ਭੂਆ ਦਿਆ ਪੁੱਤਾ ਪੈਸੇ ਬਗੈਰ ਮੁਰਦਾ ਤੇ ਬੰਦਾ ਇਕ ਸਮਾਨ……… ਵਿਅੰਗ / ਗੱਜਣਵਾਲਾ ਸੁਖਮਿੰਦਰ


ਬਹੁਤ ਬੰਦੇ ਵੇਖੀਦੇ ਜੋ ਭਾਰੀ ਜੈਦਾਦਾਂ ਦੇ ਮਾਲਕ ਤੇ ਵੱਡੀਆਂ ਵੱਡੀਆ  ਕੋਠੀਆਂ ਵਾਲੇ ਬਣ ਜਾਂਦੇ। ਪੈਸਾ ਟਕਾ ਵਾਧੂ  ਤੇ ਵੱਡੀਆਂ ਜੀਪਾਂ ਕਾਰਾਂ  ਆ ਜਾਂਦੀਆਂ।ਪਰ ਫੇਰ ਵੀ ਉਨ੍ਹਾਂ ਨੂੰ ਰੱਜ ਨਹੀਂ ਆਉਂਦਾ; ਅੰਦਰੋਂ ਭੂੱਖੇ ਦੇ ਭੁੱਖੇ। ਗੁਰੁ ਘਰੀਂ ਲੰਮੇ ਪੈ ਪੈ  ਮੱਥੇ ਵੀ ਟੇਕਦੇ, ਅੰਤਰ ਧਿਆਨ ਹੋ ਕੇ ਉਪਦੇਸ਼ ਵੀ ਗ੍ਰਹਿਣ ਕਰਦੇ ਪਰ ਢੀਠਤਾ ਓਵੇਂ ਦੀ ਓਵੇਂ , ਐਧਰੋਂ ਵੀ ਆ ਜੇ ਔਧਰੋਂ ਵੀ ਆ ਜੇ ,ਢਿੱਡੋਂ ਭੁੱਖੇ  ਦੇ ਭੁੱਖੇ ।  

ਐਹੋ ਜੇਹਾ ਹੀ ਇਕ ਰਿਸ਼ਤੇਦਾਰ ਖੋਸਾ ਬੀ ਏ ਜੇਹੀ ਕਰਕੇ ਸਬੱਬੀਂ ਛਾਪੇ ਮਾਰਨ ਵਾਲੇ ਮਹਿਕਮੇ ਵਿੱਚ ਇੰਸਪੈਕਟਰ ਲਗ ਗਿਆ। ਘਰ ਦੀ ਹਾਲਤ ਪਹਿਲਾਂ ਹੀ ਚੰਗੀ ਸੀ।ਰਿਟਾਇਰ ਹੋਣ ਵੇਲੇ ਤੱਕ ਤਾਂ ਉਸ ਨੇ ਖੱਪੇ ਲਾਹੁਣ ਵਾਲਾ ਸਿਰਾ ਹੀ ਕਰਤਾ।ਸਸਪੈਂਡ ਹੋ ਜਾਂਦਾ ਫਿਰ ਬਹਾਲ ਹੋ ਜਾਂਦਾ। ਲੁਧਿਆਣੇ ਪਲਾਟ ਬਠਿੰਡੇ ਪਲਾਟ। ਕਿਸੇ ਦੇ ਗਲ ‘ਚ ਗੂਠਾ ਦੇ ਕੇ ਕਿਸੇ ਨੂੰ ਚੱਕਰਾਂ ‘ਚ ਪਾ ਕੇ ਸਾਰੀ ਉਮਰ ਸੌਦੇਬਾਜ਼ੀਆਂ ਹੀ ਚਲਦੀਆਂ ਰਹੀਆਂ ।



ਗੱਲਾਂ ਕਰਨ ‘ਚ ਬਹੁਤ ਹੀ ਮਿਲਾਪੜਾ ਐਨਾ ਮਿੱਠਾ ਬੰਦੇ ਦੇ ਢਿੱਡ ‘ਚ ਹੀ ਵੜ ਜਾਂਦਾ ।ਇਕ ਵੀ ਦਿਨ ਮੂੰਹ ‘ਤੇ ਬਲੇਡ-ਉਸਤਰਾ ਨਹੀਂ ਫਿਰਵਾਇਆ।ਦਾੜ੍ਹੀ ਪੂਰੀ ਤਰਾਂ ਸਾਂਭ ਕੇ ਰੱਖੀ ਅਖੀਰ ਤੱਕ ਫਿਕਸੋ ਜੇਹੀ ਚੇਪ ਕੇ ਬੀਬਾ ਜੇਹਾ ਮੂੰਹ  ਬਣਾਈ ਰੱਖਿਆ।ਲੜਨਾ ਤਾਂ ਦੂਰ ਦੀ ਗੱਲ, ਗਾਲ ਨੂੰ ਬੁੱਲਾਂ ਤੇ ਆਉਣ ਹੀ ਨਹੀਂ ਦਿੱਤਾ। ਖਾੜਕੂ ਦੌਰ ਵੇਲੇ ਲੋਕਾਂ ਨੂੰ ਦਿਨ ਕੱਢਣੇ ਔਖੇ ਹੋ ਗਏ ਸੀ ਪੰਜ ਵਜੇ ਠਾਣਿਆਂ ‘ਚ ਨ੍ਹੇਰੇ ਛਾ ਜਾਂਦੇ ਪਰ ਇਸ ਪੀਰ ਨੂੰ ਇਕ ਵੀ ਧਮਕੀ-ਪੱਤਰੀ ਨਹੀਂ ਆਈ; ਭੌਰ ਫੁੱਲਾਂ ‘ਤੇ ਹੀ ਮੰਡਰਾਉਂਦਾ ਰਿਹਾ ।
    
ਰਿਟਾਇਰ ਹੋਣ ਵੇਲੇ ਇਹ  ਕੋਈ  ਭੰਨ ਤੋੜ ਜੇਹੀ ਕਰਕੇ ਟੱਬਰ ਸਮੇਤ ਅਮਰੀਕਾ ਚਲਾ ਗਿਆ। ਉਥੇ ਸਾਲ ਕੁ ਰਿਹਾ ਹੋਣਾ ਤਾਂ ਇਸ ਦਾ ਫੋਨ ਆਇਆ ‘ਬਾਈ ਜੀ ! ਵੱਡੇ ਮੁੰਡੇ ਦਾ ਵਿਆਹ ਕਰਨਾ; ਕੋਈ ਚੱਜ ਦੀ ਥਾਂ ਤਾਂ ਨਿਗ੍ਹਾ ‘ਚ ਕਰ ਛੱਡੀਂ”। ਅਸੀਂ ਦੋਹਾਂ ਚੌਹਾਂ ਕੋਲ ਗੱਲ ਕੀਤੀ। ਵੇਖਿਆ ਬਾਹਰਲੇ ਸਾਕ ਲਈ ਲੋਕ ਪੂਛਾਂ ਤੁੜਾਈ ਫਿਰਦੇ ਹਨ।ਬਰਨਾਲੇ ਵੱਲ ਇਕ ਰਿਸ਼ਤੇਦਾਰੀ ਜੇਹੀ ਰਲਦੀ ਸੀ, ਉਹ ਵੀ ਲੂਹਰੀਆਂ ਲੈ ਰਹੇ ਸੀ, ਕਦੋਂ ਉਨਾਂ ਦੀ ਕੁੜੀ ਦੀ ਟਿਕਟ ਓ ਕੇ ਹੋ ਜੇ ।ਗੱਲ ਚੱਲ ਪਈ ਮੋਹਤਵਾਰ ਬੰਦੇ ਬੈਠ ਗਏ। ਖੋਸਾ ਮੁੱਖੋਂ  ਘੱਟ ਅੱਖੋਂ ਬਾਹਲਾ ਬੋਲੇ। ਉਸ ਨੇ ਪਹਿਲੇ ਰਾਉਂਡ ‘ਚ ਹੀ ਤੱਕੜ ਵਿੱਚ ਵਜ਼ਨੀ ਵੱਟਾ ਟਿਕਾ ਦਿਤਾ। ਸੁਣ ਕੇ ਕੁੜੀ ਵਾਲਿਆਂ ਦੇ ਆਨੇ ਪਥਰਾ ਗਏ। ਖੋਸਾ ਹਰ ਗੱਲ ‘ਤੇ ਡਾਲਰ ਦਾ ਸ਼ਕਤੀ ਤੇ ਬਾਹਰਲੇ ਮੁੰਡਿਆਂ ਦੇ ਰੇਟ ਦੀਆਂ ਗੱਲਾਂ ਐਂ ਕਰੇ ਜਿਵੇਂ ਬਾਈ ਪਾਸ ਦੇ ਦੋਹੀਂ ਪਾਸੀਂ ਲਗਦੀ ਜ਼ਮੀਨ ਦਾ ਸੌਦਾ ਕਰ ਰਿਹਾ ਹੋਵੇ। ਅਠਾਈ  ਲੱਖ ਤੋਂ ਸ਼ੁਰੂ ਕਰਕੇ ਵੀਹ ਵੀਹ ਹਜ਼ਾਰ ਕਰਕੇ ਹੇਠ ਨੂੰ ਆਵੇ। ਉਸ ਨੂੰ ਬਥੇਰਾ ਠਿੱਠ ਕੀਤਾ –ਖੋਸਿਆ ਰਿਸ਼ਤੇਦਾਰੀ ਦਾ ਖਿਆਲ ਕਰ। ਆਖਰੀ ਬਾਹਲੀ ਬਾਂਹ ਮਰੋੜਨ ਤੇ ਉਸ ਨੇ  ਬੋਲੀ  ਅਠਾਰਾਂ ਲੱਖ ‘ਤੇ ਤੋੜ ਦਿੱਤੀ। ਅਜੇ ਚਾਰ ਕੁ ਦਿਨਾਂ ਹੀ ਹੋਏ ਸੀ ਖੋਸੇ ਨੇ ਟੁੱਟੀ ਜੇਹੀ ਜੀਪ ਚੋਂ  ਫਿਰ ਆ ਸਿਰ ਕੱਢਿਆ। ਆਂਹਦਾ “ਬਾਈ ਜੀ ਆਪਣੀ ਗੱਲ ਸਿਰੇ  ਲੱਗਦੀ ਨਹੀਂ ਦੀਂਹਦੀ”। ਅਸੀਂ ਕਿਹਾ, ਖੋਸਿਆ ਬੰਦਿਆ ਵਾਲੀ ਗੱਲ ਕਰ, ਮੁਕ ਮੁਕਾ ਹੋ ਗਿਆ ਜ਼ੁਬਾਨ ਤੋਂ  ਹਿਲਣਾ ਠੀਕ ਨਹੀਂ। ਤਾਂ ਉਹ ਮੱਥਾ ਜੇਹਾ ਮਲ ਕੇ ਬੋਲਿਆ ਭੂਆ ਦਿਆ ਪੁੱਤਾ ਤੈਨੂੰ ਨਹੀਂ ਪਤਾ। ਘਰਵਾਲੀ ਨੁੰ  ਕੁੜੀ ਦਾ  ਕੱਦ  ਕੁਛ ਘੱਟ ਜੇਹਾ ਲੱਗਦਾ। ਤਾਂ ਅਸੀਂ ਸਮਝ ਗਏ ਅਜੇ ਇਸ ਦੀ ਭੁੱਖ ਵਿੱਚੇ ਹੈ। ਅਸੀਂ ਕੁੜੀ ਵਾਲਿਆਂ ਨੂੰ ਜਾਕੇ ਆਖਿਆ ਬਈ ਸਾਨੂੰ ਆਵਦੇ ਸਕੀਰੀਦਾਰ ਦੀ ਰਗ ਰਗ ਦਾ ਪਤਾ, ਕੌੜਾ ਘੁੱਟ ਹੋਰ ਭਰ ਲੋ, ਕਰੋੜਾਂ ਦਾ ਢੇਰੀ, ਥਾਂ ਬਹੁਤ ਚੰਗਾ ਹੈ, ਥੋੜੇ ਪਿੱਛੇ ਹੱਥੋਂ ਨਾ ਗੁਆ ਲਿਉ। ਗੱਲ ਫੇਰ ਚੱਲ ਪਈ ਖੋਸਾ ਪੱਚੀ ਲੱਖ ਤੋਂ ਥੱਲੇ ਨਾ ਆਵੇ। ਅਸੀਂ ਕਹੀਏ ਕਰੀ ਕੀ ਜਾਨੈ ਸਾਰਾ ਕੁਝ ਪੈਸਾ ਹੀ ਨਹੀਂ ਹੁੰਦਾ। ਉਹ ਪੋਲਾ ਜੇਹਾ ਮੂੰਹ ਬਣਾ ਕੇ ਫੇਰ –ਭੁਆ ਦਿਆ ਪੁੱਤਾ  ਨਹੀਂ ਪਤਾ, ਰੇਟ ਤਾਂ ਬਾਹਲਾ ਉਤਾਂਹ ਦਾ ਚੱਲ ਰਿਹਾ। ਅਖੀਰ ਘੈਂਸ ਘੈਂਸ ਕਰਦਿਆਂ ਗੱਲ ਤੇਈ ਲੱਖ ‘ਤੇ ਨਿਬੜ ਗਈ ਤਾਂ ਉਹੀ ਕੁੜੀ  ਕੱਦਾਵਰ ਹੋ ਗਈ।

ਦੋ ਕੁ ਸਾਲ ਪਿਛੌਂ ਖੋਸਾ ਫੇਰ ਬਾਹਰੋਂ ਆਇਆ ਤਾਂ ਗੱਲਾਂ ਗੱਲਾਂ ਕਿਹਾ ਗਿਆ ਖੋਸਿਆ! ਸਬਰ ਸੰਤੋਖ ਜੇਹਾ ਤੈਨੂੰ ਕਦੋਂ ਆਉ ? ਮੈਂ ਸੁਣਿਐ ਤੂੰ ਅਜੇ ਵੀ  ਫਾਰਮਾਂ ‘ਚ ਢੋਲੀ ਬੰਨ ਕੇ  ਸਪਰੇਆਂ ਕਰਦਾ ਫਿਰਦੈਂ, ਕਦੋਂ ਟਿਕ ਕੇ ਬੈਠੈਂਗਾ -- ? ਤਾਂ ਉਹ ਸ੍ਹਾਮਣੇ ਖੜੋ ਕੇ ਮੇਰੇ ਦੋਨਾਂ ਮੋਢਿਆਂ ਤੇ ਹੱਥ ਰੱਖਕੇ ਆਂਹਦਾ ਭੂਆ ਦਿਆ ਪੁੱਤਾ ਤੈਨੂੰ ਨਹੀਂ ਪਤਾ ਜੇਬ ‘ਚ ਕੁਛ ਹੋਵੇ ਤਾਂ ਦਿਲ ਧੜਕਦਾ ਰਹਿੰਦਾ ,ਮਨ ਟ੍ਹੈਕਰੇ ‘ਚ ਰਹਿੰਦਾ। ਪੈਸੇ ਬਗੈਰ , ਬੰਦਾ ਤੇ ਮੁਰਦਾ ਇਕ ਸਮਾਨ । 

ਉਹ ਫੇਰ ਇਕ ਦਿਨ ਟੁੱਟੀ ਜੇਹੀ ਸਕੂਟਰੀ ‘ਤੇ ਕਿਸੇ ਦੇ ਪਿਛੇ ਬੈਠਾ ਘਰੇ ਆ ਗਿਆ। ਮੇਰੇ ਕੋਲੋਂ ਰਿਹਾ ਨਾ ਗਿਆ-ਖੋਸਿਆ! ਐਹਦੇ ਤੇ ਬੈਠਾ ਸੋਹਣਾ ਲੱਗਦੈਂ, ਕੋਈ ਲੰਮੀ ਸਾਰੀ ਕਾਰ ਰੱਖ ਡਰੈਵਰ ਰੱਖ। ਤਾਂ ਉਸਦਾ ਉਹੀ ਤਕੀਆ ਕਲਾਮ –ਭੂਆ ਦਿਆ ਪੁੱਤਾ ਤੈਨੂੰ ਨਹੀ ਪਤਾ। ਤੂੰ  ਬਰੀਕੀਆਂ ਤੋਂ ਕੀ ਲੈਣਾ? ਕੱਲ ਨੂੰ ਘਰੇ ਆਜੀਂ  ਸ਼ਹਿਰ  ਜਾਣਾ। 

ਅਗਲੇ ਦਿਨ ਸ਼ਹਿਰ ਜਾ ਇਕੱਠੇ ਹੋਏ। ਉਸ ਨੇ ਅਸ਼ਟਾਮ ਖਰੀਦਿਆ ਤੇ ਸਾਰੀ ਪੈਲੀ ਆਵਦੇ ਭਰਾਵਾਂ ਤੋਂ ਖੋਹ ਕੇ ਦੋ ਸਾਲ ਲਈ ਹੋਰ ਕਿਸੇ ਨੂੰ ਠੇਕੇ ‘ਤੇ ਲਿਖਾ ਦਿੱਤੀ। ਉਸ ਨੂੰ ਬੜਾ ਰੋਕਿਆ ਖੋਸਿਆ ਇਹ ਕੀ ਕਰੀ ਜਾਨਾਂ ? ਉਨ੍ਹਾਂ ਦਾ  ਡੰਗ ਟੱਪੀ ਜਾਂਦੈ । ਕਿਉਂ ਆਵਦੇ ਭਰਾਵਾਂ ਦੇ ਠੂਠੇ ਡਾਂਗ ਮਾਰਦੈਂ। ਤਾਂ ਉਹ ਮੇਰਾ ਹੱਥ ਜੇਹਾ ਨੱਪ ਕੇ - ਭੂਆ ਦਿਆ ਪੁੱਤਾ  ਤੈਨੂੰ ਨਹੀਂ ਪਤਾ। ਘਰਾਂ ਦੀਆਂ ਕਈ ਗੱਲਾਂ ਹੁੰਦੀਆਂ, ਬਾਹਲਾ ਨਹੀਂ ਬੋਲੀ ਦਾ ਹੁੰਦਾ। ਘਰਵਾਲੀ ਨੇ ਤੁਰਨ ਲੱਗੇ ਨੂੰ ਕਿਹਾ ਸੀ ਦਿੰਦੇ ਲੈਂਦੇ ਕੁਛ ਨੀਂ ਐਤਕੀਂ ਇਉਂ ਕਰ ਆਈਂ। ਫੇਰ ਕੁਝ ਚਿਰ ਬਾਅਦ ਸਕੀਰੀਆਂ ਤੋਂ ਬੜੀ ਹੈਰਾਨੀ ਹੋਈ  ਕਿ ਉਸ ਦੇ ਜੁਆਕ ਉਸ ਦੀ ਭੋਰਾ ਕਦਰ ਨਹੀਂ ਕਰਦੇ। ਅੱਡ ਵਿੱਡ ਆਪੋ ਆਪਣੀਆਂ ਨੋਕਰੀਆਂ ‘ਤੇ ਜਾਂਦੇ ; ਖੋਸਾ ਤੇ ਉਸ ਦੀ ਘਰਵਾਲੀ ਬੇਸਮੈਂਟ ‘ਚ ਹੀ ਠੰਡਾ ਤੱਤਾ  ਆਪ ਹੀ ਆਵਦੀ ਪਕਾ ਕੇ ਖਾਂਦੇ । 

ਫੇਰ ਕਈ ਸਾਲ ਬੀਤ ਗਏ ਤਾਂ ਅੱਧੀ ਰਾਤ ਨੂੰ ਫੋਨ ਦੀ ਲੰਮੀ ਘੰਟੀ ਵੱਜੀ। ਮਨ ਕੰਬਿਆ ਸੁਖ ਹੋਵੇ। ਪਤਾ ਲੱਗਿਆ  ‘ਭੂਆ ਦਿਆ ਪੁੱਤਾ ਤੈਨੁੰ ਨਹੀਂ ਪਤਾ’  ਕਹਿਣ ਵਾਲਾ ਖੋਸਾ ਚੱਲ ਵਸਿਆ। ਉਸ ਨੁੰ  ਫਾਰਮ ‘ਚ  ਕੰਮ ਕਰਦੇ ਨੂੰ ਦਿਲ ਦਾ ਦੌਰਾ ਪੈ ਗਿਆ ਸੀ।

ਬਾਈ ਜੀਓ ! ਟੂ ਕੱਟ ਦਾ ਸਟੋਰੀ ਸ਼ਾਰਟ ; ਫਿਰ ਮੀਨ੍ਹੇ ਕੁ ਪਿਛੌਂ ਉਸ ਦੀ ਘਰਵਾਲੀ ਤੇ ਮੁੰਡਾ  ਐਧਰ ਉਸ ਦੇ  ਫੁੱਲ ਜੇਹੇ ਤਾਰਨ ਆਏ ਸੀ। ਉਹ ਸਾਨੂੰ ਨਾਲ ਲਈ ਫਿਰਦੇ ਰਹੇ। ਉਸ ਦੀ ਘਰ ਵਾਲੀ ਕੋਲ ਬੈਂਕਾ ਦੀਆਂ ਕਾਪੀਆਂ ਦਾ ਥੱਬਾ ਸੀ। ਡੂਢ ਮਹੀਨਾ ਉਨ੍ਹਾਂ ਦਾ ਐਫ ਡੀਆਂ ਤੁੜਵਾਉਣ, ਨਵੀਆਂ ਕਰਵਾਉਣ ਵਿੱਚ ਹੀ  ਲੱਗ ਗਿਆ। ਕੁਝ ਪਲਾਟ ਉਸ ਦੇ ਨਾਂ ਸੀ ਕੁਝ ਜੁਆਕਾਂ ਦੇ ਨਾਂ, ਪਟਵਾਰੀਆਂ ਨੂੰ ਮੌਤ ਦੇ ਸਰਟੀਫੀਕੇਟ ਜੇਹੇ ਦੇਕੇ ਵਿਰਾਸਤ ਚੜ੍ਹਾੳਂੁਦੇ ਰਹੇ, ਨਾਂ ਕਰਾਂਉਂਦੇ ਰਹੇ। ਵੇਖਿਆ ਖੋਸੇ ਦੇ ਲਾਲਚ ਸੁਆਰਥ ਦਾ ਦੁਆਨੀ ਮੁੱਲ ਨਹੀਂ ਪਿਆ ਸਗੋਂ ਉਹ ਆਪਣੇ ਲਹੂ ਵਾਲੇ ਰਿਸ਼ਤਿਆ ਨਾਲੋਂ ਵੀ ਟੁੱਟ ਗਿਆ। ਕਿਸੇ ਭਾਈ ਭਤੀਜੇ ਨੇ ਮਰੇ ਦਾ ਭੋਰਾ ਸੋਗ ਨਹੀਂ ਮਨਾਇਆ।‘ਭੂਆ ਦਿਆ ਪੁੱਤਾ ਤੈਨੁੰ ਨਹੀਂ ਪਤਾ’ ਕਹਿਣ ਵਾਲੇ ਦਾ ਕਿਸੇ ਨੇ ਨਾ ਰੂਹ ਸ਼ਾਂਤੀ ਲਈ ਪਾਠ ਰਖਾਇਆ ਨਾ ਦਸਵੀਂ ਦੁਸਵੀਂ ‘ਤੇ ਭੋਗ ਪਾਇਆ। ਉਸ ਦੀਆਂ ਸਾਰੀਆਂ ਮਾਰੀਆਂ ਟੱਕਰਾਂ ਬੇਕਾਰ ਕਿਸੇ ਅਰਥ ਨਹਨਿ ਲੱਗੀੳਾਂ ਸੱਭ ਭੰਗ ਦੇ ਭਾਣੇ ਹੀ ਗਈਆ ।

****

1 comment:

Anonymous said...

ਜਿੰਦਗੀ ਦਾ ਯਥਾਰਥ ਪੇਸ਼ ਕੀਤਾ ਹੈ !ਬਹੁਤ ਖੂਬ ਜੀ