ਲੀਡਰਾਂ ਦੀ ਸਸਤੇ ਭਾਅ ਦੀ ਸੇਲ.......... ਵਿਅੰਗ / ਰਾਜਿੰਦਰ ਜੱਸਲ

ਆਉ ਜੀ, ਮੌਕੇ ਦਾ ਲਾਭ ਉਠਾਉ, ਚੋਣਾਂ ਦਾ ‘ਤਿਉਹਾਰ’ ਸਿਰ ‘ਤੇ ਹੈ | ਚੋਣਾਂ ਦੇ ਮੌਕੇ ਸਾਡੀ ਖ਼ਾਸ ਪੇਸ਼ਕਸ਼ | ਅਸੀਂ ਲਾ ਦਿੱਤੀ ਜੀ ਲੀਡਰਾਂ ਦੀ ਸੇਲ, ਉਹ ਵੀ ਭਾਰੀ ਡਿਸਕਾਊਂਟ ਤੇ | ਜਲਦੀ ਕਰੋ, ਆਉ ਤੇ ਖਰੀਦੋ | ਪੇਸ਼ਕਸ਼ ਪਹਿਲਾਂ ਆਉ ਤੇ ਖਰੀਦੋ | ਪੇਸ਼ਕਸ਼ ਪਹਿਲਾਂ ਆਉ ਤੇ ਪਹਿਲਾਂ ਪਾਉ ਦੇ ਆਧਾਰ ‘ਤੇ | ਸਾਡੇ ਕੋਲ ਹਰੇਕ ਵੰਨਗੀ ਦੇ ਲੀਡਰ ਹਨ | ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਨਵੇਂ ਪੁਰਾਣੇ ਲੀਡਰ ਸਾਡੇ ਕੋਲ ਉਪਲੱਭਧ ਹਨ | ਖਰੀਦਣ ਵੇਲੇ ਧਿਆਨ ਰੱਖੋ, ਕਿਸੇ ਲੀਡਰ ਦੀ ਕੋਈ ਗਰੰਟੀ ਨਹੀਂ, ਵਿਕਿਆ ਲੀਡਰ ਵਾਪਸ ਨਹੀਂ ਹੋਵੇਗਾ | ਚੰਗੀ ਤਰਾਂ ਦੇਖ ਪਰਖ ਕੇ ਖਰੀਦੋ | ਸਾਡਾ ਹਰੇਕ ਲੀਡਰ ਆਪਣੇ ਆਪ ਨੂੰ ਖੱਬੀ-ਖਾਨ ਸਮਝਦਾ ਹੈ | ਹਰ ਪਾਰਟੀ ਤੇ ਹਰ ਦਲ ਦਾ, ਪਿੰਡਾਂ ਦੇ ਪੰਚ ਤੋਂ ਲੈ ਕੇ ਲੋਕ ਸਭਾ ਦੇ ਐਮ.ਪੀ. ਪੱਧਰ ਦਾ ਆਗੂ ਸਾਡੇ ਕੋਲ ਵਿਕਣ ਲਈ ਰਾਖਵਾਂ ਹੈ | ਲੰਬਾ, ਛੋਟਾ, ਪਤਲਾ, ਮੋਟਾ, ਕਾਲਾ ਗੋਰਾ, ਅਨਪੜ, ਪੜਿਆ-ਲਿਖਿਆ ਲੀਡਰ ਅਸੀਂ ਆਪਣੀ ਸੇਲ ‘ਤੇ ਲਾ ਰੱਖਿਆ ਹੈ |

ਆਹ, ਵਿਕਾਊ ਲੀਡਰ ਰੰਗ ਬਦਲਣ ‘ਚ ਗਿਰਗਟ ਤੋਂ ਵੀ ਮਾਹਰ ਹੈ | ਅਜੇ ਗਿਰਗਟ ਤਾਂ ਕੁਝ ਸਮਾਂ ਲਾ ਦਿੰਦਾ ਹੈ, ਪਰ ਸਾਡਾ ਲੀਡਰ ਭੋਰਾ ਸਮਾਂ ਨਹੀਂ ਲਾਉਂਦਾ | ਮਾਇਆ ਲੱਗੀਆਂ ਪੱਗਾਂ ਵੱਖ-ਵੱਖ ਰੰਗਾਂ ਦੀਆਂ ਪਹਿਲਾਂ ਹੀ ਬੰਨ ਕੇ ਰੱਖੀਆਂ ਹੋਈਆਂ ਹਨ | ਬੱਸ ਇੱਕ ਲਾਹੀ ਤੇ ਦੂਜੀ ਸਿਰ ‘ਤੇ ਧਰੀ | ਇਹ ਲੀਡਰ ਭਾਸ਼ਣਾਂ ਰਾਹੀਂ ਲੋਕਾਂ ਨੂੰ ਉੱਲੂ ਬਨਾਉਣ ‘ਚ ਪੂਰਾ ਮਾਹਰ ਹੈ | ਕਿਸੇ ਮੇਲੇ-ਮੁਸਾਹਬੇ ‘ਕੱਠੇ ਹੋਏ ਲੋਕਾਂ ਤੇ ਜਾਦੂ ਚਲਾਉਣਾ ਇਹ ਚੰਗੀ ਤਰਾਂ ਜਾਣਦਾ ਹੈ | ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਅਤੇ ਕੀਤੇ ਵਾਅਦੇ ਕਰਕੇ ਮੁੱਕਰਨਾ ਇਹਦਾ ਖਾਨਦਾਨੀ ਸੁਭਾਅ ਹੈ |

ਅਹੁ ਪਰੇ ਬੈਠਾ ਲੀਡਰ ਵੋਟਾਂ ਖਰੀਦਣ ‘ਚ ਪੂਰਾ ਮਾਹਰ ਹੈ | ਵੋਟਾਂ ਦੇ ਭਾਅ ਨੂੰ ਉੱਚਾ ਨੀਵਾਂ ਕਰਨਾ ਇਦਾ ਚੁਟਕੀ ਦਾ ਕੰਮ ਹੈ | ਵੋਟਰਾਂ ਨੂੰ ਡਰਾ ਧਮਕਾ ਕੇ ਆਪਣੇ ਵੱਲ ਦਾ ਕਰਨਾ ਇਹਦੀ ਖੱਬੇ ਹੱਥ ਦੀ ਖੇਡ ਹੈ |

ਆਹ ਲੀਡਰ ਜਿਹੜਾ ਖੂੰਜੇ ਵਿੱਚ ਸੁੰਗੜਿਆ ਬੈਠਾ ਹੈ, ਇਹ ਅਜਿਹਾ ਚਾਲਬਾਜ਼ ਲੀਡਰ ਹੈ, ਕਿ ਚਾਲਬਾਜ਼ੀ ‘ਚ ਲੂੰਬੜੀ ਨੂੰ ਵੀ ਹਰਾਉਣ ਦੀ ਸਮਰੱਥਾ ਇਹਦੇ ‘ਚ ਹੈ | ਵੋਟਾਂ ਵੇਲੇ ਐਸੀਆਂ ਚਾਲਾਂ ਚੱਲਦਾ ਹੈ ਕਿ ਵਿਰੋਧੀ ਪਾਰਟੀ ਦੀ ਇੱਕ ਨਹੀਂ ਚੱਲਦੀ | ਆਉ, ਤੇ ਆਪਣਾ ਮਨਪਸੰਦ ਨੇਤਾ ਚੁਣ ਕੇ ਖਰੀਦੋ | ਐਸਾ ਨਾਯਾਬ ਮੌਕਾ ਫਿਰ ਤੁਹਾਡੇ ਹੱਥ ਨਹੀਂ ਲੱਗਣਾ | ਡਿਸਕਾਊਂਟ ਸੇਲ ਫਿਰ ਨਹੀਂ ਲੱਗਣੀ | ਵੋਟਾਂ ਤੋਂ ਬਾਅਦ ਇਹਨਾਂ ਦੇ ਭਾਅ ਅਸਮਾਨੀਂ ਚੜ ਜਾਣਗੇ | ਸਾਡੇ ਕੋਲ ਸਟਾਕ ਸੀਮਿਤ ਹੈ, ਪਰ ਫਿਰ ਵੀ ਜਨਤਾ ਦੀ ਭਾਰੀ ਮੰਗ ‘ਤੇ ਅਸੀਂ ਇਹ ਸੇਲ ਲਾਈ ਹੈ | ਇਥੇ ਵਿਕਣ ਵਾਲਾ ਹਰ ਲੀਡਰ ‘ਵਾਂਟਡ’ ਹੈ | ਤਕਰੀਬਨ ਹਰੇਕ ‘ਤੇ ਹੀ ਵੱਖ-ਵੱਖ ਥਾਣਿਆਂ ‘ਚ ਉਹ ਸਾਰੇ ਗੁਣ ਮੌਜੂਦ ਹਨ, ਜਿਹੜੇ ਕਿਸੇ ਆਮ ਖਾਸ ਲੀਡਰ ਵਿੱਚ ਹੋਣੇ ਚਾਹੀਦੇ ਹਨ |

ਅਹੁ ਜਿਹੜਾ ਲੀਡਰ, ਰੈਕ ਤੇ ਬਾਹਰ ਰੱਖਿਆ ਹੈ, ਉਹ ਸਭ ਤੋਂ ਪੁਰਾਣਾ ਹੈ | ਉਹਦੀ ਵਧੀ ਹੋਈ ਗੋਗੜ ਤੋਂ ਤੁਸੀਂ ਸਹਿਜੇ ਹੀ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਦੇਸ਼ ਦਾ ਪੈਸਾ ਹੜੱਪਣ ‘ਚ ਕਿੰਨਾ ਮਾਹਰ ਹੈ | ਕਈ ਵੱਡੇ ਘੋਟਾਲਿਆਂ ‘ਚ ਇਹਦਾ ਨਾਂ ਆਉਂਦਾ ਹੈ | ਸੜਕਾਂ, ਪੁਲਾਂ ਤੇ ਹੋਰ ਉਸਾਰੀਆਂ ‘ਚੋਂ ਠੇਕੇਦਾਰਾਂ ਰਾਹੀਂ ਖਾਧਾ ਮੋਟਾ ਕਮਿਸ਼ਨ ਇਹਦੇ ਢਿੱਡ ‘ਚ ਪਿਐ, ਪਰ ਹਜ਼ਮ ਨਾ ਹੋਣ ਕਰਕੇ ਹੀ ਇਹਦੀ ਗੋਗੜ ਵਧੀ ਹੋਈ ਹੈ | ਵਧੀ ਹੋਈ ਗੋਗੜ ਵਾਲੇ ਲੀਡਰ ਦੇ ਉਰਲੇ ਪਾਸੇ ਬੈਠਾ ਲੀਡਰ, ਜਿਹੜਾ ਡਰਾਉਣੀ ਜਿਹੀ ਸ਼ਕਲ ਦਾ ਹੈ, ਉਹ ਵੀ ਸ਼ਾਤਰ ਦਿਮਾਗ ਲੀਡਰ ਹੈ | ਅੰਦਰਖਾਤੇ ਬੱਸਾਂ-ਟਰੱਕਾਂ ਦੇ ਪਰਮਿਟ ਦਵਾਉਣੇ ਤੇ ਉਹਦੇ ‘ਚ ਏਨੀ ਸਫ਼ਾਈ ਕਿ ਚੰਗੇ ਤੋਂ ਚੰਗਾ ਜਾਦੂਗਰ ਵੀ ਮੂੰਹ ‘ਚ ਉਂਗਲਾਂ ਪਾਉਣ ਲਈ ਮਜ਼ਬੂਰ ਹੋ ਜਾਂਦਾ ਹੈ |

ਆਹ, ਜਿਹੜਾ ਲੀਡਰ ਖਸਿਆਣੀ ਜਿਹੀ ਹਾਸੀ ਹੱਸ ਰਿਹਾ ਹੈ, ਇਹ ਅੰਦਰੋਂ ਬੜਾ ਜ਼ਹਿਰੀ ਹੈ | ਵਿਧਾਨ ਸਭਾ ਦੀ ਕਾਰਵਾਈ ‘ਚ ਕੁਰਸੀਆਂ ਚਲਾਉਣ ਅਤੇ ਬੇ-ਵਜਾ ਸੰਘ ਪਾੜ-ਪਾੜ ਰੌਲਾ ਪਾਉਣ ‘ਚ ਪੂਰਾ ਮਾਹਰ ਹੈ | ਇਹਨੂੰ ਰਾਜਨੀਤਕ ਦਾਅ ਪੇਚ ਖੇਡਣੇ ਚੰਗੀ ਤਰਾਂ ਆਉਂਦੇ ਹਨ | ਜਦੋਂ ਪਾਰਟੀ ‘ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਇਹ ਬੜੀ ਸਫ਼ਾਈ ਨਾਲ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ | ਇਹ ਲੀਡਰ ਭ੍ਰਿਸ਼ਟਾਚਾਰ ਦੀ ਦਲਦਲ ‘ਚ ਗਰਦਨ ਤੱਕ ਖੁੱਭਿਆ ਪਿਐ | ਆਉਣ ਵਾਲੇ ਸਮੇਂ ‘ਚ ਦੇਸ਼ ਦੇ ਕੋਨੇ-ਕੋਨੇ ‘ਚ ਭ੍ਰਿਸ਼ਟਾਚਾਰੀ ਅਕੈਡਮੀਆਂ ਖੋਲਣ ਦੀ ਵਿਉਂਤ ਬਣਾ ਰਿਹੈ, ਜਿਥੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਅਤੇ ਦੇਸ਼ ਧRੋਹ ਦੇ ਨਵੇਂ ਨਵੇਂ ਗੁਰ ਸਿਖਾਏ ਜਾਣਗੇ |

ਆਹ ਲੀਡਰ ਭਾਵੇਂ ਅੰਗੂਠਾ ਛਾਪ ਹੈ ਪਰ ਸੁੱਖ ਨਾਲ ਐਮ.ਐਲ.ਏ. ਦੀ ਚੋਣ ਜਿੱਤ ਕੇ ਸਰਕਾਰ ‘ਚ ਸਿੱਖਿਆ ਮੰਤਰੀ ਰਹਿ ਚੁੱਕਾ ਹੈ | ਇਹਨੇ ਕਲਰਕਾਂ ਦੀਆਂ ਬਦਲੀਆਂ ਤੋਂ ਲੈ ਕੇ ਪਰਮੋਸ਼ਨਾਂ ਦੇ ਕੇਸ ਬੜੀ ਹਿੰਮਤ ਨਾਲ ਸਿਰੇ ਲਾ ਕੇ ਲੱਖਾਂ ਰੁਪਏ ਬਣਾਏ ਹਨ | ਮੰਤਰੀ ਬਣਨ ਤੋਂ ਪਹਿਲਾਂ ਇਹਦੇ ਚੁੱਲੇ-ਚੌਂਕੇ ਦੀਆਂ ਕੰਧੋਲੀਆਂ ਵੀ ਕੱਚੀਆਂ ਸਨ ਪਰ ਅੱਜਕੱਲ ਗੁਸਲਖਾਨੇ ‘ਚ ਮਹਿੰਗੀਆਂ ਟੂਟੀਆਂ ਆਲੇ ਫੁਹਾਰੇ ਲੱਗੇ ਵੇ ਐ | ਪਾਰਟੀ ਪ੍ਰਧਾਨ ਨਾਲ ਗੱਦਾਰੀ ਦੀ ਵਜਹ ਕਰਕੇ ਪਾਰਟੀ ‘ਚੋਂ ਛੇਕਿਆ ਗਿਆ ਤੇ ਅੱਜਕੱਲ ਫੇਰ ਵਿਕਣ ਲਈ ਤੁਹਾਡੇ ਸਾਹਮਣੇ ਹੈ |

ਆਹ ਮੇਰੇ ਖੱਬੇ ਪਾਸੇ ਵਾਲਾ ਲੀਡਰ ਚਿੱਟੇ-ਕੁੜਤੇ ਪਜਾਮੇ ‘ਚ ਉਤੋਂ ਤਾਂ ਭਾਵੇਂ ਸਾਫ਼-ਸੁਥਰਾ ਦਿਸਦੈ ਪਰ ਦਿਲ ਇਹਦਾ ਕਾਲਾ ਸ਼ਾਹ ਹੈ | ਵੋਟਾਂ ਵੇਲੇ ਪਾਰਟੀ ਪ੍ਰਚਾਰ ਕਰਨ ਵੇਲੇ ਵਿਰੋਧੀਆਂ ਨੂੰ ਨਿਹੱਥੇ ਕਰ ਸੁੱਟਣਾ ਹੀ ਇਹਦੀ ਖਾਸੀਅਤ ਹੈ | ਇਹਦੀ ਕੋਠੀ ਦਾ ਇੱਕ ਕਮਰਾ ਟਕੂਏ, ਡਾਂਗਾਂ, ਕਾਪੇ, ਤਲਵਾਰਾਂ ਤੇ ਹੋਰ ਹਥਿਆਰਾਂ ਨਾਲ ਤੁਨਿਆ ਰਹਿੰਦਾ ਹੈ | ਇਹਦੇ ਪੱਕੇ ਪਾਲੇ ਹੋਏ ਗੁੰਡੇ ਵੋਟਾਂ ‘ਚ ਇਹਦੀ ਵਰਤੋਂ ਕਰਦੇ ਹਨ | ਇਹ ਪੁਲਿਸ ਨਾਲ ਵੀ ਪਹਿਲਾਂ ਹੀ ‘ਨਿੱਬੜ’ ਲੈਂਦਾ ਹੈ | ਇਹਦਾ ਭਾਅ ਜ਼ਿਆਦਾ ਨਹੀਂ, ਬੱਸ ਤੁਸੀਂ ਲੈ ਜਾਉ |

ਅਹੁ, ਸਭ ਤੋਂ ਪਿਛਲੇ ਪਾਸੇ ਜਿਹੜਾ ਲੀਡਰ ਬੈਠਾ ਹੈ ਧੁਆਂਖੇ ਜਿਹੇ ਮੂੰਹ ਵਾਲਾ, ਇਹਦੀਆਂ ਖੂਬੀਆਂ ਛੇਤੀ-ਕਿਤੇ ਬਿਆਨ ਨਹੀਂ ਹੁੰਦੀਆਂ | ਇਹ ਵੋਟਾਂ ਵੇਲੇ ਨਸ਼ੇ ਵੰਡਣ ‘ਚ ਬੜਾ ਮਾਹਰ ਹੈ | ਆਪਣੇ ਹਲਕੇ ਦੇ ਨੌਜਵਾਨ ਵੋਟਰ ਤਾਂ ਇਸ ਪਤੰਦਰ ਨੇ ਪੱਕੇ ਨਸ਼ਈ ਬਣਾ ਰੱਖੇ ਹਨ | ਇਹ ਵੋਟਾਂ ਵੇਲੇ ਲਾਹਣ ਤੇ ਹੋਰ ਨਸ਼ੇ ਦਿਲ ਖੋਹਲ ਕੇ ਵੰਡਦਾ ਹੈ | ਲਾਹਣ ਦੇ ਡਰੰਮ ਤਾਂ ਇਹ ਮਹੀਨਾ-ਮਹੀਨਾ ਪਹਿਲਾਂ ਭਰਵਾ ਕੇ ਰੱਖ ਲੈਂਦਾ ਹੈ | ਗੋਲੀਆਂ ਤੇ ਕੈਪਸੂਲਾਂ ਦੇ ਪੱਤਿਆਂ, ਕੋਰੈਕਸ, ਫੈਂਸੀ ਡਰਿੱਲਾਂ ਦੀਆਂ ਸ਼ੀਸ਼ੀਆਂ ਦੇ ਆਰਡਰ ਪਹਿਲਾਂ ਹੀ ਬੁੱਕ ਕਰਵਾ ਦਿੰਦਾ ਹੈ |

ਆਹ ਜਿਹੜਾ ਭਲਵਾਨ ਟਾਈਪ ਲੀਡਰ ਡਰਾਉਣੇ ਜਿਹੇ ਚਿਹਰੇ ਵਾਲਾ ਬੈਠਾ ਹੈ, ਇਹਦਾ ਕੰਮ ਵੀ ਬੜਾ ‘ਠੁੱਕ’ ਆਲਾ ਹੈ | ਆਵਦੇ ਅਰਗੇ ਭਲਵਾਨ ਟਾਈਪ ਦਸ-ਬਾਰਾਂ ਮੁੰਡੇ ਇਹਦੇ ਚੇਲੇ ਐ | ਕਿਸੇ ਤੋਂ ਕੋਈ ਕਬਜ਼ਾ ਵਗੈਰਾ ਲੈਣਾ ਹੈ ਜਾਂ ਕਿਸੇ ਦੀ ਜਾਇਦਾਦ ‘ਤੇ ਨਜ਼ਾਇਜ਼ ਕਬਜ਼ਾ ਕਰਨ ਹੈ, ਇਹ ਘੁੱਗੀ ਨਹੀਂ ਖੰਘਣ ਦਿੰਦਾ | ਦੂਰ-ਦੂਰ ਤੋਂ ਇਹਦੇ ਕੋਲ ਸਾਈਆਂ ਬੁੱਕ ਹੁੰਦੀਐਂ | ਬੱਸ, ਇਹਦਾ ਰੇਟ ਦੂਜਿਆਂ ਨਾਲੋਂ ਵੱਧ ਹੈ ਕਿਉਂਕਿ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦੈ | ਤੁਸੀਂ ਖਰੀਦ ਕੇ ਤਾਂ ਦੇਖੋ | ਉਹਦੇ ਨਾਲ ਹੀ ਗਿੱਦੜ ਰੰਗੇ ਕੱਪੜਿਆਂ ‘ਚ ਜਿਹੜਾ ਲੀਡਰ ਬੈਠਾ ਹੈ, ਇਹਦੀ ਆਵਦੇ ਹਲਕੇ ਦੇ ਸਾਧਾਂ ਸੰਤਾਂ ਨਾਲ ਵਾਹਵਾ ਸੂਤ ਹੈ | ਉਹ ਵੋਟ ਬੈਂਕ ਤਾਂ ਇਹਦਾ ਪੱਕਾ ਹੀ ਹੈ, ਬਾਕੀ ਆਸੇ ਪਾਸੇ ਹੱਥ ਪੱਲਾ ਮਾਰਕੇ ਵਿਰੋਧੀਆਂ ਨੂੰ ਤਕੜੀ ਚੁਣੌਤੀ ਦੇਣ ਦੀ ਸਮਰੱਥਾ ਇਹਦੇ ‘ਚ ਹੈ | ਇਹਨੂੰ ਪਰਖਣ ‘ਚ ਕੋਈ ਹਰਜ਼ ਨਹੀਂ | ਬਾਕੀ ਜਦੋਂ ਸਰਕਾਰ ਮਾੜੀਆਂ-ਮੋਟੀਆਂ ਪੋਸਟਾਂ ਵਗੈਰਾ ਕੱਢਦੀ ਹੈ ਤਾਂ ਉਦੋਂ ਦਲਾਲੀ ‘ਸੋਹਣੀ’ ਕਰ ਲੈਂਦਾ ਹੈ | ਇਹ ਤਾਂ ਪੋਸਟਾਂ ਭਾਵੇਂ ਨਾ ਵੀ ਨਿਕਲੀਆਂ ਹੋਣ ਤਾਂ ਵੀ .......... | ਬੱਸ ਤੁਸੀਂ ਹੁਣ ਖਰੀਦ ਲਉ, ਇਹਦਾ ਰੇਟ ਸੂਤ ਈ ਐ, ਕੱਟ ਕਟਾ ਕੇ ਸਸਤਾ ਈ ਪਊਗਾ |

ਖਰੀਦੋ, ਅਜ਼ਮਾਓ, ਤੇ ਫ਼ੇਰ ਦੇਖੋ ਸਾਡੇ ਇਹਨਾਂ ਲੀਡਰਾਂ ਦਾ ਕਮਾਲ | ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਨਿੱਖਰ ਕੇ ਤੁਹਾਡੇ ਸਾਹਮਣੇ ਆਉਣਗੇ | ਆਉ ਤੇ ਖਰੀਦੋ ਹਰ ਤਰਾਂ ਦਾ ਲੀਡਰ | ਇਥੇ ਤੁਹਾਨੂੰ ਹਰ ਕਿਸਮ ਦਾ ਲੀਡਰ ਮਿਲੇਗਾ, ਪਰ ਉਹ ਨਹੀਂ ਮਿਲੇਗਾ ਜਿਸਦਾ ਇੰਤਜ਼ਾਰ ਹੈ | ਫ਼ਿਲਹਾਲ ਇਹਨਾਂ ਨਾਲ ਹੀ ਕੰਮ ਚਲਾਓ, ਆਉ ਤੇ ਖਰੀਦੋ |

No comments: