24ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਆਤ ਖ਼ਾਲਸਾਈ ਜਲਾਲ ਨਾਲ਼ ਤੇ ਸਮਾਪਤੀ ਪੰਜਾਬੀ ਧਮਾਲ ਨਾਲ਼ਐਡੀਲੇਡ (ਮਿੰਟੂ ਬਰਾੜ/ਰਿਸ਼ੀ ਗੁਲਾਟੀ): ਗੁਰੂ ਨਾਨਕ ਸੁਸਾਇਟੀ ਆਫ਼ ਆਸਟ੍ਰੇਲੀਆ ਦੇ ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ ਦੀ ਯੋਗ ਰਹਿਨੁਮਾਈ ਹੇਠ 24ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸਮਾਪਤੀ ਅੱਜ ਬੜੀ ਸ਼ਾਨੋ ਸ਼ੌਕਤ ਨਾਲ ਹੋਈ, ਜੋ ਕਿ 22 ਅਪ੍ਰੈਲ ਤੋਂ ਚੱਲ ਰਹੀਆਂ ਸਨ। ਖੇਡਾਂ ਦੀ ਸ਼ੁਰੂਆਤ ਆਸਟ੍ਰੇਲੀਅਨ ੳਤੇ ਭਾਰਤੀ ਰਾਸ਼ਟਰ ਗਾਣ ਨਾਲ਼ ਹੋਈ। ਇਸ ਉਪਰੰਤ ਗਿਆਨੀ ਪੁਸ਼ਪਿੰਦਰ ਸਿੰਘ ਚਾਹਲ ਦੁਆਰਾ ਅਰਦਾਸ ਤੇ ਬੱਚਿਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ। ਇਸ ਮੌਕੇ ‘ਤੇ ਖੇਡਾਂ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ ‘ਤੇ ਪਹੁੰਚੇ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਣਯੋਗ ਮਾਇਕ ਰੈਨ, ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਸਾਸ਼ਾ ਰੈਨ ਤੇ ਮਲਟੀ ਕਲਚਰਲ ਮਨਿਸਟਰ ਮਾਣਯੋਗ ਗ੍ਰੇਸ ਪ੍ਰੋਟੋਲੇਸੀ ਵੱਲੋਂ ਖੇਡਾਂ ਦੀ ਰਿਵਾਇਤੀ ਸ਼ੁਰੂਆਤ ਕੀਤੀ ਅਤੇ ਵੀਹ ਹਜ਼ਾਰ ਡਾਲਰ ਨਕਦ ਅਤੇ ਵੀਹ ਹਜ਼ਾਰ ਡਾਲਰ ਦੀ ਅਸਿੱਧੇ ਰੂਪ ਚ ਮਦਦ ਦੀ ਘੋਸ਼ਣਾ ਕਰਨ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਈਆਂ ਹੋਈਆਂ ਸਾਰੀਆਂ ਟੀਮਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ।

ਖੇਡਾਂ ਦੇ ਦੂਸਰੇ ਦਿਨ ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਵੱਲੋਂ ਮਿੰਟੂ ਬਰਾੜ ਦੀ ਪ੍ਰਧਾਨਗੀ ਹੇਠ ਚਿੱਤਰਕਾਰ ਸਵਰਨ ਸਿੰਘ ਬਰਨਾਲਾ ਦੀ ਚਿੱਤਰ ਪ੍ਰਦਰਸ਼ਨੀ ਤੇ ਮਾਂ ਬੋਲੀ ਪੰਜਾਬੀ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਰਸਮੀ ਉਦਘਾਟਨ ਵਿਕਟੋਰੀਆ ਦੇ ਨੌਜਵਾਨ ਸਿਆਸਤਦਾਨ ਗੋਲਡੀ ਬਰਾੜ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਤੇ ਇਸ ਮੌਕੇ ਪੰਜਾਬੀ ਬੋਲੀ ਦੇ ਸੇਵਾਦਾਰਾਂ ਨੂੰ ਸਨਮਾਨ ਪੱਤਰ ਬਿੱਕਰ ਸਿੰਘ ਬਰਾੜ ਅਤੇ ਅਮਰੀਕ ਸਿੰਘ ਥਾਂਦੀ ਨੇ ਭੇਂਟ ਕੀਤੇ। ਇੰਡੋਜ਼, ਕੁਈਨਜ਼ਲੈਂਡ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਸਰਾਏ ਨੇ ਇਸ ਸੈਮੀਨਾਰ ‘ਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸੇ ਸਵੇਰ ਗਿਆਨੀ ਸੰਤੋਖ ਸਿੰਘ ਦੀ ਯੋਗ ਅਗਵਾਈ ਹੇਠ ਸਿੱਖ ਫੋਰਮ ਦੇ ਸੈਮੀਨਾਰ ‘ਚ ਵਿਦਵਾਨਾਂ ਵੱਲੋਂ ਕੌਮ ਦੀਆਂ ਸਮੱਸਿਆਵਾਂ ‘ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਸੈਮੀਨਾਰ ਦੌਰਾਨ ਅਜੀਤ ਸਿੰਘ ਰਾਹੀ ਦੀ ਪੁਸਤਕ “ਨਾਦਰਸ਼ਾਹ ਦੀ ਵਾਪਸੀ” ਵੀ ਰਿਲੀਜ਼ ਕੀਤੀ ਗਈ, ਜੋ ਕਿ ‘84 ਦੌਰਾਨ ਸਿੱਖ ਨਸਲਕੁਸ਼ੀ ਦੀ ਕੋਝੀ ਸੂਰਤ ਬਿਆਨ ਕਰਦੀ ਹੈ। ਖੇਡਾਂ ਦੌਰਾਨ ਗੁਰਦੁਆਰਾ ਐਲਨਬਾਈ ਗਾਰਡਨ ਅਤੇ ਸਰਬੱਤ ਖ਼ਾਲਸਾ ਗੁਰੂ ਘਰ ਪਰੌਸਪੈਕਟ ਵੱਲੋਂ ਤਿੰਨੇ ਦਿਨ ਆਈਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਗਿਆਨੀ ਹਰਜਿੰਦਰ ਸਿੰਘ, ਗਿਆਨੀ ਬਲਰਾਜ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਭੁਪਿੰਦਰ ਸਿੰਘ ਤੱਖੜ, ਚਮਕੌਰ ਸਿੰਘ, ਜੋਗਾ ਸਿੰਘ ਅਤੇ ਮਨਜੀਤ ਸਿੰਘ ਢਡਵਾਲ ਜਿਹੇ ਸੇਵਾਦਾਰਾਂ ਨੇ ਬੜੀ ਹੀ ਸ਼ਿੱਦਤ ਨਾਲ ਸੇਵਾ ਨਿਭਾਈ।

ਖੇਡਾਂ ਦੇ ਆਖਰੀ ਦਿਨ ਮਹਿੰਗਾ ਸਿੰਘ ਖੱਖ, ਕੁਲਦੀਪ ਸਿੰਘ ਬਾਸੀ, ਗੁਰਦੀਪ ਸਿੰਘ ਨਿੱਝਰ, ਸਤਿਨਾਮ ਸਿੰਘ ਪਾਬਲਾ ‘ਤੇ ਬਲਰਾਜ ਸੰਘਾ ਦੀ ਮਿਹਨਤ ਸਦਕਾ ਕਬੱਡੀ ਫਾਈਨਲ ਦੇ ਫਸਵੇਂ ਮੈਚ ਨੇ ਸਾਰਾ ਮੇਲਾ ਲੁੱਟ ਲਿਆ। ਰਣਜੀਤ ਖੇੜਾ ਤੇ ਚਰਨਾਮਤ ਸਿੰਘ ਦੀ ਕਮੈਂਟਰੀ ਨੇ ਦਰਸ਼ਕਾਂ ਨੂੰ ਅਖੀਰ ਤੱਕ ਬੰਨੀ ਰੱਖਿਆ। ਇਸੇ ਦੌਰਾਨ ਅੁਾਂਘੇ ਸ਼ਾਇਰ ਸ਼ਮੀ ਜਲੰਧਰੀ ਦਾ ਗੀਤ “ਰੰਗਲਾ ਪੰਜਾਬ” ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ‘ਤੇ ਸਾਰਾ ਆਸਟ੍ਰੇਲੀਆਈ ਮੀਡੀਆ ਹਾਜ਼ਰ ਸੀ, ਜਿਸ ‘ਚ ਦ ਪੰਜਾਬ ਤੋਂ ਮਨਜੀਤ ਬੋਪਾਰਾਏ, ਹਰਮਨ ਰੇਡੀਓ ਤੋਂ ਅਮਨਦੀਪ ਸਿੱਧੂ, ਆਪਣਾ ਪੰਜਾਬ ਟੀ.ਵੀ. ਅਤੇ ਜੱਗਬਾਣੀ ਤੋਂ ਅਮਰਜੀਤ ਸਿੰਘ ਖੇਲਾ ਅਤੇ ਬਲਜੀਤ ਖੇਲਾ, ਪੰਜਾਬੀ ਨਿਊਜ਼ ਆਨ ਲਾਈਨ ਤੋਂ ਮਿੰਟੂ ਬਰਾੜ, ਪੰਜਾਬ ਐਕਸਪੈੱ੍ਰਸ ਤੋਂ ਰਾਜਵੰਤ ਸਿੰਘ, ਦੀ ਪੇਜ ਤੋਂ ਹਰਬੀਰ ਸਿੰਘ ਕੰਗ, ਹਰਭਜਨ ਸਿੰਘ ਖੈਰਾ, ਚੜ੍ਹਦੀ ਕਲਾ ਤੋਂ ਚਰਨਜੀਤ ਸਿੰਘ, ਸ਼ਬਦ ਸਾਂਝ ਤੋਂ ਰਿਸ਼ੀ ਗੁਲਾਟੀ, ਲੇਖਕ ਬਲਰਾਜ ਸੰਘਾ, ਲੇਖਕ ਪ੍ਰਭਜੋਤ ਸੰਧੂ, ਅਜੀਤ ਤੋਂ ਸਰਤਾਜ ਧੌਲ਼ ਤੇ ਪੰਜਾਬੀ ਟ੍ਰਿਬਿਊਨ ਤੋਂ ਤੇਜਸਦੀਪ ਸਿੰਘ ਅਜਨੋਧਾ, ਰੋਜ਼ਾਨਾ ਸਪੋਕਸਮੈਨ ਤੋਂ ਸੁਮਿਤ ਟੰਡਨ, ਸੁਖੀ ਬਨਵੈਂਤ, ਪ੍ਰੀਤ ਇੰਦਰ ਸਿੰਘ ਗਰੇਵਾਲ, ਹਰਜਿੰਦਰ ਸਿੰਘ ਜੌਹਲ, ਜਗਤਾਰ ਸਿੰਘ ਨਾਗਰੀ, ਹਰਵਿੰਦਰ ਸਿੰਘ ਗਰਚਾ ਅਤੇ ਸੁੱਲਖਣ ਸਿੰਘ ਸਹੋਤਾ ਆਦਿ ਸ਼ਾਮਲ ਸਨ। ਇਸ ਮੌਕੇ ‘ਤੇ ਅਫਸੋਸਨਾਕ ਘਟਨਾ ਇਹ ਹੋਈ ਕਿ ਖੇਡਾਂ ਦੀ ਸ਼ੁਰੂਆਤ ਵਾਲੇ ਦਿਨ ਹੀ ਸ਼ਾਮ ਨੂੰ ਕੁਝ ਅਨਸਰਾਂ ਵੱਲੋਂ ਦ ਪੰਜਾਬ ਦੇ ਮੁੱਖ ਸੰਪਾਦਕ ਮਨਜੀਤ ਬੋਪਾਰਾਏ ਤੇ ਹਮਲਾ ਕੀਤਾ ਗਿਆ। ਸਾਰੇ ਮੀਡੀਆ ਵੱਲੋਂ ਇਸਦੀ ਭਰਪੂਰ ਨਿਖੇਧੀ ਕੀਤੀ ਗਈ। ਇਨ੍ਹਾਂ ਖੇਡਾਂ ਦੇ ਆਖਰੀ ਦਿਨ ਵੀ ਪੰਜਾਬੀ ਤੜਕਾ ਲੱਗਾ ਜਿਸ ‘ਚ ਪੁਲਿਸ ਨੂੰ ਵੀ ਦਖ਼ਲਅੰਦਾਜ਼ੀ ਕਰਨੀ ਪਈ। ਇਸ ਘਟਨਾ ਦਾ ਕਾਰਨ ਇਹ ਸੀ ਕਿ ਪ੍ਰਬੰਧਕਾਂ ਵੱਲੋਂ ਕ੍ਰਿਕਟ ਦਾ ਇਸ ਖੇਡ ਮੇਲੇ ‘ਚੋਂ ਹੀ ਖਾਰਜ ਕਰਨ ਦੇਣਾ, ਇਹ ਫੈਸਲਾ ਫਾਈਨਲ ਮੈਚ ਤੋਂ ਕੁਝ ਸਮਾਂ ਪਹਿਲਾਂ ਕੀਤਾ ਗਿਆ। ਮੇਲਾ ਖਤਮ ਹੋਣ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਹੋ ਸਕਿਆ ਸੀ।
ਰੰਗ-ਰੰਗ ਸਮਾਗਮਾਂ ਵਿੱਚ ਪਹਿਲੀ ਰਾਤ ਡਿਸਕੋ ਨਾਈਟ, ਦੂਜੇ ਦਿਨ ਭੰਗੜੇ-ਗਿੱਧੇ ਦਾ ਮੁਕਾਬਲਾ, ਆਖਰੀ ਦਿਨ ਡਿਨਰ ਡਾਂਸ ਨੇ ਦੂਰੋਂ-ਦੂਰੋਂ ਆਏ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਤੋਂ ਇਲਾਵਾ ਖੇਡਾਂ ਦੀ ਮੁੱਖ ਸਟੇਜ ਤੋਂ ਵਿਨੈਪਾਲ ਬੁੱਟਰ ਅਤੇ ਦਲਜੀਤ ਸੈਣੀ, ਪ੍ਰੀਤ ਇੰਦਰ ਸਿੰਘ ਗਰੇਵਾਲ, ਗਰਿਫ਼ਤ ਤੋਂ ਆਏ ਸਾਰੰਗੀ ਮਾਸਟਰ ਨਛੱਤਰ ਸਿੰਘ, ਭਾਈ ਮਨਦੀਪ ਸਿੰਘ ਰੰਗੀ ਦੇ ਢਾਡੀ ਜਥੇ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਵੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਗਿਆ। ਇਹਨਾਂ ਸਾਰੇ ਪ੍ਰੋਗਰਾਮਾਂ ਦਾ ਅੱਖੀਂ ਦੇਖਿਆ ਪ੍ਰਸਾਰਨ ਹਰਮਨ ਰੇਡੀਓ ਦੀ ਟੀਮ ਅਮਨਦੀਪ ਸਿੱਧੂ, ਮਨਿੰਦਰ ਸਿੰਘ, ਅਮਰਿੰਦਰ ਸਿੰਘ ਅਤੇ ਮਾਲਵਾ ਕਲੱਬ ਦੇ ਮੈਂਬਰਾਂ ਵੱਲੋਂ ਇੰਟਰਨੈੱਟ ਤੇ ਬੜੀ ਮਿਹਨਤ ਨਾਲ ਕੀਤਾ। ਖੇਡਾਂ ਦੇ ਆਖਰੀ ਦਿਨ ਆਸਟ੍ਰੇਲੀਆ ਦੇ ਉੱਘੇ ਬਦਾਮ ਉਤਪਾਦਕ ਤੇ ਗੋਲਡਨ ਬ੍ਰਾਂਡ ਆਟੇ ਦੇ ਨਿਰਮਾਤਾ ਮਸ਼ਹੂਰ ਗਰੇਵਾਲ ਭਰਾਵਾਂ ਵੱਲੋਂ ਖਿਡਾਰੀਆਂ ਉਤੇ ਵਰ੍ਹਾਏ ਬਦਾਮਾਂ ਦੇ ਮੀਂਹ ਨੇ ਸਾਰੇ ਪਾਸੇ ਬੱਲੇ-ਬੱਲੇ ਕਰਵਾ ਦਿੱਤੀ। ਖੇਡਾਂ ਦੌਰਾਨ ਤਿੰਨੇ ਦਿਨ ਨਿੱਜੀ ਪਾਰਟੀਆਂ ਦਾ ਦੌਰ ਵੀ ਬੜੇ ਜੋਰ-ਸ਼ੋਰ ਨਾਲ ਚਲਦਾ ਰਿਹਾ। ਮੇਜ਼ਬਾਨ ਆਪਣੇ ਮਹਿਮਾਨਾਂ ਦੀ ਸੇਵਾ ‘ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਸਨ। ਇਥੇ ਇਹ ਗਲ ਵੀ ਜਿਕਰ ਯੋਗ ਹੈ ਕਿ ਸਾਊਥ ਆਸਟ੍ਰੇਲੀਆ ਵਿੱਚ ਖੇਡਾਂ ‘ਚ ਹਿੱਸਾ ਲੈਣ ਅਤੇ ਦੇਖਣ ਵਾਲਿਆਂ ਵਿੱਚ ਆਸਟ੍ਰੇਲੀਆ ਭਰ ਤੋਂ ਲੈ ਕੇ ਗੁਆਂਢੀ ਮੁਲਕ ਨਿਉਜ਼ੀਲੈਡ, ਮਲੇਸ਼ੀਆ, ਸਮੇਤ ਹੋਰ ਵੀ ਕਈ ਮੁਲਕਾਂ ਤੋਂ ਲੋਕ ਆਏ ਹੋਏ ਸਨ।   

ਇਸ ਮਹਾਂ ਕੁੰਭ ਨੂੰ ਆਪਣੀ ਯੋਗ ਅਗਵਾਈ ਨਾਲ ਕਾਮਯਾਬ ਕਰਨ ਵਾਲੇ ਮਹਾਂਬੀਰ ਸਿੰਘ ਗਰੇਵਾਲ ਤੋਂ ਇਲਾਵਾ ਡਾਕਟਰ ਦਵਿੰਦਰ ਸਿੰਘ ਗਰੇਵਾਲ, ਬੀਬੀ ਬਲਬੀਰ ਕੌਰ ਗਰੇਵਾਲ, ਮਿੰਟੂ ਬਰਾੜ, ਬਖਸ਼ਿੰਦਰ ਸਿੰਘ, ਨਵਤੇਜ ਸਿੰਘ ਬੱਲ, ਰਿਸ਼ੀ ਗੁਲਾਟੀ, ਜੌਲੀ ਗਰਗ, ਸੁਖੀ ਬਨਵੈਂਤ, ਮਨਿੰਦਰਬੀਰ ਸਿੰਘ ਢਿਲੋਂ, ਜੰਗ ਬਹਾਦਰ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਢਿਲੋਂ, ਬੀਬੀ ਬਲਜੀਤ ਕੌਰ, ਮੋਹਨ ਨਾਗਰਾ, ਪਰਦੀਪ ਪਾਂਗਲੀ, ਪ੍ਰਿੰਸ ਸੰਧੂ, ਨੈਨੀ ਛਾਬੜਾ ਅਤੇ ਪਰਬੀਨ ਗੌਤਮ, ਮੰਜਿੰਦਰ ਸਿੰਘ, ਆਦਿ ਸ਼ਾਮਿਲ ਸਨ।

ਇਸ ਖੇਡ ਮੇਲੇ ਦੀ ਸਮਾਪਤੀ ਤੋਂ ਬਾਅਦ ਮੁੱਖ ਪ੍ਰਬੰਧਕ ਮਹਾਂਬੀਰ ਸਿੰਘ ਗਰੇਵਾਲ ਨੇ ਵਿਸ਼ੇਸ਼ ਫੋਨ ਵਾਰਤਾ ਦੌਰਾਨ ਇਸ ਮੇਲੇ ਦੀ ਕਾਮਯਾਬੀ 'ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਮੇਲੇ 'ਚ ਭਾਗ ਲੈਣ ਵਾਲੇ ਦਰਸ਼ਕਾਂ, ਖਿਡਾਰੀਆਂ ਤੇ ਹੋਰ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਜੋ ਕੁਝ ਊਣਤਾਈਆਂ ਇਸ ਮੇਲੇ ਦੌਰਾਨ ਰਹਿ ਗਈਆਂ ਹਨ, ਉਨ੍ਹਾਂ ਬਾਰੇ ਨਿੱਜੀ ਤੌਰ 'ਤੇ ਪੱਤਰ ਲਿਖ ਕੇ ਦੱਸਿਆ ਜਾਏ ਤਾਂ ਜੋ ਖੇਡਾਂ ਦੀ ਨੈਸ਼ਨਲ ਬਾਡੀ ਨਾਲ਼ ਇਸ ਬਾਰੇ ਵਿਚਾਰ ਕਰਕੇ ਆਗਾਮੀ ਖੇਡਾਂ 'ਚ ਇਨ੍ਹਾਂ ਊਣਤਾਈਆਂ ਨੂੰ ਲਾਂਭੇ ਕੀਤਾ ਜਾ ਸਕੇ। ਉਨ੍ਹਾਂ ਇਸ ਖੇਡ ਮੇਲੇ 'ਚ ਭਾਗ ਲੈਣ ਵਾਲੇ ਹਰ ਸੱਜਣ ਦਾ ਧੰਨਵਾਦ ਵੀ ਕੀਤਾ।

ਦੋਸਤੋ 24ਵੀਆਂ ਸਿੱਖ ਖੇਡਾਂ ਤੇ ਅਸੀ ਜਿੰਨੀ ਕੁ ਝਾਤ ਮਾਰ ਸਕੇ ਉਹ ਤੁਹਾਡੇ ਸਾਹਮਣੇ ਹੈ। ਪਰ ਇਸ ਤੋਂ ਬਿਨਾਂ ਵੀ ਅਜਿਹਾ ਹੋਰ ਬਹੁਤ ਕੁਝ ਵਾਪਰਿਆ, ਜੋ ਕਦੇ ਫੇਰ ਸਾਂਝਾ ਕਰਾਂਗੇ। ਪਰ ਇੱਕ ਗੱਲ ਜਿਸ ਨੇ ਵਤਨਾਂ ਦੀ ਯਾਦ ਤਾਜਾ ਕਰਵਾ ਦਿੱਤੀ, ਉਹ ਇਹ ਸੀ ਕਿ ਜਿਥੇ ਵੀ ਕੋਈ ਖੇਡ, ਸਭਿਆਚਾਰਕ ਸਮਾਗਮ, ਸੈਮੀਨਾਰ ਜਾਂ ਚਿੱਤਰ ਪ੍ਰਦਰਸ਼ਨੀ ਹੋਈ ਉੱਥੇ ਹੀ ਖ਼ਾਲੀ ਬੋਤਲਾਂ, ਕੁੜੇ ਦੇ ਢੇਰ, ਟੁੱਟਿਆ ਹੋਇਆ ਕੱਚ, ਮੇਰੀ ਜਨਮ ਭੂਮੀ ਦੇ ਦਰਸ਼ਨ ਕਰਵਾ ਰਿਹਾ ਸੀ। ਖੇਡਾਂ ਦੇ ਖ਼ਾਤਮੇ ਤੋਂ ਬਾਅਦ ਸਾਡਾ ਮਿੱਤਰ ਜੌਲੀ ਪ੍ਰਦਰਸ਼ਨੀ ਵਾਲੇ ਥਾਂ ਤੇ ਖਿੱਲਰੇ ਪਏ ਕੱਚ ਨੂੰ ਦੇਖ ਕੇ ਕਹਿੰਦਾ “ਵੀਰ ਜੀ ਆਹ ਕੀ ਆ?” ਬੱਸ ਮੇਰੇ ਮੂੰਹੋਂ ਇਹੀ ਨਿਕਲਿਆ “ਛੋਟੇ ਵੀਰ ਜਿਥੇ ਏਨੇ ਦਿਨ ਇਹਨਾਂ ਖੇਡਾਂ ਦੇ ਲੇਖੇ ਲਾ ਦਿੱਤੇ ਦੋ ਘੰਟੇ ਹੋਰ ਸਹੀ।“ ਬਸ ਫੇਰ ਕੀ ਸੀ, ਟੰਗ ਲਈਆਂ ਬਾਹਾਂ ਰਿਸ਼ੀ, ਜੌਲੀ, ਜਗਤਾਰ ਨਾਗਰੀ, ਤੇ ਵਿੱਚੇ ਸਾਡੇ ਆਏ ਮਹਿਮਾਨਾਂ ਯਾਨੀ ਹਰਮਨ ਰੇਡੀਓ ਵਾਲਿਆਂ ਨੇ, ਪਰ ਯਾਰੋ ਪਤਾ ਨਹੀਂ ਕਦੋਂ ਸਿੱਖਾਂਗੇ ਕਰਮ ਭੂਮੀ ਦੇ ਤੌਰ ਤਰੀਕੇ?
****

No comments: