ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ…… ਗੀਤ / ਬਲਵਿੰਦਰ ਸਿੰਘ ਮੋਹੀ

ਹੱਕ ਸੱਚ ਦੀ ਖਾਤਿਰ ਜੋ ਸੂਲੀ ਤੇ ਚੜ੍ਹਦੇ ਸੀ,
ਗਊ ਗਰੀਬ ਦੀ ਰਾਖੀ ਲਈ ਕੰਧ ਬਣਕੇ ਖੜ੍ਹਦੇ ਸੀ,
ਕੌਣ ਸੁਣਾਊ ਗੱਲ ਇਹੋ ਜਿਹੇ ਮਰਦ ਦਲੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਸੂਰਮਿਆਂ ਦੇ ਵਾਰਿਸ ਹੁਣ ਨਾ ਇਹ ਕਹਾਉਂਦੇ ਨੇ,
ਖੋਹਣ ਪਰਸ ਤੇ ਗਲ ਦੇ ਵਿੱਚੋਂ ਚੈਨੀ ਲਾਹੁੰਦੇ ਨੇ,
ਕੀੜੀ ਤੋਂ ਖੋਹ ਦਾਣਾ ਖਾਵਣ ਵਾਲੇ ਬਟੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਬੇ-ਸ਼ਰਮੀ ਤੇ ਲੱਚਰਤਾ ਨੂੰ ਗੀਤ ਆਖਦੇ ਨੇ,
ਗ਼ੈਰ-ਮਿਆਰੀ ਗੱਲਾਂ ਨੂੰ ਸੰਗੀਤ ਆਖਦੇ ਨੇ,
ਸਾਂਭ ਲਉ ਨਹੀਂ ਹਾਲਤ ਵਿਗੜੀ ਡੁੱ੍ਹਲੇ ਬੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਕਿਸੇ ਲਵਾਇਆ ਨਲਕਾ ਪਾਣੀ ਪੀਂਦੇ ਰਾਹੀ ਸੀ,
ਨਸ਼ੇਖੋਰਾਂ ਉਹਦੀ ਹੱਥੀ ਵੇਚਣ ਦੇ ਲਈ ਲਾਹੀ ਸੀ,
ਲਾਹ ਲੈਂਦੇ ਨੇ ਸੰਗਲ ਮੱਝ ਦਾ ਗੱਲ ਕਈ ਵੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਭਾਂਡੇ ਟੀਂਡੇ ਘਰ ਦੇ ਅਮਲੀ ਵੇਚੀ ਜਾਂਦੇ ਨੇ,
ਚੰਦ ਰੁਪਈਆਂ ਖਾਤਿਰ ਗੋਡੇ ਟੇਕੀ ਜਾਂਦੇ ਨੇ,
ਬਰਕਤ ਮੁੱਕੀ ਘਰ ਦੇ ਚ੍ਹੁੱਲੇ ਅਤੇ ਚੰਗੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਹਿੱਸਾ ਲੈਣ ਲਈ ਕੋਈ ਬਾਪੂ ਦਾ ਗਲ ਘੁੱਟਦਾ ਏ,
ਪੈਸੇ ਲਈ ਕੋਈ ‘ਮੋਹੀ’ ਮਾਂ ਆਪਣੀ ਵੱਢ ਸੁੱਟਦਾ ਏ,
ਔਖੀ ਕਰਨੀ ਗੱਲ ਘਰਾਂ ਵਿੱਚ ਵੱਜਦੀਆਂ ਲੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

****

No comments: