੱਸਦਾ-ਹੱਸਦਾ ਘਰੋਂ ਬਾਹਰ ਹੋ ਗਿਆ। ਕਵੀਸ਼ਰ ਹੈਰਾਨੀ ਨਾਲ ਇੱਕ-ਦੂਜੇ ਦੇ ਮੂੰਹ ਵੱਲ ਤੱਕ ਰਹੇ ਸਨ।
ਮੈਂ ਤੂੜੀ ਵਾਲੀ ਸਵਾਤ 'ਚ ਡਰ ਰਿਹਾ ਸੀ ਕਿ ਅੱਗੇ ਨਾ ਆ ਜਾਣ ਜੇ ਮੇਰਾ ਪਤਾ ਲੱਗ ਗਿਆਂ ਤਾਂ ਉਹ ਕੀ ਸੋਚਣਗੇ? ਨਗਰ ਕੀਰਤਨ ਪਿਛਲੇ ਪੜਾਅ ਤੋਂ ਰਵਾਨਾ ਹੋ ਕੇ ਅਗਲੇ ਪੜਾਅ 'ਤੇ ਪਹੁੰਚ ਰਿਹਾ ਸੀ। ਢਾਡੀ ਜੱਥੇ ਮੇਰੇ ਘਰੋਂ ਉੱਠ ਕੇ ਅਗਲੇ ਪੜਾਅ 'ਤੇ ਚਲੇ ਗਏ। ਨਗਰ ਕੀਰਤਨ ਵੀਹੀ 'ਚ ਜਾਂਦਾ, ਮੈਂ ਤਖਤੇ ਦੀਆਂ ਵਿਰਲਾਂ ਥਾਣੀ ਵੇਖ ਰਿਹਾ ਸੀ। ਹਰ ਇੱਕ ਬੰਦਾ ਮੇਰੇ ਘਰ ਵੱਲ ਵੇਖ-ਵੇਖ ਕੇ ਲੰਘ ਰਿਹਾ ਸੀ। ਸ਼ਾਇਦ ਹਰ ਬੰਦਾ ਇਹੀ ਸੋਚ ਰਿਹਾ ਹੋਵੇ ਕਿ 'ਪ੍ਰੀਤੀਮਾਨ' ਅੱਗੇ ਨਗਰ ਕੀਰਤਨ ਵੇਲੇ ਮੂਹਰੇ ਹੁੰਦਾ ਸੀ, ਐਤਕੀਂ ਕਿਤੇ ਦਿਸਦਾ ਹੀ ਨਹੀਂ। ਟ੍ਰੈਕਟਰ-ਟਰਾਲੀਆਂ ਵਾਰੋ-ਵਾਰੀ ਸਾਡੇ ਘਰ ਅੱਗੋ ਦੀ ਲੰਘ ਗਏ।

ਜਦ ਸਾਰੇ ਲੋਕ ਅੱਗੇ ਲੰਘ ਗਏ ਤਾਂ ਛਿੰਦੋ ਨੇ ਤੂੜੀ ਵਾਲੀ ਸਵਾਤ ਦੇ ਤਖਤਿਆਂ ਨੂੰ ਧੱਕਾ ਮਾਰਿਆ, ਬਾਰ ਖੁੱਲ੍ਹ ਗਿਆ। ਮੈਂ ਸਵਾਤ ਵਿੱਚ ਮੁੜ੍ਹਕੋ-ਮੁੜ੍ਹਕੀ ਹੋਇਆ ਖੜਾ ਸਾਂ। ਮੇਰੀਆਂ ਅੱਖਾਂ ਲਾਲ-ਸੁਰਖ ਹੋਈਆਂ ਪਈਆਂ ਸਨ। ਅੱਖਾਂ ਵਿੱਚੋਂ ਅੱਥਰੂ ਆਪ-ਮੁਹਾਰੇ ਵਹਿ ਰਹੇ ਸਨ। 'ਆਹ ਦਿਨ ਵੀ ਆਉਣੇ ਸੀ!" ਮੈਨੂੰ ਰੋਂਦੇ ਨੂੰ ਵੇਖ ਕੇ ਛਿੰਦੋ ਐਨੀ ਗੱਲ ਆਖ ਰੋਣ ਲੱਗ ਪਈ।  ਅਗਲੇ ਪੜਾਅ 'ਤੇ ਕਵੀਸ਼ਰ ਮੇਰੇ ਨਾਵਲਕਾਰ, ਕਹਾਣੀਕਾਰ ਹੋਣ 'ਤੇ ਸਿਫਤਾਂ ਦੇ ਪੁੱਲ ਬੰਨ੍ਹ ਰਹੇ ਸਨ, ਪਰ ਮੇਰਾ ਘਰ ਆਹ ਹਾਲ ਹੋ ਰਿਹਾ ਸੀ। ਮੈਂ ਮਨ ਵਿੱਚ ਸੋਚ ਰਿਹਾ ਸੀ ਕਿ ਮੈਂ ਆਪਣੇ ਹਰਮਨ-ਪਿਆਰੇ ਦੋਸਤਾਂ ਨੂੰ ਚਾਹ ਵੀ ਨਾ ਪਲਾ ਸਕਿਆ ਤੇ ਮਿਲ ਵੀ ਨਾ ਸਕਿਆ, ਆਪਣੇ ਤੇ ਪਈ ਗਰੀਬੀ ਕਾਰਨ। 'ਗਰੀਬੀ ਨਾਲੋਂ ਮੌਤ ਚੰਗੀ!

****
ਮੋਬਾਇਲ 97792-97682       

email:dspreetimaan@gmail.com

No comments: