ਬੜੇ ਹੀ ਦੁੱਖ ਤੇ ਅਫਸੋਸ ਵਾਲੀ ਗੱਲ ਹੈ ਕਿ ਅੱਜ 21ਵੀਂ ਸਦੀ ਵਿੱਚ ਧੀਆਂ ਨੂੰ ਆਪਣੇ ਵਜੂਦ ਨੂੰ ਬਚਾਈ ਰੱਖਣ ਲਈ ਆਪਣੇ ਜਨਮ ਦਾਤਿਆਂ, ਆਪਣੇ ਵਡੇਰਿਆਂ ਅੱਗੇ ਸੈਮੀਨਾਰਾਂ ਵਿੱਚ ਤਰਕ ਦੇਣੇ ਪੈ ਰਹੇ ਹਨ | ਵਿਚਾਰ ਕਰਨ ਵਾਲੀ ਗੱਲ ਹੈ ਕਿ ਇੱਕ ਅਣਜੰਮੀ ਬੇਟੀ ਹੱਥ ਜੋੜ ਕੇ ਆਪਣੇ ਜੀਵਨ ਦੀ ਭੀਖ ਮੰਗਣ ਲਈ ਮਜ਼ਬੂਰ ਕਿਉਂ ਹੋ ਗਈ ? ਜੇਕਰ ਸਾਡੇ ਤੋਂ ਕੋਈ ਵਿਅਕਤੀ ਕੋਈ ਚੀਜ਼ ਖੋਹ ਲਵੇ ਤਾਂ ਸਾਨੂੰ ਬੜੀ ਤਕਲੀਫ਼ ਹੁੰਦੀ ਹੈ ਤੇ ਇੱਥੇ ਇੱਕ ਅਣਜੰਮੀ ਧੀ ਤੋਂ ਜੀਵਨ ਦਾ ਆਨੰਦ ਲੈਣ ਦਾ ਅਧਿਕਾਰ ਹੀ ਖੋਹਿਆ ਜਾ ਰਿਹਾ ਹੈ, ਜਿਸ ਦੀ ਕਿਸੇ ਨੂੰ ਕੋਈ ਤਕਲੀਫ਼ ਨਹੀਂ ਮਹਿਸੂਸ ਹੋ ਰਹੀ |
ਅਸਲ ਵਿੱਚ ਅੱਜ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਬੈਠੀ ਹੈ | ਇਹ ਉਹੀ ਸੱਸ ਹੁੰਦੀ ਹੈ ਜੋ ਆਪਣੀ ਨੂੰਹ ਨਾਲ ਭੈੜਾ ਵਤੀਰਾ ਕਰਦੀ ਹੈ ਪਰ ਜਦ ਆਪਣੀ ਧੀ ਦੀ ਗੱਲ ਆਉਂਦੀ ਹੈ ਤਾਂ ਉਸਦੀ ਸਾਰੀ ਸੋਚ ਬਦਲ ਜਾਂਦੀ ਹੈ | ਨੂੰਹ ਤੇ ਧੀ ਵਿਚਲੇ ਫਰਕ ਦਾ ਪੈਂਡਾ ਕਦ ਮੁੱਕੇਗਾ ? ਉਹ ਕਿਉਂ ਭੁੱਲ ਜਾਂਦੀ ਹੈ ਕਿ ਉਹ ਵੀ ਕਦੀ ਕਿਸੇ ਦੀ ਨੂੰਹ ਸੀ | ਅੱਜ ਆਧੁਨਿਕ ਜ਼ਮਾਨੇ ਵਿੱਚ ਵਿਚਰਦਿਆਂ ਜਦ ਨੂੰਹ ਕਿਸੇ ਫੰਕਸ਼ਨ ਜਾਂ ਕਿਸੇ ਹੋਰ ਵਿਚਾਰਧਾਰਾ ਵਿੱਚ ਸ਼ਾਮਲ ਹੁੰਦੀ ਹੈ ਤਾਂ ਅਕਸਰ ਸੱਸ ਵੱਲੋਂ ਇਹ ਗੱਲ ਸੁਨਣ ਨੂੰ ਮਿਲਦੀ ਹੈ ਕਿ “ਅਸੀਂ ਤਾਂ ਇੰਝ ਕਦੇ ਨਹੀਂ ਸੀ ਕਰਦੀਆਂ ਹੁੰਦੀਆਂ” | ਇਸ ਸਮਾਜ ਦੀਆਂ ਸਾਰੀਆਂ ਸੱਸਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅੱਜ ਦਾ ਯੁੱਗ ਉਹਨਾਂ ਦੇ ਬਿਤਾਏ ਸਮੇਂ ਨਾਲੋਂ ਬਹੁਤ ਅਗਾਂਹਵਧੂ ਤੇ ਆਧੁਨਿਕ ਹੋ ਚੁੱਕਾ ਹੈ | ਅੱਜ ਸਮੇਂ ਦੀ ਇਹ ਮੰਗ ਹੈ ਕਿ ਤੁਹਾਡੀਆਂ ਨੂੰਹਾਂ, ਤੁਹਾਡੇ ਪੁੱਤਰਾਂ ਦੇ ਕਦਮਾਂ ਨਾਲ ਕਦਮ ਮਿਲਾਕੇ ਤੁਹਾਡੇ ਪਰਿਵਾਰ ਨੂੰ ਚਲਾਉਣ | ਇਸ ਕੰਪੀਟੀਸ਼ਨ ਦੇ ਯੁੱਗ ਵਿੱਚ ਤੁਹਾਡੇ ਪੁੱਤਰਾਂ ਕੋਲ ਆਪਣੇ ਕੰਮ-ਕਾਰ ਤੋਂ ਕਿੱਥੇ ਵਿਹਲ ਹੈ ਕਿ ਉਹ ਤੁਹਾਡੇ ਪੋਤਿਆਂ-ਪੋਤੀਆਂ ਦੇ ਸਕੂਲਾਂ ਵਿੱਚ ਜਾ ਕੇ ਉਹਨਾਂ ਦੀ ਪੜਾਈ ਲਿਖਾਈ ਬਾਰੇ ਪਤਾ ਕਰਨ | ਬਜ਼ਾਰ ਜਾ ਕੇ ਕਿਲੋ-ਕਿਲੋ ਸਬਜ਼ੀ ਖਰੀਦਣ | ਜੇਕਰ ਤੁਹਾਡੀਆਂ ਨੂੰਹਾਂ ਆਪਣੇ ਪਰਿਵਾਰ ਨੂੰ ਚਲਾਉਣ ਲਈ ਇਹ ਜਿੰਮੇਵਾਰੀ ਸੰਭਾਲ ਰਹੀਆਂ ਹਨ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ |
ਅਸੀਂ ਆਪਣੇ ਵਿਰਸੇ ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ, ਆਪਣੇ ਗੁਰੂਆਂ ਪੀਰਾਂ ਦੇ ਅੱਗੇ ਸਿਰ ਝੁਕਾਉਂਦੇ ਹਾਂ, ਸਾਡੇ ਪਿਆਰੇ ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਸ਼ਹੀਦ ਹੋਏ ਆਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕਰਦੇ ਹਾਂ | ਪਰ ਕੀ ਉਹਨਾਂ ਮਹਾਨ ਲੋਕਾਂ ਨੇ ਕਿਸੇ ਕੋਖ ਤੋਂ ਜਨਮ ਨਹੀਂ ਸੀ ਲਿਆ ? ਕੀ ਉਹਨਾਂ ਨੂੰ ਆਪਣੀ ਛਾਤੀ ਦਾ ਅੰਮ੍ਰਿਤ ਪਿਲਾ ਕੇ ਵੱਡਾ ਕਰਨ ਵਾਲੀ ਮਾਂ ਇੱਕ ਔਰਤ ਨਹੀਂ ਸੀ ? ਉਹ ਔਰਤ ਵੀ ਤਾਂ ਕਦੇ ਬੱਚੀ ਸੀ | ਜੇਕਰ ਉਸ ਬੱਚੀ ਦੇ ਮਾਂ-ਬਾਪ ਨੇ ਅਜੋਕੇ ਸਮਾਜ ਵਿੱਚ ਪਨਪ ਰਹੀ ਬੇਹੱਦ ਸ਼ਰਮਨਾਕ ਲਾਹਣਤ “ਭਰੂਣ ਹੱਤਿਆ” ਦਾ ਸਹਾਰਾ ਲਿਆ ਹੁੰਦਾ ਤਾਂ ਕਿਥੋਂ ਅਜਿਹੇ ਮਹਾਨ ਲੋਕ ਸਾਡਾ ਮਹਾਨ ਵਿਰਸਾ ਬਣ ਸਕਦੇ ਸੀ ? ਜੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਲਾਲਾ ਲਾਜਪਤ ਰਾਏ ਜਾਂ ਹੋਰ ਸ਼ਹੀਦਾਂ ਦੀਆਂ ਮਾਵਾਂ ਵੀ ਇਸ ਲਾਹਣਤ ਦਾ ਸ਼ਿਕਾਰ ਹੋ ਜਾਂਦੀਆਂ ਤਾਂ ਭਾਰਤ ਮਾਤਾ ਨੂੰ ਇਹ ਲਾਲ ਕਿੱਥੋਂ ਲੱਭਣੇ ਸਨ ?
ਇਸ ਸਮਾਜ ਦੀਆਂ ਨੂੰਹਾਂ ਜਾਂ ਮੁਟਿਆਰਾਂ ਜਿਨਾਂ ਨੇ ਅੱਜ ਜਾਂ ਕੱਲ ਨੂੰ ਕਿਸੇ ਦੀ ਨੂੰਹ ਬਨਣਾ ਹੈ, ਉਹਨਾਂ ਨੂੰ “ਭਰੂਣ ਹੱਤਿਆ” ਪ੍ਰਤੀ ਜਾਗਰੂਕ ਹੋ ਜਾਣਾ ਚਾਹੀਦਾ ਹੈ ਕਿ ਲੜਕਾ ਜਾਂ ਲੜਕੀ ਦੇ ਚੱਕਰ ਨੂੰ ਛੱਡ ਕੇ ਸਿਹਤਮੰਦ ਸੋਚ ਅਪਣਾਓ | ਤੁਹਾਨੂੰ ਅਬਾਰਸ਼ਨ ਕਰਵਾਉਣ ਲਈ ਕੋਈ ਵੀ ਮਜ਼ਬੂਰ ਨਹੀਂ ਕਰ ਸਕਦਾ, ਚਾਹੇ ਉਹ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਉਂ ਨਾਂ ਹੋਵੇ | ਕਈ ਪਰਿਵਾਰਾਂ ਵਿੱਚ ਲੜਕੇ ਦੇ ਚੱਕਰ ਵਿੱਚ ਚਾਰ-ਚਾਰ, ਪੰਜ-ਪੰਜ ਵਾਰ ਅਬਾਰਸ਼ਨ ਕਰਵਾਇਆ ਜਾਂਦਾ ਹੈ | ਜਿਨਾਂ ਮੁਟਿਆਰਾਂ ਨੂੰ ਵਾਰ-ਵਾਰ ਅਬਾਰਸ਼ਨ ਦੀ ਦਰਦਨਾਕ ਹਾਲਤ ਵਿੱਚੋਂ ਨਿਕਲਣਾ ਪੈਂਦਾ ਹੈ, ਉਹਨਾਂ ਦੇ ਸਰੀਰ ਮਿੱਟੀ ਹੋ ਜਾਂਦੇ ਹਨ ਤੇ ਬਾਅਦ ਵਿੱਚ ਅਨੇਕਾਂ ਬਿਮਾਰੀਆਂ ਦੇ ਘਰ ਬਣ ਜਾਂਦੇ ਹਨ | ਕਈ ਪਰਿਵਾਰਾਂ ਵਿੱਚ ਲੜਕੇ ਦੇ ਇੰਤਜ਼ਾਰ ਵਿੱਚ ਚਾਰ-ਚਾਰ, ਪੰਜ-ਪੰਜ ਲੜਕੀਆਂ ਨੂੰ ਜਨਮ ਦਿੱਤਾ ਜਾਂਦਾ ਹੈ | ਜਨਮ ਲੈਣ ਵਾਲੀਆਂ ਬੇਕਸੂਰ ਲੜਕੀਆਂ ਨਾਲ ਮਤਰੇਇਆਂ ਵਰਗਾ ਸਲੂਕ ਕੀਤਾ ਜਾਂਦਾ ਹੈ | ਆਖਿਰ ਕੀ ਕਸੂਰ ਹੈ ਉਹਨਾਂ ਮਾਸੂਮ ਬੱਚੀਆਂ ਦਾ | ਸੁਣੋ ਬੇਦਰਦ ਮਾਪਿਓ ਸੁਣੋ, ਉਹਨਾਂ ਬੱਚੀਆਂ ਨੂੰ ਤੁਸੀਂ ਆਪਣੇ ਮਤਲਬ ਲਈ ਇਸ ਦੁਨੀਆਂ ਵਿੱਚ ਲੈ ਕੇ ਆਏ ਹੋ | ਉਹਨਾਂ ਦਾ ਪਾਲਣ-ਪੋਸ਼ਣ, ਪੜਾਈ ਤੇ ਜਿੰਦਗੀ ਵਿੱਚ ਚੰਗਾ ਮੁਕਾਮ ਹਾਸਲ ਕਰਨਾ ਉਹਨਾਂ ਦਾ ਅਧਿਕਾਰ ਹੈ | ਜੇਕਰ ਤੁਸੀਂ ਉਹਨਾਂ ਨੂੰ ਇਹਨਾਂ ਅਧਿਕਾਰਾਂ ਤੋਂ ਵਾਝਿਆਂ ਰੱਖਦੇ ਹੋ ਤਾਂ ਤੁਸੀਂ ਬੇਇਨਸਾਫ਼ੀ ਕਰ ਰਹੇ ਹੋ | ਮੁੰਡੇ ਦੇ ਹੱਥ ਵਿੱਚ ਚਾਕਲੇਟ ਤੇ ਕੁੜੀ ਦੀਆਂ ਚੀਜ਼ੀ ਲੈਣ ਨੂੰ ਤਰਸਦੀਆਂ ਨਿਗਾਹਾਂ, ਮੁੰਡੇ ਖੜਾ ਅੰਗਰੇਜ਼ੀ ਸਕੂਲ ਦੀ ਬੱਸ ਜਾਂ ਵੈਨ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਤੇ ਨਿੱਕੀ ਜਿਹੀ ਬੱਚੀ ਤੱਪੜਾਂ ਵਾਲੇ ਸਕੂਲ ਜਾ ਰਹੀ ਹੁੰਦੀ ਹੈ | ਕਿਉਂ ਹੈ ਇਹ ਫ਼ਰਕ ? ਜ਼ਰਾ ਗੌਰ ਨਾਲ ਆਪਣੇ ਚਾਰ ਚੁਫੇਰੇ ਦੇਖੋ, ਰੋਜ਼ ਅਖਬਾਰਾਂ ਵਿੱਚ ਪੜਦੇ ਹੋ ਕਿ ਫਲਾਣੀ ਪ੍ਰੀਖਿਆ ਵਿੱਚ ਲੜਕੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਫਲਾਣੇ ਸਕੂਲ ਦੀਆਂ ਲੜਕੀਆਂ ਨੇ ਰਾਜ ਪੱਧਰ ਤੇ ਪਹਿਲੀਆਂ ਪੁਜੀਸ਼ਨਾਂ ਤੇ ਕਬਜ਼ਾ ਕੀਤਾ | ਉਦੋਂ ਤਾਂ ਬੜੇ ਚਾਅ ਨਾਲ ਸਾਰਾ ਪਰਿਵਾਰ ਅਖ਼ਬਾਰ ਲਈ ਮੁਸਕਰਾਉਂਦੇ ਹੋਏ ਚਿਹਰਿਆਂ ਨਾਲ ਫੋਟੋ ਖਿਚਵਾਉਂਦਾ ਹੈ | ਫਿਰ ਜਦ ਉਸੇ ਲੜਕੀ ਦੇ ਅੱਗੇ ਦੋ ਬੇਟੀਆਂ ਜਨਮ ਲੈ ਲੈਂਦੀਆਂ ਹਨ ਤਾਂ ਉਸ ਉੱਪਰ ਮਾਣ ਕਰਨ ਵਾਲੇ ਚਿਹਰੇ ਹੀ ਮੁਰਝਾ ਜਾਂਦੇ ਹਨ | ਪਤਾ ਨਹੀਂ ਇਸ ਦੇਸ਼ ਵਿੱਚ ਕਿੰਨੀਆਂ ਲਤਾ ਮੰਗੇਸ਼ਕਰ, ਕਿੰਨੀਆਂ ਕਲਪਨਾਂ ਚਾਵਲਾ ਜਨਮ ਲੈਣ ਤੋਂ ਪਹਿਲਾਂ ਹੀ ਸਮਾਜ ਦੀ ਸੌੜੀ ਸੋਚ ਦਾ ਨਿਸ਼ਾਨਾ ਬਣ ਜਾਂਦੀਆਂ ਹਨ |
ਸਾਡੇ ਦੇਸ਼ ਦੀ ਅਬਾਦੀ ਵਿਸਫੋਟਕ ਤਰੀਕੇ ਨਾਲ ਵਧ ਰਹੀ ਹੈ | ਦੇਸ਼ ਦਾ ਨੌਜਵਾਨ ਤਬਕਾ ਰੋਜ਼ਗਾਰ ਦੀ ਤਲਾਸ਼ ਵਿੱਚ ਭਟਕ ਰਿਹਾ ਹੈ | ਬੇਰੋਜ਼ਗਾਰੀ, ਪਰਿਵਾਰ ਨੂੰ ਚਲਾਉਣ ਤੇ ਭਵਿੱਖ ਦੀ ਚਿੰਤਾ ਵਿੱਚ ਨਸ਼ਿਆਂ ਵਿੱਚ ਗ੍ਰਸਤ ਹੋਣ ਦਾ ਰੁਝਾਨ ਦਿਨ-ਬ-ਦਿਨ ਵਧ ਰਿਹਾ ਹੈ | ਬੇ-ਲਗਾਮ ਮਹਿੰਗਾਈ, ਖੇਤੀ-ਬਾੜੀ ਲਈ ਘਟਦੀ ਜ਼ਮੀਨ, ਘਟਦੇ ਕੁਦਰਤੀ ਸੋਮੇ ਤੇ ਹੋਰ ਵੀ ਬਹੁਤ ਕੁਝ ਜੋ ਚੰਗਾ ਨਹੀਂ ਹੋ ਰਿਹਾ ਤੇ ਮਨੁੱਖਤਾ ਲਈ ਖਤਰਾ ਪੈਦਾ ਕਰ ਰਿਹਾ ਹੈ, ਇਹਨਾਂ ਸਭ ਅਲਾਮਤਾਂ ਲਈ ਵਧਦੀ ਹੋਈ ਅਬਾਦੀ ਬੜੀ ਹੱਦ ਤੱਕ ਜਿੰਮੇਵਾਰ ਹੈ | ਜੇਕਰ ਇਸ ਤੇ ਜੇਕਰ ਕਾਬੂ ਨਾਂ ਪਾਇਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦ ਕਿ ਆਉਣ ਵਾਲੀਆਂ ਪੀੜੀਆਂ ਬੁਨਿਆਦੀ ਸਹੂਲਤਾਂ ਨੂੰ ਤਰਸਣਗੀਆਂ | ਸਾਇੰਸ ਨੇ ਇੱਕ ਬਹੁਤ ਵਧੀਆ ਤੋਹਫਾ ਮਨੁੱਖਤਾ ਨੂੰ ਦਿੱਤਾ ਸੀ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸਦੀ ਤੰਦਰੁਸਤੀ ਆਦਿ ਬਾਰੇ ਮਾਪੇ ਜਾਣ ਲੈਂਦੇ ਸਨ | ਜੇਕਰ ਹੋਣ ਵਾਲਾ ਬੱਚਾ ਅਪੰਗ ਆਦਿ ਹੁੰਦਾ ਤਾਂ ਉਸਨੂੰ ਜਨਮ ਦੇ ਕੇ ਸਾਰੀ ਉਮਰ ਦਾ ਦੁੱਖ ਭੋਗਣ ਦੀ ਬਜਾਏ, ਅਬਾਰਸ਼ਨ ਕਰਵਾ ਕੇ ਜਨਮ ਨਾਂ ਦੇਣ ਦਾ ਫੈਸਲਾ ਕੋਈ ਗਲਤ ਫੈਸਲਾ ਨਹੀਂ ਸੀ ਪਰ ਸਾਡੀਆਂ ਸੌੜੀਆਂ ਸੋਚਾਂ ਨੇ ਸਾਇੰਸ ਦੇ ਇਸ ਵਰਦਾਨ ਨੂੰ ਸਰਾਪ ਬਣਾ ਕੇ ਪੇਸ਼ ਕਰ ਦਿੱਤਾ | ਜੋ ਗਰਭ ਟੈਸਟ ਬੱਚੇ ਦੀ ਤੰਦਰੁਸਤੀ ਪਰਖਣ ਲਈ ਬਣਾਏ ਗਏ ਸਨ, ਉਸਨੂੰ ਮੁੰਡੇ ਜਾਂ ਕੁੜੀ ਦੇ ਟੈਸਟ ਦੇ ਰੂਪ ਵਿੱਚ ਪ੍ਰਚੱਲਿਤ ਕਰਕੇ ਲੋਕਾਂ ਨੇ ਡਾਕਟਰਾਂ ਦੇ ਘਰ ਭਰਨੇ ਸ਼ੁਰੂ ਕਰ ਦਿੱਤੇ | ਜੋ ਖੋਜਾਂ ਅਪੰਗ ਬੱਚਿਆਂ ਦੀ ਜਿੰਦਗੀ ਨਰਕ ਬਨਣ ਤੋਂ ਬਚਾਉਣ ਲਈ ਕੀਤੀਆਂ ਗਈਆਂ ਸਨ, Aਹ ਮਾਸੂਮ ਜਿੰਦਾਂ ਨੂੰ ਰੋਲਣ ਲਈ ਵਰਤੀਆਂ ਜਾਣ ਲਗੀਆਂ | ਜੇਕਰ ਸਾਇੰਸ ਦੀ ਇਸ ਖੋਜ ਨੂੰ ਕੁੜੀਆਂ ਦੇ ਜਨਮ ਤੇ ਰੋਕ ਲਾਉਣ ਦੀ ਬਜਾਏ ਆਬਾਦੀ ਤੇ ਕੰਟਰੌਲ ਲਈ ਵਰਤਿਆ ਜਾਏ ਤਾਂ ਸ਼ਾਇਦ ਇਸ ਵਿੱਚ ਕੋਈ ਬੁਰਾਈ ਵੀ ਨਹੀਂ ਹੋਵੇਗੀ | ਕਿਉਂਕਿ ਮੈਡੀਕਲ ਸਾਇੰਸ ਸੱਤ ਮਹੀਨੇ ਤੋਂ ਪਹਿਲਾਂ ਦੇ ਭਰੂਣ ਨੂੰ ਬੇਬੀ ਨਹੀਂ ਮੰਨਦੀ, ਕੇਵਲ ਸਰੀਰ ਦਾ ਇੱਕ ਹਿੱਸਾ ਹੀ ਮੰਨਦੀ ਹੈ | ਇਸ ਹਾਲਤ ਵਿੱਚ ਇਸਨੂੰ ਹੱਤਿਆ ਨਾਂ ਕਹਿ ਕੇ ਕੇਵਲ ਫੈਮਲੀ ਪਲਾਨਿੰਗ ਦਾ ਇੱਕ ਹਿੱਸਾ ਹੀ ਮੰਨਿਆ ਜਾਣਾ ਚਾਹੀਦਾ ਹੈ | ਅੱਜ ਲੋੜ ਹੈ ਸਾਇੰਸ ਦੇ ਇਹਨਾਂ ਵਰਦਾਨਾਂ ਦੀ ਸਹੀ ਜ਼ਰੂਰਤ ਤੇ ਵਰਤੋਂ ਸਮਝਣ ਦੀ | ਇਹ ਸਭ ਸੰਭਵ ਤਾਂ ਹੀ ਹੋ ਸਕਦਾ ਹੈ ਜੇਕਰ ਸਾਡੀ ਨੌਜਵਾਨ ਪੀੜੀ ਖੁਦ ਜਾਗਰੂਕ ਹੋਵੇ ਤੇ ਵਧ ਕੇ ਬੱਚੀਆਂ ਦੀ ਰਾਖੀ ਲਈ ਅੱਗੇ ਆਵੇ |
ਦੇਸ਼ ਵਿੱਚ ਪਨਪ ਰਹੀ ਇੱਕ ਹੋਰ ਲਾਹਣਤ ਦਹੇਜ ਵੀ ਭਰੂਣ ਹੱਤਿਆ ਦਾ ਇੱਕ ਵੱਡਾ ਕਾਰਨ ਹੈ | ਲੱਖਾਂ ਰੁਪਏ ਲੜਕੀ ਦੇ ਵਿਆਹ ਤੇ ਲਗਾਉਣ ਤੋਂ ਬਚਣ ਲਈ ਮਾਪੇ ਅੱਠ-ਦਸ ਹਜ਼ਾਰ ਰੁਪਏ ਖਰਚ ਕਰਕੇ ਆਪਣਾ ਭਵਿੱਖ ਸੁਰਖਿੱਅਤ ਕਰਨਾ ਚਾਹੁੰਦੇ ਹਨ | ਲੱਖਾਂ ਰੁਪਏ ਲਗਾ ਕੇ ਵੀ ਕਿਹੜਾ ਲੜਕੀਆਂ ਦਾ ਭਵਿੱਖ ਸੁਰੱਖਿਅਤ ਹੈ ? ਹਰ ਰੋਜ਼ ਅਖਬਾਰਾਂ ਵਿੱਚ, ਟੈਲੀਵੀਜ਼ਨ ਵਿੱਚ ਅਜਿਹੀਆਂ ਖਬਰਾਂ ਮਿਲ ਜਾਂਦੀਆਂ ਹਨ, ਜਿਨਾਂ ਵਿੱਚ ਮੁਟਿਆਰਾਂ ਦਹੇਜ ਦੀ ਬਲੀ ਚੜ ਜਾਂਦੀਆਂ ਹਨ | ਨਿੱਕੇ ਨਿੱਕੇ ਮਾਸੂਮ ਬਾਲ ਰੁਲ ਜਾਂਦੇ ਹਨ, ਜਦ ਉਹਨਾਂ ਦੀ ਮਾਂ ਨਹੀਂ ਰਹਿੰਦੀ | ਉਹਨਾਂ ਬੱਚਿਆਂ ਦੇ ਪਿਤਾ ਤੇ ਦਾਦਾ-ਦਾਦੀ ਦਾ ਧਿਆਨ ਹੋਰ ਸਾਮੀਆਂ ਟਿਕਾਉਣ ਵੱਲ ਹੁੰਦਾ ਹੈ | ਫਿਰ ਮਤਰੇਈ ਮਾਂ ਦੇ ਘਰ ਵਿੱਚ ਆ ਜਾਣ ਤੇ ਰਹੀ ਸਹੀ ਕਸਰ ਵੀ ਪੂਰੀ ਹੋ ਜਾਂਦੀ ਹੈ |
ਸੋ ਨਿਚੋੜ ਇਹ ਹੈ ਕਿ ਜੇਕਰ ਅਸੀਂ ਭਰੂਣ ਹੱਤਿਆ ਵਰਗੀ ਲਾਹਣਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਸਦੇ ਕਾਰਣਾਂ ਵੱਲ ਝਾਤ ਮਾਰਨੀ ਪਵੇਗੀ | “ਭਰੂਣ ਹੱਤਿਆ ਬੁਰੀ ਲਾਹਣਤ ਹੈ” ਦੇ ਨਾਅਰੇ ਲਗਾ ਕੇ, ਭਾਸ਼ਣ ਦੇ ਕੇ, ਸੈਮੀਨਾਰ ਕਰਵਾ ਕੇ, ਸਰਕਾਰੀ ਤੰਤਰ ਜਾਂ ਉਸਦਾ ਪੈਸਾ ਵਰਤਕੇ ਜਾਂ ਡਾਕਟਰਾਂ ਨੂੰ ਜਿੰਮੇਵਾਰ ਠਹਿਰਾ ਕੇ ਇਸਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ | ਇਸ ਲਾਹਣਤ ਨੂੰ ਉਤਸ਼ਾਹ ਦੇਣ ਲਈ ਮਾਪੇ ਵੀ ਬਰਾਬਰ ਦੇ ਜੁੰਮੇਵਾਰ ਹਨ | ਸੋ ਜੇਕਰ ਸਾਡਾ ਸਮਾਜ ਇਸਤੋਂ ਮੁਕਤੀ ਚਾਹੁੰਦਾ ਹੈ ਤਾਂ ਪਹਿਲਾਂ ਸਾਨੂੰ ਇਸਦੇ ਕਾਰਣਾਂ ਨੂੰ ਨੱਥ ਪਾਉਣੀ ਪਵੇਗੀ |
1 comment:
bhut hi vdhai leekh hai rishi ji. is masle te bhut hi ghat santulat leekh han te thada leekh hai.
Post a Comment