ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ........ ਨਜ਼ਮ/ਕਵਿਤਾ / ਅਮਰਜੀਤ ਸਿੰਘ ਸਿੱਧੂ

ਮਾਤਾ ਗੁਜਰੀ ਸੱਦ ਕੋਲ ਪੋਤਿਆਂ ਨੂੰ ਨਾਲ ਪਿਆਰ ਦੇ ਗੋਦ ਬਿਠਾਵਦੀ ਏ।
ਨਾਲ ਲਾਡ ਦੇ ਸਿਰ ਵਿੱਚ ਹੱਥ ਫੇਰੇ ਮੁਖ ਲਾਲਾਂ ਦੇ ਨੂੰ ਪਈ ਨਿਹਾਰਦੀ ਏ।

ਬੋਲ ਮੁਖ ਚੋਂ ਆਖਦੀ ਸੁਣੋ ਸੇ਼ਰੋ ਅੱਜ ਫੇਰ ਕਚਿਹਰੀ ਵਿੱਚ ਜਾਵਣਾ ਏ,
ਜਿਹੜੀ ਰੀਤ ਤੁਰੀ ਘਰ ਆਪਣੇ ਚ ਉਸ ਰੀਤ ਤਾਈਂ ਤੁਸੀ ਪੁਗਾਵਣਾ ਏ।

ਤੁਹਾਡੇ ਦਾਦਾ ਦੇ ਦਾਦਾ ਜੀ ਲਾਹੌਰ ਅੰਦਰ ਤੱਤੀ ਤਵੀ ਤੇ ਆਸਣ ਲਾ ਲਿਆ ਸੀ,
ਉਹ ਤਾਂ ਧਰਮ ਤੋਂ ਰਤਾ ਵੀ ਨਹੀਂ ਥਿੜਕੇ ਜ਼ਾਲਮ ਰੇਤ ਤੱਤੀ ਸੀਸ ਵਿੱਚ ਪਾ ਰਿਹਾ ਸੀ।

ਤੁਹਾਡੇ ਦਾਦਾ ਜੀ ਦਿੱਲੀ ਦੇ ਦਿਲ ਅੰਦਰ ਪੁੱਟ ਜ਼ੁਲਮ ਬੂਟਾ ਧਰਮ ਦਾ ਲਾਇਆ ਏ,
ਬੇੜੀ ਡੁੱਬਦੀ ਸੀ ਹਿੰਦੂ ਧਰਮ ਵਾਲੀ ਲਾ ਕੇ ਚੱਪੂ ਉਹਨੂੰ ਪਾਰ ਲੰਘਾਇਆ ਏ।

ਤੁਹਾਨੂੰ ਦੇਣਗੇ ਲਾਲਚ ਇਹ ਬਹੁਤ ਸ਼ੇਰੋ ਮਨ ਆਪਣੇ ਤਾਂਈ ਡੁਲਾਵਣਾ ਨਹੀਂ,
ਨਾਸ਼ਵਾਨ ਦੁਨੀਆਂ ਦੀਆਂ ਨਾਸ਼ਵਾਨ ਚੀਜ਼ਾਂ ਨਾਲ ਜਿੰਨਾਂ ਨੇ ਅੰਤ ਤੱਕ ਜਾਵਣਾ ਨਹੀਂ।

ਇਸ ਦੁਨੀਆਂ ਦੀ ਆਦਤ ਉਹਨੂੰ ਯਾਦ ਕਰਨਾਂ ਚੰਗੇ ਪੂਰਨੇ ਜਿਹਨਾਂ ਨੇ ਪਾਏ ਹੁੰਦੇ,
ਮੇਲੇ ਉਹਨਾਂ ਦੇ ਲਾਉਂਦੀ ਹੈ ਆਹ ਦੁਨੀਆਂ ਸੀਸ ਜਿਹਨਾਂ ਨੇ ਧਰਮ ਲਈ ਲਾਏ ਹੁੰਦੇ।

ਤੁਸੀਂ ਸੂਬੇ ਦੀ ਕਚਿਹਰੀ ਵਿੱਚ ਜਾ ਕੇ ਸਿਰ ਆਪਣਾ ਨਹੀਂ ਝੁਕਾਵਣਾਂ ਜੇ,
ਉਹ ਕਹਿਣ ਜੇ ਸਰਾ ਦੇ ਗੁਣ ਗਾਵੋ ਜੈਕਾਰਾ ਫਤਹਿ ਦਾ ਉੱਥੇ ਬੁਲਾਵਣਾ ਜੇ।

ਵੱਡਾ ਸ਼ਹਾਦਤ ਤੋਂ ਹੋਰ ਨਹੀਂ ਕੋਈ ਤੋਹਫ਼ਾ ਬਾਕੀ ਤੋਹਫ਼ੇ ਨੇ ਦਿਲ ਲੁਭਾਣ ਵਾਲੇ,
ਮੱਥਾ ਚੁੰਮ ਕੇ ਮਾਤਾ ਜੀ ਤਿਆਰ ਕਰਦੀ ਚੋਬਦਾਰ ਨੇ ਲਿਜਾਣ ਲਈ ਆਉਣ ਵਾਲੇ।

ਸਾਹਿਬਜ਼ਾਦਿਆਂ ਦਾ ਮਾਤਾ ਨੂੰ ਕਹਿਣਾ।
ਦੋਵੇ ਵੀਰ ਮਾਤਾ ਜੀ ਦੇ ਵੱਲ ਤੱਕ ਕੇ ਮੁੱਖੋਂ ਹੱਸ ਕੇ ਇਉਂ ਪੁਕਾਰਦੇ ਨੇ,
ਸਾਨੂੰ ਸੇ਼ਰ ਤੂੰ ਆਖਿਆ ਹੈ ਮਾਤਾ ਤੇ ਸੇ਼ਰ ਵੈਰੀ ਨੂੰ ਸਦਾ ਲਲਕਾਰਦੇ ਨੇ।

ਸਾਨੂੰ ਗੁੜਤੀ ਜੋ ਮਿਲੀ ਵਡੇਰਿਆਂ ਤੋਂ ਅਸੀਂ ਉਹਨੂੰ ਨਹੀਂ ਕਦੇ ਭੁਲਾ ਸਕਦੇ,
ਵਾਂਗ ਦਾਦੇ ਪੜਦਾਦੇ ਦੇ ਧਰਮ ਖਾਤਰ ਆਪਣਾ ਆਪ ਹੱਸ ਕੇ ਹਾਂ ਲਾ ਸਕਦੇ।

ਅਸੀਂ ਦਿੱਲੀ ਦੇ ਇਹਨਾਂ ਦਲਾਲਾਂ ਤਾਈ ਐਸਾ ਸਬਕ ਮਾਂ ਜੀ ਸਿਖਾ ਦਿਆਂਗੇ,
ਸਾਡੇ ਮੂੰਹ ਵੱਲ ਤੱਕਦੇ ਇਹ ਰਹਿ ਜਾਣੇ ਉਗਲਾਂ ਮੂੰਹਾਂ ਦੇ ਵਿੱਚ ਪੁਆ ਦਿਆਂਗੇ।

ਅਸੀਂ ਸੂਬੇ ਦੀ ਸਭਾ ਦੇ ਵਿੱਚ ਜਾ ਕੇ ਇਹਨਾਂ ਖਾਨਾਂ ਨੂੰ ਕੰਬਣੀ ਚੜ੍ਹਾ ਦਿਆਂਗੇ,
ਸਾਡੇ ਪਿਤਾ ਜਪ ਨਾਹਰਾ ਬੁਲੰਦ ਕੀਤਾ ਨਾਹਰਾ ਉਹੀ ਕਚਿਹਰੀ ਵਿੱਚ ਲਾ ਦਿਆਂਗੇ।

ਸਾਨੂੰ ਦੇਣਗੇ ਜੇ ਮੌਤ ਦੀ ਇਹ ਸਜ਼ਾ ਅਸੀਂ ਰੱਬ ਦਾ ਸ਼ੁਕਰ ਮਨਾਵਾਂਗੇ ਮਾਂ,
ਸਾਡਾ ਲੱਗਦਾ ਨਹੀਂ ਕੱਲਿਆਂ ਦਾ ਜੀਅ ਇੱਥੇ ਕੋਲ ਬਾਬਾ ਜੀ ਦੇ ਅਸੀਂ ਜਾਵਾਂਗੇ ਮਾਂ।

ਅਸੀਂ ਕੌਮ ਲਈ ਆਪਾ ਕੁਰਬਾਨ ਕਰਕੇ ਉੱਚਾ ਕੌਮ ਦਾ ਨਾਮ ਚਮਕਾ ਦਿਆਂਗੇ,
ਮੂੰਹ ਵਿੱਚ ਉਗਲਾਂ ਲੈਣਗੇ ਖਾਨ ਸਿੱਧੂਆ ਨਾਹਰਾ ਫਤਹਿ ਦਾ ਅਸੀਂ ਜਦ ਲਾ ਦਿਆਂਗੇ।

****

No comments: