ਸਿੱਦਕ ਨੱਚਿਆ ਤੇਗ਼ ਦੀ ਧਾਰ ਉਤੇ......... ਗੀਤ / ਮਲਕੀਅਤ ਸਿੰਘ "ਸੁਹਲ"

ਜ਼ਬਰ, ਜੁਲਮ ਦੀ ਜਾਲਮਾ  ਅੱਤ ਚੁੱਕੀ,
ਪਾਪ  ਝੁੱਲਿਆ  ਸਾਰੇ  ਸੰਸਾਰ  ਉਤੇ ।
ਗਲ ਘੁੱਟਿਆ ਪਿਆ  ਮਜ਼ਲੂਮ  ਦਾ ਸੀ,
ਝੱਪਟੇ ਬਾਜ, ਚਿੱੜੀਆਂ ਦੀ ਡਾਰ ਉਤੇ।
ਧਰਤੀ ਉਤੇ ਸੀ ਕਹਿਰ ਦੀ ਅੱਗ ਵਰ੍ਹਦੀ,
ਤੁਰਨਾ ਪਿਆ ਸੀ ਖ਼ੂਨੀ ਅੰਗਿਆਰ ਉਤੇ।
ਬੱਚੇ,  ਬੁੱਢੇ, ਜਵਾਨ  ਦੀ   ਗੱਲ  ਛਡ੍ਹੋ,
ਤਰਸ ਕੀਤਾ  ਨਾ ਦੇਸ਼ ਦੀ  ਨਾਰ ਉਤੇ ।



ਬਾਜਾਂ ਵਾਲਾ ਫਿਰ ਲੈ ਪੈਗਾਮ ਆਇਆ ,
ਜਿਸ ਨੂੰ ਮਾਣ ਸੀ , ਇਕ ਓੁਂਕਾਰ ਉਤੇ।
ਅੱਜ  ਸਾਰਾ ਹੀ  ਜੱਗ  ਪੁਕਾਰਦਾ  ਏ ,
ਸਿੱਦਕ ਨੱਚਿਆ  ਤੇਗ਼ ਦੀ  ਧਾਰ ਉਤੇ ।

ਕਲਗੀ ਵਾਲੇ ਨੇ ਵੇਖਿਆ , ਜ਼ੁਲਮ ਹੁੰਦਾ,
ਪੰਥ ਖਾਲਸਾ  ਤਾਹੀਉਂ  ਤਿਆਰ ਕੀਤਾ ।
ਕਿਵੇਂ  ਜੂਝਣਾ  ਅਸੀਂ  ਮੈਦਾਨ  ਅੰਦਰ ,
ਏਸ  ਗੱਲ  ਤੇ  ਗੌਰ- ਵਿਚਾਰ  ਕੀਤਾ ।
ਇਕ  ਨਵਾਂ ਹੀ  ਪੰਥ  ਸਜਾਵਣੇ  ਲਈ ,
ਅਨੰਦ ਪੁਰ 'ਚ , ਖੁਲ੍ਹਾ ਦਰਬਾਰ ਕੀਤਾ ।
ਸਾਜੇ ਪੰਜ ਪਿਆਰੇ , ਕੁਰਬਾਨੀਆਂ  ਚੋਂ ,
ਜੋ ਵੀ ਕੀਤਾ,ਉਹ ਸਤਿ ਕਰਤਾਰ ਕੀਤਾ ।

ਖੰਡਾ , ਤੀਰ ਕਮਾਨ ਤੇ  ਢਾਲ ਕਹਿੰਦੀ ,
ਸਾਨੂੰ ਮਾਣ ਹੈ  ਤਿੱਖੀ  ਤਲਵਾਰ  ਉਤੇ ।
ਅੱਜ  ਸਾਰਾ ਹੀ , ਜੱਗ  ਪੁਕਾਰਦਾ ਏ ,
ਸਿੱਦਕ  ਨੱਚਿਆ , ਤੇਗ਼ ਦੀ ਧਾਰ ਉਤੇ ।

ਮੁਗ਼ਲ  ਫ਼ੌਜ  ਦਾ  ਮੂੰਹ  ਮੋੜਨੇ  ਲਈ ,
ਸਿੰਘਾਂ ਦਿਤੀਆਂ  ਹੱਸ ਕੁਰਬਾਨੀਆਂ  ਨੇ ।
ਸਵਾ ਲੱਖ ਨਾਲ  ਇਕ ਸੀ ਰਿਹਾ ਲੜਦਾ,
ਦਸੇ  ਜ਼ੌਹਰ ਸੀ ,  ਉਨ੍ਹਾਂ ਜਵਾਨੀਆਂ ਨੇ ।
ਸੱਥਰ  ਵੈਰੀ ਦੇ  ਪਾਏ  ਮੈਦਾਨ  ਅੰਦਰ ,
ਇਹੀਉ  ਕੌਮ ਦੇ ਲਈ  ਨਿਸ਼ਾਨੀਆਂ ਨੇ ।
ਘੱਲੂਘਾਰੇ ਦੀ  ਧਰਤ  ਸੀ  ਗਈ  ਰੰਗੀ ,
ਲੱਹੂ ਭਿੱਜੀਆਂ  ਉਹ  ਜ਼ਿੰਦਗਾਨੀਆਂ  ਨੇ ।

ਸਾਨੂੰ ਮਾਣ ਹੈ , ਗੁਰੂ  ਗੋਬਿੰਦ ਸਿੰਘ ਤੇ ,
ਨਾਲੇ  ਮਾਣ ਹੈ  ਸੁੱਚੀ  ਦਸਤਾਰ  ਉਤੇ ।
ਅੱਜ  ਸਾਰਾ  ਹੀ  ਜੱਗ  ਪੁਕਾਰਦਾ  ਏ ,
ਸਿੱਦਕ  ਨਚਿੱਆ  ਖੰਡੇ ਦੀ  ਧਾਰ ਉਤੇ ।

ਨੀਂਹ  ਕੌਮ ਦੀ   ਪੱਕੀ  ਕਰਨ  ਖ਼ਾਤਰ ,
ਪਿਤਾ ਵਾਰਿਆ  ਤੇ ਪੁੱਤਰ  ਵਾਰ  ਦਿਤੇ ।
ਦੋ  ਵਾਰੇ   ਚਮਕੌਰ ਦੀ  ਜੰਗ  ਅੰਦਰ ,
ਜਿਊਂਦੇ  ਨੀਹਾਂ 'ਚ   ਦੋ  ਖਲ੍ਹਾਰ ਦਿਤੇ ।
ਤੱਤੀ ਲੋਹ ਤੇ  ਦਾਦੇ  ਦਾ  ਸਿੱਦਕ ਵੇਖੋ ,
ਸ਼ਹਾਦਤ ਭਰੇ ਸੀ  ਫ਼ੁੱਲ ਅੰਗਿਆਰ ਦਿਤੇ।

ਸਾਜੇ  ਪੰਜ ਪਿਆਰੇ  ਦਸਮੇਸ਼  ਜੀ  ਨੇ ,
ਨਾਲ ਉਹਨਾਂ  ਨੂੰ  ਪੰਜ  ਕਕਾਰ  ਦਿਤੇ ।
"ਸੁਹਲ" ਸਦਾ ਉਹ ਕੌਮਾ ਜੀਊਂਦੀਆਂ ਨੇ,
ਜਿਨ੍ਹਾਂ  ਰਖਿਆ   ਸੀਸ  ਕੱਟਾਰ  ਉਤੇ ।
ਅੱਜ  ਸਾਰਾ ਸੰਸਾਰ  ਹੀ  ਆਖਦਾ  ਏ ,
ਸਿੱਦਕ  ਨੱਚਿਆ  ਤੇਗ਼ ਦੀ  ਧਾਰ ਉਤੇ ।            

No comments: