ਪਾਸ਼ -ਮੈਂ ਤਾਂ ਕੀ.......... ਨਜ਼ਮ/ਕਵਿਤਾ / ਅਮਰਜੀਤ ਟਾਂਡਾ (ਡਾ.)


ਪਾਸ਼ -ਮੈਂ ਤਾਂ ਕੀ ਤੈਨੂੰ ਤਾਂ ਰਾਹ, ਰਾਹਾਂ ਦੇ ਕੱਖ,


ਪੰਛੀ ਫੁੱਲ,ਤੇ ਰੁੱਖ ਵੀ ਨਹੀਂ ਭੁਲਾ ਸਕਦੇ-
ਇੰਜ ਹੋਇਆ ਤਾਂ ਹਵਾਵਾਂ ਨੂੰ ਇਨਸਾਨੀਅਤ ਭੁੱਲ ਜਾਣੀ ਹੈ-
ਯਾਦ ਨਹੀਂ ਰਹਿਣੀ-ਤੇਰੀਆਂ ਕਵਿਤਾਵਾਂ ਦੀ ਕੋਈ ਤਰਜ਼-
ਜਿਸ ਵਾਸਤੇ ਤੂੰ ਆਹਡਾ ਲਿਆ ਸੀ-ਮੇਰੇ ਵਾਂਗ

ਨਫ਼ਰਤ ਦੇ ਅਨਸਰ ਤੇਰੀ ਸੋਚ ਦੇ ਪੰਛੀਆਂ ਨੂੰ ਨਾ ਮਾਰ ਸਕੇ-
ਤੂੰ ਗਲੀਆਂ ਵਿੱਚ ਹਰਫ਼ਾਂ ਦੀਆਂ ਸਤਰਾਂ ਵਿਛਾਈਆਂ-
ਸੀਨਿਆਂ ਵਾਸਤੇ ਮੇਚਦੇ ਖੰਜ਼ਰ ਲੱਭੇ-

ਯਾਰ-ਤੇਰੇ ਦੋਸਤ ਤੇਰੇ ਨਾਲ ਖੇਡਣ ਨੂੰ 'ਵਾਜ਼ਾਂ ਮਾਰ ਰਹੇ ਹਨ-
ਆ ਯਾਰਾ ਕਿਤਿਓਂ! ਆ ਆਪਣੀ ਮੀਟੀ ਤਾਂ ਦੇ-


ਤੈਨੂੰ ਯਾਦ ਹੋਣਾ ਜਦੋਂ ਆਪਾਂ ਰਲ ਕੇ
ਨਿੱਕੀਆਂ 2 ਸਾਹਿਤਕ ਗੋਸ਼ਟੀਆਂ ਕਰਿਆ ਕਰਦੇ ਸਾਂ-
ਮਾਸਟਰ ਦਰਦ ਦੇ ਘਰ- ਕਦੇ ਕਹਾਣੀ ਤੇ ਕਦੇ ਕੋਈ ਨਾਵਲ ਲੈ ਕੇ
ਨਕੋਦਰ ਥਾਣੇ ਦੇ ਨੇੜੇ ਕਨਾਤਾਂ ਲਾ ਕੇ ਸਟੇਜ਼ ਤੇ ਚੜ੍ਹ ਕਵਿਤਾਵਾਂ ਪੜ੍ਹਿਆ ਕਰਦੇ ਸਾਂ-
ਗੋਬਿੰਦ ਦੇ ਤੀਰਾਂ ਵਰਗੀਆਂ-ਜਰਵਾਣਿਆਂ ਦੀਆਂ ਹਿੱਕਾਂ ਫੋਲਦੀਆਂ-
ਭਰਾਵਾਂ ਦੇ ਸਿਰ ਤੇ ਪੁਲਸ ਨੂੰ ਗਾਲ੍ਹਾਂ ਕੱਢਿਆ ਕਰਦੇ ਸਾਂ ਗਲੀ ਵਿਚ ਖੜ੍ਹਕੇ -
ਓੋਦੋਂ ਕਦੇ ਉਦਾਸੀ,ਵਰਿਆਮ ਸੰਧੂ , ਅਣਖੀ, ਪ੍ਰੇਮ ਪ੍ਰਕਾਸ਼ -
ਖਬਰੇ ਕਿਹੜਾ-ਕਿਹੜਾ ਆ ਜੁੜਦਾ ਸੀ -
ਢਾਣੀ ਚ-ਫਿਰ ਹਰਫ਼ਾਂ ਦਾ ਲੰਗਰ ਲੱਗਦਾ ਸੀ-
ਚਾਹ ਨਾਲ ਨਜ਼ਮਾਂ ਪਰੋਸਦੇ ਸਾਂ ਇੱਕ ਦੂਜੇ ਲਈ-

ਗਗਨ ਦੀ ਦੁਕਾਨ ਤੇ-ਰੋਜ਼ ਨਕੋਦਰ ਚ ਮਿਲ ਬੈਠਣਾ-
ਸੰਧੂ ਭਾਜੀ, ਹਰਭਜਨ ਵਕੀਲ ਤੇ ਅਮਰਜੀਤ ਚੰਦਨ ਨਾਲ ਗੁਫ਼ਤਗੂ ਕਰਨੀ-
ਸੂਹੇ ਸ਼ਬਦਾਂ ਨੂੰ ਜੋੜ-ਜੋੜ ਜਥੇਬੰਦੀ ਰਸਾਲਾ ਛਾਪਣਾ- ਸੰਧੂ ਦੀ ਪ੍ਰੈਸ ਗੇੜ੍ਹ-ਗੇੜ੍ਹ -
ਆਪਾਂ ਤਾਂ ਟੂਰਨਾਮੈਂਟ, ਮੇਲੇ ਤੇ ਲੁਧਿਆਣੇ ਦੇ ਚੱਕਰ ਵੀ ਮਾਰੇ-
ਤੈਨੂੰ ਫਿਕਰ ਹੁੰਦਾ ਸੀ ਕਿ ਸ਼ਾਇਦ ਮੈਂ ਕਿਤੇ ਫ਼ੜਿਆ ਨਾ ਜਾਵਾਂ-ਪੋਸਟਰ ਢੋਂਦਾ, ਵੰਡਦਾ-

ਪਾਸ਼ ਹੁਣ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਘਰ-ਘਰ ਤੈਨੂੰ ਯਾਦ ਕਰ ਰਿਹਾ ਹੈ-
ਤੇਰਾ ਬਚਪਨ ਤੇ ਜਵਾਨੀ ਟੁਰਿਆ ਫਿਰਦਾ ਹੈ-ਸਾਡੇ ਹਰ ਸੀਨੇ 'ਤੇ-ਸਾਹਾਂ ਚ
ਤੇਰੀ ਤਸਵੀਰ ਵਾਲਾ ਕੈਲੰਡਰ
ਅਸੀਂ ਸਾਰੇ ਦੋਸਤਾਂ ਹਿੱਕ ਦੀ ਕਿੱਲੀ ਤੇ ਟੰਗ ਲਿਆ ਹੈ-

ਪਾਸ਼ ਤੇਰੇ ਸੁਪਨੇ ਵੀ ਹੁਣ ਤਾਂ ਸਿਆਣੇ ਹੋ ਗਏ ਹਨ-
ਖੇਤਾਂ ਦੇ ਸਿਆੜ੍ਹਾਂ ਚ ਤੇਰੇ ਹਰਫ਼ ਗੱਭਰੂ ਹੋਏ ਫਿਰਦੇ ਨੇ-
ਇੱਕ ਮਾਂ ਨੇ ਪੁੱਤ ਤਲਵੰਡੀ ਨਨਕਾਣੇ ਜੰਮਿਆ ਸੀ ਤੇ ਇੱਕ ਤਲਵੰਡੀ ਸਲੇਮ-

ਰੋਜ਼ ਤੇਰੀਆਂ ਗੱਲਾਂ ਕਰਦੇ ਹਨ -ਕਣਕਾਂ ਤੇ ਕਮਾਦ:
ਖਾਲ ਦੇ ਪਾਣੀ 'ਚ ਕਿਰੇ ਤੇਰੀ ਕਵਿਤਾ ਦੇ ਬੋਲ ਹਰ ਕਿਆਰੇ 'ਚ ਜੰਮ ਰਹੇ ਹਨ-
ਤੇਰੇ ਖ਼ੂਨ ਦੇ ਗਵਾਹ-
ਅਸੀਂ ਓਸ ਟਿਊਬਵੈੱਲ ਤੇ ਨਹਾਉਣਾ ਹੈ ਤੇ ਤੇਰਾ ਇੱਕ-ਇੱਕ ਗੀਤ ਗਾਉਣਾ ਹੈ -
ਤੇ ਆਪਣੇ ਪੋਟਿਆਂ ਚੋਂ ਰਿਸਦੇ ਖੂਨ ਨਾਲ ਲਿਖਣਾ ਹੈ-
ਓਸ ਚਲ੍ਹੇ ਤੇ ਯੁੱਧ ਦਾ ਐਲਾਨ-
ਟਿਊਬਵੈੱਲ ਦੇ ਕਮਰੇ ਦੀ ਇੱਟ-ਇੱਟ ਤੇ ਤੇਰੇ ਹਰਫ਼ ਉੱਕਰਨੇ ਨੇ-
ਬਾਜਰੇ ਦੇ ਸਿੱਟਿਆਂ ਤੇ ਤੇਰੇ ਸੂਹੇ ਸ਼ਬਦ ਸਜਾਉਣੇ ਹਨ ਤੋਤਿਆਂ ਵਾਂਗ-
ਸਾਂਭ ਕੇ ਰੱਖਣੀ ਹੈ ਓਹਦੇ ਚੋਂ ਮੁੱਠ ਕੁ ਮਿੱਟੀ ਜਿਥੇ ਤੇਰਾ ਖ਼ੂਨ ਡੁੱਲਿਆ-
ਤੇ ਬਾਕੀ ਦੀ ਮਿੱਟੀ ਖੇਤਾਂ ਤੇ ਦਰਿਆਵਾਂ ਚ ਖਿਲਾਰਨੀ ਹੈ-
ਤਾਂ ਕਿ ਤੇਰੀ ਸੋਚ ਦੇ ਹਰਫ਼
ਧਰਤੀ ਦੀ ਕੁੱਖ ਚੋਂ ਘਾਹ, ਸੂਹੇ ਫੁੱਲ ਬਣ ਕੇ ਉੱਗਣ
ਤੇ ਰੰਗ ਬਿਰੰਗੇ ਪਰਿੰਦੇ ਬਣ ਕੇ ਉੱਡਣ-

ਪਾਸ਼ ਤੇਰੇ ਰੋਹਲੇ ਬਾਣ,ਲਾਲ ਦਰਿਆ ਬਣ ਵਗਣਗੇ-
ਉੱਚੇ ਪਰਬਤ ਖੋਰਨਗੇ-ਅਨਿਆਇ ਤੇ ਅਤਿਆਚਾਰ ਦੇ-

ਤੇਰੇ ਖੂੰਖਾਰ ਹਰਫ਼ਾਂ ਦੀ ਆਵਾਜ਼ -
ਮੈਂ ਹਵਾਵਾਂ ਚ ਘੋਲ ਦਿਤੀ ਹੈ-ਤਾਂ ਕਿ ਹਰ ਪਿੰਡ-ਪਿੰਡ ਜਾਵੇ-
ਦਰਿਆਵਾਂ ਦੀਆਂ ਲਹਿਰਾਂ ਤੇ ਵਿਛਾ ਦਿਤੀ ਹੈ ਹਰ ਤਰਜ਼-
ਤਾਂ ਕਿ ਹਰ ਕਣ ਤਰੰਗ ਬਣ ਜਾਵੇ-

ਸਾਰੇ ਸਿਤਾਰਿਆਂ ਚ ਜੜ੍ਹ ਦਿਤੀ ਹੈ ਮੈਂ ਓਹਨਾਂ ਦੀ ਲੋਅ-
ਤੇ ਚੰਦ ਤੇ ਡੱਠਾ ਮਾਈ ਦਾ ਚਰਖ਼ਾ ਚੁੱਕ
ਤੇਰੀਆਂ ਖਿਲਰੀਆਂ ਨਜ਼ਮਾਂ ਦਾ ਵਰਕਾ-ਵਰਕਾ ਰੱਖ ਦਿਤਾ ਹੈ-
ਤਾਂ ਕਿ ਹਰ ਕੋਈ ਰਾਤਾਂ ਨੂੰ ਸੌਣ ਤੋਂ ਪਹਿਲਾਂ ਪੜ੍ਹ ਸਕੇ-
ਜਿਵੇਂ ਤੂੰ ਕਹਿੰਦਾ ਹੁੰਦਾ ਸੀ ਕਿ-
ਸੱਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ-

No comments: