ਵੇ ਸਮਿਆਂ.......... ਗੀਤ / ਸੁਬੇਗ ਸੱਧਰ

ਵੇ ਸਮਿਆਂ ਤੂੰ ਮੋੜ ਮੁਹਾਰਾਂ
ਜੀਵਨ ਨੂੰ ਪਰਤਾ ਜਾ ਵੇ
ਅਜੇ ਤਾਂ ਖੇਡਣ ਦੇ ਦਿਨ ਸਾਡੇ
ਤੂੰ ਆ ਜਾ ਤੂੰ ਆ ਜਾ ਵੇ


ਤੂੰ ਸਾਥੋਂ ਕਿਉਂ ਦੂਰ ਹੈਂ ਹੋਇਆ
ਬਿਨ ਤੇਰੇ ਅਸੀਂ ਪੂਰੇ ਨਾ
ਤੂੰ ਹੋਵੇਂ ਤਾਂ ਕੋਈ ਵੀ ਪਤਝੜ
ਸਾਨੂੰ ਈਕਣ ਘੂਰੇ ਨਾ
ਸਾਡੇ ਤੇ ਜੋ ਪਰਤ ਚੜੀ
ਮਿੱਟੀ ਦੀ ਉਹ ਤੂੰ ਲਾਹ ਜਾ ਵੇ
ਵੇ ਸਮਿਆਂ ....

ਜਿਥੇ ਕਾਨ ਗੋਪੀਆਂ ਦੇ
ਝੁਰਮਟ ਨੇ ਰਾਸ ਰਚਾਈ ਸੀ
ਜਿਥੇ ਵਿਚ ਬੇਲਿਆਂ ਰਾਂਝਣ ਨੇ
ਕੋਈ ਪ੍ਰੀਤ ਪੁਗਾਈ ਸੀ
ਉਹ ਥਾਵਾਂ ਹੁਣ ਖੰਡਰ ਬਣੀਆਂ
ਰੂਪ ਹੁਸਨ ਹੁਣ ਕਾਹਦਾ ਵੇ
ਵੇ ਸਮਿਆਂ ....

ਅਜੇ ਤਾਂ ਸਾਡੀ ਜਿੰਦ ਬਾਂਕੜੀ ਦੇ
ਬਾਂਕੇ ਨੇ ਆਉਣਾ ਹੈ
ਅਜੇ ਤਾਂ ਸਾਡੇ ਅੰਗ ਸੰਗ ਨੂੰ
ਕਿਸੇ ਖਿੜਿਆ ਫੁੱਲ ਬਨਾਉਣਾ ਹੈ
ਕਿੰਜ ਅਚਾਨਕ ਬੰਦ ਹੋ ਗਿਆ
ਉਮਰਾਂ ਦਾ ਦਰਵਾਜ਼ਾ ਵੇ
ਵੇ ਸਮਿਆਂ ....

ਤੂੰ ਆਵੇਂ ਤਾਂ ਕੱਲਰੀ ਧਰਤੀ
ਬਾਗਾਂ ਵਿਚ ਵੱਟ ਜਾਵੇ ਵੇ
ਤੂੰ ਆਵੇਂ ਤਾਂ ਮਿਰਗ ਕਥੂਰੀ
ਮਿਰਗਾਂ ਨੂੰ ਲੱਭ ਜਾਵੇ ਵੇ
ਆ ਸਮਿਆਂ ਚੁੰਮ ਸਾਡਾ ਮੱਥਾ
ਲੀਕ ਵਸਲ ਦੀ ਵਾਹ ਜਾ ਵੇ
ਵੇ ਸਮਿਆਂ ਤੂੰ ਮੋੜ ਮੁਹਾਰਾਂ
ਜੀਵਨ ਨੂੰ ਪਰਤਾ ਜਾ ਵੇ
ਅਜੇ ਤਾਂ ਖੇਡਣ ਦੇ ਦਿਨ ਸਾਡੇ
ਤੂੰ ਆ ਜਾ ਤੂੰ ਆ ਜਾ ਵੇ

No comments: