ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਉਜਾਗਰ ਕਰਦੀ ਸੀ.ਡੀ. ਜ਼ਜਬੇ.......... ਸੀ.ਡੀ. ਰਿਲੀਜ਼ / ਸੁਨੀਲ ਚੰਦਿਆਣਵੀ


ਰਾਮ ਸਿੰਘ ਦੀਆਂ ਗ਼ਜ਼ਲਾਂ ਅਤੇ ਗੀਤ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਉਜਾਗਰ ਕਰਦੇ ਹਨ ਅਤੇ ਆਪਣੇ ਆਪ ਨਾਲ ਵਾਰਤਾ ਕਰਨ ਨੂੰ ਮਜ਼ਬੂਰ ਕਰਦੇ ਹਨ। ਇਹ ਸ਼ਬਦ ਰਾਮ ਸਿੰਘ ਦੀ ਨਵੀਂ ਐਲਬਮ ‘ਜ਼ਜਬੇ’ ਅਤੇ ਪੁਸਤਕ ‘ਮਰੁੰਡੀਆਂ ਡਾਲਾਂ’ ਦੇ ਸੈਂਕਿੰਡ ਐਡੀਸ਼ਨ ਨੂੰ ਰੀਲੀਜ਼ ਕਰਦੇ ਸਮੇਂ ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ ਨੇ ਕਹੇ। ਖਚਾਖਚ ਭਰੇ ਹਾਲ ਵਿਚ ਜਿਥੇ ਰਾਮ ਸਿੰਘ ਨੇ ਆਪਣੀ ਗ਼ਜ਼ਲਾਂ ਸੁਣਾਈਆਂ ਉਥੇ ਪੰਜਾਬੀ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਰਾਮ ਸਿੰਘ ਸੰਜੀਦਾ ਸ਼ਾਇਰ ਹੀ ਨਹੀਂ ਸੰਵੇਦਨਸ਼ੀਲ ਮਨੁੱਖ ਹੈ ਜੋ ਸਰਕਾਰੀ ਅਫ਼ਸਰ ਹੁੰਦਿਆ ਹੋਇਆ ਵੀ ਲੋਕਾਂ ਦੇ ਜ਼ਜਬਾਤ ਨੂੰ ਸਮਝਦਾ ਹੈ ਤੇ ਲੋਕ ਮਨ ਦੀ ਵੇਦਨਾ ਦੀ ਗੱਲ ਕਰਦਾ ਹੈ। ਰਵਿੰਦਰ ਭੱਠਲ ਨੇ ਕਿਹਾ ਕਿ ਰਾਮ ਸਿੰਘ ਦੀ ਪੁਰਜ਼ੋਸ ਆਵਾਜ਼ ਸਿਰਫ਼ ਹਲੂਣਦੀ ਹੀ ਨਹੀਂ ਸਗੋਂ ਮਨ ’ਚ ਹਲ ਚਲ ਪੈਦਾ ਕਰਦੀ ਹੈ ਇਸ ਦੇ ਬੋਲ ਮਨ ਨੂੰ ਤਾਜਗੀ ਵੀ ਬਖਸ਼ਦੇ ਹਨ ਤੇ ਕੁਰੇਦਦੇ ਵੀ ਹਨ ਇਹ ਔਰਤ ਦੇ ਜਿਸਮ ਦੀ
ਗੱਲ ਨਹੀਂ ਕਰਦਾ ਸਗੋਂ ਮਨੁੱਖ ਦੀ ਹੋਣੀ ਦੀ ਗੱਲ ਕਰਦਾ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਬਾਤ ਪਾਉਂਦਾ ਹੈ। ਪ੍ਰਸਿੱਧ ਗੀਤਕਾਰ ਹਰਦੇਵ ਦਿਲਗੀਰ ਨੇ ਕਿਹਾ ਕਿ ਅੱਜ ਗੀਤ ਨੂੰ ਨਵੇਂ ਗੀਤਕਾਰਾਂ ਨੇ ਨਿਰਵਸਤਕ ਕਰ ਦਿੱਤਾ ਹੈ। ਗੀਤ ਅੱਜ ਸੜਕਾਂ ’ਤੇ ਨੰਗਾ ਹੋ ਗਿਆ ਹੈ। ਲੋੜ ਹੈ ਸੰਜੀਦਾ ਗਾਇਕੀ ਰਾਹੀਂ ਲੋਕਾਂ ਸਾਹਮਣੇ ਨਰੋਆ ਸਾਹਿਤ ਲੈ ਕੇ ਜਾਣ ਦੀ ਐਲਬਮ ਜ਼ਜਬੇ ਦੇ ਮਿਊਜਕ ਡਾਇਰੈਕਟਰ ਦਿਲਜੀਤ ਕੈਂਸ ਨੇ ਆਪਣੇ ਸੰਗੀਤਕਾਰੀ ਦੌਰਾਨ ਅਨੁਭਵ ਸਾਂਝੇ ਕੀਤੇ ਤੇ ਆਪਣੀ ਐਲਬਮ ਨੂੰ ਸੁਣਨ ਦਾ ਹੋਕਾ ਦਿੱਤਾ। ਡਾ. ਗੁਰਇਕਬਾਲ ਨੇ ਰਾਮ ਸਿੰਘ ਦੀ ਜਾਣ-ਪਛਾਣ ਕਰਵਾਉਣ ਦੇ ਨਾਲ ਨਾਲ ਸਟੇਜ਼ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਿਥੀਪਾਲ ਸਿੰਘ ਡੀ.ਐਸ.ਪੀ. ਰਾਏਕੋਟ, ਜ਼ਿਲ੍ਹੇ ਦੇ ਸਾਰੇ ਨਾਇਬ ਤਹਿਸੀਲਦਾਰ ਏ. ਡੀ. ਸੀ. ਕੁਲਦੀਪ ਸਿੰਘ, ਕਾਨੂਗੋ ਮੋਹਨ ਲਾਲ, ਸਾਧੂ ਸਿੰਘ ਤੋਂ ਇਲਾਵਾ ਗਾਇਕ ਜਸਦੇਵ ਯਮਲਾ, ਜਸਵੰਤ ਸੰਦੀਲਾ, ਸ਼ਾਇਰ ਸੁਰਜੀਤ ਜੱਜ, ਤਿਲੋਚਨ ਝਾਂਡੇ, ਮਨਜਿੰਦਰ ਧਨੋਆ, ਹਰਦਿਆਲ ਪਰਵਾਨਾ, ਤ੍ਰਿਲੋਚਨ ਲੋਚੀ, ਤਰਲੋਚਨ ਨਾਟਕਕਾਰ, ਰਾਮ ਸਿੰਘ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰਾਂ ਤੋਂ ਇਲਾਵਾ ਬਹੁਤ ਸਾਰੇ ਦੋਸਤ ਮਿੱਤਰ ਹਾਜ਼ਰ ਸਨ। ਇਹ ਐਲਬਮ ਦੀ ਪੇਸ਼ਕਸ਼ ਚੇਤਨਾ ਪ੍ਰਕਾਸ਼ਨ ਵਲੋਂ ਕੀਤੀ ਗਈ ਹੈ।

1 comment:

ਬਲਜੀਤ ਪਾਲ ਸਿੰਘ said...

ਹੁਣ ਤਾਂ ਏਨਾ ਕੁ ਹੀ ਮਤਲਬ ਹੈ ਦੁਨੀਆਦਾਰੀ ਦਾ
ਕਿਤੋਂ ਚੁਗੀਦਾ ਹੈ ਚੋਗਾ ਕਿਤੇ ਖਿਲਾਰੀ ਦਾ