ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਪੰਜਾਬੀ ਬੋਲੀ ‘ਤੇ ਸੈਮੀਨਾਰ ।


ਐਡੀਲੇਡ (ਰਿਸ਼ੀ ਗੁਲਾਟੀ) : ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਵੱਲੋਂ 22 ਤੋਂ 24 ਅਪ੍ਰੈਲ ਨੂੰ ਐਡੀਲੇਡ ਵਿਖੇ ਹੋ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ 2011 ਦੇ ਮੌਕੇ ‘ਤੇ ਪੰਜਾਬੀ ਬੋਲੀ ਨਾਲ ਸੰਬੰਧਤ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਸੈਮੀਨਾਰ ਆਸਟ੍ਰੇਲੀਆ ਦੇ 24 ਘੰਟੇ ਚੱਲਣ ਵਾਲੇ ਪਹਿਲੇ ਰੇਡੀਓ “ਹਰਮਨ ਰੇਡੀਓ” ‘ਤੇ ਲਾਈਵ ਪ੍ਰਸਾਰਿਤ ਕੀਤਾ ਜਾਏਗਾ । ਇਸ ਸੈਮੀਨਾਰ ਦਾ ਮੁੱਖ ਵਿਸ਼ਾ “ਆਸਟ੍ਰੇਲੀਆ ‘ਚ ਪੰਜਾਬੀ ਬੋਲੀ ਅਤੇ ਲਿਪੀ ਦੇ ਪ੍ਰਸਾਰ” ਹੋਵੇਗਾ । ਇਸ ਮੁੱਖ ਵਿਸ਼ੇ ਦੇ ਅਧੀਨ ਕੁੱਲ ਛੇ ਸਿਰਲੇਖਾਂ ਉੱਪਰ ਇਸ ਸੈਮੀਨਾਰ ‘ਚ ਚਰਚਾ ਹੋਵੇਗੀ । ਇਨ੍ਹਾਂ ਵਿਸਿ਼ਆਂ ਦਾ ਵੇਰਵਾ ਇਸ ਪ੍ਰਕਾਰ ਹੈ :



1 ਆਸਟ੍ਰੇਲੀਆ ਵਿੱਚ ਪੰਜਾਬੀ ਦਾ ਪਿਛੋਕੜ
2 ਪੰਜਾਬੀ ਬੋਲੀ ਦੀ ਪੰਜਾਬੀ ਭਾਈਚਾਰੇ ਲਈ ਅਹਿਮੀਅਤ ਅਤੇ ਲੋੜਾਂ
3 ਸਰਕਾਰੀ ਪੱਧਰ ਪੰਜਾਬੀ ਦੀ ਮਾਨਤਾ ਲਈ ਹੋ ਰਿਹਾ ਯਤਨ
4 ਸੱਭਿਆਚਾਰਕ ਸੰਸਥਾਵਾਂ ਅਤੇ ਮੀਡੀਏ ਦਾ ਪੰਜਾਬੀ ਦੇ ਪ੍ਰਸਾਰ ਵਿੱਚ ਰੋਲ
5 ਵਿਦੇਸ਼ਾਂ ਵਿੱਚ ਕੀਤੇ ਜਾ ਰਹੇ ਸਮਕਾਲੀ ਉਪਰਾਲਿਆਂ ‘ਤੇ ਨਜ਼ਰ ਅਤੇ ਸਬਕ
6 ਆਸਟ੍ਰੇਲੀਆ ਵਿੱਚ ਪੰਜਾਬੀ ਦੇ ਪਸਾਰ ਲਈ ਯਤਨ ਹੋਰ ਪ੍ਰਭਾਵਸ਼ਾਲੀ ਕਿਵੇਂ ਬਣਾਏ ਜਾਣ?

ਸੈਮੀਨਾਰ ‘ਚ ਹਰ ਵਿਸ਼ੇ ‘ਤੇ ਬੁਲਾਰੇ ਨੂੰ ਸੱਤ ਮਿੰਟ ਦਿੱਤੇ ਜਾਣਗੇ । ਇਹ ਪਰਚੇ 22 ਅਪ੍ਰੈਲ ਦਿਨ ਸ਼ੁੱਕਰਵਾਰ ਤੱਕ ਸੈਮੀਨਾਰ ਦੇ ਪ੍ਰਬੰਧਕਾਂ ਪਾਸ ਜਮ੍ਹਾਂ ਕਰਵਾਏ ਜਾ ਸਕਦੇ ਹਨ । ਇਹ ਪਰਚੇ ਸੈਮੀਨਾਰ ਤੋਂ ਪਹਿਲਾਂ ਹਾਜ਼ਰ ਸਰੋਤਿਆਂ ‘ਚ ਵੰਡੇ ਜਾਣਗੇ ਤੇ ਇੱਕ ਸਿਰਲੇਖ ਲਈ ਕੇਵਲ ਇੱਕ ਹੀ ਬੁਲਾਰਾ ਚੁਣਿਆ ਜਾਏਗਾ । ਇਸ ਮੌਕੇ ‘ਤੇ ਆਸਟ੍ਰੇਲੀਆ ‘ਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ‘ਚ ਯੋਗਦਾਨ ਪਾਉਣ ਵਾਲੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਏਗਾ । ਇਸ ਤੋਂ ਇਲਾਵਾ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਿਡਨੀ ਨਿਵਾਸੀ ਚਿੱਤਰਕਾਰ ਸਵਰਨ ਸਿੰਘ ਬਰਨਾਲਾ ਦੇ ਬਣਾਏ ਚਿੱਤਰਾਂ ਦੀ ਪ੍ਰਦਰਸ਼ਨੀ ਪਲਟਨੀ ਗਰਾਮਰ ਸਕੂਲ ਦੇ ਆਡੋਟੋਰੀਅਮ ਹਾਲ ‘ਚ ਲਗਾਈ ਜਾਏਗੀ ਤੇ ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਦੀ ਵੈੱਬਸਾਈਟ ਵੀ ਲੋਕ ਅਰਪਿਤ ਕੀਤੀ ਜਾਏਗੀ । ਸੈਮੀਨਾਰ ਤੇ ਸਿੱਖ ਖੇਡਾਂ ਸਬੰਧੀ ਹੋਰ ਜਾਣਕਾਰੀ ਸੰਬੰਧੀ mintubrar@gmail.com ‘ਤੇ ਈਮੇਲ ਜਾਂ 0434289905 ‘ਤੇ ਫੋਨ ਕੀਤਾ ਜਾ ਸਕਦਾ ਹੈ ਜਾਂ ਹੋਰ ਖਬਰਾਂ ਤੇ ਫੋਟੋ www.shabadsanjh.com ਤੇ www.punjabinewsonline.com ‘ਤੇ ਦੇਖੀਆਂ ਜਾ ਸਕਦੀਆਂ ਹਨ ।

No comments: