ਸੋਸ਼ਲ ਨੈਟਵਰਕਿੰਗ ‘ਤੇ ਵੀ ਕੈਂਚੀ……… ਲੇਖ / ਅਵਤਾਰ ਸਿੰਘ

ਦਿੱਗਵਿਜੇ ਸਿੰਘ ਅਤੇ ਕਪਿਲ ਸਿੱਬਲ ਕਾਂਗਰਸ ਦੇ ਅਜਿਹੇ ਨੇਤਾ ਨੇ, ਜੋ ਹਮੇਸ਼ਾ ਆਪਣੀ ਬਿਆਨਬਾਜ਼ੀ ਕਾਰਨ ਵਿਵਾਦਾਂ ਵਿਚ ਰਹਿੰਦੇ ਨੇ।  ਜਦੋਂ ਅੰਨਾ ਹਜ਼ਾਰੇ ਦਾ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਸੰਘਰਸ਼ ਪੂਰੇ ਜੋਬਨ ‘ਤੇ ਚੱਲ ਰਿਹਾ ਸੀ ਤਾਂ ਵੀ ਕਪਿਲ ਸਿੱਬਲ ਦੀ ਬਿਆਨਬਾਜ਼ੀ ਦੀ ਅੰਨਾ ਹਜ਼ਾਰੇ ਨੇ ਖੂਬ ਅਲੋਚਨਾ ਕੀਤੀ ਅਤੇ ਜਦੋਂ ਅੰਨਾ, ਕਪਿਲ ਸਿੱਬਲ ਬਾਰੇ ਕੋਈ ਵੀ ਹਾਸੋਹੀਣੀ ਟਿੱਪਣੀ ਕਰਦੇ ਤਾਂ ਸਾਰਾ ਪੰਡਾਲ ਉੱਚੀ-ਉੱਚੀ ਹੱਸਣ ਲੱਗਦਾ।  ਕਪਿਲ ਸਿੱਬਲ ਦੇ ਬਿਆਨਾਂ ਨੂੰ ਜੇਕਰ ਧਿਆਨ ਨਾਲ ਸੁਣਿਆਂ ਜਾਵੇ ਤਾਂ ਹਮੇਸ਼ਾ ਹੀ ਉਹ ਕੋਈ ਨਾ ਕੋਈ ਨਵਾਂ ਸੱਪ ਕੱਢਦੇ ਨੇ।  ਇਸ ਵਾਰ ਉਹਨਾਂ ਦਾ ਜੋ ਬਿਆਨ ਆਇਆ ਹੈ ਉਸ ਨੂੰ ਹੱਸ ਕੇ ਨਹੀਂ ਟਾਲਿਆ ਜਾ ਸਕਦਾ।  ਦੂਰ ਸੰਚਾਰ ਮੰਤਰੀ ਨੇ ਜੋ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਸਂੈਸਰਸ਼ਿੱਪ ਲਗਾਉਣ ਦੀ ਗੱਲ ਕਹੀ ਨੇ ਉਸ ਦਾ ਸਿੱਧਾ-ਸਿੱਧਾ ਅਰਥ ਲੋਕਾਂ ਦੀ ਆਵਾਜ਼ ਬੰਦ ਕਰਨਾ ਹੈ।  ਸਰਕਾਰ ਨੇ ਇਹਨਾਂ ਸਾਈਟਾਂ ਨੂੰ ਸੈਂਸਰ ਕਰਨ  ਦਾ ਬਹਾਨਾ ਇਹ ਬਣਾਇਆ ਹੈ ਕਿ ਇਹਨਾਂ ਸਾਈਟਾਂ (ਫੇਸਬੁੱਕ, ਯੂ-ਟਿਊਬ, ਟਵਿਟਰ, ਗੂਗਲ ਆਦਿ) ਉਪਰ ਅੱਪਲੋਡ ਕੀਤੀ ਜਾਂਦੀ ਕੁਝ ਇਤਰਾਜ਼ਯੋਗ ਸਮੱਗਰੀ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।  ਜਿਸ ਕਾਰਨ ਦੰਗੇ ਹੋਣ ਦੀ ਸੰਭਾਵਨਾ ਹੈ ।  ਸੋ ਇਸ ਲਈ ਇਹਨਾਂ ਸਾਈਟਾਂ ਨੂੰ ਸੈਂਸਰ ਕੀਤਾ ਜਾਣਾ ਚਾਹੀਦਾ ਹੈ।
 

ਕਪਿਲ ਸਿੱਬਲ ਦਾ ਇਹ ਬਿਆਨ ਉਦੋਂ ਆਇਆ ਜਦੋਂ ਉਹਨਾਂ  ਫੇਸਬੁੱਕ, ਯੂ-ਟਿਊਬ, ਟਵਿਟਰ ਅਤੇ ਗੂਗਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਅਤੇ ਇਹਨਾਂ ਅਧਿਕਾਰੀਆਂ ਨੇ ਕੁਝ ਸਮੱਗਰੀ ਇਹਨਾਂ ਸਾਈਟਾਂ ਤੋਂ ਹਟਾਉਣ ਲਈ ਮਨ੍ਹਾਂ ਕਰ ਦਿੱਤਾ ਸੀ।  ਸੋ ਹੁਣ ਸਰਕਾਰ ਕਾਨੂੰਨ ਬਣਾ ਕੇ ਇਹਨਾਂ ਸਾਈਟਾਂ ਨੂੰ ਸੈਂਸਰ ਕਰਨਾ ਚਾਹੁੰਦੀ ਹੈ।
 
ਫੇਸਬੁੱਕ, ਯੂ-ਟਿਊਬ, ਟਵਿਟਰ ਅਤੇ ਗੂਗਲ, ਇਹ ਸਾਰੀਆਂ ਉਹ ਸਾਈਟਾਂ ਨੇ ਜਿੱਥੇ ਕੋਈ ਵੀ ਵਿਅਕਤੀ ਨਿਧੱੜਕ ਅਤੇ ਬਿਨ੍ਹਾਂ ਐਡੀਟਿੰਗ ਹੋਏ ਕੁਝ ਵੀ ਲਿਖ ਅਤੇ ਛਾਪ ਸਕਦਾ ਹੈ।  ਲੋਕਾਂ ਨੂੰ ਆਪਸ ਵਿਚ ਜੋੜਦੀਆਂ ਇਹਨਾਂ ਸਾਈਟਾਂ ਤੋਂ ਸਰਕਾਰ ਐਨਾ ਘਬਰਾ ਗਈ ਹੈ ਕਿ ਉਹ ਹੁਣ ਇਹਨਾਂ ਸਾਈਟਾਂ ਉੱਪਰ ਕੈਂਚੀ ਚਲਾਉਣਾ ਚਾਹੁੰਦੀ ਹੈ।  ਅਸਲ ਵਿਚ ਸੋਨੀਆਂ ਗਾਂਧੀ, ਡਾ.ਮਨਮੋਹਨ ਸਿੰਘ ਜਾਂ ਕਪਿਲ ਸਿੱਬਲ ਸਮੇਤ ਦਿੱਗਵਿਜੇ ਸਿੰਘ ਦੀਆਂ ਫੇਸਬੁੱਕ ਉੱਪਰ ਪਾਈਆਂ ਹਾਸੋਹੀਣੀਆਂ ਫੋਟੋਆਂ ਕੋਈ ਵੱਡਾ ਮੁੱਦਾ ਨਹੀਂ ਹੈ। ਵੱਡਾ ਮੁੱਦਾ ਤਾਂ ਇਹ ਹੈ ਕਿ ਇਹਨਾਂ ਸਾਈਟਾਂ ਨੂੰ ਪ੍ਰੈਸ ਦੀ ਤਰ੍ਹਾਂ ਸਰਕਾਰ ਕਾਬੂ ਹੇਠ ਨਹੀਂ ਕਰ ਪਾ ਰਹੀ ਅਤੇ ਲੋਕ ਨਿਰੰਤਰ ਆਪਣੀ ਭੜਾਸ ਸਰਕਾਰ ਖਿਲਾਫ ਸਮੇਂ ਸਮੇਂ ਕੱਢਦੇ ਆ ਰਹੇ ਨੇ।
 
ਫੇਸਬੁੱਕ ਉਪਰ ਕੁਲ ਮਿਲਾ ਕੇ ਕੋਈ 20-25 ਫੋਟੋਆਂ ਅਜਿਹੀਆਂ ਹੋਣਗੀਆਂ ਜਿੰਨ੍ਹਾਂ ‘ਤੇ ਸਰਕਾਰ ਇਤਰਾਜ਼ ਉਠਾ ਸਕਦੀ ਹੈ। ਇਹਨਾਂ ਫੋਟੋਆਂ ਨੂੰ ਕੋਈ ਵੀ ਬੰਦਾ ਆਪਣੇ ਖਾਤੇ ‘ਚੋ ਆਪਣੀ ਮਰਜੀ ਨਾਲ ਮਿਟਾ ਵੀ ਸਕਦਾ ਹੈ । ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਹਾਸੋਹੀਣੀਆਂ ਫੋਟੋਆਂ ਵੀ ਉਹਨਾਂ ਹੀ ਲੀਡਰਾਂ ਦੀਆਂ ਬਣਾਈਆਂ ਜਾ ਰਹੀਆਂ ਨੇ ਜਿੰਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ। ਸਾਡੇ ਨੇਤਾਵਾਂ ਨੂੰ ਸ਼ੋਸਲ ਸਾਈਟਾਂ ਉਪਰ ਪਾਬੰਦੀ ਲਗਾਉਣ ਦੀ ਬਜਾਏ ਆਪਾਣਾ ਅਕਸ਼ ਹੀ ਜਨਤਾ ਦੀਆਂ ਨਜ਼ਰਾਂ ਵਿਚ ਉਠਾਣਾ ਚਾਹੀਦਾ ਹੈ। ਇਹਨਾਂ ਸਾਈਟਾਂ ਉਪਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਾਂ ਕਰਤਾਰ ਸਿੰਘ ਸਰਾਭਾ ਵਰਗੇ ਦੇਸ਼ ਭਗਤਾ ਦੀਆਂ ਕਦੇ ਵੀ ਹਾਸੋਹੀਣੀਆਂ ਫੋਟੋਆਂ ਨਹੀਂ ਪਾਈਆਂ ਗਈਆ। ਇਹਨਾਂ ਸ਼ਹੀਦਾਂ ਉੱਪਰ ਲੋਕਾਂ ਨੂੰ ਮਾਣ ਹੈ ਅਤੇ ਹਮੇਸ਼ਾ ਇਹਨਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਹੀ ਸ਼ੋਸਲ ਸਾਈਟਾਂ ਉਪਰ ਪਾਈਆਂ ਜਾਂਦੀਆਂ ਨੇ। ਜਿੱਥੇ ਤੱਕ ਧਾਰਮਿਕਤਾ ਦਾ ਸਵਾਲ ਹੈ ਇਹ ਵੀ ਕਿਸੇ ਦੀ ਹਿੰਮਤ ਨਹੀਂ ਹੈ ਕਿ ਕੋਈ  ਗੁਰੂ ਨਾਨਕ ਦੇਵ ਜੀ ਉਪਰ ਗਲਤ ਟਿੱਪਣੀ ਕਰਦੀ ਫੋਟੋ ਜਾਂ ਰਚਨਾ ਪਾ ਦੇਵੇ। ਗੁਰੂ ਨਾਨਕ ਦੇਵ ਜੀ ਨੇ ਸਾਰੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਵਿਚ ਲਈ ਹੈ ਅਤੇ ਇਸ ਲਈ ਇਹਨਾਂ ਦੀ ਸਖਸ਼ੀਅਤ ਉਪਰ ਕੋਈ ਵੀ ਸਵਾਲ ਨਹੀਂ ਉਠਾ ਸਕਦਾ । ਜਿੱਥੇ ਤੱਕ ਧਾਰਮਿਕ ਫਿਰਕਾਪ੍ਰਸਤੀ ਦਾ ਸਵਾਲ ਹੈ । ਅਜਿਹਾ ਕਦੇ ਨਹੀਂ ਹੋਇਆ ਕਿ ਫੇਸਬੁੱਕ, ਯੂ-ਟਿਊਬ, ਟਵਿਟਰ, ਗੂਗਲ ਦੀ ਕਿਸੇ ਟਿੱਪਣੀ ਕਰਕੇ ਦੇਸ਼ ਵਿਚ ਦੰਗੇ ਹੋ ਗਏ ਹੋਣ।  1984 ਦੇ ਸਿੱਖ ਕਤਲੇਆਮ ਜਾਂ ਗੁਜਰਾਤ ਵਿਚ ਹੋਏ ਦੰਗਿਆਂ ਸਮੇਂ ਤਾਂ ਕਿਸੇ ਵੀ ਫੇਸਬੁੱਕ, ਯੂ-ਟਿਊਬ ਜਾਂ ਟਵਿਟਰ ਦਾ ਪ੍ਰਯੋਗ ਨਹੀਂ ਹੋਇਆ? ਫਿਰ ਇਹ ਦੰਗੇ ਕਿਵੇਂ ਹੋ ਗਏ? ਇਹਨਾਂ ਦੰਗਿਆਂ ਪਿੱਛੇ ਵੀ ਤਾਂ ਸਿਆਸੀ ਮਕਸਦ ਸਨ।
 
ਇਹਨਾਂ ਸਾਈਟਾਂ ਦੀ ਵਰਤੋਂ-ਵਰਤੋਂ ਦੇ ਮਕਸਦ ਵਿਚ ਵੀ ਫਰਕ ਹੈ । ਕਿਸੇ ਲਈ ਇਹਨਾਂ ਸਾਈਟਾਂ ਦੀ ਵਰਤੋਂ ਸਿਰਫ ਆਪਣੇ ਸਮਾਜਿਕ ਘੇਰੇ ਦਾ ਵਿਕਾਸ ਕਰਨਾ ਹੁੰਦਾ ਹੈ । ਕਿਸੇ ਲਈ ਕੋਈ ਚੰਗੇ ਸੁਨੇਹਾ ਆਪਣੇ ਨਾਲ ਜੁੜੇ ਹੋਏ ਲੋਕਾਂ ਤੱਕ ਪਹੁੰਚਾਉਣਾ ਹੈ। ਸ਼ਸ਼ੀ ਥਰੂਰ, ਉਮਰ ਅਬਦੁੱਲਾ, ਅੰਨਾ ਹਜ਼ਾਰੇ, ਅਮਿਤਾਬ ਬੱਚਨ ਆਦਿ ਸਮੇਤ ਹੋਰ ਵੀ ਕਈ ਰਾਜਨੀਤਿਕ ਲੋਕ ਅਤੇ ਸਮਾਜ ਸੇਵਕ ਆਪਣੇ ਸਨੇਹਾ ਇਹਨਾਂ ਸਾਈਟਾਂ ਰਾਹੂ ਆਪਣੇ ਚਾਹੁਣ ਵਾਲਿਆਂ ਤੱਕ ਪਹੁੰਚਾਉਂਦੇ ਨੇ । ਫਿਰ ਜੇਕਰ ਆਮ ਆਦਮੀ ਇਹਨਾਂ ਸਾਈਟਾਂ ਦੀ ਵਰਤੋਂ ਕਰਕੇ ਕੋਈ ਸਮਾਜਿਕ ਕ੍ਰਾਂਤੀ ਕਰਦਾ ਹੈ ਤਾਂ ਸਰਕਾਰ ਨੂੰ ਇਤਰਾਜ਼ ਕਿਉਂ ਹੈ?
 
ਭਾਰਤ ਵਿਚ ਕੋਈ ਵੀ ਨਿਊਜ਼ ਚੈਨਲ ਜਾਂ ਅਖਬਾਰ (ਕੁਝ ਕੁ ਨੂੰ ਛੱਡ ਕੇ) ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹ ਬਹੁਤ ਨਿਰਪੱਖ ਪੱਤਰਕਾਰੀ ਕਰਦੇ ਨੇ। ਇਸ ਲਈ ਇਹਨਾਂ ਸਾਈਟਾਂ ਰਾਹੀ ਲੋਕਾਂ ਤੱਕ ਪਹੁੰਚ ਰਹੀ ਹਰ ਮਸਲੇ ਦੀ ਜ਼ਮੀਨੀ ਹਕੀਕਤ ਸਰਕਾਰ ਨੂੰ ਰੜਕਦੀ ਹੈ।  ਜਿਸ ਉਪਰ ਸਰਕਾਰ ਰੋਕ ਲਗਾਉਣਾ ਚਾਹੁੰਦੀ ਹੈ। ਸਾਡੇ ਨੇਤਾ ਆਪਣੇ ਕਾਰਜ ਸੁਧਾਰਣ ਦੀ ਬਜਾਏ ਇਹੋ ਚਾਹੁੰਦੇ ਨੇ ਕਿ ਲੋਕ ਉਹਨਾਂ ਦੀ ਮਰਜ਼ੀ ਦਾ ਸੁਨਣ ਦੇਖਣ।
 
ਇਸ ਸਾਰੇ ਮਸਲੇ ਵਿਚੋਂ ਇਕ ਹੋਰ ਸਵਾਲ ਜੋ ਨਿੱਕਲ ਕੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਸਰਕਾਰ ਨੂੰ ਲੱਗਦਾ ਹੈ ਕਿ ਇਹਨਾਂ ਸਾਈਟਾਂ ਦੀ ਗਲਤ ਵਰਤੋਂ ਹੋ ਰਹੀ ਹੈ ਪਰ ਗਲਤ ਵਰਤੋਂ ਤਾਂ ਸਰਕਾਰੀ ਸ਼ਕਤੀਆਂ ਦੀ ਵੀ ਹੋ ਰਹੀ ਹੈ । ਫਿਰ ਕਪਿਲ ਸਿੱਬਲ ਆਪਣੀ ਸਰਕਾਰ ਨੂੰ ਅਸਤੀਫਾ ਦੇਣ ਲਈ ਕਿਉਂਕਿ ਨਹੀਂ ਕਹਿੰਦੇ ਜੋ ਨਾਂ ਤਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਪਾ ਰਹੀ ਹੈ ਨਾ ਹੀ ਸਿੱਖਿਆ, ਨਾ ਰੁਜ਼ਗਾਰ ਅਤੇ ਨਾ ਹੀ ਚੰਗੀਆਂ ਜਿਉਣ ਹਾਲਤਾਂ । ਇਹਨਾਂ ਅਸਫਲਤਾਂ ਦੇ ਅਧਾਰ ‘ਤੇ ਤਾਂ ਸਰਕਾਰ ਨੂੰ ਵੀ ਡੇਗ ਦੇਣਾ ਚਾਹੀਦਾ ਹੈ ਜੋ ਹਰ ਮੁੱਦੇ ‘ਤੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਦੂਜਾ ਵਰਤੋਂ ਦਾ ਸਹੀ ਹੋਣਾ ਜਾ ਗ਼ਲਤ ਹੋਣਾ ਇਹ ਸਰਕਾਰ ਨਹੀਂ, ਲੋਕ ਤੈਅ ਕਰਨਗੇ।
 
ਭਾਰਤ ਦੀ ਸਰਕਾਰ ਅਰਬ ਮੁਲਕਾਂ ਵਿਚ ਹੋਈਆਂ ਕ੍ਰਾਂਤੀਆਂ ਤੋਂ ਘਬਰਾਈ ਹੋਈ ਹੈ, ਜਿੱਥੇ ਇਹਨਾਂ ਸੋਸ਼ਲ ਸਾਈਟਾਂ ਦੀ ਸਹਾਇਤਾ ਨਾਲ ਹੀ ਲੋਕ ਸੜਕਾਂ ‘ਤੇ ਉੱਤਰ ਆਏ ਤੇ ਤਾਨਾਸ਼ਾਹਾਂ ਨੂੰ ਆਪਣੀਆਂ ਗੱਦੀਆਂ ਗਵਾਉਣੀਆਂ ਪਈਆਂ। ਭਾਰਤ ਵਿਚ ਹੀ ਇਹਨਾਂ ਸਾਈਟਾਂ ਦੀ ਸਹਾਇਤਾਂ ਨਾਲ ਸਮਾਜਿਕ, ਰਾਜਨੀਤਿਕ ਲਹਿਰਾਂ ਨੂੰ ਤਾਕਤ ਮਿਲ ਰਹੀ ਹੈ ਅਤੇ ਲੋਕਾਂ ਲਈ ਕੁਰਬਾਨੀ ਕਰਨ ਵਾਲੇ ਲੋਕ ਜਨਤਾ ਦੇ ਹੀਰੋ ਬਣ ਰਹੇ ਨੇ ਜੋ ਸਰਕਾਰ ਨੂੰ ਹਜ਼ਮ ਨਹੀਂ ਹੋ ਰਿਹਾ।
****

No comments: