ਦੱਖਣ ਦੇਸ਼ – ਸਬੱਬੀਂ ਮੇਲੇ.......... ਲੇਖ਼ / ਗੁਰਬੀਰ ਸਿੰਘ ਭੁੱਲਰ, ਸਵਿਟਜ਼ਰਲੈਂਡ

ਆਸਟ੍ਰੇਲੀਆ ਵੀ ਬੜਾ ਵਿਲੱਖਣ ਮੁਲਕ ਹੈ। ਦੁਨੀਆਂ ਦੇ ਨਕਸ਼ੇ ‘ਤੇ ਨਜ਼ਰ ਮਾਰੋ ਤਾਂ ਹੇਠਲੇ ਪਾਸੇ ਵੱਖਰਾ ਹੀ ਪਿਆ ਦਿਸਦਾ ਹੈ। ਸ਼ਾਇਦ ਇਸੇ ਕਰਕੇ ਹੀ ਕੁਝ ਅਮਰੀਕੀ ਪੱਤਰਕਾਰਾਂ ਨੇ ਆਸਟ੍ਰੇਲੀਆ ਵਾਸਤੇ ‘ਦ ਲੈਂਡ ਡਾਊਨ ਅੰਡਰ’ (The land down under) ਭਾਵ ‘ਹੇਠਲੇ ਪਾਸੇ ਵਾਲੀ ਧਰਤੀ’ ਦਾ ਲਕ਼ਬ ਵਰਤਣਾਂ ਸ਼ੁਰੂ ਕਰ ਦਿੱਤਾ ਹੈ। ਦੱਖਣੀਂ ਅਰਧ ਗੋਲੇ ਦਾ ਸਭ ਤੋਂ ਵੱਡਾ ਮੁਲਕ, ਜਿਸ ਨੂੰ ਕਿਸੇ ਹੋਰ ਮੁਲਕ ਦੀ ਸਰਹੱਦ ਨਹੀਂ ਲੱਗਦੀ। ਸੱਤਾਂ ਮਹਾਂਦੀਪਾਂ ਚੋਂ’ ਸਭ ਤੋਂ ਛੋਟਾ, ਪਰ ਜੇ ਟਾਪੂਆਂ ਚ ਗਿਣਤੀ ਕਰੋ ਤਾਂ ਸਭ ਤੋਂ ਵੱਡਾ ਆਬਾਦ ਟਾਪੂ। ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਛੇਵਾਂ ਵੱਡਾ ਮੁਲਕ, ਭਾਰਤ ਨਾਲੋਂ ਕਰੀਬ ਢਾਈ ਗੁਣਾਂ ਵੱਡਾ। ਪਰ ਆਬਾਦੀ ਮਸਾਂ ਚੜ੍ਹਦੇ ਪੰਜਾਬ ਜਿੰਨੀ। ਇਸ ਤੋਂ ਇਲਾਵਾ ਵੀ ਕਈ ਗੱਲਾਂ ਹਨ ਜੋ ਇਸ ਮੁਲਕ ਦੀ ਵਿਲੱਖਣਤਾ ਵਿੱਚ ਵਾਧਾ ਕਰਦੀਆਂ ਹਨ, ਜਿਵੇਂ ਕਿ ਕੰਗਾਰੂ, ਕੋਆਲਾ ਅਤੇ ਈਮੂੰ ਵਰਗੇ ਜਾਨਵਰ ਅਤੇ ਕੁਝ ਖਾਸ ਤਰ੍ਹਾਂ ਦੀ ਬਨਾਸਪਤੀ, ਜੋ ਕੇਵਲ ਇਸ ਧਰਤੀ ਤੇ ਹੀ ਮਿਲਦੀ ਹੈ। ਭੂ-ਵਿਗਿਆਨੀ ਕਿਆਸ ਕਰਦੇ ਹਨ ਕਿ ਕੋਈ ਨੌਂ-ਦਸ ਕਰੋੜ ਸਾਲ ਪਹਿਲਾਂ ਧਰਤੀ ਦਾ ਇਹ ਟੁਕੜਾ ਦੱਖਣੀ ਧਰੁਵ ਨਾਲ ਜੁੜਿਆ ਹੁੰਦਾ ਸੀ। ਫਿਰ ਪਤਾ ਨਹੀਂ ਕੋਈ ਕੁਦਰਤੀ ਹਲਚਲ ਹੋਈ ਜਾਂ ਧੌਲੇ ਬਲਦ ਦੇ ਸਿੰਙਾਂ ਥੱਲੇ ਖੁਰ੍ਹਕ ਹੋਈ, ਜਮੀਨ ਦਾ ਏਨਾ ਕੁ ਹਿੱਸਾ ਦੱਖਣੀਂ ਧਰੁਵ ਨਾਲੋਂ ਨਿੱਖੜ ਕੇ ਖਿਸਕਦਾ – ਖਿਸਕਦਾ ਹੁਣ ਵਾਲੀ ਥਾਂ ਆ ਪਹੁੰਚਿਆ।
ਆਸਟ੍ਰੇਲੀਆ ਦਾ ਨਾਮ ਲਾਤੀਨੀ ਭਾਸ਼ਾ ਦੇ ਸ਼ਬਦ ‘ਆਸਟ੍ਰੇਲਿਸ’ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ‘ਦੱਖਣੀਂ’। ਰੋਮਨ ਕਾਲ ਤੋਂ ਹੀ, ਕਿਸੇ ‘ਅਣਜਾਣ ਦੱਖਣ ਦੇਸ਼’ ਦੀਆਂ ਕਿੱਸੇ ਕਹਾਣੀਆਂ ਯੂਰਪ ਵਿੱਚ ਪ੍ਰਚੱਲਿਤ ਸਨ, ਪਰ ਉਸ ਧਰਤੀ ਬਾਰੇ ਕਿਸੇ ਨੂੰ ਬਹੁਤਾ ਕੁਝ ਪਤਾ ਨਹੀਂ ਸੀ। ਪਹਿਲਾਂ ਪਹਿਲ, 17ਵੀਂ ਸਦੀ ਦੇ ਸ਼ੁਰੂ ਵਿੱਚ ਡੱਚ ਜਹਾਜਰਾਨ ‘ਵਿਲੀਅਮ’ ਦੀ ਨਜਰ ਇਸ ਧਰਤੀ ਤੇ ਪਈ। ਡੱਚ ਲੋਕ ਆਸਟ੍ਰੇਲੀਆ ਦੇ ਸਮੁੰਦਰੀ ਤੱਟ ਦੇ ਦੁਆਲੇ ਘੁੰਮਦੇ ਰਹੇ ਅਤੇ ਨਕਸ਼ੇ ਉਲੀਕਦੇ ਰਹੇ, ਪਰ ਕਬਜਾ ਕਰਨ ਦਾ ਯਤਨ ਨਾ ਕੀਤਾ। ਬਰਤਾਨਵੀ ਜਲ ਸੈਨਾਂ ਦੇ ਕੈਪਟਨ ਜੇਮਜ਼ ਕੁੱਕ ਨੇ 1770 ਵਿੱਚ ਇਸ ਧਰਤੀ ਦੇ ਪੂਰਬੀ ਤੱਟ ਤੇ ਪਹਿਲੀ ਵਾਰ ਅੰਗਰੇਜੀ ਝੰਡਾ ਲਹਿਰਾਇਆ। ਫਿਰ ਕੀ ਸੀ, ਅੰਗਰੇਜਾਂ ਨੇ ਆਪਣੇ ਕੈਦੀਆਂ ਨੂੰ ਬੇੜਿਆਂ ਵਿੱਚ ਭਰ-ਭਰ ਕੇ ਉਸ ਦੂਰ ਦਰਾਜ ਦੀ ਧਰਤੀ ਤੇ ਲਾਹੁਣਾ ਸ਼ੁਰੂ ਕਰ ਦਿੱਤਾ। ਜਿਥੋਂ ਜਿਊਂਦੇ ਮੁੜਨਾ ਤਾਂ ਦੂਰ ਦੀ ਗੱਲ, ਕਿਸੇ ਦੇ ਮਰਨ ਦੀ ਖਬਰ ਵੀ ਆਉਣੀ ਮੁਸ਼ਕਿਲ ਸੀ। ਕੁਝ ੳਸੇ ਤਰਾਂ ਜਿਵੇ 1857 ਦੇ ਗ਼ਦਰ ਤੋਂ ਬਾਅਦ ਅੰਗਰੇਜ ਹੁਕਮਰਾਨ ਭਾਰਤੀ ਬਾਗ਼ੀਆਂ ਨੂੰ ਕਾਲੇਪਾਣੀ ਲਿਜਾ ਸੁੱਟਦੇ ਸਨ ਅਤੇ ਜਿਵੇਂ ਹੁਣ ਕਈ ਸਾਲਾਂ ਤੋਂ ਅਮਰੀਕਾ ਵਾਲੇ ‘ਗੁਆਤਾਨਾਮੋ ਬੇਅ’ ਵਿੱਚ ਕਰ ਰਹੇ ਹਨ। ਬਾਅਦ ਵਿੱਚ ਉਹਨਾਂ ਕੈਦੀਆਂ ਨੂੰ ਵਰਤ ਕੇ ਹੀ ਚਤੁਰ ਕੌਮ ਦੇ ਹਾਕਮਾਂ ਨੇ ਆਸਟ੍ਰੇਲੀਆ ਦੀ ਜਮੀਨ ਆਬਾਦ ਕਰਵਾ ਲਈ। ਭਾਵੇਂ ਕਿ ਯੂਰਪੀ ਲੋਕ ਇਸ ਧਰਤੀ ਤੇ 18ਵੀਂ ਸਦੀ ਵਿੱਚ ਹੀ ਪਹੁੰਚੇ, ਪਰ ਇਸ ਦਾ ਮਤਲਬ ਇਹ ਹਰਗਿ਼ਜ਼ ਨਹੀਂ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਇਥੇ ਕੋਈ ਵੱਸਦਾ ਨਹੀਂ ਸੀ। ਪੁਰਾਤਨ ਅਵਸ਼ੇਸ਼ ਇਸ਼ਾਰਾ ਕਰਦੇ ਹਨ ਕਿ ਆਸਟ੍ਰੇਲੀਆ ਦੀ ਜਮੀਨ ਤੇ ਮਨੁੱਖੀ ਵਸੋਂ ਦਾ ਇਤਿਹਾਸ ਕੋਈ 40 ਹਜਾਰ ਸਾਲ ਤੋਂ ਵੀ ਵੱਧ ਪੁਰਾਣਾ ਹੈ। ਗੋਰਿਆਂ ਦੇ ਆਉਣ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਤਸਮਾਨੀਆਂ ਦੇ ਖਿੱਤੇ ਤੇ ਛੋਟੇ ਵੱਡੇ ਤਕਰੀਬਨ ਢਾਈ ਸੌ ਜੰਗਲੀ ਕਬੀਲਿਆਂ ਦਾ ਰਾਜ ਸੀ। ਉਹ ਜੰਗਲੀ ਲੋਕ ਜਿਨ੍ਹਾਂ ਨੂੰ ਹੁਣ ‘ਐਬੋਰਿਜਨਲਸ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਕੁਦਰਤ ਦੇ ਨੇੜੇ ਰਹਿਣ ਵਾਲੇ ਸਾਧਾਰਨ ਲੋਕ ਸਨ ਅਤੇ ਆਮ ਕਰਕੇ ਸਿ਼ਕਾਰ ਖੇਡ ਕੇ ਗੁਜਾਰਾ ਕਰਦੇ ਸਨ। ਖੋਜਕਾਰ ਦੱਸਦੇ ਹਨ ਕਿ ਇਹਨਾਂ ਐਬੋਰਿਜਨਲ ਲੋਕਾਂ ਦਾ ਪਿਛੋਕੜ ਦੱਖਣ-ਪੂਰਬੀ ਏਸ਼ੀਆ ਦੇ ਲੋਕਾਂ ਨਾਲ ਮੇਲ ਖਾਂਦਾ ਹੈ। ਸ਼ਾਇਦ ਪਹਿਲਾਂ ਪਹਿਲ ਉਹਨਾਂ ਦੇ ਵੱਡ ਵਡੇਰੇ ਦੱਖਣ-ਪੂਰਬੀ ਏਸ਼ੀਆ ਤੋਂ ਹੀ ਕਿਸੇ ਤਰਾਂ ਉਥੇ ਪਹੁੰਚੇ ਹੋਣ। ਤਕਨੀਕੀ ਪੱਖੋਂ ਵਧੇਰੇ ਵਿਕਸਤ ਅਤੇ ਤਾਕਤਵਰ ਗੋਰਿਆਂ ਨੇ, ਇਹਨਾਂ ਸਾਧਾਰਣ ਲੋਕਾਂ ਦੇ ਘਰ ਵਿੱਚ ਘੁਸਪੈਠ ਕਰਕੇ ਉਹੋ ਕੁਝ ਕੀਤਾ ਜੋ ਅਮਰੀਕਾ ਵਿੱਚ ‘ਰੈਡ ਇੰਡੀਅਨਾਂ’ ਨਾਲ ਹੋਇਆ, ਜਾਂ ਫਿਰ ਜੋ ਆਰੀਅਨਾਂ ਨੇ ਦ੍ਰਵਿੜਾਂ ਨਾਲ ਕੀਤਾ ਹੋਵੇਗਾ।
ਭਾਵੇਂ ਕਿ ਇਹ ਗੱਲ ਪੜ੍ਹਨ–ਸੁਣਨ ਨੂੰ ਅਟਪਟੀ ਜਿਹੀ ਹੀ ਲੱਗੇ, ਪਰ ਇਓਂ ਜਾਪਦਾ ਹੈ ਕਿ ਬਹੁਤੀ ਵਾਰ ਗੋਰੀ ਚਮੜੀ ਵਾਲੇ ਲੋਕ ਹੀ ਆਪਣੇ ਨਾਲੋਂ ਸਉਲੇ ਜਾਂ ਕਾਲੇ ਰੰਗ ਦੇ ਲੋਕਾਂ ਨੂੰ ਗੁਲਾਮ ਬਣਾਉਂਦੇ ਆਏ ਹਨ। ਕਦੇ ਅਫ਼ਰੀਕਨ ਗੁਲਾਮਾਂ ਦੀ ਅਰਬਾਂ ਹੱਥੋਂ ਦੁਰਗਤ; ਕਦੇ ਆਰੀਅਨਾਂ ਦਾਂ ਦ੍ਰਵਿੜਾਂ ਦੀ ਧਰਤੀ ਤੇ ਆ ਕਾਬਜ ਹੋਣਾਂ ਅਤੇ ਖੁਦ ਦੇਵਤੇ ਬਣ ਬਹਿਣਾਂ ਤੇ ਉਹਨਾਂ ਨੂੰ ਰਾਖਸ਼ ਆਖ ਦੇਣਾਂ; ਪੱਛਮੀੰ ਲੋਕਾਂ ਦਾ ਬਸਤੀਵਾਦ ਅਤੇ ਅਮਰੀਕਾ ਵਿੱਚ ‘ਰੈਡ ਇੰਡੀਅਨਾਂ’ ਤੇ ਅਫਰੀਕਨ ਗੁਲਾਮਾਂ ਨਾਲ ਹੁੰਦੇ ਰਹੇ ਦੁਰਵਿਵਹਾਰ ਸਮੇਤ ਹੋਰ ਬਹੁਤ ਸਾਰੀਆਂ ਉਦਾਹਰਣਾਂ ਐਸੀਆਂ ਹਨ ਜਿੱਥੇ ਮੇਰੀ ਜਾਚੇ ਸ਼ੋਸ਼ਣ ਕਰਨ ਵਾਲੇ ਦੀ ਚਮੜੀ ਦਾ ਰੰਗ ਸ਼ੋਸਿ਼ਤ ਹੋਣ ਵਾਲੇ ਨਾਲੋਂ ਗੋਰਾ ਸੀ। ਇਹ ਇਤਫ਼ਾਕਨ ਤਾਂ ਨਹੀਂ ਜਾਪਦਾ, ਪਰ ਇਸ ਸੰਧਰਬ ਵਿੱਚ ਕੋਈ ਤਸੱਲੀਯੋਗ ਵਿਗਿਆਨਕ ਜਾਂ ਦਾਰਸ਼ਨਿਕ ਦਲੀਲ ਵੀ ਅਜੇ ਤੱਕ ਮੇਰੀ ਨਜਰੀਂ ਨਹੀਂ ਪਈ। ਅੱਜ ਹੀ ਇਕ ਪੁਸਤਕ ਹੱਥ ਲੱਗੀ ਹੈ ਜੋ ਇਸ ਗੱਲ ਦਾ ਵਿਖਿਆਨ ਕਰਨ ਦਾ ਯਤਨ ਕਰਦੀ ਹੈ ਕਿ ਕਿਓਂ ਕੇਵਲ ਯੂਰਪੀ ਲੋਕ ਹੀ ਅਫ਼ਰੀਕਾ, ਅਮਰੀਕਾ ਅਤੇ ਆਸਟ੍ਰੇਲੀਆ ਆਦਿ ਤੇ ਕਬਜਾ ਕਰਨ ਗਏ। ਉਹਨਾਂ ਧਰਤੀਆਂ ਦੇ ਵਾਸੀ ਵੀ ਤਾਂ ਇਹ ਕੰਮ ਕਰ ਸਕਦੇ ਸੀ, ਪਰ ਕਿਓਂ ਨਾ ਕਰ ਸਕੇ। ਖੈਰ, ਇਹ ਵਿਸ਼ਾ ਵੱਖਰੇ ਵਿਸਥਾਰ ਦੀ ਮੰਗ ਕਰਦਾ ਹੈ।
ਫਿਲਹਾਲ ਗੱਲ ਹੋ ਰਹੀ ਸੀ, ਆਸਟ੍ਰੇਲੀਆ ਦੀ ਵਿਲੱਖਣ ਧਰਤੀ ਬਾਰੇ। ਇਸ ਵਿਲੱਖਣ ਧਰਤੀ ਦੀ ਪਹਿਲੀ ਝਲਕ ਲੈਣ ਦਾ ਮੌਕਾ ਸਾਲ 2008 ਦੇ ਅਗਸਤ ਮਹੀਨੇ ਮਿਲਿਆ। ਸਵਿਟਜ਼ਰਲੈਂਡ ਤੋਂ ਸਿੰਗਾਪੁਰ ਹੁੰਦੇ ਹੋਏ ਸਿੰਗਾਪੁਰ ਏਅਰਲਾਈਨ ਦੇ ਜਹਾਜ ਨੇ ਬ੍ਰਿਸਬੇਨ ਜਾਂ ਉਤਾਰਿਆ। ਜਦੋਂ ਘਰੋਂ ਤੁਰੇ ਸਾਂ, ਤਾਂ ਕਹਿਣ ਨੂੰ ਏਥੇ ਗਰਮੀਆਂ ਦਾ ਮੌਸਮ ਸੀ ਅਤੇ ਆਸਟ੍ਰੇਲੀਆ ਵਿੱਚ ਸਰਦੀਆਂ ਅਜੇ ਖਤਮ ਨਹੀਂ ਸਨ ਹੋਈਆਂ। ਯੂਰਪ ਦੀ ਠੰਡ ਦੇ ਹਿਸਾਬ ਨਾਲ ਅਸੀਂ ਗਰਮ ਕੱਪੜਿਆਂ ਦਾ ਬੰਦੋਬਸਤ ਕਰਕੇ ਗਏ ਸਾਂ। ਪਰ, ਬ੍ਰਿਸਬੇਨ ਦੀ ਜਾਂਦੇ ਸਿਆਲ ਦੀ ਨਿੱਘੀ ਧੁੱਪ ਤਾਂ ਦੇਸੀ ਘਿਉ ਵਰਗੀ ਲੱਗਦੀ ਸੀ। ਭਾਵੇਂ ਕਿ ਅਸੀਂ ਆਪਣੇ ਰਹਿਣ ਦਾ ਬੰਦੋਬਸਤ ਕਰਕੇ ਹੀ ਤੁਰੇ ਸੀ, ਪਰ ਫਿਰ ਵੀ ਬ੍ਰਿਸਬੇਨ ਰਹਿੰਦਾ ਇਕ ਸੱਜਣ, ਜਿਸ ਨੂੰ ਅਸੀਂ ਮਿਲੇ ਵੀ ਪਹਿਲੀ ਵਾਰ ਹੀ ਸੀ, ਸਾਨੂੰ ਆਪਣੇ ਘਰ ਲੈ ਗਿਆ ਅਤੇ ਪੂਰੀ ਪੰਜਾਬੀਆਂ ਵਾਲੀ ਆਓ-ਭਗਤ ਕੀਤੀ। ਬ੍ਰਿਸਬੇਨ ਕੁਝ ਦਿਨ ਰਹਿਣ ਪਿੱਛੋਂ ਅਸੀਂ ਆਸਟ੍ਰੇਲੀਆ ਦੀ ਆਰਥਿਕ ਅਤੇ ਵਪਾਰਕ ਰਾਜਧਾਨੀ ਸਿਡਨੀ ਦੇ ਦਰਸ਼ਨ ਕਰਨ ਜਾ ਪਹੁੰਚੇ। ਇਥੇ ਇਕ ਨਿੱਕੀ ਜਿਹੀ ਦਿਲਚਸਪ ਘਟਨਾ ਵਾਪਰੀ, ਜੋ ਹਮੇਸ਼ਾਂ ਲਈ ਆਸਟ੍ਰੇਲੀਆ ਫੇਰੀ ਦੀ ਇੱਕ ਖੂਬਸੂਰਤ ਯਾਦ ਬਣੀ ਰਹੇਗੀ।
ਰਾਮਾਇਣ, ਮਹਾਂਭਾਰਤ ਆਦਿ ਦੀਆਂ ਕਥਾ-ਕਹਾਣੀਆਂ ਨਾਲ ਸੰਬੰਧਤ ਟੀਵੀ ਨਾਟਕਾਂ ਵਿੱਚ ਅਕਸਰ ਵੇਖਿਆ ਸੀ ਕਿ ‘ਨਾਰਦ ਮੁਣੀਂ’ ਵਰਗਾ ਕੋਈ ਭਗਤ ਪਿਆਰਾ ਅੰਤਰ-ਧਿਆਨ ਹੋ ਕੇ ਸ਼ੰਕਰ ਭਗਵਾਨ ਨੂੰ ਯਾਦ ਕਰਦਾ ਤੇ ਕੈਲਾਸ਼ ਵਾਸੀ ਭੋਲੇ ਨਾਥ ਝੱਟਪੱਟ ਆ ਹਾਜਰ ਹੁੰਦੇ। ਓਦੋਂ ਤਾਂ ਇਹ ਗੱਲ ਨਾ ਮੰਨਣਯੋਗ ਤੇ ਮਨਘੜਤ ਜਿਹੀ ਜਾਪਦੀ ਸੀ। ਪਰ ਇੰਟਰਨੈੱਟ ਦੇ ਵਿਸ਼ਵ ਵਿਆਪੀ ਤਾਣੇਪੇਟੇ (World Wide Web) ਨੇ ਕਾਫੀ ਕੁਝ ਸੰਭਵ ਕਰ ਵਿਖਾਇਆ ਹੈ। ਵੈੱਬਕੈਮ ਅਤੇ ਵੋਇਪ (VOIP) ਵਰਗੀਆਂ ਸਹੂਲਤਾਂ ਨਾਲ ਸਾਧਾਰਣ ਤੋਂ ਸਾਧਾਰਣ ਮਨੁੱਖ ਵੀ ਦੁਨੀਆਂ ਦੇ ਕਿਸੇ ਵੀ ਖੂੰਜੇ ‘ਚ ਬੈਠੇ ਆਪਣੇ ਪਿਆਰਿਆਂ ਦੇ ਸਨਮੁੱਖ ਹੋ ਸਕਦਾ ਹੈ। ਕੋਈ ਬਹੁਤੀ ਭਗਤੀ ਜਾਂ ਜਪ ਤੱਪ ਕਰਨ ਦੀ ਲੋੜ ਵੀ ਨਹੀਂ ਪੈਂਦੀ। ਜਿਸ ਤੇਜੀ ਨਾਲ ਪਿਛਲੇ ਸਮੇਂ ਵਿੱਚ ਇਸ ਤਕਨਾਲੋਜੀ ਦਾ ਵਿਕਾਸ ਹੋਇਆ ਹੈ ਅਤੇ ਹੋ ਰਿਹਾ ਹੈ, ਆਉਦੇ ਸਾਲਾਂ ਵਿੱਚ ਹੋਰ ਪਤਾ ਨਹੀਂ ਕੀ ਕੁਝ ਵੇਖਣ ਨੂੰ ਮਿਲੇਗਾ। ਦੁਨੀਆਂ ਤੇਜੀ ਨਾਲ ਸੁੰਗੜ ਕੇ ਨਿੱਕੀ ਹੁੰਦੀ ਜਾਪ ਰਹੀ ਹੈ। ਪਰ ਫਿਰ ਵੀ ਕਈ ਵਾਰ ਸੰਚਾਰ ਤਕਨਾਲੋਜੀ ਭਾਵੇਂ ਧੋਖਾ ਦੇ ਜਾਵੇ, ‘ਨਾਰਦ ਮੁਣੀਂ’ ਵਾਲਾ ਅੰਦਰੂਨੀ ਸੰਪਰਕ ਸਿਸਟਮ ਕਾਮਯਾਬ ਰਹਿੰਦਾ ਹੈ। ਕਹਿੰਦੇ ਨੇ ‘ਦਿਲ ਤੋਂ ਦਿਲ ਨੂੰ ਰਾਹ ਹੁੰਦੀ ਹੈ’, ਜੇ ਕਿਸੇ ਨੂੰ ਸੱਚੇ ਮਨੋਂ ਯਾਦ ਕਰੀਏ ਤਾਂ ਉਹ ਸੱਤ ਸਮੁੰਦਰ ਪਾਰ ਵੀ ਆਣ ਮਿਲਦਾ ਹੈ।
ਮੈ ਅਤੇ ਮੇਰਾ ਪਰਮ ਮਿੱਤਰ ਗੁਰਦੀਪ ਸਿੰਘ, ਸ੍ਰੀਮਤੀਆਂ ਸਮੇਤ, ਸਿਡਨੀ ਦੇ ਮਸ਼ਹੂਰ ‘ਓਪਰਾ ਹਾਊਸ’ਦੇ ਦਰਸ਼ਨ ਕਰ ਰਹੇ ਸਾਂ। ਗੁਰਦੀਪ ਸਿੰਘ ਲਿਸ਼ਕੋਰਾਂ ਮਾਰਦੇ ਸ਼ਹਿਰ ਦੀ ਤਰੱਕੀ ਨੂੰ ਵੇਖ-ਵੇਖ ਗੋਰਿਆਂ ਦੀ ਕਾਮਯਾਬੀ ਤੇ ਖੁਸ਼ੀ ਭਰੀ ਹੈਰਾਨੀ ਪਰਗਟ ਕਰ ਰਿਹਾ ਸੀ। ਇਹ ਸੋਚ ਕੇ ਗ਼ਦਗ਼ਦ ਹੋ ਰਿਹਾ ਸੀ ਕਿ ਕਿਵੇਂ ਸਿਰਫ ਦੋ ਕੁ ਸੌ ਸਾਲ ਵਿੱਚ ਹੀ ਇਸ ਜਮੀਨ ਦਾ ਨਕਸ਼ਾ ਉੱਕਾ ਹੀ ਬਦਲ ਗਿਆ ਸੀ। ਜਦੋਂ ਕਦੇ ਬਰਤਾਨਵੀ ਜਹਾਜਾਂ ਨੇ ਇਸ ਤੱਟ ਤੇ ਪਹਿਲੀ ਵਾਰ ਲੰਗਰ ਸੁੱਟੇ ਹੋਣਗੇ ਤਾਂ ਇੱਥੇ, ਸਿਵਾਏ ਝਾੜ-ਬੂਟ ਦੇ, ਕੁਝ ਵੀ ਨਹੀਂ ਹੋਣਾਂ। ਅੱਜ ਓਸੇ ਜਗ੍ਹਾ ਦੀ ਗਿਣਤੀ ਦੁਨੀਆਂ ਦੇ ਅੱਤ ਵਿਕਸਤ ਸ਼ਹਿਰਾਂ ਵਿੱਚ ਹੁੰਦੀ ਹੈ। ਇਹੋ ਗੱਲਾਂ ਕਰਦੇ ‘ਓਪਰਾ ਹਾਊਸ’ਦੀਆਂ ਪੌੜੀਆਂ ਵਿੱਚ ਬੈਠੇ ਉਸ ਪਲ ਨੂੰ ਕੈਮਰੇ ਵਿੱਚ ਕੈਦ ਕਰ ਰਹੇ ਸੀ, ਕਿ ਇੱਕ ਭੁਲੇਖਾ ਜਿਹਾ ਪਿਆ। ਉਹਨਾਂ ਹੀ ਪੌੜੀਆਂ ਦੇ ਦੂਜੇ ਸਿਰੇ, ਕੱਚੇ-ਪੀਲੇ ਰੰਗ ਦੀ ਇੱਕ ਪੱਗ ਨਜਰੀਂ ਪਈ। ਪਰ ਤਿੱਖੀ ਧੁੱਪ ਦੀ ਵਜ੍ਹਾ ਨਾਲ, ਉਹ ਬੰਦਾ ਪਛਾਣ ‘ਚ ਨਾ ਆਇਆ ਜਿਸ ਦੇ ਸਿਰ ਤੇ ਉਹ ਪੱਗ ਸੁਸ਼ੋਭਿਤ ਸੀ। ਅਸੀਂ ਫੇਰ ਆਪਣੀਆਂ ਗੱਲਾਂ ਵਿੱਚ ਲੱਗ ਗਏ। ਪਰ ਮੁੜ-ਮੁੜ ਕੇ ਧਿਆਨ ਓਸੇ ਪਾਸੇ ਜਾਵੇ ਅਤੇ ਇਓਂ ਜਾਪੇ ਬਈ ਇਹ ਕੋਈ ਜਾਣੂੰ ਈ ਬੰਦਾ ਹੋਣਾ ਏਂ। ਪੱਗ ਬੰਨ੍ਹਣ ਦਾ ਢੰਗ, ਚਾਲ ਢਾਲ ਕੁਝ-ਕੁਝ ਜਾਣੇ ਪਛਾਣੇ ਸਨ, ਪਰ ਇਸ ਪ੍ਰਦੇਸੀ ਧਰਤੀ ਤੇ ਤਾਂ ਤੁੱਕਾ ਮਾਰ ਕੇ ਵੀ ਨਹੀਂ ਸੀ ਬੁੱਝਿਆ ਜਾ ਸਕਦਾ ਕਿ ਇਹ ਬੰਦਾ ਫਲਾਣਾ ਹੀ ਹੋਵੇਗਾ। ਲੱਗਦਾ ਸੀ ਕਿ ਉਹ ਵੀ ਸਾਨੂੰ ਹੀ ਪਛਾਨਣ ਦੀ ਕੋਸਿ਼ਸ਼ ਕਰ ਰਿਹਾ ਸੀ। ਰਤਾ ਕੁ ਹੋਰ ਨੜੇ ਹੋਏ ਤਾਂ ਉਸ ਨੇ ਹੱਥ ਹਿਲਾਇਆ, ਨਾਲ ਹੀ ਸਾਡੇ ਦੋਵਾਂ ਦੇ ਚਿਹਰੇ ਖਿੜ ਗਏ। ‘ਓਪਰਾ ਹਾਊਸ’ ਓਪਰੇ-ਓਪਰੇ ਤੋਂ ਅਚਾਨਕ ਆਪਣਾਂ-ਆਪਣਾਂ ਲੱਗਣ ਲੱਗ ਪਿਆ। ਇਹ ਤਾਂ ਉਹੋ ਈ ਬੰਦਾ ਸੀ ਜਿਸ ਨੂੰ ਮੈਂ ਜਰੂਰ ਹੀ ਮਿਲਣਾਂ ਚਾਹੁੰਦਾ ਸੀ, ਪਰ ਸੰਪਰਕ ਨਾ ਹੋ ਸਕਣ ਕਾਰਣ ਹੁਣ ਮੈਂ ਮਿਲਣ ਦੀ ਆਸ ਛੱਡ ਦਿੱਤੀ ਸੀ। ਨਾਰਦ ਮੁਣੀਂ ਹੁਰੀਂ ਬਹੁਤ ਸਮਾਂ ਟੱਲੀਆਂ ਵਜਾਉਂਦੇ ਰਹੇ ਸਨ, ਪਰ ਭੋਲੇ ਨਾਥ ਨੇ ਇੱਕ ਨਹੀਂ ਸੀ ਸੁਣੀਂ। ‘ਤੇ ਅੱਜ ਅਚਾਨਕ ਸਿ਼ਵ ਸ਼ੰਭੂ ਕੈਲਾਸ਼ ਛੱਡ ਕੇ ਸਾਕਸ਼ਾਤ ਦਰਸ਼ਣ ਦੇਣ ਮਾਤ ਲੋਕ ਆਣ ਪਧਾਰੇ ਸਨ। ਉਹ ਵੀ ਇਕੱਲੇ ਨਹੀਂ, ਸਗੋਂ ਪਾਰਵਤੀ ਜੀ ਨੂੰ ਵੀ ਨਾਲ ਲੈ ਕੇ ਆਏ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਭੰਗੜਾ ਟੀਮ ਦਾ ਮਾਣ ਰਹੇ ਬਲਵਿੰਦਰ ਸਿੰਘ ਉਰਫ਼ ‘ਬੱਲੀ’ ਨੂੰ ਮਿਲ ਕੇ ਰੂਹ ਖੁਸ਼ ਹੋ ਗਈ। ਅਸੀਂ ਕਾਫੀ ਸਮਾਂ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਅਤੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਇਕੱਠੇ ਜਾਂਦੇ ਰਹੇ ਸਾਂ। ਸਾਡਾ ਇੱਕ ਸਾਥੀ ਅਕਸਰ ਕਿਹਾ ਕਰਦਾ ਸੀ ਕਿ ਜਿਹੜਾ ਬੰਦਾ ਇੱਕ ਵਾਰ ਪੀਏਯੂ (ਪੰਜਾਬ ਐਗ੍ਰੀਕਲਚਰਲ ਯੂਨੀਵਰਸਿਟੀ) ਵਿੱਚ ਪੜ੍ਹਿਆ ਅਤੇ ਵਿਚਰਿਆ ਹੋਵੇ, ਉਸ ਨੂੰ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਰਾਤ ਬਰਾਤੇ ਰਹਿਣਾਂ ਪੈ ਜਾਵੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਠਾਹਰ ਨਾ ਲੱਭੇ। ਅੱਜ ਇਹ ਕਹਿੰਦਿਆਂ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਪੀਏਯੂ ਦੇ ਪੜ੍ਹੇ ਦੁਨੀਆਂ ਦੇ ਹਰ ਕੋਨੇ ਵਿੱਚ ਇਸ ਕਦਰ ਫੈਲੇ ਹੋਏ ਹਨ, ਕਿ ਕਿਸੇ ਵੀ ਮੁਲਕ ਜਾਓ, ਕੋਈ ਨਾਂ ਕੋਈ ਮਿੱਤਰ ਪਿਆਰਾ ਅੱਗੇ ਹਾਜਰ ਹੁੰਦਾ ਹੈ। ਮੈ ਜਦੋਂ ਸਵਿਟਜ਼ਰਲੈਂਡ ਤੋਂ ਆਸਟ੍ਰੇਲੀਆ ਨੂੰ ਆਓਣ ਦਾ ਪ੍ਰੋਗਰਾਮ ਉਲੀਕ ਰਿਹਾ ਸੀ ਤਾਂ ‘ਬੱਲੀ’ ਨੂੰ ਮਿਲਣ ਦੀ ਆਸ ਨਾਲ ਈ-ਮੇਲ ਕੀਤੀ। ਪਰ ਕੋਈ ਜਵਾਬ ਨਾ ਆਇਆ। ਕੁਝ ਦਿਨ ਬਾਅਦ ਦੁਬਾਰਾ ਈ-ਚਿੱਠੀ ਭੇਜੀ, ਪਰ ਉਹ ਵੀ ਵਾਪਸ ਨਾ ਮੁੜੀ। ਮੈਨੂੰ ਏਨਾ ਕੁ ਤਾਂ ਪਤਾ ਸੀ ਕਿ ਬਲਵਿੰਦਰ ਸਿੰਘ, ਸਿਡਨੀਂ ਤੋਂ ਕੋਈ ਡੇੜ੍ਹ ਕੁ ਸੌ ਮੀਲ ਹਟਵੇਂ ਕਿਸੇ ਖੋਜ ਕੇਂਦਰ ਵਿੱਚ ਕੰਮ ਕਰਦਾ ਸੀ। ਪਰ ਕਾਫ਼ੀ ਸਮੇਂ ਤੋਂ ਕੋਈ ਰਾਬਤਾ ਨਹੀਂ ਸੀ। ਕਿਸੇ ਤਰਾਂ ਫੋਨ ਨੰਬਰ ਲੱਭ ਕੇ ਸੰਪਰਕ ਕਰਨ ਦਾ ਯਤਨ ਕੀਤਾ ਪਰ ਕੋਈ ਚਾਰਾ ਨਾ ਚੱਲਿਆ। ਏਨੇ ਨੂੰ ਸਾਡੀ ਫਲਾਈਟ ਦਾ ਦਿਨ ਆ ਗਿਆ ਤੇ ਮੈ ਮਿਲਣ ਦੀ ਆਸ ਉੱਕਾ ਈ ਛੱਡ ਦਿੱਤੀ।
ਅਸਲ ਵਿੱਚ ਜਦੋਂ ਮੈਂ ‘ਬੱਲੀ’ ਨੂੰ ਸੰਪਰਕ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ, ਉਹਨੀ ਦਿਨੀਂ ਉਹ ਪੰਜਾਬ ਗਿਆ ਹੋਇਆ ਸੀ, ਇਸ ਕਰਕੇ ਉਸ ਨੇ ਮੇਰੀ ਮੇਲ ਵੇਖੀ ਹੀ ਨਹੀਂ। ਕੁਝ ਦਿਨ ਪਹਿਲਾਂ ਹੀ ਉਹ ਵਾਪਿਸ ਆਸਟ੍ਰੇਲੀਆ ਆਇਆ ਸੀ ਅਤੇ ਉਸ ਦਿਨ ਉਹ ਆਪਣੇ ਕਿਸੇ ਮਿੱਤਰ ਨਾਲ ਆਪਣੀ ਸ੍ਰੀਮਤੀ ਨੂੰ ਸਿਡਨੀ ਏਅਰਪੋਰਟ ਤੋਂ ਲੈਣ ਆਇਆ ਸੀ। ਉਸਦੇ ਮਿੱਤਰ ਨੂੰ ਸ਼ਹਿਰ ਵਿੱਚ ਕੋਈ ਜਰੂਰੀ ਕੰਮ ਸੀ ਇਸ ਲਈ ਉਹ, ਉਹਨਾਂ ਨੂੰ ਕੁਝ ਸਮੇਂ ਲਈ ਓਪਰਾ ਹਾਊਸ ਨੇੜੇ ਉਤਾਰ ਕੇ ਆਪ ਕੰਮ ਕਰਨ ਲਈ ਚਲਾ ਗਿਆ ਸੀ। ਮੌਕਾਮੇਲ ਦੀ ਹੱਦ ਕਹੋ ਜਾਂ ਮੁਲਾਕਾਤ ਦੀ ਖਿੱਚ, ਐਨ ਓਸੇ ਸਮੇਂ ਅਸੀਂ ਵੀ ਓਸੇ ਥਾਂ ਮੌਜੂਦ ਸਾਂ। ਸੁਮੇਲ ਦੀ ਗੱਲ ਇਹ ਵੀ ਕਿ ਅਸੀਂ ਦੋਵਾਂ ਨੇ ਪੱਗਾਂ ਵੀ ਇੱਕੋ ਰੰਗ ਦੀਆਂ ਬੰਨ੍ਹੀਆਂ ਸਨ। ਹੁਣ ਵੀ ਜਦੋਂ ਕਦੇ ਦੋਸਤ ਮਿੱਤਰ ਉਸ ਦਿਨ ਖਿੱਚੀਆਂ ਤਸਵੀਰਾਂ ਵੇਖਦੇ ਹਨ ਤਾਂ ਪਹਿਲੀ ਟਿੱਪਣੀਂ ਇਹੋ ਈ ਕਰਦੇ ਹਨ, ‘ਪੱਗਾਂ ਸਲਾਹ ਕਰਕੇ ਬੰਨ੍ਹੀਆਂ ਜਾਪਦੀਆਂ’। ਪਿਆਰੇ ਦੋਸਤ ਬੱਲੀ ਅਤੇ ਉਸ ਦੀ ਨਵਵਿਆਹੁਤਾ ਸ੍ਰੀ ਮਤੀ ਨੂੰ ਇਓਂ ਅਚਾਨਕ ਮਿਲ ਕੇ ਦਿਲ ਬਾਗ ਬਾਗ ਹੋ ਗਿਆ। ਜੀਅ ਕੀਤਾ ਕਿ ਪੀਏਯੂ ਦਾ ਓਹੋ ਨਾਅਰਾ ਬੁਲੰਦ ਕੀਤਾ ਜਾਵੇ:
ਈਰੀ ਊਰੀ ਆਰੀ …ਹੋ,
ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ …ਹੋ,
ਜੈ ਜਵਾਨ ਪਿਆਰਿਆ,
ਜੈ ਕਿਸਾਨ ਪਿਆਰਿਆ,
ਵਾਹ ਜੀ ਵਾਹ,
ਕਿਆ ਬਾਤ ਹੈ,
ਪੀਏਯੂ ਦੀ ਜੈ,
ਏਥੇ ਵੀ ਕੋਈ ਹੈ…!!!

ਇਹ ਨਾਅਰਾ ਸਾਡੇ ਵੱਡਿਆਂ ਨੇ ਈਜਾਦ ਕੀਤਾ ਸੀ ਤੇ ਯੁਵਕ ਮੇਲਿਆਂ ਵਿੱਚ ਜਿੱਤਣ ਸਮੇਂ ਪੂਰੇ ਜੋਸ਼ ਵਿੱਚ ਆ ਕੇ ਇਹ ਨਾਅਰਾ ਲਾਉਂਦੇ ਹੁੰਦੇ ਸਨ। ਅੰਮ੍ਰਿਤਸਰ ਵਿੱਚ ਹੋਏ ਇੱਕ ਉੱਤਰੀ ਜੋ਼ਨ ਦੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਦੌਰਾਨ ਸ਼ਾਇਦ ਇਹ ਨਾਅਰਾ ਅਖ਼ਬਾਰਾਂ ਵਿੱਚ ਵੀ ਛਪਦਾ ਰਿਹਾ ਸੀ। ਫਿਰ ਹੌਲੀ ਹੌਲੀ ਨਵੇਂ ਵਿਦਿਆਰਥੀਆਂ ਵਿੱਚ ਇਸ ਦਾ ਚਲਣ ਅਲੋਪ ਹੋ ਗਿਆ। ਮੈਨੂੰ ਪੂਰੀ ਤਰਾਂ ਯਾਦ ਹੈ ਕਿ ਜਦੋਂ ਪੀਏਯੂ ਦੇ ਯੁਵਕ ਮੇਲੇ ਵਿੱਚ ਖੇਤੀਬਾੜੀ ਕਾਲਜ ਦੀ ਟੀਮ ਨੇ ਹੂੰਜਾ ਫੇਰ ਜਿੱਤ ਪ੍ਰਾਪਤ ਕੀਤੀ ਸੀ ਤਾਂ ਖੁਸ਼ੀ ਵਿੱਚ ਖੀਵੇ ਸਾਰੇ ਜਣੇ ਅੱਧੀ ਰਾਤ ਤੱਕ ਜਸ਼ਨ ਮਨਾਉਂਦੇ ਰਹੇ ਸਨ। ਉਸ ਰਾਤ ਹੀ ਓਪਨ ਏਅਰ ਸਟੇਡੀਅਮ ਦੀਆਂ ਪੌੜੀਆਂ ਵਿੱਚ ਬੈਠਿਆਂ ਦਿਲਜੀਤਪਾਲ ਸਿੰਘ ਬਰਾੜ ਨੇ ਇਸ ਨਾਅਰੇ ਤੋਂ ਸਾਨੂੰ ਜਾਣੂੰ ਕਰਵਾਇਆ ਸੀ।
ਉਸ ਦਿਨ ਬੱਲੀ ਨਾਲ ਇਓਂ ਅਚਾਨਕ ਹੋਈ ਮੁਲਾਕਾਤ ਬਾਰੇ ਯਾਦ ਕਰਕੇ ਮੈਨੂੰ ਅਕਸਰ ਸਿਰਮੌਰ ਕਵੀਸ਼ਰ ‘ਜੋਗਾ ਸਿੰਘ ਜੋਗੀ’ ਦੀ ‘ਬੀਬੀ ਸੁੰਦਰੀ’ ਦੇ ਪ੍ਰਸੰਗ ਵਿੱਚ ਸੁਣਾਈ ਗੱਲ ਚੇਤੇ ਆ ਜਾਂਦੀ ਹੈ। ਗੱਲ ਕੁਝ ਇਓਂ ਹੈ:
ਦਿੱਲੀ ਤੋਂ ਆਇਆ ਮੁਗ਼ਲੀਆ ਹਕੂਮਤ ਦਾ ਇੱਕ ਸਿਪਾਹੀ ਆਪਣੇ ਜਲੰਧਰ ਵਾਲੇ ਸਾਥੀ ਸਿਪਾਹੀ ਨੂੰ ਕਹਿੰਦਾ ਹੈ ‘‘ਤੈਨੂੰ ਪਤੈ ਕੱਲ੍ਹ ਨੂੰ ਈਦਗਾਹ ਵਿੱਚ ਭਾਰੀ ਇਕੱਠ ਹੋਣੈ, ਸਾਡੇ ਨਵਾਬ ਸਾਹਬ ਨੇ ਸੁੰਦਰੀ ਨਾਲ ਜਬਰੀ ਨਿਕਾਹ ਪੜ੍ਹਾ ਲੈਣਾ ‘ਤੇ ਨਾਲੇ ਸੁੰਦਰੀ ਦੇ ਭਰਾ ਬਲਵੰਤ ਸਿੰਘ ਨੂੰ ਇਸਲਾਮ ਕਬੂਲ ਕਰਵਾ ਲੈਣੈ; ‘ਤੇ ਜੇ ਉਹਨੇ ਮੁਸਲਮਾਨ ਬਣਨ ਤੋਂ ਨਾਂਹ ਕਰ ਦਿੱਤੀ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਣਾਂ। ਆਪਾਂ ਵੀ ਓਥੇ ਜਾਵਾਂਗੇ, ਖ਼ੂਬ ਦਾਅਵਤਾਂ ਹੋਣਗੀਆਂ, ਮੌਜਾਂ ਕਰਾਂਗੇ।’’
ਜਲੰਧਰ ਵਾਲਾ ਸਿਪਾਹੀ ਜਵਾਬ ਦਿੰਦਾ ਹੈ “ਓ ਨਾ ਓ ਨਾ ਭਰਾਵਾ, ਮੇਰਾ ਪਿਓ ਮਰਨ ਲੱਗਾ ਕਹਿ ਗਿਆ ਸੀ ਕਿ ਪੁੱਤਰਾ ਜਿੱਥੇ ਸਿੰਘਾਂ ਦੇ ਆਉਣ ਦਾ ਖਤਰਾ ਹੋਵੇ, ਉਸ ਥਾਂ ਭੁੱਲ ਕੇ ਵੀ ਨਾ ਜਾਵੀਂ’’।
ਦਿੱਲੀ ਵਾਲਾ ਆਖਣ ਲੱਗਾ “ਨਹੀਂ ਓਏ ਭੋਲਿਆ, ਹਕੂਮਤ ਆਪਣੀਂ ਏਂ, ਫੌਜ ਆਪਣੀਂ ਏਂ, ਸੁਰੱਖਿਆ ਦਾ ਪੂਰਾ ਬੰਦੋਬਸਤ ਹੈ, ਸਿੰਘਾਂ ਨੇ ਓਥੇ ਕਿੱਥੋਂ ਆ ਜਾਣਾਂ?”
ਜਲੰਧਰ ਵਾਲਾ ਬੋਲਿਆ “ਮੇਰਾ ਪਿਓ ਜਾਂਦਾ-ਜਾਂਦਾ ਇਹ ਵੀ ਕਹਿੰਦਾ ਸੀ ਕਿ ਇਹਨਾਂ ਦਾ ਕੋਈ ਭਰੋਸਾ ਨਹੀਂ, ਸਿੰਘ ਵੇਲੇ ਕਵੇਲੇ ਹਵਾ ‘ਚੋਂ ਵੀ ਉੱਤਰ ਆਓਂਦੇ ਹੁੰਦੇ ਨੇ।”
ਉਸ ਦਿਨ ਓਥੇ ਸਿੰਘਾਂ ਦੇ ਆਉਣ ਦਾ ਤਾਂ ਭਾਵੇਂ ਕੋਈ ਖਤਰਾ ਨਹੀਂ ਸੀ ਪਰ ਫੇਰ ਵੀ ਬਲਵਿੰਦਰ ਸਿੰਘ ‘ਬੱਲੀ’ ਵੀ ਉਹਨਾਂ ਚੱਕਰਵਰਤੀ ਸਿੰਘਾਂ ਵਾਂਗ ਅਚਨਚੇਤ ਹਵਾ ‘ਚੋਂ ਈ ਉੱਤਰ ਆਇਆ। ਜਿਵੇਂ ਅੰਗਰੇਜੀ ਵਿੱਚ ਕਹਿੰਦੇ ਨੇ ‘ਆਊਟ ਆਫ਼ ਦ ਥਿੱਨ ਏਅਰ’ (Out of the thin air)।

ਨੇਕ ਦੁਆਵਾਂ ਸੱਚੀਆਂ ਰਾਵਾਂ…… ਨਜ਼ਮ/ਕਵਿਤਾ / ਸੁਮਿਤ ਟੰਡਨ (ਆਸਟ੍ਰੇਲੀਆ)

ਨੇਕ ਦੁਆਵਾਂ ਸੱਚੀਆਂ ਰਾਵਾਂ ਮੰਜ਼ਿਲ ਵੱਲ ਲੈ ਜਾਂਦੀਆਂ ਨੇ ,
ਮਾਂਵਾਂ ਦੇ ਪੈਰਾਂ ਹੇਠ ਜੰਨਤ ਗੱਲਾਂ ਸੌਖੀਆਂ ਸਮਝ ਨਾ ਆਉਂਦੀਆਂ ਨੇ !
ਗੋਹੜੇ 'ਚੋਂ ਪੂਣੀ - ਮਸਤਾਂ ਦੀ ਧੂਣੀ ਸਦਾ ਵੱਖਰਾ ਰੰਗ ਚੜ੍ਹਾਉਂਦੀਆਂ ਨੇ
ਕੱਚੀ ਉਮਰ ਜਦੋਂ ਪੱਕਦੀਆਂ ਫ਼ਸਲਾਂ, ਇੱਕ ਮਿੱਠੀ ਪੌਣ ਵਗਾਉਂਦੀਆਂ ਨੇ ।
ਫਿਰ ਨੇਕ ਦੁਆਵਾਂ ਸੱਚੀਆਂ ਰਾਵਾਂ ਮੰਜ਼ਿਲ ਵੱਲ ਲੈ ਜਾਂਦੀਆਂ ਨੇ ॥

ਗਲ ਦੀ ਗਾਨੀ ਪਿਆਰ ਨਿਸ਼ਾਨੀ ,ਹਰ ਦਿਲ ਨੂੰ ਰਾਸ ਨਾ ਆਉਂਦੀਆਂ ਨੇ !

ਮੋਟੀ ਅੱਖ ਜਾਂ ਸੁਰਮੇਵਾਲੀ , ਨਾ ਚਾਹ ਕੇ ਵੀ ਮਟਕਾਉਂਦੀਆਂ ਨੇ !
ਰੱਜ ਕੇ ਖਾਣਾ ਦੱਬ ਕੇ ਵਾਹੁਣਾ, ਜ਼ਿੰਦਾਦਿਲੀ ਦਰਸਾਉਂਦੀਆਂ ਨੇ
ਸੁਬਾਹ ਨੂੰ ਉੱਠ ਕੇ ਦੌੜ ਲਗਾਉਣਾ, ਤੰਦਰੁਸਤੀ ਕੈਮ ਬਣਾਉਂਦੀਆਂ ਨੇ
ਕਿਉਂ ਕਿ ਨੇਕ ਦੁਆਵਾਂ ਸੱਚੀਆਂ ਰਾਵਾਂ ਮੰਜ਼ਿਲ ਵੱਲ ਲੈ ਜਾਂਦੀਆਂ ਨੇ ॥

ਉਹ ਤੇਗ਼ ਪਿਆਸੀ ਦਿਨ ਵਿਸਾਖੀ, ਇਤਿਹਾਸ ਨਵਾਂ ਰਚ ਜਾਂਦੀਆਂ ਨੇ !
ਪੰਜ ਸਿਰਾਂ ਤੋਂ ਵਾਰ ਕੇ ਸੱਭ ਕੁੱਝ ਵੱਖਰਾ ਪੰਥ ਚਲਾਉਂਦੀਆਂ ਨੇ ।
ਰੱਬ ਦੀ ਬਾਣੀ ਖੂਹ ਦਾ ਪਾਣੀ ਠੰਢ ਕਲੇਜੇ ਪਾਉਂਦੀਆਂ ਨੇ !
ਰਾਖ ਵਿਭੂਤੀ ਮਾਲਾ ਮੁੰਦਰੀ ਜੋਗੀਆਂ ਅੰਗ ਸੰਗ ਭਾਉਂਦੀਆਂ ਨੇ
ਖ਼ਾਕ ਦੇ ਗੁੱਡੇ ਖ਼ਾਕ ਦੀਆਂ ਗੁੱਡੀਆਂ ਅੰਤ ਮਿੱਟੀ ਰਹਿ ਜਾਂਦੀਆਂ ਨੇ
ਬੱਸ ਨੇਕ ਦੁਆਵਾਂ ਸੱਚੀਆਂ ਰਾਵਾਂ ਬੇੜਾ ਬੰਨੇ ਲਾਉਂਦੀਆਂ ਨੇ ॥

ਕਿਹੋ ਜਿਹੇ ਲੀਡਰਾਂ ਦੇ ਹੱਥਾਂ ‘ਚ ਹੈ ਮੇਰੇ ਵਤਨ ਦੀ ਡੋਰ.......... ਲੇਖ / ਰਵੀ ਸਚਦੇਵਾ

ਮੇਰਾ ਭਾਰਤ ਮਹਾਨ ਹੈ। ਪਰ ਖੁਸ਼ਹਾਲ ਨਹੀ। ਸੋਨੇ ਦੀ ਚਿੜ੍ਹੀ ਕਹੇ ਜਾਣ ਵਾਲੇ ਮੇਰੇ ਵਤਨ ਦੀ ਇਹ ਚਿੜ੍ਹੀ ਕਿੱਥੇ ਉਡ ਗਈ। ਪਤਾ ਨਹੀ…? ਭਾਰਤ ਦੇ ਮੁਕਾਬਲੇ ਵਿਦੇਸ਼ੀ ਮੁਲਕ ਅੱਜ ਖੁਸ਼ਹਾਲ ਤੇ ਪਾਵਰ ਫੁਲ ਕਿਉ ਹਨ..? ਬ੍ਰਿਟਿਸ਼ ਸਰਕਾਰ ਦੁਆਰਾ ਲਗਾਈ ਸਿਉਕ ਭਾਰਤ ਨੂੰ ਅੱਜ ਵੀ ਖੋਖਲਾ ਕਿਉ ਕਰ ਰਹੀ ਹੈ..? ਕੀ ਹਿੰਦੁਸਤਾਨ ਦੇ ਦੋ ਟੁੱਕੜੇ (ਭਾਰਤ ਤੇ ਪਾਕਿਸਤਾਨ) ਕਦੇ ਜੁੜ ਨੀ ਸਕਦੇ…? ਨਫ਼ਰਤ ਦੀ ਇਸ ਅੱਗ ਨੂੰ ਕਦੇ ਬੁਝਾਇਆਂ ਨਹੀ ਜਾ ਸਕਦਾ..? ਪਾਕਿਸਤਾਨ ‘ਚ ਸਰਗਰਮ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ, ਅਲ-ਕਾਇਦਾ, ਹਰਕਤ-ਉਲ-ਜੱਹਾਦੀ-ੳਲ-ਇਸਲਾਮੀ, ਲਸ਼ਕਰੇ-ਏ- ਤਾਇਬਾ ਤੇ ਹਿਜ਼ਬੁਲ ਮੁਜਾਹਦੀਨ ਵਰਗੀਆਂ ਇੰਤਹਾਪਸੰਦ ਜਥੇਬੰਦੀਆਂ ਦੇ ਹਕੂਮਤੀ ਲੀਡਰਾਂ ਦੁਆਰਾ ਮਜ਼ਬ ‘ਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਅਵਾਮ ਨੂੰ ਭੱੜਕਾਉਣਾ, ਹੁੜਦੰਗ ਮਚਾਉਣਾ ਤੇ ਹਿੰਸਕ ਕਾਰਵਾਈਆਂ ਕਰਨਾ, ਜ਼ਮੀਨ ਦੇ ਟੋਟੇ ਲਈ ਜੇਹਾਦ ਛੇੜਣ ਦੀਆ ਧਮਕੀਆਂ ਦੇਣਾ, ਆਤਮਘਾਤੀ ਧਮਾਕੇ ਕਰਵਾਉਣਾ ਕਿੱਥੋ ਦੀ ਸਿਆਨਪ ਹੈ। ਇਹ ਸਿਆਸੀ ਲੀਡਰ ਪਾਕਿਸਤਾਨ ਨੂੰ ਬਦਨਾਮ ਕਿਉ ਕਰ ਰਹੇ ਨੇ। ਅੱਜ ਹਰ ਮੁਸਲਮ ਭਾਈ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਦਾ ਹੈ। ਜੋ ਦੇਸ਼ ਦੀ ਏਕਤਾ ਦੇ ਰਾਹ ਵਿੱਚ ਸਭ ਤੌਂ ਵੱਡਾ ਰੋੜਾ ਹੈ। ਇਹਨਾ ਦਹਿਸ਼ਤਗਰਦੀ ਅੱਤਵਾਦੀ ਲੀਡਰਾਂ ਦਾ ਮਿਸ਼ਨ ਸ਼ਾਇਦ ਅੱਜ ਵੀ ਫੁੱਟ ਪਾਉ ਤੇ ਰਾਜ ਕਰੋ ਹੈ। ਇਹ ਕੌਮ ਤੇ ਮਜ਼ਬ ਦੇ ਵੈਰੀ ਸ਼ਾਇਦ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਝਾ ਝੰਡਾ ਹੋਵੇ, ਇੱਕ ਸਾਝਾ ਨਾਮ ਹੋਵੇ ਇੱਕ ਸਾਝੀ ਸਰਕਾਰ ਹੋਵੇ। “ਅਸਲਾਮਾ ਲੈਕੁਮ” ਦਾ ਅਰਥ ਹੈ ਤੇਰੇ ‘ਤੇ ਅਲਾਹ ਦੀ ਰਹਿਮਤ ਹੋਵੇ। “ਵਾ ਲੈਕੁਮ ਇਸਲਾਮ” ਅਰਥ ਹੈ ਤੇਰੇ ‘ਤੇ ਵੀ ਅਲਾਹ ਖ਼ੁਦਾਂ ਦੀ ਰਹਿਮਤ ਹੋਵੇ। ਯਾਨੀ ਕਿ ਇਸਲਾਮ ਦਾ ਸਹੀ ਅਰਥ ਹੀ ਅਮਨ ‘ਤੇ ਸ਼ਾਤੀ ਹੈ। ਇਸੇ ਲਈ ਇਸਦੇ ਸ਼ਰਧਾਲੁਆਂ ਨੂੰ “ਰੇਮੁਹਦੁਲਾਲੀ” ਕਿਹਾ ਜਾਦਾ ਹੈ। ਖੁਦਾ ਦੀ ਰਾਹ ਮੁੱਹਬਤ ਦੀ ਰਾਹ ਏ ਵੇਸ਼ਤ ਤੇ ਜੰਗ ਦੀ ਨਹੀ, ਪਤਾ ਨਹੀ ਕਦ ਸਮਝਣਗੇ ਇਹ ਆਤਮਘਾਤੀ ਲੀਡਰ। ਇਹ ਪਿਆਰ ਮੁੱਹਬਤ ਅਮਨ ‘ਤੇ ਸ਼ਾਤੀ ਦੀ ਗੱਲ ਇਸਲਾਮ ਧਰਮ ‘ਚ ਹੀ ਨਹੀ ਸਗੋ ਹਰ ਧਰਮ, ਹਰ ਮਜ਼ਬ ਲਈ ਲਾਗੂ ਹੁਦੀ ਹੈ। ਦੇਸ਼ ਵਿੱਚ ਅਮਨ ‘ਤੇ ਸ਼ਾਤੀ ਦਾ ਮਾਹੌਲ ਬਣਾਈ ਰੱਖਣ ਵਿੱਚ ਸਾਡੇ ਰਾਜਸੀ ਹਕੂਮਤੀ ਅਧਿਕਾਰੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪਰ ਜੇ ਇਹ ਅਖੌਤੀ ਲੀਡਰ ਗੱਦੀ ਦਾ ਨਜ਼ਾਇਜ ਫੈਦਾ ਉਠਾ ਕੇ ਅਵਾਮ ਨੂੰ ਇੰਜ ਹੀ ਭੱੜਕਾਉਦੇ ਰਹੇ ਤਾਂ ਖੁਸ਼ਹਾਲ ਦੇਸ਼ ਦੀ ਕਲਪਨਾ ਕਰਨਾ ਹੀ ਫਜੂਲ ਹੈ। ਪਿੱਛਲੇ ਦਿਨੀ ਅਜਿਹੇ ਹੀ ਇੱਕ ਅਖੌਤੀ ਹਕੂਮਤੀ ਲੀਡਰ ਨੇ ਆਪਣੇ ਸਵਾਰਥ ਦੀਆ ਰੋਟੀਆ ਛੇਕਣ ਲਈ ਫਿਲਮ “ਮਾਈ ਨੇਮ ਇਜ਼ ਖ਼ਾਨ” ਦੇ ਪ੍ਰਸਾਰਣ ਨੂੰ ਲੈ ਕੇ ਆਪਣੇ ਹਿਤੈਸ਼ੀਆਂ ਨੂੰ ਬੁਛਕਾਰ ਕੇ ਅਜਿਹਾ ਰੋਲਾ ਪਵਾਇਆਂ ਜੋ ਤੂਲ ਫੜਦਾ-ਫੜਦਾ ਇਕ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਜਿਕਰਯੋਗ ਹੈ ਕਿ ਇਸ ਫਿਲਮ ‘ਚ ਮਜ਼ਬ ਦੀ ਆੜ ਵਿੱਚ ਨਫ਼ਰਤ ਦਾ ਬੀਜ ਉਗਾ ਕੇ ਉਗਰਵਾਦ ਨੂੰ ਬੜਾਵਾ ਦੇਣ ਵਾਲੇ ਅਖੌਤੀ ਲੀਡਰਾਂ ਨੂੰ ਇਕ ਸਬਕ ਦਿੱਤਾ ਗਿਆ ਹੈ। ਜੋ ਕਿ ਭਾਰਤ ਤੇ ਪਾਕਿਸਤਾਨ ਦੇ ਬਾਸ਼ਿੰਦਿਆਂ ਵਿੱਚ ਪਈ ਤਰੇੜ ਨੂੰ ਖਤਮ ਕਰਣ ਦੀ ਇਕ ਕੋਸ਼ਿਸ ਹੈ। ਅਜਿਹੀ ਫਿਲਮ ਦੇ ਨਿਰਮਾਤਾ ਤੇ ਅਦਾਕਾਰ ਨੂੰ ਸਨਮਾਨਿਤ ਕਰਣ ਦੀ ਬਜਾਏ। ਅਦਾਕਾਰ ਸ਼ਾਹਰੁਖ ਖਾਨ ਵੱਲੋ ਪਾਕਿਸਤਾਨ ਦੇ ਖਿਡਾਰੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਾਮਿਲ ਕਰਨ ਬਾਰੇ ਕੀਤੀਆ ਗਈਆਂ ਟਿੱਪਣੀਆਂ ਤੌਂ ਤਲਖ਼ੀ ਵਿੱਚ ਆਏ ਲੀਡਰ ਨੇ ਆਪਣੇ ਹਿਤੈਸ਼ੀਆਂ ਨੂੰ ਭੱੜਕਾ ਕੇ ਜੰਮਕੇ ਪ੍ਰਦਰਸ਼ਨ ਕੀਤਾ। ਅਦਾਕਾਰ ਤੇ ਮਾਫੀ ਮੰਗਨ ਲਈ ਦਬਾਅ ਪਾਉਣਾ ‘ਤੇ ਪਾਕਿਸਤਾਨ ਜਾਣ ਦੀ ਨਸੀਅਤ ਦੇਣ ਵਾਲੀ ਬਿਆਨਬਾਜੀ ਕਰਨਾ ਕਿੱਥੋ ਦੀ ਸਿਆਨਪ ਹੈ। ਸੱਪਸਟ ਹੈ ਕਿ ਰਾਜਸੀ ਸੁਆਰਥ ਹਊਮੈਂ ਤੇ ਵਿਰੋਧੀ ਨੂੰ ਕਿਸੇ ਤਰਾਂ ਹੇਠਾ ਸੁੱਟਣ ਦੀ ਨੀਅਤ ਹੈ। ਪਤਾ ਨਹੀ ਅਜਿਹੇ ਭ੍ਰਿਸ਼ਟ ਨੇਤਾ ਕਿਉ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦੇ ਆਪਸੀ ਸਬੰਧ ਮਜਬੂਤ ਹੋਣ। ਮੁੰਬਈ ਵਿੱਚ ਹੀ ਨਹੀ ਹਰ ਪਾਸੇ ਅਜਿਹੇ ਖੁਦਗਰਜ ਨੇਤਾ ਆਪਣੇ ਵੋਟ ਬੈਕ ਨੂੰ ਵਧਾਉਣ ਲਈ ਅਜਿਹੀਆਂ ਚਾਲਾ ਖੇਡ ਰਹੇ ਨੇ। ਪੰਜਾਬ ਵੀ ਇਸ ਵੇਲੇ ਸਿਆਸਤ ਦਾ ਗੜ ਬਣਿਆ ਹੋਇਆ ਹੈ। ਪੰਜਾਬ ਵਿੱਚ ਆਏ ਦਿਨੀ ਕੋਈ ਨਾ ਕੋਈ ਨਵਾ ਵਿਵਾਦ ਖੜਾ ਹੋ ਜਾਦਾ ਹੈ। ਇਹ ਸਭ ਸਿਆਸੀ ਲੀਡਰਾਂ ਦੀ ਭੱੜਕਾਉ ਬਿਆਨਬਾਜੀ ਦਾ ਹੀ ਨਤੀਜਾ ਹੈ। ਕਿਸੇ ਵੀ ਹਿੰਸਕ ਮਾਮਲੇ ਨੂੰ ਤੁਸੀ ਡੂੰਘਾਈ ਨਾਲ ਪਰਖੋ, ਇਸਦੇ ਤਾਰ ਕੀਤੇ ਨਾ ਕੀਤੇ ਸਰਕਾਰੀ ਤੰਤਰ, ਰਾਜਸੀ ‘ਤੇ ਧਰਮ ਦੇ ਸਿਆਸੀ ਨੇਤਾਵਾਂ ਨਾਲ ਜੁੜਦੇ ਜਰੂਰ ਮਿਲਣਗੇ। ਭਾਰਤ ਅੱਜ ੲੈਨਾ ਕਮਜੋਰ ਹੋ ਚੁੱਕਾ ਹੈ ਕਿ ਕੋਈ ਵੀ ਦੇਸ਼ ਇਸ ਬਹੁ-ਧਰਮੀ ਦੇਸ਼ ਦੀ ਕਮਜੋਰੀ ਦਾ ਫਾਇਦਾ ਉਠਾ ਸਕਦਾ ਏ ‘ਤੇ ਇਸਨੂੰ ਫਿਰ ਤੋਂ ਗੁਲਾਮ ਬਣਾ ਸਕਦਾ ਏ। ਧਰਮ ਦੇ ਨਾਂ ਤੇ, ਜਾਤ-ਬਰਾਦਰੀ ਦੇ ਨਾਂ ਤੇ, ਜਾ ਫਿਰ ਨਸਲਵਾਦ ਦੇ ਨਾਂ ਤੇ ਛੋਟੀ ਜਿਹੀ ਚਿੰਗਾਰੀ ਸੁੱਟਣ ਦੀ ਲੋੜ ਏ। ਅੱਗ ਦੇ ਭਾਬੜ ਮੰਚਣ ਲੱਗਦੇ ਨੇ। ਕਿੰਨੇ ਖੁਸ਼ ਹੁੰਦੇ ਹੋਣਗੇ ਸਾਡੇ ਗੁਰੂ ਸਾਹਿਬਾਨ ਕੀ ਅੱਜ ਇਸ ਦੁਨੀਆ ਤੇ ਹਰ ਇਨਸਾਨ ਨੇ ਮਿਲਕੇ ਹੱਲ ਕੱਡਣ ਦੀ ਬਜਾਏ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਸਿੱਖ ਲਿਆ ਏ। ਰੋਲਾ ਭਲੇ ਕੋਈ ਵੀ ਹੋਵੇ ਨਫ਼ਰਤ ਲਈ ਇੱਕ ਬਹਾਨਾ ਚਾਹਿੰਦਾ ਹੈ। ਕੌਣ ਨੇ ਇਹ ਹਕੂਮਤੀ ਲੀਡਰ ਜੋ ਕਦੇ ਸਾਡੇ ਸਿੱਖ ਭਾਈਆ ਨੂੰ ਭੱੜਕਾਉਦੇ ਨੇ ਤੇ ਕਦੇ ਹਿੰਦੂ, ਮੁਸਲਮ ਜਾਂ ਇਸਾਈ ਭਾਈਆ ਨੂੰ। ਕੌਣ ਨੇ ਇਹ ਲੋਕ, “ਜੋ ਧਰਮ ਦੇ ਨਾਂ ਤੇ ਵੱਡੀਆ ਪਵਾਉਣਾ ਚਾਹੁੰਦੇ ਨੇ। ਕੌਣ ਨੇ ਇਹ ਦੇਸ਼ ਤੇ ਕੌਮ ਦੇ ਦੁਸ਼ਮਨ, “ਜੋ ਆਪਣੇ ਧਰਮ ਨੂੰ ਸਰੇਸ਼ਟ ਤੇ ਦੂਸਰੇ ਧਰਮ ਨੂੰ ਵੱਧਦਾ- ਫੁੱਲਦਾ ਨਹੀ ਦੇਖ ਸਕਦੇ। ਇਹ ਭਲਾ ਕਿਹੜੀ ਜੰਗ ਜਿੱਤਨਾ ਚਾਹੁੰਦੇ ਨੇ ਪ੍ਰਮਾਤਮਾ ਦੀਆ ਵੰਡੀਆ ਪਵਾਕੇ। ਤੇਰਾ ਗੁਰੂ ਹੈ…, ਮੇਰਾ ਭਗਵਾਨ ਹੈ…, ਉਸਦਾ ਖ਼ੁਦਾਂ ਹੈ…। ਅਜਿਹਾ ਕਿਉ……? ਕੋਈ ਧਰਮ ਬੁਰਾ ਨਹੀ। ਕੋਈ ਮਜ਼ਬ ਬੁਰਾ ਨਹੀ। ਬਸ ਬੁਰਾਈ ਤੇ ਉਤਰ ਆਏ ਉਹ ਇਨਸਾਨ ਹੀ ਬੁਰਾ ਹੁੰਦਾ ਹੈ। ਗੁਰਦੁਆਰਾ ਸਾਹਿਬ ਹੋਵੇ ਜਾਂ ਮੰਦਰ, ਮਸ਼ਜਿਦ, ਚਰਚ ਜਾਂ ਹੋਵੇ ਕੋਈ ਡੇਰਾ। ਹਰ ਸੰਸਥਾ ਦਾ ਮਿਸ਼ਨ ਹੈ। ਸਰੱਬਤ ਦੇ ਭਲੇ ਦਾ ਵਡਮੁੱਲਾ ਸੰਦੇਸ਼ ਜਨ-ਜਨ ਦੇ ਦਿਲਾ ਅੰਦਰ ਪਾਉਣਾ, ਭੱਟਕੇ ਹੋਏ ਲੋਕਾ ਨੂੰ ਬੁਰਾਇਆ ਛੁੜਵਾ ਕੇ ਸਿੱਧੇ ਰਾਹ ਪਾਉਣਾ। ਭਾਈਚਾਰਾ,ਹਮਦਰਦੀ, ਆਪਸੀ ਪ੍ਰੇਮ ਤੇ ਦੇਸ਼ ਭਗਤੀ ਦਾ ਜ਼ਜਬਾ ਪੈਦਾ ਕਰਨਾ। ਕੀ ਹੁੰਦਾ ਜੇ ਧਰਮ ਨਾ ਹੁੰਦੇ…? ਗੁਰੂ ਕੀ ਬਾਨੀ ਪ੍ਰਮਾਰਥੀ ਬਚਨ ਨਾ ਹੁੰਦੇ…? ਜੁਗੋ ਜੁਗ ਅੱਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾ ਹੁੰਦੇ…? ਦੇਸ਼, ਜਾਤ-ਬਰਾਦਰੀ ਤੇ ਨਸਲਵਾਦ ਦੇ ਨਾਂ ਤੇ ਕਈ ਟੁੱਕੜਿਆ ‘ਚ ਵੰਡਿਆ ਜਾਦਾਂ। ਉਹ ਕਿਹੜੇ ਨਫ਼ਰਤ ਦੇ ਪੁਜਾਰੀ, ਧਰਮ ਤੇ ਕੌਮ ਦੇ ਦੁਸ਼ਮਨ ਲੀਡਰ ਨੇ ਜੋ ਕਿਸੇ ਧਾਰਮਿਕ ਸੰਸਥਾ ਨੂੰ ਖਤਮ ਕਰਨ ਦੀਆ ਗੱਲਾ ਕਰਕੇ ਸਾਡੇ ਵੀਰਾ ਨੂੰ ਭੱਟਕਾਉਦੇ ਨੇ। ਸਾਨੂੰ ਆਪਣੇ ਹੀ ਧਰਮ ਤੋਂ ਗੁੰਮਰਾਹ ਕਰਦੇ ਨੇ। ਸਰਬੰਸਦਾਨੀ ਦਸ਼ਮ ਪਾਤਸ਼ਾਹ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰਾਂ ਚੁੱਕੀਆ ਸਨ ਧਰਮ ਦੀ ਰੱਖਿਆ ‘ਤੇ ਮਨੁੱਖਤਾ ਦੇ ਭਲੇ ਲਈ। ਉਹਨਾ ਜ਼ਾਲਮ ਮੁਗਲਾ ਦੇ ਖਿਲਾਫ਼ ਜੋ ਘੱਟੀਆ ਮਨਸੂਬਿਆ ਨਾਲ ਲੋਕਾ ਦੇ ਦਿਲਾਂ ਵਿੱਚ ਜ਼ਹਿਰ ਉਗਲਦੇ ਸਨ। ਉਹਨਾ ਦੇ ਹੱਕ ‘ਚ ਫੈਸਲਾ ਨਾ ਲੈਣ ਵਾਲਿਆ ਨੂੰ ਦਿਲ ਕਬਨੇ ਤਸੀਹੇ ਦੇ ਕੇ ਮਾਰਿਆ ਜਾਦਾ ਸੀ। ਜ਼ਬਰਨ ਧਰਮ ਪ੍ਰੀਵਰਤਨ ਕਰਵਾਉਣ ਲਈ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾਦਾ ਸੀ। ਤਲਵਾਰਾ ਤਾਂ ਅੱਜ ਵੀ ਉਠ ਰਹੀਆ ਨੇ। ਅੱਜ ਵੀ ਬੰਬ ਧਮਾਕੇ ਦੇਸ਼ ਦਾ ਦਿਲ ਛਲਣੀ- ਛਲਣੀ ਕਰ ਰਹੇ ਨੇ। ਅੱਜ ਵੀ ਉਹ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪਰ ਸਿਰਫ ਦੂਸਰੇ ਧਰਮ ‘ਤੇ ਕੌਮ ਦੇ ਖਾਤਮੇ ਲਈ। ਅਜਿਹਾ ਕਿਉ…? ਸਾਡੀ ਕ੍ਰਿਪਾਨ ਲਹੂ ਨਾਲ ਲਿੱਬੜਨ ਲਈ ਇਹਨੀ ਉਤਾਵਲੀ ਕਿਉ ਹੋ ਰਹੀ ਏ। ਤਹੱਮਲ ਨਾਲ ਬੈਠ ਕੇ, ਸਰਬ-ਸੰਮਤ ਤੇ ਸਾਰਥਕ ਹੱਲ ਲੱਭ ਕੇ ਮਸਲਾ ਸੁਲਜਾਉਣ ਦੀ ਬਜਾਏ ਅਸੀ ਸ਼ੇਰਾ ਵਾਗ ਹੀਗਣ ਕਿਉ ਲਗਦੇ ਹਾਂ। ਕਿੱਥੇ ਗਏ ਉਹ ਦਯਾਲੂ ਤੇ ਕ੍ਰਿਪਾਲੂ ਗੁਣ ਜੋ ਸਾਡੇ ਪਰਉਪਕਾਰੀ ਗੁਰੂ ਸਾਹਿਬਾਨਾ ਨੇ ਸਾਡੇ ਅੰਦਰ ਕੁੱਟ-ਕੁੱਟ ਕੇ ਭਰੇ ਨੇ। ਸਾਡੀ ਬੁੱਧੀ ਤੇ ਲੀਡਰਾਂ ਨੇ ਕਬਜਾ ਕਿਉ ਕੀਤਾ ਹੋਇਆ ਹੈ… !! ਆਖਿਰ ਅਸੀ ਆਪਣੇ ਜ਼ਮੀਰ ਦੀ ਅਵਾਜ਼ ਨੂੰ ਕਿਉ ਨਹੀ ਸੁਣਨਾ ਚਾਹੁੰਦੇ। ਕੁਝ ਮਹੀਨੇ ਪਹਿਲਾ ਮੈਂ ਟੀ.ਵੀ ਤੇ ਕਿਸੇ ਮਹਾਪੁਰਸ਼ਾ ਦੀ ਸਤਿਸੰਗ ਸੁਣੀ। ਸਤਿਸੰਗ ਦੌਰਾਨ ਉਹਨਾ ਨੇ ਇੱਕ ਕਿੱਸਾ ਸੁਣਾਇਆ ਤੇ ਇਹ ਕਿੱਸਾ ਅੱਜ ਮੈਂ ਤੁਹਾਡੇ ਨਾਲ ਸਾਝਾਂ ਕਰਨ ਲੱਗਾ ਹਾਂ। ਮੈਨੂੰ ਉਮੀਦ ਹੈ ਕੀ ਤੁਸੀ ਇੱਕ ਵਾਰ ਜ਼ਰੂਰ ਸੋਚੋਗੇ ਕੀ ਅਸੀ ਕੀਤੇ ਆਪਣੇ ਜ਼ਮੀਰ ਦੀ ਅਵਾਜ ਨੂੰ ਅਣਸੁਨਾ ਕਰ ਕੇ ਮਨ ਦੇ ਮਗਰ ਤਾਂ ਨਹੀ ਲੱਗ ਰਹੇ। ਧਰਮ ਤੋਂ ਪਾਸੇ ਹੱਟ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕੋਈ ਕੰਮ ਤਾਂ ਨਹੀ ਕਰ ਰਹੇ। ਲਓ ਪੇਸ਼ ਹੈ-
- ਖਬਰ ਉਡੀ ਤੇ ਉਡਦੀ-ਉਡਦੀ ਰਾਜਾ ਪ੍ਰੀਛਤ ਦੇ ਕੰਨੀ ਪਈ। ਆਪਣੇ ਇਲਾਕੇ ‘ਚ ਆਏ ਵੇਦ ਵਿਆਸ ਨਾ ਦੇ ਮਹਾਪੁਰਸ਼ਾ ਦੀ ਤਰੀਫ ਸੁਣਦੇ ਹੀ ਰਾਜਾ ਪ੍ਰੀਛਤ ਨੇ ਉਹਨਾ ਨੂੰ ਮਿਲਣ ਦਾ ਮਨ ਬਨਾਇਆ ਤੇ ਸ਼ਰਧਾ ਤੇ ਵਿਸ਼ਵਾਸ ਨਾਲ ਤੁਰ ਪਏ। ਪਹੁੰਚਦੇ ਹੀ ਰਾਜਾ ਪ੍ਰੀਛਤ ਨੇ ਵੇਦ ਵਿਆਸ ਜੀ ਨੂੰ ਇੱਕ ਸਵਾਲ ਕੀਤਾ। 
-“ਮਹਾਪੁਰਖੋ” ਮੇਰੀ ਪ੍ਰਜਾ ਕਹਿੰਦੀ ਏ ਕਿ ਮੇਰੇ ਬਜ਼ੁਰਗ ਸਾਰੀ ਉਮਰ ਮਨ ਦੇ ਕਹੇ ਲੱਗਦੇ ਰਹੇ ‘ਤੇ ਹੁਣ ਮੈਂ ਵੀ। ਇਸਦਾ ਕੋਈ ਉਪਾਓ… ਦੱਸੋ…!!
- ਵੇਦ ਵਿਆਸ ਜੀ ਨੇ ਜਵਾਬ ਦਿੰਦੇ ਕਿਹਾ, “ਮਨ ਹੁੰਦਾ ਹੀ ਬੜਾ ਜ਼ਬਰਦਸਤ ਏ। ਇਸਦੇ ਪ੍ਰਭਾਵ ਤੋਂ ਬਚਨਾ ਬੜਾ ਹੀ ਕਠਿਨ ਹੈ। ਪਰ ਤੂੰ ਬੜੀ ਸ਼ਰਧਾ ਤੇ ਵਿਸ਼ਵਾਸ ਨਾਲ ਆਇਆਂ ਏ। ਮੈਂ ਤੈਨੂੰ ਮਨ ਦੇ ਪ੍ਰਭਾਵ ਤੋਂ ਬਚਨ ਦਾ ਇਕ ਸਰਲ ਤਰੀਕਾ ਪਹਿਲੇ ਤੋਂ ਹੀ ਦੱਸਦਾ ਹਾ। ਹੁਣ ਦੇਖਣਾ ਇਹ ਹੈ ਕਿ ਤੂੰ ਇਸ ਤੋਂ ਕਿੱਥੋ ਤੱਕ ਬਚ ਸਕਦਾ ਏ। ਅੱਜ ਤੋਂ ਤਿੰਨ ਮਹੀਨੇ ਬਾਦ ਤੇਰੇ ਕੋਲ ਇੱਕ ਸੌਦਾਗਾਰ ਘੋੜਾ ਵੇਚਨ ਆਏਗਾ। ਪਰ ਤੂੰ ਉਹ ਘੋੜਾ ਨਾ ਖਰੀਦੀ। ਜੇ ਖਰੀਦ ਵੀ ਲਿਆ ਤਾਂ ਉਸ ਤੇ ਸਵਾਰੀ ਨਾ ਕਰੀ। ਜੇ ਸਵਾਰ ਵੀ ਹੋ ਗਿਆ ਤਾਂ ਪੂਰਬ ਦਿਸ਼ਾ ਵੱਲ ਨਾ ਜਾਈ। ਜੇ ਪੂਰਬ ਦਿਸ਼ਾ ਵੱਲ ਚਲਾ ਵੀ ਗਿਆ ਤਾਂ ਉਥੇ ਕਿਸੀ ਵੀ ਔਰਤ ਨਾਲ ਗੱਲ ਨਾ ਕਰੀ। ਜੇ ਗੱਲ ਕਰਨਾ ਮਜਬੂਰੀ ਬਣ ਜਾਵੇ ਤਾਂ ਉਸਨੂੰ ਆਪਣੇ ਮਹਿਲ ਵਿੱਚ ਕਦੇ ਨਾ ਲਿਆਈ। ਜੇ ਮਹਿਲ ਵਿੱਚ ਲੈ ਵੀ ਆਇਆਂ ਤਾਂ ਉਸ ਨਾਲ ਵਿਆਹ ਨਾ ਕਰੀ। ਜੇ ਵਿਆਹ ਵੀ ਕਰ ਲਿਆ ਤਾਂ ਉਹਦੇ ਕਹੇ ਨਾ ਲੱਗੀ। ਜਾ ਉਪਾਓ ਕਰ ਲੈ।
-ਤਿੰਨ ਮਹੀਨੇ ਬੀਤ ਗਏ। ਇੱਕ ਸੌਦਾਗਾਰ ਘੋੜਾ ਲੈ ਕੇ ਆਇਆਂ। ਅਜਿਹਾ ਘੋੜਾ ਰਾਜੇ ਨੇ ਪਹਿਲਾ ਕਦੇ ਨਹੀ ਸੀ ਵੇਖਿਆ। ਅਮੀਰਾ,ਵਜ਼ੀਰਾ ਨੇ ਵੰਡਿਆਇਆ ਕਿ ਮਹਾਰਾਜ ਖਰੀਦ ਲਓ,ਜੇ ਸਵਾਰੀ ਨਹੀ ਕਰਨੀ ਤੇ ਨਾ ਕਰੀਓ। ਤਬੇਲੇ ਦਾ ਸ਼ਿੰਗਾਰ ਤਾਂ ਹੈ। ਬਾਹਰਲੇ ਰਾਜੇ ਆ ਕੇ ਵੇਖਣਗੇ। ਜੇ ਆਪਾ ਨਾ ਖਰੀਦਿਆਂ ਤਾਂ ਕੋਈ ਹੋਰ ਰਾਜਾ ਖਰੀਦ ਲਵੇਗਾ। ਰਾਜੇ ਨੂੰ ਗੱਲ ਜੱਚ ਗਈ। ਉਸਨੇ ਘੋੜਾ ਖਰੀਦ ਲਿਆ। ਕੁਝ ਦਿਨ ਬੀਤ ਗਏ। ਪ੍ਰਜਾ ਨੇ ਘੋੜੇ ਦੀ ਬੜੀ ਤਾਰੀਫ ਕੀਤੀ ਕਿ ਸਾਹਿਬ ! ਘੋੜਾ ਬੜਾਂ ਸੁੰਦਰ ਹੈ। ਜ਼ਰਾ ਵੀ ਐਬ ਨਹੀ। ਤੁਹਾਡੀ ਸਵਾਰੀ ਲਾਇਕ ਹੈ। ਰਾਜੇ ਨੇ ਮਨ ‘ਚ ਸੋਚਿਆ ਅੱਛਾ ! ਸਵਾਰ ਹੋ ਜਾਦੇ ਹਾ, ਪਰ ਪੂਰਬ ਦਿਸ਼ਾ ਵੱਲ ਨਹੀ ਜਾਦੇ। ਜਦ ਰਾਜਾ ਘੋੜੇ ਤੇ ਸਵਾਰ ਹੋਇਆ ਘੋੜਾ ਮੂੰਹ ਜ਼ੋਰ ਹੋ ਕੇ ਜੰਗਲ ਵਿੱਚ ਪੂਰਬ ਦਿਸ਼ਾ ਨੂੰ ਜਾਂ ਨਿਕਲਿਆ। ਅੱਗੋ ਇੱਕ ਜਗ੍ਹਾ ‘ਤੇ ਇੱਕ ਖੂਬਸੂਰਤ ਔਰਤ ਬੈਠੀ ਰੋ ਰਹੀ ਸੀ। ਘੋੜੇ ਤੌ ਉਤਰ ਕੇ ਰਾਜੇ ਨੇ ਕਾਰਨ ਪੁਛਿਆ। ਉਹ ਕਹਿਣ ਲੱਗੀ ਕਿ ਮੇਰੇ ਰਿਸ਼ਤੇਦਾਰ ਮੈਥੋਂ ਵਿੱਛੜ ਗਏ ਨੇ। ਇਸ ਜੰਗਲ ‘ਚ ਜਾਨਵਰ ਮੈਨੂੰ ਮਾਰ ਦੇਣਗੇ। ਮੈਂ ਮਰਨਾ ਨਹੀ ਚਾਹੁੰਦੀ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਰਾਜੇ ਨੂੰ ਦਯਾ ਆ ਗਈ। ਉਸਨੇ ਪਤਾ ਪੁੱਛਿਆ। ਪਤਾ ਦੁਸ਼ਮਨ ਰਾਜੇ ਦੇ ਇਲਾਕੇ ਦਾ ਸੀ। ਰਾਜੇ ਨੇ ਔਰਤ ਨੂੰ ਘਰ ਛੱਡ ਕੇ ਆਉਣ ਤੋਂ ਮਨਾ ਕਰ ਦਿੱਤਾ। ਔਰਤ ਦੇ ਵਾਰ-ਵਾਰ ਦੁਹਾਈਆ ਪਾਉਣ ਤੇ ਰਾਜਾ ਉਸਨੂੰ ਆਪਣੇ ਮਹਿਲ ਲੈ ਆਇਆ। ਕੁਝ ਦਿਨ ਬੀਤ ਗਏ। ਲੋਕਾ ਨੇ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਕਿ ਮਹਿਮਾਨ ਬੜੀ ਨੇਕ ਤੇ ਸੁਸ਼ੀਲ ਸੁਭਾਉ ਵਾਲੀ ਔਰਤ ਏ। ਆਪ ਦੇ ਲਾਇਕ ਏ। ਰਾਜੇ ਨੂੰ ਵੀ ਇਹ ਸੋਹਣੀ ਔਰਤ ਜੱਚ ਗਈ ਸੀ। ਮਨ ਨੇ ਇੱਕ ਵਾਰ ਫਿਰ ਮਰੋੜਾ ਦਿੱਤਾ। ਉਸਨੇ ਵਿਆਹ ਵੀ ਕਰ ਲਿਆ। ਇਸਤਰੀ ਮਾਇਆ ਦਾ ਜਾਲ ਏ। ਕੁਝ ਦਿਨ ਗੁਜ਼ਰ ਗਏ ਤਾਂ ਉਹ ਕਹਿਣ ਲੱਗੀ, ਇੱਕ ਮਿਹਤਰ ਵੀ ਸ਼ਾਦੀ ਕਰਦਾ ਏ। ਉਹ ਆਪਣੀ ਬਰਾਦਰੀ ਦੀ ਰੋਟੀ ਕਹਿੰਦਾ ਏ। ਰਾਜੇ ਨੇ ਪੁੱਛਿਆ ਤੂੰ ਕੀ ਚਾਹੁੰਦੀ ਏ। ਉਹ ਕਹਿਣ ਲੱਗੀ, ਰਿਸ਼ੀਆਂ ਮੁਨੀਆਂ, ਨੇਕ ਪੁਰਸ਼ਾਂ ਨੂੰ ਬੁਲਾਉ ‘ਤੇ ਜ਼ਿਆਫ਼ਤ, ਭੋਜ਼ ਫ਼ੀਸਟ ਕਰੋ। ਜਿਸ ਵਕਤ ਸਾਰੇ ਰਿਸ਼ੀ-ਮੁਨੀ ਆ ਕੇ ਬੈਠ ਗਏ ਤਾਂ ਰਾਣੀ ਰਾਜੇ ਨੂੰ ਕਹਿਣ ਲੱਗੀ, “ਮੈਂ ਤੇਰੀ ਅਰਧਾਗਨੀ ਹਾਂ। ਮੈਂ ਵੀ ਤੇਰੇ ਨਾਲ ਸੇਵਾ ਕਰਾਗੀ। ਦੋਵੇ ਸੇਵਾ ਕਰਨ ਲੱਗ ਗਏ। ਉਹ ਜੰਗਲ ਦੇ ਰਹਿਣ ਵਾਲੇ ਸਨ। ਰਾਣੀ ਦੇ ਮਨ ਮੋਹਨੇ ‘ਤੇ ਭੜਕਾਉ ਵਸਤਰ ਵਾਰ-ਵਾਰ ਉਹਨਾ ਦਾ ਧਿਆਨ ਖਿੱਚ ਰਹੇ ਸਨ। ਰੋਟੀ ਵਰਤਾਉਂਦੇ-ਵਰਤਾਉਂਦੇ ਰਾਣੀ ਕਹਿਣ ਲੱਗੀ,ਇਹ ਤਾਂ ਸਾਰੇ ਦੇ ਸਾਰੇ ਲੁੱਚੇ ਆਦਮੀ ਨੇ ਮੇਰੇ ਵੱਲ ਵਾਰ-ਵਾਰ ਤੱਕ ਰਹੇ ਨੇ। ਰਾਜੇ ਨੂੰ ਗੁੱਸਾ ਆ ਗਿਆ। ਉਸਨੇ ਤਲਵਾਰ ਨਾਲ ਇੱਕ-ਇੱਕ ਕਰਕੇ ਸਾਰੇ ਮਹਾਪੁਰਖਾਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ। ਉਸੀ ਵਕਤ ਵੇਦ ਵਿਆਸ ਜੀ ਪਰਗਟ ਹੋਏ ‘ਤੇ ਕਹਿਣ ਲੱਗੇ, “ਕਿਉ ਰਾਜਾ ਕਰ ਲਿਆ ਉਪਾਅ, ਸਭ ਜਾਣਦੇ ਹੋਏ ਵੀ ਤੂੰ ਮਨ ਦੇ ਧੱਕੇ ਚੜ ਗਿਆ। ਆਪਣੀ ਜ਼ਮੀਰ ਦੀ ਅਵਾਜ਼ ਨੂੰ ਅਨਸੁਣਾ ਕਰਕੇ ਤੂੰ ਮਨ ਜ਼ਾਲਮ ਦੇ ਮਗਰ ਲੱਗਦਾ ਰਿਹਾ। ‘ਤੇ ਅੱਜ ਇਸ ਮਨ ਨੇ ਤੇਰੇ ਤੋਂ ਉਹਨਾ ਮਹਾਪੁਰਖਾਂ ਦਾ ਕਤਲ ਕਰਵਾ ਦਿੱਤਾ। ਜਿਨਾ ਨੇ ਲੱਖਾ ਲੋਕਾ ਨੂੰ ਬੁਰਾਈ ਛੱੜਵਾ ਕੇ ਸਿੱਧੇ ਰਾਹ ਪਾਉਣਾ ਸੀ। ਮਨ ਨੇ ਵੱਡਿਆ-ਵੱਡਿਆ ਦੀ ਮਿੱਟੀ ਪਲੀਤ ਕਰ ਦਿੱਤੀ। ਪੁਰਾਣਾ ਨੂੰ ਪੜ੍ਹ ਕੇ ਵੇਖ। ਸਾਰੀਆਂ ਕਿਤਾਬਾ ਕਹਿੰਦੀਆਂ ਨੇ, ਜਿਹੜੀਆ ਤਾਕਤਾ ਮਨ ਨੂੰ ਕਾਬੂ ਕਰਦੀਆ ਨੇ, ਉਹ ਤੁਹਾਡੇ ਅੰਦਰ ਹਨ। ਜਦ ਨੌਆਂ ਦੁਆਰਿਆਂ ਤੋਂ ਉੱਪਰ ਚੜ੍ਹ ਕੇ ਮੁਕਾਮ ਅੱਲ੍ਹਾ ਤੇ ਪਹੁੰਚ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਉਗੇ ਤਾਂ ਮਨ ਕਾਬੂ ਆ ਜਾਵੇਗਾ। 
ਇਸ ਤੋਂ ਸਪੱਸਟ ਹੁੰਦਾ ਹੈ ਕਿ ਸਮੁੱਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਨ ਵਾਲੇ ਸੰਤ ਪੀਰ ਫਕੀਰਾ ਦਾ ਪਰਉਪਕਾਰੀ ਜੀਵਨ ਅਧਿਆਤਮਿਕ ਪਾਂਧੀਆ, ਸਰਬੱਤ ਦਾ ਭਲਾ ਮੰਗਣ ਵਾਲੀ ਸੋਚ, ਬੇਮਿਸਾਲ ਕਰਿਸ਼ਮੇ, ਹਰ ਵਰਗ ਧਰਮ,ਜਾਤ,ਨਸਲ ‘ਤੇ ਕੌਮ ਦਾ ਸਤਿਕਾਰ ਸਮੁੱਚੀ ਮਨੁੱਖਤਾ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਇੰਝ ਹੀ ਕਰੌੜਾਂ ਲੋਕਾ ਦੀ ਸ਼ਰਧਾ ਦਾ ਕਂੇਦਰ ਨਹੀ ਬਣ ਜਾਦੇ। ਥੋੜਾ ਸੋਚੋ ਕਿਤੇ ਅਸੀ ਕਿਸੇ ਦੇ ਬਹਕਾਵੇ ਵਿੱਚ ਆ ਕੇ, ਕਿਸੇ ਧਰਮ ਜਾਂ ਮਜ਼ਬ ਨੂੰ ਨੀਵਾ ਵਿਖਾਉਣ ਲਈ ਕੋਈ ਸਾਜਿਸ਼ ਜਾਂ ਕੋਈ ਅਪਸ਼ਬਦ ਦਾ ਪ੍ਰਯੋਗ ਤਾਂ ਨਹੀ ਕਰ ਰਹੇ। ਪਹਿਲਾ ਆਪਣੇ ਜ਼ਮੀਰ ਦੀ ਅਵਾਜ਼ ਸੁਣੋ। ਅਸੀ ਖੁਦ ਗਊਆਂ ਪੁੰਨ ਕਰਕੇ ਨਹੀ ਬੈਠੇ। ਬਹੁਤੇ ਸਾਹਿਤਕਾਰ, ਪੱਤਰਕਾਰ ਤੇ ਵਿਦਵਾਨ ਜ਼ਜਬਾਤੀ ਹੋ ਕੇ ਖ਼ਬਰਾਂ ਜਾਂ ਲੇਖ ਇੰਝ ਲਿਖਦੇ ਨੇ ਕੀ ਉਸ ਵਿੱਚ ਕਿਸੇ ਖਾਸ ਧਰਮ ਜਾਂ ਮਜ਼ਬ ਦੀ ਕੱਟੜਤਾ ਸਪੱਸ਼ਟ ਦਿਖਾਈ ਦਿੰਦੀ ਹੈ। ਪਾਠਕ ਪਹਿਲੇ ਦੋ ਸ਼ਬਦਾ ਤੋਂ ਹੀ ਸਮਝ ਜਾਦਾ ਹੈ ਕੀ ਇਹ ਭਾਈ ਸਾਹਿਬ ਹੁਣ ਇੱਕ ਤਰਫਾ ਗੱਲ ਤੋਰਣਗੇ। ਵਿਰੋਧੀ ਧਿਰ ਦੀ ਸਫਾਈ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ। ਜੇ ਕੁਝ ਲਿਖਣਾ ਮਜਬੂਰੀ ਬਣ ਜਾਵੇ ਚੰਦ ਲੈਣਾ ਉਹ ਵੀ ਅਧੂਰੀਆ। ਇਹਨਾ ਵੀਰਾਂ ਨੂੰ ਸ਼ਾਇਦ ਇਹ ਨਹੀ ਪਤਾ ਕਿ ਤੁਹਾਡੀ ਕਲਮ ‘ਚੋ ਨਿਕਲਿਆਂ ਇੱਕ-ਇੱਕ ਅੱਖਰ ਜਿੱਥੇ ਲੱਖਾਂ ਲੋਕਾ ਦੇ ਦਿਲਾ ‘ਤੇ ਠੇਸ ਪਚਾ ਸਕਦਾ ਹੈ ‘ਤੇ ਉੱਥੇ ਹੀ ਕਰੋੜਾਂ ਦੇ ਦਿਲਾ ਅੰਦਰ ਨਫ਼ਰਤ ਦੀ ਚਿੰਗਾਰੀ ਵੀ ਲਾ ਸਕਦਾ ਹੈ। ਬਲਦੀ ਤੇ ਤੇਲ ਸੁੱਟਣਾ ਕਿੱਥੋ ਦੀ ਸਿਆਨਪ ਹੈ। ਬਸ ਫਿਰ… ਨਫ਼ਰਤ…ਸਿਰਫ ਨਫ਼ਰਤ। ਮੈਂਨੂੰ ਪਤਾ ਹੈ ਕੱਟੜਵਾਦ ‘ਚ ਫਸੇ ਬਹੁਤੇ ਸੰਪਾਦਕ ਭਰਾ ਮੇਰਾ ਲੇਖ ਪੜ੍ਹਦੇ ਹੀ ਪਾੜ ਦੇਣਗੇ। ਪਰ ਮੈਂ ਉਹਨਾ ਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਹਾ ਕਿ “ਸ਼੍ਰੀ ਮਾਨ ਜੀਓ” ਮੈਂ ਕਿਸੇ ਧਰਮ ਦੇ ਵਿਰੁੱਧ ਨਹੀ ਲਿਖ ਰਿਹਾ ‘ਤੇ ਨਾ ਹੀ ਕਿਸੇ ਖਾਸ ਧਰਮ ਦੇ ਹੱਕ ਵਿੱਚ ਲਿਖ ਰਿਹਾ ਹਾ। ਮੈਂ ਤਾਂ ਸਿਰਫ ਹਕੂਮਤੀ ਲੀਡਰਾਂ ‘ਤੇ ਕੱਟੜਵਰਤੀ ਲੇਖਕ, ਪੱਤਰਕਾਰਾਂ,ਵਿਧਵਾਨਾਂ ਦੀ ਕਾਰਗੁਜਾਰੀ ਤੇ ਚਾਨਣਾ ਪਾ ਰਿਹਾ ਹਾਂ। ਦੇਸ਼ ਦੀ ਸ਼ਾਤੀ ਨੂੰ ਭੰਗ ਕਰਨ ਵਾਲੇ ‘ਤੇ ਦਹਿਸ਼ਤਗਰਦੀ ਫੈਲਾਉਣ ਵਾਲੇ ਸਭ ਤੋਂ ਵੱਡੇ ਕਾਰਨਾ ਬਾਰੇ ਲਿਖ ਰਿਹਾ ਹਾਂ। ਇਸ ਸਮੇਂ ਇਨਸਾਨੀਅਤ ਹੀ ਮੇਰਾ ਧਰਮ ਹੈ। ‘ਤੇ ਇਹ ਇਨਸਾਨੀਅਤ ਦਾ ਜ਼ਜਬਾ ਮੈਂਨੂੰ ਵਾਰ-ਵਾਰ ਇੱਕ ਕੋਸ਼ਿਸ ਕਰਨ ਲਈ ਉਕਸਾਉਦਾ ਹੈ। ਮੈਂ ਤਾਂ ਸਿਰਫ ਛੋਟੀ ਜਿਹੀ ਕੋਸ਼ਿਸ ਹੀ ਕਰ ਰਿਹਾ ਹਾਂ ਸਾਡੇ ਸਿਆਸੀ ਨੇਤਾਵਾਂ ਦੀ ਕਾਰਗੁਜਾਰੀ ਵਿੱਚ ਆਈ ਗਰਾਵਟ ਨੂੰ ਨਿਖਾਰਣ ਦੀ, ਗੰਦੀ ਰਾਜਨੀਤੀ ਦੇ ਚੱਪੇ-ਚੱਪੇ ਦੇ ਫੈਲਿਆ ਹੋਇਆ ਭ੍ਰਿਸ਼ਟਾਚਾਰ ‘ਤੇ ਫਿਰਕੁਪੂਨਾ ਖਤਮ ਕਰਨ ਦੀ। ਤਾਂ ਜੋ ਦੇਸ਼ ਦੀ ਏਕਤਾ ਨੂੰ ਬਲ ਮਿਲੇ ‘ਤੇ ਸਾਡਾ ਦੇਸ਼ ਖੁਸ਼ਹਾਲੀ ਵੱਲ ਵੱਧੇ। ਕੁਝ ਮਹੀਨੇ ਪਹਿਲਾ ਪੰਜਾਬ ਦੇ ਇੱਕ ਹੋਣਹਾਰ ਗਾਇਕ ਬੱਬੂ ਮਾਨ ਦੀ ਇੱਕ ਕੈਸਟ “ਸਿੰਘ ਇਜ਼ ਬੈਟਰ ਦੈਨ ਕਿੰਗ” ਦੀ ਬੜੀ ਚਰਚਾ ਸੁਣੀ। ਇਸ ਕੈਸਟ ਦਾ ਇੱਕ ਧਾਰਮਿਕ ਗੀਤ ਲੰਬਾ ਸਮਾ ਵਿਵਾਦਾ ‘ਚ ਰਿਹਾ। ਇਸ ਗੀਤ ਨੂੰ ਲੈ ਕੇ ਦੋ ਧਿਰ ਪੈਦਾ ਹੋ ਗਏ। ਕਈ ਲੇਖਕ ਵੀਰਾ ਨੇ ਗਾਇਕ ਦੇ ਹੱਕ ‘ਚ ਆਪਣੀ ਕਲਮ ਚੁੱਕੀ ‘ਤੇ ਕੁਝ ਲੇਖਕ ਵੀਰਾ ਨੇ ਇਸ ਗਾਇਕੀ ਦੇ ਵਿਰੁੱਧ। ਲੇਖਕ ਤੇ ਵਿਧਵਾਨਾਂ ਦੇ ਆਪਸੀ ਮਤਭੇਦ ਪੜ੍ਹ ਕੇ ਇਹ ਕਹਿਨਾ ਬੜਾ ਹੀ ਮੁਸ਼ਕਿਲ ਹੈ ਕਿ ਕੌਣ ਕਿੰਨਾ ਕੁ ਸਹੀ ਹੈ ‘ਤੇ ਕੌਣ ਕਿੰਨਾ ਕੁ ਗਲਤ। ਇਸਦਾ ਫੈਸਲਾ ਤਾਂ ਆਮ ਜਨਤਾ ਹੀ ਕਰ ਸਕਦੀ ਹੈ। ਕਈ ਵੀਰ ਲਿਖਦੇ ਨੇ ਕੀ ਕੁਝ ਬਾਬਿਆਂ ਨੇ ਜ਼ਜਬਾਤੀ ਹੋਕੇ ਗਾਇਕ ਦੇ ਵਿਰੁੱਧ ਕਾਫੀ ਨਜ਼ਾਇਜ ਬੋਲ ਦਿੱਤਾ। ਉਹਨਾ ਨੂੰ ਇਹਨਾ ਭਾਵੁਕ ਨਹੀ ਹੋਣਾ ਚਾਹਿੰਦਾ ਸੀ। ਸਗੋ ਸੰਤੋਖ, ਧੀਰਜ, ਨਿਮਰਤਾ ‘ਤੇ ਸਹਿਨਸ਼ੀਲਤਾ ਨਾਲ ਕੰਮ ਲੈਣਾ ਚਾਹਿੰਦਾ ਸੀ। ਗਾਇਕ ਨੇ ਤਾਂ ਇੱਕ ਸੱਚ ਤੋਂ ਪੜਦਾ ਉਠਾਇਆਂ ਏ। ਪਾਠਕ ਇਹ ਸੋਚ ਰਹੇ ਹੋਣਗੇ ਕਿ ਇੱਕ ਪਾਸੇ ਲੇਖਕ ਨਿਡਰ ਹੋਕੇ ਲਿਖਣ ਦੀਆ ਗੱਲਾਂ ਕਰਦਾ ਹੈ ‘ਤੇ ਦੂਸਰੇ ਪਾਸੇ ਉਹਨਾ ਬਾਬਿਆਂ ਦੇ ਨਾਮ ਲਿਖਣ ਤੋਂ ਵੀ ਡਰਦਾ ਹੈ। “ਪਿਆਰੇ ਪਾਠਕੋ” ਮੈਂ ਤੁਹਾਨੂੰ ਪਹਿਲਾ ਵੀ ਦੱਸ ਚੁੱਕਾ ਹਾਂ ਕਿ ਇਨਸਾਨੀਅਤ ਹੀ ਮੇਰਾ ਧਰਮ ਹੈ। ‘ਤੇ ਇਹ ਸਿਰਫ ਜੋੜਨਾ ਸਿਖਾਉਦਾ ਹੈ ਤੋੜਨਾ ਨਹੀ। ਮੈਂ ਭਲਾ ਦੂਸਰੇ ਵੀਰਾ ਦੀ ਸ਼ਰਧਾ ਤੇ ਸੱਟ ਮਾਰਕੇ ਉਹਨਾ ਦੇ ਦਿਲ ਕਿਵੇ ਤੋੜ ਸਕਦਾ ਹਾਂ। ਕਬੀਰ ਜੀ ਫਰਮਾਉਦੇ ਨੇ- 
ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲੀਆ ਕੋਈ। 
ਜੋ ਮਨ ਖੋਜੀਆ ਆਪਣਾ ਤੌਂ ਮੁਜਸੇ ਬੁਰਾ ਨਾ ਕੋਈ॥
ਸੋ ਮੈਂ ਕੋਈ ਦੁੱਧ ਦਾ ਧੁਲੀਆ ਨਹੀ। ਤੁਹਾਡੇ ਵਰਗਾ ਇੱਕ ਆਮ ਆਦਮੀ ਹਾਂ। ਖੈਰ ਆਪਾ ਗੱਲ ਗਾਇਕ ਦੇ ਵਿਰੁੱਧ ਲਿਖਣ ਵਾਲੀਆ ਦੀ ਕਰਦੇ ਹਾਂ। ਕੁਝ ਵੀਰ ਲਿਖਦੇ ਨੇ ਕਿ ਚੰਗਾ ਹੁੰਦਾ ਜੇ ਗਾਇਕ “ਸੀ” ਦੀ ਥਾ ਗੁਰੁ ਜੀ ਦੀ ਹੋਦ ‘ਤੇ ਭਗਤੀ ਦਾ ਜ਼ਜਬਾ ਪੈਦਾ ਕਰਨ ਲਈ, ਗੁਰੁ ਸਾਹਿਬਾਨਾ ਦੀ ਬਾਨੀ ਜੁਗੋ ਜੁਗ ਅੱਟਲ ਧੰਨ ਗੁਰੂ ਗ੍ਰਥ ਸਾਹਿਬ ਜੀ ਮਹਾਰਾਜ ਦੀ ਹਜੂਰੀ ਨੂੰ ਮੁੱਖ ਰੱਖ ਕੇ ਕੁਝ ਅਜਿਹਾ ਗਾਉਦਾ ਜਿਸ ਨਾਲ ਲੋਕਾ ਅੰਦਰ ਸਾਡੇ ਗੁਰੂਆ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਦਾ ਜ਼ਜਬਾ ਹੋਰ ਪੱਕਾ ਹੁੰਦਾ। ਜੇ ਇਸ ਗੀਤ ਨੂੰ ਪ੍ਰਮਾਰਥੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਇਸ ਵਿੱਚ ਪ੍ਰਮਾਰਥ ਘੱਟ ‘ਤੇ ਬੁਰਾਈ ਦੇ ਲਫ਼ਜ ਜਿਆਦਾ ਨੇ। ਇਸ ਗੱਲ ਨੂੰ ਵੀ ਨਜ਼ਰ ਅੰਦਾਜ ਨਹੀ ਕੀਤਾ ਜਾ ਸਕਦਾ ਕੀ ਜਿੱਥੇ ਗਾਇਕ ਨੇ ਗੁਰੂ ਇਤਿਹਾਸ ਭੁੱਲ ਰਹੇ ਲੋਕਾ ਨੂੰ ਫਿਰ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆ ਪ੍ਰਮਾਰਥੀ ਯਾਤਰਾਵਾ ਦਾ ਜਿਕਰ ਕਰਕੇ ਗੁਰੂ ਸਾਹਿਬਾਨਾ ਦਾ ਇਤਿਹਾਸ ਯਾਦ ਕਰਵਾਇਆ ਹੈ। ਬਹੁਤ ਹੀ ਤਰੀਫ਼ ਕਰਨ ਯੋਗ ਗੱਲ ਹੈ। ਪਰ ਨਾਲ ਹੀ ਬੁਰਾਈ ਕਰਕੇ ਲੱਖਾਂ ਲੋਕਾ ਦੀਆ ਭਾਵਨਾਵਾਂ ਨੂੰ ਵਲੂੰਧਰ ਦਿੱਤਾ। ਇਹ ਬਹੁਤ ਅਫ਼ਸੋਸ ਦੀ ਗੱਲ ਹੈ। ਹਾਂ… ਕਈ ਬਾਬੇ ਅਜਿਹੇ ਵੀ ਹਨ ਜੋ ਧਰਮ ਦੇ ਨਾਂ ਤੇ ਪੈਸੇ ਲੁੱਟ ਰਹੇ ਨੇ। ਆਪਣੀ ਕੋਈ ਬੁਰਾਈ ਨੂੰ ਲਕਾਉਣ ਲਈ ਦੂਸਰੇ ਬਾਬਿਆਂ ਵਿਰੁੱਧ ਬਿਆਨਬਾਜੀ ਕਰਕੇ ਆਵਾਮ ਨੂੰ ਭੱੜਕਾਉਦੇ ਨੇ। ਪਰ ਇਸ ਗੱਲ ਨੂੰ ਵੀ ਨਜ਼ਰ-ਅੰਦਾਜ ਨਹੀ ਕੀਤਾ ਜਾਂ ਸਕਦਾ ਕਿ ਇਸ ਦੁਨੀਆ ‘ਚ ਅਜਿਹੇ ਮਹਾਂਪੁਰਖ ਵੀ ਹਨ। ਜਿੰਨਾ ਦਾ ਮਿਸ਼ਨ ਧਰਮ ਪ੍ਰਚਾਰ ਨਹੀ ਬਲਕਿ ਨਿਰਸਵਾਰਥ ਲੋਕਾ ਦੇ ਦਿਲਾਂ ਅੰਦਰ ਲੁੱਕੇ ਇਨਸਾਨੀਅਤ ‘ਤੇ ਧਾਰਮਿਕ ਜ਼ਜਬੇ ਨੂੰ ਨਿਖਾਰਣਾ ਹੈ। ਇਸ ਕਾਰਜ ਲਈ ਉਹ ਦਿਨ ਰਾਤ ਖੱਪਦੇ ਹਨ। ਅਜਿਹੇ ਪ੍ਰਚਾਰਕਾ ਦੇ ਬਾਸ਼ਿੰਦੇ ਆਪਣੇ ਸ਼ਰੀਰ ਦਾ ਭੋਰਾ-ਭੋਰਾ ਰੱਤ, ਮਰਣ ਤੋਂ ਬਾਦ ਆਪਣੇ ਸ਼ਰੀਰ ਦਾ ਅੰਗ-ਅੰਗ ਸਮੁੱਚੀ ਮਾਨਵਤਾ ਦੇ ਨਾਮ ਲਿਖ ਰਹੇ ਹਨ। ਇਹਨਾ ਪ੍ਰਚਾਰਕਾ ਦੇ ਭਗਤ ਯੋਧਾ ਆਪਣੇ ਗੁਰੂ ਸਾਹਿਬਾਨਾ ਦੇ ਬਚਨਾ ਤੇ ਫੁੱਲ ਝੜਾਉਦੇ ਹੋਏ ਵੇਸ਼ਵਾਵਾ ਨਾਲ ਵਿਆਹ ਰਚਾ ਕੇ ਸਮੁੱਚੀ ਮਨੁੱਖਤਾ ਤੇ ਇੱਕ ਵੱਡਾ ਉਪਕਾਰ ਕਰ ਰਹੇ ਨੇ। ਭਲੇ ਹੀ ਇਸ ਗੀਤ ‘ਚ ਕਿਸੇ ਵੀ ਬਾਬੇ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਖਿਲਾਫ ਨਾਮ ਲੈ ਕੇ ਸਿੱਧਾ ਵਾਰ ਨਹੀ ਕੀਤਾ ਗਿਆ। ਪਰ ਨਫ਼ਰਤ ਦੇ ਪੁਜਾਰੀ ਧਰਮ ‘ਤੇ ਕੌਮ ਦੇ ਵੈਰੀ ਸਾਰੇ ਬਾਬਿਆਂ ਨੂੰ ਇੱਕ ਹੀ ਤੱਕੜੀ ਵਿੱਚ ਤੋਲਦੇ ਹਨ। ਜਿਸ ਬਾਬੇ ਦੀ ਛਵੀ ਸਾਡੇ ਅਖੋਤੀ ਧਰਮ ਦੇ ਠੇਕੇਦਾਰਾਂ ਨੇ ਹੇਠਾ ਸੁੱਟ ਦਿੱਤੀ। ਸਾਡੇ ਮਨਾ ਅੰਦਰ ਦੂਸਰੇ ਬਾਬਿਆਂ ਜਾਂ ਧਰਮਾਂ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਅਸੀ ਉਸਨੂੰ ਇਸ ਗੀਤ ਦਾ ਪਾਤਰ ਮੰਨ ਕੇ ਦੇਖਦੇ ਹਾ। ਕਿੰਨੀ ਸ਼ਰਮ ਦੀ ਗੱਲ ਹੈ। ਸਾਡਾ ਧਰਮ ਸਾਨੂੰ ਨਿੰਦਿਆ ਚੁਗਲੀ, ਦੁਰਕਾਰਣਾ, ਫਿਟਕਾਰਣਾ ‘ਤੇ ਕਿਸੇ ਨੂੰ ਮਾੜਾ ਬੋਲਣਾ ਨਹੀ ਸਿਖਾਉਦਾ। ਸਾਡਾ ਧਰਮ ਸਾਨੂੰ ਸਿਖਾਉਦਾ ਹੈ ਤਾਂ ਸਿਰਫ ਆਪਸੀ ਪ੍ਰੇਮ, ਦੇਸ਼ ਭਗਤੀ ਦਾ ਜ਼ਜਬਾ, ਹਮਦਰਦੀ ਦੀ ਭਾਵਨਾ, ਭਾਈਚਾਰਾ, ਦਸਾ ਨੁੰਹਾ ਦੀ ਕਿਰਤ ਤੇ ਵੰਡ ਕੇ ਛਕਣਾ। ਕਲਮ ਚੁੱਕਣ ਦਾ ਮੇਰਾ ਮੱਕਸਦ ਕਿਸੇ ਦੀਆ ਭਾਵਨਾਵਾ ਨੂੰ ਠੇਸ ਪਹੁੰਚਾਉਨਾ ਨਹੀ ਤੇ ਨਾ ਹੀ ਕਿਸੇ ਨੂੰ ਲੜਾਉਣਾ ਹੈ। ਮੈਂ ਤਾਂ ਸਿਰਫ ਨਫ਼ਰਤ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ ਕਰਕੇ ਆਪਣੇ ਵਤਨ ਦੀ ਸ਼ਾਨ ਤੇ ਮਾਨ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ। ਇਹਨਾ ਕਹਿੰਦੇ ਹੋਏ ਮੈਂ ਦੂਸਰੇ ਸਾਹਿਤਕਾਰ ‘ਤੇ ਪੱਤਰਕਾਰ ਨੂੰ ਇੱਕ ਬੇਨਤੀ ਜ਼ਰੂਰ ਕਰਾਗਾਂ ਕਿ ਪਿਆਰੇ ਵੀਰੋ ਆਓ ਅੱਜ ਮਿਲਕੇ ਪਰਣ ਕਰੀਏ। ਨਫ਼ਰਤ ਨੂੰ ਦਿਲਾ ‘ਚੌ ਕੱਢ ਕੇ, ਮਿਲਕੇ ,ਫੁੱਟ ਦੇ ਕਾਰਨਾ ਤੇ ਗੋਰ ਕਰੀਏ ਤੇ ਸਾਝੇ ਹੱਲ ਲੱਭਣ ਦੀ ਕੋਸ਼ਿਸ ਕਰੀਏ। ਦੇਸ਼ ਦੀ ਏਕਤਾ ਤੇ ਅਖੱਡਤਾ ਲਈ ਕੁਝ ਅਜਿਹਾ ਲਿਖੀਏ ਜਿਸ ਨਾਲ ਭਾਰਤ ਤੇ ਪਾਕਿਸਤਾਨ ਦੀ ਸੂਤੀ ਸਰਕਾਰ ਤੇ ਜਨਤਾ ਦੇ ਮਨਾਂ ਅੰਦਰ ਉਸਾਰੂ ਭਾਵਨਾ ਸਿਰਜ ਕੇ ਨਫ਼ਰਤ ਦੀ ਥਾਂ ਪਿਆਰ, ਦੰਗਿਆ ਦੀ ਥਾਂ ਅਮਨ ਤੇ ਸ਼ਾਂਤੀ ਦਾ ਵਾਤਾਵਰਣ ਪੈਦਾ ਕਰ ਸਕੀਏ। ਸਰੱਬਤ ਦੇ ਭਲੇ ਲਈ ਹਮਦਰਦੀ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ ‘ਚ ਪਹੁੰਚਾ ਸਕੀਏ। ਉਹ ਦਿਨ ਦੂਰ ਨਹੀ ਜਦ ਭਾਈਚਾਰੇ ਦੀ ਮਿਸਾਲ ਬਣੀਆ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਝਾ ਝੰਡਾ ਲਹਿਰਾਏਗਾ। 
ਜੈ ਹਿੰਦ……!!

ਮਜ਼ਦੂਰ ਦਿਵਸ.......... ਕਹਾਣੀ / ਚਰਨਜੀਤ ਕੌਰ ਧਾਲੀਵਾਲ ਸੈਦੋਕੇ

ਹਾੜੀ ਦਾ ਜੋਰ ਕਰਕੇ ਚਿੰਤੋ ਛੇਤੀ-ਛੇਤੀ ਘਰ ਦਾ ਕੰਮ ਨਿਬੇੜਣ ਲੱਗੀ। ਚੁੱਲ੍ਹੇ ਚੌਂਕੇ ਦਾ ਚੱਕ-ਧਰ ਕਰਕੇ ਉਸ ਨੇ ਚਟਣੀ ਨਾਲ ਦੁਪਿਹਰ ਦੀਆ ਰੋਟੀਆਂ ਵੀ ਬੰਨ੍ਹ ਲਈਆਂ ਸੀ ਅਤੇ ਆਪਣਾ ਸਮਾਨ ਪੋਟਲੀ ਵਿਚ ਬੰਨ੍ਹ ਕੇ ਮੰਜੇ ਦੀ ਪੈਂਦ ਉਪਰ ਰੱਖਦੀ ਹੋਈ ਜੁਆਕਾਂ ਨੂੰ ਛੇਤੀ-ਛੇਤੀ ਖੇਤਾਂ ਵੱਲ ਜਾਣ ਲਈ ਆਵਾਜ਼ਾਂ ਮਾਰਨ ਲੱਗੀ। ਸਾਰੇ ਜਾਣੇ ਪੇਟ ਪਾਲਣ ਲਈ ਹਾੜੀ ਵਿਚੋਂ ਓੜ੍ਹ-ਪੋਹੜ ਕਰਕੇ ਚਾਰ ਦਾਣੇ 'ਕੱਠੇ ਕਰ ਲੈਂਦੇ।
ਚਿੰਤੋ ਨੇ ਬੂਹੇ ਨੂੰ ਜਿੰਦਰਾ ਮਾਰ ਕੇ ਜਦੋ ਦੋ ਕੁ ਪੁਲਾਂਘਾ ਪੁੱਟੀਆ ਤਾਂ ਉਸ ਨੇ ਪਿੱਛੇ ਮੁੜ ਕੇ ਵੇਖਿਆ:

"ਵੇ ਬੀਰਾ ਕਿਥੇ ਐ?" ਛੋਟੇ ਜੁਆਕਾਂ ਨੂੰ ਪੁੱਛਿਆ।
"ਮਾਂ ਉਹ ਤਾਂ ਅਜੇ ਅੰਦਰ ਹੀ ਖੜਾ ਸੀ!" ਨਿੱਕੇ ਨਿਆਣੇ ਬੋਲੇ।
"ਮੇਰਾ ਵੀ ਚੰਦਰਾ ਚੇਤਾ ਹੀ ਮਾੜਾ ਹੁੰਦਾ ਜਾਂਦਾ ਏ ਦਿਨੋ ਦਿਨ ! ਦਿਨ ਦਿਹਾੜੇ ਹੀ ਮੁੰਡੇ ਨੂੰ ਜਿੰਦਰਾ ਮਾਰ ਦਿੱਤਾ।" ਉਹ ਬੂਹਾ ਖੋਲ੍ਹਦੀ ਬੁੜਬੜਾਉਦੀ ਰਹੀ। ਬੂਹਾ ਖੁੱਲ੍ਹਦੇ ਸਾਰ ਹੀ ਉਸ ਨੇ ਫਿ਼ਰ ਹਾਕ ਮਾਰੀ, "ਵੇ ਬੀਰਿਆ ਕਿੱਥੇ ਐ? ਮੇਰਾ ਤਾਂ ਚੰਦਰਾ ਡਮਾਗ ਹੀ ਚੱਕਿਆ ਪਿਐ! ਤੂੰ ਵੀ ਨਹੀ ਬੋਲਿਆ!" ਉਹ ਬੋਲਦੀ ਬੋਲਦੀ ਬੀਰੇ ਦੇ ਮੰਜੇ ਕੋਲ ਚਲੀ ਗਈ।
ਬੀਰੇ ਨੇ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ।
ਉਹ ਚੁਪ ਚਾਪ ਮੰਜੇ ਤੇ ਹੀ ਪਿਆ ਰਿਹਾ।
"ਵੇ ਤੂੰ ਐਂਹ੍ਹ ਪਿਆ ! ਜਾਣਾ ਨਹੀ ਚਾਰ ਦਾਣੇ ਕੱਠੇ ਕਰਨ...? ਕੁਛ ਦੁੱਖਦਾ ਤਾਂ ਨੀ?" ਚਿੰਤੋ ਕਾਹਲੀ ਕਰਦੀ-ਕਰਦੀ ਫਿ਼ਕਰ ਨਾਲ ਵੀ ਬੋਲੀ।
"ਨਹੀ ਮਾਂ ਕੁਝ ਨਹੀ ਦੁਖਦਾ, ਪਰ ਮੈ ਤਾਂ ਨਹੀ ਜਾਣਾ!" ਉਸ ਨੇ ਸਾਫ਼ ਹੀ ਕਹਿ ਦਿੱਤਾ।
"ਕਿਓ ਨਹੀ ਜਾਣਾ? ਢਿੱਡ ਨਹੀ ਝੁਲਸਣਾ ਸਾਰਾ ਸਾਲ?" ਚਿੰਤੋ ਨੂੰ ਉਸ ਦੇ ਜਵਾਬ 'ਤੇ ਗੁੱਸਾ ਆਇਆ।
"ਨਹੀ ਮਾਂ ਤੂੰ ਸਮਝੀ ਨਹੀ, ਅੱਜ ਮਜਦੂਰ ਦਿਵਸ ਹੈ!" ਬੀਰੇ ਨੇ ਮਾਂ ਨੂੰ ਸਮਝਾਉਣ ਦੀ ਕੋਸਿ਼ਸ ਕੀਤੀ।
"ਮਜਦੂਰ ਦਿਵਸ? ਇਹ ਕੀ ਹੁੰਦੈ ਪੁੱਤ?" ਚਿੰਤੋ ਘਰੇ ਬੈਠਣ ਦਾ ਕਾਰਨ ਜਾਨਣਾ ਚਹੁੰਦੀ ਸੀ।
"ਮਾਂ ਮਜਦੂਰ ਦਿਵਸ ਦਾ ਮਤਲਬ ਹੈ ਕਿ ਅੱਜ ਦੇ ਦਿਨ ਸਾਰੇ ਮਜਦੂਰਾਂ ਨੂੰ ਛੁੱਟੀ ਹੁੰਦੀ ਹੈ, ਕੋਈ ਮਜਦੂਰ ਕੰਮ ਨਹੀ ਕਰਦਾ, ਸਾਰੇ ਵਿਹਲੇ ਹੀ ਮੌਜ ਮਨਾਉਂਦੇ ਹਾਂ, ਇਹ ਦਿਨ ਤਾਂ ਸਾਰੀ ਦੁਨੀਆ ਤੇ ਮਨਾਉਂਦੇ ਐ ਮਾਂ!" ਬੀਰੇ ਨੇ ਮਾ ਨੂੰ ਵਿਸਥਾਰ ਨਾਲ ਸਮਝਾਇਆ।
ਮਾਂ ਨੇ ਗੁੱਸੇ ਵਿਚ ਪੋਟਲੀ ਵਗਾਹ ਕੇ ਵਿਹੜੇ ਵਿਚ ਮਾਰੀ!
"ਅੱਛਾ ਇਹ ਮਜਦੂਰ ਦਿਵਸ ਹੈ!" ਉਹ ਗੁੱਸੇ ਨਾਲ ਲਾਲ ਪੀਲੀ ਹੁੰਦੀ ਹੋਈ ਬੋਲੀ, "ਗੱਲ ਸੁਣ ਵੇ..! ਸਾਰੇ ਸਾਲ 'ਚ ਕੰਮ ਕਰਦੇ ਕਿੰਨੇ ਦਿਨ ਆਂ? ਹੁਣ ਕੋਈ ਮਾਰਦਾ ਏ ਆਵਾਜ ਆਪਾ ਨੂੰ ਕੰਮ 'ਤੇ? ਸਾਰੇ ਸਾਲ 'ਚ ਇਕ ਵਾਰੀ ਹਾੜ੍ਹੀ ਆਉਂਦੀ ਹੈ, ਜਿਥੋਂ ਅਸੀ ਚਾਰ ਦਾਣੇ 'ਕੱਠੇ ਕਰਦੇ ਆਂ, ਉਹ ਤਾਂ ਭਲਾ ਹੋਵੇ ਮਸ਼ੀਨਾਂ ਵਾਲਿਆਂ ਦਾ, ਜਿਹੜੇ ਅੱਧਾ ਖਿਲਾਰ ਦੇਂਦੇ ਐ ,ਚੋਗੇ ਵਾਂਗੂੰ ਚੁਗ-ਚੁਗ ਕੇ ਅਸੀ ਆਪਣੇ ਢਿੱਡ ਵਿਚ ਪਾਉਦੇ ਹਾਂ!" ਉਹ ਬੋਲਦੀ ਹਫ਼ ਗਈ ਸੀ। 
"ਮਜਦੂਰ ਦਿਵਸ ਤਾ ਪੁੱਤ ਭਈਆਂ ਦਾ ਏ, ਉਹ ਮਨਾਉਣ ਤੇ ਅਸੀ ਅੱਜ ਦੇ ਦਿਨ ਦਾ ਲਾਹਾ ਲਈਏ!"
"ਵੇ ਮੇਰਿਆ ਕਮਲਿਆ ਪੁੱਤਾਂ! ਅਸੀ ਤਾਂ ਇਕ-ਇਕ ਦਿਹਾੜੀ ਲਾਉਣ ਨੂੰ ਤਰਸਦੇ ਹਾਂ। ਸਾਡੇ ਲਈ ਭਈਆ ਨੇ ਕੰਮ ਰਹਿਣ ਹੀ ਕਿੱਥੇ ਦਿੱਤਾ ਏ? ਹਰ ਖੇਤ ਵਿਚ ਨਜ਼ਰ ਆਉਦੇ ਐ ਭਈਏ। ਤੇ ਜੱਟਾਂ ਨੂੰ ਵੀ ਚੰਗੇ ਉਹੀ ਲੱਗਦੇ ਐ, ਜਦੋ ਮੂੰਹ 'ਚ ਬੀੜੀ ਪਾ ਕੇ ਕੰਮ ਕਰਦੇ ਐ ,ਨਾਲੇ ਤਾਂ ਪਰਨੇ ਨਾਲ ਨੱਕ ਬੰਦ ਕਰਨਗੇ ਨਾਲੇ ਕਹਿਣਗੇ: ਓ ਬੱਈਆ ਉਧਰ ਹੋ ਕੇ ਬੀੜੀ ਪੀ! ਹੁਣ ਤਾਂ ਜੱਟਾਂ ਦੇ ਖੇਤ ਵਿਚ ਏਨੀ ਖਾਦ ਨਹੀ ਪੈਦੀ, ਜਿੰਨੀਆ ਭਈਏ ਬੀੜੀਆਂ ਕੇਰਦੇ ਐ! ਝਾੜ ਵੀ ਪੁੱਤ ਫੇਰ ਉਹੋ ਜਿਹਾ ਹੀ ਨਿਕਲਣੈ। ਮਜਦੂਰ ਦਿਵਸ ਆਪਣਾ ਨਹੀ ਪੁੱਤ, ਆਪਾ ਤਾਂ ਮਜਦੂਰੀ ਕਰਕੇ ਖਾਣੀ ਹੈ। ਮਨਾਉਣ ਭਈਏ, ਜਿਹੜੇ ਸਾਰਾ ਦਿਨ ਖੇਤਾਂ 'ਚ ਮਨ ਮਰਜੀਆ ਕਰਦੇ ਐ ਤੇ ਇਹਨਾ ਦੀਆ ਭੱਈਆ ਰਾਣੀਆ ਨੇ ਕੋਈ ਘਰ ਨਹੀ ਛੱਡਿਆ ! ਸਾਰੇ ਘਰਾਂ ਤੇ ਕਬਜਾ ਕਰੀ ਬੈਠੀਐਂ ਭਈਆ ਰਾਣੀਆ, ਤੇ ਖੇਤਾਂ ਵਿਚ ਭੱਈਏ! ਪੁੱਤ ਆਪਣਾ ਮਜਦੂਰਾਂ ਦਾ ਤਾ ਹੁਣ ਰੱਬ ਹੀ ਰਾਖਾ ਏ! ਲੋਕਾਂ ਨੇ ਵੀ ਕੋਠੀਆ ਛੱਤ ਕੇ ਰੱਬ 'ਨਾ ਲਾਤੀਆ! ਘਰੇ ਖੜੇ ਟਰੈਕਟਰ ਭੱਈਏ ਚਲਾਉਂਦੇ ਐ , ਭਈਆ-ਰਾਣੀਆ ਕੋਠੀਆ ਸਾਂਭਦੀਐ! ਸਾਂਭਣ ਵੀ ਭਾਈ ਕਿਉ ਨਾ? ਜਦੋਂ ਆਪ ਤਾਂ ਚੜਕੇ ਜਹਾਜਾ 'ਤੇ ਉਡਗੇ!"
"ਉਠ ਮੇਰਾ ਪੁੱਤ! ਚੱਲ ਚਾਰ ਦਾਣੇ 'ਕੱਠੇ ਕਰੀਏ, ਆਪਾ ਨੂੰ ਕਿਹੜਾ ਕੋਈ ਆਥਣੇ ਪੱਕੀ-ਪਕਾਈ ਲਿਆਦੂ? ਇਹ ਚੋਜ ਕਰਕੇ ਤਾਂ ਆਪਾ ਆਪਣੇ ਪੇਟ ਤੇ ਹੀ ਲੱਤ ਮਾਰਾਂਗੇ।" ਚਿੰਤੋ ਨੇ ਪੁੱਤ ਨੂੰ ਸਮਝਾਉਦੀ ਨੇ ਆਪਣਾ ਸਾਰਾ ਗੁੱਸਾ ਬਾਹਰ ਕੱਢ ਦਿੱਤਾ।
****

ਬਲਦਾਂ ਦੇ ਸ਼ੌਕੀਨ ‘ਗਰੇਵਾਲ’.......... ਲੇਖ਼ / ਰਾਜੂ ਹਠੂਰੀਆ

ਦੁਨੀਆਂ ਵਿੱਚ ਹਰ ਇਨਸਾਨ ਦਾ ਸ਼ੌਕ ਵੱਖੋ-ਵੱਖਰਾ ਹੈ। ਕਿਸੇ ਨੂੰ ਖੇਡਣ ਦਾ, ਕਿਸੇ ਨੂੰ ਲਿਖਣ ਦਾ, ਕਿਸੇ ਨੂੰ ਪੜ੍ਹਨ ਦਾ, ਕਿਸੇ ਨੂੰ ਘੁੰਮਣ ਦਾ…… ਪਰ ਆਪਣੇ ਸ਼ੌਕ ਨੂੰ ਜਿਉਂਦਾ ਰੱਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦਾ, ਕਿਉਂਕਿ ਜਿ਼ੰਦਗੀ ਜਿਉਣ ਲਈ ਅਤੇ ਪਰਿਵਾਰ ਪਾਲਣ ਵਾਸਤੇ ਪਹਿਲਾਂ ਆਮਦਨ ਦੇ ਸਾਧਨ ਲਈ ਕੋਈ ਨਾ ਕੋਈ ਕਿੱਤਾ ਕਰਨਾ ਜਰੂਰੀ ਹੈ। ਉਹ ਗੱਲ ਵੱਖਰੀ ਹੈ ਕਿ ਕਿਸਮਤ ਨਾਲ ਕਿਸੇ ਦਾ ਸ਼ੌਕ ਉਸਦਾ ਕਿੱਤਾ ਵੀ ਬਣ ਜਾਵੇ, ਜਿੱਥੋਂ ਉਸ ਨੂੰ ਆਮਦਨ ਵੀ ਹੋਈ ਜਾਵੇ ਅਤੇ ਉਸ ਦਾ ਸ਼ੌਕ ਵੀ ਪੂਰਾ ਹੋਈ ਜਾਵੇ। ਕਈ ਹਿੰਮਤੀ ਲੋਕ ਆਪਣੇ ਕਾਰੋਬਾਰ ਦੀ ਭੱਜ ਦੌੜ ਦੇ 
ਨਾਲ-ਨਾਲ ਆਪਣਾ ਸ਼ੌਕ ਵੀ ਪੂਰਾ ਕਰਦੇ ਰਹਿੰਦੇ ਹਨ, ਤੇ ਉਹ ਵੀ ਇਸ ਤਰੀਕੇ ਨਾਲ ਕਿ ਹਰ ਪਾਸੇ ਉਹਨਾਂ ਦੇ ਨਾਂ ਦੀ ਚਰਚਾ ਹੋਣ ਲੱਗ ਪੈਂਦੀ ਹੈ। ਕੁਝ ਇਸ ਤਰ੍ਹਾਂ ਦਾ ਹੀ ਕਰ ਵਿਖਾਇਆ ਹੈ ‘ਗਰੇਵਾਲ’ ਭਰਾਵਾਂ ਦੀ ਤਿੱਕੜੀ ਨੇ, ਜੋ ਵੀਹ-ਪੱਚੀ ਕਿੱਲਿਆਂ ਦੀ ਖੇਤੀ ਕਰਦੇ ਹੋਏ ਆਪਣਾ ਸ਼ੌਕ ਵੀ ਪਾਲ਼ ਰਹੇ ਹਨ। ੳਹਨਾਂ ਨੂੰ ਸ਼ੌਕ ਹੈ ਬਲਦ ਭਜਾਉਣ ਦਾ ਜਾਂ ਇਹ ਕਹਿ ਲਈਏ ਕਿ ਉਹ ਨੇ ‘ਸ਼ੌਕੀ ਬਲਦਾਂ ਦੇ’ ਇਹਨਾਂ ਦੇ ਇਸ ਸੌ਼ਕ ਨੂੰ ਵੇਖ ਕਿ ਕਈ ਲੋਕ ਇਹਨਾਂ ਨੂੰ ਕਹਿਣ ਲੱਗੇ ਕਿ ਬਲਦਾਂ ਤੇ ਕਬੂਤਰਾਂ ਦੇ ਸ਼ੌਕ ਘਰ ਤਬਾਹ ਕਰ ਦਿੰਦੇ ਹਨ। ਪਰ ਇਹਨਾਂ ਕਿਸੇ ਦੀ ਪਰਵਾਹ ਨਾ ਕਰਦਿਆਂ ਆਪਣਾ ਸ਼ੌਕ ਜਾਰੀ ਰੱਖਿਆ ਅਤੇ ਇਹ ਸਾਬਿਤ ਕਰਕੇ ਵਿਖਾਇਆ ਕਿ ਸਹੀ ਤਰੀਕੇ ਨਾਲ ਪਾਲ਼ੇ ਸ਼ੌਕ ਘਰ ਤਬਾਹ ਨਹੀਂ ਕਰਦੇ ਸਗੋਂ ਦੁਨੀਆਂ ਵਿੱਚ ਤੁਹਾਡਾ ਨਾਂ ਚਮਕਾਉਦੇ ਹਨ। ਬਲਦ ਭਜਾਉਣ ਵਾਲਿਆਂ ਦੇ ਘਰ ਤਬਾਹ ਹੋਣ ਵਾਰੇ ਇਹਨਾਂ ਦਾ ਕਹਿਣਾ ਹੈ ਕਿ ਇਸ ਵਿੱਚ ਗਊ ਦੇ ਜਾਇਆਂ ਦਾ ਕੋਈ ਕਸੂਰ ਨਹੀਂ, ਬਲਕਿ ਬਲਦ ਭਜਾਉਣ ਵਾਲਿਆਂ ਦੀਆਂ ਆਪਣੀਆਂ ਮਾੜੀਆਂ ਆਦਤਾਂ ਕਰਕੇ ਹੀ ਹੁੰਦਾ ਹੈ। ਕਿਉਂਕਿ ਕਈ ਬਲਦ ਭਜਾਉਣ ਗਏ ਚਾਰ-ਪੰਜ ਜਾਣਿਆਂ ਨੂੰ ਆਪਣੇ ਨਾਲ ਲੈ ਕੇ ਤੁਰਦੇ ਹਨ ਤੇ ਖੇਡਾਂ ‘ਤੇ ਜਾਣ ਸਾਰ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹਨ, ਬਲਦ ਭੱਜੇ ਨਾ ਭੱਜੇ, ਜਿੱਤੇ ਨਾ ਜਿੱਤੇ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਆਪਣੀ ਮਹਿਫਲ ਸਜਾ ਕੇ ਬਹਿ ਜਾਂਦੇ ਹਨ। ਇਸ ਤਰ੍ਹਾਂ ਸ਼ਾਮ ਨੂੰ ਹਜ਼ਾਰ, ਦੋ ਹਜ਼ਾਰ ਨੂੰ ਥੁੱਕ ਲਾ ਕੇ ਘਰ ਮੁੜ ਆਉਂਦੇ ਹਨ। ਦੱਸੋ ਇਸ ਤਰ੍ਹਾਂ ਘਰ ਤਬਾਹ ਨਹੀਂ ਹੋਵੇਗਾ ਤਾਂ ਹੋਰ ਕੀ ਹੋਵੇਗਾ।

ਗਰੇਵਾਲ ਭਰਾਵਾਂ ਦੀ ਤਿੱਕੜੀ ਵਿੱਚ ਸਭ੍ਹ ਤੋਂ ਵੱਡਾ ਹੈ, ਗੁਰਪ੍ਰੀਤ ਸਿੰਘ ਗਰੇਵਾਲ, ਉਸ ਤੋਂ ਛੋਟਾ ਹੈ ਮਨਪ੍ਰੀਤ ਸਿੰਘ ਗਰੇਵਾਲ, ਜਿਸ ਨੂੰ ਜੱਸਾ ‘ਢੈਪਈ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਸਭ੍ਹ ਤੋਂ ਛੋਟਾ ਹੈ ਰਵਿੰਦਰ ਸਿੰਘ ਗਰੇਵਾਲ। ਇਹ ਪਿੰਡ ‘ਢੈਪਈ’ ਦੀਆਂ ਗਲ਼ੀਆਂ ਵਿੱਚ ਖੇਡ ਕੇ ਜਵਾਨ ਹੋਏ ਹਨ, ਜੋ ਲੁਧਿਆਣਾ ਜਿਲ੍ਹਾ ਵਿੱਚ, ਲੁਧਿਆਣਾ ਤੋਂ ਪੱਖੋਵਾਲ ਰੋਡ ‘ਤੇ ਨਹਿਰ ਦੇ ਕੰਢੇ ਵਸਿਆ ਹੋਇਆ ਹੈ, ਜਿਸ ਦੀ ਹੱਦ ਸ਼ਹੀਦ ਕਰਤਾਰ ਸਿੰਘ ‘ਸਰਾਭਾ’ ਦੇ ਪਿੰਡ ਨਾਲ ਲੱਗਦੀ ਹੈ। ਇਸ ਢੈਪਈ ਨੂੰ ਢੈਪਈ ਗਰੇਵਾਲਾਂ ਦੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਪਿੰਡ ਵਿੱਚ ਸਿਰਫ ਦੋ ਪਰਿਵਾਰਾਂ ਤੋਂ ਇਲਾਵਾ, ਸਾਰੇ ਜਿਮੀਂਦਾਰ ਪਰਿਵਾਰ ਗਰੇਵਾਲ ਹਨ।
ਬਲਦਾਂ ਨਾਲ ਲਗਾਅ ਇਹਨਾਂ ਨੂੰ ਬਚਪਨ ਤੋਂ ਹੀ ਹੋ ਗਿਆ ਸੀ, ਕਿਉਂਕਿ ਬਾਪੂ(ਦਾਦਾ) ਸ੍ਰ: ਦਿਦਾਰ ਸਿੰਘ ਬਲਦਾਂ ਨਾਲ ਖੇਤੀ ਕਰਦਾ ਸੀ, ਇਹ ਅਕਸਰ ਬਾਪੂ ਨਾਲ ਖੇਤ ਜਾਂਦੇ ਅਤੇ ਜਦੋਂ ਬਾਪੂ ਵਾਹੇ ਹੋਏ ਖੇਤ ਵਿੱਚ ਸੁਹਾਗੀ ਫੇਰਨ ਲੱਗਦਾ ਤਾਂ ਇਹ ਵਾਰੋ-ਵਾਰੀ ਸੁਹਾਗੀ ‘ਤੇ ਬੈਠ ਕੇ ਝੂਟੇ ਲੈਂਦੇ ਰਹਿੰਦੇ। ਬਲਦ ਭਜਾਉਣ ਦਾ ਸ਼ੌਕ ਇਹਨਾਂ ਨੂੰ ਆਪਣੇ ਗੁਆਂਢੀ ਸ੍ਰ: ਕਰਨੈਲ ਸਿੰਘ ‘ਫੌਜੀ’ ਵੱਲ ਵੇਖ ਕੇ ਪਿਆ। ਇੱਕ ਦਿਨ ਜਦੋਂ ਗੁਰਪ੍ਰੀਤ ਤੇ ਜੱਸਾ ਆਪਣੇ ਪਿੰਡ ਵਿੱਚ ਹੋ ਰਹੀਆਂ ਬੈਲ ਗੱਡੀਆਂ ਦੀਆਂ ਦੌੜਾਂ ਵੇਖ ਕੇ ਘਰ ਆਏ, ਤਾਂ ਆ ਕੇ ਬਾਪੂ ਨੂੰ ਕਹਿਣ ਲੱਗੇ, ਬਾਪੂ ਸਾਨੂੰ ਵੀ ਕਰਨੈਲ ਦੇ ਵੱਛਿਆਂ ਵਰਗੇ ਵੱਛੇ ਲਿਆ ਕੇ ਦੇ, ਅਸੀਂ ਵੀ ਖੇਡ ‘ਤੇ ਭਜਾਇਆ ਕਰਾਂਗੇ। ਫੇਰ ਆਪਣਾ ਨਾਂ ਵੀ ਸਪੀਕਰ ਵਿੱਚ ਬੋਲਿਆ ਕਰਨਗੇ। ਸੁਣ ਕੇ ਇਹਨਾਂ ਦੇ ਪਿਤਾ ਸ੍ਰ: ਵਿਸਾਖ ਸਿੰਘ ਕਹਿਣ ਲੱਗੇ, ਤੁਸੀਂ ਹਾਲੇ ਬਹੁਤ ਛੋਟੇ ਹੋ, ਪਹਿਲਾਂ ਪੜ੍ਹਾਈ ਪੂਰੀ ਕਰ ਲਵੋ ਫੇਰ ਭਜਾਈ ਜਾਇਓ ਵੱਛੇ। ਪਰ ਬਾਪੂ ਕਹਿਣ ਲੱਗਾ ਬੱਚਿਆਂ ਦਾ ਦਿਲ ਨਹੀਂ ਤੋੜੀਦਾ ਹੁੰਦਾ, ਤੇ ਬਾਪੂ ਕੁਝ ਦਿਨਾਂ ਬਾਅਦ ਹੀ ਦੋ ਛੋਟੇ-ਛੋਟੇ ਵੱਛੇ ਖ੍ਰੀਦ ਕੇ ਲੈ ਆਇਆ। ਇੱਕ ਬੱਗਾ ਤੇ ਦੂਜਾ ਪੀਲ਼ਾ। ਓਹਦੋਂ ਨਾ ਵੱਛਿਆ ਦੀ ਭੱਜਣ ਵਾਲੀ ਉਮਰ ਸੀ ਤੇ ਨਾ ਇਹਨਾਂ ਦੀ ਭਜਾਉਣ ਵਾਲੀ। ਹਰ ਰੋਜ ਸਕੂਲੋਂ ਆ ਕੇ ਇਹ ਇਹ ਦੋਵਾਂ ਵੱਛਿਆਂ ਨੂੰ ਲੈ ਕੇ ਖੇਤ ਚਲੇ ਜਾਂਦੇ ਅਤੇ ਗੇੜਾ ਕਢਾਕੇ ਵਾਪਿਸ ਘਰ ਲੈ ਆਉਂਦੇ। ਬਾਪੂ ਜੀ ਦੀ ਉਮਰ ਢਲਣ ਲੱਗੀ, ਉਹਨਾਂ ਦੇ ਪਿਤਾ ਜੀ ਪਹਿਲਾਂ ਇੱਕ ਟਰਾਂਸਪੋਰਟ ਵਿੱਚ ਸਰਵਿਸ ਕਰਦੇ ਹੋਣ ਕਰਕੇ ਉਹਨਾਂ ਦਾ ਖੇਤੀ ਵੱਲ ਝੁਕਾਅ ਥੋੜਾ ਘੱਟ ਸੀ। ਇਸ ਲਈ ਬਾਪੂ ਜੀ ਦੀ ਸਿਹਤ ਦਾ ਖਿਆਲ ਕਰਦਿਆਂ ਦਸਵੀਂ ਦੀ ਪੜ੍ਹਾਈ ਤੋਂ ਬਾਅਦ ਗੁਰਪ੍ਰੀਤ ਸਾਰੀ ਖੇਤੀ ਆਪ ਕਰਨ ਲੱਗ ਪਿਆ, ਖੇਤੀ ਦੇ ਨਾਲ ਉਸ ਨੂੰ ਬਚਪਨ ਤੋਂ ਦਿਲ ਵਿੱਚ ਪਲਦੇ ਆ ਰਹੇ ਸ਼ੌਕ ਨੂੰ ਪੂਰਾ ਕਰਨ ਦੀ ਵੀ ਤਾਂਘ ਲੱਗੀ ਰਹਿੰਦੀ। ਜੱਸੇ ਤੇ ਰਵਿੰਦਰ ਦੇ ਪੜ੍ਹਦੇ ਹੋਣ ਅਤੇ ਖੇਤੀ ਦੀ ਜਿੰਮੇਵਾਰੀ ਕਰਕੇ ੳਹ ਸ਼ੌਕ ਨੂੰ ਬੈਲ ਗੱਡੀਆਂ ਦੀਆਂ ਦੌੜਾਂ ਵੇਖ ਕੇ ਪੂਰਾ ਕਰ ਲੈਂਦੇ। ਇਸ ਸਮਂੇ ਦੌਰਾਨ ਪ੍ਰਮਾਤਮਾ ਵੱਲੋਂ ਬਖਸ਼ੀ ਉਮਰ ਭੋਗ ਕੇ ਬਾਪੂ ਜੀ ਸਵਰਗ ਸਧਾਰ ਗਏ। ਉਸ ਤੋਂ ਬਾਅਦ ਜੱਸੇ ਨੇ ਵੀ ਪੜ੍ਹਾਈ ਪੂਰੀ ਕਰਕੇ ਗੁਰਪ੍ਰੀਤ ਦਾ ਖੇਤੀ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਫਿਰ ਸਾਲ ਕੁ ਬਾਅਦ ਆਪਣੇ ਸ਼ੌਕ ਨੂੰ ਪੂਰ ਚੜਾਉਣ ਲਈ ਗੁਰਪ੍ਰੀਤ ਆਪਣੇ ਪਿਤਾ ਦੀ ਸਹਿਮਤੀ ਨਾਲ ਮੇਲਟਾ ਸਿਟੀ (ਰਾਜਸਥਾਨ) ਦੀ ਮੰਡੀ ਤੋਂ ਤਿੰਨ ਵੱਛੇ ਖ੍ਰੀਦ ਕੇ ਲੈ ਆਇਆ। ਉਹਨਾਂ ਦੇ ਪਿਤਾ ਵੀ ਜਾਣਦੇ ਸਨ, ਕਿ ਇਹ ਉਹਨਾਂ ਦਾ ਬਚਪਨ ਤੋਂ ਸੌ਼ਂਕ ਸੀ। ਬਾਕੀ ਉਹਨਾਂ ਦੇ ਪਿਤਾ ਨੂੰ ਖੁਦ ਵੀ ਕਬੱਡੀ ਖੇਡਣ ਦਾ ਸ਼ੌਂਕ ਸੀ, ਤੇ ਉਹ ਆਪਣੇ ਸਮੇ ਵਿੱਚ ਕਬੱਡੀ ਦੇ ਇੱਕ ਵਧੀਆ ਖਿਡਾਰੀ ਰਹੇ ਸਨ। ਇਸ ਲਈ ਉਹ ਸ਼ੌਂਕ ਦਾ ਮੁੱਲ ਚੰਗੀ ਤਰਾਂ ਜਾਣਦੇ ਸਨ। 
ਰਾਜਸਥਾਨ ਤੋਂ ਲਿਆਂਦੇ ਇਹਨਾਂ ਤਿੰਨਾਂ ਵੱਛਿਆਂ ਵਿੱਚੋਂ ਇੱਕ ਬੱਗਾ ਵੱਛਾ ਭੱਜਣ ਲਈ ਵਧੀਆ ਨਿਕਲ ਆਇਆ। ਪਰ ਜਦੋਂ ਇਸ ਵੱਛੇ ਨੂੰ ਖੇਡ ਮੇਲਿਆਂ ਵਿੱਚ ਲਿਜਾਣਾ ਸੁਰੂ ਕੀਤਾ ਤਾਂ ਵਧੀਆ ਭੱਜਣ ਵਾਲੇ ਬਲਦਾਂ ਵਿੱਚੋਂ ਕੋਈ ਵੀ ਆਪਣਾ ਬਲਦ ਇਹਨਾਂ ਦੇ ਬਲਦ ਨਾਲ ਜੋੜਨ ਨੂੰ ਤਿਆਰ ਨਾ ਹੁੰਦਾ, ਕੁਝ ਨਾ ਕੁਝ ਕਹਿ ਕੇ ਟਾਲ੍ਹਾ ਮਾਰ ਦਿੰਦਾ ਕਿਉਂਕਿ ਹਰ ਕੋਈ ਨਵੇਂ ਬਲਦ ਨਾਲ ਆਪਣਾ ਬਲਦ ਜੋੜਨ ਤੋਂ ਕੰਨੀ ਕਤਰਾਉਂਦਾ ਹੈ। ਇਸ ਤਰ੍ਹਾਂ ਕਈ ਮਹੀਨੇ ਲੰਘ ਗਏ। ਹੌਸਲਾ ਵਧਾਉਣ ਵਾਲੇ ਹੌਸਲਾ ਵਧਾਉਂਦੇ ਰਹੇ ਤੇ ਢਾਹੁਣ ਵਾਲੇ ਢਾਹੁਣ ਦੀ ਕੋਸਿ਼ਸ਼ ਕਰਦੇ ਰਹੇ, ਪਰ ਇਹਨਾਂ ਹੌਸਲਾ ਨਾ ਹਾਰਿਆ ਅਤੇ ਆਪਣੀ ਕੋਸਿ਼ਸ਼ ਜਾਰੀ ਰੱਖੀ। ਫਿਰ ਇੱਕ ਦਿਨ ਪਿੰਡ ਗੋਪਾਲਪੁਰ (ਰੋਪੜ) ਦੇ ਖੇਡ ਮੇਲੇ ਤੇ ਇਹਨਾਂ ਦੇ ਰਿਸ਼ਤੇਦਾਰ ਸ਼ੇਖੂਪੁਰੀਆਂ ਦੇ ਜੇਤੂ ਬਲਦ ਦਾ ਜੋੜੀਦਾਰ ਬਲਦ ਕਿਸੇ ਕਾਰਨ ਇਸ ਖੇਡ ਮੇਲੇ ਤੇ ਨਾ ਪਹੁੰਚਿਆ। ਅਤੇ ਉਹਨਾਂ ਨੇ ਰਿਸ਼ਤੇਦਾਰੀ ਵਜੋਂ ਉਲਾਂਭ੍ਹਾ ਜਿਹਾ ਲਾਉਣ ਦੀ ਖਾਤਿਰ ਆਪਣਾ ਬਲਦ ਇਹਨਾਂ ਦੇ ਬਲਦ ਨਾਲ ਜੋੜ ਦਿੱਤਾ। ਉਸ ਦਿਨ ਪ੍ਰਮਾਤਮਾ ਦੀ ਕ੍ਰਿਪਾ ਨਾਲ ਉਸ ਖੇਡ ਮੇਲੇ ਵਿੱਚ ਪਹੁੰਚੀ ਬਲਦਾਂ ਦੀ 100 ਜੋੜੀ ਵਿਚੋਂ ਇਹਨਾਂ ਦੀ ਜੋੜੀ ਦਾ ਇੱਕ ਸਕਿੰਟ ਦੇ ਫਰਕ ਨਾਲ ਪਹਿਲਾ ਨੰਬਰ ਬਣਿਆ, ਇਹ ਕੋਈ ਮਮੂਲੀ ਫਰਕ ਨਹੀਂ ਸੀ, ਕਿਉਂਕਿ ਬਲਦਾਂ ਦੀ ਇਸ ਖੇਡ ਵਿੱਚ ਜਿੱਤ ਹਾਰ ਪੁਆਇੰਟਾਂ ਦੇ ਫਰਕ ਨਾਲ ਹੀ ਹੁੰਦੀ ਹੈ। ਉਸ ਦਿਨ ਤੋਂ ਬਾਅਦ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਇਹਨਾਂ ਦਾ ਬਲਦ ਲਗਾਤਾਰ ਚਾਰ ਸਾਲ ਪਹਿਲੇ ਤਿੰਨਾਂ ਨੰਬਰਾਂ ਵਿੱਚ ਰਿਹਾ। ਤੇ ਗੁਰਪ੍ਰੀਤ ਬਿਨਾ ਨਾਗਾ ਪਾਏ ਹਰ ਸਾਲ ਰਾਜਸਥਾਨ ਦੀਆਂ ਵੱਖ-ਵੱਖ ਮੰਡੀਆਂ ਜਿਵੇਂ; ਮੇਲਟਾ ਸਿਟੀ, ਨਾਗੌਰ, ਪਰਬਤਸਰ, ਡੀਡੂਆਣਾ, ਡੇਗਆਣਾ, ਬੱਕਰੀ ਅਤੇ ਅਸ਼ੋਪ ਤੋਂ ਛਾਂਟ-ਛਾਂਟ ਕੇ ਵੱਛੇ ਲਿਆਉਂਦਾ ਰਿਹਾ, ਜਿੰਨ੍ਹਾਂ ਵਿੱਚੋਂ ਇਹਨਾਂ ਕੋਲ ਦੋ ਵੱਛੇ ਮੇਲਟਾ ਸਿਟੀ ਦੀ ਮੰਡੀ, ਇੱਕ ਵੱਛਾ ਨਾਗੌਰ ਦੀ ਮੰਡੀ, ਇੱਕ ਪਰਬਤਸਰ ਦੀ ਮੰਡੀ ਅਤੇ ਇੱਕ ਅਸ਼ੋਪ ਦੀ ਮੰਡੀ ਤੋਂ ਲਿਆਂਦੇ ਹੋਏ ਵੱਛਿਆਂ ਨੇ ਇਹਨਾਂ ਦੀ ਝੋਲੀ ‘ਚ ਬਹੁਤ ਸਾਰੀਆਂ ਜਿੱਤਾਂ ਪਾਈਆਂ। ਇਹਨਾਂ ਨੇ ਵੀ ਹਰ ਵੱਛੇ ਨੂੰ ਚਾਹੇ ਉਹ ਭੱਜੇ, ਚਾਹੇ ਨਾ ਭੱਜੇ ਸਭ੍ਹ ਨੂੰ ਬਿਨਾ ਵਿਤਕਰਾ ਕੀਤਿਆਂ ਬੱਚਿਆਂ ਵਾਂਗ ਚੰਗੀਆਂ ਖੁਰਾਕਾਂ ਦੇ ਕੇ ਪਾਲਿਆ, ਤੇ ਹੁਣ ਤੱਕ ਹਰ ਵੱਛਾ ਖੁਰਾਕ ਦੇ ਸਿਰ ‘ਤੇ ਹੀ ਜਿੱਤਿਆ ਨਾ ਕਿ ਨਸਿ਼ਆਂ ਦੇ ਸਿਰ ‘ਤੇ, ਕਿੳਂੁਕਿ ਹੋਰਾਂ ਖੇਡਾਂ ਵਾਂਗ ਇਸ ਖੇਡ ਵਿੱਚ ਵੀ ਬਲਦਾਂ ਨੂੰ ਨਸ਼ੇ ਵਾਲੇ ਟੀਕੇ ਲਾ ਕੇ ਜਾਂ ਹੋਰ ਨਸ਼ੇ ਜਿਵੇਂ ਅਫੀਮ, ਡੋਡੇ ਤੇ ਸ਼ਰਾਬ ਆਦਿ ਪਿਆ ਕੇ ਭਜਾਉਣ ਦੀ ਬਿਮਾਰੀ ਚੱਲੀ ਹੋਈ ਹੈ। ਇਸ ਸਮੇ ਦੌਰਾਨ ਇਹਨਾਂ ਨੂੰ ਇੱਕ ਵੱਡਾ ਸਦਮਾਂ ਪਹੁੰਚਿਆ। ਜਦੋਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਸਦਮੇ ਕਰਕੇ ਇਹਨਾਂ ਨੇ ਇੱਕ ਸਾਲ ਬਲਦ ਨਹੀਂ ਭਜਾਏ। ਫਿਰ ਹੌਲੀ-ਹੌਲੀ ਦੁਬਾਰਾ ਖੇਡ ਮੇਲਿਆਂ ‘ਤੇ ਜਾਣਾ ਸ਼ੁਰੂ ਕਰ ਦਿੱਤਾ ਤੇ ਜਿੱਤਾਂ ਦਾ ਸਿਲਸਿਲਾ ਵੀ ਦੁਬਾਰਾ ਸ਼ੁਰੂ ਹੋ ਗਿਆ। ਕੁਝ ਵਰੇ ਪਹਿਲਾਂ ਗੁਰਪ੍ਰੀਤ ਇਟਲੀ ਆ ਗਿਆ। ਪਿੱਛੇ ਜੱਸੇ ਤੇ ਰਵਿੰਦਰ ਨੇ ਇਸ ਸ਼ੌਕ ਨੂੰ ਬਰਕਰਾਰ ਰੱਖਿਆ ਹੋਇਆ ਹੈ, ਗੁਰਪ੍ਰੀਤ ਹੁਣ ਇਹ ਸ਼ੌਕ ਇੰਟਰਨੈਟ ‘ਤੇ ਬੈਲ ਗੱਡੀਆਂ ਦੀਆਂ ਦੌੜਾਂ ਵੇਖ ਜਾਂ ਅਮਰੀਕ ਸਿੰਘ ਭਾਗੋਵਾਲੀਆ ਦੇ ਅਜੀਤ ਵਿੱਚ ਛਪਦੇ ‘ਸ਼ੌਕੀ ਬਲਦਾਂ ਦੇ’ ਆਰਟੀਕਲ ਪੜ੍ਹ ਕੇ ਪੂਰਾ ਕਰ ਲੈਂਦਾ ਹੈ ਅਤੇ ਖੇਡਾਂ ਦੇ ਸੀਜਨ ਵਿੱਚ ਜੱਸੇ ਹੋਰਾਂ ਤੋਂ ਟੈਲੀਫੋਨ ‘ਤੇ ਜਾਣਕਾਰੀ ਲੈਂਦਾ ਰਹਿੰਦਾ ਹੈ,ਕਿ ਕਿਹੜੀ ਖੇਡ ‘ਤੇ ਕੌਣ ਜਿੱਤਿਆ, ਆਪਣਾ ਵੱਛਾ ਕਿਵੇਂ ਰਿਹਾ ਵਗੈਰਾ………।
ਅਸੀਂ ਦੁਆ ਕਰਦੇ ਹਾਂ ਕਿ ਇਹਨਾਂ ਤਿੰਨ੍ਹਾਂ ਭਰਾਵਾਂ ਦਾ ਬਲਦ ਭੁਜਾਉਣ ਦਾ ਸ਼ੌਕ ਇਸੇ ਤਰ੍ਹਾਂ ਬਰਕਰਾਰ ਰਹੇ, ਇਹ ਆਪਣੀ ਜਿੱਤ ਦੇ ਝੰਡੇ ਗੱਡਦੇ ਰਹਿਣ ਅਤੇ ਇਹਨਾਂ ਨੂੰ ਵੇਖ ਕੇ ਅਗਲੀ ਪੀੜੀ ਵੀ ਇਸ ਪੇਂਡੂ ਖੇਡ ਨੂੰ ਬਚਾਈ ਰੱਖੇ।




ਜਿੰਦਗੀ ਦਾ ਗੀਤ.......... ਗ਼ਜ਼ਲ / ਤਰਲੋਕ "ਜੱਜ "

ਜਿੰਦਗੀ ਦਾ ਗੀਤ ਸੀ ਨਿੱਕਾ ਜਿਹਾ ਮੇਰੇ ਲਈ ।
ਉਸਦੇ ਨੈਣੀਂ ਜੋ ਸੰਦੇਸ਼ਾ ਸਾਂਭਿਆ ਮੇਰੇ ਲਈ ।

ਜ਼ਿੰਦਗੀ ਦੀ ਭੀੜ 'ਚੋਂ ਖਿਚ ਕੇ ਲਗਾਇਆ ਗਲ ਦੇ ਨਾਲ
ਉਸ ਨਵਾਂ ਰਿਸ਼ਤਾ ਜਦੋਂ ਇੱਕ ਸਿਰਜਿਆ ਮੇਰੇ ਲਈ ।


ਮੈਨੂ ਠਿਲ੍ਹਣ ਵਿਚ ਕੋਈ ਮੁਸ਼ਕਿਲ ਨਾ ਪੇਸ਼ ਆਵੇ ਕਿਤੇ,
ਇੱਕ ਨਦੀ ਨੇ ਸਿਮਟ ਜਾਣਾ ਸਿੱਖਿਆ ਮੇਰੇ ਲਈ ।

ਮੈਂ ਉਹਦੀ ਹਸਤੀ ਤੋਂ ਮੁਨਕਰ ਹੋਣ ਦੇ ਨੇੜੇ ਹੀ ਸਾਂ,
ਉਹ ਜਦੋਂ ਬਣਕੇ ਖੁਦਾ ਆ ਬਹੁੜਿਆ ਮੇਰੇ ਲਈ ।

ਨੀਂਝ ਲਾ ਕੇ ਝੀਲ ਦੇ ਨੈਣਾਂ 'ਚ ਜਦ ਮੈਂ ਵੇਖਿਆ ,
ਜ਼ਿੰਦਗੀ ਨੇ ਅਜਬ ਹਾਸਾ ਹੱਸਿਆ ਮੇਰੇ ਲਈ ।

ਨੂਰ ਦੇ ਦਰਿਆ ਦਾ ਰੁਖ ਆਪਣੇ ਦਰਾਂ ਨੂ ਮੋੜ ਕੇ ,
"ਚਾਨਣੀ ਮੁਆਫ਼ਿਕ ਨਹੀਂ ਹੈ" , ਉਸ ਕਿਹਾ ਮੇਰੇ ਲਈ ।

ਆਖਰੀ ਵੇਲੇ ਹੈ ਇਸ ਬੀਮਾਰ ਦੀ ਇਹ ਇਲਤਜ਼ਾ,
ਕੋਈ ਆਖੇ ਉਸਨੁ ਹੋ ਜਾਵੇ ਦਵਾ ਮੇਰੇ ਲਈ ।

ਮੇਰੇ ਹੱਥਾਂ ਘੁੱਟ ਕੇ ਇੱਕ ਦੂਸਰੇ ਨੂ ਫੜ ਲਿਆ ,
ਕਹਿਰਵਾਂ ਹੋਇਆ ਜਦੋਂ ਮੇਰਾ ਖੁਦਾ ਮੇਰੇ ਲਈ ।

ਹਾਲ- ਏ- ਸਾਊਥਾਲ ਸਿਆਸਤ....... ਲੇਖ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

6 ਮਈ ਨੂੰ ਹੋਣ ਜਾ ਰਹੀਆਂ ਇੰਗਲੈਂਡ ਦੀਆਂ ਪਾਰਲੀਮਾਨੀ ਚੋਣਾਂ ਵਿਸ਼ਵ ਭਰ 'ਚ ਬੈਠੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਕਿਉਂਕਿ ਇੰਗਲੈਂਡ ਵਸੇ ਪੰਜਾਬੀ ਵੀ ਇੱਥੋਂ ਦੇ ਪਾਰਲੀਮੈਂਟ 'ਚ ਆਪਣੀਆਂ ਕੁਰਸੀਆਂ ਡਾਹੁਣ ਦੇ ਕਾਬਲ ਹੋ ਗਏ ਹਨ। ਆਪਣੇ ਜੁਝਾਰੂ ਤੇ ਸੰਘਰਸ਼ਸ਼ੀਲ ਸੁਭਾਅ ਕਾਰਨ ਪੰਜਾਬੀ ਵੀਰਾਂ ਨੇ ਦੁਨੀਆਂ ਦੇ ਕਿਸੇ ਵੀ ਕੋਨੇ ਦੀ ਕੋਈ ਵੀ ਜਥੇਬੰਦੀ ਨਹੀਂ ਛੱਡੀ ਹੋਵੇਗੀ ਜਿਸ ਵਿੱਚ ਆਪਣੀ ਸਰਗਰਮ ਹਾਜ਼ਰੀ ਨਹੀਂ ਲਗਵਾਈ ਹੋਵੇਗੀ। ਉਹ ਵੀ ਸਿਰਫ ਮੈਂਬਰਾਂ ਵਜੋਂ ਹੀ ਨਹੀਂ ਸਗੋਂ ਜਿਆਦਾਤਰ ਥਾਵਾਂ 'ਤੇ ਤਾਂ ਸਾਡੇ ਪੰਜਾਬੀ ਵੀਰ ਉੱਚ ਅਹੁਦਿਆਂ 'ਤੇ ਵੀ ਬਿਰਾਜਮਾਨ ਹੋ ਬੈਠੇ ਹਨ। ਮਨ ਬਾਗੋ ਬਾਗ ਹੋ ਜਾਂਦੈ ਜਦੋਂ ਬੇਗਾਨੇ ਮੁਲਕਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਕਾਇਮ ਕਰਕੇ ਉੱਥੋਂ ਦੀਆਂ ਸਿਆਸੀ, ਧਾਰਮਿਕ ਜਾਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਆਪਣੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਗੱਡੇ ਝੰਡਿਆਂ ਨੂੰ ਝੂਲਦੇ ਦੇਖੀਦੈ। ਇੰਗਲੈਂਡ ਦੇ ਧਾਰਮਿਕ ਜਾਂ ਸੱਭਿਆਚਾਰਕ ਹਲਕਿਆਂ ਵਿੱਚ ਪੰਜਾਬੀਆਂ ਦੀ ਭਰਵੀਂ ਸਮੂਲੀਅਤ ਦੁਨੀਆ ਕੋਲੋਂ ਲੁਕੀ ਨਹੀਂ ਹੈ ਕਿਉਂਕਿ ਜਿੱਥੇ ਇੰਗਲੈਂਡ ਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨੂੰ ਸਿੱਖਾਂ ਦੀ ਦੂਸਰੀ ਸਰਵ ਉੱਚ ਸੰਸਥਾ ਦੇ ਨਾਮ ਨਾਲ ਵਡਿਆਇਆ ਜਾਂਦਾ ਹੈ ਤਾਂ ਸੱਭਿਆਚਾਰਕ ਖੇਤਰ ਵਿੱਚ ਵੀ ਇੰਗਲੈਂਡ ਵਸਦੇ ਪੰਜਾਬੀ ਭਾਈਚਾਰੇ ਦੀ ਤਾਰੀਫ਼ ਸੰਸਾਰ ਪੱਧਰ 'ਤੇ ਹੁੰਦੀ ਹੈ ਜਿਹਨਾਂ ਨੇ ਆਪਣੇ ਅਮੀਰ ਵਿਰਸੇ ਨੂੰ ਆਪਣੀ ਲਿਆਕਤ ਨਾਲ ਜਿਉਂਦਾ ਰੱਖਣ ਦੇ ਉਪਰਾਲੇ ਜ਼ੋਰਾ- ਸ਼ੋਰਾਂ ਨਾਲ ਆਰੰਭੇ ਹੋਏ ਹਨ। ਅੱਜਕੱਲ੍ਹ ਇੰਗਲੈਂਡ ਵਿੱਚ ਪਾਰਲੀਮਾਨੀ ਚੋਣਾਂ ਦਾ ਬੁਖਾਰ ਸਿਖਰਾਂ ‘ਤੇ ਹੈ। ਮੇਰੇ ਇੰਗਲੈਂਡ ਵਸਣ ਤੋਂ ਬਾਦ ਦੀਆਂ ਇਹ ਪਹਿਲੀਆਂ ਪਾਰਲੀਮਾਨੀ ਚੋਣਾਂ ਹਨ। ਬੜਾ ਚਾਅ ਜਿਹਾ ਸੀ ਕਿ ਦੇਖਾਂਗੇ ਕਿ ਐਨੇ ਵਿਕਸਤ ਮੁਲਕ ਵਿੱਚ ਸਾਡੇ ਪੰਜਾਬੀ ਵੀਰ ਕਿਸ ਢੰਗ ਨਾਲ ਚੋਣਾ ਲੜ੍ਹਨਗੇ...ਜਿੱਤਣਗੇ? ਉਹਨਾਂ ਦਾ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦਾ ਕਿਹੜਾ ਨਿਰਾਲਾ ਢੰਗ ਹੋਵੇਗਾ ਕਿ ਲੋਕ ਉਹਨਾਂ ਨੂੰ ਆਪਣਾ ਨੁਮਾਇੰਦਾ ਅੱਖਾਂ ਮੀਚ ਕੇ ਮੰਨ ਲੈਣ?


ਇੰਗਲੈਂਡ ਦੀਆਂ ਪਾਰਲੀਮਾਨੀ ਚੋਣਾਂ ਵਿੱਚ ਵੱਖ ਵੱਖ ਹਲਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਪੰਜਾਬੀ ਪਿਛੋਕੜ ਵਾਲੇ ਉਮੀਦਵਾਰ ਕਿਸਮਤ ਅਜ਼ਮਾਈ ਕਰ ਰਹੇ ਹਨ ਜਿਹਨਾਂ ਵਿੱਚ ਜਸਬੀਰ ਸਿੰਘ ਪਰਮਾਰ, ਪਰਮਜੀਤ ਸਿੰਘ ਢਾਂਡਾ, ਪੌਲ ਉੱਪਲ, ਗੁਰਚਰਨ ਸਿੰਘ, ਵਰਿੰਦਰ ਸ਼ਰਮਾ ਸਮੇਤ 21 ਭਾਰਤੀ ਇਸ ਚੋਣ ਵਿੱਚ ਆਪਣੇ ਪਰ ਤੋਲ ਰਹੇ ਹਨ। ਪਰ ਸਾਊਥਾਲ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਅਤੇ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਵਲੋਂ ਜੋ ਪ੍ਰਚਾਰ ਦਾ ਤਰੀਕਾ ਅਖਤਿਆਰ ਕੀਤਾ ਗਿਆ ਹੈ ਉਹ ਦੇਖ ਕੇ ਇੱਕ ਵਾਰ ਤਾਂ ਸਾਡੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਝਾਕੀ ਅੱਖਾਂ ਅੱਗੇ ਹੂਬਹੂ ਘੁੰਮ ਗਈ। ਇੰਝ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਆਪਣੇ ਪੰਜਾਬ ਦੀਆਂ ਚੋਣਾਂ ਦਾ ਹੀ 'ਆਨੰਦ' ਮਾਣ ਰਹੇ ਹੋਈਏ। ਬਿਲਕੁਲ ਉਹੀ ਢੰਗ ਤਰੀਕਾ, ਉਹੀ ਸ਼ਬਦਾਵਲੀ ਇੱਕ ਦੂਜੇ ਨੂੰ ਭੰਡਣ ਦੀ..... ਬਸ ਸਿਰਫ ਫਰਕ ਹੈ ਤਾਂ ਲੋਕਾਂ ਦਾ.. ਕਿਉਂਕਿ ਮੇਰੇ ਪੰਜਾਬ 'ਚ ਤਾਂ ਲੋਕਾਂ ਦੇ ਨੁਮਾਇੰਦੇ ਆਪਣੇ ਵੋਟਰਾਂ ਨੂੰ ਭੁੱਕੀ, ਅਫੀਮ ਜਾਂ ਦਾਰੂ ਦੇ ਗੱਫੇ ਵੀ ਵਰਤਾ ਦਿੰਦੇ ਹਨ। ਜੇ ਗੱਲ ਅੜਦੀ ਦਿਸੇ ਤਾਂ ਬੱਸ ਦੀ ਟਿਕਟ ਖਰੀਦਣ ਵਾਂਗ ਨਕਦ ਮਾਇਆ ਦੇ ਕੇ ਵੋਟਾਂ ਖਰੀਦਣ ਦੀ ਖੇਚਲ ਵੀ ਕਰਨੀ ਪੈ ਜਾਂਦੀ ਹੈ ਸਾਡੇ ਪੰਜਾਬ ਦੇ ਸਿਆਣੇ ਲੀਡਰਾਂ ਨੂੰ...। ਇਸੇ ਗੱਲੋਂ ਹੀ ਲੋਕਾਂ ਦਾ ਫ਼ਰਕ ਕਿਹੈ ਕਿਉਂਕਿ ਸ਼ਾਇਦ ਸਾਊਥਾਲ ਦੇ ਵੋਟਰਾਂ ਦੀ ਜਮੀਰ ਖਰੀਦਣ ਜਾਂ ਦਾਰੂ ਪਿਆਲੇ ਸਾਂਝੇ ਕਰਨ ਵਰਗੇ ਲਾਲਚ ਨਾ ਦਿੱਤੇ ਜਾਂਦੇ ਹੋਣ ਕਿਸੇ ਲੀਡਰ ਵੱਲੋਂ। ਪਰ ਇੱਕ ਗੱਲ ਸਾਫ ਹੈ ਕਿ ਲੋਕਾਂ ਨੂੰ ਭਾਵਨਾਤਮਕ ਤੌਰ 'ਤੇ ਗੁੰਮਰਾਹ ਕਰਨ ਵਾਲਾ 'ਭੰਡਣ ਮਾਰਕਾ' ਫਾਰਮੂਲਾ ਇੱਕ ਹੀ ਹੈ, ਸ਼ਾਇਦ ਉਹ ਇਸ ਕਰਕੇ ਵੀ ਹੋ ਸਕਦਾ ਹੈ ਕਿਉਂਕਿ ਸਾਡੇ ਇੱਥੋਂ ਦੇ ਪੰਜਾਬੀ ਲੀਡਰਾਂ ਦੀਆਂ ਰਗਾਂ 'ਚ ਵੀ ਉਸੇ ਪੰਜਾਬ ਦਾ ਖੂਨ ਵਗਦਾ ਹੈ ਜਿੱਥੇ ਹਰ ਦਿਨ ਇੱਕ ਦੂਜੇ ਨੂੰ ਭੰਡਣ ਤੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਨਵੇਂ ਤੋਂ ਨਵਾਂ ਸਟੰਟ ਦੇਖਣ ਨੂੰ ਮਿਲਦਾ ਹੈ ਭਾਵੇਂ ਉਹ ਕਾਂਗਰਸੀਆਂ ਦਾ ਅਕਾਲੀਆਂ ਵੱਲੋਂ ਕਾਂਗਰਸੀ ਵਰਕਰਾਂ ਸਿਰ ਮੜੇ ਜਾਂਦੇ ਅਖੌਤੀ ਪੁਲਸ ਕੇਸਾਂ ਦੀ ਕਾਵਾਂਰੌਲੀ ਹੋਵੇ ਜਾਂ ਫਿਰ ਪੰਜਾਬ ਦੇ ਕਬੱਡੀ-ਪਸੰਦ ਲੋਕਾਂ ਨੂੰ ਵਿਸ਼ਵ ਕਬੱਡੀ ਕੱਪ ਦੇ ਨਾਂ 'ਤੇ ਸੁਖਬੀਰ ਬਾਦਲ ਵੱਲੋਂ 'ਬਾਦਲ ਜਿ਼ੰਦਾਬਾਦ' ਦੇ ਨਾਅਰੇ ਮਰਵਾਉਣ ਦੀ ਗੱਲ ਹੋਵੇ। ਦੁੱਖ ਦਿੱਤੈ ਇਸ ਗੱਲ ਨੇ ਕਿ ਇੱਕ ਅਤਿ ਵਿਕਸਤ ਮੁਲਕ ਦੀ ਰਾਜਨੀਤੀ 'ਚ ਬੇਹੱਦ ਜਿ਼ੰਮੇਵਾਰ ਰੁਤਬੇ ਹਾਸਲ ਕਰਕੇ ਉਮੀਦਵਾਰ ਬਣੇ ਪੰਜਾਬੀ ਵੀਰਾਂ ਵੱਲੋਂ ਇੱਕ ਦੂਜੇ ਨੂੰ ਅਖਬਾਰਾਂ ਰਾਹੀਂ ਤਾਹਨੇ ਮਿਹਣੇ ਮਾਰਦਿਆਂ 'ਦਲ-ਬਦਲੂ' ਗੁਰਚਰਨ ਸਿੰਘ ਜਾਂ 'ਸ਼ਰਮੇ' ਜਾਂ ‘ਸ਼ਰਮੇ ਦਾ ਗਿਰਗਟ ਵਾਂਗ ਰੰਗ ਬਦਲਦਾ ਕਿਰਦਾਰ’ ਆਦਿ ਸ਼ਬਦਾਂ ਨਾਲ ਸੰਬੋਧਨ ਕਰਨਾ ਹਜ਼ਮ ਜਿਹਾ ਨਹੀਂ ਆਉਂਦਾ ਕਿਉਂਕਿ ਇਹੋ ਜਿਹੀ ਸ਼ਬਦਾਵਲੀ ਤਾਂ ਸਾਡੇ ਪਿੰਡਾਂ ਦੇ ਅਨਪੜ੍ਹ ਲੋਕ ਵੀ ਵਰਤਣ ਲੱਗੇ ਸੌ ਵਾਰ ਸੋਚਣ ਕਿ ਜੇ ਗੋਰਿਆਂ ਨੂੰ ਪਤਾ ਲੱਗ ਗਿਆ ਕਿ ਅਸੀਂ ਕੀ ਕੀ ਬੋਲੀ ਜਾ ਰਹੇ ਹਾਂ... ਤਾਂ ਉਹ ਕੀ ਸੋਚਣਗੇ ਕਿ ਅਸੀਂ ਪੜ੍ਹ ਲਿਖ ਕੇ ਵੀ....?
ਇਸ਼ਤਿਹਾਰਬਾਜੀ ਜ਼ਰੀਏ ਹੀ ਅਖਬਾਰਾਂ ਲੋਕ ਸੇਵਾ ਕਰ ਸਕਦੀਆਂ ਹਨ ਅਤੇ ਜਿਉਂਦੀਆਂ ਰਹਿ ਸਕਦੀਆਂ ਹਨ। ਜੇ ਅਖਬਾਰਾਂ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣੀ ਹੀ ਹੈ ਤਾਂ ਕੀ ਸਿਰਫ ਇੱਕ ਦੂਜੇ ਨੂੰ ਭੰਡਣਾ ਹੀ ਆਖਰੀ ਹਥਿਆਰ ਰਹਿ ਜਾਂਦਾ ਹੈ? ਕਿਸੇ ਨੂੰ ਭੰਡਣ ਦੀ ਬਜਾਏ ਤੁਸੀਂ ਦੁਸਰੇ ਦੀਆਂ ਖਾਮੀਆਂ ਜਾਂ ਬੁਰਾਈਆਂ ਜਾਂ ਉਸਦੇ ਕਿਰਦਾਰ ‘ਤੇ ਲੱਗੇ ‘ਪੈਂਚਰ’ ਗਿਣਾਉਣ ਨਾਲੋਂ ਆਪਣੀਆਂ ਚੰਗਿਆਈਆਂ ਜਾਂ ਕੀਤੇ ਹੋਏ ਚੰਗੇ ਕੰਮਾਂ ਨੂੰ ਹੀ ਆਪਣੇ ਇਸ਼ਤਿਹਾਰਾਂ ਦਾ ਵਿਸ਼ਾ ਕਿਉਂ ਨਹੀਂ ਬਣਾਉਂਦੇ? ਤਾਂ ਜੋ ਵੋਟਰ ਤੁਹਾਡੇ ਅਤੇ ਤੁਹਾਡੇ ਵਿਰੋਧੀ ਦੀਆਂ ਚੰਗਿਆਈਆਂ ਨੂੰ ਕਪੜਛਾਣ ਕਰਕੇ ਕੋਈ ਨਤੀਜਾ ਕੱਢ ਸਕਣ ਕਿ ਕਿਸ ਦੇ ਪੱਲੇ ਵਧੇਰੇ ਨਿੱਗਰ ਸੋਚ ਹੈ। ਅਖਬਾਰਾਂ ਨਾਲ ਜੁੜੇ ਲੋਕਾਂ ਦੇ ਜਿ਼ਹਨ ‘ਚ ਇਹ ਗੱਲ ਤਾਂ ਆਉਂਦੀ ਹੀ ਹੋਵੇਗੀ ਕਿ ਜਿਹਨਾਂ ਨੇ ਕੱਲ੍ਹ ਨੂੰ ਸਾਡੀ ਨੁਮਾਇੰਦਗੀ ਕਰਨੀ ਹੈ, ਉਹ ਤਾਂ ਸਭ ਤੋਂ ਪਹਿਲਾਂ ਖੁਦ ਹੀ ਜੂੰਡੋ-ਜੂੰਡੀ ਹੋਈ ਜਾ ਰਹੇ ਹਨ। ਕੋਈ ਕਿਸੇ ਨੂੰ ਅਖਬਾਰਾਂ ਰਾਹੀਂ ‘ਮਲਾਈਆਂ’ ਖਾ ਕੇ ਭੁੱਲ ਜਾਣ ਦੇ ਮਿਹਣੇ ਮਾਰ ਰਿਹਾ ਹੈ ਕੋਈ ਕਿਸੇ ਨੂੰ ਧਾਰਮਿਕ ਮੁੱਦਿਆਂ ‘ਚ ਉਲਝਾ ਕੇ ਠਿੱਬੀ ਲਾਉਣ ਦੇ ਚੱਕਰ ‘ਚ ਹੈ। ਅਖਬਾਰਾਂ ਨੂੰ ਜੋ ਕੁਝ ਲਿਖ ਕੇ ਦੇ ਦਿੱਤਾ ਜਾਂਦਾ ਹੈ ਉਹਨਾਂ ਇਸ਼ਤਿਹਾਰਦਾਤਾ ਦੀ ਮਰਜ਼ੀ ਮੁਤਾਬਕ ਛਾਪਣਾ ਹੈ, ਪਰ ਸੋਚਣਾ ਤਾਂ ਉਸ ਬੁੱਧੀਜੀਵੀ ਨੇ ਹੈ ਕਿ ਜਾਂ ਤਾਂ ਉਹ ਖੁਦ ਨੂੰ ਉੱਚ ਸੋਚ ਦਾ ਮਾਲਕ ਸਮਝ ਰਿਹਾ ਹੈ ਕਿ ਲੋਕ ਉਹਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਭੰਡਖੋਹੀ ਤੋਂ ਪ੍ਰਭਾਵਿਤ ਹੋ ਕੇ ਹੀ ਉਲਾਰ ਹੋ ਜਾਣਗੇ... ਜਾਂ ਫਿਰ ਉਹ ਲੋਕਾਂ ਦੀ ਸੋਚ ਨੂੰ ਹੀ ਬੇਹੱਦ ਘਟੀਆ ਦਰਜੇ ਦੀ ਸਮਝ ਰਿਹਾ ਹੈ ਕਿ ‘ਲੋਕਾਂ ਦਾ ਕੀ ਆ?... ਇਹ ਬੁੱਧੂ ਬਣਾਏ ਈ ਲੋਟ ਰਹਿੰਦੇ ਆ..!’ 
ਸਿਰਫ ਰਾਜਨੀਤਕ ਲੋਕਾਂ ਨੂੰ ਹੀ ਖਿੱਚੀ ਫਿਰਨਾ ਵੀ ਜਿਆਦਤੀ ਹੋਵੇਗੀ ਕਿਉਂਕਿ ‘ਧਾਰਮਿਕ-ਰਾਜਨੀਤੀਵਾਨਾ’ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਪਿਛਲੀਆਂ ਚੋਣਾਂ ਵੇਲੇ ਦੋਵੇਂ ਗਰੁੱਪਾਂ ਵੱਲੋਂ ਇੱਕ ਦੁਜੇ ਖਿਲਾਫ ਜੋ ਭੰਡੀ ਪ੍ਰਚਾਰ ਕੀਤਾ ਸੀ ਉਸ ਸਾਹਮਣੇ ਤਾਂ ‘ਨਿਰੋਲ ਰਾਜਨੀਤੀਵਾਨਾਂ’ ਦਾ ਭੰਡੀ ਪ੍ਰਚਾਰ ਵੀ ਬੌਣਾ ਜਿਹਾ ਲੱਗਣ ਲੱਗ ਜਾਂਦੈ। ਬੇਸ਼ੱਕ ਅਸੀਂ ਬੋਲਣ ਦੀ ਆਜਾਦੀ ਹਾਸਲ ਕਰ ਲਈ, ਪੈਸਾ ਜਾਂ ਪੌਂਡ ਅਥਾਹ ਕਮਾ ਲਏ ਹੋਣ ਪਰ ਅਸੀਂ ਦੂਜੇ ਨੂੰ ਭੰਡ ਕੇ ਖੁਦ ਨੂੰ ਪਾਕ-ਪਵਿੱਤਰ ਅਖਵਾਉਣ ਦੀ ਸੋਚ ਦੀ ਗੁਲਾਮੀ ਤੋਂ ਨਿਜਾਤ ਨਹੀਂ ਪਾ ਸਕੇ। 
ਗੁਰਮੁਖੋ, ਜਿਸ ਬਾਣੀ ਦਾ ਆਸਰਾ ਲੈ ਕੇ ਅਸੀਂ ਸਿਆਸਤ ਦੀਆਂ ਪੀਘਾਂ ਦੇ ਹੁਲਾਰੇ ਲੈਣ ਦੀ ਝਾਕ ਲਾਈ ਬੈਠੇ ਹਾਂ ਉਹ ਬਾਣੀ ਤਾਂ ਹਮੇਸ਼ਾ ਕਹਿੰਦੀ ਹੈ ਕਿ 
“ਹਮ ਨਹੀ ਚੰਗੇ ਬੁਰਾ ਨਹੀ ਕੋਇ।।”
ਫਿਰ ਕਿੱਧਰਲੀ ਧਾਰਮਿਕਤਾ ਹੈ ਕਿ ਅਸੀਂ ਆਪਣੇ ਹੀ ਭਾਈਚਾਰੇ ਦੇ ‘ਵਿਰੋਧੀ ਉਮੀਦਵਾਰ’ ਨੂੰ ਬਾਣੀ ਦੀਆਂ ਸਿੱਖਿਆਵਾਂ ਦੇ ਉਲਟ ਭੁਗਤ ਕੇ ਆਪ ਚੰਗੇ ਬਣ ਕੇ, ਉਸ ਨੂੰ ਬੁਰਾ ਬਣਾ ਰਹੇ ਹਾਂ।
ਬਾਣੀ ਤਾਂ ਇਹ ਵੀ ਕਹਿੰਦੀ ਹੈ ਕਿ
“ਕੂੜੁ ਬੋਲਿ ਮੁਰਦਾਰੁ ਖਾਇ।।
ਅਵਰੀ ਨੋ ਸਮਝਾਵਣਿ ਜਾਇ।।”
ਫਿਰ ਕਿਸ ਦੀ ਭੰਡਣ-ਸ਼ੈਲੀ ਨੂੰ ਤਰਕ ਸੰਗਤ ਮੰਨਿਆ ਜਾਵੇ ਕਿੳਂਕਿ ਜੇ ਦੋਵੇਂ ਧਿਰਾਂ ਹੀ ਸੱਚੀਆਂ ਹਨ ਤਾਂ ਫਿਰ ਝੂਠਾ ਕੌਣ ਹੈ? ਜੇ ਦੋਵੇਂ ਧਿਰਾਂ ਹੀ ਝੂਠੀਆਂ ਹਨ ਤਾਂ ਫਿਰ ਸੱਚਾ ਕੌਣ ਹੈ? ਜੇ ਕੋਈ ਝੂਠ ਬੋਲਦਾ ਵੀ ਹੈ ਤਾਂ ਮੁਰਦਾਰ ਖਾਣ ਬਰਾਬਰ ਹੈ। ਫਿਰ ਲੋਕਾਂ ਦੀ ਪ੍ਰਤੀਨਿਧਤਾ ਕਿਸ ਮੂੰਹ ਨਾਲ....?
ਨੇਤਾ ਵੀਰੋ, ਸਿਆਣੇ ਕਹਿੰਦੇ ਹਨ ਕਿ ਬੋਤੇ ਮਗਰ ਖੜ੍ਹਾ ਗਿੱਦੜ ਕਿਸੇ ਨੂੰ ਨਹੀਂ ਦੀਂਹਦਾ ਹੁੰਦਾ। ਕਹਿਣ ਦਾ ਭਾਵ ਇਹ ਕਿ ਜੇ ਤੁਹਾਡੇ ਚੰਗੇ ਕੰਮ ਬੋਤੇ ਵਾਂਗ ਉੱਚੇ ਹਨ ਤਾਂ ਤੁਹਾਡੀਆਂ ਗਿੱਦੜ ਦੇ ਕੱਦ ਜਿੰਨੀਆਂ ਬੁਰਾਈਆਂ ਵੀ ਲੁਕ ਜਾਂਦੀਆਂ ਹਨ। ਜਰੂਰੀ ਇਹ ਹੈ ਕਿ ਇੱਕ ਦੂਜੇ ਦੇ ਝੱਗੇ ਪਾੜਨ ਨਾਲੋਂ, ਆਪਣੇ ਭਾਈਚਾਰੇ ਦੀ ਮਿੱਟੀ ਪਲੀਤ ਕਰਨ ਨਾਲੋਂ ਆਓ ਇਹੋ ਜਿਹੀ ਬੁਣਤੀ ਬੁਣੋ ਕਿ ਆਪਣੀਆਂ ਲਿਆਕਤਾਂ ਜ਼ਰੀਏ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈਏ ਨਾ ਕਿ ਆਪਣੇ ਹੀ ਭਰਾਵਾਂ ਖਿਲਾਫ਼ ਨਫਰਤ ਦੇ ਬੀਜ ਬੀਜੀਏ। ਜੇ ਤੁਹਾਡੀਆਂ ਪਾਰਟੀਆਂ ਦੇ ਆਗੂ ਟੀ.ਵੀ ਚੈਨਲਾਂ ਵੱਲੋਂ ਕਰਵਾਏ ਜਾਂਦੇ ਆਹਮੋ-ਸਾਹਮਣੇ ਪ੍ਰੋਗਰਾਮਾਂ ‘ਚ ਮੂੰਹ ‘ਤੇ ਬਹਿਸ ਕਰ ਸਕਦੇ ਹਨ ਤਾਂ ਫਿਰ ਤੁਸੀਂ ਇਹ ਕਿਹੜੇ ਰਾਹ ਤੁਰੇ ਹੋਏ ਹੋ। ਜੇ ਲੋਕਾਂ ਦੇ ਹਿਤਾਂ ਦੀ ਇੰਨੀ ਹੀ ਫਿਕਰ ਹੈ ਤਾਂ ਜਨਤਕ ਇਕੱਠਾਂ ‘ਚ ਇੱਕ ਦੂਜੇ ਦੇ ਮੂੰਹ ‘ਤੇ ਵੀ ਸਥਿਤੀ ਸਪੱਸ਼ਟ ਕੀਤੀ ਜਾ ਸਕਦੀ ਹੈ। ਇਹੋ ਜਿਹੀ ਬੋਲਬਾਣੀ ਨਾਲ ਵਿਚਰੋ ਕਿ ਕਿਤੇ ਰਾਹ-ਖੜ੍ਹੇ ਮਿਲੋ ਤਾਂ ਸ਼ਰਮਿੰਦਾ ਹੋਣਾ ਪਵੇ ਕਿਉਂਕਿ 6 ਮਈ ਤੋਂ ਬਾਦ ਕੱਟਾ-ਕੱਟੀ ਨਿਕਲ ਹੀ ਜਾਣੀ ਹੈ। ਜਿੱਤ ਇੱਕ ਦੀ ਹੀ ਹੋਣੀ ਹੈ ਤੇ ਪਰਖਿਆ ਜਾਣਾ ਹੈ ਕਿ ਕਿਸ ਦੇ ਤਿਲਾਂ ‘ਚ ਕਿੰਨਾ ਤੇਲ ਸੀ। 

****

ਹੁਣ ਸਾਡਾ ਮੋਗਾ ‘ਚਾਹ ਜੋਗਾ’ ਨਹੀਂ ਰਿਹਾ......... ਵਿਅੰਗ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਮੋਗਾ ਕਿਸੇ ਲੱਲੀ ਛੱਲੀ ਸ਼ਹਿਰ ਦਾ ਨਾਂ ਨਹੀਂ ਹੈ। ਸਗੋਂ ਆਪਣੇ ਆਪ ‘ਚ ਇੱਕ ਇਤਿਹਾਸ ਹੈ ਮੋਗਾ! ਕਾਮਾਗਾਟਾ ਮਾਰੂ (ਗੁਰੁ ਨਾਨਕ ਜਹਾਜ਼) ਦੇ ਮੁਸਾਫਰਾਂ ਵਿੱਚ ਇਕੱਲੇ ਮੋਗੇ ਜਿਲ੍ਹੇ ਦੇ ਲੱਗਭਗ ਚਾਰ ਦਰਜ਼ਨ ਮੁਸਾਫਰਾਂ ਦਾ ਹੋਣਾ ਵੀ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਮੋਗੇ ਦੇ ਲੋਕਾਂ ਦੇ ਖੂਨ ‘ਚ ਇਨਕਲਾਬ ਦੀ ਲਾਲੀ ਪਹਿਲਾਂ ਤੋਂ ਹੀ ਚਮਕਾਂ ਮਾਰਦੀ ਆ ਰਹੀ ਹੈ। ਲਾਲਾ ਲਾਜਪਤ ਰਾਏ ਜੀ ਦਾ ਵੀ ਇਸ ਜਿਲ੍ਹੇ ਨਾਲ ਗਹਿ ਗੱਡਵਾਂ ਸੰਬੰਧ ਹੋਣਾ ਇਸ ਦੇ ਰੱਜੇ- ਪੁੱਜੇ ਇਤਿਹਾਸ ਤੇ ਮੋਹਰ ਲਾਉਂਦਾ ਹੈ। ਮੁਜਾਰਾ ਲਹਿਰ ਹੋਵੇ, ਖੁਸ਼ ਹੈਸੀਅਤ ਮੋਰਚਾ ਹੋਵੇ ਜਾਂ ਫਿਰ ਬਿਰਲਾ ਪਟਾ ਮੋਰਚਾ ਹੋਵੇ, ਮੋਗੇ ਜਿਲ੍ਹੇ ਦੀ ਸ਼ਮੂਲੀਅਤ ਨੂੰ ਕਿਸੇ ਵੀ ਪੱਖੋਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀਆਂ ਕੁੜੀਆਂ ਦੇ ਚਾਵਾਂ ਮਲ੍ਹਾਰਾਂ ਦਾ ਗਵਾਹ ਤਿਉਹਾਰ ਤੀਆਂ ਵੀ ਇਸੇ ਮੋਗੇ ਦੀਆਂ ਮਸ਼ਹੂਰ ਸਨ। ਕਦੇ ਇਹੀ ਮੋਗਾ 'ਰੀਗਲ ਸਿਨੇਮਾਂ ਕਾਂਡ' ਕਰਕੇ ਇਨਕਲਾਬੀ ਸਫ਼ਾਂ ‘ਚ ਲਾਲ ਰੰਗ ਵਾਂਗ ਚਮਕਿਆ। ਕਦੇ ਗਾਇਕ ਸਰਦੂਲ ਸਿਕੰਦਰ ਨੇ ਆਪਣੇ ‘ਰੋਡਵੇਜ਼ ਦੀ ਲਾਰੀ’ ਗੀਤ ‘ਚ ਅਥਾਹ ਪਿਆਰ ਨਾਲ ਮੋਗੇ ਦਾ ਨਾਂ ਲਿਆ: 
“ਆਗੀ ਰੋਡਵੇਜ਼ ਦੀ ਲਾਰੀ,
ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ,
ਇਹਦੀ ਕੇਹੜੇ ਰੂਟ ਦੀ ਤਿਆਰੀ,
ਕੇਹੜੇ ਰਸਤੇ ਪੈਣੀ ਐ...।
ਬੀਬੀ ਹੁਣੇ ਕਿਵੇਂ ਮੈਂ ਕਹਿ ਦਿਆਂ 
ਕਿ ਇਹ ਮੋਗੇ ਜਾਣੀ ਐ...।”
ਇਸ ਗੀਤ ਨਾਲ ਇੱਕ ਵਾਰ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਕਿ ਰੋਡਵੇਜ਼ ਦਾ ਇੱਕ ਡਿਪੂ ਮੋਗਾ ਵੀ ਹੈ। ਅੱਜ ਵੀ ਜਦੋਂ ਕਿੱਧਰੇ ਕਾਮਿਆਂ ਦੇ ਸੰਘਰਸ਼ ਦੀ ਗੱਲ ਛਿੜਦੀ ਹੈ ਤਾਂ ਮੋਗੇ ਦੇ ਰੋਡਵੇਜ਼ ਕਾਮਿਆਂ ਦਾ ਨਾਂ ਉਂਗਲਾਂ ਦੇ ਪੋਟਿਆਂ ਤੇ ਗਿਣਿਆ ਜਾਂਦਾ ਹੈ। ਇਹ ਤਾਂ ਸੀ ਉਸ ਪੁਰਾਣੇ ਮੋਗੇ ਦੀ ਧੁੰਦਲੀ ਜਿਹੀ ‘ਫੋਟੂ’ ਜਿਸ ਨੂੰ ਲੋਕ ਕਿਸੇ ਵੇਲੇ ਪਿਆਰ ਨਾਲ ‘ਮੋਗਾ ਚਾਹ ਜੋਗਾ’ ਕਿਹਾ ਕਰਦੇ ਸਨ। 
ਹੁਣ ਗੱਲ ਕਰੀਏ ਓਸ ਮਾਡਰਨ ਮੋਗੇ ਦੀ, ਜੋ ਹੁਣ ਚਾਹ ਜੋਗਾ ਨਹੀਂ ਰਿਹਾ। ਜਦੋਂ ਪੋਤੜੇ ਫਰੋਲਣ ਬੈਠ ਹੀ ਗਏ ਹਾਂ ਤਾਂ ਪਹਿਲਾਂ ਸੂਈ ਧਰਦੇ ਆਂ ‘ਮੋਗਾ ਸੈਕਸ ਕਾਂਡ’ ‘ਤੇ...। ਭਾਵੇਂ ਤੁਹਾਨੂੰ ਯਕੀਨ ਨਾ ਹੋਵੇ ਯਾਰ ਆਪਾਂ ਵੀ ਫਿੱਟਣੀਆਂ ਦੇ ਫੇਟ ਆਂ। ਉਹ ਸੁਣ ਲਓ ਕਿ ਕਿਵੇਂ? ਆਹ ਸੈਕਸ ਕਾਂਡ ਪਤਾ ਨਹੀਂ ਕਿੰਨਿਆਂ ਦੇ ਹੋਰ ਪੁਲਸੀਆ ਘੋਟਾ ਲੁਆ ਦਿੰਦਾ, ਪਤਾ ਨਹੀਂ ਕਿੰਨੇ ਕੁ ਸ਼ਰੀਫ ਲੋਕਾਂ ਨੂੰ ‘ਨਾਲੇ ਦੇ ਢਿੱਲੇ’ ਬਣਾ ਕੇ ਦਿਖਾ ਦਿੰਦਾ, ਪਤਾ ਨਹੀਂ ਕਿੰਨਿਆਂ ਕੁ ਦੀਆਂ ਜੇਬਾਂ ਨੂੰ ਥੁੱਕ ਲੁਆ ਦਿੰਦਾ....ਜੇ ਥੋਡਾ ਫਿੱਟਣੀਆਂ ਦਾ ਫੇਟ ਆਹ ਛੋਟਾ ਵੀਰ ਇਸ ਖਿਲਾਫ ਪਹਿਲੀ ਖਬਰ ਨਾ ਲਿਖਦਾ। ਇਸ ਕਾਂਡ ਦੇ ਬਖੀਏ ਉਧੇੜਨ ਵਾਲਾ ਰਣਜੀਤ ਸਿੰਘ ਭਾਗੀਕੇ ਸਾਡੇ ਬਜ਼ੁਰਗ ਦੋਸਤ ਜਥੇਦਾਰ ਮੁਖਤਿਆਰ ਸਿੰਘ ਭਾਗੀਕੇ ਦਾ ਲੜਕਾ ਹੈ। ਇੱਕ ਦਿਨ ਮੈਨੂੰ ਤੇ ਮੇਰੇ ਪੱਤਰਕਾਰ ਦੋਸਤ ਰਣਜੀਤ ਬਾਵਾ ਜੀ ਨੂੰ ਜਥੇਦਾਰ ਜੀ ਨੇ ਜਰੂਰੀ ਮਿਲਣ ਲਈ ਸੁਨੇਹਾ ਭੇਜਿਆ। ਅਸੀਂ ਗਏ ਤਾਂ ਉਹਨਾਂ ਦੇ ਬੇਟੇ ਰਣਜੀਤ ਨੇ ਇੱਕ ਥਾਣੇਦਾਰ ਦੀ ਰਿਕਾਰਡ ਕੀਤੀ ਹੋਈ ਆਵਾਜ ਦੀ ਸੀ. ਡੀ. ਸਾਨੂੰ ਸਬੂਤ ਵਜੋਂ ਦਿੰਦਿਆਂ ਖਬਰ ਲਾਉਣ ਲਈ ਕਿਹਾ। ਬੇਸ਼ੱਕ ਇਹ ਮਸਲਾ ਬਹੁਤ ਨਾਜੁਕ ਤੇ ਗਿਣਿਆ ਮਿਥਿਆ ਸੀ ਜਿਸ ਵਿੱਚ ਆਮ ਲੋਕ, ਨੇਤਾ ਲੋਕ ਇੱਥੋਂ ਤੱਕ ਕਿ ਇੱਕ ਪੱਤਰਕਾਰ ਵੀ ਲਪੇਟ ਲਿਆ ਗਿਆ ਸੀ। ਗੱਲ ਸ਼ੁਰੂਆਤ ਕਰਨ ਤੇ ਆ ਗਈ ਕਿ ਜੇ ਕਿਸੇ ਨੇ ਵੀ ਇਸ ਖਿਲਾਫ ਬੋਲਣ ਲਿਖਣ ਦੀ ਜੁਅਰਤ ਨਾ ਕੀਤੀ ਤਾਂ ਹੋ ਸਕਦਾ ਹੈ ਕਿ ਇਸ ਘੁਲਾੜ੍ਹੀ ‘ਚ ਮੇਰੀ ਜਾਂ ਤੁਹਾਡੀ ਬਾਂਹ ਵੀ ਆ ਸਕਦੀ ਸੀ। ਮੈਂ ਉਸ ਸੀ. ਡੀ. ਦੀ ਸੱਚਾਈ ਦੇ ਸੰਬੰਧ ਵਿੱਚ ਜਾਨਣ ਬਾਰੇ ਜਦ ਉਸ ਥਾਣੇਦਾਰ ਸਾਬ੍ਹ ਨਾਲ ਗੱਲ ਕੀਤੀ ਤਾਂ ਮਾਂ ਦਾ ਬੀਬਾ ਪੁੱਤ ਇਹੀ ਕਹੀ ਜਾਵੇ ਕਿ “ਬਾਈ ਜੀ, ਮੈਂ ਖੁਦ ਪੈਸੇ ਨਹੀਂ ਲਏ ਸਗੋਂ ਮੈਂ ਤਾਂ ਬਰਸਾਲਾਂ ਵਾਲੀ ਕੁੜੀ ਨਾਲ ਇਹਨਾਂ ਦਾ ਨਿਬੇੜਾ ਕਰਾਉਣ ਲਈ ਕਿਹਾ ਸੀ ਕਿ ਉਹਨੂੰ ਪੰਜਾਹ ਕੁ ਹਜਾਰ ਦੇ ਕੇ ਆਵਦਾ ਖਹਿੜਾ ਛੁਡਾ ਲਵੋ।” ਹੁਣ ਤੁਸੀਂ ਸੋਚਦੇ ਹੋਵੋਗੇ ਕਿ ਆਹ ਬਰਸਾਲਾਂ ਵਾਲੀ ਬੀਬੀ ਕੌਣ ਹੋਈ...? ਤੇ ਥਾਣੇਦਾਰ ਸਾਬ੍ਹ ਕਿਵੇਂ ਵਿਚੋਲਪੁਣਾ ਕਰਨ ਲੱਗ ਗਏ? ਲਓ ਇਹ ਵੀ ਸੁਣੋ ਕਿ ਬਰਸਾਲਾਂ ਵਾਲੀ ਬੀਬੀ ਉਹ ਸੀ ਜਿਸ ਵੱਲੋਂ ਲੋਕਾਂ ਉੱਪਰ ਬਲਾਤਕਾਰ ਦੇ ਦੋਸ਼ ਲਾਏ ਜਾਂਦੇ ਸਨ ਤੇ ਥਾਣੇਦਾਰ ਸਾਬ੍ਹ ਵਰਗੇ ਇਸੇ ਤਰ੍ਹਾਂ ਹੀ ਖਹਿੜਾ ਛੁਡਾਉਣ ਦੀ ਰਾਇ ਦੇ ਕੇ ਸ਼ਾਇਦ ‘ਫਿਫਟੀ-ਫਿਫਟੀ’ ਦੀ ਖੇਡ ਖੇਡ ਰਹੇ ਸਨ। ਦਾਸ ਨੇ ਖਬਰ ‘ਚ ਰਣਜੀਤ ਦਾ ਥਾਣੇਦਾਰ ਵੱਲੋਂ ਝੂਠਾ ਫਸਾਉਣ ਤੇ ਪੈਸੇ ਮੰਗਣ ਦਾ ਦੋਸ਼ ਅਤੇ ਇਸ ਦੇ ਨਾਲ ਹੀ ਥਾਣੇਦਾਰ ਸਾਬ੍ਹ ਦਾ ਵਿਚਾਰ ਵੀ ਇਕੋ ਖਬਰ ‘ਚ ਹੀ ਗੁੰਦ ਕੇ ‘ਅਜੀਤ’ ਨੂੰ ਭੇਜ ਦਿੱਤੇ। ਖਬਰ ਛਪੀ, ਮੁਅੱਤਲੀਆਂ ਹੋਈਆਂ, ਕੇਸ ਦੀਆਂ ਤਹਿਆਂ ਫਰੋਲੀਆਂ ਗਈਆਂ ਤੇ ਗੱਲ ਥੋਡੇ ਸਭ ਦੇ ਸਾਹਮਣੇ ਆਈ ਪਈ ਐ ਕਿ ਹੁਣ ਮੋਗਾ ਸੈਕਸ ਕਾਂਡ ਕਿਸ ਚੁਰਾਹੇ ‘ਤੇ ਆਣ ਖੜ੍ਹਾ ਹੈ। 
ਹੁਣ ਗੱਲ ਕਰੀਏ ਮੋਗੇ ਦੀ ਪ੍ਰਸ਼ਾਸਨਿਕ ‘ਉੱਚ’ ਕਾਰਗੁਜ਼ਾਰੀ ਦੀ..! ਪਤਾ ਨਹੀਂ ਵਿਚਾਰੇ ਅਫਸਰ ਲੋਕ ਕੀ ਖਾ ਕੇ ਕੁਰਸੀਆਂ ਤੇ ਬਹਿੰਦੇ ਨੇ ਕਿ ਹਰ ਕੋਈ ਹਾਏ ਪੈਸਾ ਹਾਏ ਪੈਸਾ ਦੀ ਮੁਹਾਰਨੀ ਹੀ ਰਟੀ ਜਾਂਦੈ। ਰਾਜ ਵੀ ਓਸੇ ਬਾਦਲ ਸਾਬ੍ਹ ਦਾ ਹੀ ਹੈ, ਜਿਸਨੇ ਆਪਣੇ ਪਿਛਲੇ ਰਾਜ ਵੇਲੇ ਲੰਡੂ-ਫੰਡੂ ਰਿਸ਼ਵਤਖੋਰ ਮੁਲਾਜ਼ਮ ਨੂੰ ਰੰਗੇ ਹੱਥੀਂ ਫੜਾਉਣ ਵਾਲੇ ਨੂੰ 25 ਹਜਾਰ ਤੇ ਗਜਟਿਡ ਰਿਸ਼ਵਤਖੋਰ ਫੜਾਉਣ ਵਾਲੇ ਨੂੰ 50 ਹਜਾਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਸੀ। ਓਹੀ ਸਰਕਾਰ, ਓਹੀ ਅਫਸਰਸ਼ਾਹੀ ਤੇ ਓਹੀ ਰਿਸ਼ਵਤਖੋਰਾਂ ਨੂੰ ਫੜ੍ਹਨ ਵਾਲੇ। ਪਰ ਲੋਕ ਤਾਂ ਫਿਰ ਉਸੇ ਹੀ ਢੰਗ ਨਾਲ ਲੁੱਟੇ ਜਾ ਰਹੇ ਹਨ ਕਿ ਕੋਈ 'ਚੂੰ' ਨਹੀਂ ਕਰਦਾ। ਇਸੇ ਗੱਲ ਨਾਲ ਜੁੜੀਆਂ ਥੋਕ ਦੇ ਭਾਅ ਤਿੰਨ ਕੁ ਉਦਾਹਰਣਾਂ ਪੇਸ਼ ਕਰਨ ਦੀ ਇਜ਼ਾਜਤ ਚਾਹਾਂਗਾ। ਆਪਾਂ ਹਰ ਗੱਲ ਆਪਣੇ ਤੇ ਹੀ ਢਾਲ ਕੇ ਇਸ ਲਈ ਕਰੀਦੀ ਐ ਕਿ ਕੱਲ੍ਹ ਨੂੰ ਥੋਡੇ ‘ਚੋਂ ਹੀ ਕੋਈ ਪੀਤੀ ਖਾਧੀ ‘ਚ ਨਾ ਕਹਿ ਦੇਵੇ ਕਿ, “ਐਵੇਂ ਗਪੌੜ ਛੱਡੀ ਗਿਐ।” ਪਹਿਲੀ ਗੱਲ ਇਹ ਕਿ ਇੱਕ ਤਹਿਸੀਲਦਾਰ ਨੇ ਜਿਲ੍ਹੇ ਦੇ ਉੱਘੇ ਕਿਸਾਨ ਆਗੂ ਦੇ ਪੁੱਤਰ ਤੋਂ 5 ਹਜਾਰ ਰੁਪਏ ਜ਼ਮੀਨ ਦੀ ਰਜਿਸਟਰੀ ਬਦਲੇ ਦਾਨ ਦੱਛਣਾ ਵਜੋਂ ਲੈ ਲਏ। ਮੈਂ ਫਿੱਟਣੀਆਂ ਦੇ ਫੇਟ ਨੇ ਫਿਰ ਫੋਨ ਕਰ ਲਿਆ ਕਿ “ਮਾਲਕੋ ਕਿਸੇ ਨੂੰ ਤਾਂ ਬਖਸ਼ ਦਿਆ ਕਰੋ।” ਵੱਡੀ ਕੁਰਸੀ ਦੇ ਮਾਲਕ ਤਹਿਸੀਲਦਾਰ ਸਾਬ੍ਹ ਦਾ ਜਵਾਬ ਸੀ ਕਿ, “ਕੱਲ੍ਹ ਜਿਹੜਾ ਸੰਗਤ ਦਰਸ਼ਨ ਪ੍ਰੋਗਰਾਮ ਹੋਇਆ ਸੀ, ਉਹਦੇ ਬਾਰੇ 20 ਹਜਾਰ ਦੀ ਵਗਾਰ ਡੀ. ਸੀ. ਸਾਬ੍ਹ ਨੂੰ ਦਿੱਤੀ ਆ, ਅਸੀਂ ਵੀ ਕਿਤੋਂ ਨਾ ਕਿਤੋਂ ਤਾਂ ਪੂਰੇ ਕਰਨੇ ਈ ਆ।” ਹੁਣ ਇਹ ਗੱਲ ਮੇਰੇ ਜਿਉਣ ਜੋਗੇ ਫੋਨ ‘ਚ ਰਿਕਾਰਡ ਸੀ। ਆਪਾਂ ਸੀ. ਡੀ. ਬਣਾ ਕੇ ਉਸ ਆਦਮੀ ਨੂੰ ਦੇ ਦਿੱਤੀ ਕਿ, “ਲੈ ਬਈ ਮਿੱਤਰਾ ਤੂੰ ਆਹ ਸਬੂਤ ਡੀ. ਸੀ. ਸਾਬ੍ਹ ਨੂੰ ਪੇਸ਼ ਕਰ ਤੇ ਅਸੀਂ ਖਬਰ ਰਾਹੀਂ ਤੁਣਕਾ ਮਾਰਦੇ ਆਂ।” ਸਭ ਕੁਝ ਸੀਸ਼ੇ ਵਾਂਗ ਸਾਫ ਸੀ ਪਰ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ। ਉਮੀਦ ਹੈ ਕਿ ਅਫ਼ਸਰ ਸਾਹਿਬਾਨ ਨਿਰੰਤਰ ਲੋਕਾਂ ਦੀ ‘ਸੇਵਾ’ ਕਰ ਰਹੇ ਹੋਣਗੇ। 
ਹੁਣ ਸੁਣੋ ਦੂਜੀ ਉਦਾਹਰਣ, ਇਹ ਉਹਨਾਂ ਦਿਨਾਂ ਦੀ ਐ ਜਦੋਂ ਮੇਰੇ ਪਿਤਾ ਜੀ ਜਹਾਨੋਂ ਕੂਚ ਕਰ ਗਏ ਸਨ। ਰੋਡਵੇਜ ਮਹਿਕਮੇ ਵੱਲੋਂ ਉਹਨਾਂ ਨੂੰ ਮਿਲਣ ਵਾਲੇ ਬਕਾਇਆਂ ਬਾਰੇ ਭੱਜ ਦੌੜ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਕਿਵੇਂ ਇਸ ਹੇਠਲੇ ਪੱਧਰ ਤੇ ਵੀ ਮਰਿਆਂ ਦੇ ਕੱਫਣ ਲਾਹੁਣ ਲਈ ਹਰ ਕੋਈ ਮੁੱਠੀਆਂ ‘ਚ ਥੁੱਕੀ ਫਿਰਦਾ ਹੈ। ਜਦ ਵੀ ਬਕਾਇਆਂ ਨਾਲ ਸੰਬੰਧਤ ਦਫਤਰ ਜਾਵਾਂ ਤਾਂ ਜਵਾਬ ਮਿਲੇ ਕਿ “ਤੁਹਾਡੇ ਕਾਗਜ ਠੀਕ ਨਹੀਂ ਸੀ, ਪਤਾ ਨਹੀਂ ਕਿੰਨਾ ਟੈਮ ਲੱਗੇ।” ਕਦੇ ਕਹਿਣ ਕਿ “ਅਸੀਂ ਤਾਂ ਬੈਂਕ ਵਾਲਿਆਂ ਨੂੰ ਭੇਜ ਚੁੱਕੇ ਆਂ, ਉਹ ਕੁਛ ਭਾਲਦੇ ਹੋਣਗੇ।” ਮੇਰੇ ਪਿੰਡ ਦੀ ਬੈਂਕ ਵਾਲਾ ਦਰਵੇਸ਼ ਸਟਾਫ ਮੇਰਾ ਦੋਸਤ ਸੀ। ਉਹਨਾਂ ਪਿਆਰ ਦੇ ਭੁੱਖਿਆਂ ਨੇ ਕੀ ਭਾਲਣਾ ਸੀ ਮੈਥੋਂ? ਸਗੋਂ ਅਸਲ ਗੱਲ ਤਾਂ ਉਦੋਂ ਸਾਹਮਣੇ ਆਈ ਜਦ ਇੱਕ ਕਰਮਚਾਰੀ ਬੀਬੀ ਮੈਨੂੰ ਪਾਸੇ ਕਰਕੇ ਮੱਤ ਦੇਣ ਲੱਗੀ, “ਕਿੰਨੇ ਦਿਨ ਹੋਗੇ ਥੋਨੂੰ ਪੈਸੇ ਖਰਚਦਿਆਂ ਤੇ ਦਿਹਾੜੀਆਂ ਭੰਨਦਿਆਂ ਨੂੰ, ਜੇ ਉਦੋਂ ਦੀ ਮੇਰੇ ਨਾਲ ‘ਗੱਲ’ ਨਿਬੇੜੀ ਹੁੰਦੀ ਤਾਂ ਤੁਹਾਡੇ ਪਿਤਾ ਜੀ ਦੇ ਬਕਾਏ ਦਾ ਚੈੱਕ ਥੋਡੇ ਹੱਥ ‘ਚ ਹੋਣਾ ਸੀ।” ਮੈਂ ਉਸ ਬੀਬੀ ਨੂੰ ਸਹਿਜ ਮਤੇ ਨਾਲ ਉਹਦੀ ਕੁਰਸੀ ਤੇ ਬਿਠਾ ਕੇ ਆਪਣੇ ਅਖਬਾਰ ਤੇ ਟੈਲੀਵਿਜਨ ਪੱਤਰਕਾਰੀ ਵਾਲੇ ਪਛਾਣ ਪੱਤਰ ਦਿਖਾਏ ਤਾਂ ਠੰਢ ਦੇ ਦਿਨਾਂ ‘ਚ ਉਹਦਾ ਮੁੜ੍ਹਕਾ ਸੁੱਕਣ ਦਾ ਨਾਂ ਨਹੀਂ ਲੈ ਰਿਹਾ ਸੀ। 
ਹੁਣ ਤੁਸੀਂ ਵੀ ਸੋਚ ਸਕਦੇ ਹੋ ਕਿ ਸਾਡੇ ਮੋਗੇ ‘ਚ ਵੀ ਰੱਬ ਨਾਲੋਂ ਘਸੁੰਨ ਨੂੰ ਹੀ ਨੇੜੇ ਮੰਨਿਆ ਜਾਂਦੈ। ਜਿਹੜਾ ਘਸੁੰਨ ਦਿਖਾਵੇ ਉਹਤੋਂ ਹਰ ਕੋਈ ਪਾਸਾ ਵੱਟਦੈ, ਫਿਰ ਵਿਚਾਰੇ ਆਮ ਲੋਕ ਕੀਹਦੀ ਮਾਂ ਨੂੰ ਮਾਸੀ ਕਹਿਣ? ਹੁਣ ਰਹਿਗੀ ਤੀਜੀ ਉਦਾਹਰਣ, ਇਹ ਉਦਾਹਰਣ ਲੋਕਾਂ ਦੀ ਜਾਨ ਤੇ ਮਾਲ ਦੀ ਰਖਵਾਲੀ ਕਰਨ ਵਾਲੇ ਉਸ ਮਹਿਕਮੇ ਨਾਲ ਸੰਬੰਧਤ ਹੈ, ਜਿਸ ਨੂੰ ਸ਼ਾਇਦ ਇਹੀ ਫਿਕਰ ਰਹਿੰਦੈ ਕਿ ਪਤਾ ਨਹੀਂ ਲੋਕਾਂ ਦੀ ਜਾਨ ਕਦੋਂ ਨਿਕਲੂ? ਤੇ ਮਾਲ ਬਾਰੇ ਫਿਕਰ ਰਹਿੰਦੈ ਕਿ ਵਿਚਾਰੇ ਲੋਕਾਂ ਤੋਂ ਮਾਲ ਹੋਰ ਕੋਈ ਲੁੱਟ ਕੇ ਨਾ ਲੈ ਜਾਵੇ, ਇਸ ਕਰਕੇ ਇਹ ਮਾਲ ਪਹਿਲਾਂ ਹੀ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਹੱਥ ਹੇਠ ਕਰ ਲਵੋ। ਮਿੱਤਰੋ ਅਜੇ ਵੀ ਨਹੀਂ ਸਮਝੇ? ਓਏ ਆਪਾਂ ਗੱਲ ਖਾਕੀ ਵਰਦੀ ਵਾਲਿਆਂ ਦੀ ਕਰ ਰਹੇ ਹਾਂ। ਪਿਤਾ ਜੀ ਦੀ ਮੌਤ ਤੋਂ ਬਾਦ ਤਰਸ ਦੇ ਆਧਾਰ ‘ਤੇ ਨੌਕਰੀ ਮਿਲਣ ਦਾ ਸਬੱਬ ਬਣ ਗਿਆ। ਹੁਣ ‘ਮਹਿਕਮੇ’ ਵੱਲੋਂ ਸਾਡੇ ਚਾਲ ਚਲਣ ਦੀ ਇਨਕੁਆਰੀ ਕੀਤੀ ਜਾਣੀ ਸੀ। ਜਿਲ੍ਹੇ ਦੇ ਮੁੱਖ ਪੁਲਿਸ ਅਫਸਰ ਜੀ ਦੇ ਦਫਤਰ ਦੇ ਲਾਗੇ ਹੀ ਇੱਕ ਕਮਰਾ ਸੀ। ਜਿੱਥੇ ਬੈਠੇ ਇੱਕ ਹੱਥਾਂ ਨੂੰ ਲਾਉਣ ਵਾਲੀ ਮਹਿੰਦੀ ਨਾਲ ਲਾਲ ਜਿਹੀ ਕੀਤੀ ਦਾਹੜੀ ਵਾਲੇ ਮੁਲਾਜ਼ਮ ਨੇ ਸਾਡੇ ਸੱਤ ਜਣਿਆਂ ਨੂੰ ਇਹੋ ਜਿਹੀਆਂ ਦਲੀਲਾਂ ਦੇ ਕੇ ‘ਹਲਾਲ’ ਕੀਤਾ ਕਿ ਇਹੀ ਕਹਿਣ ਨੂੰ ਜੀਅ ਕਰਦੈ ਕਿ “ਸਦਕੇ ਜਾਈਏ ਸਾਡੇ ਮੋਗੇ ਦੀ...। 
ਲਓ ਅੱਗੇ ਸੁਣੋ, ਅਸੀਂ ਨਾ ਕੋਈ ਠੱਗੀ ਮਾਰੀ, ਨਾ ਕੋਈ ਕਤਲ ਕੀਤਾ ਪਰ ਸਾਬ੍ਹ ਜੀ ਨੇ ਮੇਰੇ ਸਾਥੀਆਂ ਲਈ ਐਨਾ ਡਰ ਪੈਦਾ ਕਰ ਦਿੱਤਾ ਕਿ ਪਲ ਦੇ ਪਲ ਸਭ ਨੂੰ ਇਉਂ ਲੱਗਣ ਲੱਗਾ ਕਿ ਜਿਵੇਂ ਬੱਕਰਾ ਖੁਦ ਹੀ ਕਸਾਈ ਕੋਲ ਆਣ ਖੜ੍ਹਾ ਹੋਵੇ। ਸਾਰਿਆਂ ਨੂੰ ਕਾਹਲ ਸੀ ਕਿ ਇਨਕੁਆਰੀ ਛੇਤੀ ਆਵੇ। ਕਿਸੇ ਨੂੰ ਇਸ ਜ਼ਮਾਨੇ ‘ਚ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਰਹੀ ਹੈ। ਇਸ ਤੋਂ ਵੱਧ ਦੁੱਖ ਮੈਨੂੰ ਇਸ ਗੱਲ ਦਾ ਹੋਇਆ ਕਿ ਇੱਕ ਸਰਕਾਰੀ ਮੁਲਾਜ਼ਮ ਨਵੇਂ ਬਣਨ ਜਾ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਹੀ ਕਿਵੇਂ ਚੂੰਡਣ ਦੀ ਨੀਅਤ ਰੱਖੀ ਬੈਠਾ ਸੀ। ਚਲੋ ਜੀ, ਕਿਵੇਂ ਨਾ ਕਿਵੇਂ ਗੱਲ ਤਣ-ਪੱਤਣ ਲੱਗੀ ਤਾਂ ‘ਗੁਲਾਬੀ ਦਾਹੜੀ’ ਵਾਲੇ ਸਾਬ੍ਹ ਨੇ ਰਾਇ ਦਿੱਤੀ, “ਦੇਖੋ ਬਈ ਮਿੱਤਰੋ, ਸਰਕਾਰੀ ਕੰਮ ਹੁੰਦੇ ਆ ਹੌਲ ਹੁੰਗਾਰੇ ਨਾਲ। ਜੇ ਫਾਈਲਾਂ ਨੂੰ ‘ਟਾਇਰ’ ਲਾਉਣੇ ਨੇ ਤਾਂ ਇੱਕ ਜਣੇ ਦੇ ਇੱਕ ਹਜਾਰ ਰੁਪਏ ਲੱਗਣਗੇ। ਇਨਕੁਆਰੀ ਇੱਕ ਹਫਤੇ ਦੇ ਅੰਦਰ ਅੰਦਰ ਲਿਆਉਣ ਦੀ ਜਿੰਮੇਵਾਰੀ ਮੇਰੀ ਰਹੀ।” ਰੇਟ ਦੀ ਟੁੱਟ ਭੱਜ ਹੁੰਦਿਆਂ ਗੱਲ 500 ਰੁਪਏ ਤੇ ਆਣ ਨਿੱਬੜੀ। ਸੱਤਾਂ ਜਣਿਆਂ ਨੇ ਪੈਂਤੀ ਸੌ ਰੁਪਏ ਸਾਬ੍ਹ ਨੂੰ ਦੇਣ ਲਈ ਮੇਰੇ ਸਪੁਰਦ ਕਰ ਦਿੱਤੇ। ਮੈਂ ਆਪਣੀ ਥੋੜ੍ਹੇ ਜਿਹੇ ਸਾਲਾਂ ਦੀ ਉਮਰ ‘ਚ ਕਦੇ ਰਿਸ਼ਵਤ ਦੇਣ ਬਾਰੇ ਸੁਪਨਾ ਵੀ ਨਹੀਂ ਸੀ ਲਿਆ। ਮੈਂ ਆਪਣੀ ਜ਼ਮੀਰ ਦਾ ਗਲ ਘੁੱਟਕੇ ਸਾਬ੍ਹ ਨੂੰ ਨੋਟ ਫੜ੍ਹਾ ਦਿੱਤੇ। ਪਰ ਮੈਂ ਆਪਣੇ ਅੰਦਰ ਬੈਠੇ ਪੱਤਰਕਾਰ ਨੂੰ ਘਤਿੱਤ ਕਰਨੋਂ ਨਾ ਰੋਕ ਸਕਿਆ। ਉਸ ਸਾਬ੍ਹ ਨਾਲ ਹੁੰਦੀ ਹਰ ਲੈਣ ਦੇਣ ਦੀ ਗੱਲ ਨੂੰ ਮੇਰਾ ਜਿਉਣ ਜੋਗਾ ਮੋਬਾਈਲ ਨਾਲੋ ਨਾਲ ਰਿਕਾਰਡ ਜੋ ਕਰਦਾ ਰਿਹਾ ਸੀ। ਮੋਏ ਪਿਉਆਂ ਦੀ ਨਿਸ਼ਾਨੀ ਵਜੋਂ ਮਿਲੀਆਂ ਨੌਕਰੀਆਂ ਵਾਲੇ ਦੋਸਤਾਂ ਦੀਆਂ ਮਜ਼ਬੂਰੀਆਂ ਨੇ ਮੈਨੂੰ ਇਸ ਕਦਰ ਠੰਢਾ ਜਿਹਾ ਕਰ ਦਿੱਤਾ ਕਿ ਮੈਂ ਉਸ ਸਾਬ੍ਹ ਨੂੰ ਚਾਹੁੰਦਿਆਂ ਹੋਇਆਂ ਵੀ ‘ਦੱਖੂਦਾਣਾ’ ਨਾ ਦੇ ਸਕਿਆ। ਮੈਂ ਇਸ ਕਰਕੇ ਚੁੱਪ ਰਹਿ ਗਿਆ ਕਿ ਜੇ ਇਨਕੁਆਰੀਆਂ ‘ਚ ਕੋਈ ਵਲ੍ਹਫੇਰ ਪਾ ਦਿੱਤਾ ਤਾਂ ਸਾਰੇ ਮੈਨੂੰ ਦੋਸ਼ ਦੇਣਗੇ। ਇਸ ਤੋਂ ਵੱਖਰੀ ਗੱਲ ਹੋਰ ਕਿ ਵਿਚਾਰਾ ਇਹ ਮਹਿਕਮਾ ਤਾਂ ਹੁਣ ‘ਮਹੰਤਾਂ’ ਵਾਲੇ ਕੰਮ ਵੀ ਕਰਨ ਲੱਗ ਪਿਐ ਕਿਉਂਕਿ ਕਿਸੇ ਦੇ ਨਵੇਂ ਬਣਨ ਜਾ ਰਹੇ ਪਾਸਪੋਰਟ ਦੀ ਇਨਕੁਆਰੀ ਦਾ ਮਾਮਲਾ ਹੋਵੇ ਤਾਂ ਇਨਕੁਆਰੀ ਕਰਨ ਗਏ ਮੁਲਾਜ਼ਮ ‘ਵਧਾਈ’ ਲੈਣਾ ਨਹੀਂ ਭੁੱਲਦੇ।
ਚਲੋ ਛੱਡੋ ਜੀ ਇਹਨਾਂ ਪੁਰਾਣੀਆਂ ਗੱਲਾਂ ਨੂੰ, ਆਪਾਂ ਗੱਲ ਕਰਦੇ ਆਂ ਨਵੇਂ ਮੋਗੇ ਦੀ। ਜਿੱਥੇ ਅੱਜ ਕੱਲ੍ਹ ਪਾਸਪੋਰਟ ਦਫਤਰ ਵੀ ਖੁੱਲ੍ਹ ਗਿਐ! ਕਿਓਂ ਹੋਗੇ ਨਾ ਹੈਰਾਨ...? ਹੁਣ ਹੋਰ ਹੈਰਾਨ ਹੋਵੋਂਗੇ ਕਿ ਪਾਸਪੋਰਟ ਬਣਾਉਂਦੇ ਵੀ ਆਪਣੇ ਖਾਕੀ ਵਰਦੀ ਵਾਲੇ ਵੀਰ ਈ ਆ! ਜੇ ਯਕੀਨ ਨਹੀਂ ਆਉਂਦਾ ਤਾਂ ਅਖਬਾਰਾਂ ਰਾਹੀਂ ਚਰਚਾ ‘ਚ ਆਏ ਹੌਲਦਾਰ ਗੁਰਦਿਆਲ ਸਿੰਘ, ਹੌਲਦਾਰ ਰਣਜੀਤ ਸਿੰਘ ਜਾਂ ਹੌਲਦਾਰ ਜਸਵਿੰਦਰ ਪਾਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਜੋ ਪਾਸਪੋਰਟ ‘ਜਾਰੀ’ ਕਰਨ ਬਦਲੇ ਤੀਹ ਹਜਾਰ ਤੋਂ ਤਿੰਨ ਲੱਖ ਤੱਕ ‘ਫੀਸ’ ਵਜੋਂ ਲੈਂਦੇ ਦੱਸੇ ਜਾਂਦੇ ਸਨ। ਪਰ ਅੱਜ ਕੱਲ੍ਹ ਉਕਤ ਤਿੰਨੋਂ ਹੌਲਦਾਰ-ਕਮ-ਪਾਸਪੋਰਟ ਅਧਿਕਾਰੀ ਜੇਲ੍ਹ ਦੇ ਦਾਲ-ਚੌਲ ਛਕ ਰਹੇ ਹਨ। ਇੱਥੇ ਹੀ ਬੱਸ ਨਹੀਂ ਇੱਕ ਹੋਰ ਖਾਕੀ ਵਰਦੀ ਵਾਲੇ ਥਾਣੇਦਾਰ ਸਾਹਿਬ ਦੀ ਕਰਤੂਤ ਵੀ ਸੁਣ ਲਓ...! ਉਹ ਇਹ ਕਿ ਜਿਲ੍ਹੇ ਦੇ ਇੱਕ ਅਡੀਸ਼ਨਲ ਐੱਸ. ਐੱਚ. ਓ. ਅਜਮੇਰ ਸਿੰਘ ਖਿਲਾਫ ਪਰਚਾ ਦਰਜ ਹੋਇਐ ਕਿ ਉਹ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਦਾ ਸੀ। ਇਹ ਗੱਲ ਉਦੋਂ ਸਾਹਮਣੇ ਆਈ ਜਦ ਪਿੰਡ ਤਲਵੰਡੀ ਮੰਗੇ ਖਾਂ ਦੀ ਬੈਂਕ ਲੁੱਟਣ ਆਏ ਲੁਟੇਰੇ ਦਬੋਚੇ ਗਏ। ਉਹਨਾਂ ਨੇ ਇਕਬਾਲ ਕੀਤਾ ਕਿ ਉਹਨਾਂ ਨੰ ਹਥਿਆਰ ‘ਵੱਡੇ ਸਾਬ੍ਹ’ ਨੇ ਦਿੱਤੇ ਸਨ। ਕਿਉਂ ਦੇਖਿਐ ਇਉਂ ਖਾ ਰਹੀ ਹੈ ਸਾਡੇ ਮੋਗੇ ‘ਚ ਖੇਤ ਨੂੰ ਵਾੜ। ਇੱਕ ਗੱਲ ਹੋਰ ਵੀ ਜਾਂਦੇ ਜਾਂਦੇ ਸੁਣ ਲਓ, ਬੇਸ਼ੱਕ ਇਸ ਕੇਸ ਬਾਰੇ ਵਾਹਵਾ ਚੀਕ ਚਿਹਾੜਾ ਜਿਹਾ ਪਈ ਜਾਂਦੈ ਪਰ ਕੋਈ ਪਤਾ ਨਹੀਂ ਲਗਦਾ ਸਾਡੇ ਮੋਗੇ ‘ਚ ਕਿਹੜਾ ਨਕਾਬਪੋਸ਼ ‘ਸਫੈਦਪੋਸ਼’ ਬਣ ਕੇ ਫੇਰ ਮੈਦਾਨ ‘ਚ ਆ ਡਟੇ....!
ਹੁਣ ਗੱਲ ਕਰੀਏ ਸਾਡੇ ਮੋਗੇ ‘ਚ ਜਿਉਂਦੇ ਜਾਗਦੇ ਪਰ ਘੁੱਗੂਬਾਟਾ ਬਣੇ ਲੋਕਤੰਤਰ ਦੀ। ਕਹਿਣ ਨੂੰ ਤਾਂ ਸਾਡੇ ਦੇਸ਼ ‘ਚ ਹਰ ਕਿਸੇ ਨੂੰ ਚੋਣ ਲੜਨ, ਪੱਤਰਕਾਰਾਂ ਨੂੰ ਲਿਖਣ ਜਾਂ ਆਪਣਾ ਦੁੱਖ ‘ਰੋਣ’ ਦੀ ਆਜਾਦੀ ਐ, ਪਰ ‘ਸਾਡੇ ਮੋਗੇ’ ‘ਚ ਜੋ ਆਲਮ ਪਿੱਛੇ ਜਿਹੇ ਲੰਘ ਕੇ ਗਈਆਂ ਲੰਡੂ ਜਿਹੀਆਂ ਚੋਣਾਂ ‘ਚ ਦੇਖਣ ਨੂੰ ਮਿਲਿਆ ਉਹ ਇੱਕ ਵਾਰ ਤਾਂ ਮੋਗੇ ਨੂੰ ਬਿਹਾਰ ਦੇ ਕਿਸੇ ਗੁੰਡਿਆਂ ਦੇ ਸ਼ਹਿਰ ਵਰਗਾ ਰੂਪ ਦੇ ਗਿਐ। ਹੈ ਨਾ ਕਮਾਲ ਕਿ ਇੱਕ ਚੋਟੀ ਦੇ ਧਾਰਮਿਕ ਆਗੂ ਜੀ ਦੇ ਜਵਾਈ ਰਾਜਾ ਨੂੰ ਜਿਤਾਉਣ ਲਈ ਕਿਵੇਂ ਲੱਠਮਾਰਾਂ ਦੀਆਂ ਟੋਲੀਆਂ ਨੇ ਦਿਨ ਦਿਹਾੜੇ ‘ਠੰਢ’ ਵਰਤਾਈ ਰੱਖੀ। ਕਿਸੇ ਪੱਤਰਕਾਰ ਨੂੰ ‘ਚੱਲ ਰਹੀ ਕਾਰਵਾਈ’ ਦੇ ਨੇੜੇ ਨਹੀਂ ਢੁੱਕਣ ਦਿੱਤਾ। ਲੋਕਾਂ ਦੀ ਜਾਨ-ਮਾਲ ਦੀ ਰਾਖੀ ਵਾਲਾ ਮਹਿਕਮਾ ਵੀ ਕਬੂਤਰ ਵਾਂਗ ਅੱਖਾਂ ਮੀਟੀ ਬੈਠਾ ਰਿਹਾ। ਜਿਹੜੇ ਬਾਹਲਾ ਟੱਪਦੇ ਜਿਹੇ ਸੀ ਉਹਨਾਂ ਦੇ ਹੱਡ ਸੇਕੇ ਗਏ। 
ਬੀਤੇ ਦਿਨੀਂ ਇੱਕ ਮੈਡੀਕਲ ਸਟੋਰ ਤੋਂ ਕਰੋੜਾਂ ਰੁਪਏ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਫੜ੍ਹੇ ਜਾਣ ਦੀ ਵਾਹਵਾ ਚਰਚਾ ਹੁੰਦੀ ਰਹੀ। ਇਹੋ ਜਿਹੀਆਂ ਚਰਚਾਵਾਂ ਸੁਣਦੇ ਰਹਿਣਾ ਮੋਗੇ ਦੇ ਲੋਕਾਂ ਦੀ ਆਦਤ ਜਿਹੀ ਬਣ ਗਈ ਐ, ਕਿਉਂਕਿ ਥੋੜ੍ਹੇ ਕੁ ਦਿਨਾਂ ਬਾਦ ਹੀ ਉਕਤ ਮੈਡੀਕਲ ਸਟੋਰ ਤੋਂ ਦਵਾਈਆਂ ਫੜ੍ਹੀਆਂ ਜਾਂਦੀਆਂ ਨੇ, ਤੇ ਵਿਚਾਰੇ ਸਟੋਰ ਵਾਲੇ ਫੇਰ ਜ਼ੋਰਾਂ ਸ਼ੋਰਾਂ ਨਾਲ ਨਸ਼ਈ ਵੀਰਾਂ ਦੀ ‘ਸੇਵਾ’ ‘ਚ ਰੁੱਝ ਜਾਂਦੇ ਨੇ। ਕਿਸੇ ਤੋਂ ਗੱਲ ਲੁਕੀ ਨਹੀਂ ਰਹੀ। ਉਕਤ ਸਟੋਰਾਂ ਵਾਲੇ ਨਸ਼ੇ ਵਾਲੀਆਂ ਦਵਾਈਆਂ ਕਾਊਂਟਰ ਦੇ ਉੱਪਰ ਰੱਖ ਕੇ ਸ਼ਰੇਆਮ ਵੇਚਦੇ ਨੇ। ਸਭ ਅਫਸਰਸ਼ਾਹੀ ਅੱਖਾਂ ਮੀਟ ਕੇ ਲੰਘ ਜਾਂਦੀ ਐ। ਸੁਣਨ ‘ਚ ਤਾਂ ਇੱਥੋਂ ਤੱਕ ਵੀ ਆਇਐ ਕਿ ਇੱਕ ਮੈਡੀਕਲ ਸਟੋਰ ਵਾਲੇ ਤਾਂ ਇਸ ‘ਹੱਕ-ਹਲਾਲ ਦੀ ਕਮਾਈ’ ‘ਚੋਂ ਇੰਨਾ ਕਮਾ ਗਏ ਨੇ ਕਿ ਉਹਨਾਂ ਨੇ ਦਵਾਈਆਂ ਦੀ ਆਪਣੀ ਫੈਕਟਰੀ ਹੀ ਖੋਲ੍ਹ ਲਈ ਐ। ਕਿਉਂ ਹੈ ਨਾ ਕਮਾਲ ਕਿ ਮੋਗਾ ਕਿੰਨੀ ਤਰੱਕੀ ਕਰ ਗਿਐ? ਤੇ ਤੁਸੀਂ ਅਜੇ ਵੀ ਬਾਬੇ ਆਦਮ ਵੇਲੇ ਦੀਆਂ ਗੱਲਾਂ ਕਰਦੇ ਪਏ ਹੋਂ ਕਿ ਅਖੇ “ਮੋਗਾ ਚਾਹ ਜੋਗਾ।” ਮੋਗੇ ਦੀ ਕੀ ਰੀਸ ਕਰੂ ਕੋਈ? ਇੱਥੇ ਤਾਂ ਇਨਸਾਫ ਲੈਣ ਲਈ ਵੀ ਆਪਣੇ ‘ਫਾਰਮੂਲੇ’ ਵਰਤਣੇ ਪੈਂਦੇ ਆ, ਫੇਰ ਕਿਤੇ ਜਾ ਕੇ ਸਾਡੇ ਅਫਸਰ ਹਰਕਤ ‘ਚ ਆਉਂਦੇ ਆ। ਬਲਾਤਕਾਰ ਦੀ ਸਿ਼ਕਾਰ ਕਿਸੇ ਦਲਿਤ ਔਰਤ ਨੂੰ ਇਨਸਾਫ ਲੈਣ ਲਈ ਦਰ ਦਰ ਭਟਕਣ ਤੋਂ ਬਾਦ ਸ਼ਰੇਆਮ ਚੌਕ ‘ਚ ਨਗਨ ਹੋਣਾ ਪਿਆ ਸੀ, ਤਾਂ ਜਾ ਕੇ ਕਿਤੇ ਵਿਚਾਰੀ ਦੀ ਸੁਣਵਾਈ ਹੋਈ ਸੀ। ਲੋਕਾਂ ਦੇ ਰਾਖੇ ਵੀਰਾਂ ਦੀ ਇੱਕ ਰਾਖੀ ਦੀ ਗੱਲ ਜਾਂਦੇ ਜਾਂਦੇ ਹੋ ਸੁਣਲੋ, ਸਾਡੇ ਮੋਗੇ ‘ਚ ਰਾਜਸਥਾਨ ਦੀ ਰਹਿਣ ਵਾਲੀ ਇੱਕ ਗੂੰਗੀ ਦਰਵੇਸ਼ ਕੰਨਿਆ ਦੀ ਇੱਜਤ ਦੀ ਖੇਹ ਖਰਾਬੀ ਕਰਨ ਦੇ ਕੇਸ ‘ਚ ਵੀ ‘ਲਾਲ ਝਾਲਰ ਵਾਲੀ ਪੱਗ ਵਾਲੇ’ ਵੀਰਾਂ ਦਾ ਨਾਂ ਅਖਬਾਰਾਂ ਦਾ ਸਿ਼ੰਗਾਰ ਬਣਿਆ ਰਿਹਾ ਹੈ। ਜੇ ਅਜੇ ਵੀ ਕੋਈ ਘਾਟ ਰਹਿ ਗਈ ਐ, ਤਾਂ ਹੁਣੇ ਦੱਸ ਦਿਓ ਆਪਾਂ ਘਾਟ ਲਗਦੇ ਹੱਥ ਹੀ ਪੂਰੀ ਕਰ ਦਿੰਨੇ ਆਂ, ਪਰ ਹਾੜ੍ਹਾ ਮੇਰੇ ਵੀਰ ਮੁੜਕੇ ਮੇਰੇ ਤਰੱਕੀ ਦੇ ਰਾਹ ਪਏ ਮੋਗੇ ਨੂੰ ‘ਮੋਗਾ ਚਾਹ ਜੋਗਾ’ ਨਾ ਆਖਿਓ....!

****

ਪੰਜਾਬੀ ਭਾਸ਼ਾ ਦਾ ਦੁਖਾਂਤ…......ਮਨਜੀਤ ਸਿੰਘ ਸਿੱਧੂ (ਪ੍ਰੋ) / ਲੇਖ਼

ਪੰਜਾਬੀ ਇੱਕ ਅਜੇਹੀ ਭਾਸ਼ਾ ਹੈ ਜਿਸਨੂੰ ਅਜੇ ਤੱਕ ਆਪਣਾ ਬਣਦਾ ਰੁਤਬਾ ਅਤੇ ਸਥਾਨ ਪ੍ਰਾਪਤ ਨਹੀਂ ਹੋ ਸਕਿਆ ਹੈ। ਕਈ ਬੁੱਧੀ ਜੀਵੀ ਇਸ ਨਾਲ ਭਾਵਨਾਤਮਕ ਤੌਰ ਤੇ ਜੁੜੇ ਹੋਏ ਹਨ ਅਤੇ ਉਹ ਪੰਜਾਬੀ ਮਾਤ ਭਾਸ਼ਾ ਦੀ ਵਰਤਮਾਨ ਦਸ਼ਾ ਦਾ ਰੋਣਾ ਵੀ ਰੋ ਰਹੇ ਹਨ। ਪਰ ਜੇ ਵਿਚਾਰਿਆ ਜਾਵੇ ਤਾਂ ਇਨ੍ਹਾਂ ਬੁੱਧੀ ਜੀਵੀਆਂ ਨੇ ਪੰਜਾਬੀ ਭਾਸ਼ਾ ਦਾ ਹੁਲੀਆ ਵੀ ਵਿਗਾੜਿਆ ਹੈ। ਦੇਸ਼ ਦੀ ਵੰਡ ਹੋ ਜਾਣ ਬਾਅਦ ਥੋੜ੍ਹੀ ਦੇਰ ਬਾਅਦ ਹੀ ਪੱਛਮੀ ਪੰਜਾਬ (ਪਾਕਿਸਤਾਨ) ਅਤੇ ਪੂਰਬੀ ਪੰਜਾਬ (ਹਿੰਦੁਸਤਾਨ) ਦੀ ਪੰਜਾਬੀ ਵਿੱਚ ਲੋਕਾਂ ਨੂੰ ਫਰਕ ਮਹਿਸੂਸ ਹੋਣ ਲੱਗ ਪਿਆ ਸੀ। ਉਸ ਵੇਲੇ ਰੇਡੀਓ ਲਾਹੌਰ ਅਤੇ ਰੇਡੀਓ ਜਲੰਧਰ ਦੇ ਪੰਜਾਬੀ ਪ੍ਰੋਗਰਾਮਾਂ ਵਿੱਚ ਸਾਫ ਫਰਕ ਨਜ਼ਰ ਆਉਣ ਲੱਗ ਪਿਆ ਸੀ। ਪੂਰਬੀ ਪੰਜਾਬ ਦੇ ਲੋਕ ਇਹ ਕਹਿੰਦੇ ਸਨ ਕਿ ਲਾਹੌਰ ਰੇਡੀਓ ਦੀ ਪੰਜਾਬੀ ਠੇਠ ਅਤੇ ਸਮਝ ਆਉਂਦੀ ਹੈ ਪਰ ਜਲੰਧਰ ਰੇਡੀਓ ਦੀ ਪੰਜਾਬੀ ਵਿੱਚ ਹਿੰਦੀ/ਸੰਸਕ੍ਰਿਤ ਦੇ ਸ਼ਬਦਾਂ ਦੀ ਭਰਮਾਰ ਹੈ। ਇਸ ਲਈ ਇਸਨੂੰ ਆਮ ਲੋਕ ਸਮਝਣ ਵਿੱਚ ਔਖ ਮਹਿਸੂਸ ਕਰਦੇ ਸਨ। ਇਸਦਾ ਕਾਰਨ ਇਹ ਸੀ ਕਿ ਲਾਹੌਰ ਰੇਡੀਓ ਤੋਂ ਉਹੋ ਬੋਲੀ ਬੋਲੀ ਜਾਂਦੀ ਸੀ ਜੋ ਕਿ ਅਣਵੰਡੇ ਪੰਜਾਬ ਵਿੱਚ ਬੋਲੀ ਜਾਂਦੀ ਸੀ। ਕਿਉਂਕਿ ਉਸ ਵੇਲੇ ਪੰਜਾਬੀ ਜ਼ੁਬਾਨ ਵਿੱਚ ਉਰਦੂ, ਫਾਰਸੀ ਦੇ ਸ਼ਬਦ ਆਮ ਹੀ ਵਰਤੇ ਜਾਂਦੇ ਸਨ ਕਿ ਉਹ ਪੰਜਾਬੀ ਵਿੱਚ ਇਸ ਤਰ੍ਹਾਂ ਮਿਲ ਗਏ ਸਨ ਕਿ ਓਪਰੇ ਨਹੀਂ ਲੱਗਦੇ ਸਨ। ਪਰ ਪੂਰਬੀ ਪੰਜਾਬ ਵਿੱਚ 1947 ਤੋਂ ਬਾਅਦ ਸਕੂਲਾਂ ਵਿੱਚ ਉਰਦੂ ਪੜ੍ਹਾਉਣਾ ਹੀ ਬੰਦ ਕਰ ਦਿੱਤਾ। ਉਸਦੀ ਥਾਂ ਹਿੰਦੀ ਨੇ ਲੈ ਲਈ। ਸੁਤੰਤਰਤਾ ਤੋਂ ਬਾਅਦ ਪੰਜਾਬੀ ਵਿੱਚ ਪਰਿਭਾਸ਼ਕ ਵਿਗਿਆਨਕ ਅਤੇ ਪ੍ਰਸ਼ਾਸਨਕ ਅਨੇਕ ਭਾਂਤ ਦੀ ਸ਼ਬਦਾਵਲੀ ਦੀ ਲੋੜ ਸੀ। ਸੋ ਯੂਨੀਵਰਸਟੀਆਂ ਤੇ ਭਾਸ਼ਾ ਵਿਭਾਗ ਨੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਉਲਥੇ ਕਰਵਾਉਣੇ ਸ਼ੁਰੂ ਕਰ ਦਿੱਤੇ। ਇਸ ਕੰਮ ਲਈ ਉਨ੍ਹਾਂ ਬੁੱਧੀ ਜੀਵੀਆਂ ਨੂੰ ਮੁਆਵਜਾ ਦਿੰਦੇ ਸਨ। ਇਸ ਤਰ੍ਹਾਂ ਵੱਧ ਤਂਆ ਵੱਧ ਅਤੇ ਛੇਤੀ ਤੋਂ ਛੇਤੀ ਹਿੰਦੀ ਦੀਆਂ ਡਿਕਸ਼ਨਰੀਆਂ ਕੋਲ ਰੱਖ ਕੇ ਜਿਹੜੇ ਪੰਜਾਬੀ ਵਿੱਚ ਸ਼ਬਦ ਨਾ ਸੁੱਝੇ ਤਾਂ ਉਨ੍ਹਾਂ ਨੇ ਹਿੰਦੀ ਡਿਕਸ਼ਨਰੀਆਂ ਵਿੱਚੋਂ ਸ਼ਬਦ ਉਧਾਰ ਲੈ ਕੇ ਡੰਗ ਸਾਰ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪੈਸੇ ਖਰੇ ਕਰ ਲਏ। ਕੋਈ ਵੀ ਖੇਤਰ ਲੈ ਲਵੋ ਪੰਜਾਬੀ ਵਿੱਚ ਹਿੰਦੀ ਸੰਸਕ੍ਰਿਤ ਦੀ ਫਸਲ ਉਂਗਣ ਲੱਗ ਪਈ ਅਤੇ ਜਿਹੜੀ ਫਸਲ (ਉਰਦੂ, ਫਾਰਸੀ) ਦੇ ਸ਼ਾਨਦਾਰ ਬੂਟੇ ਪੰਜਾਬੀ ਖੇਤਰ ਵਿੱਚ ਲੱਗੇ ਹੋਏ ਸਨ ਜਾਂ ਤਾਂ ਉਹ ਖੇਤਾਂ ਵਿੱਚੋਂ ਘਾਹ-ਫੂਸ ਦੀ ਤਰ੍ਹਾਂ ਕੱਢ ਦਿੱਤੇ ਗਏ ਜਾਂ ਉਹ ਦੇਖ ਭਾਲ ਬਿਨਾਂ ਮੁਰਝਾ ਕੇ ਸੁੱਕ ਗਏ। ਦੂਜੇ ਸ਼ਬਦਾਂ ਵਿੱਚ ਜਦੋਂ ਪੰਜਾਬੀ ਵਿੱਚ ਪ੍ਰਚੱਲਤ ਉਰਦੂ ਫਾਰਸੀ ਦੇ ਲਫਜਾਂ ਦੀ ਵਰਤੋਂ ਹੀ ਬੰਦ ਕਰ ਦਿੱਤੀ ਤਾਂ ਕੁਦਰਤੀ ਹੈ ਕਿ ਉਹ ਸ਼ਬਦ ਪੂਰਬੀ ਪੰਜਾਬ ਦੀ ਪੰਜਾਬੀ ਭਾਸ਼ਾ ਵਿੱਚੋਂ ਅਲੋਪ ਹੋ ਗਏ। ਇਸ ਤਰ੍ਹਾਂ ਪੰਜਾਬੀ ਜ਼ੁਬਾਨ ਕੰਗਾਲ ਵੀ ਹੋਈ ਅਤੇ ਇਸਦਾ ਹੁਲੀਆ ਵੀ ਬਿਗੜ ਗਿਆ। ਇਸ ਲੇਖਕ ਨੇ ਸਕੂਲ ਤੋਂ ਲੈ ਕੇ ਕਾਲਿਜ ਤੱਕ ਪੰਜਾਬੀ ਪੜ੍ਹੀ ਹੈ ਪਰ ਸਾਹਿਤਕ ਆਲੋਚਨਾ ਦੇ ਖੇਤਰ ਵਿੱਚ, ਸਾਹਿਤਕਾਰਾਂ ਨੇ ਪੰਜਾਬੀ ਰੂਪ ਵਿੱਚ ਨਵੇਂ ਸ਼ਬਦ ਘੜਨ ਦੀ ਖੇਚਲ ਹੀ ਨਹੀਂ ਕੀਤੀ। ਕਿਉਂਕਿ ਇਸ ਕੰਮ ਲਈ ਮਗਜ਼ ਪੱਚੀ ਕਰਨੀ ਪੈਂਦੀ ਸੀ ਪਰ ਉਸਦਾ ਸਿਲਾ ਨਹੀਂ ਮਿਲਣਾ ਸੀ। ਅੱਜ ਕੱਲ ਦੇ ਪੰਜਾਬੀ ‘ਪਰਵਾਨੇ’ ਅੱਗ ਦੀ ਲਾਟ ਤੇ ਜਲਣ ਦੀ ਬਜਾਏ ਮੱਖੀਆਂ ਵਾਂਗ ਗੁੜ ‘ਤੇ ਛੇਤੀ ਡਿੱਗਦੇ ਹਨ। ਜੇ ਦੋਨਾਂ ਪੰਜਾਬਾਂ ਵਿੱਚ ਮੇਲ ਜੋਲ ਨਾ ਰਿਹਾ ਤਾਂ ਇੱਕ ਦਿਨ ਪੱਛਮੀ ਤੇ ਪੂਰਬੀ ਪੰਜਾਬ ਦੀ ਪੰਜਾਬੀ ਦੋ ਵੱਖਰੀਆਂ ਜੁਬਾਨਾਂ ਬਣ ਜਾਣਗੀਆਂ। ਅਸਲ ਵਿੱਚ ਕਿਸੇ ਜ਼ੁਬਾਨ ਨੂੰ ਪ੍ਰਫੁੱਲਤ ਹੋਣ ਲਈ ਸਰਕਾਰੀ ਦਰਬਾਰੀ ਸਰਪਰਸਤੀ ਮਿਲਣੀ ਚਾਹੀਦੀ ਹੈ। ਕਿਉਂਕਿ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਦਾ ਬੋਲ ਬਾਲਾ ਅਥਵਾ ਰਾਜ ਨਹੀਂ ਰਿਹਾ ਇਸੇ ਲਈ ਪੰਜਾਬੀ ਨੂੰ ਆਪਣਾ ਥਾਂ ਨਹੀਂ ਮਿਲਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਦਰਬਾਰੀ ਬੋਲੀ ਫਾਰਸੀ ਸੀ। ਇਸੇ ਵਾਸਤੇ ਫਕੀਰ ਅਜ਼ੀਜ਼ਦੀਨ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰੇ ਖਾਰਜਾ ਸਨ। ਕਿਉਂਕਿ ਦਿੱਲੀ ਦੀ ਸਰਕਾਰ ਅਤੇ ਦੂਜੇ ਰਾਜਿਆਂ ਨਵਾਬਾਂ ਨਾਲ ਚਿੱਠੀ ਪੱਤਰ, ਗੱਲਬਾਤ ਫਾਰਸੀ ਜ਼ੁਬਾਨ ਵਿੱਚ ਹੀ ਹੁੰਦੀ ਸੀ। ਦਿੱਲੀ ਦਰਬਾਰ ਦੀ ਜ਼ੁਬਾਨ ਫਾਰਸੀ ਹੀ ਸੀ। ਇਸ ਵਾਸਤੇ ਫਾਰਸੀ ਜ਼ੁਬਾਨ ਸਿੱਖਣ ਦੀ ਕਦਰ ਪੈਂਦੀ ਸੀ। ਰੋਜ਼ਗਾਰ ਪ੍ਰਾਪਤ ਹੁੰਦਾ ਸੀ। ਸੋ ਉਪਯੋਗਤਾ ਹੀ ਕਿਸੇ ਬੋਲੀ ਜਾਂ ਭਾਸ਼ਾ ਨੂੰ ਸਿੱਖਣ, ਪੜ੍ਹਣ, ਲਿਖਣ ਤੇ ਬੋਲਣ ਲਈ ਉਤਸ਼ਾਹਤ ਕਰਦੀ ਹੈ।
ਪੰਜਾਬੀ ਜ਼ੁਬਾਨ ਦੇ ਰਸਤੇ ਵਿੱਚ ਫਿਰਕਾ ਪ੍ਰਸਤੀ ਵੀ ਇੱਕ ਵੱਡਾ ਅੜਿਕਾ ਬਣੀ। ਪੰਜਾਬੀ ਜ਼ੁਬਾਨ ਬੋਲਣ ਵਾਲਿਆਂ ਦੇ ਅੱਧ ਤੋਂ ਕੁਝ ਘੱਟ ਅਥਵਾ ਹਿੰਦੂਆਂ ਨੇ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਜਨਸੰਖਿਆ ਵੇਲੇ ਅਖਬਾਰਾਂ ਰਾਹੀਂ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਦਰਜ ਕਰਵਾਉਣ ਲਈ ਪ੍ਰੇਰਿਆ ਗਿਆ ਤੇ ਉਕਸਾਇਆ ਗਿਆ। ਪੰਜਾਬ ਵਿੱਚ ਜਿਸ ਪੰਜਾਬੀ ਸੂਬੇ ਲਈ ਐਜੀਟੇਸਨ ਵੇਲੇ ਅਕਾਲੀ ‘ਧੋਤੀ, ਟੋਪੀ ਜਮਨਾ ਪਾਰ’ ਦੇ ਨਾਅਰੇ ਲਗਾ ਰਹੇ ਸਨ ਅਤੇ ਮੁਕਾਬਲੇ ਵਿੱਚ ‘ਜਨਸੰਘ’ “ਊੜਾ, ਐੜਾ ਨਹੀਂ ਪੜੇਂਗੇ, ਗੋਬਰ ਕੂੜਾ ਨਹੀਂ ਪੜੇਂਗੇ’ ਦੇ ਨਾਅਰੇ ਲਗਵਾ ਰਿਹਾ ਸੀ। ਪੰਜਾਬੀ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਿਹੜੇ ਦਿਨ ਰਾਤ ਘਰ ਵਿੱਚ ਪੰਜਾਬੀ ਬੋਲਦੇ ਹਨ ਉਨ੍ਹਾਂ ਵਿੱਚੋਂ 46 ਪ੍ਰਤੀਸ਼ਤ ਲੋਕ ਆਪਣੀ ਮਾਤ ਭਾਸ਼ਾ ਤੋਂ ਹੀ ਬੇਮੁੱਖ ਹੋ ਗਏ ਹਨ। ਜਦੋਂ ਲਛਮਣ ਸਿੰਘ ਗਿੱਲ ਦੀ ਸਰਕਾਰ ਨੇ ਰਾਜ ਭਾਸ਼ਾ ਦਾ ਬਿੱਲ ਦਸੰਬਰ 1968 ਨੂੰ ਪਾਸ ਕਰ ਦਿੱਤਾ ਸੀ ਅਤੇ ਪੰਜਾਬੀ ਨੂੰ ਰਾਜ ਸਰਕਾਰ ਦੀ ਰਾਜ ਭਾਸ਼ਾ ਬਣਾ ਦਿੱਤਾ ਤਾਂ ਵੀ ਇਸ ‘ਤੇ ਅਮਲ ਨਹੀਂ ਹੋ ਸਕਿਆ। ਵਿਸ਼ੇਸ਼ ਕਰਕੇ ਸਕਤ੍ਰੇਤ ਪੱਧਰ ‘ਤੇ ਤਾਂ ਇਹ ਨਾਂ ਮਾਤਰ ਹੀ ਲਾਗੂ ਹੋ ਸਕਿਆ। ਭਾਵੇਂ ਭਾਸ਼ਾ ਵਿਭਾਗ ਤੇ ਪੰਜਾਬੀ ਯੂਨੀਵਰਸਿਟੀ ਵੀ ਪੰਜਾਬੀ ਦੀ ਤਰੱਕੀ ਵਾਸਤੇ ਹੀ ਬਣਾਏ ਗਏ ਪਰ ਅੰਗਰੇਜ਼ੀ ਭਾਸ਼ਾ ਦਾ ਦਬ-ਦਬਾ ਕਾਇਮ ਹੈ। ਪੰਜਾਬ ਵਿੱਚ ‘ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ’ ਵੀ ਸਥਾਪਤ ਕੀਤਾ ਗਿਆ ਜਿਸਦਾ ਮਨੋਰਥ ਯੂਨੀਵਰਸਿਟੀ ਪੱਧਰ ਦੀ ਪੜ੍ਹਾਈ ਲਈ ਟੈਕਸਟ ਬੁੱਕਾਂ ਦਾ ਪੰਜਾਬੀ ਵਿੱਚ ਉਲਥਾ ਕਰਵਾ ਕੇ ਯੂਨੀਵਰਸਿਟੀ ਪੱਧਰ ਦੀ ਪੜ੍ਹਾਈ ਲਈ ਰਾਹ ਪੱਥਰਾ ਕੀਤਾ ਜਾਣਾ ਸੀ। ਪਰ ਇਹ ਜਤਨ ਵੀ ਫੇਲ ਰਿਹਾ ਹੈ। ਭਾਵੇਂ ਬੀ. ਏ. ਦੀ ਪੱਧਰ ਤੇ ਤਾਂ ਕੁਝ ਮਜ਼ਮੂਨਾਂ ਦੀਆਂ ਪੁਸਤਕਾਂ ਪੰਜਾਬੀ ਵਿੱਚ ਉਪਲੱਭਦ ਹਨ ਪਰ ਸਾਇੰਸ ਦੇ ਵਿਸ਼ਿਆਂ ਵਿੱਚ ਵਿਦਿਆਰਥੀ ਅੰਗ੍ਰੇਜ਼ੀ ਜ਼ੁਬਾਨ ਵਿੱਚ ਹੀ ਪਾਠ ਪੁਸਤਕਾਂ ਪੜ੍ਹਦੇ ਹਨ। ਰਾਜਨੀਤਕ ਕਾਰਨਾਂ ਕਰਕੇ ਵੀ ਪੰਜਾਬੀ ਨੂੰ ਆਪਣੇ ਘਰ ਵਿੱਚ ਹੀ ਸਤਿਕਾਰ ਤੇ ਮਾਨਤਾ ਨਹੀਂ ਮਿਲ ਸਕੀ।
ਸੁਤੰਤਰਤਾ ਤੋਂ ਪਹਿਲਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਮੁੱਖ ਮੰਗ ਸੀ ਕਿ ਭਾਰਤ ਵਿੱਚ ਜ਼ੁਬਾਨ ਆਧਾਰਤ ਸੂਬੇ ਬਣਾਏ ਜਾਣ ਅਤੇ ਮਾਤ ਭਾਸ਼ਾ ਵਿੱਚ ਹੀ ਸਿਖਿਆ ਪ੍ਰਦਾਨ ਕੀਤੀ ਜਾਵੇ। ਪੰਜਾਬ ਸਟੂਡੈਂਟ ਫੈਡਰੇਸ਼ਨ ਦੀ ਲਹੌਰ ਵਿਖੇ ਹੋਈ ਸਲਾਨਾ ਕਾਨਫਰੰਸ ਵਿੱਚ ਇਹ ਲੇਖਕ ਵੀ ਦਸੰਬਰ 1946 ਵਿੱਚ ਸ਼ਾਮਲ ਹੋਇਆ ਸੀ। ਇੱਕ ਮਤਾ ਸਿਖਿਆ ਮਾਤ ਭਾਸ਼ਾ ਵਿੱਚ ਪ੍ਰਦਾਨ ਕਰਨ ਦਾ ਪਾਸ ਕੀਤਾ ਗਿਆ ਸੀ। ਮੈਂ ਆਪਣੇ ਇੱਕ ਮਿੱਤਰ ਜੋ ਪੰਜਾਬ ਸਟੂਡੈਟਸ ਫੈਡਰੇਸ਼ਨ ਦੀ ਲਹੌਰ ਵਾਲੀ ਕਾਨਫਰੰਸ ਵਿੱਚ ਵੀ ਸ਼ਾਮਲ ਸੀ ਨਾਲ ਪੰਜਾਬੀ ਜ਼ੁਬਾਨ ਦੀ ਸਮੱਸਿਆਵਾਂ ਬਾਰੇ ਗੱਲ ਕੀਤੀ। ਉਸਦਾ ਕਹਿਣਾ ਸੀ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਬੀਨਤਾ ਦੀ ਲੋੜ ਹੈ ਨਹੀਂ ਤਾਂ ਸਾਡੇ ਨੌਜਵਾਨਾਂ ਲਈ ਵਿਦੇਸ਼ੀ ਦਰਵਾਜੇ ਬੰਦ ਹੋ ਜਾਣਗੇ। ਉਸਦਾ ਇਹ ਉਂਤਰ ਭਾਸ਼ਾ ਦੀ ਉਪਯੋਗਤਾ ਨਾਲ ਸੰਬੰਧਤ ਸੀ। ਇਹ ਗੱਲ ਕੋਈ ਅੱਜ ਤੋਂ 30 ਕੁ ਸਾਲ ਪਹਿਲਾਂ ਦੀ ਹੈ। ਪਰ ਅੱਜ ਜਦੋਂ ਮੈਂ ਸੋਚਦਾ ਹਾਂ ਕਿ ਉਸਦੇ ਇਸ ਕਥਨ ਵਿੱਚ ਕਿੰਨੀ ਸਚਾਈ ਸੀ। ਬਾਹਰਲੇ ਦੇਸ਼ਾਂ ਜਿਵੇਂ ਕੈਨੇਡਾ, ਇੰਗਲੈਂਡ ਤੇ ਅਮਰੀਕਾ ਜਾਣ ਵਾਲੇ ਨੌਜਵਾਨ ਤਰਲੋ ਮੱਛੀ ਹੋ ਰਹੇ ਹਨ ਅਤੇ ਪੰਜਾਬ ਵਿੱਚ ਥਾਂ ਥਾਂ ਬਾਹਰ ਜਾਣ ਵਾਲੇ ਇੱਛਕਾਂ ਨੂੰ ਅੰਗਰੇਜ਼ੀ ਵਿੱਚ ਪ੍ਰਬੀਨਤਾ ਪ੍ਰਾਪਤ ਕਰਨ ਦੀ ਸਿਖਲਾਈ ਦੇ ਰਹੇ ਹਨ ਅਤੇ ਅੰਗਰੇਜ਼ੀ ਦੇ ਕਈ ਟੈਸਟ ਟੂਫਲ ਆਦਿ ਵੀ ਪਾਸ ਕਰਵਾ ਰਹੇ ਹਨ। ਇਨ੍ਹਾਂ ਹਾਲਾਤ ਨੂੰ ਮੁੱਖ ਰੱਖਦਿਆਂ ਹੀ ਪਿਛਲੀ ਅਕਾਲੀ ਸਰਕਾਰ ਸਮੇਂ ਸਿਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਅੰਗਰੇਜ਼ੀ ਵਿਸ਼ਾ ਪ੍ਰਾਇਮਰੀ ਸਕੂਲਾਂ ਵਿੱਚ ਲਾਗੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਪਿੰਡ ਪਿੰਡ ਵਿੱਚ ਅਖੌਤੀ ਅੰਗਰੇਜ਼ੀ ਮਾਧਿਅਮ ਵਾਲੇ ਪਬਲਿਕ ਸਕੂਲ ਸਥਾਪਤ ਹੋ ਚੁੱਕੇ ਸਨ ਅਤੇ ਪੰਜਾਬ ਦੇ ਪਿੰਡਾਂ ਦੀ ਮੰਦੀ ਆਰਥਕ ਹਾਲਤ ਦੇਖ ਕੇ ਲੋਕ ਆਪਣੇ ਬੱਚਿਆਂ ਨੂੰ ਧੜਾ ਧੜ ਇਨ੍ਹਾਂ ਸਕੂਲਾਂ ਵਿੱਚ ਪੜ੍ਹਨੇ ਪਾ ਰਹੇ ਸਨ। ਤਾਂ ਜੋ ਉਹ ਵਿਦੇਸ਼ਾਂ ਵਿੱਚ ਜਾ ਸਕਣ। ਪਰ ਠੀਕ ਪਲੈਨਿੰਗ ਨਾ ਹੋਣ ਕਾਰਨ ਸਰਕਾਰੀ ਸਕੂਲ ਤਾਂ ਪਹਿਲਾਂ ਹੀ ਬਦਨਾਮ ਹੋ ਰਹੇ ਸਨ। ਰਾਜਨੀਤਕ ਕਾਰਨਾਂ ਕਰਕੇ ਪਿੰਡ ਪਿੰਡ ਸਕੂਲ ਖੋਲ੍ਹੇ ਗਏ। ਕਈ ਸਕੂਲਾਂ ਦੇ ਹਾਈ/ਹਾਇਰ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਫੱਟੇ ਲਗਾਏ ਗਏ ਸਨ ਲੋਕਾਂ ਦੀਆਂ ਵੋਟਾਂ ਬਟੋਰਨ ਖਾਤਰ। ਨਾ ਇਨ੍ਹਾਂ ਸਕੂਲਾਂ ਵਿੱਚ ਸਟਾਫ, ਨਾ ਬਿਲਡਿੰਗ, ਨਾ ਲੈਬਾਰਟਰੀ ਨਾ ਹੋਰ ਸਮਾਨ ਹੀ ਉਪਲਭਦ ਸਨ। ਵੋਟਾਂ ਦੀ ਪ੍ਰਾਪਤੀ ਨੂੰ ਮੁੱਖ ਰੱਖਕੇ ਗਲਤ ਪ੍ਰਾਥਮਕਤਾਵਾਂ ਉਪਰ ਖਰਚ ਕਰਕੇ ਖਜ਼ਾਨੇ ਖਾਲੀ ਕਰ ਦਿੱਤੇ ਗਏ ਸਨ। 
ਇੱਕ ਹੋਰ ਗੱਲ ਜਿਸਦੀ ਲੋਕ ਆਮ ਚਰਚਾ ਕਰਦੇ ਹਨ। ਜਦੋਂ ਲੇਖਕ ਸਭਾਵਾਂ ਵੱਲੋਂ ਪੰਜਾਬੀ ਲਾਗੂ ਕਰਵਾਉਣ ਲਈ ਜਤਨ ਕੀਤੇ ਜਾਂਦੇ ਹਨ। ਪੰਜਾਬ ਸਕਤ੍ਰੇਤ ਅੱਗੇ ਧਰਨੇ ਲਗਾਏ ਜਾਂਦੇ ਹਨ। ਆਮ ਨਾਗਰਿਕਾਂ ਦਾ ਇਨ੍ਹਾਂ ਧਰਨਿਆਂ ਨੂੰ ਹੁੰਗਾਰਾ ਨਹੀਂ ਮਿਲਦਾ। ਉਹ ਕਹਿੰਦੇ ਸੁਣੇ ਜਾਂਦੇ ਹਨ ਕਿ ਇਨ੍ਹਾਂ ਲੇਖਕਾਂ ਦੇ ਆਪਣੇ ਬੱਚੇ ਤਾਂ ਅੰਗਰੇਜ਼ੀ ਮਾਧਿਅਮ ਵਾਲੇ ਪਬਲਿਕ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਦੂਜਿਆਂ ਨੂੰ ਪੰਜਾਬੀ ਵੱਲ ਧੱਕ ਰਹੇ ਹਨ। “ਔਰੋਂ ਕੋ ਨਸੀਹਤ ਖੁਦ ਮੀਆ ਫਜ਼ੀਹਤ।”
ਇੱਕ ਕਾਰਨ ਮਾਤ ਭਾਸ਼ਾ ਨੂੰ ਸਰਕਾਰੇ ਦਰਬਾਰੇ ਆਪਣਾ ਸਥਾਨ ਨਾ ਮਿਲਣ ਦਾ ਹੁੰਦਾ ਹੈ ਕਿ ਜਦੋਂ ਸ਼ਾਸਕ ਵਰਗ ਅਤੇ ਸ਼ਾਸਤ ਵਰਗ ਵਿੱਚ ਪਾੜਾ ਵਧ ਜਾਂਦਾ ਹੈ ਅਤੇ ਸ਼ਾਸਕ ਵਰਗ ਸ਼ਾਸਤ ਵਰਗ ਨੂੰ ਦਬਾ ਕੇ ਰੱਖਦਾ ਹੈ ਤਾਂ ਇਨ੍ਹਾਂ ਦੋਨਾਂ ਵਰਗਾਂ ਦੀ ਭਾਸ਼ਾ ਵਿੱਚ ਵੀ ਅੰਤਰ ਵਧ ਜਾਂਦਾ ਹੈ। ਦੋਨਾਂ ਵਰਗਾਂ ਦੀ ਬੋਲੀ ਵਿੱਚ ਪਾੜਾ ਇਤਨਾ ਵਧ ਜਾਂਦਾ ਹੈ ਕਿ ਸ਼ਾਸਤ ਵਰਗ ਨੂੰ ਸ਼ਾਸਕ ਦੀ ਬੋਲੀ ਦੀ ਸਮਝ ਹੀ ਨਹੀਂ ਪੈਂਦੀ। ਇਸ ਤਰ੍ਹਾਂ ਸ਼ਾਸਕ ਵਰਗ ਦੀ ਬੋਲੀ ਕੇਵਲ ਵਿਸ਼ੇਸ਼ ਵਰਗ ਹੀ ਸਮਝਦਾ ਹੈ ਅਤੇ ਬੋਲਦਾ ਹੈ। ਕਿਉਂਕਿ ਇਹ ਵਰਗ ਬਹੁਤ ਘੱਟ ਗਿਣਤੀ ਵਿੱਚ ਹੁੰਦਾ ਹੈ ਇਸ ਵਾਸਤੇ ਜਨ ਸਮੂਹ ਦੀ ਬੋਲੀ ਇਤਨੀ ਬਦਲ ਜਾਂਦੀ ਹੈ ਕਿ ਸ਼ਾਸਕ ਵਰਗ ਦੀ ਬੋਲੀ ਇੱਕ ਮੁਰਦਾ ਬੋਲੀ ਬਣਕੇ ਰਹਿ ਜਾਂਦੀ ਹੈ। ਸ਼ਾਇਦ ਸੰਸਕ੍ਰਿਤ ਭਾਸ਼ਾ ਦੇ ਮ੍ਰਿਤਕ ਬੋਲੀ ਬਣ ਜਾਣ ਦਾ ਵੱਡਾ ਕਾਰਨ ਇਹੋ ਰਿਹਾ ਹੋਵੇਗਾ।
ਅੱਜ ਵੀ ਕਿਉਂਕਿ ਸ਼ਾਸਕ ਵਰਗ ਅਤੇ ਸ਼ਾਸਤ ਵਰਗ ਵਿੱਚ ਅੰਤਰ ਬਹੁਤ ਵਧ ਗਿਆ ਹੈ। ਸੋ ਸ਼ਾਸਕ ਵਰਗ ਆਪਣੇ ਆਪ ਨੂੰ ਜਨ ਸਮੂਹ ਨਾਲੋਂ ਵਖਰਿਆਉਣ ਲਈ ਵੱਖਰੀ ਬੋਲੀ ਬੋਲਦੇ ਹਨ। ਇਹ ਜਨ ਸਮੂਹ ਨੂੰ ਦਬਾ ਕੇ ਰੱਖਣ ਦਾ ਢੰਗ ਹੁੰਦਾ ਹੈ। ਇਸ ਵਾਸਤੇ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ ਸ਼ਾਸਕ ਵਰਗ ਅੰਗਰੇਜ਼ੀ ਦਾ ਪ੍ਰਯੋਗ ਕਰਨਾ ਆਪਣੀ ਸ਼ਾਨ ਤੇ ਵਡੱਤਣ ਸਮਝਦੇ ਹਨ। ਅਜੇਹਾ ਤਾਂ ਹੁੰਦਾ ਹੈ ਕਿ ਦੋਨਾਂ ਵਰਗਾਂ ਦੇ ਹਿੱਤ ਪ੍ਰਸਪਰ ਵਿਰੋਧੀ ਹੁੰਦੇ ਹਨ। ਅੱਜ ਕੱਲ ਤਾਂ ਇਹ ਫਰਕ ਪ੍ਰਤੱਖ ਹੈ ਕਿਉਂਕਿ ਸ਼ਾਸਕ ਵਰਗ ਵਿੱਚ ਧਨ-ਦੌਲਤ ਵਾਲਾ ਹੀ ਦਾਖਲ ਹੋ ਸਕਦਾ ਹੈ ਚਾਹੇ ਉਹ ਐਮ. ਐਲ. ਏ./ਮੰਤਰੀ ਹੋਵੇ ਜਾਂ ਸਿਵਲ ਸਰਵਿਸ ਅਧਿਕਾਰੀ। ਨਿਰਧਨ ਤਾਂ ਇਸ ਵਰਗ ਵਿੱਚ ਦਾਖਲ ਹੋਣਾ ਸੋਚ ਵੀ ਨਹੀਂ ਸਕਦਾ।
ਸੋ ਵਰਤਮਾਨ ਸਥਿਤੀ ਵਿੱਚ ਮਾਤ ਭਾਸ਼ਾ ਅਥਵਾ ਜਨ ਸਮੂਹ ਦੀ ਭਾਸ਼ਾ ਤਾਂ ਹੀ ਉਪਯੋਗ ਵਿੱਚ ਆ ਸਕਦੀ ਹੈ ਜੇ ਇਹ ਵਰਗੀ ਹਿੱਤ ਖਤਮ ਹੋ ਜਾਣ ਤਾਂ ਪੰਜਾਬੀ ਬੋਲੀ ਦੀ ਉਪਯੋਗਤਾ ਵਧ ਜਾਵੇਗੀ ਅਥਵਾ ਪੰਜਾਬੀ ਭਾਸ਼ਾ ਦਾ ਗਿਆਨ ਲੋਕਾਂ ਨੂੰ ਰੋਜ਼ਗਾਰ ਦਿਲਾ ਸਕੇਗਾ। ਕੇਵਲ ਇੱਛਾ ਹੀ ਪੰਜਾਬੀ ਨੂੰ ਉਤਸ਼ਾਹਤ ਨਹੀਂ ਕਰੇਗੀ।
ਪੰਜਾਬੀ ਨੂੰ ਬਣਦਾ ਸਥਾਨ ਦਿਲਵਾਉਣ ਲਈ ਪੰਜਾਬੀਆਂ ਨੂੰ ਪੂਰਨ ਸਭਿਆਚਾਰਕ ਇਨਕਲਾਬ ਲਿਆਉਣਾ ਹੋਵੇਗਾ। ਅਥਵਾ ਵਰਗ ਮੁਕਤ ਸਮਾਜ ਸਥਾਪਤ ਕਰਨਾ ਹੋਵੇਗਾ ਜਾਂ ਵਰਗ ਅਸਮਾਨਤਾਵਾਂ ਨਿਊਨਤਮ ਕਰਨੀਆਂ ਹੋਣਗੀਆਂ। ਇਹ ਧਾਰਨਾ ਸਭਿਆਚਾਰ ਦੇ ਖੇਤਰ ਵਿੱਚੋਂ ਕੱਢ ਕੇ ਰਾਜਨੀਤਕ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਪ੍ਰੇਰਨਾ ਕਰਦੀ ਹੈ। ਦੂਜੇ ਸ਼ਬਦਾਂ ਵਿੱਚ ਰਾਜਨੀਤਕ ਸੰਘਰਸ਼ ਪੰਜਾਬੀ ਨੂੰ ਆਪਣਾ ਸਥਾਨ ਦਿਲਵਾਉਣ ਲਈ ਜ਼ਰੂਰੀ ਹੋਵੇਗਾ। ਭਾਸ਼ਾ ਦੀ ਪੱਧਰ ‘ਤੇ ਇਹ ਸਮੱਸਿਆ ਹੱਲ ਹੋਣ ਵਾਲੀ ਨਹੀਂ। ਇਸ ਲਈ ਸਰਬਪੱਖੀ ਜਤਨਾਂ ਦੀ ਲੋੜ ਹੈ। ਕੇਵਲ ਸਰਵਪੱਖੀ ਜਤਨ ਹੀ ਮਾਤ ਭਾਸ਼ਾ ਪੰਜਾਬੀ ਦਾ ਦੁਖਾਂਤ ਦੂਰ ਕਰ ਸਕਦੇ ਹਨ।



ਠੇਕੇ ਤੇ ਭਰਤੀ…......ਸਾਧੂ ਰਾਮ ਲੰਗੇਆਣਾ (ਡਾ।) / ਵਿਅੰਗ

ਸਾਡੇ ਪਿੰਡ ਦੇ ਬਾਬੇ ਗਾਂਧੀ ਕੇ ਗਵਾੜ ਚੋਂ ਇੱਕ ਚੰਗਾ ਪੜਿਆ-ਲਿਖਿਆ ਜੱਟਾਂ ਦਾ ਮੁੰਡਾ ਸਰਬਜੀਤ ਸਕੂਲ ਵਿੱਚ ਠੇਕੇ ਤੇ ਟੀਚਰ ਭਰਤੀ ਹੋ ਗਿਆ ਸੀ ਕੁਝ ਦਿਨਾਂ ਬਾਅਦ ਉਹ ਮੋਟਰ ਸਾਈਕਲ ਤੇ ਆਪਣੇ ਘਰੋਂ ਨਿਕਲਣ ਹੀ ਲੱਗਾ ਸੀ ਕਿ ਪਿੰਡ ਦੇ ਦੂਸਰੇ ਪਾਸਿਓਂ ਵਾਲਾ ਤਾਇਆ ਨਰੈਂਣਾ ਅਚਾਨਕ ਉਨ੍ਹਾਂ ਦੇ ਬਾਰ ਮੂਹਰ ਦੀ ਲੰਘਦਿਆਂ ਉਸ ਨੂੰ ਸਾਹਮਣੇ ਟੱਕਰ ਪਿਆ ਤਾਂ ਉਸਨੇ ਤਾਏ ਦਾ ਮਾਣ ਕਰਦਿਆਂ ਨਿੰਮੋਝੂਣਾ ਜਿਹਾ ਹੋ ਸਤਿਕਾਰ ਨਾਲ ਕਿਹਾ ਕਿ… ਤਾਇਆ ਜੀ ਸਤਿ ਸ੍ਰੀ ਅਕਾਲ

ਅੱਗੋਂ ਤਾਇਆ:- ਸਤਿ ਸ੍ਰੀ ਅਕਾਲ, ਪੁੱਤ…ਸਤਿ ਸ੍ਰੀ ਅਕਾਲ… ਕੀ ਕਰਦੈਂ ਹੁੰਨੈ ਪੁੱਤ ਹੁਣ ਕਿਤਮੀਂ ਜਮਾਤ ਤੱਕ ਪੁੱਜ ਗਈ ਐ ਪੜਾਈ ਤੇਰੀ…
ਮਾਸਟਰ:- ਤਾਇਆ ਜੀ ਬੱਸ ਹੁਣੇ-ਹੁਣੇ ਸਰਕਾਰ ਨੇ ਠੇਕੇ ਤੇ ਭਰਤੀ ਖੋਲੀ ਸੀ ਮੇਰਾ ਨੰਬਰ ਆ ਗਿਆ ਤੇ ਹੁਣ ਮੇ ਠੇਕੇ ਤੇ ਮਾਸਟਰ ਲੱਗ ਗਿਆ ਹਾਂ
ਤਾਇਆ:- ਪੁੱਤਰਾ ਕਿਹੜੇ ਤੇ ਹੁੰਨੈਂ ਤੇ ਕਿੰਨੀ ਕੁ ਤਨਖਾਹ ਐ…
ਮਾਸਟਰ:- ਤਾਇਆ ਜੀ ਭੇਖੇ ਵਾਲੇ ਪਿੰਡ ਦੇ ਐਲੀਮੈਂਟਰੀ ਚ… ਤੇ ਪੰਜ ਹਜ਼ਾਰ ਤਨਖਾਹ
ਤਾਇਆ:- ਬਹੁਤ ਚੰਗਾ ਹੋ ਗਿਆ…, ਪੁੱਤ ਬਹੁਤ ਚੰਗਾ ਹੋ ਗਿਆ ਐ… ਅੱਗੇ ਤਾਂ ਸਹੁਰੇ ਦੇ ਭਈਏ ਜਿਹੇ ਕਿਸੇ ਨੂੰ ਗੱਲ ਨਹੀਂ ਸੀ ਕਰਨ ਦਿੰਦੇ ਤੇ ਹੁਣ ਸੁੱਖ ਨਾਲ ਆਪਣੇ ਜੱਟਾਂ ਦੇ ਮੁੰਡਿਆਂ ਨੂੰ ਹੀ ਸਰਕਾਰ ਨੇ ਮਾਲਕ ਬਣਾ ਤਾ, ਚੰਗੀ ਗੱਲ ਐ… ਊਂ ਪੁੱਤ ਕਿੰਨੇ ਕੁ ਵਜੇ ਵਾਪਸ ਆ ਜਾਨਾਂ ਹੁੰਨੈਂ ਪਿੰਡ ਨੂੰ… ਤਾਏ ਨੇ ਆਪਣੇ ਖੀਸੇ ਵਿੱਚ ਹੱਥ ਜਿਹਾ ਪਾਉਂਦਿਆਂ ਕਿਹਾ ਤੇ ਨਾਲੋ ਨਾਲ ਹੀ ਬਟੂਆ ਕੱਢ ਲਿਆ (ਅੱਗੋਂ ਬਟੂਆ ਦੇਖ ਕੇ ਮਾਸਟਰ ਨੇ ਸੋਚਿਆ ਕਿ ਬਈ ਤਾਇਆ ਜੀ ਉਸਨੂੰ ਖੁਸ਼ੀ ਚ ਜ਼ਰੂਰ ਸ਼ਗਨ ਵਗੈਰਾ ਦੇਵੇਗਾ)
ਮਾਸਟਰ:- ਤਾਇਆ ਜੀ ਬੱਸ ਸਹੀ 3।10 ਤੇ ਛੁੱਟੀ ਹੋ ਜਾਂਦੀ ਐ ਤੇ ਠੀਕ ਸਾਢੇ ਕੁ ਤਿੰਨ ਵਜੇ ਨੂੰ 15-20 ਮਿੰਟ ਚ ਪਿੰਡ ਪਹੁੰਚ ਜਾਈਦੈ…
ਤਾਇਆ:- ਫੇਰ ਤਾਂ ਪੁੱਤਰ ਤੂੰ ਜਮਾਂ ਈ ਟਾਈਮ ਨਾਲ ਘਰੇ ਮੁੜ ਆਊਨੈਂ, ਚੰਗਾ… ਚੱਲ ਆਹ ਫੜ, ਦੋ ਸੌ-ਸੌ ਦੇ ਨੋਟ, ਇੱਕ ਮੋਟਾ ਸੰਤਰਾ ਦੀ ਬੋਤਲ, ਇੱਕ ਵਧੀਆ ਜਿਹੀ ਠੰਡੀ ਬੀਅਰ ਆਉਣ ਲੱਗਾ ਲਈ ਆਵੀਂ… ਅਗਾਂਹ ਨੂੰ ਵੀ ਤੇਰੇ ਕੋਲੋ ‘ਕੱਠੀ ਪੇਟੀ ਹੀ ਮੰਗਵਾ ਲਿਆ ਕਰਾਂਗਾ, ਪਿੰਡ ਵਾਲੇ ਤਾਂ ਸਹੁਰੇ ਨਿਰਾ ਪਾਣੀ ਪਾ-ਪਾ ਦਿੰਦੇ ਐ, ਪਾਣੀ…
ਮਾਸਟਰ:- ਨਹੀਂ ਤਾਇਆ ਜੀ, ਮੈਂ ਉਸ ਠੇਕੇ ਦੀ ਗੱਲ ਨਹੀਂ ਕੀਤੀ, ਮੈਂ ਤਾਂ ਸਕੂਲ ਚ ਠੇਕੇ ਤੇ ਟੀਚਰ ਫੈਲੋਂ ਭਰਤੀ ਹੋਇਐਂ ਅਨਪੜ ਤਾਏ ਦੀਆਂ ਗੱਲਾਂ ਮੂਹਰੇ ਲਾਜਵਾਬ ਹੋਇਆ ਬੀ।ਏ।ਬੀ।ਐਡ। ਅਧਿਆਪਕ ਡਿਊਟੀ ਤੋਂ ਲੇਟ ਹੁੰਦਾ ਹੋਇਆ ਉਪਰੋਂ ਖਿੜ-ਖਿੜ ਅਤੇ ਅੰਦਰਲੇ ਮਨੋਂ ਦੰਦ ਕਿਰਚਦਾ ਹੋਇਆ ਚਾਲੇ ਪਾ ਗਿਆ
ਤਾਇਆ:- ਵਾਰੇ-ਵਾਰੇ ਜਾਣੀਏ ਵਈ ਇਨ੍ਹਾਂ ਸਰਕਾਰਾਂ ਦੇ… ਇੱਕ ਪਾਸੇ ਨਸ਼ੇ ਛੁਡਾਉਣ ਲਈ ਡੌਂਡੀ (ਢਡੋਰਾ) ਪਿੱਟੀ ਜਾਂਦੇ ਐ ਦੂਸਰੇ ਪਾਸੇ ਸਕੂਲਾਂ ਚ ਠੇਕੇ ਖੋਲ ਰੱਖੇ ਨੇ… ਮੈਂ ਵੀ ਆਖਦੈਂ ਆਪਣੇ ਪਿੰਡ ਵਾਲੇ ਸਰਪੰਚ ਨੂੰ ਕਿ ਆਪਣੇ ਪਿੰਡ ਦੇ ਸਕੂਲ ਚ ਤੂੰ ਠੇਕਾ ਕਦੋਂ ਖਿਲਵਾਉਣਾ ਐ ਬੁੜ-ਬੁੜ ਕਰਦਾ ਤਾਇਆ ਵੀ ਆਪਣੇ ਪੈਂਡੇ ਵੱਲ ਨੂੰ ਕਾਹਲੀ-ਕਾਹਲੀ ਵਹੀਰਾਂ ਘੱਤ ਗਿਆ 

****

ਮਿਰਜ਼ਾ.......... ਕਹਾਣੀ / ਹਰਜੀਤ ਅਟਵਾਲ

ਉਹ ਆਪਣੇ ਗਾਰਡਨ ਵਿਚ ਖੜਾ ਆਪਣੇ ਉਪਰੋਂ ਦੀ ਉੱਡ ਜਹਾਜ਼ਾਂ ਨੂੰ ਦੇਖ ਰਿਹਾ ਹੈ। ਇਹਨਾਂ ਵਿਚੋਂ ਹੀ ਇਕ ਜਹਾਜ਼ ਤੇਜੀ ਦਾ ਹੋਵੇਗਾ। ਤੇਜੀ, ਉਸ ਦੀ ਜਾਨ, ਉਸ ਦੀ ਮਹਿਬੂਬਾ, ਉਸ ਦੀ ਸਾਹਿਬਾਂ ਜਿਸ ਦਾ ਅਜ ਉਹ ਮਿਰਜ਼ਾ ਬਣਿਆ ਖੜਾ ਹੈ। ਪੈਂਤੀ ਸਾਲ ਬਾਅਦ ਹੀ ਸਹੀ ਪਰ ਹੈ ਤਾਂ ਉਹ ਹੁਣ ਮਿਰਜ਼ਾ। ਇੰਨੇ ਲੰਮੇ ਸਮੇਂ ਬਾਅਦ ਤੇਜੀ ਉਸ ਨੂੰ ਮਿਰਜ਼ਾ ਬਣਾਉਣ ਲਈ ਲੰਡਨ ਆਉਂਦੀ ਹੈ। ਉਸ ਦੇ ਮੂੰਹੋਂ ਨਿਕਲਦਾ ਹੈ-‘ਥੈਂਕਸ ਤੇਜੀ, ਥੈਂਕਸ ਫੋਰ ਕਮਿੰਗ!’ ਜੇ ਉਹ ਲੰਡਨ ਨਾ ਆਉਂਦੀ ਤਾਂ ਉਹ ਰਹਿ ਜਾਂਦਾ; ਮਜਨੂੰ, ਰਾਂਝਾ ਜਾਂ ਫਿਰ ਸਾਧਾਰਣ ਜਿਹਾ ਸੁੱਖਾ। ਤੇਜੀ ਦੀ ਫਲਾਈਟ ਅੱਠ ਵਜੇ ਦੀ ਹੈ ਤੇ 
ਹੁਣ ਵੱਜ ਗਏ ਹਨ ਸਾਢੇ ਅੱਠ, ਇਹਨਾਂ ਜਹਾਜ਼ਾਂ ਵਿਚੋਂ ਹੀ ਇਕ ਉਸ ਨੂੰ ਲੈ ਕੇ ਉਡਿਆ ਹੋਵੇਗਾ। ਉਸ ਨੂੰ ਯਕੀਨ ਆਉਣ ਲਗਦਾ ਹੈ ਕਿ ਹੁਣ ਤੇਜੀ ਗਈ। ਉਹ ਅੰਦਰ ਸਿਟਿੰਗ ਰੂਮ ਵਿਚ ਆ ਜਾਂਦਾ ਹੈ ਜਿਥੇ ਉਸ ਦੀ ਪਤਨੀ ਬੈਠੀ ਹੈ, ਪਤਨੀ ਦੀ ਮਾਂ ਤੇ ਪਿਤਾ ਹਨ ਜੋ ਉਹਨਾਂ ਕੋਲ ਪੱਕੇ ਤੌਰ ‘ਤੇ ਰਹਿੰਦੇ ਹਨ। ਉਹ ਕੁਝ ਦੇਰ ਉਹਨਾਂ ਕੋਲ ਬੈਠ ਆਪਣੇ ਕਮਰੇ ਵਿਚ ਕੰਪਿਊਟਰ ਨੂੰ ਜਾ ਲਗਦਾ ਹੈ। ਜਿਸ ਵਿਚੋਂ ਉਹ ਕੋਈ ਨੌਕਰੀ ਲੱਭਣ ਦੀ ਕੋਸ਼ਿਸ਼ ਕਰੇਗਾ ਹਾਲੇ ਕਿ ਉਸ ਨੂੰ ਯਕੀਨ ਹੈ ਕਿ ਨੌਕਰੀ ਉਸ ਨੂੰ ਨਹੀਂ ਮਿਲਣ ਲਗੀ। ਨੌਕਰੀ ਲਈ ਤਾਂ ਹੁਣ ਜਵਾਨ ਵਿਹਲੇ ਤੁਰੇ ਫਿਰਦੇ ਹਨ ਉਸ ਦੀ ਉਮਰ ਵਾਲੇ ਨੂੰ ਕੌਣ ਕੰਮ ਦੇ ਦੇਵੇਗਾ।
ਤੇਜੀ, ਉਸ ਦੀ ਮਹਿਬੂਬਾ। ਖਾਲਸਾ ਕਾਲਜ ਜਲੰਧਰ ਸਮੇਂ ਦੀ ਮਹਿਬੂਬਾ। ਇਕੱਠੇ ਪੰਜਾਬੀ ਦੀ ਐਮ. ਏ. ਵਿਚ ਦਾਖਲ ਹੋਣ ਗਏ। ਸੁੱਖੇ ਦੇ ਲਾਠ ਵਰਗੇ ਸਰੀਰ ਵਿਚ ਤੇਜੀ ਨੂੰ ਕੁਝ ਨਜ਼ਰ ਆਇਆ ਕਿ ਉਸ ਵਲ ਖਿੱਚੀ ਚਲੇ ਗਈ। ਇਵੇਂ ਹੀ ਸੁੱਖੇ ਨੂੰ ਤੇਜੀ ਦਾ ਮਲੂਕ ਜਿਹਾ ਵਜੂਦ ਚੰਗਾ ਲਗਿਆ। ਸੁੱਖਾ ਨੇੜੇ ਦੇ ਕਿਸੇ ਕਾਲਜ ਵਿਚੋਂ ਆਇਆ ਸੀ ਪਰ ਤੇਜੀ ਇਸੇ ਕਾਲਜ ਦੀ ਵਿਦਿਆਰਥਣ ਸੀ, ਪੋਸਟ ਗਰੇਜੂਏਟ ਦੀਆਂ ਜਮਾਤਾਂ ਵਿਚ ਇਕੱਠੇ ਹੋਏ ਸਨ। ਤੇਜੀ ਦਾ ਪਿੰਡ ਸ਼ਹਿਰ ਦੇ ਨਜ਼ਦੀਕ ਹੀ ਸੀ। ਉਸ ਦੇ ਪਿਓ ਦਾ ਕੰਮ ਵਧੀਆ ਸੀ। ਸਬਜ਼ੀਆਂ ਬੀਜਦਾ ਤੇ ਟਰੈਕਟਰ ਭਰ ਕੇ ਸ਼ਹਿਰ ਸੁੱਟ ਦਿੰਦਾ। ਸ਼ਹਿਰ ਦੇ ਨੇੜੇ ਜਮੀਨ ਹੋਣ ਦਾ ਭਰਪੂਰ ਫਾਇਦਾ ਸੀ ਉਸ ਨੂੰ ਪਰ ਸੁੱਖੇ ਦੇ ਪਿਓ ਦਾ ਕੰਮ ਕੁਝ ਢਿਲਾ ਸੀ, ਸਧਾਰਣ ਜਿਹਾ ਕਿਸਾਨ ਜੋ ਬੜੀ ਮੁਸ਼ਕਲ ਨਾਲ ਸੁੱਖੇ ਨੂੰ ਪੜਾ ਰਿਹਾ ਸੀ। ਸੁੱਖੇ ਨੂੰ ਇਸ ਗੱਲ ਦਾ ਅਹਿਸਾਸ ਸੀ ਤੇ ਚਾਹੁੰਦਾ ਸੀ ਕਿ ਜਲਦੀ ਕਿਸੇ ਕੰਮ ‘ਤੇ ਲਗ ਕੇ ਪਿਓ ਲਈ ਸਹਾਰਾ ਬਣੇ ਪਰ ਤੇਜੀ ਦੀ ਚਿੰਤਾ ਸਿਰਫ ਵਧੀਆ ਪਤੀ ਲਭਣ ਦੀ ਹੀ ਸੀ। ਉਹਨਾਂ ਦੋਨਾਂ ਦਾ ਪਿਆਰ ਇਸ ਸਭ ਕਾਸੇ ਤੋਂ ਬੇਖਬਰ ਸੀ। 
ਕੰਟੀਨ ਵਿਚ ਬੈਠਦੇ ਤਾਂ ਸੁੱਖਾ ਉਸ ਵਲ ਦੇਖਦਾ ਰਹਿੰਦਾ ਤੇ ਕਹਿੰਦਾ,
“ਤੇਜੀ, ਤੂੰ ਏਨੀ ਸੁਹਣੀ ਐਂ ਕਿ ਮੇਰਾ ਮਿਰਜ਼ਾ ਬਣਨ ਨੂੰ ਦਿਲ ਕਰਦਾ।”
“ਸ਼ਾਇਦ ਏਹ ਦੀ ਲੋੜ ਈ ਨਾ ਪਵੇ, ਗੱਲ ਕਰ ਆਪਣੇ ਘਰਦਿਆਂ ਨਾਲ਼, ਉਹ ਕਰਨ ਮੇਰੇ ਘਰਦਿਆਂ ਨਾਲ ਤੇ ਬਣ ਜਾ ਮਿਰਜ਼ਾ।”
“ਏਦਾਂ ਤਾਂ ਸਾਲ਼ਾ ਹਰੇਕ ਈ ਕਰਦਾ ਫਿਰਦਾ, ਇਹ ਕਾਹਦਾ ਹੋਇਆ ਮਿਰਜ਼ਾ!”
“ਹੋਰ ਮਿਰਜ਼ਾ ਕਿੱਦਾਂ ਬਣਨਾਂ?”
“ਵਿਆਹ ਤੋਂ ਪਹਿਲਾਂ ਈ ਤੈਨੂੰ ਚੁੱਕ ਕੇ।”
ਤੇਜੀ ਹੱਸਣ ਲਗਦੀ ਕਿ ਇਹ ਕਿਹੋ ਜਿਹੀਆਂ ਗੱਲਾਂ ਕਰਦਾ। ਹੋਰ ਸਾਲ ਨੂੰ ਪੜਾਈ ਖਤਮ ਹੋ ਜਾਵੇਗੀ, ਦੋਵਾਂ ਦੇ ਘਰ ਵਾਲੇ਼ ਸ਼ਾਇਦ ਹੀ ਇਤਰਾਜ਼ ਕਰਨ ਤੇ ਵਿਆਹ ਹੋ ਜਾਵੇਗਾ ਪਰ ਸੁੱਖਾ ਇਹ ਗੱਲ ਕਹਿੰਦਾ ਰਹਿੰਦਾ। ਸੁੱਖਾ ਸਿਨਮੇ ਹਾਲ ਵਿਚ ਫਿਲਮ ਦੇਖਦਿਆਂ ਉਸ ਦੇ ਜਿਸਮ ਨੂੰ ਮਿਣਨ ਲਗਦਾ, ਕੁਝ ਦੇਰ ਸੁੱਖੀ ਚੁੱਪ ਰਹਿੰਦੀ ਤੇ ਫਿਰ ਉਸ ਦਾ ਹੱਥ ਝਟਕਦੀ ਕਹਿੰਦੀ,
“ਵਿਆਹ ਤੋਂ ਬਾਅਦ।”
“ਮੈਂ ਮਿਰਜ਼ਾ, ਮੈਂ ਇੰਨੀ ਦੇਰ ਨਹੀਂ ਉਡੀਕ ਸਕਦਾ।”
...ਤੇ ਲੰਡਨ ਦੇ ਸਿਨਮੇ ਹਾਲ ਵਿਚ ਬੈਠੀ ਤੇਜੀ ਉਸ ਦੇ ਹੱਥ ਨੂੰ ਬਿਲਕੁਲ ਨਹੀਂ ਰੋਕਦੀ। ਸੁੱਖਾ ਹੈਰਾਨ ਹੋਇਆ ਕਹਿੰਦਾ ਹੈ,
“ਕਮਾਲ ਐ ਜਾਨ, ਨਾ ਤੇਰਾ ਢਿੱਡ ਵਧਿਆ ਤੇ ਨਾ ਈ ਛਾਤੀਆਂ ਢਿੱਲੀਆਂ ਪਈਆਂ, ਕੀ ਰਾਜ਼ ਐ?”
“ਯੋਗਾ।”
ਕਹਿ ਕੇ ਤੇਜੀ ਹੱਸਦੀ ਹੈ। ਸੁੱਖਾ ਧਿਆਨ ਨਾਲ ਦੇਖਦਾ ਹੈ ਕਿ ਤੇਜੀ ਉਪਰ ਪਿਛਲੇ ਪੈਂਤੀ ਸਾਲਾਂ ਨੇ ਕੋਈ ਖਾਸ ਅਸਰ ਨਹੀਂ ਛੱਡਿਆ ਜਦ ਕਿ ਉਹ ਮੋਟਾ ਵੀ ਹੋ ਗਿਆ ਹੈ, ਵਾਲ ਵੀ ਸਫ਼ੈਦ ਹੋ ਚਲੇ ਹਨ। ਚਾਲ ਵਿਚ ਵੀ ਉਹ ਤੇਜੀ ਨਹੀਂ ਰਹੀ। ਚਾਲ ਦਾ ਤਾਂ ਉਸ ਦਿਨ ਲੰਡਨ ਵਿਚ ਤੁਰਦਿਆਂ ਹੀ ਪਤਾ ਚਲ ਜਾਂਦਾ ਹੈ ਜਦ ਉਹ ਤੇਜੀ ਨਾਲੋਂ ਪਿੱਛੇ ਰਹਿਣ ਲਗਦਾ ਹੈ। 
ਦੋਵਾਂ ਨੇ ਪੜਾਈ ਖਤਮ ਕਰ ਲਈ। ਵਿਆਹ ਦੀ ਗੱਲ ਵੀ ਤੁਰ ਪਈ। ਦੋਵੇਂ ਨੌਕਰੀ ਦੀ ਤਲਾਸ਼ ਵਿਚ ਵੀ ਨਿਕਲ ਪਏ ਪਰ ਕਾਲਜ ਤੋਂ ਬਾਹਰ ਦੁਨੀਆ ਬਹੁਤ ਵਿਸ਼ਾਲ ਸੀ। ਬਹੁਤ ਸਾਰੇ ਸੁਫਨੇ ਕਾਲਜ ਦੀ ਇਮਾਰਤ ਵਿਚ ਰਹਿੰਦਿਆਂ ਦੇਖੇ ਜਾ ਸਕਦੇ ਹਨ ਪਰ ਬਾਹਰ ਆ ਕੇ ਹਕੀਕਤ ਕੁਝ ਹੋਰ ਹੁੰਦੀ ਹੈ। ਤੇਜੀ ਨੂੰ ਨੌਕਰੀ ਨਾ ਮਿਲੀ ਤਾਂ ਉਸ ਨੇ ਬੀ. ਐੱਡ ਵਿਚ ਦਾਖਲਾ ਲੈ ਲਿਆ ਤੇ ਸੁੱਖਾ ਕਿਸੇ ਪ੍ਰਾਈਵੇਟ ਸਕੂਲ ਵਿਚ ਥੋੜੇ ਜਿਹੇ ਪੈਸਿਆਂ ‘ਤੇ ਕੰਮ ਕਰਨ ਲਗਿਆ। ਉਹਨਾਂ ਦੇ ਵਿਆਹ ਦੀ ਗੱਲ ਵਿਚ ਅੜਿੱਕਾ ਆਣ ਲਗਿਆ ਇਕ ਤਾਂ ਅਮੀਰੀ-ਗਰੀਬੀ ਦਾ ਵੀ ਸੀ ਤੇ ਦੂਜਾ ਜੱਟ-ਸੈਣੀ ਦਾ ਵੀ। ਇਕ ਦਿਨ ਫਿਲਮ ਦੇਖਦਿਆਂ ਸੁੱਖੇ ਨੇ ਕਿਹਾ,
“ਤੇਜੀ, ਚਲ ਕੁਝ ਦਿਨਾਂ ਲਈ ਸਿ਼ਮਲੇ ਚੱਲੀਏ।”
“ਸਿ਼ਮਲੇ ਕੀ ਕਰਨਾ?”
“ਜੋ ਮਿਰਜ਼ਾ ਕਰਦਾ ਹੀ ਹੁੰਦਾ।”
ਤੇਜੀ ਹੱਸਣ ਲਗੀ ਤੇ ਬੋਲੀ,
“ਤੂੰ ਕੋਈ ਢੰਗ ਦੀ ਨੌਕਰੀ ਲੱਭ, ਕਿਸੇ ਕਾਲਜ ਵਿਚ, ਮੈਂ ਵੀ ਬੀ. ਐੱਡ ਕਰ ਲਵਾਂ, ਜ਼ਰਾ ਕੁ ਪੈਰਾਂ ‘ਤੇ ਖੜ ਕੇ ਆਪਾਂ ਘਰਦਿਆਂ ਤੋਂ ਬਾਹਰੇ ਹੋ ਕੇ ਵਿਆਹ ਕਰਾ ਲੈਨੇਂ ਆਂ।”
ਸੁੱਖਾ ਟੱਕਰਾਂ ਮਾਰਦਾ ਰਿਹਾ ਪਰ ਕਾਲਜ ਵਿਚ ਪ੍ਰੋਫੈਸਰੀ ਉਸ ਨੂੰ ਨਾ ਮਿਲੀ। ਪੰਜਾਬੀ ਦੇ ਐਮ. ਏ. ਇੰਨੇ ਸਨ ਕਿ ਅਗੇ ਖਾਲੀ ਥਾਂਵਾਂ ਬਹੁਤ ਥੋੜੀਆਂ ਹੁੰਦੀਆਂ। ਪ੍ਰਾਈਵੇਟ ਸਕੂਲ ਦੀ ਨਿਗੂਣੀ ਤਨਖਾਹ ਤਾਂ ਉਸ ਨੂੰ ਟਿੱਚਰ ਜਿਹੀ ਹੀ ਮਹਿਸੂਸ ਹੁੰਦੀ ਪਰ ਜੇਬ੍ਹ ਖਰਚ ਵੀ ਤਾਂ ਚਾਹੀਦਾ ਸੀ। ਇਕ ਹੋਰ ਆਸ ਦੀ ਕਿਰਨ ਉਸ ਨੂੰ ਨਜ਼ਰ ਆਉਣ ਲਗ ਪਈ ਕਿ ਉਸ ਦਾ ਇੰਗਲੈਂਡ ਜਾਣ ਦਾ ਸਬੱਬ ਬਣਨ ਲਗਿਆ। ਓਧਰ ਤੇਜੀ ਨੇ ਬੀ. ਐੱਡ ਕਰ ਲਈ ਪਰ ਸਰਕਾਰੀ ਸਕੂਲ ਦੀ ਨੌਕਰੀ ਉਸ ਨੂੰ ਵੀ ਨਾ ਮਿਲੀ। ਜਲੰਧਰ ਦੇ ਇਕ ਪ੍ਰਾਈਵੇਟ ਸਕੂਲ ਜੋਗੀ ਉਹ ਰਹਿ ਗਈ। ਉਸ ਦੀ ਇਹ ਗੱਲ ਸੀ ਕਿ ਤਨਖਾਹ ਸੁੱਖੇ ਨਾਲੋਂ ਕੁਝ ਜਿ਼ਆਦਾ ਸੀ। ਸ਼ਹਿਰ ਹੋਣ ਦਾ ਵੀ ਫਰਕ ਸੀ ਤੇ ਸਕੂਲ ਦੇ ਸਟੈਂਡਰਡ ਦਾ ਵੀ ਪਰ ਸਰਕਾਰੀ ਅਧਿਆਪਕਾਂ ਨਾਲੋਂ ਇਹ ਤਨਖਾਹ ਅੱਧੀ ਤੋਂ ਵੀ ਘੱਟ ਸੀ। ਇਕ ਦਿਨ ਸੁੱਖਾ ਉਸ ਕੋਲ ਜਾ ਕੇ ਕਹਿਣ ਲਗਿਆ,
“ਹਾਂ, ਮੇਰੀ ਜਾਨ, ਕਿੱਦਾਂ ਕਰਨੀ ਹੁਣ?”
“ਜਿੱਦਾਂ ਕਹੇਂ।”
“ਚੱਲੀਏ ਸਿ਼ਮਲੇ?”
“ਵਿਆਹ ਤੋਂ ਬਾਅਦ।”
“ਚਲ, ਵਿਆਹ ਕਰਾ ਲਈਏ।”
“ਠੀਕ ਐ ਪਰ ਇੰਨੀ ਕੁ ਤਨਖਾਹ ਨਾਲ ਗੁਜ਼ਾਰਾ ਕਿਦਾਂ ਹੋਏਗਾ! ਜਦੋਂ ਘਰ ਦਿਆਂ ਨੂੰ ਛੱਡਿਆ ਤਾਂ ਕਿਸੇ ਨੇ ਕੋਈ ਹੈੱਲਪ ਨਹੀਂ ਕਰਨੀ, ਸੋਚ ਕੇ ਦੇਖ, ਕਿਰਾਏ ਦਾ ਘਰ, ਸਭ ਕੁਸ਼ ਮੁੱਲ ਦਾ ਤੇ ਸਾਡੀ ਦੋਨਾਂ ਦੀ ਤਨਖਾਹ! ਤੈਨੂੰ ਸ਼ਹਿਰਾਂ ਦੇ ਖ਼ਰਚਿਆਂ ਦਾ ਪਤੈ?”
“ਤਿੰਨ-ਚਾਰ ਸਾਲ ਦਾ ਇਸ਼ਕ ਸਾਡਾ, ਇਹਦਾ ਵੀ ਤਾਂ ਕੋਈ ਮੁੱਲ ਐ।”
“ਮੈਨੂੰ ਘਰ ਦੇ ਵਿਆਹ ਬਾਰੇ ਆਖਦੇ ਪਏ ਆ ਵੈਸੇ ਤਾਂ ਮੈਂ ਨਾਂਹ ਕਰ ਚੁੱਕੀ ਆਂ ਪਰ ਤੂੰ ਕਰ ਕੁਸ਼, ਤੇਰੀ ਤਨਖਾਹ ਤਾਂ ਚਪੜਾਸੀ ਦੀ ਤਨਖਾਹ ਤੋਂ ਵੀ ਘੱਟ ਐ।”
“ਇਕ ਹੋਰ ਬੂਹਾ ਖੁਲ੍ਹ ਰਿਹੈ।”
“ਉਹ ਕਿਹੜਾ?”
“ਮੇਰੇ ਇੰਗਲੈਂਡ ਜਾਣ ਦਾ।”
“ਇਹ ਠੀਕ ਐ।”
“ਚੱਲ, ਫੇਰ ਵਿਆਹ ਕਰਾ ਲਈਏ।”
“ਤੂੰ ਮੈਨੂੰ ਵਿਆਹ ਕੇ ਕਿਹਦੇ ਆਸਰੇ ਛੱਡ ਜਾਏਂਗਾ ਤੇ ਮੈਂ ਰਹਿ ਜਾਵਾਂਗੀ ਇਕੱਲੀ।”
ਸੁੱਖਾ ਸੋਚਾਂ ਵਿਚ ਪੈ ਗਿਆ। ਗੱਲ ਤਾਂ ਤੇਜੀ ਦੀ ਠੀਕ ਸੀ। ਇਹੋ ਵਧੀਆ ਸੀ ਕਿ ਇੰਗਲੈਂਡ ਜਾਵੇ ਤੇ ਤੇਜੀ ਨੂੰ ਉਥੇ ਸੱਦ ਲਵੇ। ਉਹ ਬੋਲਿਆ,
“ਚੱਲ, ਸਿ਼ਮਲੇ ਚੱਲੀਏ।”
“ਨਹੀਂ, ਵਿਆਹ ਤੋਂ ਬਾਅਦ।”
“ਇਹਦਾ ਮਤਲਬ ਤੂੰ ਸਾਹਿਬਾਂ ਨਹੀਂ ਤੇ ਮੈਂ ਮਿਰਜ਼ਾ ਨਹੀਂ?”
“ਤੂੰ ਸੁੱਖਾ ਹੋਣ ਨਾਲ਼ ਈ ਕੰਮ ਚਲਾ ਲੈ।”
ਤੇਜੀ ਹੱਸਦੀ ਹੋਈ ਬੋਲੀ।
ਸੁੱਖਾ ਇੰਗਲੈਂਡ ਆ ਗਿਆ। ਤੇਜੀ ਨੂੰ ਪ੍ਰੋਫੈਸਰ ਮੁੰਡਾ ਮਿਲ ਗਿਆ ਤੇ ਸੁੱਖੇ ਨੇ ਵੀ ਵਿਆਹ ਕਰਾ ਲਿਆ। ਮਿਰਜ਼ੇ ਵਾਲਾ ਸੁਫਨਾ ਜਾ ਪਿਆ ਕਿਸੇ ਖੱਡ ਵਿਚ। ਉਹ ਇੰਡੀਆ ਜਾਂਦਾ, ਤੇਜੀ ਨੂੰ ਮਿਲਣ ਉਸ ਦੇ ਸਕੂਲ ਚਲੇ ਜਾਂਦਾ। ਉਸ ਲਈ ਕੋਈ ਨਾ ਕੋਈ ਤੋਹਫ਼ਾ ਵੀ ਹੁੰਦਾ; ਕਦੇ ਕੋਈ ਕਪੜਾ, ਕਦੇ ਘੜੀ, ਇਕ ਵਾਰ ਮੁਬਾਈਬਲ ਫੋਨ ਵੀ। ਸੁੱਖਾ ਆਖਦਾ,
“ਹੁਣ ਤਾਂ ਬਹੁਤ ਵਕਤ ਲੰਘ ਗਿਆ, ਹੁਣ ਤਾਂ ਵਕਤ ਕੱਢ ਲੈ।”
ਤੇਜੀ ਉਸ ਦੇ ਦਿਤੇ ਤੋਹਫ਼ੇ ‘ਤੇ ਹੱਥ ਫੇਰਦੀ ਤੇ ਕਹਿੰਦੀ,
“ਦੇਖੋ, ਜੇ ਮੌਕਾ ਮੇਲ਼ ਹੋ ਗਿਆ ਤਾਂ ਪਰ ਮੈਨੂੰ ਪ੍ਰੋਫੈਸਰ ਸਾਹਿਬ ਦਾ ਵੀ ਤਾਂ ਸੋਚਣਾ ਪੈਂਦਾ।”
ਦੋ ਕੁ ਸਾਲ ਪਹਿਲਾਂ ਅਜਿਹਾ ਹੀ ਉਤਰ ਲੈ ਕੇ ਮੁੜੇ ਸੁੱਖੇ ਨੂੰ ਸਮਝ ਨਹੀਂ ਲਗ ਰਹੀ ਕਿ ਉਹ ਤੇਜੀ ਕੋਲ ਵਾਰ ਵਾਰ ਕਿਉਂ ਜਾਂਦਾ ਹੈ। ਹੁਣ ਉਹ ਮਿਰਜ਼ਾ ਨਹੀਂ ਰਿਹਾ। ਮਿਰਜ਼ਾ ਬਣਨ ਦਾ ਸੁਫਨਾ ਵੀ ਬਹੁਤ ਪਿੱਛੇ ਰਹਿ ਚੁੱਕਾ ਹੈ। ਹੁਣ ਉਸ ਨੂੰ ਨਵੀਂਆਂ ਰਾਹਾਂ ਉਪਰ ਤੁਰਦੇ ਕੁਝ ਲੱਭਣਾ ਚਾਹੀਦਾ ਹੈ। ਫਿਰ ਉਹ ਸੋਚਦਾ ਹੈ ਕਿ ਯੂਨੀਵਰਸਿਟੀ ਵਿਚ ਪੜ੍ਹਦੇ ਦੋ ਬੱਚੇ ਤੇ ਘਰ ਬੈਠੀ ਪਤਨੀ ਦੇ ਹੁੰਦੇ ਉਹ ਕਿਹੜੀਆਂ ਨਵੀਂ ਰਾਹਾਂ ਲੱਭ ਸਕੇਗਾ।
ਜਿਵੇਂ ਕਹਿੰਦੇ ਹਨ ਕਿ ਰੱਬ ਦੇ ਘਰ ਦਾ ਕੁਝ ਨਹੀਂ ਪਤਾ। ਪਤਾ ਨਹੀਂ ਕਿਹੜੇ ਵੇਲੇ ਸਮੇਂ ਨੇ ਕਰਵਟ ਲੈ ਕੇ ਤੁਹਾਡੇ ਮੂਹਰੇ ਕਿਹੜਾ ਤੋਹਫ਼ਾ ਪੇਸ਼ ਕਰ ਦੇਣਾ ਹੈ। ਇਵੇਂ ਹੀ ਸੁੱਖੇ ਨਾਲ ਹੁੰਦਾ ਹੈ। ਇਕ ਦਿਨ ਉਸ ਦੇ ਮੁਬਾਈਲ ਦੀ ਘੰਟੀ ਵਜਦੀ ਹੈ। ਫੋਨ ਇੰਡੀਆ ਤੋਂ ਹੈ। ਕੋਈ ਓਪਰਾ ਜਿਹਾ ਨੰਬਰ। ਉਹ ਸੋਚਦਾ ਹੋਇਆ ਕਿ ਕਿਸ ਦਾ ਹੋਵੇਗਾ ਫੋਨ ਔਨ ਕਰਦਾ ਹੈ। ਦੂਜੇ ਪਾਸਿਓਂ ਔਰਤਾਨਾ ਅਵਾਜ਼ ਕਹਿ ਰਹੀ ਹੈ,
“ਮਿਰਜਿ਼ਆ, ਕੀ ਹਾਲ ਐ?”
“ਹੁਣ ਮੈਂ ਕਾਹਦਾ ਮਿਰਜ਼ਾ ਰਹਿ ਗਿਆ, ਤੂੰ ਮਿਰਜ਼ਾ ਬਣਨ ਈ ਨਹੀਂ ਦਿਤਾ, ਅਜ ਕਿਦਾਂ ਯਾਦ ਆ ਗਈ?”
“ਪੁਰਾਣੀ ਮੁਹੱਬਤ ਨੇ ਛੱਲ ਮਾਰੀ ਤੇ ਯਾਦਾਂ ‘ਚੋਂ ਤੇਰਾ ਨੰਬਰ ਕੱਢਿਆ ਤੇ ਘੁਮਾ ਲਿਆ।”
“ਚੰਗਾ ਕੀਤਾ, ਸੁਣਾ ਕੀ ਹਾਲ ਐ ਤੇਰੇ ਟੱਬਰ ਦਾ, ਤੇਰੇ ਪ੍ਰੋਫੈਸਰ ਦਾ।”
“ਪ੍ਰੋਫੈਸਰ ਠੀਕ ਐ, ਮੇਰੀ ਕੁੜੀ ਦੇ ਮੁੰਡਾ ਐ ਤੇ ਮੇਰੇ ਮੁੰਡੇ ਦੇ ਕੁੜੀ, ਪ੍ਰੋਫੈਸਰ ਸਾਬ ਪਿਛਲੇ ਸਾਲ ਰਿਟਾਇਰ ਹੋ ਗਏ ਤੇ ਮੈਂ ਐਤਕੀਂ। ਤੂੰ ਸੁਣਾ ਆਪਣੀ ਕਹਾਣੀ।”
“ਮੁੰਡਾ ਕੁੜੀ ਪੜਦੇ ਆ ਤੇ ਮੇਰੀ ਜੌਬ ਛੁੱਟ ਗਈ ਤੇ ਵਿਹਲਾਂ।”
“ਫੇਰ ਤਾਂ ਰੋਜ਼ ਮਿਰਜ਼ਾ ਬਣਦਾਂ ਹੋਏਂਗਾ।”
“ਹੈ ਕਮਲ਼ੀ, ਭਲਾ ਘਰੇ ਵੀ ਕੋਈ ਮਿਰਜ਼ਾ ਬਣ ਸਕਦੈ!”
“ਅੱਛਾ, ਗੱਲ ਸੁਣ, ਮੇਰੀ ਭਾਣਜੀ ਦਾ ਵਿਆਹ ਐ, ਸਾਊਥਾਲ ਈ ਰਹਿੰਦੀ ਐ ਮੇਰੀ ਭੈਣ, ਆ ਜਾਵਾਂ ਵਿਆਹ ‘ਤੇ?”
“ਜਾਣੀ ਕਿ ਮਿਰਜ਼ਾ ਬਣਨ ਦਾ ਸੁਫਨਾ ਫਿਰ ਤੋਂ ਲੈਣਾ ਸ਼ੁਰੂ ਕਰ ਦੇਵਾਂ?”
ਸੁੱਖੇ ਦੀ ਗੱਲ ਸੁਣ ਤੇਜੀ ਹੱਸਣ ਲਗਦੀ ਹੈ ਤੇ ਕਹਿੰਦੀ ਹੈ,
“ਤੂੰ ਬੜਾ ਜ਼ਿੱਦੀ ਐਂ, ਗੱਲ ਸੁਣ, ਸਾਡਾ ਤਾਂ ਹੱਥ ਹੁਣ ਤੰਗ ਐ, ਟਿਕਟ ਖ਼ਰਚੇਂਗਾ?”
ਸੁਖਾ ਸੋਚਣ ਲਗ ਜਾਂਦਾ ਹੈ। ਤੇਜੀ ਫਿਰ ਕਹਿੰਦੀ ਹੈ,
“ਪਹਿਲੀ ਵਾਰੀ ਤੈਨੂੰ ਕੋਈ ਕੰਮ ਕਹਿ ਰਹੀ ਆਂ।”
“ਹਾਂ ਹਾਂ, ਕੋਈ ਗੱਲ ਨਹੀਂ ਆ ਜਾ।”
ਇਸ ਦਾ ਮਤਲਬ ਕਿ ਸੁੱਖੇ ਦੇ ਸੁਫਨੇ ਮੁੜ ਸ਼ੁਰੂ। ਉਹ ਨਵੇਂ ਉਤਸ਼ਾਹ ਨਾਲ ਭੱਜਾ ਫਿਰਦਾ ਹੈ। ਉਹ ਤੇਜੀ ਦੇ ਇੰਤਜ਼ਾਰ ਵਿਚ ਆਪਣੇ ਘਰ ਉਪਰ ਦੀ ਲੰਘਦੇ ਹਰ ਜਹਾਜ਼ ਨੂੰ ਨਿਹਾਰਨ ਲਗਦਾ ਹੈ। ਆਪਣੇ ਘਰ ਉਪਰ ਦੀ ਹਵਾਈ ਜਹਾਜ਼ਾਂ ਦਾ ਲਾਂਘਾ ਉਸ ਨੂੰ ਹਮੇਸ਼ਾ ਹੀ ਬੁਰਾ ਲਗਿਆ ਹੈ ਪਰ ਹੁਣ ਨਹੀਂ। ਤੇਜੀ ਦੇ ਆਉਣ ਦੀ ਤਰੀਕ ਆ ਜਾਂਦੀ ਹੈ। ਉਸ ਨੂੰ ਫਲਾਈਟ ਨੰਬਰ ਦਾ ਪਤਾ ਹੈ। ਉਹ ਇੰਟਰਨੈੱਟ ਤੇ ਉਸ ਬਾਰੇ ਪੜ੍ਹਦਾ ਰਹਿੰਦਾ ਹੈ। ਉਹ ਦੇਖਦਾ ਹੈ ਕਿ ਫਲਾਈਟ ਵਕਤ ਸਿਰ ਲਗ ਰਹੀ ਹੈ। ਉਸ ਨੂੰ ਕਾਹਲ ਪੈ ਰਹੀ ਹੈ ਕਿ ਪਤਾ ਨਹੀਂ ਤੇਜੀ ਨੂੰ ਲੈਣ ਉਸ ਦੀ ਭੈਣ ਗਈ ਵੀ ਹੋਵੇਗੀ ਕਿ ਨਹੀਂ। ਜੇ ਹਲਾਤ ਅਜਿਹੇ ਹੁੰਦੇ ਕਿ ਤੇਜੀ ਨੂੰ ਉਹ ਲਿਆ ਸਕਦਾ ਤਾਂ ਉਹ ਕਦੇ ਵੀ ਲੇਟ ਨਾ ਹੁੰਦਾ। ਉਹ ਘੜੀ ਦੇਖਦਾ ਹੈ। ...ਤੇਜੀ ਬਾਹਰ ਆ ਗਈ ਹੋਵੇਗੀ। ਉਹ ਆਪਣੀ ਭੈਣ ਨਾਲ ਕਾਰ ਵਿਚ ਜਾ ਰਹੀ ਹੋਵੇਗੀ। ਭੈਣ ਸਾਊਥਾਲ ਹੀ ਰਹਿੰਦੀ ਹੈ, ਹੰਸਲੋ ਤੋਂ ਦੋ ਤਿੰਨ ਮੀਲ ਦੂਰ। ਦਸ ਮਿੰਟ ਦਾ ਰਾਹ। ਉਸ ਨੂੰ ਆਸ ਹੈ ਕਿ ਘਰ ਪੁੱਜਦਿਆਂ ਹੀ ਤੇਜੀ ਉਸ ਨੂੰ ਫੋਨ ਕਰੇਗੀ। ਕਈ ਘੰਟੇ ਨਿਕਲ ਜਾਂਦੇ ਹਨ। ਸਵੇਰ ਦੀ ਲਗੀ ਫਲਾਈਟ ਤੇ ਹੁਣ ਸ਼ਾਮ ਹੋ ਰਹੀ ਹੈ। ਉਹ ਆਪਣੇ ਫੋਨ ਨੂੰ ਰਹਿ ਰਹਿ ਕੇ ਦੇਖਦਾ ਹੈ ਕਿ ਕਿਤੇ ਖਰਾਬ ਹੀ ਨਾ ਹੋਵੇ। ਅੰਤ ਅੱਠ ਕੁ ਵਜੇ ਉਸ ਦੇ ਫੋਨ ਘੰਟੀ ਵਜਦੀ ਹੈ। ਓਪਰਾ ਜਿਹਾ ਲੋਕਲ ਮੁਬਾਈਲ ਨੰਬਰ ਹੈ। ਉਹ ਹੈਲੋ ਕਹਿੰਦਾ ਹੈ। ਅਗੇ ਤੇਜੀ ਹੀ ਹੈ, ਫਤਿਹ ਤੋਂ ਬਾਅਦ ਦੱਸਣ ਲਗਦੀ ਹੈ,
“ਇਹ ਮੇਰਾ ਨੰਬਰ ਐ, ਮੇਰੇ ਭਾਣਜੇ ਨੇ ਆਪਣੇ ਇਕ ਫੋਨ ਵਿਚ ਸਿਮ ਕਾਰਡ ਪਾ ਦਿਤਾ ਤੇ ਹੁਣ ਮੈਂ ਜਿੰਨੇ ਦਿਨ ਰਹੀ ਇਹੋ ਵਰਤਾਂਗੀ।”
“ਮੈਨੂੰ ਘੰਟੀ ਕਰ ਕੇ ਛੱਡ ਦਿਆ ਕਰ, ਮੈਂ ਆਪੇ ਵਾਪਸ ਕਰ ਲਊਂ, ਹੁਣ ਕੀ ਪ੍ਰੋਗਰਾਮ ਐਂ, ਕਦੋਂ ਮਿਲ ਰਹੀ ਰਹੀ ਐਂ?
“ਪਰਸੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ, ਕੱਲ ਨੂੰ ਵਿਹਲ ਐ, ਵੈਸੇ ਮੈਂ ਤਾਂ ਵਿਹਲੀ ਈ ਆਂ ਸਿਰਫ਼ ਰਸਮਾਂ ਵਿਚ ਈ ਜਾਣਾਂ।”
ਅਗਲੇ ਦਿਨ ਗਿਆਰਾਂ ਕੁ ਵਜੇ ਸੁੱਖਾ ਤੇਜੀ ਨੂੰ ਸਾਊਥਾਲ ਦੀ ਇਕ ਰੋਡ ਤੋਂ ਚੁੱਕ ਲੈਂਦਾ ਹੈ। ਇਕ ਸੁੰਨੀ ਜਿਹੀ ਰੋਡ ‘ਤੇ ਕਾਰ ਖੜੀ ਕਰ ਉਸ ਵਲ ਵਧਦਾ ਹੈ। ਤੇਜੀ ਵੀ ਉਸ ਨੂੰ ਬਾਂਹਾਂ ਵਿਚ ਲੈ ਲੈਂਦੀ ਹੈ। ਇਕ ਭਰਵਾਂ ਜਿਹਾ ਚੁੰਮਣ! ਤੇਜੀ ਕਹਿੰਦੀ ਹੈ,
“ਕਿੰਨੇ ਸਾਲ ਉਡੀਕਣਾ ਪਿਆ ਇਸ ਪਲ ਨੂੰ ਮਾਣਨ ਲਈ।”
“ਹਾਂ, ਪੈਂਤੀ ਸਾਲ! ਪਰ ਹੁਣ ਮੈਂ ਆਪਣੀਆਂ ਸਾਰੀਆਂ ਸੱਧਰਾਂ ਪੂਰੀਆਂ ਕਰਨੀਆਂ।”
“ਮਿਰਜਿ਼ਆ, ਤੇਰੀਆਂ ਨਹੀਂ ਮੇਰੀਆਂ ਵੀ, ਕਿਦਾਂ ਵਕਤ ਨੇ ਸਾਨੂੰ ਦੂਰ ਰੱਖਿਆ! ਮੈਨੂੰ ਪਤਾ ਸੀ ਕਿ ਰੱਬ ਦੇ ਘਰ ਦੇਰ ਹੋ ਸਕਦੀ ਐ ਹਨੇਰ ਨਹੀਂ, ਦੇਖ ਰੱਬ ਨੇ ਕਿਦਾਂ ਮੌਕਾ ਮੇਲ ਬਣਾਇਆ ਹੁਣ।”
ਸਵਾਦ ਵਿਚ ਤੇਜੀ ਨੇ ਅੱਖਾਂ ਮੁੰਦੀਆਂ ਹੋਈਆਂ ਹਨ। ਸੁੱਖਾ ਵੀ ਕਿਸੇ ਹੋਰ ਹੀ ਦੁਨੀਆ ਵਿਚ ਹੈ। ਕਿੰਨਾ ਚਿਰ ਹੀ ਉਸ ਉਸੇ ਮੁਦਰਾ ਵਿਚ ਰਹਿੰਦੇ ਹਨ। ਫਿਰ ਤੇਜੀ ਨੇ ਆਖਦੀ ਹੈ,
“ਕਿਧਰ ਲੈ ਕੇ ਚੱਲੇਂਗਾ?”
“ਹਾਲੇ ਤਾਂ ਤੈਨੂੰ ਦੇਖਣ ਦੀ ਭੁੱਖ ਈ ਪੂਰੀ ਨਹੀਂ ਹੋਈ।”
ਸੁੱਖਾ ਕਾਰ ਨੂੰ ਨੇੜਲੀ ਇਕ ਪਹਾੜੀ ‘ਤੇ ਲੈ ਜਾਂਦਾ ਹੈ ਜਿਥੇ ਉਜਾੜ ਜਿਹੀ ਵਿਚ ਪ੍ਰੇਮੀ ਆਪਣੀਆਂ ਕਾਰਾਂ ਖੜੀਆਂ ਕਰ ਰਖਦੇ ਹਨ। ਚਾਰ ਘੰਟੇ ਉਹ ਉਥੇ ਗੱਲਾਂ ਕਰਦੇ ਬਿਤਾ ਦਿੰਦੇ ਹਨ। ਆਪੋ ਆਪਣੀਆਂ ਕਹਾਣੀਆਂ, ਆਪਣੇ ਪਰਿਵਾਰਾਂ ਦੀਆਂ ਕਹਾਣੀਆਂ, ਦੁੱਖ-ਸੁੱਖ ਵਿਚ ਬੀਤੇ ਪਲ। ਜਿ਼ੰਦਗੀ ਵਿਚ ਆਏ ਉਤਰਾ- ਚੜ੍ਹਾਅ। ਵਕਤ ਦਾ ਪਤਾ ਹੀ ਨਹੀਂ ਚਲਦਾ ਕਿ ਕਿਹੜੇ ਵੇਲੇ ਬੀਤ ਜਾਂਦਾ ਹੈ। ਤੇਜੀ ਘੜੀ ਦੇਖਦੀ ਹੋਈ ਕਹਿੰਦੀ ਹੈ,
“ਹੁਣ ਜਿੰਨੇ ਦਿਨ ਇਥੇ ਆਂ ਮੈਂ ਚਾਹੁਨੀ ਆਂ ਕਿ ਪਿਛਲੇ ਪੈਂਤੀ ਸਾਲਾਂ ਦੀ ਦੂਰੀ ਇਹਨਾਂ ਦੋ ਮਹੀਨਿਆਂ ਵਿਚ ਕੱਢ ਦੇਈਏ।”
“ਇਹੋ ਤਾਂ ਮੈਂ ਚਾਹੁੰਨਾ, ਤੂੰ ਦਸ ਕਿ ਲੰਡਨ ਦੀ ਕਿਹੜੀ ਜਗਾਹ ਤੂੰ ਦੇਖਣੀ ਚਾਹੁੰਨੀ ਐਂ ਦਿਖਾ ਦੇਵਾਂਗਾ।”
“ਮੈਂ ਤਾਂ ਲੰਡਨ ਦਾ ਇਹ ਥੰਮ ਦੇਖਣਾ ਚਾਹੁੰਨੀ ਆਂ, ਇਹ ਮੇਰੇ ਕੋਲ਼ ਬੈਠਾ, ਹੋਰ ਜੋ ਤੂੰ ਮਰਜ਼ੀ ਦਿਖਾਈ ਜਾਹ। ਮੈਂ ਭੈਣ ਦੇ ਘਰ ਤਾਂ ਉਸੇ ਦਿਨ ਠਹਿਰਨਾ ਜਿਸ ਦਿਨ ਕੋਈ ਰਸਮ ਹੋਵੇ ਨਹੀਂ ਤਾਂ ਮੈਂ ਸਾਰਾ ਦਿਨ ਵਿਹਲੀ। ਘਰ ਵਿਚ ਸਾਰੇ ਈ ਵਿਆਹ ਵਿਚ ਬੀਜ਼ੀ ਐ ਤੇ ਪਰਾਹੁਣਿਆਂ ਦੀ ਕਿਸ ਨੂੰ ਚਿੰਤਾ!”
ਇਵੇਂ ਹੀ ਹੁੰਦੀ ਹੈ। ਪਿਛਲੇ ਪੈਂਤੀ ਸਾਲ ਦੀ ਕਸਰ ਨਿਕਲਣ ਲਗਦੀ ਹੈ। ਕਦੇ ਲੰਡਨ ਦੀ ਕੋਈ ਜਗਾਹ ਤੇ ਕਦੇ ਹੋਟਲ ਦਾ ਕੋਈ ਕਮਰਾ। ਜਿਸ ਦਿਨ ਦਾ ਵੀ ਪ੍ਰੋਗਰਾਮ ਹੋਵੇ ਸੁੱਖਾ ਤੇਜੀ ਨੂੰ ਗਿਆਰਾਂ ਕੁ ਵਜੇ ਭੈਣ ਦੇ ਘਰ ਦੇ ਨੇੜਲੇ ਮੋੜ ਤੋਂ ਚੁੱਕ ਲੈਂਦਾ ਹੈ ਤੇ ਸ਼ਾਮ ਨੂੰ ਛੇ ਕੁ ਵਜੇ ਉਸੇ ਮੋੜ ‘ਤੇ ਉਤਾਰ ਜਾਂਦਾ ਹੈ। ਹੋਟਲ ਤਾਂ ਭਾਵੇਂ ਏਅਰਪੋਰਟ ਦੇ ਨੇੜੇ ਵੀ ਬਹੁਤ ਹਨ ਪਰ ਉਹ ਉਤਰੀ ਲੰਡਨ ਵਲ ਨਿਕਲਦੇ ਹਨ ਜਿਥੇ ਕੋਈ ਵਾਕਫ਼ ਮਿਲਣ ਦੀ ਆਸ ਨਹੀਂ ਹੁੰਦੀ। ਲੰਡਨ ਵਿਚ ਤਾਂ ਉਹ ਹੱਥ ਵਿਚ ਹੱਥ ਪਾਈ ਨਵੇਂ ਨਵੇਕਲੇ ਪ੍ਰੇਮੀਆਂ ਵਾਂਗ ਘੁੰਮਦੇ ਹਨ। ਉਹਨਾਂ ਨੂੰ ਆਲੇ ਦੁਆਲੇ ਦੀ ਜਿਵੇਂ ਕੋਈ ਖ਼ਬਰ ਹੀ ਨਾ ਹੋਵੇ। ਦੋ ਮਹੀਨੇ ਕਦੋਂ ਲੰਘ ਗਏ ਹਨ ਪਤਾ ਹੀ ਨਹੀਂ ਚਲਦਾ। ਸੁੱਖੇ ਨੂੰ ਇੰਨੀ ਕੁ ਖ਼ਬਰ ਹੈ ਕਿ ਉਸ ਦੇ ਕਰੈਡਿਟ ਕਾਰਡਾਂ ਦੀ ਲਾਲ ਲਕੀਰ ਦਿਨੋ ਦਿਨ ਉਚੀ ਹੁੰਦੀ ਜਾਂਦੀ ਹੈ ਪਰ ਉਹ ਅਨੰਦ ਦੇ ਇਸ ਆਲਮ ਵਿਚ ਬਹੁਤਾ ਸੋਚਣਾ ਨਹੀਂ ਚਾਹੁੰਦਾ। 
...ਹੁਣ ਤੇਜੀ ਦਾ ਜਹਾਜ਼ ਉਸ ਦੇ ਸਿਰ ਉਪਰੋਂ ਦੀ ਲੰਘ ਚੁੱਕਾ ਹੈ। ਉਹ ਵਾਪਸ ਆਪਣੀ ਕੁਰਸੀ ‘ਤੇ ਬੈਠ ਅੱਖਾਂ ਬੰਦ ਕਰ ਬੀਤੇ ਬਾਰੇ ਸੋਚਣ ਲਗਦਾ ਹੈ। ਉਹ ਪਿਛਲੇ ਪੈਂਤੀ ਵਰ੍ਹਿਆਂ ਬਾਰੇ ਨਹੀਂ ਸੋਚਦਾ ਉਸ ਨੂੰ ਤਾਂ ਇਹਨਾਂ ਦੋ ਮਹੀਨਿਆਂ ਨੂੰ ਦੀ ਯਾਦ ਹੀ ਕਰ ਸਵਾਦ ਸਵਾਦ ਕਰੀ ਜਾਂਦੀ ਹੈ। ਉਹ ਇਸ ਧਰਤੀ ‘ਤੇ ਪੁਜੀ ਤੇਜੀ ਦੀ ਫੋਨ ਉਪਰ ਪਹਿਲੀ ਅਵਾਜ਼ ਸੁਣਨ ਤੋਂ ਲੈ ਕੇ ਆਖਰੀ ਅਲਵਿਦਾ ਤਕ ਚੇਤੇ ਕਰਨਾ ਚਾਹੁੰਦਾ ਹੈ। ਅਚਾਨਕ ਉਹ ਕੀ ਦੇਖਦਾ ਹੈ ਕਿ ਇਸ ਸਭ ਕਾਸੇ ਵਿਚ ਇਕ ਕੰਕਰ ਹੈ, ਇਕ ਕੋਕੜੂ ਹੈ ਜੋ ਬੁਰੀ ਤਰ੍ਹਾਂ ਰੜਕਣ ਲਗਦਾ ਹੈ। ਉਹ ਅੱਖਾਂ ਖੋਹਲ ਆਲਾ ਦੁਆਲਾ ਦੇਖਦਾ ਹੈ। ਉਥੇ ਕੋਈ ਵੀ ਨਹੀਂ ਹੈ। ਉਸ ਦੀ ਪਤਨੀ ਤੇ ਹੋਰ ਸਾਰੇ ਦੂਜੇ ਕਮਰੇ ਵਿਚ ਹਨ। ਉਹ ਸੋਚਣ ਲਗਦਾ ਹੈ ਕਿ ਇਹ ਕੰਕਰ ਕੈਸਾ ਹੋਇਆ। ਇੰਨੇ ਵਿਸਮਾਦ ਵਿਚ ਇਹ ਕਿਥੋਂ ਆ ਗਿਆ। ਉਹ ਫਿਰ ਪਹਿਲਾਂ ਤੋਂ ਸਭ ਕੁਝ ਚੇਤੇ ਕਰਨ ਲਗਦਾ ਹੈ;
ਦੂਜੀ ਮੁਲਾਕਾਤ ‘ਤੇ ਉਹ ਤੇਜੀ ਨੂੰ ਲੰਡਨ ਲੈ ਜਾਂਦਾ ਹੈ ਤੇ ਤੀਜੀ ਮੁਲਾਕਾਤ ਸਮੇਂ ਉਤਰੀ ਲੰਡਨ ਦੇ ਪ੍ਰੀਮੀਅਰ ਹੋਟਲ ਵਿਚ ਇਕ ਕਮਰਾ ਬੁੱਕ ਕਰਾ ਲੈਂਦਾ ਹੈ। ਤੇਜੀ ਖੁਸ਼ ਹੈ। ਸੁੱਖਾ ਆਪਣੇ ਲਈ ਵਿਸਕੀ ਦੀ ਬੋਤਲ ਖਰੀਦਦਾ ਹੈ ਤੇ ਤੇਜੀ ਲਈ ਵੀ ਖਾਣ ਪੀਣ ਲਈ ਕਾਫੀ ਸਾਰਾ। ਆਪਣੇ ਕਮਰੇ ਵਿਚ ਪੁੱਜਦੇ ਹਨ। ਢੇਰ ਸਾਰੀਆਂ ਗੱਲਾਂ। ਸੁੱਖਾ ਪੈੱਗ ਤੇ ਪੈੱਗ ਚੁੱਕਦਾ ਜਾ ਰਿਹਾ ਹੈ ਪਰ ਤੇਜੀ ਤੇ ਚਿਹਰੇ ਤੇ ਕੁਝ ਕੁ ਤਣਾਓ ਹੈ। ਸੁੱਖਾ ਉਸ ਨੂੰ ਬਿਸਤਰ ਵਲ ਖਿੱਚਦਾ ਹੈ। ਸੁੱਖੀ ਕੁਝ ਨਹੀਂ ਕਹਿੰਦੀ। ਉਹ ਉਸ ਦੇ ਕਪੜੇ ਉਤਾਰਨ ਲਗਦਾ ਹੈ। ਤੇਜੀ ਚੁੱਪ ਚੁੱਪ ਹੈ ਪਰ ਇਤਰਾਜ਼ ਨਹੀਂ ਕਰਦੀ। ਸੁੱਖਾ ਹੋਰ ਅਗੇ ਵਧਦਾ ਹੈ। ਤੇਜੀ ਉਸ ਨੂੰ ਰੋਕ ਦਿੰਦੀ ਹੈ, ਕਹਿਣ ਲਗਦੀ ਹੈ,
“ਨਹੀਂ ਸੁੱਖੇ, ਨਹੀਂ, ਇਸ ਤੋਂ ਅਗੇ ਨਹੀਂ।”
“ਇਥੇ ਤਕ ਪੁੱਜ ਗਈ ਐਂ ਹੁਣ ਨਾਂਹ ਕਿਉਂ?”
“ਨਹੀਂ ਸੁੱਖੇ, ਮੈਂ ਇਸ ਤੋਂ ਅਗੇ ਨਹੀਂ ਜਾ ਸਕਦੀ, ਇਹੋ ਮੇਰੀ ਹੱਦ ਐ, ਮੈਂ ਤੇਜੀ ਵੀ ਆਂ ਪਰ ਇਕ ਪਤਨੀ, ਮਾਂ, ਸੱਸ ,ਦਾਦੀ, ਨਾਨੀ ਵੀ ਆਂ। ਮੈਂ ਆਪਣੀ ਹੱਦ ਵਿਚ ਰਹਿਣਾ ਚਾਹੁੰਨੀ ਆਂ।”
“ਨਹੀਂ ਤੇਜੀ, ਇਸ ਵੇਲੇ ਆਪਾਂ ਦੋ ਆਸ਼ਕ ਆਂ, ਸਭ ਰਿਸ਼ਤਿਆਂ ਤੋਂ ਮੁਕਤ।”
“ਨਹੀਂ ਸੁੱਖੇ, ਮੈਂ ਜੋ ਵੀ ਆਂ ਪਰ ਇਕ ਹੱਦ ਐ ਮੇਰੀ।”
“ਤੇਜੀ, ਉਹ ਹੱਦ ਤਾਂ ਬਹੁਤ ਪਿੱਛੇ ਰਹਿ ਗਈ, ਆਪਾਂ ਤਾਂ ਬਿਸਤਰ ਵਿਚ ਸਹਿਵਾਸ ਦੀ ਤਿਆਰੀ ਵਿਚ ਆਂ, ਜਿਹੜੀ ਹੱਦ ਦੀ ਗੱਲ ਤੂੰ ਕਰਦੀ ਐਂ ਉਹ ਇਸ ਬਿਸਤਰ ਤੋਂ ਬਹੁਤ ਦੂਰ ਹੁੰਦੀ ਐ।”
“ਕੁਸ਼ ਵੀ ਹੋਵੇ ਸੁੱਖੇ, ਮੈਂ ਇਸ ਤੋਂ ਅਗੇ ਨਹੀਂ ਜਾ ਸਕਦੀ, ਜੇ ਤੂੰ ਇਸ ਤੋਂ ਅਗੇ ਵਧੇਂਗਾ ਤਾਂ ਤੂੰ ਜਬਰਦਸਤੀ ਕਰ ਰਿਹਾ ਹੋਵੇਂਗਾ, ਮੇਰੀ ਆਤਮਾ ਕੁਰਲਾਵੇਗੀ ਤੇ ਤੈਨੂੰ ਕਦੇ ਮੁਆਫ਼ ਨਹੀਂ ਕਰੇਗੀ।”
ਸੁੱਖਾ ਇਕ ਦਮ ਪਿੱਛੇ ਹਟ ਜਾਂਦਾ ਹੈ ਪਰ ਉਹ ਤੇਜੀ ਨਾਲ ਕੋਈ ਗਿਲਾ ਨਹੀਂ ਕਰਦਾ, ਆਖਰ ਤੇਜੀ ਉਸ ਦੀ ਪਹਿਲੀ ਮੁਹੱਬਤ ਹੈ। ਉਹ ਉਸ ਨਾਲ ਗੁੱਸੇ ਕਿਵੇਂ ਹੋ ਸਕਦਾ ਹੈ। 
ਤੇਜੀ ਨੂੰ ਘਰ ਛੱਡ ਉਹ ਵਾਪਸ ਆ ਰਿਹਾ ਹੈ ਤੇ ਸੋਚ ਰਿਹਾ ਹੈ ਕਿ ਤੇਜੀ ਅਜਿਹੀ ਤਾਂ ਨਹੀਂ ਕਿ ਇੰਨਾ ਫਾਸਲਾ ਤਹਿ ਕਰਕੇ ਨਾਂਹ ਕਰ ਦੇਵੇ। ਕਿਤੇ ਨਾ ਕਿਤੇ ਕੁਝ ਗਲਤ ਜ਼ਰੂਰ ਹੈ। ਕਿਤੇ ਨਾ ਕਿਤੇ ਗੜਬੜ ਜ਼ਰੂਰ ਹੈ। ਕਾਫੀ ਦੇਰ ਸੋਚਣ ਤੋਂ ਬਾਅਦ ਵੀ ਉਸ ਨੂੰ ਸਮਝ ਨਹੀਂ ਪੈਂਦੀ। ਸੋਚ ਸੋਚ ਕੇ ਉਹ ਪਾਗਲ ਹੋ ਰਿਹਾ ਹੈ। ਫਿਰ ਅਚਾਨਕ ਉਸ ਨੂੰ ਇਲਹਾਮ ਹੋਣ ਵਾਂਗ ਪਤਾ ਚਲ ਜਾਂਦਾ ਹੈ। ਉਹ ਕਾਰ ਨੂੰ ਇਕ ਪਾਸੇ ਰੋਕ ਕੇ ਉਚੀ ਉਚੀ ਹੱਸਣ ਲਗਦਾ ਹੈ। ਆਪਣੇ ਆਪ ਨੂੰ ਕੋਸਣ ਲਗਦਾ ਹੈ।
ਅਗਲੇ ਦਿਨ ਉਹ ਤੇਜੀ ਨੂੰ ਫੋਨ ਕਰਦਾ ਹੈ ਤੇ ਪਹਿਲਾਂ ਵਾਂਗ ਗਿਆਰਾਂ ਵਜੇ ਮੋੜ ਤੋਂ ਚੁੱਕ ਲੈਂਦਾ ਹੈ। ਸੁੰਨੀ ਜਿਹੀ ਰੋਡ ‘ਤੇ ਰੋਕ ਕੇ ਪੁੱਛਦਾ ਹੈ,
“ਕਿੰਨਾ ਕਿਰਾਇਆ ਲਗਿਆ ਫੇਰ?”
“ਚਾਰ ਸੌ ਪੱਚੀ ਪੌਂਡ।”
ਸੁੱਖਾ ਜੇਬ ਵਿਚੋਂ ਚਾਰ ਸੌ ਪੱਚੀ ਪੌਂਡ ਕੱਢ ਕੇ ਉਸ ਨੂੰ ਦਿੰਦਾ ਹੋਇਆ ਕਹਿੰਦਾ ਹੈ,
“ਆਹ ਲੈ, ਜਿਦਾਂ ਮੈਂ ਪਰੌਮਿਜ਼ ਕੀਤਾ ਸੀ।”
“ਪਰ ਸੁੱਖੇ, ਤੇਰੇ ਕੋਲ਼ ਤਾਂ ਆਪ ਜੌਬ ਹੈ ਨਹੀਂ।”
“ਐਡੀ ਵੀ ਕਿਹੜੀ ਗੱਲ ਐ।”
“ਚੱਲ ਇਹ ਪੈਸੇ ਮੇਰ ਵਲ ਉਧਾਰੇ ਰਹੇ, ਮੈਂ ਮੋੜ ਦਿਆਂਗੀ, ...ਅਜ ਕਿਥੇ, ਉਸੇ ਹੋਟਲ ਚਲਣਾਂ ਜਾਂ ਕਿਤੇ ਹੋਰ?”

(ਸਮਾਪਤ)


ਗਵਾਹ ਹਾਂ ਤੇਰੀਆ ਧੜਕਣਾਂ ਦੀ.......... ਨਜ਼ਮ/ਕਵਿਤਾ / ਸ਼ੈਲੀ ਅਰੋੜਾ

ਮੈਂ ਦੇਖੀਆਂ ਨੇ ਤੇਰੀਆਂ ਭੂਰੀਆਂ ਅੱਖਾਂ
ਜਿਹਨਾਂ 'ਚ
ਜਦ ਵੀ ਮੈਂ ਵੇਖਿਆ ਮੈਨੂੰ ਮੈਂ ਹੀ ਨਜਰ ਆਇਆ,

ਮੈਂ ਦੇਖੇ ਨੇ ਰੋਏ ਤੇਰੇ ਬਦਨ ਦੇ, ਬਹੁਤ
ਹੀ ਚਿੱਟੇ ਤੇ ਸੋਹਣੇ ਨੇ
ਮਖਮਲ ਵਾਂਗ,

ਮੈਂ ਵੇਖਿਆ ਤੇਰਾ ਮੱਥਾ ਜੋ ਤੇਜ ਨਾਲ
ਭਰਪੂਰ ਏ, ਪੈ ਕੇ ਸੂਰਜ ਦੇ ਸਾਹਵੇਂ ਜੋ ਚਮਕਦਾ ਏ
ਵਾਂਗ ਸੋਨੇ ਦੇ,

ਗਵਾਹ ਹਾਂ ਤੇਰੀਆ ਘਟਦੀਆਂ ਵਧਦੀਆਂ
ਧੜਕਣਾਂ ਦੀ ਜਿਹਨਾਂ ਨੂੰ ਅਕਸਰ
ਸੁਣਦੀ ਰਹੀ ਹਾਂ,

ਦੇਖਿਆ ਏ ਉਹਨਾਂ ਨਿੱਕੇ ਨਿੱਕੇ ਨਿਸ਼ਾਨਾਂ ਨੂੰ,
ਖਰੋਚਾਂ ਨੂੰ,
ਜੋ ਅਕਸਰ ਮੇਰੇ ਨੋਹਾਂ ਦੇ ਛੋਹ ਨਾਲ
ਤੇਰੇ ਤਾਂਈਂ ਪਹੁੰਚ ਗਏ,

ਸੁਣਿਆ ਏ ਤੇਰੇ ਆ ਜਾ ਰਹੇ ਸਾਹਾਂ ਨੂੰ, ਤੇ ਤੇਨੂੰ ਦਸਿਆ
ਵੀ ਏ ਕਿ ਇਹ ਮੇਰਾ ਨਾਂ ਲੈਦੇ ਨੇਂ,

ਤੇ ਅੱਜ ਤੂੰ ਕਹਿ ਰਿਹਾਂ ਏ ਕਿ
ਮੈਂ ਤੈਨੂੰ ਜਾਣਿਆ ਹੀ ਨਹੀ, ਹਾਲੇ
ਤਕ ਪਹਿਚਾਣਿਆ ਹੀ ਨਹੀਂ, ਤੂੰ ਹੀ ਦਸ ਕਿਸੇ ਨੂੰ
ਜਾਨਣ ਲਈ ਹੋਰ ਕਿ
ਕੁਝ ਪਤਾ ਹੋਣਾ ਚਾਹੀਦਾ ਏ।।??

ਤਾਂ ਜੋ ਮੈਂ ਤੈਨੰ ਸਬੂਤ ਦੇ ਸਕਾਂ ਕਿ ਮੈਂ
ਤੈਨੂੰ ਜਾਣਿਆ ਏਂ,
ਨਾ ਸਿਰਫ ਜਿਸਮਾਂ ਤਾਂਹੀ ਸਗੋ
ਤੇਰਾ ਦਿਲ ਤੇਰੀ ਰੂਹ ਵੀ ਮੇਰੇ ਤੋਂ
ਜਾਣੂ ਏ।।।




ਉਦਘਾਟਨ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ


ਅੱਜ ਪਿੰਡ ਵਿੱਚ ਬੜੀ ਖੁਸ਼ੀ ਦਾ ਮਾਹੌਲ ਸੀ। ਮੰਤਰੀ ਜੀ ਪਿੰਡ ਵਿੱਚ ਸਾਫ਼ ਤੇ ਸ਼ੁੱਧ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕਰਨ ਆ ਰਹੇ ਸਨ। ਮੰਤਰੀ ਜੀ ਆਏ ਉਦਘਾਟਨ ਦੀ ਰਸਮ ਅਦਾ ਕਰਨ ਤੋਂ ਬਾਅਦ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੰਮਾ ਚੌੜਾ ਭਾਸ਼ਣ ਦੇ ਕੇ ਪਿੰਡ ਦੇ ਨੇੜੇ ਹੀ ਇੱਕ ਫੈਕਟਰੀ ਵਿੱਚ ਜਾ ਪਧਾਰੇ। ਇਹ ਫੈਕਟਰੀ ਜੋ ਇਲਾਕੇ ਵਿੱਚ ਪਾਣੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਸੀ, ਦੇ ਨਵੇਂ ਯੂਨਿਟ ਦਾ ਉਦਘਾਟਨ ਵੀ ਮੰਤਰੀ ਜੀ ਨੇ ਹੀ ਕਰਨਾ ਸੀ। 

ਸ਼ਿਵ ਦੇ ਗੀਤਾਂ ਦੀ ਹੋ ਰਹੀ ਮੌਤ.......... ਲੇਖ਼ / ਸ਼ਮੀ ਜਲੰਧਰੀ

ਸ਼ਿਵ ਕੁਮਾਰ ਬਟਾਲਵੀ ਇਕ ਐਸਾ ਨਾਮ ਹੈ, ਜਿਸ ਨੂੰ ਸੁਣਦਿਆਂ ਸਾਰ ਹੀ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲੇ ਹਰ ਸਖ਼ਸ਼ ਦੀ ਰੂਹ ਗੁਨਗੁਨਾਉਣ ਲਗ ਜਾਂਦੀ ਹੈ। ਜੋਬਨ ਰੁੱਤੇ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲਾ ਇਹ ਸ਼ਾਇਰ, ਪੰਜਾਬੀ ਸਾਹਿਤ ਦਾ ਇਕ ਚਿਰਾਗ ਬਣ ਗਿਆ, ਜਿਸ ਨੇ ਪੂਰੀ ਪੰਜਾਬੀਅਤ ਨੂੰ ਰੌਸ਼ਨ ਕਰ ਦਿੱਤਾ। ਉਸ ਦੀਆਂ ਰਚਨਾਵਾਂ ਅੱਜ ਵੀ ਸ਼ੀਤ ਚਸ਼ਮੇ ਦਾ ਪਾਣੀ ਬਣ ਕੇ ਅਦਬ ਦੇ ਪਿਆਸਿਆਂ ਨੂੰ ਤ੍ਰਿਪਤ ਕਰ ਰਹੀਆਂ ਹਨ। ਆਮ ਤੌਰ ਤੇ ਲੋਕਾਂ ਦਾ ਇਹ ਖਿਆਲ ਰਿਹਾ ਹੈ ਕਿ ਸ਼ਿਵ ਕਿਸੇ ਕੁੜੀ ਦੇ ਵਿਛੋੜੇ ਦੀ ਭਟਕਣਾ ਵਿਚ ਹੀ ਮਰ ਗਿਆ ।

“ਇਕ ਕੁੜੀ ਜਿਹਦਾ ਨਾਂ ਮੁਹੱਬਤ,
ਗੁੰਮ ਹੈ, ਗੁੰਮ ਹੈ, ਗੁੰਮ ਹੈ ।”


ਇਸ ਗੀਤ ਵਿਚ ਸ਼ਿਵ ਕਿਸੇ ਕੁੜੀ ਨੂੰ ਨਹੀਂ ਸਗੋਂ ਦੁਨੀਆਂ ਵਿੱਚੋਂ ਅਲੋਪ ਹੋਈ ਮੁਹੱਬਤ ਨੂੰ ਭਾਲ ਰਿਹਾ ਹੈ, ਜਿਸ ਦਾ ਜਿਕਰ ਕਦੇ ਬਾਬਾ ਬੁੱਲੇ ਸ਼ਾਹ ਅਤੇ ਵਾਰਿਸ਼ ਸ਼ਾਹ ਨੇ ਵੀ ਕੀਤਾ ਸੀ। ਸ਼ਿਵ ਅਤੇ ਉਸ ਦਾ ਇਸ਼ਕ ਹਕੀਕੀ ਸੀ ਨਾ ਕਿ ਮਿਜਾਜ਼ੀ । ਉਸ ਨੂੰ ਨਾ ਕੋਈ ਪੈਸੇ ਦਾ ਲਾਲਚ ਸੀ ਅਤੇ ਨਾ ਹੀ ਕਿਸੇ ਸ਼ੋਹਰਤ ਦਾ ਖਿਆਲ । ਉਹ ਤਾਂ ਇਕ ਫਕੀਰ ਦੇ ਵਾਂਗਰਾਂ ਸੀ 


“ਕੀ ਪੁੱਛਦੇ ਹੋ ਹਾਲ ਫਕੀਰਾਂ ਦਾ,
ਸਾਡਾ ਨਦੀ ਵਿਛੜੇ ਨੀਰਾਂ ਦਾ”

ਸ਼ਿਵ ਦੀਆਂ ਕਵਿਤਾਵਾਂ, ਗੀਤ ਅਤੇ ਗਜ਼ਲਾਂ ਪਾਰਸ ਬਣ ਚੁੱਕੇ ਨੇ । ਜੋ ਵੀ ਕੋਈ ਇਹਨਾਂ ਨੂੰ ਗਾਉਂਦਾ ਹੈ, ਸੋਨੇ ਵਾਂਗ ਚਮਕ ਉਠਦਾ ਹੈ। ਬਹੁਤ ਸਾਰੇ ਗਾਇਕ ਕਲਾਕਾਰਾਂ ਨੇ ਸ਼ਿਵ ਨੂੰ ਗਾ ਕੇ ਨਾਮ, ਸ਼ੌਹਰਤ ਅਤੇ ਦੌਲਤ ਹਾਸਲ ਕੀਤੀ ਹੈ। ਇਹਨਾਂ ਕਲਾਕਾਰਾਂ ਨੇ ਸ਼ਿਵ ਦੀ ਮੌਲਕਿਤਾ ਨੂੰ ਬਰਕਰਾਰ ਰੱਖਿਆ ਅਤੇ ਮਾਣ ਵੀ ਬਖਸ਼ਿਆ ਜਿਸ ਦਾ ਸ਼ਿਵ ਹਕਦਾਰ ਵੀ ਸੀ। ਕਮੇਡੀ ਕਿੰਗ ਕੇ।ਦੀਪ ਸਾਹਿਬ ਨੇ ਸ਼ਿਵ ਨੂੰ ਰੱਜ ਕੇ ਗਾਇਆ। ਜਨਾਬ ਜਗਜੀਤ ਸਿੰਘ, ਮਹਿੰਦਰ ਕਪੂਰ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਹੰਸ ਰਾਜ ਹੰਸ ਅਤੇ ਕਈ ਹੋਰ ਨਾਮਵਰ ਗਾਇਕਾਂ ਨੇ ਸ਼ਿਵ ਨੂੰ ਬੜੀ ਸ਼ਿੱਦਤ ਦੇ ਨਾਲ ਗਾਇਆ। ਇਥੋਂ ਤੱਕ ਕਿ ਸਰਹੱਦ ਪਾਰ ਵੀ ਸ਼ਿਵ ਦਾ ਜਾਦੂ, ਸਿਰ ਚੜ੍ਹ ਕੇ ਬੋਲਦਾ ਹੈ । ਉਥੇ ਵੀ ਸ਼ਿਵ ਦੀਆਂ ਕਵਿਤਾਵਾਂ ਨੂੰ ਬੋਲਿਆ ਤੇ ਸੁਣਿਆ ਜਾਂਦਾ ਹੈ। ਮਹਿਰੂਮ ਸੂਫੀ ਗਾਇਕ ਨੁਸਰਤ ਫਤਹਿ ਅਲੀ ਖਾਂ ਨੇ ਸ਼ਿਵ ਨੂੰ ਗਾ ਕੇ ਫਖਰ ਮਹਿਸੂਸ ਕੀਤਾ ਸੀ। ਅਜੋਕੇ ਸਮੇਂ ਦੇ ਨਵੇਂ ਗਾਇਕ ਵੀ ਜਿਵੇਂ ਕਿ ਸੁਖਦੇਵ ਸਾਹਿਲ, ਸੁਰਿੰਦਰ ਖਾਨ, ਨਵਲ ਪੰਡਿਤ ਅਤੇ ਸੁਨੀਲ ਸਿੰਘ ਡੋਗਰਾ ਆਦਿ ਸ਼ਿਵ ਦੀ ਰਚਨਾਵਾਂ ਗਾ ਕੇ ਉਸਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਨ।

ਜਿੱਥੇ ਲੋਕਾਂ ਨੇ ਗਾ ਕੇ ਤੇ ਸੁਣ ਕੇ ਸ਼ਿਵ ਨੂੰ ਬੇਪਨਾਹ ਮੁਹੱਬਤ ਕੀਤੀ, ਉਸਦੇ ਗੀਤਾਂ ਦੀ ਹੋ ਰਹੀ ਮੌਤ ਦਾ ਤਮਾਸ਼ਾ ਵੀ ਦੇਖਣ ਨੰ ਮਿਲਿਆ। ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਥੰਮ ਗੁਰਦਾਮ ਮਾਨ ਸਾਹਿਬ ਦਾ ਨਵਾਂ ਛੱਲਾ ਸੁਣਨ ਨੂੰ ਮਿਲਿਆ । ਜਿੱਥੇ ਪਹਿਲਾਂ ਪੰਜਾਬੀ ਦੇ ਇਸ ਨਾਮਵਰ ਗੀਤਕਾਰ ਤੇ ਗਾਇਕ ‘ਤੇ ਫ਼ਖ਼ਰ ਮਹਿਸੂਸ ਹੁੰਦਾ ਸੀ, ਉਥੇ ਇਸ ਵਾਰ ਇਸ ਗੀਤ ਦੇ ਇਕ ਅੰਤਰੇ ਵਿੱਚ ਸ਼ਿਵ ਦੇ ਗੀਤ ਦੀ ਮੌਤ ਦਾ ਅਫਸੋਸ ਵੀ ਹੋਇਆ, ਕਿਉਂਕਿ ਮਾਨ ਸਾਹਿਬ ਨੇ ਆਪਣੇ ਗੀਤ ਵਿਚ ਸ਼ਿਵ ਦੇ ਗੀਤ ‘‘ਸਿ਼ਕਰਾ ਯਾਰ” ਦੀਆਂ ਕੁਝ ਲਾਇਨਾਂ ਤੋੜ ਮਰੋੜ ਕੇ ਪੇਸ਼ ਕੀਤੀਆਂ ਹਨ 

ਸਈਓ ਨੀ ਇਕ ਭੁੱਲ ਮੈਥੋਂ ਹੋਈ
ਜਿਹੜਾ ਪੰਛੀ ਯਾਰ ਬਣਾਇਆ
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀ
ਨੀ ਉਹਨੂੰ ਦਿਲ ਦਾ ਮਾਸ ਖੁਆਇਆ
ਇਕ ਉਡਣੀ ਨੀ ਉਹ ਐਸੀ ਉੱਡਿਆ
ਉਨੇ ਪਰਤ ਨਾ ਡੇਰਾ ਪਾਇਆ।’’

ਇਸੇ ਤਰ੍ਹਾਂ ਹੀ ਪੰਜਾਬੀ ਗਾਇਕਾ ਹਰਲੀਨ ਕੋਹਲੀ ਨੇ ਵੀ ਸਿ਼ਵ ਦੇ ਤੁਰ ਜਾਣ ਮਗਰੋਂ ਆਪਣੀ ਗਾਇਕੀ ‘ਚ ਉਸਦੇ ਇਸੇ ਹੀ ਗੀਤ ਨਾਲ਼ ਰੱਜ ਕੇ ਬੇ-ਇਨਸਾਫ਼ੀ ਕੀਤੀ । 

“ਸਈਓ ਨੀ ਮੈਂ ਇਕ ਕਾਰਜ ਕੀਤਾ
ਨੀ ਮੈਂ ਸਿਕਰਾ ਯਾਰ ਬਣਾਇਆ
ਕੁਟ-ਕੁਟ ਚੂਰੀਆਂ ਖੁਵਾਈਆਂ ਉਹਨੂੰ
ਮੈਂ ਮਿੰਨਤਾਂ ਨਾਲ ਮਨਾਇਆ
ਐਸੀ ਉਡਣੀ ਉਡ ਗਿਆ ਭੈੜਾ
ਨੀ ਉਹ ਮੁੜ ਪਿੰਜਰੇ ਨਾ ਆਇਆ”

ਦੁੱਖ ਤਾਂ ਇਸੇ ਹੀ ਗੱਲ ਦਾ ਹੈ ਕਿ ਅਜਿਹੇ ਗਾਇਕਾਂ ਦੇ ਗੀਤਾਂ (?) ਦਾ ਆਨੰਦ ਲੈ ਰਹੇ ਲੋਕ, ਆਪਣਾ ਮਨੋਰੰਜਨ ਕਰਦੇ ਹਨ ਜਾਂ ਸ਼ਿਵ ਦੇ ਗੀਤਾਂ ਦੀ ਹੋ ਰਹੀ ਬੇਅਦਬੀ ਦਾ ਤਮਾਸ਼ਾ ਦੇਖ ਰਹੇ ਹਨ। ਨਾਮਵਰ ਅਤੇ ਸੁਲਝੇ ਹੋਏ ਸ਼ਾਇਰਾਂ ਦੀ ਸ਼ਾਇਰੀ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਤੇ ਬਾਦ ਵਿਚ ਉਸ ਗੀਤ ਤੇ ਆਪਣੇ ਨਾਮ ਦੀ ਮੋਹਰ ਲਾ ਦੇਣੀ ਇਕ ਰਿਵਾਜ ਜਿਹਾ ਬਣਦਾ ਜਾ ਰਿਹਾ ਹੈ। ਪੰਜਾਬੀ ਗਾਇਕੀ ਦੇ ਖੇਤਰ ਵਿਚ ਇਸ ਤਰਾਂ ਦਾ ਚਲਨ ਪੰਜਾਬੀ ਸਾਹਿਤ ਲਈ ਘਾਤਕ ਸਿੱਧ ਹੋ ਸਕਦਾ ਹੈ। ਅੱਜ ਦੇ ਪਦਾਰਥਵਾਦੀ ਯੁੱਗ ‘ਚ ਪੈਸੇ ਤੇ ਸ਼ੋਹਰਤ ਪ੍ਰਾਪਤੀ ਦੀ ਦੌੜ ‘ਚ ਸ਼ਿਵ ਦਿਆਂ ਗੀਤਾਂ ਨੂੰ ਵੀ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਜੇਕਰ ਕੋਈ ਗਾਇਕ ਮੌਜੂਦਾ ਸ਼ਾਇਰਾਂ ਦੀ ਸ਼ਾਇਰੀ ‘ਤੇ ਆਪਣੇ ਨਾਮ ਦੀ ਮੋਹਰ ਲਗਾਉਣੀ ਚਾਹੇ ਤਾਂ ਸ਼ਾਇਰ ਉਸਦਾ ਭਰਪੂਰ ਵਿਰੋਧ ਕਰ ਸਕਦੇ ਹਨ ਪਰ ਹੁਣ ਸ਼ਿਵ ਕੀ ਕਰੇ ????