ਚਾਨਣੀ ਰਾਤ ਦਾ ਚੰਨ.......... ਨਜ਼ਮ/ਕਵਿਤਾ / ਰਿਸ਼ੀ ਗੁਲਾਟੀ,

ਬਿਮਾਰ ਤੇ ਕਮਜ਼ੋਰ ਵਜੂਦ
ਆਪਣੀ ਝੋਂਪੜੀ ਵਿੱਚ
ਜਦ ਮੰਜੀ ਡਾਹੁੰਦਾ ਹੈ

ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ

ਅੱਧੀ ਰਾਤ ਨੂੰ ਪੇਟ ਜਦ
ਪਿੱਠ ਨਾਲ ਮਿਲਣ ਦੀਆਂ
ਸ਼ਰਤਾਂ ਲਾਉਂਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ

ਤੀਜੇ ਪਹਿਰ ਸੁੱਤੇ ਨੂੰ
ਆਟੇ ਵਾਲੇ ਪੀਪੇ ਦਾ ਖੜਾਕ
ਜਦ ਚੌਥੇ ਪਹਿਰ ਜਗਾਉਂਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ

ਨਿੱਕਾ ਜਿਹਾ ਜੁਆਕ
ਉਹਦੀ ਘਰ ਵਾਲੀ ਦੀਆਂ
ਸੁੱਕੀਆਂ ਛਾਤੀਆਂ ਨੂੰ
ਜਦ ਚੁਸਕੀ ਲਾਉਂਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ

ਕਾਗਜ਼ ਚੁਗਦੇ ਮੁੰਡੇ ਨੂੰ
ਸੋਟੀ ਵਾਲਾ ਲਾਲਾ ਜਦ
ਸੁਪਨੇ ਵਿੱਚ ਡਰਾਉਂਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ

ਗੋਹਾ ਕੂੜਾ ਕਰਨ ਗਈ ਧੀ ਨੂੰ
ਜਦ ਲੰਬੜਾਂ ਦਾ ਮੁੰਡਾ
ਨਜ਼ਰਾਂ ਨਾਲ ਸਤਾਉਂਦਾ ਹੈ
ਚਾਨਣੀ ਰਾਤ ਦਾ ਚੰਨ
ਕਿਉਂ ਉਹਨੂੰ
ਰੋਟੀ ਨਜ਼ਰ ਆਉਂਦਾ ਹੈ

No comments: