ਪੱਤਰਕਾਰ ਸੰਘਰਸ਼ਾਂ ਨੂੰ ਕਿਉਂ ਮੀਡੀਆ ’ਚ ਥਾਂ ਨਹੀਂ ਮਿਲਦੀ?........... ਲੇਖ / ਸ਼ਾਮ ਸਿੰਘ ‘ਅੰਗ ਸੰਗ’


ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਦੂਜਿਆਂ ਦੀਆਂ ਖਬਰਾਂ ਲਾਉਣ ਅਤੇ ਚਮਕਾਉਣ ਵਾਲਿਆਂ ਦੀਆਂ ਆਪਣੀਆਂ ਖਬਰਾਂ ਕਿਤੇ ਨਹੀਂ ਲਗਦੀਆਂ, ਕਿਤੇ ਨਸ਼ਰ ਨਹੀਂ ਹੁੰਦੀਆਂ ਅਤੇ ਕਿਤੇ ਦਿਖਾਈਆਂ ਨਹੀਂ ਜਾਂਦੀਆਂ ਜਦੋਂ ਉਹ ਆਪਣੀਆਂ ਗਰਮਾਂ-ਗਰਮ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹੋਣ। ਕਈ ਵਾਰ ਤਾਂ ਇਹ ਸੰਕੋਚ ਹੁੰਦਾ ਹੈ ਕਿ ਪੱਤਰਕਾਰ ਆਪਣੀਆਂ ਹੀ ਤਸਵੀਰਾਂ ਤੇ ਖਬਰਾਂ ਕਿਉਂ ਲਾਉਣ ਜਾਂ ਲਗਵਾਉਣ। ਕਈ ਪੱਤਰਕਾਰ ਤਾਂ ਆਪਣੀ ਅਖਬਾਰ / ਅਖਬਾਰਾਂ ਛੱਡ ਕੇ ਦੂਜੀਆਂ ਵਿੱਚ ਵੀ ਨਹੀਂ ਛਪਣਾ ਚਾਹੁੰਦੇ।

ਜਿਨ੍ਹਾਂ ਖਬਰਾਂ ਦਾ ਸਬੰਧ ਸਰਕਾਰ ਨਾਲ ਹੋਵੇ ਉਨ੍ਹਾਂ ਨੂੰ ਛਾਪਣ ਤੋਂ ਪ੍ਰਬੰਧਕ ਨਹੀਂ ਰੋਕਦੇ ਪਰ ਜਿਨ੍ਹਾਂ ਦਾ ਸਬੰਧ ਪ੍ਰਬੰਧਕਾਂ ਨਾਲ ਹੀ ਹੋਵੇ ਉਨ੍ਹਾਂ ਨੂੰ ਅਖਬਾਰਾਂ ਦੇ ਸਫਿਆਂ ਦੇ ਸਫਿਆਂ ’ਚ ਕਿਧਰੇ ਨਹੀਂ ਛਾਪਿਆ ਜਾਂਦਾ। ਕਾਰਨ ਸਾਫ ਹੈ ਕਿ ਕੋਈ ਆਪਣੀ ਬਦਨਾਮੀ ਤੇ ਬਦਖੋਹੀ ਕਿਉਂ ਕਰਵਾਏ? ਪ੍ਰਬੰਧਕਾਂ ਲਈ ਅਜਿਹਾ ਸੋਚਣਾ ਸ਼ਾਇਦ ਠੀਕ ਅਤੇ ਤਰਕਸੰਗਤ ਹੋਵੇ ਪਰ ਇਹ ਪੱਤਰਕਾਰੀ ਦੇ ਨਜ਼ਰੀਏ ਤੋਂ ਉੱਕਾ ਹੀ ਠੀਕ ਨਹੀਂ। ਪੱਤਰਕਾਰੀ ਦਾ ਅਸੂਲ ਤਾਂ ਇਹ ਹੈ ਕਿ ਕਿ ਸਭ ਦੀ ਖਬਰ ਲਉ ਅਤੇ ਸਭ ਨੂੰ ਖਬਰ ਦਿਉ ਪਰ ਮਾੜੀ ਗੱਲ ਇਹ ਹੈ ਕਿ ਅਜਿਹਾ ਕਿਧਰੇ ਵੀ ਨਹੀਂ ਹੋ ਰਿਹਾ।


ਸ਼ਾਇਦ ਹੀ ਕੋਈ ਅਖਬਾਰੀ ਅਦਾਰਾ ਹੋਵੇ ਜਿੱਥੇ ਪ੍ਰਬੰਧਕਾਂ ਤੇ ਮੁਲਾਜ਼ਮਾਂ ਵਿਚਕਾਰ ਖਹਿਬਾਜ਼ੀ, ਤਕਰਾਰਬਾਜ਼ੀ ਅਤੇ ਸਿੱਧੀ ਟੱਕਰ ਨਾ ਹੋਈ ਹੋਵੇ। ਕਈ ਥਾਂ ਅਖਬਾਰਾਂ ਨੂੰ ਕੰਪਨੀਆਂ ਚਲਾ ਰਹੀਆਂ, ਕਈ ਥਾਈਂ ਟਰੱਸਟ ਤੇ ਕਈ ਥਾਈਂ ਇੱਕੋ ਇਕ ਮਾਲਕ ਅਤੇ ਕਈ ਥਾਈਂ ਅਸਿੱਧੇ ਤੌਰ ’ਤੇ ਵਪਾਰੀ। ਕੰਪਨੀਆਂ ਅਤੇ ਟਰੱਸਟਾਂ ਵਿਚ ਵੀ ਕਈ ਵਾਰ ਇਕ ਦੋ ਬੰਦੇ ਹੀ ਅੱਗੇ ਹੁੰਦੇ ਹਨ, ਬਹੁਤੇ ਨਹੀਂ। ਉਹ ਹੀ ਆਪਣੀ ਤਾਕਤ ਦਾ ਗੱਤਕਾ ਖੇਡੀ ਜਾਂਦੇ ਹਨ ਬਾਕੀ ਮੈਂਬਰਾਂ ਦੀ ਚੱਲਣ ਨਹੀਂ ਦਿੰਦੇ। ਅਜਿਹਾ ਹੋਣ ਨਾਲ ਉਹ ਸ਼ਕਤੀਆਂ ’ਤੇ ਕਬਜ਼ਾ ਕਰ ਲੈਂਦੇ ਹਨ ਅਤੇ ਤਾਨਾਸ਼ਾਹ ਜਹੇ ਫੁੰਕਾਰੇ ਮਾਰਨੋਂ ਨਹੀਂ ਹਟਦੇ।

ਕਈ ਅਖ਼ਬਾਰੀ ਅਦਾਰਿਆਂ ’ਚ ਹੜਤਾਲਾਂ ਹੋਈਆਂ, ਮੁਲਾਜ਼ਮਾਂ ਦੇ ਸੰਘਰਸ਼ ਚੱਲੇ ਪਰ ਉਨ੍ਹਾਂ ਦੀਆਂ ਖ਼ਬਰਾਂ ਨੂੰ ਅਖਬਾਰਾਂ ਦੇ ਸਫਿਆਂ ’ਤੇ ਤਾਂ ਕੀ ਬਾਹਰ ਦੀ ਹਵਾ ਨਹੀਂ ਲੱਗਣ ਦਿੱਤੀ। ਮਾਲਕਾਂ ਨੇ ਹੜਤਾਲ ਕਰਨ ਵਾਲੇ ਕਾਮਿਆਂ ’ਚੋਂ ਬਹੁਤਿਆਂ ਨੂੰ ਲਾਲਚਾਂ ਨਾਲ ਤੋੜ ਲਿਆ ਅਤੇ ਸੰਘਰਸ਼ ਅਸਫਲ ਬਣਾ ਦਿੱਤੇ, ਪਰ ਕਈ ਥਾਈਂ ਨਿਰਸਵਾਰਥ ਪੱਤਰਕਾਰਾਂ ਨੇ ਲਾਲਚਾਂ ਨੂੰ ਠੁੱਡ ਮਾਰੀ ਤੇ ਆਪਣੀ ਏਕਤਾ ਅਤੇ ਤਾਕਤ ਦਾ ਲੋਹਾ ਮੰਨਵਾ ਕੇ ਪ੍ਰਬੰਧਕਾਂ ਦੇ ਪੱਲੇ ਵੱਡੀ ਹਾਰ ਪਾ ਦਿੱਤੀ। ਅਜਿਹਾ ਹੋਣ ’ਤੇ ਵੀ ਪ੍ਰਬੰਧਕ ਆਪਣੀ ਹੈਂਕੜ ਛੱਡਣ ਲਈ ਤਿਆਰ ਨਹੀਂ ਹੁੰਦੇ। 

ਅਖਬਾਰਾਂ ਆਮ ਤੌਰ ’ਤੇ ਵੱਖ ਵੱਖ ਅਦਾਰਿਆਂ ਵਿਚ ਹੁੰਦੀਆਂ ਰੈਲੀਆਂ, ਧਰਨਿਆਂ ਦੀਆਂ ਖਬਰਾਂ ਵੀ ਲਾਉਂਦੀਆਂ ਹਨ ਅਤੇ ਤਸਵੀਰਾਂ ਵੀ। ਪੂਰੇ ਵੇਰਵੇ ਅਤੇ ਲੰਮੀਆਂ ਤਕਰੀਰਾਂ ਛਾਪਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਜਦੋਂ ਇਨ੍ਹਾਂ ਹੀ ਅਖ਼ਬਾਰਾਂ ਦੇ ਮੁਲਾਜ਼ਮਾਂ ਦਾ ਪੇਚਾ ਆਪਣੀ ਮੈਨੇਜਮੈਂਟ / ਪ੍ਰਬੰਧਕਾਂ / ਕੰਪਨੀ ਨਾਲ ਪੈ ਜਾਂਦਾ ਹੈ ਤਾਂ ਇਹ ਪੱਤਰਕਾਰੀ ਦੇ ਅਸੂਲਾਂ ਤੋਂ ਪਿੱਛੇ ਹਟਦੇ ਕੋਈ ਖ਼ਬਰ ਨਹੀਂ ਛਪਣ ਦਿੰਦੇ। ਕੀ ਉਨ੍ਹਾਂ ਦੇ ਇਸ ਕਦਮ ਨੂੰ ਸਹੀ ਮੰਨਿਆਂ ਜਾ ਸਕਦੈ? ਮੇਰਾ ਖਿਆਲ ਹੈ ਕਿ ਬਿਲਕੁੱਲ ਨਹੀਂ। ਉਨ੍ਹਾਂ ਨੂੰ ਆਪਣੇ ਮੁਲਾਜ਼ਮਾਂ ਦੀਆਂ ਮੰਗਾਂ / ਮਸਲੇ / ਦਰਦ ਦੀਆਂ ਖਬਰਾਂ ਛਾਪਣੀਆਂ ਚਾਹੀਦੀਆਂ ਹਨ ਅਤੇ ਉਸੇ ਖ਼ਬਰ ਦੇ ਬਰਾਬਰ ਆਪਣਾ ਪੱਖ ਛਾਪ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਨਜ਼ਰ ’ਚ ਪੱਤਰਕਾਰੀ ਦਾ ਵਕਾਰ ਬਣਿਆ ਰਹੇ।

ਜਿਹੜਾ ਮੀਡੀਆ ਆਪਣੇ ਮਾਲਕ / ਮਾਲਕਾਂ  ਦੀ ਤੰਗਦਿਲੀ ਵਿਚ ਘਿਰਿਆ ਹੋਇਆ ਹੈ ਉਹ ਪੱਤਰਕਾਰਾਂ ਦੇ ਸੰਘਰਸ਼ ਨੂੰ ਥਾਂ ਨਹੀਂ ਦੇਵੇਗਾ, ਜਿਹੜਾਂ ਤਾਨਾਸ਼ਾਹੀ ਦੇ ਆਲਮ ਵਿਚ ਘਿਰਿਆ ਹੋਇਆ ਹੈ ਉਹ ਅਜਿਹੇ ਸੰਘਰਸ਼ ਦੀ ਪ੍ਰਵਾਹ ਨਹੀਂ ਕਰੇਗਾ ਅਤੇ ਜਿਹੜਾ ਪੱਤਰਕਾਰੀ ਦੀਆਂ ਉੱਚ ਕਦਰਾਂ-ਕੀਮਤਾਂ ਵੱਲ ਪਿੱਠ ਕਰੀ ਬੈਠਾ ਹੈ ਉਹ ਆਪਣੀ ਹਉਮੇਂ ਤੋਂ ਹੇਠਾਂ ਉਤਰਨ ਲਈ ਤਿਆਰ ਨਹੀਂ ਹੋਵੇਗਾ। ਅਜਿਹੀ ਹਾਲਤ ਵਿੱਚ ਪੱਤਰਕਾਰੀ ਦਾ ਘਾਣ ਹੋਣ ਤੋਂ ਨਹੀਂ ਬਚ ਸਕੇਗਾ। ਪੱਤਰਕਾਰੀ ਦੇ ਆਲੰਬਦਾਰ ਹੀ ਪੱਤਰਕਾਰੀ ਦੇ ਦੁਸ਼ਮਣ ਹੋ ਨਿੱਬੜਨਗੇ ਜਿਸ ਕਾਰਨ ਜਾਗਰਤ ਸਮਾਜ ਬੜੇ ਅਰਾਮ ਨਾਲ ਪੱਤਰਕਾਰੀ ਦਾ ਨਿਘਾਰ ਹੁੰਦਾ ਦੇਖ ਸਕੇਗਾ।

ਉਨ੍ਹਾਂ ਅਦਾਰਿਆਂ ਤੋਂ ਜਰੂਰ ਆਸ ਕਰਨੀ ਬਣਦੀ ਹੈ ਜਿਹੜੇ ਅਜਾਦ ਫਿ਼ਜ਼ਾ ਵਿੱਚ ਨਿਤਰਨ ਦਾ ਹੌਸਲਾ ਵੀ ਰੱਖਦੇ ਹਨ ਅਤੇ ਨਿਰਪੱਖ ਭੁਮਿਕਾ ਅਦਾ ਕਰਨ ਦਾ ਵੀ। ਉਹ ਹੀ ਪੱਤਰਕਾਰੀ ਦੇ ਗਿਰ ਰਹੇ ਗਰਾਫ ਹੇਠ ਠੁੱਮਣਾਂ ਦੇ ਸਕਦੇ ਹਨ, ਬਾਕੀਆਂ ਨੂੰ ਤਾਂ ਗਰਾਫ ਦੇ ਗਿਰਨ ਦੀ ਪ੍ਰਵਾਹ ਹੀ ਨਹੀਂ ਹੁੰਦੀ। ਅਖਬਾਰੀ ਅਦਾਰਿਆਂ ਅੱਗੇ ਮਹੀਨਿਆਂ ਬੱਧੀ ਸ਼ਾਮਿਆਨੇ ਲੱਗੇ ਰਹਿਣ ਅਤੇ ਪ੍ਰਬੰਧਕ ਆਪਣੇ ਹੀ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਾ ਹੋਣ ਤਾਂ ਗੱਲ ਕਦੇ ਵੀ ਨਹੀਂ ਮੁੱਕਦੀ। ਚੈਨਲਾਂ / ਰੇਡੀਉ ਅਤੇ ਹੋਰ ਸੰਚਾਰ ਸਾਧਨਾਂ ਨੂੰ ਵੀ ਪੱਤਰਕਾਰਾਂ ਨਾਲ ਹੋ ਰਹੀਆਂ ਵਧੀਕੀਆਂ ਦਾ ਨੋਟਿਸ ਲੈਣਾਂ ਚਾਹੀਦਾ ਹੈ ਅਤੇ ਇਨ੍ਹਾਂ ਦੇ ਮਸਲਿਆਂ, ਮੁਸ਼ਕਲਾਂ ਤੋਂ ਦੂਰ ਰਹਿਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਜਗਤਾਰ ਸਾਲਮ ਦੀ ‘ਚੀਕ’

ਡਾ: ਜਗਤਾਰ ਗ਼ਜ਼ਲ ਖੇਤਰ ਦਾ ਉਸਤਾਦ ਨਾਂ ਹੈ ਜਿਸ ਨੇ ਖਿਆਲ ਦੀ ਉਡਾਰੀ ਪੱਖੋਂ ਵੀ ਕਮਾਲ ਕੀਤੀ ਹੈ ਅਤੇ ਸਿ਼ਲਪ ਪੱਖੋਂ ਵੀ। ਪਰ ਡਾਕ ਵਿੱਚ ਕਿਤਾਬ ਆਈ ‘ਚੀਕ’ ਜਿਸ ਦਾ ਲੇਖਕ ਹੈ ਜਗਤਾਰ ਸਾਲਮ। ਇਹ ਗ਼ਜ਼ਲ ਦਾ ਸਾਲਮ ਸ਼ਾਇਰ ਸਾਲਮ-ਸਬੂਤਾ ਪਹਿਲੀ ਨਜ਼ਰੇ ਹੀ ਪ੍ਰਵਾਨ ਚੜ੍ਹ ਗਿਆ। ਕਦੇ ਵੀ ਇਸ ਦੀ ਕੋਈ ਰਚਨਾ ਕਿਧਰੇ ਨਹੀਂ ਸੀ ਪੜ੍ਹੀ। ਕਿਤਾਬ ਦੀ ਪਿੱਠ ’ਤੇ ਛਪੇ ਸਿ਼ਅਰ ਹੀ ਉਸਦੀ ਗੂੜ੍ਹੀ ਪਛਾਣ ਵੀ ਦੱਸ ਦਿੰਦੇ ਹਨ ਅਤੇ ਉਸਦੀ ਸ਼ਾਇਰੀ ਦਾ ਸਿਰਨਾਵਾਂ ਵੀ।

63 ਪੰਨਿਆਂ ਦੀ ਇਸ ਕਿਤਾਬ ਵਿੱਚ 57 ਗ਼ਜ਼ਲਾਂ ਹਨ ਜਿਨ੍ਹਾਂ ਦੀ ਰੰਗ-ਬਰੰਗਤਾ ਅਤੇ ਵੰਨ-ਸੁਵੰਨਤਾ ਵਿਸਿ਼ਆਂ ਪੱਖੋਂ ਵੀ ਹੈ ਅਤੇ ਨਿਭਾਅ ਪੱਖੋਂ ਵੀ। ਗਜ਼ਲਾਂ ’ਚ ਗਹਿਰੇ ਖਿਆਲ ਹਨ, ਉੱਚੀਆਂ ਉਡਾਰੀਆਂ ਹਨ ਅਤੇ ਪਾਏਦਾਰ ਗੱਲਾਂ ਵੀ। ਸਾਦਗੀ ਅਤੇ ਸਰਲਤਾ ਨੂੰ ਵੀ ਸੰਭਾਲ ਕੇ ਤੁਰਦਾ ਹੈ ਕਿਰਨ ਨਹੀਂ ਦਿੰਦਾ ਅਤੇ ਅਰਥਾਂ ਨੂੰ ਵੀ ਗਿਰਨ ਨਹੀਂ ਦਿੰਦਾ। ਮੈਂ ਆਪਣੇ ਨੁਕਤਿਆਂ ਦੀਆਂ ਮੋਹਰਾਂ ਲਾਉਣ ਦੀ ਥਾਂ ਉਸਦੇ ਕੁੱਝ ਸਿ਼ਅਰ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾਂ :

ਉਸਦੇ ਮਨ ’ਤੇ ਕੀ ਪਤਾ ਕੀ ਬੀਤਦਾ ਹੈ
ਬਹੁਤ ਡਰ ਲਗਦੈ ਜਦੋਂ ਉਹ ਚੀਕਦਾ ਹੈ।
              ----
ਉਸ  ਨੂੰ  ਭੋਰਾ ਸਮਝ  ਨਹੀਂ  ਬਾਜ਼ਾਰਾਂ  ਦੀ
ਡਰ ਲਗਦਾ ਹੈ ਵਿਕ ਨਾ ਜਾਵੇ ਸ਼ਹਿਰ ਗਿਆ।
               ----
ਸ਼ਹਿਰ ਦੇ ਰਖਵਾਲਿਆਂ ਨੂੰ ਦੇਖ ਜੰਗਲ ਹੱਸ ਰਿਹਾ
ਫੜ  ਲਿਆ ਹੈ  ਹੋਰ ਕੋਈ  ਚੋਰ  ਕੋਈ  ਹੋਰ  ਹੈ।
                ----
ਲੋਕ ਤਮਾਸ਼ਾ  ਦੇਖ ਰਹੇ ਨੇ  ਇਕ ਸ਼ਾਇਰ
ਵਗਦੀ ਹਵਾ ਨੂੰ ਦੇਖਣ ਲਈ ਖਲੋਇਆ ਹੈ।

ਅਜਿਹੇ ਬਹੁਤ ਸਾਰੇ ਸਿ਼ਅਰ ਹੋਰ ਲਿਖੇ ਜਾ ਸਕਦੇ ਹਨ ਪਰ ਪਾਠਕ ਦਾ ਕਿਤਾਬ ਪੜ੍ਹੇ ਬਗੈਰ ਨਹੀਂ ਸਰਨਾ। ਲੋਕ ਗੀਤ ਪ੍ਰਕਾਸ਼ਨ ਦੀ ਛਾਪੀ ਇਹ ਕਿਤਾਬ 130 ਰੁਪਏ ਦੀ ਮਿਲੇਗੀ। ਜਗਤਾਰ ਨੇ ਆਪਣੀ ਸ਼ਾਇਰੀ ’ਤੇ ਇਤਬਾਰ ਕਰਦਿਆਂ ਨਾ ਭੁਮਿਕਾ ਲਿਖੀ ਨਾ ਲਿਖਾਈ। ਵੱਖ ਵੱਖ ਲੇਖਕਾਂ ਤੋਂ ਲਿਖਵਾ ਕੇ ਸਰਟੀਫਿਕੇਟ ਵੀ ਨਹੀਂ ਛਾਪੇ। ਇਹ ਚੰਗੀ ਗੱਲ ਹੈ ਕਵੀ ਅਤੇ ਪਾਠਕ ਆਪਸ ਵਿੱਚ ਹੀ ਮਿਲਣ ਤਾਂ ਫੇਰ ਕਿਸੇ ਦੀ ਲੋੜ ਹੀ ਨਹੀਂ ਰਹਿ ਗਈ।

****

No comments: