ਇੱਕ ਖ਼ਤ....ਪੰਜਾਬੀ ਗਾਇਕੀ 'ਚ 'ਬੁਰੀ ਤਰ੍ਹਾਂ' ਛਾ ਚੁੱਕੀ 'ਕੁਆਰੀ ਬੀਬੀ' ਦੇ ਨਾਂ............ ਲੇਖ / ਮਨਦੀਪ ਖੁਰਮੀ ਹਿੰਮਤਪੁਰਾ



ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ । ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ । ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ 'ਮਾਸ਼ੂਕਾਂ' ਦਰਸਾਉਣ 'ਚ ਵੀ! ਸੰਗੀਤ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦੈ, ਪਰ ਥੋਡੇ ਵੱਲੋਂ ਪਰੋਸਿਆ ਜਾ ਰਿਹਾ 'ਸੰਗੀਤ' ਤਾਂ ਲੋਕਾਂ ਦੇ ਮਨਾਂ 'ਚ ਪਾਰੇ ਵਰਗਾ ਅਸਰ ਕਰਦਾ ਨਜ਼ਰ ਆ ਰਿਹਾ ਹੈ । ਮੈਂ ਤਾਂ ਇਹ ਵੀ ਸੁਣਿਐ ਕਿ ਤੂੰ ਇੱਕ ਅਧਿਆਪਕਾ ਵੀ ਹੈਂ। ਭਾਈ ਕੁੜੀਏ... ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੈ.. ਤੇ ਤੂੰ..? ਤੂੰ ਤਾਂ ਆਪਣੇ ਵਿਦਿਆਰਥੀਆਂ ਨੂੰ ਆਦਰਸ਼ਕ ਗੀਤ ਹੀ ਅਜਿਹੇ ਦਿੱਤੇ ਹਨ ਕਿ,

"ਮਾਰਿਆ ਨਾ ਕਰ ਮਿੱਸ ਕਾਲ ਮਿੱਤਰਾ,
ਵੇ ਸਾਡੇ ਘਰ ਵਿੱਚ ਪੈਂਦੀ ਆ ਲੜਾਈ...।"

ਜੇ ਤੇਰੇ ਵਿਦਿਆਰਥੀ ਤੇਰੀਆਂ ਪਾਈਆਂ 'ਲੀਹਾਂ' 'ਤੇ ਤੁਰ ਪਏ ਤਾਂ ਪੱਥਰ 'ਤੇ ਲਕੀਰ ਹੈ ਕਿ ਉਹ ਕੁਝ ਹੋਰ ਬਣਨ ਜਾਂ ਨਾ ਨਬਣਨ, ਪਰ 'ਆਦਰਸ਼' ਆਸ਼ਕ ਜ਼ਰੂਰ ਬਣ ਜਾਣਗੇ । ਤੂੰ ਤਾਂ ਆਪਣੇ ਗੀਤਾਂ ਰਾਹੀਂ ਆਪਣੀਆਂ ਵਿਦਿਆਰਥਣਾਂ ਨੂੰ ਹੀ ਮਾਪਿਆਂ ਤੋਂ ਚੋਰੀ ਮੋਬਾਈਲ ਰੱਖਕੇ ਆਪਣੇ 'ਮੁੰਡੇ ਮਿੱਤਰਾਂ' ਨਾਲ ਲੁਕ-ਲੁਕ ਗੱਲਾਂ ਕਰਨ ਦੀਆਂ ਨਸੀਹਤਾਂ ਦੇ ਰਹੀ ਹੈਂ ! ਤੇਰੇ ਗੀਤ ਤਾਂ ਉਹਨਾਂ ਕੁੜੀਆਂ ਨੂੰ ਬੜੀ 'ਆਦਰਸ਼' ਸਿੱਖਿਆ ਦੇ ਰਹੇ ਹਨ ਕਿ ਜਦੋਂ ਤੁਹਾਡਾ ਪ੍ਰੇਮੀ ਤੁਹਾਨੂੰ ਫੋਨ ਕਰੇ, ਪਰ ਤੁਹਾਡੇ ਘਰ ਮਹਿਮਾਨ ਆਏ ਹੋਣ ਤਾਂ 'ਸੌਰੀ ਰੌਂਗ ਨੰਬਰ' ਕਹਿ ਕੇ ਫ਼ੋਨ ਕੱਟ ਕੇ ਬਾਦ Ḕਚ ਆਪਣੇ 'ਪਿਆਰੇ' ਤੋਂ ਮਾਫੀ ਵੀ ਮੰਗੀ ਜਾ ਸਕਦੀ ਹੈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਸਮਾਜਿਕ ਰੁਤਬਾ ਮਿਲ ਰਿਹੈ। ਜੇ ਮੁੰਡੇ ਮੋਬਾਈਲ ਫ਼ੋਨ ਰੱਖ ਸਕਦੇ ਹਨ ਤਾਂ ਕੁੜੀਆਂ ਵੀ...। ਪਰ ਇਹ ਵੀ ਜਰੂਰੀ ਨਹੀਂ ਕਿ ਸਾਰੇ ਮੁੰਡੇ ਵੀ 'ਆਸ਼ਿਕ-ਟਿੱਡੇ' ਹਨ। ਤੇ ਇਹ ਵੀ ਜਰੂਰੀ ਨਹੀਂ ਕਿ ਸਾਰੀਆਂ ਕੁੜੀਆਂ ਨੇ ਵੀ ਮੋਬਾਈਲ ਕੋਲ ਰੱਖ ਕੇ ਮਾਪਿਆਂ ਦੀਆਂ ਅੱਖਾਂ 'ਚ ਘੱਟਾ ਪਾਉਣਾ ਹੈ।

ਬੇਸ਼ੱਕ ਥੋਡਾ ਸੱਭਿਆਚਾਰ ਦੇ ਸੇਵਕ ਅਖਵਾਉਣ ਵਾਲਾ ਲੁੰਗ ਲਾਣਾ ਕੱਛਾਂ ਵਜਾਉਂਦਾ ਫਿਰ ਰਿਹਾ ਹੋਵੇ ਕਿ, "ਵਾਹ ਜੀ ਵਾਹ, ਕੁੜੀ ਨੇ ਗਾਣੇ ਗੌਣ ਵਾਲੇ ਰਿਕਾਰਡ ਬਣਾਤੇ ।" ਪਰ ਇਹ ਕੋਈ ਪ੍ਰਾਪਤੀ ਨਹੀਂ ਕਿ ਗੀਤ ਹੀ ਉਹ ਗਾਏ ਜਾਣ, ਜੋ ਸੁਣਨ ਵਾਲਿਆਂ ਦੀਆਂ ਹੀ ਧੀਆਂ ਭੈਣਾਂ 'ਤੇ ਉਪੱਦਰ ਢੰਗ ਨਾਲ ਲਾਗੂ ਹੋਣ । ਵਿਚਾਰੇ ਲੋਕ ਤੇਰੇ ਵੱਲੋਂ ਉਹਨਾਂ ਦੀਆਂ ਹੀ ਧੀਆਂ ਭੈਣਾਂ ਨੂੰ ਲੋਫਰਾਂ ਜਿਹੀਆਂ ਦਿਖਾਉਣ ਵਾਲੇ ਗੀਤ ਸੁਣਕੇ ਹੀ ਪਤਾ ਨਹੀਂ ਕਿਹੜੀ 'ਖੁਸ਼ੀ' 'ਚ ਝੂੰਮੀ ਜਾ ਰਹੇ ਹਨ। ਮੈਨੂੰ ਆਪਣੇ ਪਿੰਡ ਵਾਲੇ ਬਲੌਰ ਸਿਉਂ ਗਵੰਤਰੀ ਦੀ ਗੱਲ ਯਾਦ ਆ ਜਾਂਦੀ ਐ । ਉਹ ਤਿੰਨ ਜਣੇ ਢੱਡ-ਸਾਰੰਗੀ ਨਾਲ ਪਿੰਡਾਂ Ḕਚ ਗਾਉਣ ਕਰਨ ਜਾਇਆ ਕਰਦੇ ਸਨ। ਕਿਸੇ ਬਜ਼ੁਰਗ ਨੇ ਉਹਨਾਂ ਨੂੰ ਪੁੱਛ ਲਿਆ ਕਿ "ਤੁਸੀਂ ਹਰ ਵੇਲੇ ਬਾਹਰ ਤੁਰੇ ਰਹਿੰਨੇ ਓ, ਲੋਕ ਥੋਨੂੰ ਪੈਸੇ-ਪੂਸੇ ਵੀ ਦਿੰਦੇ ਨੇ ਕਿ ਨਹੀਂ ?" ਬਲੌਰ ਸਿਉਂ ਦਾ ਜਵਾਬ ਸੀ, "ਲੋਕਾਂ ਨੂੰ ਗੌਣ ਲੱਗੇ ਭਾਵੇਂ ਗਾਲ੍ਹਾਂ ਕੱਢ ਦਿਉ, ਉਹ ਤਾਂ ਫੇਰ ਵੀ ਵਾਹ ਵਾਹ ਕਰਦੇ ਨੋਟ ਵਾਰ ਹੀ ਦਿੰਦੇ ਨੇ । ਅਸੀਂ ਵੀ ਏਵੇਂ ਈ ਕਰਦੇ ਆਂ... ਮਿਰਜ਼ੇ ਦਾ ਗੌਣ ਸੁਣਾਉਣ ਵੇਲੇ ਜਦੋਂ ਹੇਕ ਲਾਈਦੀ ਐ ਕਿ 'ਤੇਰੀ ਧੀ ਤਾਂ... ਤੁਰਗੀ ਨਾਲ ਮਲੰਗਾਂ ਦੇ' ਤਾਂ ਜੀਹਦੇ ਵੱਲ ਨੂੰ ਹੱਥ ਕਰ ਦੇਈਦੈ, ਉਹ ਬਾਗੋ ਬਾਗ ਹੋ ਜਾਂਦੈ । ਪਰ ਲੋਕਾਂ ਨੂੰ ਤਾਂ ਕਈ ਵਾਰ ਇਹ ਵੀ ਪਤਾ ਨੀਂ ਲੱਗਦਾ ਕਿ ਜਦੋਂ ਉਹਨਾਂ ਵੱਲ ਹੱਥ ਕਰਕੇ ਕਹੀਦੈ ਤਾਂ ਇਹ ਦਾ ਮਤਲਬ ਤਾਂ ਇਹੀ ਹੋਇਆ ਕਿ ਤੇਰੀ ਧੀ ਮਲੰਗਾਂ ਨਾਲ ਤੁਰਗੀ।" ਸੱਚੀਂ ਉਹੀ ਹਾਲ ਐ ਲੋਕਾਂ ਦਾ, ਤੁਸੀਂ ਉਹਨਾਂ ਹੀ ਲੋਕਾਂ ਦੀਆਂ ਧੀਆਂ ਭੈਣਾਂ ਦੀ ਪਤ ਉਧੇੜਨ ਦੇ ਰਾਹ ਤੁਰੇ ਹੋਏ ਓ, ਤੇ ਉਹੀ ਲੋਕ ਤੁਹਾਡੇ 'ਪ੍ਰਸ਼ੰਸਕ' ਬਣਕੇ ਉਹਨਾਂ ਹੀ ਗੀਤਾਂ 'ਤੇ ਤਾੜੀਆਂ ਮਾਰਦੇ ਨਹੀਂ ਥੱਕਦੇ । ਇਹ ਕਿੱਧਰਲੀ ਮਕਬੂਲੀਅਤ ਹੈ ਕਿ ਕੀ ਫੇਸਬੁੱਕ, ਕੀ ਆਰਕੁੱਟ ਸਭ ਪਾਸੇ ਤੈਨੂੰ 'ਸੱਭਿਆਚਾਰ ਦੇ ਮੱਥੇ 'ਤੇ ਸਾਢੇ ਚਾਰ ਫੁੱਟਾ ਦਾਗ' ਆਦਿ ਵਿਸ਼ੇਸ਼ਣਾਂ ਨਾਲ ਨਿਵਾਜਿਆ ਪਿਐ । ਗਾਇਕੀ ਤਾਂ ਅਸਲ 'ਚ ਉਹ ਹੁੰਦੀ ਹੈ, ਜੋ ਸਾਰੇ ਭੈਣਾਂ ਭਰਾਵਾਂ 'ਚ ਬੈਠ ਕੇ ਵੀ ਸੁਣੀ ਜਾ ਸਕਦੀ ਹੋਵੇ ਪਰ ਜਿਹੋ ਜਿਹੇ 'ਆਦਰਸ਼ਕ' ਗੀਤ ਤੂੰ 'ਉੱਚਰੇ' ਹਨ, ਸ਼ਾਇਦ ਤੂੰ ਆਪਣੀ ਛੋਟੀ ਭੈਣ ਜਾਂ ਭਰਾ ਕੋਲ ਬਹਿਕੇ ਖੁਦ ਵੀ ਨਾ ਸੁਣ ਸਕੇਂ ।
ਇਸਨੂੰ ਛੋਟੀ ਬੁੱਧੀ ਕਿਹਾ ਜਾਵੇ ਜਾਂ ਅੰਤਾਂ ਦੀ ਚਲਾਕੀ ਕਿ ਤੂੰ 'ਬੇਗਮਪੁਰਾ' ਵਸਾਉਣ ਵਰਗਾ ਗੀਤ ਵੀ ਗਾ ਧਰਿਆ । ਸਭ ਜਾਣਦੇ ਨੇ ਕਿ ਤੇਰਾ ਪਰਿਵਾਰਕ ਪਿਛੋਕੜ ਨਿਰੰਕਾਰੀ ਸੰਪਰਦਾਏ ਨਾਲ ਜੁੜਿਆ ਹੋਇਆ ਹੈ । ਕੀ ਇਹੋ ਜਿਹਾ ਵੰਡੀਆਂ ਪਾਊ ਗੀਤ ਚੰਦ ਪੈਸਿਆਂ ਖਾਤਰ ਗਾਉਣ ਲੱਗਿਆਂ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਕਿ ਤੂੰ ਇੱਕ ਨਿਰੰਕਾਰੀ ਟੱਬਰ ਨਾਲ ਸਬੰਧਿਤ ਹੋਣ ਕਰਕੇ ਸਿੱਖੀ ਪ੍ਰਤੀ ਸ਼ਰਧਾ ਵਿਸ਼ਵਾਸ਼ ਰੱਖਣ ਵਾਲਿਆਂ ਦੇ ਮਨੋਂ ਲਹਿ ਜਾਵੇਂਗੀ ? ਤੂੰ ਭੋਰਾ ਵੀ ਖਿਆਲ ਨਹੀਂ ਕੀਤਾ ਕਿ ਲੋਕ ਦੁਬਾਰਾ ਇਹੀ ਕਹਿਣਗੇ ਕਿ ਇਸ ਤਰ੍ਹਾਂ ਦੇ ਵੰਡੀਆਂ ਪਾਊ ਗੀਤ ਗਵਾਉਣ ਪਿੱਛੇ ਵੀ ਕਿਸੇ ਦੀ ਸਾਜਿਸ਼ ਹੈ...! ਮੈਨੂੰ ਨਹੀਂ ਲਗਦਾ ਕਿ ਤੂੰ ਜਿਆਦਾ ਸਿਆਣੀ ਵੀ ਹੈਂ, ਜੇ ਸਿਆਣੀ ਹੁੰਦੀ ਤਾਂ ਜਿਸ ਬੇਗਮਪੁਰੇ ਨੂੰ ਵਸਾਉਣ ਬਾਰੇ ਤੂੰ ਗਰਾਰੀਆਂ ਮਾਰ-ਮਾਰ ਗਾਇਆ ਹੈ, ਉਸ ਬਾਰੇ ਇਹ ਤਾਂ ਪਤਾ ਕਰ ਲੈਂਦੀ ਕਿ ਬਾਣੀ ਵਿੱਚ ਬੇਗਮਪੁਰਾ ਸ਼ਬਦ ਦੇ ਅਰਥ ਕੀ ਹਨ ? ਜੇ ਹੁਣ ਤੱਕ ਪਤਾ ਨਹੀਂ ਲੱਗਾ ਤਾਂ ਹੁਣ ਸੁਣ ਲੈ....। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ਼ ਕੀਤੇ ਹਨ। ਜਿਹਨਾਂ ਦਾ ਸਾਂਝਾ ਉਪਦੇਸ਼ ਨਰੋਏ ਤੇ ਵਿਤਕਰੇ ਰਹਿਤ ਸਮਾਜ ਦੀ ਸਥਾਪਨਾ, ਨਾਮ ਸਿਮਰਨ ਰਾਹੀਂ ਜਾਤ-ਅਭਿਮਾਨੀ ਲੋਕਾਂ ਦੇ ਹੰਕਾਰ ਨੂੰ ਤੋੜਨਾ ਅਤੇ ਮਨੁੱਖ ਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਾ ਹੋਣ ਬਾਰੇ ਦੱਸਣਾ ਹੀ ਹੈ। ਭਗਤ ਰਵੀਦਾਸ ਜੀ ਦੀ ਬਾਣੀ ਵਿੱਚੋਂ ਰਾਗ ਗਾਉੜੀ ਦਾ ਇੱਕ ਸ਼ਬਦ ਹੈ 'ਬੇਗਮਪੁਰਾ ਸਹਰ ਕੋ ਨਾਉ'। ਜਿਸ ਵਿੱਚ ਭਗਤ ਜੀ ਨੇ ਐਸੀ ਅਵੱਸਥਾ ਦਾ ਜ਼ਿਕਰ ਕੀਤਾ ਹੈ, ਜੋ ਪ੍ਰਮਾਤਮਾ ਨਾਲ ਇੱਕ-ਮਿੱਕ ਹੋ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਆਤਮਿਕ ਅਵੱਸਥਾ ਵਿੱਚ ਜਦੋਂ ਮਨੁੱਖ ਪ੍ਰਭੂ ਪ੍ਰਮਾਤਮਾ ਦੇ ਭੇਦ ਸਮਝ ਜਾਦਾ ਹੈ ਤਾਂ ਇਸ ਦੁਨੀਆ ਦੇ ਸਭ ਫ਼ਿਕਰ-ਫ਼ਾਕੇ ਮੁੱਕ ਜਾਂਦੇ ਹਨ। ਭਗਤ ਰਵੀਦਾਸ ਜੀ ਨੇ ਇਸ ਅਵੱਸਥਾ ਭਾਵ Ḕਗ਼ਮਾਂ ਤੋਂ ਰਹਿਤḔ ਅਵੱਸਥਾ ਨੂੰ 'ਬੇਗਮਪੁਰਾ' ਦਾ ਨਾਂ ਦਿੱਤਾ ਹੈ ਅਤੇ 'ਸਹਰ' ਤੋਂ ਭਾਵ ਮਨੁੱਖਾ ਸਰੀਰ ਹੈ। ਪਰ ਕਾਕੀ ਜੀਓ..! ਤੁਸੀਂ ਤਾਂ ਭਗਤ ਰਵੀਦਾਸ ਜੀ ਦੇ ਬੇਗਮਪੁਰੇ ਨੂੰ

"ਸੁਣ ਲਓ ਮੇਰੀ ਗੱਲ ਭਰਾਵੋ,
ਗੁਣ ਗੁਰੂ ਰਵੀਦਾਸ ਦੇ ਗਾਓ,
ਨਾ ਹੁਣ ਆਸੇ ਪਾਸੇ ਜਾਵੋ,
ਵੱਖਰਾ ਪੰਥ ਚਲਾਉਣਾ ਇਆਂ।

ਸਾਰੇ ਕਰ ਲਓ ਏਕਾ, ਬੇਗਮਪੁਰਾ ਵਸਾਉਣਾ ਇਆਂ ।" ਵਰਗੀ ਤੁਕਬੰਦੀ 'ਚ ਕੈਦ ਕਰਕੇ ਸਿਰਫ ਮਿੱਟੀ-ਗਾਰੇ ਜਾ ਇੱਟਾਂ ਤੋਂ ਬਣਨ ਵਾਲੇ ਬੇਗਮਪੁਰੇ ਨਾਲ ਜੋੜ ਕੇ ਹੀ 'ਸੀਮਤ' ਜਿਹਾ ਕਰ ਦਿੱਤਾ । ਕਦੇ ਇਕੱਲੀ ਬੈਠ ਕੇ ਭਗਤ ਰਵਿਦਾਸ ਜੀ ਦੀ ਬਾਣੀ ਦੀਆਂ ਇਹਨਾਂ ਪੰਗਤੀਆਂ ਦਾ ਅਰਥ ਕੱਢ ਕੇ ਵੇਖੀਂ,

ਤਿਉ ਤਿਉ ਸੈਲ ਕਰਹਿ ਜਿਉ ਭਾਵੈ।।
ਮਹਰਮ ਮਹਲ ਨ ਕੋ ਅਟਕਾਵੈ।।
ਕਹਿ ਰਵਿਦਾਸ ਖਲਾਸ ਚਮਾਰਾ।।
ਜੋ ਹਮ ਸਹਰੀ ਸੁ ਮੀਤ ਹਮਾਰਾ।।

ਭਾਈ ਬੀਬਾ... ਬਹੁਤ ਸੋਹਣਾ ਗਾਉਨੀ ਏਂ ਤੂੰ, ਮਾਫ ਕਰਨਾ ਤੈਨੂੰ ਭੁਲੇਖੇ ਨਾਲ ਹੀ ਬੀਬਾ ਕਹਿ ਗਿਆਂ... ਇਹ ਲਫਜ਼ ਤਾਂ ਸੁਰਿੰਦਰ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ ਵਰਗੀਆਂ ਗਾਇਕਾਵਾਂ ਦੇ ਨਾਵਾਂ ਨਾਲ ਹੀ ਸ਼ੋਭਦਾ ਹੈ, ਜਿਹਨਾਂ ਨੂੰ ਲੋਕ ਇੱਕ ਫ਼ਨਕਾਰ ਵਜੋਂ ਹੀ ਸਤਿਕਾਰ ਦਿੰਦੇ ਸਨ... ਨਾ ਕਿ ਤੇਰੇ ਵਰਗੀ ਗਾਉਣ ਵਾਲੀ ਬੀਬੀ ਨੂੰ ਹੀ ਆਪਣੀ ਸੁਪਨਿਆਂ ਦੀ ਰਾਣੀ ਸਮਝ ਬੈਠਦੇ ਹਨ । ਸਰਸਵਤੀ ਰੱਜ ਕੇ ਦਿਆਲ ਹੋਈ ਐ ਤੇਰੇ 'ਤੇ । ਪਰ ਉਹ ਵੀ ਵੇਲਾ ਦੂਰ ਨਹੀਂ ਜਦੋਂ ਸਰਸਵਤੀ ਆਪਣਾ ਦਿੱਤਾ ਹੋਇਆ ਤੋਹਫਾ ਥੱਪੜ ਮਾਰ ਕੇ ਖੋਹਣ ਲੱਗੀ ਵੀ ਝਿਜਕੇਗੀ ਨਹੀਂ, ਕਿਉਂਕਿ ਆਮ ਹੀ ਕਿਹਾ ਜਾਂਦਾ ਹੈ ਕਿ 'ਜਦੋਂ ਪ੍ਰਮਾਤਮਾ ਦਿੰਦੈ ਤਾਂ ਛੱਪਰ ਪਾੜ ਕੇ ਦਿੰਦੈ ਤੇ ਜਦੋਂ ਖੋਂਹਦੈ ਤਾਂ ਥੱਪੜ ਮਾਰ ਕੇ ਖੋਂਹਦੈ ।'

ਗਾਇਕਾ ਜੀਓ! ਇੱਕ ਕੁੜੀ ਹੋ ਕੇ ਕੁੜੀਆਂ ਦੀ ਹੀ ਸਮਾਜਿਕ ਅਜ਼ਾਦੀ ਉੱਪਰ ਜਿੰਨੀਆਂ ਬੰਦਿਸ਼ਾਂ ਤੇਰੇ ਗੀਤਾਂ ਨੇ ਲਾਈਆਂ ਨੇ, ਉਹਨਾਂ ਬਦਲੇ ਮਾਪਿਆਂ ਦੀਆਂ ਬੰਦਸ਼ਾਂ ਦਾ ਸ਼ਿਕਾਰ ਹੋਈਆਂ ਕੁੜੀਆਂ ਤੈਨੂੰ ਅਸੀਸਾਂ ਨਹੀਂ ਦੇ ਰਹੀਆਂ ਹੋਣਗੀਆਂ । ਕੁੜੀਆਂ ਦਾ ਵੀ ਵਿਚਾਰੀਆਂ ਦਾ ਨੱਚਣ ਟੱਪਣ ਨੂੰ ਦਿਲ ਕਰਦਾ ਹੁੰਦੈ ਤੇ ਵਿਆਹ ਸ਼ਾਦੀਆਂ ਹੀ ਉਹਨਾਂ ਦੇ ਇਸ ਚਾਅ ਨੂੰ ਪੂਰਾ ਕਰਨ ਦਾ ਸਬੱਬ ਬਣਦੇ ਨੇ । ਪਰ ਤੁਹਾਡੇ 'ਆਈਡੀਆ' ਮਾਰਕਾ ਗੀਤਾਂ ਨੇ ਤਾਂ ਲੋਕਾਂ ਦੇ ਦਿਮਾਗਾਂ 'ਚ ਹੁਣ ਤੱਕ ਇਹੀ ਤੂੜਿਆ ਹੈ ਕਿ 'ਕਿਵੇਂ ਨੱਚ ਰਹੀ ਕੁੜੀ ਨੂੰ ਇਸ਼ਾਰੇ ਮਾਰਨੇ' 'ਜੇ ਨੱਚਦੀ ਦੀ ਬਾਂਹ ਫੜ੍ਹ ਲਈ... ਫੇਰ ਕੀ ਹੋ ਗਿਆ ?' 'ਤੈਨੂੰ ਗਿੱਧੇ 'ਚ ਨੱਚਦੀ ਨੂੰ ਚੱਕ ਕੇ ਲੈਜਾਂ' 'ਮੇਰਾ ਤੇਰੇ ਨਾਲ ਨੱਚਣ ਨੂੰ ਦਿਲ ਕਰਦੈ' ਵਗੈਰਾ ਵਗੈਰਾ... ਮੈਨੂੰ ਨਹੀਂ ਲੱਗਦਾ ਕਿ ਤੂੰ ਵੀ ਜਾਂ ਥੋਡਾ ਲੁੰਗ-ਲਾਣਾ ਕਿਸੇ 'ਹੋਰ' ਨੂੰ ਇਜਾਜ਼ਤ ਦੇਵੋਂ ਕਿ ਤੁਹਾਡੀ ਆਪਣੀ 'ਸਕੀ ਭੈਣ' ਨੱਚਦੀ ਹੋਵੇ ਤੇ ਤੁਸੀਂ ਕਿਸੇ ਨੂੰ ਅੱਖ ਪੱਟ ਕੇ ਦੇਖਦੇ ਨੂੰ ਵੀ ਬਰਦਾਸ਼ਤ ਕਰੋ... ਚੱਕ ਕੇ ਲਿਜਾਣਾ ਤਾਂ ਦੂਰ ਦੀ ਗੱਲ ਹੈ ! ਹੁਣ ਗੱਲ ਕਬੱਡੀ ਦੀ ਵੀ ਕਰ ਲੈਨੇ ਆਂ... ਬੇਸ਼ੱਕ ਖਿਡਾਰੀ ਕਿਸੇ ਵੀ ਖਿੱਤੇ ਦੇ ਸ਼ਾਂਤੀ ਦੂਤ ਮੰਨੇ ਜਾਦੇ ਹਨ । ਪਰ ਥੋਡੇ ਵੱਲੋਂ ਵਿੱਢੀ ਭੇਡ ਚਾਲ ਜਾਣੀ ਕਿ ਕੌਡੀ ਖਿਡਾਰੀਆਂ ਦੇ ਆਸ਼ਕੀ ਮਿਜਾਜੀ ਵਾਲੇ ਗੀਤਾਂ ਨੇ ਆਮ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਜਰੂਰ ਬਿਠਾਈ ਹੋਵੇਗੀ ਕਿ ਥੋੜ੍ਹੇ-ਬਹੁਤੇ ਡੌਲੇ ਜਿਹੇ ਬਣਾ ਕੇ ਹਰ ਖਿਡਾਰੀ ਹੀ ਕੁਆਰੀਆਂ-ਕੁੜੀਆਂ 'ਤੇ ਅੱਖ ਰੱਖਦਾ ਹੋਊ.. ਸ਼ਾਇਦ ਤੁਹਾਡੇ ਗੀਤਾਂ ਜਿਵੇਂ ਕਿ 'ਘਿਓ ਵਾਂਗੂੰ ਲੱਗੇ ਤੇਰਾ ਪਿਆਰ ਸੋਹਣੀਏ, ਨੀ ਮੈਨੂੰ ਕੌਡੀ ਦੇ ਖਿਡਾਰੀ ਨੂੰ' ਸੁਣਕੇ ਵਿਚਾਰੇ ਕੌਡੀ ਖਿਡਾਰੀ ਵੀ ਘਰ ਦੀਆਂ ਖੁਰਾਕਾਂ ਛੱਡ ਕੇ ਟੀਕਿਆਂ ਦਾ ਆਸਰਾ ਲੈਣ ਲੱਗੇ ਹੋਣ ਤੇ ਕੁਝ ਕੁ ਆਸ਼ਕੀ 'ਚ ਗਲਤਾਨ ਹੋ ਕੇ ਆਪਣੀ ਮਸ਼ੂਕ ਦੇ ਪਿਆਰ ਨੂੰ ਹੀ ਘਿਓ ਸਮਝੀ ਬੈਠੇ ਹੋਣ । ਪਤਾ ਨਹੀਂ ਕਿਉਂ ਕਿਸੇ ਕਬੱਡੀ ਖਿਡਾਰੀ ਨੇ ਵੀ ਅਜਿਹੇ ਬੇਤੁਕੇ ਗੀਤਾਂ ਖਿਲਾਫ ਆਵਾਜ ਕਿਉਂ ਨਹੀਂ ਉਠਾਈ ਕਿ 'ਅਸੀਂ ਐਸੇ ਨਹੀਂ ਹਾਂ, ਸਾਡੇ ਘਰ ਵੀ ਧੀਆਂ ਭੈਣਾਂ ਹਨ... ਸਾਡਾ ਜ਼ੋਰ ਦੇਸ਼ ਪੰਜਾਬ ਜਾਂ ਸਾਡੀ ਮਾਂ ਖੇਡ ਦਾ ਮਾਣ ਵਧਾਉਣ ਲਈ ਹੈ ! ਨਾ ਕਿ ਕੁੜੀਆਂ ਨੂੰ ਦਿਖਾਉਣ ਲਈ!' ਪੰਜਾਬ 'ਚ ਤਾਂ ਕੁੜੀਆਂ ਪਹਿਲਾਂ ਹੀ ਕੁੱਖਾਂ 'ਚ ਮਾਰੀਆਂ ਜਾ ਰਹੀਆਂ ਹਨ । ਉਹਨਾਂ ਲਈ ਹਾਅ ਦਾ ਨਾਅਰਾ ਮਾਰਨਾ ਤਾਂ ਦੂਰ ਦੀ ਗੱਲ਼.. ਤੂੰ ਤਾਂ ਉਹਨਾਂ ਦੇ ਕਤਲੇਆਮ ਨੂੰ ਹੱਲਾਸ਼ੇਰੀ ਦੇਣ ਦੇ ਰਾਹ ਤੁਰੀ ਪਈ ਐਂ। ਉਹ ਪੁੱਛ ਕਿਵੇਂ..... ਲੈ ਸੁਣ, ਜਿਹੜੇ ਮਾਪੇ ਤੇਰੇ ਜਾਂ ਤੇਰੇ ਹੋਰ ਭੈਣਾਂ ਭਰਾਵਾਂ ਵੱਲੋਂ ਗਾਏ ਜਾਂਦੇ ਕੁੜੀਆਂ ਨੂੰ 'ਮਾਸ਼ੂਕਾਂ' ਦਰਸਾਉਣ ਵਾਲੇ ਗੀਤ ਸੁਣਦੇ ਹੋਣਗੇ, ਉਹਨਾਂ ਮਨਾਂ ਵਿੱਚ ਪਾਕ-ਪਵਿੱਤਰ ਸੋਚ ਵਾਲੀਆਂ ਕੁੜੀਆਂ ਉੱਪਰ ਵੀ ਸ਼ੱਕ ਦੀ ਸੂਈ ਟਿਕਦਿਆਂ ਦੇਰ ਨਹੀਂ ਲੱਗਦੀ ਹੋਵੇਗੀ । ਤੈਨੂੰ ਵੀ ਯਾਦ ਹੋਣੈ ਕਿ ਪੰਜਾਬ ਵਿੱਚ ਇੱਕ ਵਾਰ 'ਨੈਨੀ' ਕੋਰਸ ਕਰਕੇ ਵਿਦੇਸ਼ ਜਾਣ ਲਈ ਕੁੜੀਆਂ ਵਿੱਚ ਇੱਕ ਝੱਲ ਜਿਹਾ ਛਾਇਆ ਹੋਇਆ ਸੀ । ਜਿਹਨੀਂ ਦਿਨੀਂ ਪੰਜਾਬ ਦੇ ਪਿੰਡ ਪਿੰਡ 'ਚੋਂ ਕੁੜੀਆਂ ਚੰਡੀਗੜ੍ਹ ਦੇ ਨੈਨੀ ਕੋਚਿੰਗ ਸੈਂਟਰਾਂ ਤੋਂ ਨੈਨੀ ਦੀ 'ਕੋਚਿੰਗ' ਲੈ ਰਹੀਆਂ ਸਨ । ਉਹਨੀਂ ਦਿਨੀਂ ਹੀ ਥੋਡੇ ਲਾਣੇ ਦੇ ਇੱਕ ਗਾਇਕ ਸਾਬ੍ਹ ਦਾ ਗੀਤ ਆਇਆ ਸੀ ਕਿ:

"ਬੈਠਜਾ ਬੁੱਲਟ ਉੱਤੇ ਛਾਲ ਮਾਰਕੇ,
ਦਿਲੋਂ ਵਹਿਮ ਕੱਢ ਕੇ ।
ਚੰਡੀਗੜ੍ਹ ਝੀਲ ਦੀ ਕਰਾਦੂੰ ਤੈਨੂੰ ਸੈਰ,
ਆਜੀਂ ਟੈਮ ਕੱਢਕੇ ।"

ਜਿਹੜੇ ਮਾਂ ਪਿਉ ਦੀਆਂ ਸਹੁੰ ਖਾਣ ਜੋਗੀਆਂ ਸਿਆਣੀਆਂ ਧੀਆਂ ਵੀ ਚੰਡੀਗੜ੍ਹ ਪੜ੍ਹਦੀਆਂ ਹੋਣਗੀਆਂ, ਥੋਡੇ ਗਾਇਕ ਲਾਣੇ ਦੀ ਸੱਭਿਆਚਾਰ ਦੀ ਕੀਤੀ 'ਸੇਵਾ' ਸੁਣਕੇ ਇੱਕ ਵਾਰ ਤਾਂ ਉਹਨਾਂ ਮਾਪਿਆਂ ਦੇ ਦਿਮਾਗ ਵੀ ਜਰੂਰ ਸੁੰਨ ਹੋਏ ਹੋਣਗੇ ਕਿ ਕਿਤੇ ਸਾਡੀ 'ਬੀਬੀ' ਵੀ ਕਿਸੇ ਬੁੱਲਟ ਵਾਲੇ ਨਾਲ ਝੀਲ ਦੀ ਸ਼ੈਰ ਕਰਦੀ ਫਿਰਦੀ, ਉਹਨਾਂ ਦੇ ਧੌਲੇ-ਝਾਟੇ 'ਚ ਖੇਹ ਨਾ ਪੁਆਉਂਦੀ ਫਿਰਦੀ ਹੋਵੇ ? ਕਾਲਜ, ਸਕੂਲ ਤਾਂ ਵਿੱਦਿਆ ਦੇ ਮੰਦਰਾਂ ਵਜੋਂ ਖਿਆਲ ਕੀਤੇ ਜਾਂਦੇ ਹਨ । ਪਰ ਥੋਡੀ ਕੁੱਝ ਵੱਧ ਹੀ ਸੱਭਿਆਚਾਰਕ ਸੋਚ ਨੇ ਇਹਨਾਂ ਨੂੰ ਵੀ ਆਸ਼ਕੀ ਦੇ ਅੱਡੇ ਬਣਾ ਦਿੱਤੈ। ਕਿਹੜਾ ਮਾਂ ਪਿਓ ਹੋਵੇਗਾ ਜੋ ਥੋਡੀ ਸੱਭਿਆਚਾਰ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਧੀਆਂ ਨੂੰ ਉੱਚ-ਵਿੱਦਿਆ ਲਈ ਕਿਸੇ ਲਾਗਲੇ ਕਸਬੇ ਜਾਂ ਸ਼ਹਿਰ 'ਚ ਵੀ ਭੇਜਣ ਦੀ ਹਿੰਮਤ ਕਰੇਗਾ? ਕਿਉਂਕਿ ਤੁਸੀਂ ਤਾਂ ਲੋਕਾਂ ਦੇ ਦਿਮਾਗਾਂ 'ਚ ਕੰਡੇ ਹੀ ਅਜਿਹੇ ਬੀਜ ਦਿੱਤੇ ਹਨ ਕਿ ਕੁੜੀਆਂ ਨੂੰ ਘਰੋਂ ਬਾਹਰ ਕੱਢਣ ਤੋਂ ਪਹਿਲਾਂ ਹਰ ਮਾਪਾ ਹਜ਼ਾਰ ਵਾਰ ਸੋਚੇਗਾ। ਸਿਆਣਿਆਂ ਦਾ ਕਥਨ ਹੈ ਕਿ ਜੇ ਤੁਹਾਡੇ ਪੱਲੇ ਕੋਈ ਨਿੱਗਰ ਸੋਚ ਜਾਂ ਗੁਣ ਹੈ ਤਾਂ ਉਸਨੂੰ ਵੰਡਣਾ ਚਾਹੀਦਾ ਹੈ, ਤਾਂ ਜੋ ਸਿਆਣਪ ਦਾ ਪਸਾਰਾ ਚਾਰੇ ਪਾਸੇ ਹੋ ਸਕੇ ।

ਇਹ ਗੱਲ ਮੰਨਣਯੋਗ ਹੈ ਕਿ ਤੇਰੇ ਗਲੇ 'ਚ ਕੁਝ ਨਾ ਕੁਝ ਤਾਂ ਹੈ । ਪਰ ਅਸਲ ਫ਼ਾਇਦਾ ਫੇਰ ਸੀ, ਜੇ ਗਲੇ ਦੀ ਮਿਠਾਸ ਨੂੰ ਲੋਕਾਂ ਦੇ ਦੁੱਖਾਂ ਦਰਦਾਂ, ਧੀਆਂ ਭੈਣਾਂ ਲਈ ਹਾਅ ਦਾ ਨਾਅਰਾ ਮਾਰਨ, ਭਰੂਣ ਹੱਤਿਆ, ਦਾਜ ਦਹੇਜ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਸਮੇਤ ਸੈਂਕੜੇ ਹੀ ਦਨਦਨਾਉਂਦੀਆਂ ਫਿਰਦੀਆਂ ਸਮਾਜਿਕ ਅਲਾਮਤਾਂ ਖਿਲਾਫ਼ ਵਰਤਦੀ । ਤੂੰ ਤਾਂ ਮਾਂ ਦੀਏ ਧੀਏ ਗਾਉਣ ਦੇ ਗੁਣ ਨੂੰ ਸਕੂਲਾਂ 'ਚ ਆਸ਼ਕੀ ਵਾੜਨ ਲਈ ਹੀ ਵਰਤ ਰਹੀ ਹੈਂ। ਇੱਥੇ ਵੀ ਇੱਕ ਗੱਲ ਯਾਦ ਆ ਗਈ... ਇੱਕ ਵਾਰ ਦੁਨੀਆਦਾਰੀ ਤੋਂ ਅਭਿੱਜ ਜਿਹੀਆਂ ਮਾਂ-ਧੀ ਤੁਰੀਆਂ ਜਾ ਰਹੀਆਂ ਸਨ । ਅੱਗੋਂ ਗਲ 'ਚ ਲਮਕਦੀ ਟੱਲੀ ਦਾ ਚੀਕ-ਚਿਹਾੜਾ ਪੁਆਈ ਫਿਰਦਾ ਬੋਤਾ, ਜਾਣੀ ਕਿ ਊਠ ਆ ਰਿਹਾ ਸੀ। ਮਾਂ ਤੇ ਧੀ ਦੋਵਾਂ ਨੂੰ ਹੀ ਨਹੀਂ ਸੀ ਪਤਾ ਕਿ ਜਾਨਵਰ ਦਾ ਨਾਂ ਕੀ ਹੈ, ਤੇ ਉਹਦੇ ਗਲ 'ਚ ਕੀ ਹੈ? ਧੀ ਨੇ ਮਾਂ ਨੂੰ ਪੁੱਛਿਆ, "ਮਾਂ 'ਕੀ' ਦੇ ਗਲ 'ਚ 'ਕੀ' ਆ?" ਮਾਂ ਨੂੰ ਵੀ ਜੇ ਪੰਜਾਬ ਦੇ ਲੋਕਾਂ ਵਾਂਗੂੰ ਕੁਝ ਸੁਰਤ ਹੁੰਦੀ, ਫੇਰ ਹੀ ਦੱਸਦੀ..? ਉਹ ਵਿਚਾਰੀ ਠਿੱਠ ਜਿਹੀ ਹੁੰਦੀ ਬੋਲੀ, "ਚੱਲ ਘਰ ਚੱਲੀਏ..ਕੁਵੇਲਾ ਹੋਈ ਜਾਂਦੈ... 'ਇਹੋ ਜਿਹਿਆਂ' ਦੇ ਗਲਾਂ 'ਚ 'ਇਹੋ ਜਿਹੇ' ਹੀ ਹੁੰਦੇ ਆ।" ਉਹ ਦਿਨ ਵੀ ਦੂਰ ਨਹੀਂ ਹਨ, ਜੇ ਤੁਸੀਂ ਲੋਕਾਂ ਦੀ ਧੀ-ਭੈਣ 'ਇੱਕ' ਕਰਨ ਵਾਲੇ ਗੌਣ-ਪਾਣੀ ਦਾ ਖਹਿੜਾ ਨਾ ਛੱਡਿਆ ਤਾਂ ਲੋਕ ਵੀ ਇਹ ਕਹਿਕੇ ਪਾਸਾ ਵੱਟ ਲਿਆ ਕਰਨਗੇ ਕਿ ਜਾਂ ਤਾਂ ਬੇਸ਼ਰਮਾਂ ਨੇ ਸ਼ਰਮ ਦੀ ਲੋਈ ਹੀ ਲਾਹ ਛੱਡੀ ਹੈ, ਜਾਂ ਫਿਰ 'ਇਹੋ ਜਿਹਿਆਂ' ਦੇ ਗਲਿਆਂ 'ਚੋਂ 'ਇਹੋ ਜਿਹਾ' ਗੰਦਾ ਪਾਣੀ ਹੀ ਨਿੱਕਲੂ । ਉਮੀਦ ਹੈ ਕਿ ਮੇਰੀਆਂ ਕਮਅਕਲ ਦੀਆਂ ਹੱਥ ਜੋੜ ਕੇ ਕੀਤੀਆਂ ਬੇਨਤੀਆਂ 'ਤੇ ਜਰੂਰ ਗੌਰ ਕਰੋਗੇ। ਜਿਸ ਦਿਨ ਲੋਕਾਂ ਦੇ ਜ਼ਖਮਾ 'ਤੇ ਫੈਹਾ ਧਰਨ ਵਰਗਾ ਕੋਈ ਗੀਤ ਤੇਰੇ ਮੂੰਹੋਂ ਸੁਨਣ ਨੂੰ ਮਿਲਿਆ ਤਾਂ ਸ਼ਾਇਦ ਉਸ ਦਿਨ ਤੈਨੂੰ 'ਆਪਣੀ ਭੈਣ' ਵਰਗੀ ਕਹਿਣ ਦਾ ਹੌਸਲਾ ਕਰ ਲਵਾਂ..... ਕੋਈ ਲਫ਼ਜ਼ਾਂ ਦੀ ਵਾਧ 'ਘਾਟ' ਰਹਿ ਗਈ ਹੋਵੇ ਤਾਂ ਲੋਕਾਂ ਕੋਲੋਂ ਮਾਫੀ ਮੰਗਦਾ ਹਾਂ ।
****

No comments: