ਲਿਖਣਾ ਇੰਨਾਂ ਸੌਖਾ ਤਾਂ ਨਹੀਂ.......... ਲੇਖ / ਕੇਹਰ ਸ਼ਰੀਫ਼


ਲਿਖਣਾ ਬਹੁਤ ਹੀ ਔਖੀ ਸਾਧਨਾ ਹੈ। ਇਸਨੂੰ ਜਿਹੜੇ ਲੋਕ ਆਮ ਜਾਂ ਕਹੀਏ ਸਾਧਾਰਨ ਜਹੇ ਸਮਾਜਿਕ ਵਰਤਾਰਿਆਂ ਵਰਗਾ ਸਮਝਦੇ ਹਨ, ਉਹ ਬਹੁਤ ਵੱਡੀ ਭੁੱਲ ਕਰਦੇ ਹਨ। ਲਿਖਣ ਸਾਧਨਾ ਲੰਬੀ ਤਪੱਸਿਆ ਵਰਗੀ ਹੈ। ਬਹੁਤ ਲੰਬੇ ਅਭਿਆਸ ਤੋਂ ਬਆਦ ਹੀ ਲਿਖਣ ਕ੍ਰਿਆ ਵਿਚ ਪ੍ਰਪੱਕਤਾ ਆਉਂਦੀ ਹੈ। ਇਹ ਜਿ਼ੰਦਗੀ ਜੀਊਂਦਿਆਂ, ਨਿੱਤ-ਦਿਹਾੜੀ ਦੇ ਤਜ਼ਰਬੇ ਵਿਚੋਂ ਲੰਘਦਿਆਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗਿਆਨ ਵਧਾਉਣ ਵਾਲੀਆਂ ਦਵਾਈਆਂ ਜਾਂ ਟੀਕੇ ਤਾਂ ਕਿਧਰਿਉਂ ਮਿਲਦੇ ਨਹੀਂ ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਜਿ਼ੰਦਗੀ ਦਾ ਅਨੁਭਵ ਹੰਢਾਉਦਿਆਂ ਨਾਲ ਹੀ ਬਹੁਤ ਕੁੱਝ ਪੜ੍ਹਨ ਦੀ ਲੋੜ ਪੈਂਦੀ ਹੈ। ਜਿਸ ਘੜੇ ਵਿਚ ਪਾਣੀ ਹੋਵੇਗਾ ਤਦ ਹੀ ਉਸ ਵਿਚੋਂ ਕੁੱਝ ਕੱਢਿਆ ਜਾ ਸਕਦਾ ਹੈ, ਖਾਲੀ ਘੜੇ ਨੂੰ ਲੱਖ ਵਾਰ ਵਿੰਗਾ, ਟੇਢ੍ਹਾ ਕਰੀਏ ਵਿਚੋਂ ਕੁੱਝ ਨਿਕਲ ਹੀ ਨਹੀਂ ਸਕਦਾ। 

          ਲਿਖਣ ਵਾਸਤੇ ਵੱਖੋ ਵੱਖ ਵਿਧਾਵਾਂ ਹਨ। ਹਰ ਕੋਈ ਆਪਣੀ ਸੂਝ-ਸਮਝ, ਸੁਭਾਅ ਜਾਂ ਪਸੰਦ ਦੇ ਅਨੁਸਾਰ ਹੀ ਲਿਖਦਾ ਹੈ। ਪਰ ਕਿਸੇ ਵੀ ਲਿਖਤ ਵਿਚੋਂ ਅਹਿਸਾਸ ਦੀ ਸਿ਼ੱਦਤ ਮਨਫੀ ਨਹੀਂ ਕੀਤੀ ਜਾ ਸਕਦੀ। ਇਸਦੀ ਜੇ ਵਿਗਿਆਨਕ ਅਧਾਰ ’ਤੇ ਵਿਆਖਿਆ ਕਰਨੀ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਕੋਈ ਡਾਕਟਰੀ ਦੀ ਪੜ੍ਹਾਈ ਕਰਦਾ ਹੈ ਤਾਂ ਪੜ੍ਹਾਈ ਪੂਰੀ ਹੋਣ ’ਤੇ ਉਹ  ਡਾਕਟਰ ਬਣ ਜਾਂਦਾ ਹੈ ਫੇਰ ਵਾਰੀ ਆਉਂਦੀ ਹੈ ਕਿ ਉਹ ਕਿਹੜੇ ਖੇਤਰ ਦਾ ਮਾਹਿਰ ਬਣਨਾ ਚਾਹੁੰਦਾ ਹੈ। ਅਗਲੀ ਪੜ੍ਹਾਈ ਉਸ ਖੇਤਰ ਦੀ ਮੁਹਾਰਤ ਪੈਦਾ ਕਰਨ ਵਾਸਤੇ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਹੈ ਸਾਹਿਤ ਦੀ ਸਾਧਨਾ। ਪਹਿਲਾਂ ਸਾਹਿਤ ਦੀ ਸਮਝ ਪੈਦਾ ਹੋਵੇ ਫੇਰ ਖੇਤਰ ਜਾਂ ਵਿਧਾ ਚੁਣੀ ਜਾਵੇ ਲੇਖ, ਕਹਾਣੀ, ਨਾਵਲ, ਨਾਟਕ, ਕਵਿਤਾ, ਗੀਤ ਜਾਂ ਗ਼ਜ਼ਲ ਆਦਿ ਕੀ ਲਿਖਣਾ ਹੈ? ਉਸ ਵਿਧਾ ਬਾਰੇ ਜਾਣਿਆਂ ਜਾਵੇ, ਉਸ ਦੀ ਭਾਸ਼ਾ ਤੇ ਉਸਦੇ ਸੁਭਾਅ ਬਾਰੇ। ਇੱਥੇ ਸਿਰਫ ਇਹ ਹੀ ਕਿਹਾ ਜਾ ਸਕਦਾ ਹੈ ਕਿ ਆਮ ਬੰਦਾ ਲਿਖਣ ਦਾ ਆਗਾਜ਼ ਕਵਿਤਾ ਤੋਂ ਸ਼ੁਰੂ ਕਰਦਾ ਹੈ। ਫੇਰ ਇਹ ਵੀ ਉਸ ਵਾਸਤੇ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਵਿਤਾ ਹੈ ਕੀ? ਸ਼ਬਦਾਂ ਦਾ ਜੋੜ ਜਾਂ ਕੁੱਝ ਹੋਰ ਵੀ? 
          ਗੀਤ ਲਿਖਣ ਵਾਲੇ ਆਮ ਕਰਕੇ ਸ਼ਬਦਾਂ ਨੂੰ ਸਾਧਾਰਨਤਾ ਦੀ ਪੱਧਰ ਤੇ ਲਿਆ ਕੇ ਉਸ ਦੀ ਲੈਅ ਨਾਲ, ਰਿਦਮ ਨਾਲ ਮਾੜਾ ਵਿਹਾਰ ਕਰਦੇ ਹਨ। ਗੀਤ ਵਿਚਲੇ ਵਿਚਾਰ  ਦੇ ਅਰਥਾਂ ਨੂੰ ਅਨਰਥਾਂ ਵਿਚ ਬਦਲ ਦਿੰਦੇ ਹਨ, ਇਹ ਨਹੀਂ ਹੋਣਾ ਚਾਹੀਦਾ। ਕਿਉਂਕਿ ਗੀਤ ਦਾ ਸੰਗੀਤ ਨਾਲ ਸਬੰਧ ਹੈ ਇਸ ਕਰਕੇ ਗੀਤ ਲਿਖਣ ਵਾਲਿਆਂ ਨੂੰ ਸੰਗੀਤਕ ਸੂਝ-ਸਮਝ ਤੋਂ ਵਾਕਿਫ ਹੋਣਾ ਚਾਹੀਦਾ ਹੈ। ਅੱਜ ਦੇ ਗੀਤਕਾਰਾਂ ਲਈ ਸਮਾਜ ਦੇ ਹਰ ਪੱਖ ਦੀ ਸਮਝ/ਸੋਝੀ ਹੋਣੀ ਚਾਹੀਦੀ ਹੈ। ਕਿਉਂਕਿ ਲੱਚਰ ਗਾਇਕੀ ਨੇ ਸਾਡੇ ਸਮਾਜ ਨੂੰ ਬੀਮਾਰ ਸੋਚ ਦੇ ਲੜ ਲਾਉਣ ਦਾ ਰਾਹ ਫੜਿਆ ਹੋਇਆ ਹੈ, ਇਸ ਨੂੰ ਤੱਜਦਿਆਂ ਸਿਹਤਮੰਦ ਕਦਰਾਂ-ਕੀਮਤਾਂ ਵਾਲੀ ਗੀਤਕਾਰੀ ਹੋਣੀ ਚਾਹੀਦੀ ਹੈ, ਜੋ ਲੋਕਾਂ ਦੇ ਸੁਹਜ-ਸਵਾਦ ਦੀ ਪੂਰਤੀ ਵੀ ਕਰਦੀ ਹੋਵੇ ਤੇ ਲੋਕਾਂ ਨੂੰ ਕਿਸੇ ਚੰਗੇ ਵਿਚਾਰ ਦੇ ਲੜ ਵੀ ਲਾਉਂਦੀ ਹੋਵੇ। ਗੀਤ ਨਾਲ ਖੁੱਲ੍ਹੀ ਕਵਿਤਾ ਵਰਗਾ ਵਿਹਾਰ ਵੀ ਨਹੀ ਕਰਨਾ ਚਾਹੀਦਾ। ਇਹ ਸਾਹਿਤ ਨਾਲ ਧੱਕਾ ਕਰਨ ਦੇ ਬਰਾਬਰ ਹੀ ਹੈ। ਰਾਹੋਂ ਕੁਰਾਹੇ ਪੈਣ ਵਾਲੀ ਗੱਲ ਵੀ।
          ਕਵਿਤਾ ਲਿਖਣ ਦੇ ਕਿਸੇ ਵੀ ਅਭਿਆਸੀ ਵਾਸਤੇ ਕੁੱਝ ਸਤਰਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਜੋ ਪੰਜਾਬੀ ਦੇ ਬਹੁਤ ਹੀ ਸੂਝਵਾਨ ਲੇਖਕ ਸੁਖਬੀਰ ਦੀਆਂ ਲਿਖੀਆਂ ਹੋਈਆਂ ਹਨ। ਸੁਖਬੀਰ ਲਿਖਦਾ ਹੈ, “ਖੁਲ੍ਹੀ ਕਵਿਤਾ ਲਿਖਣ ਲਈ ਪਹਿਲਾਂ ਛੰਦ ਬੱਧ ਕਵਿਤਾ ਦੀ ਸਮਝ ਹੋਣੀ ਚਾਹੀਦੀ ਹੈ, ਵੱਖ ਵੱਖ ਛੰਦਾਂ ਵਿਚ ਲਿਖਣ ਦਾ ਭਰਵਾਂ ਅਭਿਆਸ ਹੋਣਾ ਚਾਹੀਦਾ ਹੈ। ਜਿਹੜਾ ਕਵੀ ਛੰਦ ਬੱਧ ਕਵਿਤਾ ਨਹੀਂ ਲਿਖ ਸਕਦਾ, ਉਸ ਲਈ ਖੁੱਲ੍ਹੀ ਕਵਿਤਾ ਲਿਖਣੀ ਅਸੰਭਵ ਹੈ। ਜਿਸ ਨੂੰ ਵੱਖ ਵੱਖ ਲੈਆਂ ਵਿਚ ਲਿਖਣਾ ਨਹੀਂ ਆਉਂਦਾ ਉਹ ਖੁੱਲ੍ਹੀ ਕਵਿਤਾ ਵਿਚ ਲੈਅ ਕਿਵੇਂ ਵਰਤ ਸਕੇਗਾ? ਲੈਅ ਤੋਂ ਬਿਨਾਂ ਖੁੱਲ੍ਹੀ ਕਵਿਤਾ ਨਿਰੀ ਵਾਰਤਕ ਹੈ। ਵਾਰਤਕ ਦੀਆਂ ਸਤਰਾਂ ਵੱਡੀਆਂ ਛੋਟੀਆਂ ਕਰਕੇ ਇਕ ਦੂਜੇ ਦੇ ਥੱਲੇ ਲਿਖਣ ਨਾਲ ਖੁੱਲ੍ਹੀ ਕਵਿਤਾ ਨਹੀਂ ਬਣ ਜਾਂਦੀ............. ਲੈਅ ਤੋਂ ਛੁੱਟ ਖੁੱਲ੍ਹੀ ਕਵਿਤਾ ਦੀ ਆਪਣੀ ਤਕਨੀਕ  ਹੈ ਕਿ ਕਿੱਥੇ ਸਤਰ ਛੋਟੀ ਰੱਖਣੀ ਹੈ ਕਿੱਥੇ ਲੰਬੀ ਕਰਨੀ ਹੈ, ਕਿੱਥੇ ਉਨ੍ਹਾਂ ਤੋਂ ਜਾਣ ਬੁੱਝ ਕੇ ਬਚਣਾ ਹੈ। ਕਵਿਤਾ ਦੇ ਛੋਟੇ ਛੋਟੇ ਬੰਦ ਕਿਉਂ ਤੇ ਕਿਵੇਂ ਬਣਾਉਣੇ ਹਨ ....... ਜਿਸ ਕਵੀ ਨੂੰ ਖੁੱਲ੍ਹੀ ਕਵਿਤਾ ਦੀ ਤਕਨੀਕ ਦਾ ਹੀ ਪਤਾ ਨਹੀਂ, ਉਹ ਉਸ ਵਿਚ ਕਲਾ ਕਿਵੇਂ ਪੈਦਾ ਕਰ ਸਕੇਗਾ, ਉਸ ਨੂੰ ਕਲਾ ਕ੍ਰਿਤ ਦਾ ਰੂਪ ਕਿਵੇਂ ਦੇ ਸਕੇਗਾ?”
          ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਜੋ ਕਵਿਤਾ ਨੂੰ ਹਰ ਪੱਖੋਂ ਜਾਨਣ ਵਾਲੇ ਕਰਦੇ ਹਨ। ਜਿਵੇਂ ਚਾਰਲਜ਼ ਹਾਰਟਮੈਨ ਕਹਿੰਦਾ ਹੈ ਕਿ “ਖੁੱਲ੍ਹੀ ਕਵਿਤਾ ਦਾ ਛੰਦ ਵਿਧਾਨ ਸੰਖਿਆਵਾਦੀ (ਮਾਤਰਾਂ/ ਅੱਖਰਾਂ ਦੀ ਗਿਣਤੀ) ਦੇ ਬਜਾਏ ਉਸ ਦੇ ਤੋਲ ਪ੍ਰਬੰਧ ਵਿਚੋਂ ਉਭਾਰਿਆ ਜਾਂਦਾ ਹੈ।” ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਖਾਂਦਰੂ ਲੋਕ ਕੀ ਕਰਨ ? ਜਵਾਬ ਬਹੁਤ ਹੀ ਸਿੱਧਾ ਤੇ ਸਾਦਾ ਹੈ ਕਿ ਜਿਸ ਵਿਧਾ ਵਿਚ ਲਿਖਣਾ ਹੈ ਉਸ ਬਾਰੇ ਗਿਆਨ ਪ੍ਰਾਪਤ ਕਰਨ। ਉਸ ਖੇਤਰ ਦੇ ਸਿਆਣਿਆਂ ਤੋਂ ਸਲਾਹ ਲਈ ਜਾਵੇ। ਹੁੰਦੀ ਆਲੋਚਨਾ ਨੂੰ ਖਿੜੇ ਮੱਥੇ ਸਵੀਕਾਰਨ ਅਤੇ ਉਸਤੋਂ ਸਿੱਖਣ ਦਾ ਜਤਨ ਕਰਨ। ਹੋਈਆਂ ਜਾਂ ਆਪੇ ਕਹਿ ਕੇ ਕਰਵਾਈਆਂ ਸਿਫਤਾਂ ਨਾਲ ਹੀ ਲੋਕਾਂ ਨੂੰ ਮੂਰਖ ਬਣਾਉਣ ਦਾ ਕਾਰਜ ਨਾ ਕਰਨ। ਆਪਣੀ ਆਪੇ ਜਾਂ ਮਿੱਤਰਾਂ-ਦੋਸਤਾਂ ਨੂੰ ਕਹਿ ਕੇ ਵਡਿਆਈ ਕਰਨ, ਕਰਵਾਉਣ ਵਾਲਾ ਬੰਦਾ ਜਿ਼ਹਨੀ ਮਰੀਜ਼ ਹੁੰਦਾ ਹੈ। ਜਿ਼ਹਨੀ ਮਰੀਜ਼ ਬਣਨੋਂ ਬਚਿਆ ਜਾਵੇ। ਇਸਦੀ ਥਾਵ੍ਹੇਂ ਗਿਆਨ ਪ੍ਰਪਤੀ ਦੇ ਰਾਹੇ ਪਿਆ ਜਾਵੇ। ਕਲਾਸਿਕ ਰਚਨਾਵਾਂ ਦਾ ਅਧਿਅਨ ਅਤੇ ਵਰਤਮਾਨ ਵਿਚ ਰਚੇ ਜਾ ਰਹੇ ਸਾਹਿਤ ਨਾਲ ਵਾਸਤਾ ਰੱਖਿਆ ਜਾਵੇ।
          ਗੱਲ ਬੜੀ ਹੀ ਸਿੱਧੀ ਜਹੀ ਹੈ ਇਸ ਨੂੰ ਸਮਝਣ ਵਾਸਤੇ ਮਨੁੱਖ ਸਭ ਤੋਂ ਪਹਿਲਾਂ ਆਪਣੇ ਆਪ ਪ੍ਰਤੀ ਅਤੇ ਕੀਤੀ ਜਾ ਰਹੀ ਰਚਨਾ ਬਾਰੇ ਜ਼ੁੰਮੇਵਾਰੀ ਵਾਲਾ ਵਿਹਾਰ ਅਪਣਾਵੇ। ਗੀਤ ਲਿਖਣ ਵਾਲੇ ਨੂੰ ਗੀਤ ਦੇ ਮੁੱਖੜੇ ਤੇ ਅੰਤਰੇ ਵਿਚਲੇ ਫਰਕ ਦਾ ਪਤਾ ਹੋੇਵੇ, ਇਸੇ ਤਰ੍ਹਾਂ ਗਜ਼ਲ ਦੇ ਲਿਖਾਰੀ ਨੂੰ ਗਜ਼ਲ ਦੇ ਵਿਧੀ-ਵਿਧਾਨ ਪਿੰਗਲ ਤੇ ਅਰੂਜ਼ ਦਾ ਗਿਆਨ ਹੋਵੇ ਆਦਿ। ਬਾਕੀ ਦੀਆਂ ਵਿਧਾਵਾਂ ਬਾਰੇ ਵੀ ਇਵੇਂ ਹੀ ਕਿਹਾ ਜਾ ਸਕਦਾ ਹੈ। ਜਿਹੜਾ ਇਹ ਨਹੀਂ ਜਾਣਨਾਂ ਜਾਂ ਸਿੱਖਣਾ ਚਾਹੁੰਦਾ ਉਹਨੂੰ ਸਾਹਿਤ ਦੀ ਕਿਸੇ ਵੀ ਵਿਧਾ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਹਰ ਵਿਧਾ ਦੇ ਲਿਖਣ ਲਈ ਭਾਸ਼ਾ ਦਾ ਪ੍ਰਯੋਗ ਵੱਖਰਾ ਹੁੰਦਾ ਹੈ। ਸੰਬੋਧਨੀ ਵਿਹਾਰ ਵਿਚ ਵੀ ਫਰਕ ਹੁੰਦਾ ਹੈ।
          ਕਈ ਲੇਖਕ ਨਿਰਪੱਖ ਹੋਣ ਦਾ ਬੜਾ ਢਕੌਂਜ ਕਰਦੇ ਹਨ, ਦੂਜਿਆਂ ਨੂੰ ਮਿਹਣੇ ਵਜੋਂ ਆਖਣਗੇ ਕਿ ਫਲਾਣਾ , ਫਲਾਣੀ ਵਿਚਾਰਧਾਰਾ ਦੇ ਅਧੀਨ ਹੋ ਕੇ ਲਿਖਦਾ ਹੈ। ਚੇਤੇ ਰੱਖਣ ਵਾਲੀ ਗੱਲ ਹੈ ਕਿ ਕੋਈ ਵੀ ਅਜਿਹਾ ਨਹੀਂ ਹੋ ਸਕਦਾ ਜੋ ਕਿਸੇ ਵਿਚਾਰਧਾਰਾ ਤੋਂ ਬਗੈਰ ਲਿਖਦਾ ਹੋਵੇ। ਲਿਖਣ ਵਾਲੇ ਦੀ ਵਿਚਾਰਧਾਰਾ ਰਚਨਾ ਦਾ ਅੰਗ ਬਣੇ, ਕਲਾਤਮਿਕ ਉਚਾਈਆਂ ਨੂੰ ਛੁਹਣ ਦਾ ਜਤਨ, ਅਭਿਆਸ ਤੇ ਮਿਹਨਤ ਕਰੇ। ਪਰ ਬਹੁਤਿਆਂ ਕੋਲ ਇਸਦਾ ਰਾਹ ਨਹੀਂ, ਗੁਰ ਨਹੀਂ, ਕਲਾ ਨਹੀਂ। ਇਸ ਬਾਰੇ ਛੋਟੀ ਜਹੀ ਮਿਸਾਲ ਹੈ ਕਿ ਅਸੀਂ ਸਾਰੇ ਹੀ ਰੋਟੀ ਖਾਂਦੇ ਹਾਂ। ਆਟੇ ਨੂੰ ਪਾਣੀ ਨਾਲ ਗੁੰਨ੍ਹਿਆਂ ਜਾਂਦਾ ਹੈ, ਪਰ ਜਦੋਂ ਅਸੀਂ ਆਟੇ ਤੇ ਪਾਣੀ ਨਾਲ ਬਣੀ ਰੋਟੀ ਖਾਂਦੇ ਹਾਂ ਤਾਂ ਕਦੇ ਵੀ ਕਿਸੇ ਨੇ ਰੋਟੀ ਵਿੱਚੋਂ ਪਾਣੀ ਚੋਂਦਾ ਨਹੀਂ ਦੇਖਿਆ ਹੋਣਾ। ਬਸ! ਇਹ ਹੀ ਹੈ ਉਹ ਨੁਸਖਾ ਕਿ ਜਿਵੇਂ ਰੋਟੀ ਵਿੱਚ ਪਾਣੀ ਨਜ਼ਰ ਨਹੀਂ ਆਉਂਦਾ ਇੰਜ ਹੀ ਰਚਨਾ ਵਿਚਲੇ ਵਿਚਾਰਾਂ ਵਿੱਚ ਵਿਚਾਰਧਾਰਾ ਹੋਵੇ ਪਰ ਰਚਨਾ ਦੇ ਬਾਹਰ ਨਾ ਲਟਕਦੀ ਹੋਵੇ ਤਾਂ ਹੀ ਉਹ ਕਲਾ ਭਰਪੂਰ ਰਚਨਾ ਬਣ ਸਕਦੀ ਹੈ। ਇਸ ਰਾਹੇ ਤੁਰਦਿਆਂ ਹੀ ਕੋਈ ਕਲਾਸਿਕ ਰਚਨਾ ਰਚਣ ਤੱਕ ਦਾ ਸਫਰ ਤੈਅ ਕਰ ਸਕਦਾ ਹੈ।  ਨਹੀਂ ਤਾਂ ਕਲਾ ਦੇ ਨਾਂ ਤੇ ਬੱਕਰੇ ਬੁਲਾਉਣ ਵਾਲੀ ਗੱਲ ਹੋ ਕੇ ਰਹਿ ਜਾਵੇਗੀ। ਜਿਸ ਰਾਹੀਂ ਸਾਹਿਤ ਅੰਦਰ ਕੋਝ੍ਹ ਤਾਂ ਪੈਦਾ ਕੀਤਾ ਜਾ ਸਕਦਾ ਹੈ ਪਰ ਸੁਹਜ ਪੈਦਾ ਨਹੀਂ ਕੀਤਾ ਜਾ ਸਕਦਾ, ਜੋ ਸਾਹਿਤ ਦਾ ਵੀ ਮੀਰੀ ਗੁਣ ਹੈ।
          ਹਰ ਪਾਸੇ ਹੀ ਅਸੂ਼ਲ ਹਨ ਜਦੋਂ ਕੋਈ ਕੱਪੜੇ ਦੀ ਮਿਣਤੀ ਕਰਦਾ ਹੈ ਤਾਂ ਗਜ਼ ਜਾਂ ਮੀਟਰ ਦੀ ਵਰਤੋਂ ਕਰਦਾ ਹੈ,  ਪਰ ਜ਼ਮੀਨ ਦੀ ਮਿਣਤੀ ਵਾਸਤੇ ਜਰੀਬ ਦੀ ਵਰਤੋਂ ਕੀਤੀ ਜਾਂਦੀ ਹੈ, ਆਲੂ-ਗੰਢੇ ਤੋਲਣ ਵਾਸਤੇ ਕਿਲੋਗਰਾਮ ਵਾਲੇ ਵੱਟੇ ਵਰਤੇ ਜਾਂਦੇ ਹਨ। ਨਾ ਤਾਂ ਕੱਪੜਾ ਮਿਣਨ ਵਾਸਤੇ ਵੱਟੇ ਵਰਤੇ ਜਾ ਸਕਦੇ ਹਨ  ਅਤੇ ਨਾ ਹੀ ਆਲੂ-ਗੰਢਿਆਂ ਦਾ ਭਾਰ ਮੀਟਰ ਨਾਲ ਮਿਣਿਆ ਜਾ ਸਕਦਾ ਹੈ। ਜਿਸ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਉਹ ਠੀਕ ਲੀਹ ਫੜ ਸਕਦਾ ਹੈ। ਇਹ ਅਸੂਲ ਸਾਹਿਤ ਵਿਚ ਵੀ ਚੱਲਦੇ ਹਨ। ਇਨ੍ਹਾਂ ਨੂੰ ਸਮਝਣ ਦੀ ਲੋੜ ਹੈ। ਚੰਗਾ ਹੋਵੇ ਜੇ ਇਸ ਗੱਲ ਨੂੰ ਪੱਲੇ ਬੰਨ੍ਹ ਲਿਆ ਜਾਵੇ ਕਿ ਲਿਖਤ ਨੂੰ ਕਲਾਤਮਿਕਤਾ ਤੋਂ ਰਹਿਤ ਤੇ ਰਸ ਵਿਹੂਣੀ ਨਾ ਕੀਤਾ ਜਾਵੇ ਉਸ ਦੇ ਮਿਆਰ ਦਾ ਖਿਆਲ ਰੱਖਿਆ ਜਾਵੇ, ਉਸ ਦੇ ਮਿਆਰ ਵਿਚ ਨਵੇਂ ਵਾਧੇ ਕੀਤੇ ਜਾਣ।ਛਪਣ ਤੋਂ ਪਹਿਲਾਂ ਰਚਨਾਵਾਂ ਵਿਚਲੇ ਸ਼ਬਦਜੋੜ, ਵਾਕ ਬਣਤਰ ਆਦਿ ਨੂੰ ਸੋਧ ਕੇ ਕਿਧਰੇ ਵੀ ਭੇਜਿਆ ਜਾਵੇ। ਇਕ, ਦੋ ਜਾਂ ਚਾਰ ਵਾਰ ਸੋਧ ਕੇ ਗਲਤੀਆਂ ਦੂਰ ਕਰ ਲਈਆਂ ਜਾਣ, ਇਹ  ਕਿਸੇ ਹੋਰ ਦੀ ਹੀ ਨਹੀਂ ਸਗੋਂ ਆਪਣੀ ਸੁਧਾਈ ਦਾ ਰਾਹ ਹੈ। ਕੁੱਝ ਨਵਾਂ ਸਿੱਖਣ ਦਾ ਵੀ। 
          ਤੇਜੀ ਨਾਲ ਹੋਏ ਤਕਨੀਕੀ ਵਿਕਾਸ ਨੇ ਲੋਕਾਂ ਅੱਗੇ ਅਚੰਭੇ ਵਰਗਾ ਕੁੱਝ ਪ੍ਰਗਟ ਕਰ ਦਿੱਤਾ ਹੈ, ਜਿਸ ਦੀ ਚਕਾਚੌਂਧ ਨਾਲ ਲੋਕ ਚੁੰਧਿਆਏ ਗਏ ਹਨ। ਇਸ ਕਰਕੇ ਚੁਫੇਰੇ ਚਾਨਣ ਤਾਂ ਨਜ਼ਰ ਆਇਆ ਇਸ ਦੇ ਪਿਛੋਕੜ ਵਾਲੇ ਵਰਤਾਰੇ ਦੇਖਣ ਵੇਲੇ ਅਸੀਂ ਅੱਖਾਂ ਮੀਟ ਲਈਆਂ। ਜੇ ਅੱਖਾਂ ਖੁੱਲ੍ਹੀਆਂ ਰੱਖ ਕੇ ਤੁਰਿਆ ਜਾਵੇ ਤਾਂ ਸਮੁੱਚੇ ਵਰਤਾਰੇ ਦੀ ਸਮਝ ਪੈ ਸਕਦੀ ਹੈ। ਤੁਰੇ ਜਾਂਦੇ ਵਕਤ ਵਿੱਚੋਂ ਬਹੁਤ ਕੁੱਝ ਕੰਮ ਦਾ ਫੜਿਆ ਜਾ ਸਕਦਾ ਹੈ।
          ਸੂਚਨਾ ਤਕਨੀਕੀ ਯੁੱਗ ਨੇ ਇਸ ਨੂੰ ਸੰਸਾਰ ਨੂੰ ਬਹੁਤ ਛੋਟਾ ਕਰ ਦਿੱਤਾ ਹੈ। ਅੱਜ ਦੇ ਯੁੱਗ ਦਾ ਮੁੱਖ ਸੰਚਾਰ ਸਾਧਨ ਕੰਪਿਊਟਰ ਹੈ। ਇਸ ਨਾਲ ਰੌਸ਼ਨੀ ਤੇ ਆਵਾਜ਼ ਜਿੰਨੀ ਤੇਜੀ ਨਾਲ ਦੁਨੀਆਂ ਵਿਚ ਪਹੁੰਚਿਆ ਜਾ ਸਕਦਾ ਹੈ। ਇਸ ਸਾਧਨ ਦੇ ਆਸਰੇ ਕੱਝ ਸ਼ਬਦ ਵੀ ਲਿਖੋ ਇੰਟਰਨੈਟ ਰਾਹੀਂ ਕੁੱਲ ਦੁਨੀਆਂ ਤੱਕ ਪਹੁੰਚ ਜਾਂਦੇ ਹਨ। ਇੰਟਰਨੈੱਟ ਵਿਚ ਬਹੁਤ ਸਾਰੀ ਜਾਣਕਾਰੀ ਪਈ ਹੈ। ਉਸ ਜਾਣਕਾਰੀ ਨੂੰ ਵਰਤਦਿਆਂ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਜਦੋਂ ਕੁੱਝ ਵੀ ਕਿਸੇ ਪਾਸਿਉਂ ਚੋਰੀ ਕਰਕੇ ਕੋਈ ਛਪਵਾਉਣ ਦਾ ਜਤਨ ਕਰੇਗਾ ਤਾਂ ਬਹੁਤ ਸਾਰੇ ਹੋਰ ਲੋਕ ਵੀ ਜਾਣ ਜਾਂਦੇ ਹਨ ਕਿ ਇਹ ਕਿੱਥੋਂ ਚੋਰੀ ਕੀਤੀ ਗਈ ਹੈ। ਪੰਜਾਬੀ ਵਿਚ ਛਪਦੀਆਂ ਰਚਨਾਵਾਂ ( ਆਮ ਕਰਕੇ ਵੈਬ ਸਾਈਟਾਂ ਤੇ ਬਲਾਗਜ਼ ਉੱਤੇ) ਵਿਚ ਵੀ ਇਹ ਦੇਖਿਆ ਜਾਂਦਾ ਹੈ, ਐਧਰੋਂ-ਓਧਰੋਂ ਚੁੱਕ ਕੇ ਆਪਣੇ ਨਾਂ ਥੱਲੇ ਛਪਵਾਉਣ ਵਾਲੇ ਵੀ ਬਹੁਤ ਹਨ। ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ। ਚੋਰੀ ਕਰਨ ਵਾਲਾ ਇਹ ਹੀ ਸਮਝਦਾ ਹੈ ਕਿ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਪਰ ਉਸ ਨਾ ਪਤਾ ਲੱਗਣ ਦੀ ਸੋਚਣ ਵਾਲੇ ਵਹਿਮੀ ਤੋਂ ਬਿਨਾਂ ਸਭ ਨੂੰ ਇਸ ਬਾਰੇ ਪਤਾ ਹੁੰਦਾ ਹੈ।
           ਰੋਜ਼ਾਨਾ ਘਟਨਾਵਾਂ ਜਾਣਨ ਵਾਲਿਆਂ ਨੇ ਦੇਖਿਆ ਹੀ ਹੋਣਾ ਹੈ ਕਿ ਪਿਛਲੇ ਦਿਨੀਂ ਜਰਮਨੀ ਦੇ ਇਕ ਕੇਂਦਰੀ ਮੰਤਰੀ ਦੀ ਪੀ. ਐਚ. ਡੀ (ਡਾਕਟਰ ਟਾਈਟਲ) ਦੀ ਡਿਗਰੀ ਵਾਪਸ ਲੈ ਲਈ ਗਈ ਕਿਉਂਕਿ ਉਸ ਨੇ ਕਿਧਰਿਉਂ ਕਿਸੇ ਦਾ ਟੈਕਸਟ ਆਪਣੇ ਖੋਜ ਪੱਤਰ ਵਿਚ ਸ਼ਾਮਲ ਕਰ ਲਿਆ ਸੀ, ਜਦੋਂ ਇਸ ਦਾ ਪਤਾ ਲੱਗਿਆ ਤਾਂ ਕੀਤੀ ਮਿਹਨਤ ਐਵੇਂ ਹੀ ਗਈ, ਜੋ ਤੋਏ ਤੋਏ ਹੋਈ ਉਹ ਵੱਖਰੀ। ਇਸ ਕਰਕੇ ਹੀ ਉਹਨੂੰ ਵਜ਼ੀਰ ਦੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪਿਆ। ਇਹ ਦੇਖਦਿਆਂ ਤੇ ਇਸ ਤੋਂ ਸਬਕ ਲੈਂਦਿਆਂ ਅਜਿਹੇ ਕਾਰਜਾਂ ਵਿਚ ਰੁੱਝੇ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ।
          ਰਚਨਾਕਾਰ ਨੇ ਸਿਰਜਣਾ ਕਰਨੀ ਹੁੰਦੀ ਹੈ। ਇਹ ਬਹੁਤ ਔਖਾ ਕਾਰਜ ਹੈ। ਚੇਤੇ ਰੱਖਣ ਵਾਲੀ ਗੱਲ ਹੈ ਕਿ ਕੋਈ ਵੀ ਰਚਨਾ ਐਵੇਂ ਨਹੀਂ ਹੁੰਦੀ। ਹਰ ਕੰਮ ਮਿਹਨਤ ਦੀ ਮੰਗ ਕਰਦਾ ਹੈ। ਲਿਖਣ ਕਾਰਜ ਵਿਚ ਜੁਟੇ ਲੋਕ ਜਿਨ੍ਹਾਂ ਨੇ ਸੰਸਾਰ ਨੂੰ ਨਵੇਂ ਵਿਚਾਰ ਦੇ ਲੜ ਲਾਉਣਾ ਹੁੰਦਾ ਹੈ ਉਹ ਮਿਹਨਤ ਤੋਂ ਮੂੰਹ ਕਿਉਂ ਮੋੜਨ? ਲਿਖਣ ਵਾਸਤੇ ਮਿਹਨਤ ਕੀਤੀ ਜਾਵੇ, ਤਾਂ ਫੇਰ ਸੱਚਮੁਚ ਹੀ ਲੇਖਕ ਵਡਿਆਈ ਦਾ ਹੱਕਦਾਰ ਬਣ ਜਾਂਦਾ ਹੈ।
                                                      ****

No comments: