ਲੋਕ ਗਥਾਵਾਂ ਦੇ ਅੰਬਰ ਦਾ ਸੂਰਜ ਸਪੁਰਦ-ਇ-ਖ਼ਾਕ.......... ਰਣਜੀਤ ਸਿੰਘ ਪ੍ਰੀਤ

ਲੰਮਾ ਸਮਾਂ ਆਪਣੀ ਸੁਰੀਲੀ, ਬੁਲੰਦ ਅਤੇ ਵਿਲੱਖਣ ਅੰਦਾਜ਼ ਦੀ ਗਰਜਵੀਂ ਆਵਾਜ਼ ਨਾਲ ਪੰਜਾਬ ਦੀ ਫ਼ਿਜ਼ਾ ਵਿੱਚ ਰਸ ਘੋਲਣ ਵਾਲੇ, 50 ਸਾਲਾਂ ਤੱਕ ਲੋਕ ਗਥਾਵਾਂ ਅਤੇ ਉਸਾਰੂ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਲਤੀਫ਼ ਮੁਹੰਮਦ, ਜਿਸ ਨੂੰ ਲੱਧਾ ਵੀ ਕਿਹਾ ਕਰਦੇ ਸਨ ਅਤੇ ਬਾਅਦ ਵਿੱਚ ਕੁਲਦੀਪ ਮਾਣਕ ਅਖਵਾਉਣ ਵਾਲੇ ਸਿਰਮੌਰ ਗਾਇਕ, ਜੋ 30 ਨਵੰਬਰ ਨੂੰ ਡੀ. ਐਮ. ਸੀ. ਹਸਪਤਾਲ ਵਿੱਚ ਦਿਨੇ ਡੇਢ ਵਜੇ ਇਸ ਫ਼ਾਨੀ ਜਗਤ ਤੋਂ ਕੂਚ ਕਰ ਗਏ ਸਨ, ਉਹਨਾਂ ਨੂੰ 2 ਦਸੰਬਰ ਦੀ ਦੁਪਹਿਰੇ, ਜੱਦੀ ਪਿੰਡ ਜਲਾਲ ਵਿਖੇ ਸਪੁਰਦ-ਇ-ਖ਼ਾਕ ਕਰ ਦਿੱਤਾ ਗਿਆ । ਇਸ ਸਮੇਂ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋਏ ਬਿਨਾਂ ਨਾ ਰਹਿ ਸਕੀਆਂ। ਮਾਣਕ ਦਾ ਇਹ ਗੀਤ “ ਜਦ ਮੈਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ, ਉਦੋਂ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ” ਲਗਾਤਾਰ ਚੱਲਦਾ ਰਿਹਾ। ਜਿਸ ਨਾਲ ਮਾਹੌਲ ਹੋਰ ਵੀ ਗ਼ਮਗੀਨ ਬਣਿਆ ਰਿਹਾ। ਬਾਹਰੋਂ ਆਉਣ ਵਾਲੇ ਉਹਦੇ ਚਹੇਤੇ ਜੋ ਗੱਡੀਆਂ ‘ਤੇ ਆਏ ਸਨ, ਉਹਨਾਂ ਨੇ ਆਪਣੀਆਂ ਗੱਡੀਆਂ ਦੇ ਪਿੱਛੇ ਮਾਣਕ ਦੀ ਫੋਟੋ ਦੇ ਨਾਲ ਹੀ ਇਹ ਗੀਤ ਵੀ ਲਿਖਿਆ ਹੋਇਆ ਸੀ।

ਫੁੱਲਾਂ ਨਾਲ ਲੱਦੀ ਮਾਣਕ ਦੀ ਦੇਹ ਵਾਲੀ ਗੱਡੀ, ਫ਼ਨਕਾਰਾਂ ਅਤੇ ਹੋਰਨਾਂ ਸਨੇਹੀਆਂ ਦੇ ਵੱਡੇ ਕਾਫ਼ਲੇ ਨਾਲ, ਕਰੀਬ 12 ਕੁ ਵਜੇ ਪਿੰਡ ਜਲਾਲ ਵਿਖੇ ਪਹੁੰਚੀ ਤਾਂ ਹਰ ਅੱਖ ਸੇਜਲ ਹੋਏ ਬਿਨਾਂ ਨਾ ਰਹਿ ਸਕੀ ਅਤੇ “ਮਾਣਕ ਅਮਰ ਰਹੇ” ਦੇ ਨਾਹਰੇ ਗੂੰਜਦੇ ਰਹੇ। ਲਾਲ ਰੰਗ ਦੇ ਬਾਕਸ ਵਿੱਚ ਲਿਆਂਦੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਅਨਾਜ ਮੰਡੀ ਵਿੱਚ ਇਕ ਵਿਸ਼ੇਸ਼ ਪਲੇਟ ਫ਼ਾਰਮ ’ਤੇ ਦਰਸ਼ਨਾਂ ਲਈ ਰੱਖਿਆ ਗਿਆ, ਜਿੱਥੇ ਲੋਕ ਕਤਾਰਾਂ ਬੰਨ੍ਹ ਕੇ ਆਪਣੇ ਮਹਿਬੂਬ ਗਾਇਕ ਦੇ ਦਰਸ਼ਨ ਕਰਨ ਲਈ ਆਉਂਦੇ ਰਹੇ । ਭੀੜ ਏਨੀ ਸੀ ਕਿ ਪੁਲੀਸ ਨੂੰ ਵੀ ਕੰਟਰੌਲ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਜਿੱਥੇ ਬਾਬਾ ਅਮਰੀਕ ਸਿੰਘ ਅਤੇ ਪੰਚਾਇਤ ਵੱਲੋਂ ਲੰਗਰ-ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ, ਉੱਥੇ ਕੀਰਤਨੀ ਜਥਾ ਵੈਰਾਗਮਈ ਕੀਰਤਨ ਕਰ ਰਿਹਾ ਸੀ। ਨਾਲ ਹੀ ਜੁੰਮੇ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ । ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ, ਕਮੇਡੀ ਕਲਾਕਾਰ ਅਤੇ ਪੀਪਲਜ਼ ਪਾਰਟੀ ਪੰਜਾਬ ਦੇ ਭਗਵੰਤ ਮਾਨ ਵੱਲੋਂ, ਬਲਵੰਤ ਸਿੰਘ ਰਾਮੂੰਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਮਾਣਕ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ । ਇਸ ਮੌਕੇ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਪਰਮਜੀਤ ਸਿੰਘ ਸਿਧਵਾਂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਊਰਜਾ ਮੰਤਰੀ ਸਿਕੰਦਰ ਸਿੰਘ ਮਲੂਕਾ, ਹਲਕਾ ਨਥਾਣਾ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਵੀ ਮੌਜੂਦ ਸਨ।

ਜਦ ਮਾਣਕ ਦੀ ਦੇਹ ਨੂੰ ਸਪੁਰਦ-ਇ-ਖ਼ਾਕ ਕਰਨ ਲਈ ਜਨਾਜ਼ਾ ਪੜ੍ਹਨ ਉਪਰੰਤ ਕਬਰਸਤਾਨ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਸਾਰਿਆਂ ਨੂੰ ਹੌਲੀ ਹੌਲੀ ਨਾਲ ਲਿਜਾਣ ਦੀ ਬਜਾਏ ਪੁਲੀਸ ਪਾਇਲਟ ਗੱਡੀ ਭਜਾ ਕੇ ਲੈ ਗਈ, ਜਿਸ ਦੀ ਵਜ੍ਹਾ ਕਰਕੇ ਕਈ ਸੀਨੀਅਰ ਕਲਾਕਾਰਾਂ ਅਤੇ ਬਜ਼ਰਗਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਥੋਂ ਤੱਕ ਕਿ ਮੁਹੰਮਦ ਸਦੀਕ ਨੂੰ ਵੀ ਹੋਰਨਾਂ ਵਾਂਗ ਵਾਹਨਾਂ ਵਿੱਚ ਦੀ ਆਪਣੇ ਮਹਿਬੂਬ ਦੇ ਅੰਤਿਮ ਦਰਸ਼ਨਾਂ ਲਈ ਜਾਣਾ ਪਿਆ । ਜਦ ਮਾਣਕ ਦੀ ਦੇਹ ਵਾਲੇ ਬਾਕਸ ਨੂੰ ਕਬਰ ਵਿੱਚ  ਉਤਾਰਿਆ ਜਾਣ ਲੱਗਿਆ ਤਾਂ ਹਰ ਕੋਈ ਨਮ ਅੱਖਾਂ ਨਾਲ ਉਸ ਨੂੰ ਯਾਦ ਕਰ ਰਿਹਾ ਸੀ। ਇਸ ਮੌਕੇ ਉਹਨਾਂ ਦੀ ਪਤਨੀ ਸਰਬਜੀਤ ਮਾਣਕ, ਬੇਟੀ ਸ਼ਕਤੀ ਮਾਣਕ, ਬੇਟਾ ਯੁਧਵੀਰ ਮਾਣਕ, ਸ਼ਗਿਰਦ ਜੈਜ਼ੀ ਬੈਂਸ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਦੇਵ ਥਰੀਕੇ ਵਾਲਾ ਉਸਦੇ ਨੇੜੇ ਮੌਜੂਦ ਸਨ। ਬਹੁਤ ਸਾਰੇ ਲੋਕ ਪਹਿਲਾਂ ਹੀ ਕਬਰਸਤਾਨ ਪਹੁੰਚ ਚੁੱਕੇ ਸਨ। ਪੰਜਾਬ ਪੁਲੀਸ ਨੇ ਐਸ. ਡੀ. ਐਮ. ਦੀ ਅਗਵਾਈ ਵਿੱਚ ਕਈ ਫ਼ਾਇਰ ਕਰਕੇ ਸਲਾਮੀ ਦਿੱਤੀ। ਦਲੀਪ ਸਿੰਘ ਸਿੱਧੂ ਕਣਕਵਾਲੀਆ ਨੇ ਕਿਹਾ “ਅੱਜ ਉਹਦਾ ਛੋਟਾ ਭਰਾ ਨਹੀਂ ਰਿਹਾ”। ਜਗਦੇਵ ਜੱਸੋਵਾਲ ਦਾ ਕਹਿਣਾ ਸੀ “ਅੱਜ ਅਸੀਂ ਇੱਕ ਅਨਮੋਲ ਹੀਰੇ ਤੋਂ ਵਿਰਵੇ ਹੋ ਗਏ ਹਾਂ”। ਦੇਵ ਥਰੀਕੇ ਵਾਲਿਆਂ ਕਿਹਾ “ਅੱਜ ਉਹ ਅਪਾਹਜ ਹੋ ਗਿਆ ਹੈ”।
ਇਸ ਮੌਕੇ ਸਰਬਜੀਤ ਮਾਣਕ ਅਤੇ ਸ਼ਕਤੀ ਮਾਣਕ ਦੀ ਹਾਲਤ ਵੀ ਬਹੁਤ ਵਿਗੜ ਗਈ, ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ । ਯੁਧਵੀਰ ਮਾਣਕ ਨੂੰ ਇਹ ਵੀ ਪਤਾ ਨਹੀਂ ਸੀ ਪਤਾ ਕਿ ਉਸਦਾ ਪਿਤਾ ਅੱਜ ਇਸ ਦੁਨੀਆਂ ’ਤੇ ਨਹੀਂ ਰਿਹਾ । ਇਸ ਗੱਲ ਦਾ ਦੁੱਖ ਵੀ ਸਾਰਿਆਂ ਦੇ ਸੀਨੇ ਛਲਣੀ ਕਰ ਰਿਹਾ ਸੀ । ਪਿਛਲੇ ਸਮੇਂ ਤੋਂ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਜਿਸ ਦਾ ਗ਼ਮ ਖ਼ੁਦ ਮਾਣਕ ਨੂੰ ਵੀ ਲੈ ਬੈਠਾ।

ਇਸ ਦੁਖਦਾਈ ਸਮੇਂ ਪਰਿਵਾਰ ਨਾਲ ਮੌਕੇ ‘ਤੇ ਹਮਦਰਦੀ ਪ੍ਰਗਟਾਉਣ ਵਾਲਿਆਂ ਵਿੱਚ ਮੁਹੰਮਦ ਸਦੀਕ, ਕਰਨੈਲ ਗਿੱਲ, ਜਸਵੰਤ ਸੰਦੀਲਾ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਪੰਮੀ ਬਾਈ, ਹਰਭਜਨ ਮਾਨ, ਸੁਰਿੰਦਰ ਛਿੰਦਾ, ਜੈਂਜੀ ਬੈਂਸ, ਮਨਮੋਹਨ ਵਾਰਿਸ, ਕਰਤਾਰ ਰਮਲਾ, ਕੇ.ਦੀਪ, ਪਲਵਿੰਦਰ ਧਾਮੀ, ਸੁਖਵਿੰਦਰ ਪੰਛੀ, ਨਛੱਤਰ ਗਿੱਲ, ਹਾਕਮ ਸੂਫ਼ੀ, ਮੱਖਣ ਬਰਾੜ, ਸਰਬਜੀਤ ਚੀਮਾਂ, ਪ੍ਰੀਤ ਹਰਪਾਲ, ਹਰਜੀਤ ਹਰਮਨ, ਰਣਜੀਤ ਮਣੀ, ਭਿੰਦਰ ਡੱਬਵਾਲੀ, ਜਗਤਾਰ ਜੱਗੀ, ਕੁਵਿੰਦਰ ਕੈਲੀ, ਗੋਰਾ ਚੱਕ ਵਾਲਾ, ਵੀਰ ਦਵਿੰਦਰ, ਦੀਪਕ ਬਾਲੀ, ਸਵਰਨ ਟਹਿਣਾ, ਦਲਵਿੰਦਰ ਦਿਆਲਪੁਰੀ, ਰਾਇ ਜੁਝਾਰ, ਗਿੱਲ ਹਰਦੀਪ, ਲਾਭ ਹੀਰਾ, ਹਰਦੀਪ ਗਿੱਲ, ਸੁਖਵਿੰਦਰ ਸੁੱਖੀ, ਅਮਰਿੰਦਰ ਗਿੱਲ, ਰੌਸ਼ਨ ਪ੍ਰਿੰਸ, ਲਖਵਿੰਦਰ ਲੱਕੀ, ਮੇਜਰ ਸਾਬ੍ਹ, ਰਣਧੀਰ ਧੀਰਾ, ਅਮਨਦੀਪ ਲੱਕੀ, ਬਲਵੰਤ ਹੀਰਾ, ਸੁਰਜੀਤ ਭੁੱਲਰ, ਜਸਵੰਤ ਸੰਦੀਲਾ, ਹਾਕਮ ਬਖਤੜੀਵਾਲਾ, ਹਰਪਾਲ ਠੱਠੇਵਾਲਾ, ਅੰਗਰੇਜ਼ ਅਲੀ, ਬਬਲੀ ਬਰਾੜ, ਜਸਵਿੰਦਰ ਬਰਾੜ, ਜੇਸਮੀਨ ਜੱਸੀ, ਬਲਬੀਰ ਚੋਟੀਆਂ, ਮਿਸ ਨੀਲਮ, ਕਲੇਰ ਕੰਠ, ਮਨਜੀਤ ਰੂਪੋਵਾਲੀਆ, ਬਲਕਾਰ ਅਣਖ਼ੀਲਾ, ਲਹਿੰਬਰ ਹੁਸੈਨਪੁਰੀ, ਪਾਲੀ ਦੇਤਵਾਲੀਆ, ਬਚਨ ਬੇਦਿਲ, ਦੀਪ ਢਿੱਲੋਂ, ਮਨਿੰਦਰ ਗੁਲਸ਼ਨ, ਬਾਈ ਅਮਰਜੀਤ, ਅੰਗਰੇਜ਼ ਅਲੀ, ਹੈਪੀ ਘੋਤੜਾ, ਵਿਵੇਕ ਆਸ਼ਰਮ ਦੇ ਗੰਗਾ ਰਾਮ, ਦੀਪਾ ਘੋਲੀਆ, ਬੂਟਾ ਭਾਈਰੂਪਾ, ਨਛੱਤਰ ਸਿੰਘ ਪੀ. ਟੀ. ਆਈ., ਟਰਾਂਸਪੋਰਟਰ ਪ੍ਰਿਥੀਪਾਲ ਸਿੰਘ ਜਲਾਲ, ਪ੍ਰਧਾਨ ਜਗਸੀਰ ਸਿੰਘ, ਸਾਬਕਾ ਸਰਪੰਚ ਗੁਲਜ਼ਾਰ ਸਿੰਘ, ਜਗਦੀਸ਼ ਪੱਪੂ ਅਤੇ ਜਤਿੰਦਰ ਸਿੰਘ ਆਦਿ ਸ਼ਾਮਲ ਸਨ ।

ਕੁਲਦੀਪ ਮਾਣਕ ਦੀ ਅੰਤਿਮ ਯਾਤਰਾ ਨੇ ਲੋਕਾਂ ਦੇ ਭਾਈਚਾਰੇ ਦੀ ਗੱਲ ਨੂੰ ਵੀ ਸਹੀ ਸਿੱਧ ਕਰਿਆ ਕਿ ਉਹ ਹਰ ਵਰਗ, ਧਰਮ, ਜਾਤ ਦਾ ਗਾਇਕ ਸੀ ਅਤੇ ਕਲਾਕਾਰ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ, ਉਹ ਸਭ ਦਾ ਸਾਂਝਾ ਹੁੰਦਾ ਹੈ ।


(ਫੋਟੋ : ਫੇਸਬੁੱਕ ਤੋਂ ਧੰਨਵਾਦ ਸਹਿਤ)
*****

No comments: