ਔਰਤੇ ਨੀ ਔਰਤੇ.......... ਨਜ਼ਮ/ਕਵਿਤਾ / ਰਵੇਲ ਸਿੰਘ ਗੁਰਮੈਲੋ (ਇਟਲੀ )


ਔਰਤੇ ਨੀ ਔਰਤੇ,
ਔਰਤੇ ਨੀ ਔਰਤੇ
ਤੂੰ ਆਦਿ ਤੋਂ, ਜੁਗਾਦਿ ਤੋਂ
ਬਣੀਂ ਹੈਂ,ਆਦਮ ਦੇ ਨਾਲ
ਰਹੀ ਹੈਂ ਆਦਮ ਦੇ ਨਾਲ
ਤੇਰੇ ਬਿਨਾਂ ਨਾ ਜਨਮਦੀ
ਕਦੇ ਵੀ ਆਦਮ ਦੀ, ਜਿਣਸ
ਤੂੰ ਹੈਂ ਧਰਤੀ ਵਾਂਗਰਾਂ
ਤੂੰ ਤਾਂ ਸਾਗਰ ਵਾਂਗਰਾਂ

ਜੇਰਾ ਪਰਬਤ ਵਾਂਗਰਾਂ
ਤੇਰਾ ਤੱਕਿਆ ਹੌਸਲਾ
ਜਨਮਦੀ ਜਦ ਕੁੱਖ ਚੋਂ
ਔਰਤਾਂ ਤੇ ਆਦਮੀ
ਔਰਤ , ਚੋਂ ਔਰਤਾਂ
ਤੇਰੇ ਬਿਨਾਂ ਇਹ ਜਿ਼ੰਦਗੀ
ਬਸ ਜਾਪਦੀ ਹੈ ਰੀਂਘਦੀ ਹੈ
ਫਿਰ ਵੀ ਤੈਨੂੰ ਕਿਉਂ ਨੀ ਅੜੀਏ
ਜਾਂਦਾ ਕੁੱਖ ਅੰਦਰ ਮਾਰਿਆ
ਆਦਮੀ ਹੈ ਵਾਂਗ ਭੌਰੇ
ਹੁਸਨ ਦੇ ਵਿਚ ਲਿਪਟਿਆ
ਨਾਗ ਬਣ , ਨਿੱਤ ਡੰਗਦਾ
ਰਿਸ਼ਤਿਆਂ ਵਿਚ ਜੱਕੜਿਆ
ਤੇਰੇ ਬਿਨ ਸੰਸਾਰ ਲਗੱਦਾ
ਬਿੰਦੂ ਵਾਂਗ ਸਿਮਟਿਆ
ਫਿਰ ਵੀ ਤੇਰੀ ਹੋਂਦ ਨੂੰ
ਖਤਮ ਕਰਨਾ ਲੋਚਦੈ
ਇਹ ਕਿਉਂ ਨਹੀਂ ਸੋਚਦੈ
ਔਰਤੇ ਨੀ ਔਰਤੇ
ਜੇ ਤੂੰ ਅੜੀਏ ਇਸ ਤਰ੍ਹਾਂ
ਕੁੱਖ ਵਿਚ, ਮਰਦੀ ਰਹੀ
ਦੁੱਖਾਂ ਦੀ ਇਸ ਪੀੜ ਨੂੰ
ਇਵੇਂ ਹੀ ਜਰਦੀ ਰਹੀ
ਆਦਮੀ ,ਟੋਲੇਗਾ ਤੈਨੂੰ
ਆਦਮੀ ਭਾਲੇਗਾ ਤੈਨੂੰ
ਆਦਮੀ ਤਰਸੇ ਗਾ ਤੈਨੂੰ
ਆਦਮੀ ਢੂੰਡੇਗਾ ਤੈਨੂੰ
ਜਿ਼ੰਦਗੀ ਦੇ ਸਫਰ ਤੇ
ਜਿ਼ੰਦਗੀ ਤੇ ਸਫਰ ਤੇ
ਔਰਤੇ, ਨੀ ਔਰਤੇ ਨੀ ਔਰਤੇ
ਤੇਰੇ ਬਿਨ ਹੈ ਆਦਮੀ ਕੀ ?
ਆਦਮੀ ਦੱਸੇ ਭਲਾ
ਫਿਰ ਕਿਉਂ ਇਹ ਆਦਮੀ
ਗਿਆ ਹੈ , ਇਸ ਤਰ੍ਹਾਂ
ਅੜੀਏ ਤੇਰੇ ਕਤਲ ਤੇ
ਔਰਤੇ ਨੀ ਔਰਤੇ
ਔਰਤੇ ਨੀਂ ਔਰਤੇ

****

No comments: