ਦੱਖਣ ਦੇਸ਼ – ਸਬੱਬੀਂ ਮੇਲੇ.......... ਲੇਖ਼ / ਗੁਰਬੀਰ ਸਿੰਘ ਭੁੱਲਰ, ਸਵਿਟਜ਼ਰਲੈਂਡ

ਆਸਟ੍ਰੇਲੀਆ ਵੀ ਬੜਾ ਵਿਲੱਖਣ ਮੁਲਕ ਹੈ। ਦੁਨੀਆਂ ਦੇ ਨਕਸ਼ੇ ‘ਤੇ ਨਜ਼ਰ ਮਾਰੋ ਤਾਂ ਹੇਠਲੇ ਪਾਸੇ ਵੱਖਰਾ ਹੀ ਪਿਆ ਦਿਸਦਾ ਹੈ। ਸ਼ਾਇਦ ਇਸੇ ਕਰਕੇ ਹੀ ਕੁਝ ਅਮਰੀਕੀ ਪੱਤਰਕਾਰਾਂ ਨੇ ਆਸਟ੍ਰੇਲੀਆ ਵਾਸਤੇ ‘ਦ ਲੈਂਡ ਡਾਊਨ ਅੰਡਰ’ (The land down under) ਭਾਵ ‘ਹੇਠਲੇ ਪਾਸੇ ਵਾਲੀ ਧਰਤੀ’ ਦਾ ਲਕ਼ਬ ਵਰਤਣਾਂ ਸ਼ੁਰੂ ਕਰ ਦਿੱਤਾ ਹੈ। ਦੱਖਣੀਂ ਅਰਧ ਗੋਲੇ ਦਾ ਸਭ ਤੋਂ ਵੱਡਾ ਮੁਲਕ, ਜਿਸ ਨੂੰ ਕਿਸੇ ਹੋਰ ਮੁਲਕ ਦੀ ਸਰਹੱਦ ਨਹੀਂ ਲੱਗਦੀ। ਸੱਤਾਂ ਮਹਾਂਦੀਪਾਂ ਚੋਂ’ ਸਭ ਤੋਂ ਛੋਟਾ, ਪਰ ਜੇ ਟਾਪੂਆਂ ਚ ਗਿਣਤੀ ਕਰੋ ਤਾਂ ਸਭ ਤੋਂ ਵੱਡਾ ਆਬਾਦ ਟਾਪੂ। ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਛੇਵਾਂ ਵੱਡਾ ਮੁਲਕ, ਭਾਰਤ ਨਾਲੋਂ ਕਰੀਬ ਢਾਈ ਗੁਣਾਂ ਵੱਡਾ। ਪਰ ਆਬਾਦੀ ਮਸਾਂ ਚੜ੍ਹਦੇ ਪੰਜਾਬ ਜਿੰਨੀ। ਇਸ ਤੋਂ ਇਲਾਵਾ ਵੀ ਕਈ ਗੱਲਾਂ ਹਨ ਜੋ ਇਸ ਮੁਲਕ ਦੀ ਵਿਲੱਖਣਤਾ ਵਿੱਚ ਵਾਧਾ ਕਰਦੀਆਂ ਹਨ, ਜਿਵੇਂ ਕਿ ਕੰਗਾਰੂ, ਕੋਆਲਾ ਅਤੇ ਈਮੂੰ ਵਰਗੇ ਜਾਨਵਰ ਅਤੇ ਕੁਝ ਖਾਸ ਤਰ੍ਹਾਂ ਦੀ ਬਨਾਸਪਤੀ, ਜੋ ਕੇਵਲ ਇਸ ਧਰਤੀ ਤੇ ਹੀ ਮਿਲਦੀ ਹੈ। ਭੂ-ਵਿਗਿਆਨੀ ਕਿਆਸ ਕਰਦੇ ਹਨ ਕਿ ਕੋਈ ਨੌਂ-ਦਸ ਕਰੋੜ ਸਾਲ ਪਹਿਲਾਂ ਧਰਤੀ ਦਾ ਇਹ ਟੁਕੜਾ ਦੱਖਣੀ ਧਰੁਵ ਨਾਲ ਜੁੜਿਆ ਹੁੰਦਾ ਸੀ। ਫਿਰ ਪਤਾ ਨਹੀਂ ਕੋਈ ਕੁਦਰਤੀ ਹਲਚਲ ਹੋਈ ਜਾਂ ਧੌਲੇ ਬਲਦ ਦੇ ਸਿੰਙਾਂ ਥੱਲੇ ਖੁਰ੍ਹਕ ਹੋਈ, ਜਮੀਨ ਦਾ ਏਨਾ ਕੁ ਹਿੱਸਾ ਦੱਖਣੀਂ ਧਰੁਵ ਨਾਲੋਂ ਨਿੱਖੜ ਕੇ ਖਿਸਕਦਾ – ਖਿਸਕਦਾ ਹੁਣ ਵਾਲੀ ਥਾਂ ਆ ਪਹੁੰਚਿਆ।
ਆਸਟ੍ਰੇਲੀਆ ਦਾ ਨਾਮ ਲਾਤੀਨੀ ਭਾਸ਼ਾ ਦੇ ਸ਼ਬਦ ‘ਆਸਟ੍ਰੇਲਿਸ’ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ‘ਦੱਖਣੀਂ’। ਰੋਮਨ ਕਾਲ ਤੋਂ ਹੀ, ਕਿਸੇ ‘ਅਣਜਾਣ ਦੱਖਣ ਦੇਸ਼’ ਦੀਆਂ ਕਿੱਸੇ ਕਹਾਣੀਆਂ ਯੂਰਪ ਵਿੱਚ ਪ੍ਰਚੱਲਿਤ ਸਨ, ਪਰ ਉਸ ਧਰਤੀ ਬਾਰੇ ਕਿਸੇ ਨੂੰ ਬਹੁਤਾ ਕੁਝ ਪਤਾ ਨਹੀਂ ਸੀ। ਪਹਿਲਾਂ ਪਹਿਲ, 17ਵੀਂ ਸਦੀ ਦੇ ਸ਼ੁਰੂ ਵਿੱਚ ਡੱਚ ਜਹਾਜਰਾਨ ‘ਵਿਲੀਅਮ’ ਦੀ ਨਜਰ ਇਸ ਧਰਤੀ ਤੇ ਪਈ। ਡੱਚ ਲੋਕ ਆਸਟ੍ਰੇਲੀਆ ਦੇ ਸਮੁੰਦਰੀ ਤੱਟ ਦੇ ਦੁਆਲੇ ਘੁੰਮਦੇ ਰਹੇ ਅਤੇ ਨਕਸ਼ੇ ਉਲੀਕਦੇ ਰਹੇ, ਪਰ ਕਬਜਾ ਕਰਨ ਦਾ ਯਤਨ ਨਾ ਕੀਤਾ। ਬਰਤਾਨਵੀ ਜਲ ਸੈਨਾਂ ਦੇ ਕੈਪਟਨ ਜੇਮਜ਼ ਕੁੱਕ ਨੇ 1770 ਵਿੱਚ ਇਸ ਧਰਤੀ ਦੇ ਪੂਰਬੀ ਤੱਟ ਤੇ ਪਹਿਲੀ ਵਾਰ ਅੰਗਰੇਜੀ ਝੰਡਾ ਲਹਿਰਾਇਆ। ਫਿਰ ਕੀ ਸੀ, ਅੰਗਰੇਜਾਂ ਨੇ ਆਪਣੇ ਕੈਦੀਆਂ ਨੂੰ ਬੇੜਿਆਂ ਵਿੱਚ ਭਰ-ਭਰ ਕੇ ਉਸ ਦੂਰ ਦਰਾਜ ਦੀ ਧਰਤੀ ਤੇ ਲਾਹੁਣਾ ਸ਼ੁਰੂ ਕਰ ਦਿੱਤਾ। ਜਿਥੋਂ ਜਿਊਂਦੇ ਮੁੜਨਾ ਤਾਂ ਦੂਰ ਦੀ ਗੱਲ, ਕਿਸੇ ਦੇ ਮਰਨ ਦੀ ਖਬਰ ਵੀ ਆਉਣੀ ਮੁਸ਼ਕਿਲ ਸੀ। ਕੁਝ ੳਸੇ ਤਰਾਂ ਜਿਵੇ 1857 ਦੇ ਗ਼ਦਰ ਤੋਂ ਬਾਅਦ ਅੰਗਰੇਜ ਹੁਕਮਰਾਨ ਭਾਰਤੀ ਬਾਗ਼ੀਆਂ ਨੂੰ ਕਾਲੇਪਾਣੀ ਲਿਜਾ ਸੁੱਟਦੇ ਸਨ ਅਤੇ ਜਿਵੇਂ ਹੁਣ ਕਈ ਸਾਲਾਂ ਤੋਂ ਅਮਰੀਕਾ ਵਾਲੇ ‘ਗੁਆਤਾਨਾਮੋ ਬੇਅ’ ਵਿੱਚ ਕਰ ਰਹੇ ਹਨ। ਬਾਅਦ ਵਿੱਚ ਉਹਨਾਂ ਕੈਦੀਆਂ ਨੂੰ ਵਰਤ ਕੇ ਹੀ ਚਤੁਰ ਕੌਮ ਦੇ ਹਾਕਮਾਂ ਨੇ ਆਸਟ੍ਰੇਲੀਆ ਦੀ ਜਮੀਨ ਆਬਾਦ ਕਰਵਾ ਲਈ। ਭਾਵੇਂ ਕਿ ਯੂਰਪੀ ਲੋਕ ਇਸ ਧਰਤੀ ਤੇ 18ਵੀਂ ਸਦੀ ਵਿੱਚ ਹੀ ਪਹੁੰਚੇ, ਪਰ ਇਸ ਦਾ ਮਤਲਬ ਇਹ ਹਰਗਿ਼ਜ਼ ਨਹੀਂ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਇਥੇ ਕੋਈ ਵੱਸਦਾ ਨਹੀਂ ਸੀ। ਪੁਰਾਤਨ ਅਵਸ਼ੇਸ਼ ਇਸ਼ਾਰਾ ਕਰਦੇ ਹਨ ਕਿ ਆਸਟ੍ਰੇਲੀਆ ਦੀ ਜਮੀਨ ਤੇ ਮਨੁੱਖੀ ਵਸੋਂ ਦਾ ਇਤਿਹਾਸ ਕੋਈ 40 ਹਜਾਰ ਸਾਲ ਤੋਂ ਵੀ ਵੱਧ ਪੁਰਾਣਾ ਹੈ। ਗੋਰਿਆਂ ਦੇ ਆਉਣ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਤਸਮਾਨੀਆਂ ਦੇ ਖਿੱਤੇ ਤੇ ਛੋਟੇ ਵੱਡੇ ਤਕਰੀਬਨ ਢਾਈ ਸੌ ਜੰਗਲੀ ਕਬੀਲਿਆਂ ਦਾ ਰਾਜ ਸੀ। ਉਹ ਜੰਗਲੀ ਲੋਕ ਜਿਨ੍ਹਾਂ ਨੂੰ ਹੁਣ ‘ਐਬੋਰਿਜਨਲਸ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਕੁਦਰਤ ਦੇ ਨੇੜੇ ਰਹਿਣ ਵਾਲੇ ਸਾਧਾਰਨ ਲੋਕ ਸਨ ਅਤੇ ਆਮ ਕਰਕੇ ਸਿ਼ਕਾਰ ਖੇਡ ਕੇ ਗੁਜਾਰਾ ਕਰਦੇ ਸਨ। ਖੋਜਕਾਰ ਦੱਸਦੇ ਹਨ ਕਿ ਇਹਨਾਂ ਐਬੋਰਿਜਨਲ ਲੋਕਾਂ ਦਾ ਪਿਛੋਕੜ ਦੱਖਣ-ਪੂਰਬੀ ਏਸ਼ੀਆ ਦੇ ਲੋਕਾਂ ਨਾਲ ਮੇਲ ਖਾਂਦਾ ਹੈ। ਸ਼ਾਇਦ ਪਹਿਲਾਂ ਪਹਿਲ ਉਹਨਾਂ ਦੇ ਵੱਡ ਵਡੇਰੇ ਦੱਖਣ-ਪੂਰਬੀ ਏਸ਼ੀਆ ਤੋਂ ਹੀ ਕਿਸੇ ਤਰਾਂ ਉਥੇ ਪਹੁੰਚੇ ਹੋਣ। ਤਕਨੀਕੀ ਪੱਖੋਂ ਵਧੇਰੇ ਵਿਕਸਤ ਅਤੇ ਤਾਕਤਵਰ ਗੋਰਿਆਂ ਨੇ, ਇਹਨਾਂ ਸਾਧਾਰਣ ਲੋਕਾਂ ਦੇ ਘਰ ਵਿੱਚ ਘੁਸਪੈਠ ਕਰਕੇ ਉਹੋ ਕੁਝ ਕੀਤਾ ਜੋ ਅਮਰੀਕਾ ਵਿੱਚ ‘ਰੈਡ ਇੰਡੀਅਨਾਂ’ ਨਾਲ ਹੋਇਆ, ਜਾਂ ਫਿਰ ਜੋ ਆਰੀਅਨਾਂ ਨੇ ਦ੍ਰਵਿੜਾਂ ਨਾਲ ਕੀਤਾ ਹੋਵੇਗਾ।
ਭਾਵੇਂ ਕਿ ਇਹ ਗੱਲ ਪੜ੍ਹਨ–ਸੁਣਨ ਨੂੰ ਅਟਪਟੀ ਜਿਹੀ ਹੀ ਲੱਗੇ, ਪਰ ਇਓਂ ਜਾਪਦਾ ਹੈ ਕਿ ਬਹੁਤੀ ਵਾਰ ਗੋਰੀ ਚਮੜੀ ਵਾਲੇ ਲੋਕ ਹੀ ਆਪਣੇ ਨਾਲੋਂ ਸਉਲੇ ਜਾਂ ਕਾਲੇ ਰੰਗ ਦੇ ਲੋਕਾਂ ਨੂੰ ਗੁਲਾਮ ਬਣਾਉਂਦੇ ਆਏ ਹਨ। ਕਦੇ ਅਫ਼ਰੀਕਨ ਗੁਲਾਮਾਂ ਦੀ ਅਰਬਾਂ ਹੱਥੋਂ ਦੁਰਗਤ; ਕਦੇ ਆਰੀਅਨਾਂ ਦਾਂ ਦ੍ਰਵਿੜਾਂ ਦੀ ਧਰਤੀ ਤੇ ਆ ਕਾਬਜ ਹੋਣਾਂ ਅਤੇ ਖੁਦ ਦੇਵਤੇ ਬਣ ਬਹਿਣਾਂ ਤੇ ਉਹਨਾਂ ਨੂੰ ਰਾਖਸ਼ ਆਖ ਦੇਣਾਂ; ਪੱਛਮੀੰ ਲੋਕਾਂ ਦਾ ਬਸਤੀਵਾਦ ਅਤੇ ਅਮਰੀਕਾ ਵਿੱਚ ‘ਰੈਡ ਇੰਡੀਅਨਾਂ’ ਤੇ ਅਫਰੀਕਨ ਗੁਲਾਮਾਂ ਨਾਲ ਹੁੰਦੇ ਰਹੇ ਦੁਰਵਿਵਹਾਰ ਸਮੇਤ ਹੋਰ ਬਹੁਤ ਸਾਰੀਆਂ ਉਦਾਹਰਣਾਂ ਐਸੀਆਂ ਹਨ ਜਿੱਥੇ ਮੇਰੀ ਜਾਚੇ ਸ਼ੋਸ਼ਣ ਕਰਨ ਵਾਲੇ ਦੀ ਚਮੜੀ ਦਾ ਰੰਗ ਸ਼ੋਸਿ਼ਤ ਹੋਣ ਵਾਲੇ ਨਾਲੋਂ ਗੋਰਾ ਸੀ। ਇਹ ਇਤਫ਼ਾਕਨ ਤਾਂ ਨਹੀਂ ਜਾਪਦਾ, ਪਰ ਇਸ ਸੰਧਰਬ ਵਿੱਚ ਕੋਈ ਤਸੱਲੀਯੋਗ ਵਿਗਿਆਨਕ ਜਾਂ ਦਾਰਸ਼ਨਿਕ ਦਲੀਲ ਵੀ ਅਜੇ ਤੱਕ ਮੇਰੀ ਨਜਰੀਂ ਨਹੀਂ ਪਈ। ਅੱਜ ਹੀ ਇਕ ਪੁਸਤਕ ਹੱਥ ਲੱਗੀ ਹੈ ਜੋ ਇਸ ਗੱਲ ਦਾ ਵਿਖਿਆਨ ਕਰਨ ਦਾ ਯਤਨ ਕਰਦੀ ਹੈ ਕਿ ਕਿਓਂ ਕੇਵਲ ਯੂਰਪੀ ਲੋਕ ਹੀ ਅਫ਼ਰੀਕਾ, ਅਮਰੀਕਾ ਅਤੇ ਆਸਟ੍ਰੇਲੀਆ ਆਦਿ ਤੇ ਕਬਜਾ ਕਰਨ ਗਏ। ਉਹਨਾਂ ਧਰਤੀਆਂ ਦੇ ਵਾਸੀ ਵੀ ਤਾਂ ਇਹ ਕੰਮ ਕਰ ਸਕਦੇ ਸੀ, ਪਰ ਕਿਓਂ ਨਾ ਕਰ ਸਕੇ। ਖੈਰ, ਇਹ ਵਿਸ਼ਾ ਵੱਖਰੇ ਵਿਸਥਾਰ ਦੀ ਮੰਗ ਕਰਦਾ ਹੈ।
ਫਿਲਹਾਲ ਗੱਲ ਹੋ ਰਹੀ ਸੀ, ਆਸਟ੍ਰੇਲੀਆ ਦੀ ਵਿਲੱਖਣ ਧਰਤੀ ਬਾਰੇ। ਇਸ ਵਿਲੱਖਣ ਧਰਤੀ ਦੀ ਪਹਿਲੀ ਝਲਕ ਲੈਣ ਦਾ ਮੌਕਾ ਸਾਲ 2008 ਦੇ ਅਗਸਤ ਮਹੀਨੇ ਮਿਲਿਆ। ਸਵਿਟਜ਼ਰਲੈਂਡ ਤੋਂ ਸਿੰਗਾਪੁਰ ਹੁੰਦੇ ਹੋਏ ਸਿੰਗਾਪੁਰ ਏਅਰਲਾਈਨ ਦੇ ਜਹਾਜ ਨੇ ਬ੍ਰਿਸਬੇਨ ਜਾਂ ਉਤਾਰਿਆ। ਜਦੋਂ ਘਰੋਂ ਤੁਰੇ ਸਾਂ, ਤਾਂ ਕਹਿਣ ਨੂੰ ਏਥੇ ਗਰਮੀਆਂ ਦਾ ਮੌਸਮ ਸੀ ਅਤੇ ਆਸਟ੍ਰੇਲੀਆ ਵਿੱਚ ਸਰਦੀਆਂ ਅਜੇ ਖਤਮ ਨਹੀਂ ਸਨ ਹੋਈਆਂ। ਯੂਰਪ ਦੀ ਠੰਡ ਦੇ ਹਿਸਾਬ ਨਾਲ ਅਸੀਂ ਗਰਮ ਕੱਪੜਿਆਂ ਦਾ ਬੰਦੋਬਸਤ ਕਰਕੇ ਗਏ ਸਾਂ। ਪਰ, ਬ੍ਰਿਸਬੇਨ ਦੀ ਜਾਂਦੇ ਸਿਆਲ ਦੀ ਨਿੱਘੀ ਧੁੱਪ ਤਾਂ ਦੇਸੀ ਘਿਉ ਵਰਗੀ ਲੱਗਦੀ ਸੀ। ਭਾਵੇਂ ਕਿ ਅਸੀਂ ਆਪਣੇ ਰਹਿਣ ਦਾ ਬੰਦੋਬਸਤ ਕਰਕੇ ਹੀ ਤੁਰੇ ਸੀ, ਪਰ ਫਿਰ ਵੀ ਬ੍ਰਿਸਬੇਨ ਰਹਿੰਦਾ ਇਕ ਸੱਜਣ, ਜਿਸ ਨੂੰ ਅਸੀਂ ਮਿਲੇ ਵੀ ਪਹਿਲੀ ਵਾਰ ਹੀ ਸੀ, ਸਾਨੂੰ ਆਪਣੇ ਘਰ ਲੈ ਗਿਆ ਅਤੇ ਪੂਰੀ ਪੰਜਾਬੀਆਂ ਵਾਲੀ ਆਓ-ਭਗਤ ਕੀਤੀ। ਬ੍ਰਿਸਬੇਨ ਕੁਝ ਦਿਨ ਰਹਿਣ ਪਿੱਛੋਂ ਅਸੀਂ ਆਸਟ੍ਰੇਲੀਆ ਦੀ ਆਰਥਿਕ ਅਤੇ ਵਪਾਰਕ ਰਾਜਧਾਨੀ ਸਿਡਨੀ ਦੇ ਦਰਸ਼ਨ ਕਰਨ ਜਾ ਪਹੁੰਚੇ। ਇਥੇ ਇਕ ਨਿੱਕੀ ਜਿਹੀ ਦਿਲਚਸਪ ਘਟਨਾ ਵਾਪਰੀ, ਜੋ ਹਮੇਸ਼ਾਂ ਲਈ ਆਸਟ੍ਰੇਲੀਆ ਫੇਰੀ ਦੀ ਇੱਕ ਖੂਬਸੂਰਤ ਯਾਦ ਬਣੀ ਰਹੇਗੀ।
ਰਾਮਾਇਣ, ਮਹਾਂਭਾਰਤ ਆਦਿ ਦੀਆਂ ਕਥਾ-ਕਹਾਣੀਆਂ ਨਾਲ ਸੰਬੰਧਤ ਟੀਵੀ ਨਾਟਕਾਂ ਵਿੱਚ ਅਕਸਰ ਵੇਖਿਆ ਸੀ ਕਿ ‘ਨਾਰਦ ਮੁਣੀਂ’ ਵਰਗਾ ਕੋਈ ਭਗਤ ਪਿਆਰਾ ਅੰਤਰ-ਧਿਆਨ ਹੋ ਕੇ ਸ਼ੰਕਰ ਭਗਵਾਨ ਨੂੰ ਯਾਦ ਕਰਦਾ ਤੇ ਕੈਲਾਸ਼ ਵਾਸੀ ਭੋਲੇ ਨਾਥ ਝੱਟਪੱਟ ਆ ਹਾਜਰ ਹੁੰਦੇ। ਓਦੋਂ ਤਾਂ ਇਹ ਗੱਲ ਨਾ ਮੰਨਣਯੋਗ ਤੇ ਮਨਘੜਤ ਜਿਹੀ ਜਾਪਦੀ ਸੀ। ਪਰ ਇੰਟਰਨੈੱਟ ਦੇ ਵਿਸ਼ਵ ਵਿਆਪੀ ਤਾਣੇਪੇਟੇ (World Wide Web) ਨੇ ਕਾਫੀ ਕੁਝ ਸੰਭਵ ਕਰ ਵਿਖਾਇਆ ਹੈ। ਵੈੱਬਕੈਮ ਅਤੇ ਵੋਇਪ (VOIP) ਵਰਗੀਆਂ ਸਹੂਲਤਾਂ ਨਾਲ ਸਾਧਾਰਣ ਤੋਂ ਸਾਧਾਰਣ ਮਨੁੱਖ ਵੀ ਦੁਨੀਆਂ ਦੇ ਕਿਸੇ ਵੀ ਖੂੰਜੇ ‘ਚ ਬੈਠੇ ਆਪਣੇ ਪਿਆਰਿਆਂ ਦੇ ਸਨਮੁੱਖ ਹੋ ਸਕਦਾ ਹੈ। ਕੋਈ ਬਹੁਤੀ ਭਗਤੀ ਜਾਂ ਜਪ ਤੱਪ ਕਰਨ ਦੀ ਲੋੜ ਵੀ ਨਹੀਂ ਪੈਂਦੀ। ਜਿਸ ਤੇਜੀ ਨਾਲ ਪਿਛਲੇ ਸਮੇਂ ਵਿੱਚ ਇਸ ਤਕਨਾਲੋਜੀ ਦਾ ਵਿਕਾਸ ਹੋਇਆ ਹੈ ਅਤੇ ਹੋ ਰਿਹਾ ਹੈ, ਆਉਦੇ ਸਾਲਾਂ ਵਿੱਚ ਹੋਰ ਪਤਾ ਨਹੀਂ ਕੀ ਕੁਝ ਵੇਖਣ ਨੂੰ ਮਿਲੇਗਾ। ਦੁਨੀਆਂ ਤੇਜੀ ਨਾਲ ਸੁੰਗੜ ਕੇ ਨਿੱਕੀ ਹੁੰਦੀ ਜਾਪ ਰਹੀ ਹੈ। ਪਰ ਫਿਰ ਵੀ ਕਈ ਵਾਰ ਸੰਚਾਰ ਤਕਨਾਲੋਜੀ ਭਾਵੇਂ ਧੋਖਾ ਦੇ ਜਾਵੇ, ‘ਨਾਰਦ ਮੁਣੀਂ’ ਵਾਲਾ ਅੰਦਰੂਨੀ ਸੰਪਰਕ ਸਿਸਟਮ ਕਾਮਯਾਬ ਰਹਿੰਦਾ ਹੈ। ਕਹਿੰਦੇ ਨੇ ‘ਦਿਲ ਤੋਂ ਦਿਲ ਨੂੰ ਰਾਹ ਹੁੰਦੀ ਹੈ’, ਜੇ ਕਿਸੇ ਨੂੰ ਸੱਚੇ ਮਨੋਂ ਯਾਦ ਕਰੀਏ ਤਾਂ ਉਹ ਸੱਤ ਸਮੁੰਦਰ ਪਾਰ ਵੀ ਆਣ ਮਿਲਦਾ ਹੈ।
ਮੈ ਅਤੇ ਮੇਰਾ ਪਰਮ ਮਿੱਤਰ ਗੁਰਦੀਪ ਸਿੰਘ, ਸ੍ਰੀਮਤੀਆਂ ਸਮੇਤ, ਸਿਡਨੀ ਦੇ ਮਸ਼ਹੂਰ ‘ਓਪਰਾ ਹਾਊਸ’ਦੇ ਦਰਸ਼ਨ ਕਰ ਰਹੇ ਸਾਂ। ਗੁਰਦੀਪ ਸਿੰਘ ਲਿਸ਼ਕੋਰਾਂ ਮਾਰਦੇ ਸ਼ਹਿਰ ਦੀ ਤਰੱਕੀ ਨੂੰ ਵੇਖ-ਵੇਖ ਗੋਰਿਆਂ ਦੀ ਕਾਮਯਾਬੀ ਤੇ ਖੁਸ਼ੀ ਭਰੀ ਹੈਰਾਨੀ ਪਰਗਟ ਕਰ ਰਿਹਾ ਸੀ। ਇਹ ਸੋਚ ਕੇ ਗ਼ਦਗ਼ਦ ਹੋ ਰਿਹਾ ਸੀ ਕਿ ਕਿਵੇਂ ਸਿਰਫ ਦੋ ਕੁ ਸੌ ਸਾਲ ਵਿੱਚ ਹੀ ਇਸ ਜਮੀਨ ਦਾ ਨਕਸ਼ਾ ਉੱਕਾ ਹੀ ਬਦਲ ਗਿਆ ਸੀ। ਜਦੋਂ ਕਦੇ ਬਰਤਾਨਵੀ ਜਹਾਜਾਂ ਨੇ ਇਸ ਤੱਟ ਤੇ ਪਹਿਲੀ ਵਾਰ ਲੰਗਰ ਸੁੱਟੇ ਹੋਣਗੇ ਤਾਂ ਇੱਥੇ, ਸਿਵਾਏ ਝਾੜ-ਬੂਟ ਦੇ, ਕੁਝ ਵੀ ਨਹੀਂ ਹੋਣਾਂ। ਅੱਜ ਓਸੇ ਜਗ੍ਹਾ ਦੀ ਗਿਣਤੀ ਦੁਨੀਆਂ ਦੇ ਅੱਤ ਵਿਕਸਤ ਸ਼ਹਿਰਾਂ ਵਿੱਚ ਹੁੰਦੀ ਹੈ। ਇਹੋ ਗੱਲਾਂ ਕਰਦੇ ‘ਓਪਰਾ ਹਾਊਸ’ਦੀਆਂ ਪੌੜੀਆਂ ਵਿੱਚ ਬੈਠੇ ਉਸ ਪਲ ਨੂੰ ਕੈਮਰੇ ਵਿੱਚ ਕੈਦ ਕਰ ਰਹੇ ਸੀ, ਕਿ ਇੱਕ ਭੁਲੇਖਾ ਜਿਹਾ ਪਿਆ। ਉਹਨਾਂ ਹੀ ਪੌੜੀਆਂ ਦੇ ਦੂਜੇ ਸਿਰੇ, ਕੱਚੇ-ਪੀਲੇ ਰੰਗ ਦੀ ਇੱਕ ਪੱਗ ਨਜਰੀਂ ਪਈ। ਪਰ ਤਿੱਖੀ ਧੁੱਪ ਦੀ ਵਜ੍ਹਾ ਨਾਲ, ਉਹ ਬੰਦਾ ਪਛਾਣ ‘ਚ ਨਾ ਆਇਆ ਜਿਸ ਦੇ ਸਿਰ ਤੇ ਉਹ ਪੱਗ ਸੁਸ਼ੋਭਿਤ ਸੀ। ਅਸੀਂ ਫੇਰ ਆਪਣੀਆਂ ਗੱਲਾਂ ਵਿੱਚ ਲੱਗ ਗਏ। ਪਰ ਮੁੜ-ਮੁੜ ਕੇ ਧਿਆਨ ਓਸੇ ਪਾਸੇ ਜਾਵੇ ਅਤੇ ਇਓਂ ਜਾਪੇ ਬਈ ਇਹ ਕੋਈ ਜਾਣੂੰ ਈ ਬੰਦਾ ਹੋਣਾ ਏਂ। ਪੱਗ ਬੰਨ੍ਹਣ ਦਾ ਢੰਗ, ਚਾਲ ਢਾਲ ਕੁਝ-ਕੁਝ ਜਾਣੇ ਪਛਾਣੇ ਸਨ, ਪਰ ਇਸ ਪ੍ਰਦੇਸੀ ਧਰਤੀ ਤੇ ਤਾਂ ਤੁੱਕਾ ਮਾਰ ਕੇ ਵੀ ਨਹੀਂ ਸੀ ਬੁੱਝਿਆ ਜਾ ਸਕਦਾ ਕਿ ਇਹ ਬੰਦਾ ਫਲਾਣਾ ਹੀ ਹੋਵੇਗਾ। ਲੱਗਦਾ ਸੀ ਕਿ ਉਹ ਵੀ ਸਾਨੂੰ ਹੀ ਪਛਾਨਣ ਦੀ ਕੋਸਿ਼ਸ਼ ਕਰ ਰਿਹਾ ਸੀ। ਰਤਾ ਕੁ ਹੋਰ ਨੜੇ ਹੋਏ ਤਾਂ ਉਸ ਨੇ ਹੱਥ ਹਿਲਾਇਆ, ਨਾਲ ਹੀ ਸਾਡੇ ਦੋਵਾਂ ਦੇ ਚਿਹਰੇ ਖਿੜ ਗਏ। ‘ਓਪਰਾ ਹਾਊਸ’ ਓਪਰੇ-ਓਪਰੇ ਤੋਂ ਅਚਾਨਕ ਆਪਣਾਂ-ਆਪਣਾਂ ਲੱਗਣ ਲੱਗ ਪਿਆ। ਇਹ ਤਾਂ ਉਹੋ ਈ ਬੰਦਾ ਸੀ ਜਿਸ ਨੂੰ ਮੈਂ ਜਰੂਰ ਹੀ ਮਿਲਣਾਂ ਚਾਹੁੰਦਾ ਸੀ, ਪਰ ਸੰਪਰਕ ਨਾ ਹੋ ਸਕਣ ਕਾਰਣ ਹੁਣ ਮੈਂ ਮਿਲਣ ਦੀ ਆਸ ਛੱਡ ਦਿੱਤੀ ਸੀ। ਨਾਰਦ ਮੁਣੀਂ ਹੁਰੀਂ ਬਹੁਤ ਸਮਾਂ ਟੱਲੀਆਂ ਵਜਾਉਂਦੇ ਰਹੇ ਸਨ, ਪਰ ਭੋਲੇ ਨਾਥ ਨੇ ਇੱਕ ਨਹੀਂ ਸੀ ਸੁਣੀਂ। ‘ਤੇ ਅੱਜ ਅਚਾਨਕ ਸਿ਼ਵ ਸ਼ੰਭੂ ਕੈਲਾਸ਼ ਛੱਡ ਕੇ ਸਾਕਸ਼ਾਤ ਦਰਸ਼ਣ ਦੇਣ ਮਾਤ ਲੋਕ ਆਣ ਪਧਾਰੇ ਸਨ। ਉਹ ਵੀ ਇਕੱਲੇ ਨਹੀਂ, ਸਗੋਂ ਪਾਰਵਤੀ ਜੀ ਨੂੰ ਵੀ ਨਾਲ ਲੈ ਕੇ ਆਏ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਭੰਗੜਾ ਟੀਮ ਦਾ ਮਾਣ ਰਹੇ ਬਲਵਿੰਦਰ ਸਿੰਘ ਉਰਫ਼ ‘ਬੱਲੀ’ ਨੂੰ ਮਿਲ ਕੇ ਰੂਹ ਖੁਸ਼ ਹੋ ਗਈ। ਅਸੀਂ ਕਾਫੀ ਸਮਾਂ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਅਤੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਇਕੱਠੇ ਜਾਂਦੇ ਰਹੇ ਸਾਂ। ਸਾਡਾ ਇੱਕ ਸਾਥੀ ਅਕਸਰ ਕਿਹਾ ਕਰਦਾ ਸੀ ਕਿ ਜਿਹੜਾ ਬੰਦਾ ਇੱਕ ਵਾਰ ਪੀਏਯੂ (ਪੰਜਾਬ ਐਗ੍ਰੀਕਲਚਰਲ ਯੂਨੀਵਰਸਿਟੀ) ਵਿੱਚ ਪੜ੍ਹਿਆ ਅਤੇ ਵਿਚਰਿਆ ਹੋਵੇ, ਉਸ ਨੂੰ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਰਾਤ ਬਰਾਤੇ ਰਹਿਣਾਂ ਪੈ ਜਾਵੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਠਾਹਰ ਨਾ ਲੱਭੇ। ਅੱਜ ਇਹ ਕਹਿੰਦਿਆਂ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਪੀਏਯੂ ਦੇ ਪੜ੍ਹੇ ਦੁਨੀਆਂ ਦੇ ਹਰ ਕੋਨੇ ਵਿੱਚ ਇਸ ਕਦਰ ਫੈਲੇ ਹੋਏ ਹਨ, ਕਿ ਕਿਸੇ ਵੀ ਮੁਲਕ ਜਾਓ, ਕੋਈ ਨਾਂ ਕੋਈ ਮਿੱਤਰ ਪਿਆਰਾ ਅੱਗੇ ਹਾਜਰ ਹੁੰਦਾ ਹੈ। ਮੈ ਜਦੋਂ ਸਵਿਟਜ਼ਰਲੈਂਡ ਤੋਂ ਆਸਟ੍ਰੇਲੀਆ ਨੂੰ ਆਓਣ ਦਾ ਪ੍ਰੋਗਰਾਮ ਉਲੀਕ ਰਿਹਾ ਸੀ ਤਾਂ ‘ਬੱਲੀ’ ਨੂੰ ਮਿਲਣ ਦੀ ਆਸ ਨਾਲ ਈ-ਮੇਲ ਕੀਤੀ। ਪਰ ਕੋਈ ਜਵਾਬ ਨਾ ਆਇਆ। ਕੁਝ ਦਿਨ ਬਾਅਦ ਦੁਬਾਰਾ ਈ-ਚਿੱਠੀ ਭੇਜੀ, ਪਰ ਉਹ ਵੀ ਵਾਪਸ ਨਾ ਮੁੜੀ। ਮੈਨੂੰ ਏਨਾ ਕੁ ਤਾਂ ਪਤਾ ਸੀ ਕਿ ਬਲਵਿੰਦਰ ਸਿੰਘ, ਸਿਡਨੀਂ ਤੋਂ ਕੋਈ ਡੇੜ੍ਹ ਕੁ ਸੌ ਮੀਲ ਹਟਵੇਂ ਕਿਸੇ ਖੋਜ ਕੇਂਦਰ ਵਿੱਚ ਕੰਮ ਕਰਦਾ ਸੀ। ਪਰ ਕਾਫ਼ੀ ਸਮੇਂ ਤੋਂ ਕੋਈ ਰਾਬਤਾ ਨਹੀਂ ਸੀ। ਕਿਸੇ ਤਰਾਂ ਫੋਨ ਨੰਬਰ ਲੱਭ ਕੇ ਸੰਪਰਕ ਕਰਨ ਦਾ ਯਤਨ ਕੀਤਾ ਪਰ ਕੋਈ ਚਾਰਾ ਨਾ ਚੱਲਿਆ। ਏਨੇ ਨੂੰ ਸਾਡੀ ਫਲਾਈਟ ਦਾ ਦਿਨ ਆ ਗਿਆ ਤੇ ਮੈ ਮਿਲਣ ਦੀ ਆਸ ਉੱਕਾ ਈ ਛੱਡ ਦਿੱਤੀ।
ਅਸਲ ਵਿੱਚ ਜਦੋਂ ਮੈਂ ‘ਬੱਲੀ’ ਨੂੰ ਸੰਪਰਕ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ, ਉਹਨੀ ਦਿਨੀਂ ਉਹ ਪੰਜਾਬ ਗਿਆ ਹੋਇਆ ਸੀ, ਇਸ ਕਰਕੇ ਉਸ ਨੇ ਮੇਰੀ ਮੇਲ ਵੇਖੀ ਹੀ ਨਹੀਂ। ਕੁਝ ਦਿਨ ਪਹਿਲਾਂ ਹੀ ਉਹ ਵਾਪਿਸ ਆਸਟ੍ਰੇਲੀਆ ਆਇਆ ਸੀ ਅਤੇ ਉਸ ਦਿਨ ਉਹ ਆਪਣੇ ਕਿਸੇ ਮਿੱਤਰ ਨਾਲ ਆਪਣੀ ਸ੍ਰੀਮਤੀ ਨੂੰ ਸਿਡਨੀ ਏਅਰਪੋਰਟ ਤੋਂ ਲੈਣ ਆਇਆ ਸੀ। ਉਸਦੇ ਮਿੱਤਰ ਨੂੰ ਸ਼ਹਿਰ ਵਿੱਚ ਕੋਈ ਜਰੂਰੀ ਕੰਮ ਸੀ ਇਸ ਲਈ ਉਹ, ਉਹਨਾਂ ਨੂੰ ਕੁਝ ਸਮੇਂ ਲਈ ਓਪਰਾ ਹਾਊਸ ਨੇੜੇ ਉਤਾਰ ਕੇ ਆਪ ਕੰਮ ਕਰਨ ਲਈ ਚਲਾ ਗਿਆ ਸੀ। ਮੌਕਾਮੇਲ ਦੀ ਹੱਦ ਕਹੋ ਜਾਂ ਮੁਲਾਕਾਤ ਦੀ ਖਿੱਚ, ਐਨ ਓਸੇ ਸਮੇਂ ਅਸੀਂ ਵੀ ਓਸੇ ਥਾਂ ਮੌਜੂਦ ਸਾਂ। ਸੁਮੇਲ ਦੀ ਗੱਲ ਇਹ ਵੀ ਕਿ ਅਸੀਂ ਦੋਵਾਂ ਨੇ ਪੱਗਾਂ ਵੀ ਇੱਕੋ ਰੰਗ ਦੀਆਂ ਬੰਨ੍ਹੀਆਂ ਸਨ। ਹੁਣ ਵੀ ਜਦੋਂ ਕਦੇ ਦੋਸਤ ਮਿੱਤਰ ਉਸ ਦਿਨ ਖਿੱਚੀਆਂ ਤਸਵੀਰਾਂ ਵੇਖਦੇ ਹਨ ਤਾਂ ਪਹਿਲੀ ਟਿੱਪਣੀਂ ਇਹੋ ਈ ਕਰਦੇ ਹਨ, ‘ਪੱਗਾਂ ਸਲਾਹ ਕਰਕੇ ਬੰਨ੍ਹੀਆਂ ਜਾਪਦੀਆਂ’। ਪਿਆਰੇ ਦੋਸਤ ਬੱਲੀ ਅਤੇ ਉਸ ਦੀ ਨਵਵਿਆਹੁਤਾ ਸ੍ਰੀ ਮਤੀ ਨੂੰ ਇਓਂ ਅਚਾਨਕ ਮਿਲ ਕੇ ਦਿਲ ਬਾਗ ਬਾਗ ਹੋ ਗਿਆ। ਜੀਅ ਕੀਤਾ ਕਿ ਪੀਏਯੂ ਦਾ ਓਹੋ ਨਾਅਰਾ ਬੁਲੰਦ ਕੀਤਾ ਜਾਵੇ:
ਈਰੀ ਊਰੀ ਆਰੀ …ਹੋ,
ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ …ਹੋ,
ਜੈ ਜਵਾਨ ਪਿਆਰਿਆ,
ਜੈ ਕਿਸਾਨ ਪਿਆਰਿਆ,
ਵਾਹ ਜੀ ਵਾਹ,
ਕਿਆ ਬਾਤ ਹੈ,
ਪੀਏਯੂ ਦੀ ਜੈ,
ਏਥੇ ਵੀ ਕੋਈ ਹੈ…!!!

ਇਹ ਨਾਅਰਾ ਸਾਡੇ ਵੱਡਿਆਂ ਨੇ ਈਜਾਦ ਕੀਤਾ ਸੀ ਤੇ ਯੁਵਕ ਮੇਲਿਆਂ ਵਿੱਚ ਜਿੱਤਣ ਸਮੇਂ ਪੂਰੇ ਜੋਸ਼ ਵਿੱਚ ਆ ਕੇ ਇਹ ਨਾਅਰਾ ਲਾਉਂਦੇ ਹੁੰਦੇ ਸਨ। ਅੰਮ੍ਰਿਤਸਰ ਵਿੱਚ ਹੋਏ ਇੱਕ ਉੱਤਰੀ ਜੋ਼ਨ ਦੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਦੌਰਾਨ ਸ਼ਾਇਦ ਇਹ ਨਾਅਰਾ ਅਖ਼ਬਾਰਾਂ ਵਿੱਚ ਵੀ ਛਪਦਾ ਰਿਹਾ ਸੀ। ਫਿਰ ਹੌਲੀ ਹੌਲੀ ਨਵੇਂ ਵਿਦਿਆਰਥੀਆਂ ਵਿੱਚ ਇਸ ਦਾ ਚਲਣ ਅਲੋਪ ਹੋ ਗਿਆ। ਮੈਨੂੰ ਪੂਰੀ ਤਰਾਂ ਯਾਦ ਹੈ ਕਿ ਜਦੋਂ ਪੀਏਯੂ ਦੇ ਯੁਵਕ ਮੇਲੇ ਵਿੱਚ ਖੇਤੀਬਾੜੀ ਕਾਲਜ ਦੀ ਟੀਮ ਨੇ ਹੂੰਜਾ ਫੇਰ ਜਿੱਤ ਪ੍ਰਾਪਤ ਕੀਤੀ ਸੀ ਤਾਂ ਖੁਸ਼ੀ ਵਿੱਚ ਖੀਵੇ ਸਾਰੇ ਜਣੇ ਅੱਧੀ ਰਾਤ ਤੱਕ ਜਸ਼ਨ ਮਨਾਉਂਦੇ ਰਹੇ ਸਨ। ਉਸ ਰਾਤ ਹੀ ਓਪਨ ਏਅਰ ਸਟੇਡੀਅਮ ਦੀਆਂ ਪੌੜੀਆਂ ਵਿੱਚ ਬੈਠਿਆਂ ਦਿਲਜੀਤਪਾਲ ਸਿੰਘ ਬਰਾੜ ਨੇ ਇਸ ਨਾਅਰੇ ਤੋਂ ਸਾਨੂੰ ਜਾਣੂੰ ਕਰਵਾਇਆ ਸੀ।
ਉਸ ਦਿਨ ਬੱਲੀ ਨਾਲ ਇਓਂ ਅਚਾਨਕ ਹੋਈ ਮੁਲਾਕਾਤ ਬਾਰੇ ਯਾਦ ਕਰਕੇ ਮੈਨੂੰ ਅਕਸਰ ਸਿਰਮੌਰ ਕਵੀਸ਼ਰ ‘ਜੋਗਾ ਸਿੰਘ ਜੋਗੀ’ ਦੀ ‘ਬੀਬੀ ਸੁੰਦਰੀ’ ਦੇ ਪ੍ਰਸੰਗ ਵਿੱਚ ਸੁਣਾਈ ਗੱਲ ਚੇਤੇ ਆ ਜਾਂਦੀ ਹੈ। ਗੱਲ ਕੁਝ ਇਓਂ ਹੈ:
ਦਿੱਲੀ ਤੋਂ ਆਇਆ ਮੁਗ਼ਲੀਆ ਹਕੂਮਤ ਦਾ ਇੱਕ ਸਿਪਾਹੀ ਆਪਣੇ ਜਲੰਧਰ ਵਾਲੇ ਸਾਥੀ ਸਿਪਾਹੀ ਨੂੰ ਕਹਿੰਦਾ ਹੈ ‘‘ਤੈਨੂੰ ਪਤੈ ਕੱਲ੍ਹ ਨੂੰ ਈਦਗਾਹ ਵਿੱਚ ਭਾਰੀ ਇਕੱਠ ਹੋਣੈ, ਸਾਡੇ ਨਵਾਬ ਸਾਹਬ ਨੇ ਸੁੰਦਰੀ ਨਾਲ ਜਬਰੀ ਨਿਕਾਹ ਪੜ੍ਹਾ ਲੈਣਾ ‘ਤੇ ਨਾਲੇ ਸੁੰਦਰੀ ਦੇ ਭਰਾ ਬਲਵੰਤ ਸਿੰਘ ਨੂੰ ਇਸਲਾਮ ਕਬੂਲ ਕਰਵਾ ਲੈਣੈ; ‘ਤੇ ਜੇ ਉਹਨੇ ਮੁਸਲਮਾਨ ਬਣਨ ਤੋਂ ਨਾਂਹ ਕਰ ਦਿੱਤੀ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਣਾਂ। ਆਪਾਂ ਵੀ ਓਥੇ ਜਾਵਾਂਗੇ, ਖ਼ੂਬ ਦਾਅਵਤਾਂ ਹੋਣਗੀਆਂ, ਮੌਜਾਂ ਕਰਾਂਗੇ।’’
ਜਲੰਧਰ ਵਾਲਾ ਸਿਪਾਹੀ ਜਵਾਬ ਦਿੰਦਾ ਹੈ “ਓ ਨਾ ਓ ਨਾ ਭਰਾਵਾ, ਮੇਰਾ ਪਿਓ ਮਰਨ ਲੱਗਾ ਕਹਿ ਗਿਆ ਸੀ ਕਿ ਪੁੱਤਰਾ ਜਿੱਥੇ ਸਿੰਘਾਂ ਦੇ ਆਉਣ ਦਾ ਖਤਰਾ ਹੋਵੇ, ਉਸ ਥਾਂ ਭੁੱਲ ਕੇ ਵੀ ਨਾ ਜਾਵੀਂ’’।
ਦਿੱਲੀ ਵਾਲਾ ਆਖਣ ਲੱਗਾ “ਨਹੀਂ ਓਏ ਭੋਲਿਆ, ਹਕੂਮਤ ਆਪਣੀਂ ਏਂ, ਫੌਜ ਆਪਣੀਂ ਏਂ, ਸੁਰੱਖਿਆ ਦਾ ਪੂਰਾ ਬੰਦੋਬਸਤ ਹੈ, ਸਿੰਘਾਂ ਨੇ ਓਥੇ ਕਿੱਥੋਂ ਆ ਜਾਣਾਂ?”
ਜਲੰਧਰ ਵਾਲਾ ਬੋਲਿਆ “ਮੇਰਾ ਪਿਓ ਜਾਂਦਾ-ਜਾਂਦਾ ਇਹ ਵੀ ਕਹਿੰਦਾ ਸੀ ਕਿ ਇਹਨਾਂ ਦਾ ਕੋਈ ਭਰੋਸਾ ਨਹੀਂ, ਸਿੰਘ ਵੇਲੇ ਕਵੇਲੇ ਹਵਾ ‘ਚੋਂ ਵੀ ਉੱਤਰ ਆਓਂਦੇ ਹੁੰਦੇ ਨੇ।”
ਉਸ ਦਿਨ ਓਥੇ ਸਿੰਘਾਂ ਦੇ ਆਉਣ ਦਾ ਤਾਂ ਭਾਵੇਂ ਕੋਈ ਖਤਰਾ ਨਹੀਂ ਸੀ ਪਰ ਫੇਰ ਵੀ ਬਲਵਿੰਦਰ ਸਿੰਘ ‘ਬੱਲੀ’ ਵੀ ਉਹਨਾਂ ਚੱਕਰਵਰਤੀ ਸਿੰਘਾਂ ਵਾਂਗ ਅਚਨਚੇਤ ਹਵਾ ‘ਚੋਂ ਈ ਉੱਤਰ ਆਇਆ। ਜਿਵੇਂ ਅੰਗਰੇਜੀ ਵਿੱਚ ਕਹਿੰਦੇ ਨੇ ‘ਆਊਟ ਆਫ਼ ਦ ਥਿੱਨ ਏਅਰ’ (Out of the thin air)।

No comments: