ਭਾਰਤੀ ਮੱਧ ਵਰਗ ਦਾ ਦੁਖਾਂਤ.......... ਲੇਖ / ਗੁਰਦਿਆਲ ਭੱਟੀ

ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ ਕਿ ਮੱਧ ਵਰਗ ਤੋਂ ਭਾਵ ਹੈ ਵਿਚਕਾਰਲਾ ਵਰਗ, ਅਰਥਾਤ ਨਾ ਤਾਂ ਗ਼ਰੀਬ ਅਤੇ ਨਾ ਅਮੀਰ | ਮੱਧ ਵਰਗ, ਹਰ ਇਕ ਸਮਾਜ ਦੀ ਬਹੁਤ ਹੀ ਮਹੱਤਵਪੂਰਨ ਜਮਾਤ ਹੈ | ਇਹ ਜਮਾਤ ਕੁਝ ਪੜੀ ਲਿਖੀ ਹੁੰਦੀ ਹੈ | ਇਸ ਦੀਆਂ ਰੋਜ਼ੀ ਰੋਟੀ ਦੀਆਂ ਲੋੜਾਂ ਅਕਸਰ ਪੂਰੀਆਂ ਹੋ ਜਾਂਦੀਆਂ ਹਨ | ਮੁਲਾਜ਼ਮ ਵਰਗ, ਛੋਟਾ ਵਪਾਰੀ, ਛੋਟਾ ਦੁਕਾਨਦਾਰ, ਛੋਟੀ ਅਤੇ ਦਰਮਿਆਨੀ ਕਿਸਾਨੀ ਸਾਰੇ ਹੀ ਮੱਧ ਵਰਗ ਵਿਚ ਸ਼ਾਮਲ ਹਨ | ਜਦੋਂ ਅਸੀਂ ਇਤਿਹਾਸ ਦਾ ਗੰਭੀਰ ਅਧਿਐਨ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਿੱਥੇ ਵੀ ਇਸ ਜਮਾਤ ਨੇ ਇਨਕਲਾਬੀ ਅਤੇ ਵਿਕਾਸਸ਼ੀਲ ਤਾਕਤਾਂ ਦਾ ਸਾਥ ਦਿੱਤਾ ਉਥੇ ਤਬਦੀਲੀ ਹੋਈ ਹੈ ਪਰ ਜਦੋਂ ਵੀ ਇਹ ਜਮਾਤ ਹਾਕਮ ਜਮਾਤਾਂ ਦੇ ਫੈਲਾਏ ਜਾਲ ਵਿਚ ਫਸਕੇ ਮਜ਼ਦੂਰ ਜਮਾਤ ਤੋਂ ਦੂਰ ਹੋਈ ਹੈ, ਉਥੇ ਹਮੇਸ਼ਾਂ ਖੜੋਤ ਜਾਂ ਗਿਰਾਵਟ ਆਈ ਹੈ |

ਭਾਰਤੀ ਮੱਧਵਰਗ ਬਹੁਤ ਵਿਸ਼ਾਲ ਹੈ | ਪਰ ਦੁਖਾਂਤ ਇਹ ਹੈ ਕਿ ਇਹ ਆਪਣੇ ਇਤਿਹਾਸਕ ਫਰਜ਼ਾਂ ਪ੍ਰਤੀ ਅਵੇਸਲਾ ਹੋਇਆ ਬੈਠਾ ਹੈ | ‘ਬਿੱਲੀ ਨੂੰ ਵੇਖਕੇ ਕਬੂਤਰ ਦੇ ਅੱਖਾਂ ਮੀਚਣ ਵਾਂਗ’ ਇਹ ਵਰਗ ਵੀ ਅੱਖਾਂ ਮੀਚੀ ਬੈਠਾ ਹੈ | ‘ਮਹਾਨ ਭਾਰਤ’ ਦੇ ਗਰੀਬ ਲੋਕਾਂ ਦੇ ਮਨਾਂ ਵਿਚ ਆਜ਼ਾਦੀ ਨੇਜੋ ਸੁਪਨੇ ਸਿਰਜੇ ਸਨ, ਉਹ ਚਕਨਾਚੂਰ ਹੋ ਚੁੱਕੇ ਹਨ | ਸਮਾਜ ਵਿਚ ਸਾਰੇ ਪਾਸੇ ਨਿਰਾਸ਼ਾ ਦਾ ਬੋਲਬਾਲਾ ਹੈ | ਰਾਜਨੀਤੀ ਦਾ ਪੂਰੀ ਤਰਾਂ ਅਪਰਾਧੀਕਰਨ ਹੋ ਚੁਕਾ ਹੈ | ਸਰਮਾਏਦਾਰਾਂ ਨੇ ਆਪਣੀਆਂ ਨਿੱਜੀ ਸੈਨਾਵਾਂ ਕਾਇਮ ਕੀਤੀਆਂ ਹੋਈਆਂ ਹਨ | ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ | ਔਰਤ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਜਾਤ-ਪਾਤੀ ਵਿਵਸਥਾ ਆਪਣੀ ਚਰਮ ਸੀਮਾ ਤੱਕ ਪਹੁੰਚ ਚੁੱਕੀ ਹੈ | ਬੱਚੀਆਂ ਨਾਲ ਬਲਾਤਕਾਰ ਹੋ ਰਹੇ ਹਨ | ਧਾਰਮਕ ਮੂਲਵਾਦ ਆਪਣਾ ਕਰੂਰ ਚਿਹਰਾ ਲੈ ਕੇ ਹਾਜ਼ਰ ਹੈ | ਗੁਜਰਾਤ ਵਿੱਚ ਇਸ ਧਾਰਮਕ ਮੂਲਵਾਦ ਦਾ ਚਿਹਰਾ ਹਰ ਇਕ ਨੇ ਵੇਖਿਆ ਹੈ | ਗਰਭਵਤੀ ਔਰਤ ਦੇ ਗਰਭ ਵਿਚੋਂ ਬੱਚਾ ਕੱਢਕੇ ਮਾਰਨ ਉਪਰੰਤ ਵੀ ਇਹ ਧਾਰਮਕ ਮੂਲਵਾਦ ਪੂਰੀ ਸ਼ਾਨ ਨਾਲ ਰਾਜਸੱਤਾ ਤੇ ਬਿਰਾਜਮਾਨ ਹੋਇਆ ਹੈ | ਇਸਨੂੰ ਭਾਰਤੀ ਲੋਕਤੰਤਰ ਦੀ ਮਹਾਨ ਸਫਲਤਾ ਗਰਦਾਨਿਆ ਜਾ ਰਿਹਾ ਹੈ, ਜਸ਼ਨ ਮਨਾਏ ਜਾ ਰਹੇ ਹਨ | ਹਰ ਰੋਜ਼ ਨਵਾਂ ਘੁਟਾਲਾ ਸਾਹਮਣੇ ਆ ਰਿਹਾ ਹੈ | ਜਗੀਰੂ ਅਤੇ ਸਰਮਾਏਦਾਰ ਪਿਛੋਕੜ ਵਾਲੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਖੇਡ ਵਿਚ ਸ਼ਾਮਲ ਹਨ | ਇਥੋਂ ਤੱਕ ਕਿ ਦੇਸ਼ ਦੇ ਰੱਖਿਆ ਮੰਤਰੀ ਤੱਕ ਵੀ ਇਸ ਵਿਚ ਸ਼ਾਮਲ ਦੱਸੇ ਗਏ ਹਨ | ਪ੍ਰਧਾਨ ਮੰਤਰੀ ਵਰਗੇ ਉੱਚ ਅਹੁਦੇ ‘ਤੇ ਬਿਰਾਜਮਾਨ ਵਿਅਕਤੀ ਕਈ-ਕਈ ਚਿਹਰੇ ਸਾਂਭੀ ਬੈਠਾ ਹੈ |

ਗੁਰਬਾਣੀ ਵਿਚਲੀ ਸਿੱਖਿਆ ਦੀ ਪ੍ਰੀਭਾਸ਼ਾ ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਇਕ ਵਿਗਿਆਨਕ ਪ੍ਰੀਭਾਸ਼ਾ ਹੈ | ਇਸ ਦਾ ਸਰਲ ਜਿਹਾ ਅਰਥ ਹੈ ਜੋ ਆਦਮੀ ਪੜ ਲਿਖਕੇ ਸਮਾਜ ਦੇ ਭਲੇ ਬਾਰੇ ਨਹੀਂ ਸੋਚਦਾ, ਉਸਨੂੰ ਪੜਿਆ ਲਿਖਿਆ ਨਹੀਂ ਕਿਹਾ ਜਾ ਸਕਦਾ | ਪਰ ਅਜੋਕਾ ਪੜਿਆ ਲਿਖਿਆ ਵਰਗ ਇਸ ਪ੍ਰੀਭਾਸ਼ਾ ਤੇ ਕਿੰਨਾ ਕੁ ਪੂਰਾ ਉਤਰਦਾ ਹੈ ? ਅਧਿਆਪਕ, ਵਕੀਲਾਂ ਤੇ ਡਾਕਟਰਾਂ ਦੇ ਇਕ ਹਿੱਸੇ ਦਾ ਹੋ ਰਿਹਾ ਅਮਾਨਵੀਕਰਨ ਸਾਡੀ ਵਿੱਦਿਆ ਦੇ ‘ਅਸਲੀ ਅਰਥ’ ਸਮਝ ਰਿਹਾ ਹੈ | ਇਹ ਲੋਕ ਸਿਰਫ਼ ਪੈਸਾ ਕਮਾਉਣ ਲਈ ਹੀ ਪੜੇ ਹਨ | ਆਮ ਗ਼ਰੀਬ ਤੇ ਮਜ਼ਦੂਰ ਵਰਗ ਨਾਲ ਇਨਾਂ ਨੂੰ ਕੋਈ ਪਿਆਰ ਨਹੀਂ | ਇਨਾਂ ਦੀਆਂ ਵੱਖਰੀਆਂ ਕਲੋਨੀਆਂ ਇਨਾਂ ਦੀ ਸੋਚਣੀ ਦਾ ਪ੍ਰਗਟਾਵਾ ਕਰਦੀਆਂ ਹਨ | ਇਹ ਮਜ਼ਦੂਰ ਅਤੇ ਗ਼ਰੀਬ ਵਰਗ ਤੋਂ ਇਸ ਲਈ ਦੂਰ ਰਹਿਣਾ ਚਾਹੁੰਦੇ ਹਨ ਤਾਂ ਜੋ ਆਪਣੇ ਬੱਚਿਆਂ ਨੂੰ ਇਕ ਚੰਗਾ ਮਾਹੌਲ ਦੇ ਸਕਣ | ਮੈਨੂੰ ਬੜਾ ਦੁੱਖ ਹੋਇਆ, ਜਦੋਂ ਪਿੱਛੇ ਜਿਹੇ ਇਕ ਲੈਕਚਰਾਰ ਅਧਿਆਪਕਾ ਨੇ ਔਰਤ ਦੀ ਗੁਲਾਮੀ ਦੀ ਗੱਲ ਸਵੀਕਾਰ ਹੀ ਨਹੀਂ ਕੀਤੀ | ਉਸਦਾ ਤਰਕ ਸੀ ਕਿਉਂਕਿ ਔਰਤ ਸਰੀਰਕ ਤੌਰ ਤੇ ਕਮਜ਼ੋਰ ਹੈ, ਇਸ ਲਈ ਉਸਦੀ ਦੂਜੇ ਨੰਬਰ ਵਾਲੀ ਪੁਜੀਸ਼ਨ ਹਮੇਸ਼ਾ ਬਣੀ ਰਹਿੰਦੀ ਹੈ | ਹੈਰਾਨ ਕਰਨ ਵਾਲਾ ਦਰਸ਼ਨ ਸ਼ਾਸਤਰ ਛੁਪਿਆ ਹੋਇਆ ਹੈ ਨਾ ਇਸ ਦਲੀਲ ਵਿੱਚ | ਮੱਧ ਵਰਗ ਦੇ ਬਹੁਤੇ ਲੋਕ ਆਪਣੇ-ਆਪਣੇ ਹੁਨਰ ਦੀ ਵਰਤੋਂ ਪੈਸੇ ਕਮਾਉਣ ਲਈ ਕਰਦੇ ਹਨ, ਗਰੀਬ ਵਰਗ ਤੋਂ ਦੂਰ ਹੀ ਭੱਜਦੇ ਹਨ |

ਮੱਧ ਵਰਗ ਦੇ ਇਕ ਹਿੱਸੇ ਦੀ ਹਊਮੈ ਦਾ ਕਾਰਨ ਸਾਡੀ ਜਾਤ-ਪਾਤ ਪ੍ਰਣਾਲੀ ਵੀ ਹੈ | ਲਗਭਗ ਤਿੰਨ ਸਦੀਆਂ ਚੱਲੀ ਸਿੱਖ ਲਹਿਰ ਨੇ ਇਸ ਜਾਤ-ਪਾਤ ਸਿਸਟਮ ਨੂੰ ਸੱਟ ਤਾਂ ਮਾਰੀ, ਪਰ ਇਸ ਨੂੰ ਖ਼ਤਮ ਨਹੀਂ ਕਰ ਸਕੀ | ਇਹ ਇਕ ਸਚਾਈ ਹੈ ਕਿ ਇਹ ਸਿਸਟਮ ਅਰਥਾਤ ਜਾਤ-ਪਾਤ, ਲੁੱਟ ਦੇ ਉਦੇਸ਼ ਨਾਲ ਬਣਾਇਆ ਗਿਆ | ਇਹੀ ਕਾਰਨ ਹੈ ਕਿ ਮੁੱਠੀ ਭਰ ਧਾੜਵੀ ਬਾਹਰੋਂ ਆਉਂਦੇ ਰਹੇ ਅਤੇ ਇਸ ਵਿਸ਼ਾਲ ਦੇਸ਼ ਨੂੰ ਕੁਚਲ ਕੇ ਜਾਂਦੇ ਰਹੇ | ਕੁਝ ਹਜ਼ਾਰ ਆਦਮੀ ਲੈ ਕੇ ਈਸਟ ਇੰਡੀਆ ਕੰਪਨੀ ਇਥੇ ਆਈ ਅਤੇ ਜਾਤਾਂ-ਪਾਤਾਂ ਅਤੇ ਧਰਮਾਂ ਵਿਚ ਵੰਡੇ ਇਸ ਦੇਸ਼ ‘ਤੇ ਲਗਭਗ 300 ਸਾਲ ਰਾਜ ਕਰਦੀ ਰਹੀ | ਇਸਦਾ ਅਰਥ ਇਹ ਹੈ ਕਿ ਅਸੀਂ ਕਦੇ ਵੀ ਇਕ ਚੰਗੇ ਇਨਸਾਨ ਨਹੀਂ ਬਣੇ ਅਤੇ ਕਦੇ ਵੀ ਇਕ ਕੌਮ ਨਹੀਂ ਬਣੇ | ਲੁਟੇਰਿਆਂ ਦੇ ਚਲਾਏ ਇਸ ਪ੍ਰਪੰਚ ਦਾ ਹਾਲੇ ਵੀ ਬਹੁਤ ਡੂੰਘਾ ਅਸਰ ਹੈ | ਕਈ ਅਖੌਤੀ ਉੱਚ ਵਰਗ ਨਾਲ ਸਬੰਧਤ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ | ਅਸੀਂ ਤਾਂ ਰਿਜਰਵੇਸ਼ਨ ਪੱਖੀ ਅਤੇ ਰਿਜਰਵੇਸ਼ਨ ਵਿਰੋਧੀ ਖੇਮਿਆਂ ਵਿਚ ਵੰਡੇ ਹੋਏ ਹਾਂ | ਅਜਿਹਾ ਨਹੀਂ ਸੋਚਦੇ ਕਿ ਇਹ ਨੀਤੀਆਂ ਕਿਸੇ ਇਕ ਵਰਗ ਦੇ ਭਲੇ ਨਹੀਂ ਬਣਦੀਆਂ, ਇਹ ਤਾਂ ਆਪਣੇ ਵੋਟ ਬੈਂਕ ਪੱਕੇ ਲਈ ਬਣਦੀਆਂ ਹਨ | ਜੇਕਰ ਕੋਈ ਇਨਸਾਨ ਸਾਨੂੰ ਉਪਰੋਕਤ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਸ ‘ਤੇ ਕੋਈ ਨਾ ਕੋਈ ਲੇਬਲ ਲਾ ਕੇ ਉਸਦੀ ਗੱਲ ਅਣਸੁਣੀ ਕਰ ਦਿੰਦੇ ਹਾਂ |

ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਲੜਦਾ ਉਹੀ ਹੈ ਲੜਨਾ ਜਿਸਦੀ ਲੋੜ ਹੁੰਦੀ ਹੈ | ਆਉਣ ਵਾਲਾ ਸਮਾਂ ਭਾਰਤੀ ਮੱਧ ਵਰਗ ਲਈ ਇਕ ਚੁਣੌਤੀ ਬਣਕੇ ਆ ਰਿਹਾ ਹੈ | ਭਾਰਤੀ ਮੱਧ ਵਰਗ ‘ਤੇ ਅੰਤਰਰਾਸ਼ਟਰੀ ਸਾਮਰਾਜ ਦੀ ਅੱਖ ਹੈ | ਸਾਡੀ ਸਰਕਾਰ ਦੀਆਂ ਅਵਾਮ ਵਿਰੋਧੀ ਨੀਤੀਆਂ ਰਾਹੀਂ ਸਾਮਰਾਜਵਾਦ ਸਾਡੇ ਦੇਸ਼ ਵਿਚ ਮੁੜ ਦਾਖਲ ਹੋ ਚੁੱਕਾ ਹੈ | ਭਾਰਤੀ ਜਨਤਕ ਖੇਤਰ ਨੂੰ ਮੁੜ ਬਰਬਾਦ ਕੀਤਾ ਜਾ ਰਿਹਾ ਹੈ | ਅਮੀਰ ਦੇਸ਼ਾਂ ਦੀਆਂ ਬਹੁ-ਕੌਮੀ ਕਾਰਪੋਰੇਸ਼ਨਾਂ ਇਸ ਦੇਸ਼ ਵਿਚ ਪੈਰ ਪਸਾਰ ਰਹੀਆਂ ਹਨ | ਜਿਨਾਂ ਨੇ ਦੇਸ਼ ਦੇ ਕਿਸਾਨ, ਛੋਟੇ ਤੇ ਦਰਮਿਆਨੇ ਵਪਾਰੀ, ਦੁਕਾਨਦਾਰਾਂ, ਕਾਰਖਾਨੇਦਾਰਾਂ ਨੂੰ ਮਲੀਆਮੇਟ ਕਰਕੇ ਰੱਖ ਦੇਣਾ ਹੈ | ਨਿੱਜੀਕਰਨ ਦੀ ਨੀਤੀ ਨੇ ਨਵੀਂ ਭਰਤੀ ਬਿਲਕੁਲ ਬੰਦ ਕਰ ਦਿੱਤੀ ਹੈ | ਸਰਕਾਰੀ ਨੌਕਰੀਆਂ ‘ਤੇ ਲੱਗੇ ਮੁਲਾਜ਼ਮਾਂ ਦੀ ਛਾਂਟੀ ਦਾ ਰਾਹ ਪੱਧਰਾ ਕਰ ਲਿਆ ਗਿਆ ਹੈ | ਇਸ ਲਈ ਸਮੁੱਚੇ ਮੱਧ ਵਰਗ ਅਤੇ ਗਰੀਬ ਵਰਗ ਲਈ ਆਉਣ ਵਾਲਾ ਸਮਾਂ ਗੰਭੀਰ ਚੁਣੌਤੀ ਲੈ ਕੇ ਆ ਰਿਹਾ ਹੈ | ਸੋ, ਇਸ ਸਮੇਂ ਆਪਣੇ ਅੰਦਰਲੀ ਫੋਕੀ ਹਉਮੈ, ਵਿਦਵਤਾ ਅਤੇ ਉੱਚੀ ਜਾਤ ਦਾ ਅਹਿਸਾਸ ਤਿਆਗ ਕੇ, ਇਕ ਜੇਤੂ ਸੰਘਰਸ਼ ਦੀ ਸਖ਼ਤ ਲੋੜ ਹੈ | ਵੈਸੇ ਵੀ ਆਪਣੇ ਆਪ ਨੂੰ ਅਸੀਂ ਸਮਾਜਿਕ ਪ੍ਰਾਣੀ ਤਾਂ ਹੀ ਅਖਵਾ ਸਕਦੇ ਹਾਂ, ਜੇਕਰ ਚੰਗੇ ਸਮਾਜ ਲਈ ਚੱਲ ਰਹੇ ਸੰਘਰਸ਼ ਵਿਚ ਯੋਗਦਾਨ ਪਾਵਾਂਗੇ | ਆਪਣੀ ਹੀ ਜਿੰਦਗੀ ਅਤੇ ਨਿੱਜੀ ਹਿੱਤਾਂ ਵਿਚ ਗ਼ਲਤਾਨ ਵਿਅਕਤੀ ਸਮਾਜਕ ਪ੍ਰਾਣੀ ਅਖਵਾਉਣ ਦਾ ਹੱਕਦਾਰ ਨਹੀਂ ਹੁੰਦਾ |

ਅੰਤ ਵਿਚ ਮੈਂ ਭਾਰਤੀ ਮੱਧ ਵਿਚਲੇ ਉਨਾਂ ਵੀਰਾਂ ਅੱਗੇ ਸਿਰ ਝੁਕਾਉਂਦਾ ਹੈ ਜੋ ਆਪਣੀ ਇਤਿਹਾਸਕ ਜਿੰਮੇਵਾਰੀ, ਜਾਨ ਤਲੀ ‘ਤੇ ਧਰਕੇ ਨਿਭਾ ਰਹੇ ਹਨ | ਅੰਤ ਵਿਚ ਮਹਾਨ ਇਨਕਲਾਬੀ ਕਵੀ ਪਾਸ਼ ਦੀਆਂ ਇਨਾਂ ਸਤਰਾਂ ਨਾਲ ਚਰਚਾ ਦਾ ਅੰਤ ਕਰਦਾ ਹਾਂ |
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰਾ ਜਾਣਾ
ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ
ਘਰਾਂ ਤੋਂ ਬਾਹਰ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ |

No comments: