ਲੱਖ ਲੱਖ ਸਿਜਦਾ ਕਰੀਏ.......... ਗੀਤ / ਪਰਮ ਜੀਤ 'ਰਾਮਗੜੀਆ' ਬਠਿੰਡਾ

ਪੋਹ ਮਾਘ ਦੀਆਂ ਰਾਤਾਂ ਤੋਂ ਪੁੱਛ ਲਓ ਕਹਾਣੀ ਨੂੰ
ਜਾਂ ਫਿਰ ਪੁੱਛ ਵੇਖ ਲੈਣਾ ਓਸ ਸਰਸਾ ਦੇ ਪਾਣੀ ਨੂੰ
ਲੱਖ ਲੱਖ  ਸਿਜਦਾ ਕਰੀਏ ਗੁਰਾਂ ਦੀ ਕੁਰਬਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ

ਚੌਂਕ ਚਾਂਦਨੀ ਦੇ ਵਿੱਚ ਵੇਖੋ ਕਿੰਝ ਆਪਾ ਵਾਰ ਦਿੱਤਾ
ਸੀਸ ਆਪਣਾ ਦੇ ਗੁਰਾਂ ਨੇ ਕੁੱਲ ਜੱਗ ਨੂੰ ਤਾਰ ਦਿੱਤਾ
ਰੂਹ ਕੰਬਦੀ ਏ ਚੇਤੇ ਕਰ ਲੈਂਦੇ ਜਦ ਓਸ ਕਹਾਣੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ


ਬੁੱਕਲ ਦਾ ਨਿੱਘ ਦੇ ਮਾਂ ਗੁਜਰੀ ਰੱਖਿਆ ਬਾਲਾਂ ਨੂੰ
ਉੱਚੇ ਬੁਰਜ ਸੀ ਠੰਡੇ ਸਾਂਭ ਪੁੱਤ ਆਪਣੇ ਦੇ ਲਾਲਾਂ ਨੂੰ
ਚੇਤੇ ਰੱਖਣਾ ਮੋਤੀ ਮਹਿਰੇ ਦੇ ਪੀ੍ਵਾਰ ਦੀ ਹਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ

ਅਜੀਤ ਤੇ ਜੁਝਾਰ ਵੀ ਜੰਗ ਏ ਮੈਦਾਨ 'ਚ ਡੱਟ ਗਏ
ਗੜੀ ਚਮਕੌਰ ਦੀ ਵਿੱਚੋਂ ਵੈਰੀ ਵੇਖੋ ਪਿੱਛੇ ਹੱਟ ਗਏ
ਅੱਖੀਂ ਸਭ ਤੱਕਿਆ ਪਿਤਾ ਪੁੱਤਰਾਂ ਦੀ ਕੁਰਬਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ

ਜੋਰਾਵਰ ਤੇ ਫਤਹਿ ਸਿੰਘ ਰਤਾ ਨੀਹਾਂ ਵਿੱਚ ਡੋਲੇ ਨਾ
ਵੇਖ ਕੇ ਜ਼ੋਸ ਇੰਨਾ ਦਾ ਸੂਬਾ ਸਰਹੰਦ ਵੀ ਬੋਲੇ ਨਾ
ਅਸਾਂ ਕਦੇ ਮਾਫ ਨਾ ਕਰਨਾ ਗੰਗੂ ਦੀ ਬੇਈਮਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ

ਰਾਮਗੜੀਏ ਪਰਮ ਵੀ ਆਪਣਾ ਫਰਜ਼ ਨਿਭਾ ਦਿੱਤਾ
ਗੁਰਾਂ ਦੀ ਏਸ ਸ਼ਹਾਦਤ ਦਾ ਲਿਖ ਹਾਲ ਸੁਣਾ ਦਿੱਤਾ
ਗੁਰੂ ਘਰ ਜਾ ਸੁਣਦਾ ਹਾਂ ਨਿੱਤ ਗੁਰਾਂ  ਦੀ ਬਾਣੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
****

ਮੋਬਾਇਲ ਨੰਬਰ : 9256110001




No comments: