ਕੁੜੱਕੀ.......... ਕਹਾਣੀ / ਵਿਸ਼ਵ ਜਯੋਤੀ ਧੀਰ

ਅੱਧੀ ਰਾਤ ਲੰਘ ਚੁੱਕੀ ਸੀ | ਗਗਨ ਦੀਆਂ ਅੱਖਾਂ ਤੋਂ ਨੀਂਦ ਕੋਹਾਂ ਦੂਰ | ਪਲਕਾਂ ਹੇਠਾਂ ਜਿਵੇਂ ਛਿਲਤਰਾਂ ਉੱਗ ਪਈਆਂ ਹੋਣ | ਅੰਦਰ ਅਜੀਬ ਜਿਹੀ ਅੱਚਵੀ | ਬਿੰਦੇ ਝੱਟੇ ਸੰਘ ਸੁੱਕ ਜਾਂਦਾ | ਭਾਦੋਂ ਦੇ ਮਹੀਨੇ ਦੀ ਰਾਤ ਵਿਚ ਚੰਨ ਦੀ ਟਿੱਕੀ ਚਾਨਣ ਦੇਣ ਦਾ ਪੂਰਾ ਯਤਨ ਕਰ ਰਹੀ ਸੀ | ਘਸਮੈਲੇ ਜਿਹੇ ਬੱਦਲ ਨੇ ਆਣ ਕੇ ਚੰਨ ਨੂੰ ਝੱਫ ਲਿਆ | ਹਨੇਰਾ ਪਸਰ ਗਿਆ | ਗਗਨ ਦਾ ਚਿੱਤ ਹੋਰ ਵੀ ਘਾਬਰ ਗਿਆ | ਉਸਨੇ ਆਪਣੀ ਬੈਠਕ ਦੀ ਬਾਰੀ ਵਿਚੋਂ ਵਿਹੜੇ ਵਿਚ ਨਿਗਾਹ ਮਾਰੀ | ਬੀਬੀ ਤੇ ਬੇਬੇ ਸਾਹਮਣੇ ਹੀ ਮੰਜਾ ਡਾਹੀ ਪਈਆਂ ਸਨ | ਬੀਬੀ ਤਾਂ ਸਾਰੇ ਦਿਨ ਦੀ ਹੰਭੀ ਹੁੁੰਦੀ | ਮੰਜੇ ਤੇ ਪੈਂਦਿਆਂ ਹੀ Aਸਨੂੰ ਨੀਂਦ ਕੀਲ ਲੈਂਦੀ | ਸਦੇਹਾਂ ਧਾਰਾਂ ਕੱਢਣ ਤੋਂ ਲੈ ਕੇ ਰਾਤ ਦੇ ਚੁੱਲੇ-ਚੌਂਕੇ ਨੂੰ ਸਾਂਭਦੀ ਬੀਬੀ ਸਾਰਾ ਦਿਨ ਊਰੀ ਵਾਂਗ ਘੂਕਦੀ ਰਹਿੰਦੀ | ਜਦੋਂ ਦੀ ਗਗਨ ਜਵਾਨ ਹੋਈ ਸੀ, ਬੇਬੇ ਘਰੇ ਕਿਸੇ ਸੀਰੀ ਨੂੰ ਵੀ ਵੜਨ ਨਾ ਦਿੰਦੀ | ਮੰਜੇ ਦੀ ਚਿੜ-ਚਿੜ ਨੇ ਗਗਨ ਦਾ ਧਿਆਨ ਖਿੱਚ ਲਿਆ | ਬੇਬੇ ਸਾਰੀ ਰਾਤ ਪਸਲੇਟੇ ਮਾਰਦੀ | ਉਸਦੀਆਂ ਬੁੱਢੀਆਂ ਅੱਖਾਂ ਸੌਂਦੀਆਂ ਘੱਟ ਤੇ ਪਹਿਰੇਦਾਰੀ ਜ਼ਿਆਦਾ ਕਰਦੀਆਂ | ਹੁਣ ਵੀ ਉੱਠ ਕੇ ਮੰਜੇ ‘ਤੇ ਬਹਿ ਗਈ | ਰੋਜ਼ ਵਾਂਗ ਬੋਲੀ ਜਾ ਰਹੀ ਸੀ | “ਖੌਰੇ ਕਿਹੜਾ ਪਾਪੀ ਬੈਠਾ ਪਹਿਰੇ ‘ਤੇ.... ਭੋਰਾ ਵਾ ਨੀ ਚੱਲਦੀ |” ਤੜਕੇ ਤੋਂ ਆਥਣ ਤੱਕ ਬੇਬੇ ਕਿਸੇ ਨਾ ਕਿਸੇ ਗੱਲ ਨੂੰ ਅੱਡੇ ਚੜਾਈ ਰੱਖਦੀ | ਸਵੇਰੇ ਬੀਬੀ ਨੂੰ ਬਥੇਰਾ ਬੋਲੀ ਸੀ | ਦਾਲ ਵਿਚ ਕੋੜਕੂ ਆ ਗਿਆ | ਥਾਲੀ ਪਰਾਂ ਨੂੰ ਧੱਕ ਦਿੱਤੀ, “ਚੱਜ ਨਾਲ ਦਾਲ ਨੀ ਸਵਾਰਦੀ.... ਚੰਦਰੇ ਕੋੜਕੂ ਮੇਰੇ ਮੂੰਹ ‘ਚ ਈ ਆਉਣੇ ਹੁੰਦੇ ਨੇ.... ਤੇਰੀ ਨਿਗਾ ਨੀ ਕੰਮ ਕਰਦੀ ਤਾਂ ਗਗਨ ਨੂੰ ਆਖਿਆ ਕਰ | ਕੁੜੀ ਨੂੰ ਭੋਰਾ ਚੱਜ ਸਿਖਾ.... ਨਿਰੀਆਂ ਕਤਾਬਾਂ ਕੀ ਭੜੋਲੇ ‘ਚ ਪਾਉਣੀਆਂ ਨੇ |” ਬੇਬੇ ਗੁੱਝੀ ਅੱਖ ਨਾਲ ਗਗਨ ਦੀ ਧੜਕਦੀ ਜਵਾਨੀ ਵੇਂਹਦੀ | ਉਸਨੂੰ ਇਹ ਹੁੰਦੜਹੇਲ ਕੁੜੀ ਕੋਈ ਅਲਕ ਵਛੇਰੀ ਜਾਪਦੀ | ਗਗਨ ਦਾ ਕੋਈ ਲੱਛਣ ਉਸਨੂੰ ਮੇਚ ਨਾ ਆਉਂਦਾ | ਸਾਰਾ ਦਿਨ ਟੋਕਾ ਟਾਕੀ ਕਰਦੀ | ਕਈ ਵਾਰ ਗਗਨ ਵਿਅੰਗ ਕਰ ਜਾਂਦੀ – “ਮੈਂ ਤਾਂ ਬੀ.ਏ. ਤੋਂ ਅਗਾਂਹ ਵਾਲੀ ਪੜਾਈ ਕੈਨੇਡਾ ਜਾ ਕੇ ਕਰਨੀ ਐ |”

ਬੇਬੇ ਅੰਦਰ ਤਾਈਂ ਸੜ ਜਾਂਦੀ | ਗਗਨ ਦੇ ਬਾਪੂ ਨੂੰ ਕਹਿੰਦੀ, “ਮਹਿੰਦਰ.... ਅੱਜਕੱਲ ਵੇਲਾ ਮਾੜਾ ਐ ਭਾਈ....ਇਕ ਹੈ ਕੱਲੀ ਔਲਾਦ.... ਹੋਰ ਧੌਲੇ ਝਾਟੇ ਖੇਹ ਨਾ ਪੁਆ ਲਈਂ |”

ਮਹਿੰਦਰ ਬੇਬੇ ਦੀ ਗੱਲ ਹਾਸੇ ਵਿਚ ਟਾਲ ਜਾਂਦਾ | “ਬੇਬੇ ਪੜਾਈ ਤਾਂ ਜ਼ਰੂਰੀ ਐ.... ਘੱਟੋ ਘੱਟ ਪੜਿਆ ਲਿਖਿਆ ਬੰਦਾ ਸਹੀ ਤੇ ਗਲਤ ਦੀ ਪਛਾਣ ਤਾਂ ਕਰ ਸਕਦੈ.... ਮੈਂ ਤਾਂ ਰਿਹਾ ਖੂਹ ਦਾ ਡੱਡੂ.... ਕੁੜੀ ਨੂੰ ਤਾਂ ਆਜ਼ਾਦੀ ਦੇਵਾਂ.... ਆਪਣਾ ਚੰਗਾ ਮਾੜਾ ਸੋਚ ਸਕੇ | ਅਸੀਂ ਕਿਹੜਾ ਸਾਰੀ ਉਮਰ ਬੈਠੇ ਰਹਿਣਾ ਧੀ ਦੇ ਸਿਰਹਾਣੇ |”

ਬਾਪੂ ਦੀ ਗੱਲ ਯਾਦ ਆਉਂਦਿਆਂ ਹੀ ਗਗਨ ਦਾ ਧਿਆਨ ਵੱਡੇ ਬੂਹੇ ਮੂਹਰੇ ਚਲਾ ਗਿਆ | ਜਿਥੇ ਬਾਪੂ ਹਰ ਰੋਜ਼ ਵਾਂਗ ਮੰਜਾ ਡਾਹ ਕੇ ਸੁੱਤਾ ਪਿਆ ਸੀ | ਅੱਜ ਗਗਨ ਨੂੰ ਬਾਪੂ ਵੀ ਠਾਣੇਦਾਰ ਲੱਗ ਰਿਹਾ ਸੀ | ਬੂਹੇ ਮੂਹਰੇ ਪਹਿਰੇ ‘ਤੇ ਬੈਠਾ | ਸੋਚ ਕੇ ਗਗਨ ਨੂੰ ਤਰੇਲੀ ਆ ਗਈ | ਚੰਨ ਫੇਰ ਬੱਦਲਾਂ ਦੀ ਕੈਦ ਵਿਚੋਂ ਬਾਹਰ ਆ ਗਿਆ | ਆਪਣੇ ਅੰਦਰਲੇ ਡਰ ਤੋਂ ਓਹਲੇ ਹੋਣ ਵਾਸਤੇ ਗਗਨ ਨੀਝ ਨਾਲ ਚੰਨ ਨੂੰ ਤੱਕਣ ਲੱਗ ਪਈ | ਕਿੰਨਾ ਨਿਰਮਲ, ਪਿਆਰਾ ਚੰਨ | ਬਿਲਕੁਲ ਉਸਦੇ ਮਹਿਬੂਬ ਦੇ ਚਿਹਰੇ ਵਾਂਗ ਰੌਸ਼ਨ | ਗਗਨ ਨੇ ਮਸਤੀ ਦੇ ਆਲਮ ਵਿਚ ਅੱਖਾਂ ਮੁੰਦ ਲਈਆਂ | ਇੰਦਰਪੁਰੀ ਦੀ ਅਪਸਰਾ ਬਣ ਗਈ | ਚਾਨਣੀ ਦੇ ਰਾਹ ‘ਤੇ ਰਕਸ ਕਰੀ ਹੋਈ ਚੰਨ ‘ਤੇ ਜਾ ਬੈਠੀ | ਸਾਰਾ ਜਹਾਨ ਦਿਸਣ ਲੱਗ ਪਿਆ | ਲਾਗਲੇ ਪਿੰਡ ਦਾ ਇਕ ਘਰ | ਪਾਠੀ ਟਹਿਲ ਸਿੰਘ ਦਾ ਘਰ | ਜਿਸ ਦੀ ਛੱਤ ‘ਤੇ ਕੋਈ ਪਰਛਾਵਾਂ ਖੜਾ ਕਿਸੇ ਦੀ ਉਡੀਕ ਕਰਦਾ ਹੋਵੇ | ਜ਼ਰੂਰ ਜੱਸੀ ਹੋਵੇਗਾ | ਗਗਨ ਵਾਂਗ ਬੇਚੈਨ | ਉਸ ਲਈ ਵੀ ਇਹ ਰਾਤ ਕੋਈ ਇਮਤਿਹਾਨ ਤੋਂ ਘੱਟ ਨਹੀਂ |

***
ਕਾਲੇ ਬੱਦਲ ਨੇ ਚੰਨ ਨੂੰ ਫੇਰ ਦਿਓ ਵਾਂਗ ਨਿਗਲ ਲਿਆ | ਰੇਸ਼ਮੀ ਰਾਹ ਟੁੱਟ ਗਈ | ਗਗਨ ਨੇ ਫੇਰ ਅੱਖਾਂ ਖੋਲ ਲਈਆਂ | ਹਾਲੇ ਵੀ ਅਲੌਕਿਕ ਸੁਫ਼ਨੇ ਦੀ ਖੁਮਾਰੀ ਅੱਖਾਂ ਨੂੰ ਸੇਜਲ ਕਰ ਰਹੀ ਸੀ | ਜੱਸੀ ਦਾ ਚਿਹਰਾ ਵਾਰ-ਵਾਰ ਅੱਖਾਂ ਮੂਹਰੇ ਆਉਂਦਾ | ਗਗਨ ਆਪਣੇ ਅਤੀਤ ਵਿੱਚ ਗੁਆਚਦੀ ਗਈ | ਜੱਸੀ ਨਾਲ ਪਹਿਲੀ ਮੁਲਾਕਾਤ ਯਾਦ ਆ ਗਈ | ਪਿਛਲੇ ਸਾਲ ਐਨ.ਐਸ.ਐਸ. ਦੇ ਕੈਂਪ ਦੌਰਾਨ ਦੋਵੇਂ ਇਕੱਠੇ ਹੋਏ | ਜੱਸੀ ਬੀ.ਏ. ਦੇ ਅੰਤਲੇ ਸਾਲ ਵਿਚ ਸੀ | ਗਗਨ ਤੋਂ ਦੋ ਸਾਲ ਸੀਨੀਅਰ | ਉਸਦੀਆਂ ਦਿਲਕਸ਼ ਗੱਲਾਂ ਨੇ ਗਗਨ ਅੰਦਰ ਪਿਆਰ ਦੀ ਰਮਜ਼ ਜਗਾ ਦਿੱਤੀ | ਨਰੋਈ ਉਮਰੇ, ਧੁਰ ਅੰਦਰ ਤੱਕ ਲਹੂ ਦੀ ਗਰਦਸ਼ ਤੇਜ਼ ਹੋ ਗਈ | ਜੱਸੀ ਨੂੰ ਵੇਖ ਕੇ ਉਸਦੀ ਆਤਮਾ ਕਦੇ ਨਾ ਰੱਜਦੀ | ਉਸ ਨਾਲ ਗੱਲ ਕਰਨ ਨੂੰ ਬੇਚੈਨ ਹੋ ਉੱਠਦੀ | ਉਹਨਾਂ ਦੀ ਜਜ਼ਬਾਤੀ ਸਾਂਝ ਪਿਆਰ ਵਿਚ ਬਦਲ ਗਈ | ਪਿਛਲੇ ਹਫ਼ਤੇ ਜਦੋਂ ਜੱਸੀ ਨਾਲ ਫਿਲਮ ਵੇਖ ਕੇ ਆਈ, ਉਸਤੋਂ ਬਾਅਦ ਕਈ ਘੰਟੇ ਜੱਸੀ ਨਾਲ ਬੈਠੀ ਰਹੀ | ਜੱਸੀ ਨੇ ਕਿਹਾ ਸੀ, “ਗਗਨ ਹੁਣ ਤਾਂ ਰਾਤ ਕੱਟਣੀ ਵੀ ਔਖੀ ਲੱਗਦੀ ਐ.... ਆਪਾਂ ਵਿਆਹ ਕਰ ਲਈਏ |”
ਵਿਆਹ ਵਾਲੀ ਗੱਲ ਸੁਣ ਕੇ ਗਗਨ ਦੇ ਚਿਹਰੇ ‘ਤੇ ਲਾਲੀ ਆ ਗਈ | ਸੰਗ ਕੇ ਕਹਿਣ ਲੱਗੀ, “ਤੂੰ ਤਾਂ ਦੋ ਮਹੀਨਿਆਂ ਤਾਈਂ ਪੇਪਰ ਦੇ ਕੇ ਕਾਲਜ ਛੱਡ ਦੇਣੈ.... ਮੈਨੂੰ ਤਾਂ ਪੜਾਈ ਪੂਰੀ ਕਰ ਲੈਣ ਦੇ |”

“ਜਦੋਂ ਮੈਂ ਬੀ.ਏ. ਕਰ ਲਈ.... ਫੇਰ ਕਿਹੜਾ ਡੀ.ਸੀ. ਲੲਗ ਜਾਣੈ | ਮੈਥੋਂ ਵੱਡੇ ਦੋਹੇਂ ਭਰਾ ਐਮ.ਏ. ਕਰਕੇ ਵੀ ਹਾਲੇ ਤਕ ਸੈੱਟ ਨਹੀਂ ਹੋਏ |”

“ਕੋਈ ਗੱਲ ਨਹੀਂ, ਵੇਲਾ ਆਊਗਾ ਤਾਂ ਬੀਬੀ ਨਾਲ ਗੱਲ ਕਰੂੰਗੀ |”

“ਤੇਰਾ ਕੀ ਖ਼ਿਆਲ ਐ, ਤੇਰੇ ਘਰ ਦੇ ਐਡੀ ਛੇਤੀ ਮੰਨ ਜਾਣਗੇ | ਚੰਗੀ ਭਲੀ ਜਾਣਦੀ ਐਂ | ਤੂੰ ਜੱਟਾਂ ਦੀ ਧੀ ਤੇ ਮੈਂ ਪੰਡਤਾਂ ਦਾ ਮੁੰਡਾ.... ਸਭ ਤੋਂ ਵੱਡੀ ਅੜਚਣ ਇਹੀ ਐ |”

“ਜੱਸੀ.... ਮੈਂ ਜਾਤਾਂ ਦੇ ਫ਼ਰਕ ਨੂੰ ਨਹੀਂ ਮੰਨਦੀ.... ਜਦੋਂ ਆਪਾਂ ਇਕ ਹੋ ਗਏ, ਨਾ ਤੂੰ ਪੰਡਤਾਂ ਦਾ ਰਹੇਂਗਾ ਨਾ ਮੈਂ ਜੱਟਾਂ ਦੀ | ਦੋਹੇਂ ਇਕ ਦੂਜੇ ਦੇ ਹੋ ਕੇ ਰਹਾਂਗੇ |” ਗਗਨ ਨੇ ਪਿਆਰ ਨਾਲ ਜੱਸੀ ਦਾ ਹੱਥ ਫੜ ਕੇ ਉਸਦੇ ਅੰਦਰਲੇ ਦੇ ਵਹਿਮ ਨੂੰ ਕੱਢਣ ਦੀ ਕੋਸ਼ਿਸ਼ ਕੀਤੀ |

“ਤਾਂਹੀ ਤਾਂ ਕਹਿਨਾਂ.... ਇਕ ਵਾਰ ਬਿਨਾਂ ਦੱਸੇ ਕੋਰਟ ਮੈਰਿਜ ਕਰਵਾ ਲਈਏ.... ਜਦੋਂ ਇਕ ਦੂਜੇ ਦੇ ਹੋ ਗਏ ਤਾਂ ਜਾਤ-ਪਾਤ ਦਾ ਫ਼ਰਕ ਹੀ ਨਹੀਂ ਰਹਿਣਾ |” ਜੱਸੀ ਨੇ ਆਪਣੇ ਦਿਲ ਦੀ ਗੱਲ ਦੱਸੀ |

“ਨਹੀਂ ਜੱਸੀ.... ਅਜਿਹਾ ਕਰਕੇ ਤਾਂ ਆਪਾਂ ਪਿੰਡ ਦੀ ਜੂਹ ਵਿਚ ਵੜਨ ਜੋਗੇ ਨਹੀਂ ਰਹਾਂਗੇ, ਖੌਰੇ ਅਜਿਹਾ ਕਰਨ ‘ਤੇ ਮਾਪੇ ਕਬੂਲਣਗੇ ਕਿ ਨਹੀਂ |”

“ਛੱਡ ਪਰਾਂ ਇਹਨਾਂ ਗੱਲਾਂ ਨੂੰ.... ਤੈਨੂੰ ਅੱਜ ਫਿਲਮ ਏਸੇ ਕਰਕੇ ਵਖਾਈ ਐ.... ਵੇਖਿਆ ਨੀਂ ਹੀਰੋ ਹੀਰੋਇਨ ਨੂੰ ਵੀ ਕੋਰਟ ਮੈਰਿਜ ਤੋਂ ਬਾਅਦ ਹੌਲੀ-ਹੌਲੀ ਸਮਾਜ ਨੇ ਕਬੂਲ ਲਿਆ ਸੀ | ਰਹੀ ਮਾਪਿਆਂ ਦੀ ਗੱਲ.... ਓਹ ਕਦੋਂ ਤਕ ਆਪਣੀ ਔਲਾਦ ਨੂੰ ਵਿਸਾਰ ਸਕਦੇ ਨੇ | ਨਾਲੇ ਤੂੰ ਤਾਂ ਕੱਲੀ-ਕੱਲੀ ਐਂ | ਤੇਰੇ ਬਿਨਾਂ ਮਾਂ-ਪਿਓ ਤੇ ਜ਼ਮੀਨ-ਜਾਇਦਾਦ ਕੌਣ ਸਾਂਭੂੰ | ਆਪਾਂ ਹੀ ਸਾਂਭਾਂਗੇ ਸਭ ਕੁਝ | ਤੂੰ ਵੇਖੀ ਜਾਈਂ ਤੇਰੇ ਮਾਂ-ਪਿਉ ਨੂੰ ਪੁੱਤ ਬਣ ਕੇ ਵਿਖਾਵਾਂਗਾ | ਸੌਂਹ ਤੇਰੇ ਪਿਆਰ ਦੀ.... ਆਪਣੇ ਮਾਪਿਆਂ ਨਾਲੋਂ ਵੱਧ ਕੇ ਸਤਿਕਾਰ ਦੇਵਾਂਗਾ |” ਜੱਸੇ ਨੇ ਗਗਨ ਦੇ ਦੋਹੇਂ ਹੱਥ ਫੜ ਕੇ ਚੁੰਮ ਲਏ ਤੇ ਛੇਤੀ ਵਿਆਹ ਕਰਵਾAਣ ਦੀ ਕਸਮ ਲੈ ਲਈ | ਗਗਨ ਦੇ ਕੁਆਰੇ ਸੁਫ਼ਨੇ ਹੋਰ ਵੀ ਮਹਿਕਣ ਲੱਗ ਪਏ | ਜੱਸੀ ਦੀਆਂ ਗੱਲਾਂ ਦੇ ਜਾਦੂ ਨੇ ਉਸਨੂੰ ਕਮਲੀ ਕਰ ਦਿੱਤਾ | ਹੁਣ ਤਾਂ ਉਸਦਾ ਵੀ ਫ਼ਿਲਮ ਦੀ ਹੀਰੋਇਨ ਵਾਂਗ ਬਾਗ਼ੀ ਹੋਣ ਨੂੰ ਚਿੱਤ ਕਰਦਾ | ਅੰਦਰੋਂ ਉੱਠਦੀਆਂ ਦਲੀਲਾਂ ਨੂੰ ਜੱਸੀ ਦੇ ਪਿਆਰ ਨੇ ਕੁੰਦਾ ਕਰ ਦਿੱਤਾ | ਰੀਤ ਉੱਤੇ ਪ੍ਰੀਤ ਭਾਰੀ ਹੋ ਗਈ | ਗਗਨ ਨੇ ਕੱਲ ਨੂੰ ਘਰੋਂ ਭੱਜ ਕੇ ਕੋਰਟ ਮੈਰਿਜ ਕਰਵਾਉਣ ਦਾ ਫ਼ੈਸਲਾ ਕਰ ਲਿਆ |

ਤਾਰਿਆਂ ਦੀ ਖਿੱਤੀ ਸਰਕ ਗਈ | ਬੀਬੀ ਧਾਰਾਂ ਕੱਢਣ ਚਲੀ ਗਈ | ਉਸਦੇ ਮਗਰੋਂ ਹੀ ਗਗਨ ਨੇ ਫਟਾ ਫਟ ਨਹਾ ਲਿਆ | ਅੱਜ ਬੀਬੀ ਦੇ ਮੂਹਰੇ ਹੋਣ ਵਾਸਤੇ ਵੀ ਅੰਦਰੋਂ ਕੋਈ ਸ਼ਕਤੀ ਲੱਭ ਰਹੀ ਸੀ | ਡਰ ਸੀ ਕਿਧਰੇ ਬੀਬੀ ਆਪਣੀ ਧੀ ਦੇ ਚਿਹਰੇ ਤੋਂ ਕੋਈ ਗੁੱਝਾ ਭੇਤ ਨਾ ਪੜ ਲਵੇ | “ਗਗਨ ਪੁੱਤ, ਦੁੱਧ ਪੀ ਲੈ.... ਬਦਾਮ ਛਿੱਲੇ ਪਏ ਨੇ, ਖਾ ਲਵੀਂ” ਰੋਜ਼ ਵਾਂਗ ਬੀਬੀ ਨੇ ਆਵਾਜ਼ ਮਾਰੀ | ਕਹਿੰਦੀ ਹੁੰਦੀ ਹੈ ਵੱਡੀ ਜਮਾਤ ਦੀਆਂ ਕਤਾਬਾਂ ਪੜਨ ਵਾਲੇ ਦਿਮਾਗ ਨੂੰ ਤਾਕਤ ਦੀ ਡਾਹਢੀ ਲੋੜ ਹੁੁੰਦੀ ਹੈ | ਬੀਬੀ ਦੀ ਮੋਹ ਭਿੱਜੀ ਆਵਾਜ਼ ਸੁਣ ਕੇ ਗਗਨ ਦੇ ਅੰਦਰਲੇ ਵੇਗ ਨੂੰ ਇਕ ਵਾਰ ਮੋੜਵੀਂ ਛੱਲ ਪੈ ਗਈ |

ਅੰਦਰਲਾ ਭੈ ਤੇ ਬਦਲਿਆ ਮੌਸਮ ਦੋਹੇਂ ਉਸਦਾ ਸਾਥ ਨਹੀਂ ਦੇ ਰਹੇ ਸਨ | ਫੇਰ ਵੀ ਉਸਨੇ ਸਾਈਕਲ ਤੋਰ ਲਿਆ | ਬੇਬੇ ਨੇ ਮਗਰੋਂ ‘ਵਾਜ ਮਾਰੀ, “ਅੱਜ ਤਾਂ ਅਸਮਾਨੀਂ ਖੱਖ ਚੜੀ ਪਈ ਐ.... ਕਾਲੀ ਬੋਲੀ ਆਊਗੀ.... ਵੇਖ ਰੱਬ ਦਾ ਰੰਗ ਕਿਮੇਂ ਬਦਲਿਆ ਪਿਐ.... ਕੁੜੇ ਰਹਿਣ ਦੇ ਜਾਣ ਨੂੰ.... ਨੇਰੀ ਤਾਂ ਆਈ ਲੈ |” ਬੀਬੀ ਨੇ ਵੀ ਚਿੰਤਾ ਜ਼ਾਹਰ ਕੀਤੀ, “ਗਗਨ ਪਹਿਲੋਂ ਅੱਡੇ ਜਾ ਕੇ ਸਾਇਕਲ ਨੂੰ ਠੱਲੇਗੀ, ਫੇਰ ਬੱਸ ਨੂੰ ਚੜੇਂਗੀ, ਕੁਰੱਤੀ ਜਿਹੀ ਨੇਰੀ ਚੜੀ ਪਈ ਐ.... ਰਹਿਣ ਦੇ ਜਾਣ ਨੂੰ |” ਪਿੱਛੋਂ ‘ਵਾਜਾਂ ਪੈਂਦੀਆਂ ਸੁਣ ਕੇ ਇਕ ਵਾਰ ਫੇਰ ਉਸਦੇ ਲੂੰ ਕੰਡਿਆ ਗਏ | ਬਿਨਾਂ ਤੱਕਿਆਂ ਹੀ ਉਸਨੇ ਆਖਿਆ, “ ਅੱਜ ਜਾਣਾ ਬਹੁਤ ਜ਼ਰੂਰੀ ਐ |” ਸਾਇਕਲ ‘ਤੇ ਸਵਾਰ ਹੋ ਗਈ | ਹਨੇਰੀ ਨੇ ਜਿਵੇਂ ਸਾਰੀ ਕਾਇਨਾਤ ਨੂੰ ਕੈਦ ਕਰ ਲਿਆ | ਰੇਤੇ ਦਾ ਗੁਬਾਰ ਧਰਤੀ ਤੋਂ ਅਸਮਾਨ ਤਾਈਂ ਚੜ ਗਿਆ | ਆਲਾ-ਦੁਆਲਾ ਮੈਲਾ ਹੋ ਗਿਆ | ਪਿੰਡ ਦੀ ਫਿਰਨੀ ‘ਤੇ ਆ ਕੇ ਗਗਨ ਨੇ ਪਿੱਛਾ ਭੌਂ ਕੇ ਘਰ ਦੇ ਚੁਬਾਰਿਆਂ ਵੱਲ ਤੱਕਿਆ | ਧੁੰਧਲੇ ਜਿਹੇ ਨਜ਼ਰ ਆਏ | ਸਾਈਕਲ ਕੱਚੇ ਪਹੇ ‘ਤੇ ਪਾ ਲਿਆ | ਹਨੇਰੀ ਨੇ ਜਿਵੇਂ ਉਸ ਨਾਲ ਯੁੱਧ ਲਾ ਲਿਆ ਹੋਵੇ | ਅੰਦਰਲਾ ਵਜੂਦ ਕੰਬਣ ਲੱਗ ਪਿਆ | ਫੇਰ ਵੀ ਉਸਨੇ ਜ਼ੋਰ ਨਾਲ ਸਾਇਕਲ ਦੇ ਪੈਡਲ ਮਾਰੇ | ਸ਼ੂਕਦੀ ਕਾਲੀ ਬੋਲੀ ਨੇ ਕੱਚੇ ਪਹੇ ਦਾ ਰੇਤਾ ਅਸਮਾਨਾਂ ਤਾਈਂ ਖਿਲਾਰ ਦਿੱਤਾ | ਐਨੀ ਹਨੇਰੀ ਦਰਖ਼ਤਾਂ ਨੂੰ ਵੀ ਢਹਿ ਢੇਰੀ ਕਰੀ ਜਾ ਰਹੀ ਸੀ | ਸ਼ਾਂ....ਸ਼ਾਂ ਦਾ ਅਜੀਬ ਸ਼ੋਰ ਉਸਦੇ ਅੰਦਰਲੇ ਡਰ ਨੂੰ ਹੋਰ ਵਧਾ ਗਿਆ | ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ | ਇੰਝ ਲੱਗ ਰਿਹਾ ਸੀ ਜਿਵੇਂ ਪਰਲੋ ਆ ਜਾਵੇਗੀ | ਸ਼ੂਕਦੀ ਹਵਾ ਨਾਲ ਚੱਲਣਾ ਔਖਾ ਹੋ ਗਿਆ | ਗਗਨ ਸਾਈਕਲ ਤੋਂ ਉੱਤਰ ਗਈ | ਕੁਝ ਵੀ ਨਹੀਂ ਦਿਸ ਰਿਹਾ | ਚੁੰਨੀ ਵਾਰੀ-ਵਾਰੀ ਗਲੋਂ ਲਹਿ ਜਾਂਦੀ | ਉਸਦੇ ਕੰਨਾਂ ਵਿੱਚ ਮੋਟਰਸਾਈਕਲ ਦੀ ਆਵਾਜ਼ ਪਈ | ਆਵਾਜ਼ ਨੇੜੇ ਆ ਗਈ | ਤਿੰਨ ਮੁੰਡੇ ਸਵਾਰ ਸਨ | ਉਸਦੇ ਕੋਲ ਦੀ ਖਹਿ ਕੇ ਲੰਘੇ | ਸਾਇਕਲ ਡਿੱਗ ਪਿਆ | ਮੁੰਡੇ ਫੇਰ ਗਗਨ ਵੱਲ ਨੂੰ ਮੁੜ ਆਏ | ਉਸਦੀਆਂ ਲੱਤਾਂ ਕੰਬਣ ਲੱਗ ਪਈਆਂ | ਨੇੜੇ ਆ ਕੇ ਇਕ ਬੋਲਿਆ, “ਛੱਡ ਯਾਰ ਇਹ ਤਾਂ ਜੱਸੀ ਦੀ ਐ |” ਦੂਜਾ ਹੱਸ ਪਿਆ, “ਅੱਛਾ ਓਹੀ ਪੱਚੀਆਂ ਕਿੱਲਿਆਂ ਆਲੀ.... ਬਈ ਤਕੜਾ ਸ਼ਿਕਾਰੀ ਐ.... ਬਾਹਲੀ ਅਗਾਂਹ ਦੀ ਸੋਚਦੈ |”

ਮੂਹਰੇ ਬੈਠਾ ਮੁੰਡਾ ਗਗਨ ਦੇ ਬਿਲਕੁਲ ਨੇੜੇ ਹੋ ਗਿਆ, “ਚੰਗਾ ਸ਼ਿਕਾਰ ਲੱਭ ਕੇ ਕੁੜੱਕੀ ਲਾਈ ਐ |”

ਕਹਿੰਦਿਆਂ ਕਹਿੰਦਿਆਂ ਉਸਨੇ ਗਗਨ ਦੀ ਚੁੰਨੀ ਖਿੱਚ ਕੇ ਹਵਾ ਵਿੱਚ ਉਛਾਲ ਦਿੱਤੀ | ਚੁੰਨੀ ਲਾਗੇ ਜੰਡ ਵਿੱਚ ਜਾ ਫਸੀ | ਮੁੰਡੇ ਹਨੇਰੀ ਵਿਚ ਕਿਧਰੇ ਗੁਆਚ ਗਏ | ਉਹਨਾਂ ਦੀਆਂ ਗੱਲਾਂ ਗਗਨ ਨੂੰ ਤੀਰ ਵਾਂਗ ਵਿੰਨ ਗਈਆਂ | ਉਹ ਮੇਲੇ ਵਿੱਚ ਗੁਆਚ ਗਏ ਜੁਆਕ ਵਾਂਗ ਰੋ ਪਈ | ਜੰਡ ਵਿਚੋਂ ਚੁੰਨੀ ਕੱਢਦੀ.... ਖਿੱਚਦੀ, ਪਰ ਹੋਰ ਉਲਝ ਜਾਂਦੀ | ਲੀਰੋ-ਲੀਰ ਚੁੰਨੀ ਗਲ ਵਿਚ ਪਾ ਲਈ | ਰੋਂਦੀ ਨੇ ਸਾਇਕਲ ਚੁੱਕ ਲਿਆ | ਮਗਰੋਂ ਕਿਸੇ ਦੀ ਆਵਾਜ਼ ਕੰਨਾਂ ਵਿਚ ਪਈ, “ਆ ਜਾ ਬੀਬੀ.... ਆਸਰਾ ਲੈ ਲਾ.... ਗਾਹਾਂ ਨਾ ਜਾਵੀਂ.... ਅੱਜ ਖੌਰੇ ਕਿਹੜਾ ਪਾਪੀ ਬੈਠੇ ਪਹਿਰੇ ‘ਤੇ |” ਕਰਮੋਂ ਘੁਮਿਆਰੀ ਉਸਨੂੰ ਆਪਣੇ ਨੀਵੇਂ ਜਿਹੇ ਕੱਚੇ ਘਰ ਅੰਦਰ ਲੈ ਗਈ | ਇਕ ਪਾਸੇ ਕੁੱਲੀ ਹੇਠਾਂ ਆਤੂ ਘੁਮਿਆਰ ਤੇ ਉਸਦਾ ਮੂੰਡਾ ਬੈਠੇ ਸਨ | ਗੁਰਦੁਆਰੇ ਵਾਲੇ ਗਿਆਨੀ ਜੀ ਵੀ ਆਸਰਾ ਲੈਣ ਵਾਸਤੇ ਉਹਨਾਂ ਕੋਲ ਬੈਠੇ ਸਨ | ਕਰਮੋਂ ਨੇ ਉਸਨੂੰ ਮੰਜੀ ਡਾਹ ਦਿੱਤੀ, “ਸਿਆਣ ਲਿਆ ਬੀਬੀ ਮੈਨੂੰ.... ਮੈਂ ਥੋਡੇ ਘਰੋਂ ਲੱਸੀ ਲੈਣ ਜਾਨੀਂ ਹੁੰਨੀ ਆਂ.... ਥੋਡੀ ਲੱਸੀ ਤਿਓੜ ਵਰਗੀ ਹੁੰਦੀ ਐ.... ਤੇਰੀ ਮਾਂ ਦੱਸਦੀ ਹੁੰਦੀ ਤੈ.... ਕੁੜੀ ਸ਼ਹਿਰ ਪੜਨ ਜਾਂਦੀ ਐ.... ਬਾਹਲੀ ਲੈਕ ਐ |“ ਕਰਮੋਂ ਬੋਲੀ ਜਾ ਰਹੀ ਸੀ | ਗਗਨ ਹਾਲੇ ਵੀ ਘਾਇਲ ਪਰਿੰਦੇ ਵਾਂਗ ਸਹਿਮੀ ਡੁੰਨ-ਵੱਟਾ ਜਿਹਾ ਬਣੀ ਬੈਠੀ ਸੀ | ਗਿਆਨੀ ਜੀ ਕਹਿੰਦੇ, “ਕੁੜੀਆਂ ਤਾਂ ਅੱਜਕੱਲ ਮੁੰਡਿਆਂ ਨਾਲੋਂ ਵੱਧ ਪੜਦੀਆਂ ਨੇ | ਤੈਨੂੰ ਵੇਖ ਕੇ ਚਾਰ ਹੋਰ ਪਿੰਡ ਦੀਆਂ ਕੁੜੀਆਂ ਬਾਹਰ ਪੜਨ ਜਾਣਗੀਆਂ | ਤੂੰ ਤਾਂ ਕੁੜੇ ਪਿੰਡ ਦੀਆਂ ਕੁੜੀਆਂ ਵਾਸਤੇ ਉਦਾਹਰਣ ਐਂ |”

ਗਗਨ ਨੂੰ ਅੰਦਰੋਂ ਇਕ ਹੋਰ ਠੋਕਰ ਲੱਗੀ | ਅੱਜ ਤੋਂ ਬਾਅਦ ਖੌਰੇ ਏਸ ਪਿੰਡ ਦੀ ਕੁੜੀ ਨੂੰ ਕੋਈ ਸ਼ਹਿਰ ਪੜਨੇ ਭੇਜੇ ਜਾਂ ਨਾ | ਹੁਣ ਸ਼ਾਇਦ ਉਸਦੀ ਉਦਾਹਰਣ ਦਾ ਰੂਪ ਬਦਲ ਜਾਵੇ | ਸੋਚ ਕੇ ਉਸਦਾ ਨਿੱਜ ਖਿਲਰਣ ਲੱਗ ਪਿਆ |

“ਆਹ ਦੇਖੋ.... ਸਾਡਾ ਮੁੰਡਾ, ਦੋ ਵੇਰ ਪੰਜਵੀਂ ‘ਚੋਂ ਫੇਲ ਹੋ ਗਿਆ | ਐਤਕੀਂ ਸਕੂਲ ਈ ਨੀ ਗਿਆ |” ਆਤੂ ਘੁਮਿਆਰ ਨੇ ਆਪਣੇ ਨਿੱਕੇ ਜਿਹੇ ਮੁੰਡੇ ਵੱਲ ਇਸ਼ਾਰਾ ਕਰਕੇ ਆਖਿਆ |

“ਹੁਣ ਵਿਹਲਾ ਕੀ ਕਰਦੈ ?” ਗਿਆਨੀ ਨੇ ਪੁੱਛਿਆ |

“ਕਰਨਾ ਕੀ ਐ.... ਆਹ ਮਗਰਲੇ ਗਮਾਂਢੀਆਂ ਦਾ ਮੁੰਡਾ ਬਾਹਰੋਂ ਆਇਐ.... ਆਉਂਦੇ ਨੇ ਕੋਠੇ ਤੇ ਛਤਰੀ ਜਿਹੀ ਲਾ ਲਈ.... ਸਾਡਾ ਮੁੰਡਾ ਸਾਰਾ ਦਿਨ ਉਹਨਾਂ ਦੇ ਟੈਲੀਬੀਜ਼ਨ ਮੂਹਰੋਂ ਨੀ ਉੱਠਦਾ.... ਘਰੇ ਆ ਕੇ ਪੁੱਠੀਆਂ ਘਤਿੱਤਾਂ ਕਰਦੈ.... ਫਿਲਮਾਂ ਆਲਿਆਂ ਵੰਗੂੰ ਲੱਤਾਂ ਬਾਹਾਂ ਮਾਰੀ ਜਾਂਦੈ |”

ਗਿਆਨੀ ਜੀ ਹੱਸ ਪਏ, “ਸਾਡੇ ਜਵਾਕ ਤਾਂ ਨਿਰੇ ਕੋਰੇ ਕਾਗਜ਼ ਹੁੰਦੇ ਨੇ.... ਜੋ ਵੇਖਿਆ ਸੱਚ ਮੰਨ ਲਿਆ.... ਅੱਕ ਕੀ ਕੁਕੜੀ ਨੂੰ ਈ ਅੰਬ ਸਮਝ ਲੈਂਦੇ ਨੇ |”

ਗਗਨ ਦੇ ਅੰਦਰ ਜਿਵੇਂ ਰੁੱਗ ਭਰਿਆ ਗਿਆ | ਸੋਚਾਂ ਦੇ ਸਮੁੰਦਰ ਵਿਚ ਡੁੱਬਣ ਲੱਗ ਪਈ | ਦਿਲ ਨੂੰ ਕੁੰਡੀ ਲਾ ਲਈ | ਦਿਮਾਗ ਦੇ ਤਰਾਜ਼ੂ ‘ਤੇ ਜੱਸੀ ਦੀਆਂ ਗੱਲਾਂ ਨੂੰ ਤੋਲਦੀ ਰਹੀ | ਕਦੇ ਮੋਟਰਸਾਇਕਲ ਵਾਲੇ ਮੁੰਡਿਆਂ ਦੀ ਗੱਲ ਚੇਤੇ ਕਰਦੀ | ਕਿਤੇ ਨਾ ਕਿਤੇ ਦੋਹਾਂ ਵਿਚਕਾਰ ਕੋਈ ਤਾਰ ਜੁੜਦੀ ਨਜ਼ਰ ਆਈ | ਉਸਨੂੰ ਲੱਗਿਆ ਜਿਵੇਂ ਸਾਜ਼ਿਸ਼ ਦੇ ਘੇਰੇ ਅੰਦਰ ਕੈਦ ਹੋ ਗਈ | ਕੁਝ ਵੀ ਨਾ ਸੋਚ ਸਕੀ.... | ਅੱਖਾਂ ਵਿਚ ਅੱਥਰੂ ਆ ਗਏ | ਅੱਖਾਂ ਘੁੱਟ ਕੇ ਮੀਚ ਲਈਆਂ | ਹਨੇਰੇ ਵਿੱਚ ਕਈ ਭੂਤਾਂ ਵਰਗੇ ਚਿਹਰੇ ਘਰ ਦੇ ਬੂਹੇ ਮੂਹਰੇ ਸ਼ੋਰ ਪਾਉਂਦੇ ਨਜ਼ਰ ਆਏ | ਬਾਹਾਂ ਕੱਢ-ਕੱਢ ਗੱਲਾਂ ਕਰਦੇ | ਬਾਪੂ ਦੋਹਾਂ ਹੱਥਾਂ ਵਿਚਾਲੇ ਸਿਰ ਦੇਈ ਬੈਠਾ | ਪੱਗ ਹੇਠਾਂ ਡਿੱਗੀ ਹੋਈ | ਬੀਬੀ ਚੌਂਕੇ ਵਿੱਚ ਥਪਣਾ ਮਾਰੀ ਹੇਠਾਂ ਬੈਠੀ | ਚੁੰਨੀ ਨਾਲ ਮੂੰਹ ਕੱਜੀ ਡੁਸਕੀ ਜਾਂਦੀ | ਬੇਬੇ ਦੰਦ ਕਰੀਚ-ਕਰੀਚ ਬੀਬੀ ਨੂੰ ਮਿਹਣੇ ਦੇਈ ਜਾ ਰਹੀ ਹੈ | ਅੱਜ ਗਗਨ ਨੂੰ ਹੀ ਕੋੜਕੂ ਕਹਿੰਦੀ ਹੋਵੇਗੀ | ਬੀਬੀ ਸਭ ਕੁਝ ਸੁਣ ਕੇ ਵੀ ਚੁੱਪ ਹੈ | ਹਮੇਸ਼ਾਂ ਵਾਂਗ | ਬੇਬੇ ਮੂਹਰੇ ਕਦੇ ਨਹੀਂ ਬੋਲਦੀ |

ਗਗਨ ਨੂੰ ਅੰਦਰੋਂ ਸਭ ਕੁਝ ਤਿੜਕਦਾ ਨਜ਼ਰ ਆਇਆ | ਉਹ ਕੀਚਰਾਂ ਬਣ ਕੇ ਖਿੰਡਣ ਲੱਗ ਪਈ | ਨੰਗੀ ਕਿਰਚ ਵਾਂਗ ਲਿਸ਼ਕੀ ਬਿਜਲੀ ਨੇ ਉਸਦਾ ਧਿਆਨ ਤੋੜ ਦਿੱਤਾ | ਅੱਖਾਂ ਖੋਲ ਕੇ ਵੇਖਿਆ | ਮੀਂਹ ਵਰਣ ਲੱਗ ਪਿਆ | ਕੁੱਲੀ ਵੀ ਚਿਉਣ ਲੱਗ ਪਈ | ਆਤੂ ਮਿੱਟੀ ਦੇ ਭਾਂਡੇ ਇਕੱਠੇ ਕਰਨ ਲੱਗ ਪਿਆ | ਇਕ ਝੱਜਰ ਚੁੱਕ ਕੇ ਕਹਿੰਦਾ, “ਆਹ ਵੇਖੋ ਗਿਆਨੀ ਜੀ.... ਸਾਡੇ ਜਵਾਕ ਦੇ ਕੰਮ.... ਕਹਿੰਦਾ ਚਿਲਮ ਬਣਾਊਂਗਾ ਤੇ ਬਣਾਤੀ ਝੱਜਰ |”

ਮੁੰਡਾ ਉੱਠਕੇ ਕਹਿੰਦਾ, “ਓਹ ਤਾਂ ਮਿੱਟੀ ਵਧਗੀ ਸੀ | ਮੇਰਾ ਵਿਚਾਰ ਬਦਲ ਗਿਆ.... ਮੈਂ ਝੱਜਰ ਬਣਾਤੀ |”

ਗਿਆਨੀ ਜੀ ਹੱਸ ਪਏ, “ਵਾਹ ਬਈ ਪੁੱਤਰਾ.... ਤੇਰਾ ਵਚਾਰ ਬਦਲ ਗਿਆ ਤੇ ਮਿੱਟੀ ਦਾ ਆਕਾਰ ਬਦਲ ਗਿਆ | ਸਗੋਂ ਇਸਦਾ ਸੰਸਾਰ ਬਦਲ ਗਿਆ |”

“ਓਹ ਕਿਮੇਂ ?” ਮੁੰਡੇ ਨੇ ਭੋਲਾ ਜਿਹਾ ਮੂੰਹ ਬਣਾ ਕੇ ਗਿਆਨੀ ਜੀ ਨੂੰ ਪੁੱਛਿਆ |

“ਓਏ ਪੁੱਤਰਾ, ਚਿਲਮ ਬਣ ਜਾਂਦੀ ਤਾਂ ਮਘਦੀ ਰਹਿੰਦੀ.... ਮੱਚਦੀ ਰਹਿੰਦੀ | ਝੱਜਰ ਬਣਗੀ ਤਾਂ ਸੀਤਲ ਰਹੂਗੀ.... ਕਈਆਂ ਦਾ ਕਾਲਜਾ ਠਾਰੂਗੀ |”

ਕੁੱਲੀ ਵਿਚੋਂ ਤੇਜ਼ ਮੀਂਹ ਦੀ ਧਾਰ ਚੁੱਲੇ ਦੀ ਅੱਗ ‘ਤੇ ਆਣ ਪਈ | ਸ਼ੂੰ-ਸ਼ੂੰ ਕਰਕੇ ਅੱਗ ਠਰਣ ਲੱਗ ਪਈ | ਹਨੇਰਾ ਚੁੱਕਿਆ ਗਿਆ | ਜਿਵੇਂ ਕਿਸੇ ਨੇ ਚਾਰੇ ਪਾਸੇ ਚਾਨਣ ਤਰੌਂਕ ਦਿੱਤਾ ਹੋਵੇ | ਗਗਨ ਉੱਠ ਖਲੋਤੀ, ਸਾਇਕਲ ਨੂੰ ਕੱਚੇ ਪਹੇ ‘ਤੇ ਪਾ ਲਿਆ | ਕੱਚੇ ਪਹੇ ਦਾ ਰੇਤਾ ਥਾਈਂ ਸਥਿਰ ਹੋ ਕੇ ਸੁਗੰਧਿਤ ਹੋ ਗਿਆ | ਗਗਨ ਨੂੰ ਪਿੰਡ ਦੀ ਫਿਰਨੀ ‘ਤੇ ਆ ਕੇ ਆਪਣੇ ਘਰ ਦੇ ਚੁਬਾਰੇ ਘਰ ਦੇ ਚੁਬਾਰੇ ਸਾਫ਼ ਨਜ਼ਰ ਆ ਰਹੇ ਸਨ |

No comments: