ਹੁਣ ਸਾਡਾ ਮੋਗਾ ‘ਚਾਹ ਜੋਗਾ’ ਨਹੀਂ ਰਿਹਾ......... ਵਿਅੰਗ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਮੋਗਾ ਕਿਸੇ ਲੱਲੀ ਛੱਲੀ ਸ਼ਹਿਰ ਦਾ ਨਾਂ ਨਹੀਂ ਹੈ। ਸਗੋਂ ਆਪਣੇ ਆਪ ‘ਚ ਇੱਕ ਇਤਿਹਾਸ ਹੈ ਮੋਗਾ! ਕਾਮਾਗਾਟਾ ਮਾਰੂ (ਗੁਰੁ ਨਾਨਕ ਜਹਾਜ਼) ਦੇ ਮੁਸਾਫਰਾਂ ਵਿੱਚ ਇਕੱਲੇ ਮੋਗੇ ਜਿਲ੍ਹੇ ਦੇ ਲੱਗਭਗ ਚਾਰ ਦਰਜ਼ਨ ਮੁਸਾਫਰਾਂ ਦਾ ਹੋਣਾ ਵੀ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਮੋਗੇ ਦੇ ਲੋਕਾਂ ਦੇ ਖੂਨ ‘ਚ ਇਨਕਲਾਬ ਦੀ ਲਾਲੀ ਪਹਿਲਾਂ ਤੋਂ ਹੀ ਚਮਕਾਂ ਮਾਰਦੀ ਆ ਰਹੀ ਹੈ। ਲਾਲਾ ਲਾਜਪਤ ਰਾਏ ਜੀ ਦਾ ਵੀ ਇਸ ਜਿਲ੍ਹੇ ਨਾਲ ਗਹਿ ਗੱਡਵਾਂ ਸੰਬੰਧ ਹੋਣਾ ਇਸ ਦੇ ਰੱਜੇ- ਪੁੱਜੇ ਇਤਿਹਾਸ ਤੇ ਮੋਹਰ ਲਾਉਂਦਾ ਹੈ। ਮੁਜਾਰਾ ਲਹਿਰ ਹੋਵੇ, ਖੁਸ਼ ਹੈਸੀਅਤ ਮੋਰਚਾ ਹੋਵੇ ਜਾਂ ਫਿਰ ਬਿਰਲਾ ਪਟਾ ਮੋਰਚਾ ਹੋਵੇ, ਮੋਗੇ ਜਿਲ੍ਹੇ ਦੀ ਸ਼ਮੂਲੀਅਤ ਨੂੰ ਕਿਸੇ ਵੀ ਪੱਖੋਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀਆਂ ਕੁੜੀਆਂ ਦੇ ਚਾਵਾਂ ਮਲ੍ਹਾਰਾਂ ਦਾ ਗਵਾਹ ਤਿਉਹਾਰ ਤੀਆਂ ਵੀ ਇਸੇ ਮੋਗੇ ਦੀਆਂ ਮਸ਼ਹੂਰ ਸਨ। ਕਦੇ ਇਹੀ ਮੋਗਾ 'ਰੀਗਲ ਸਿਨੇਮਾਂ ਕਾਂਡ' ਕਰਕੇ ਇਨਕਲਾਬੀ ਸਫ਼ਾਂ ‘ਚ ਲਾਲ ਰੰਗ ਵਾਂਗ ਚਮਕਿਆ। ਕਦੇ ਗਾਇਕ ਸਰਦੂਲ ਸਿਕੰਦਰ ਨੇ ਆਪਣੇ ‘ਰੋਡਵੇਜ਼ ਦੀ ਲਾਰੀ’ ਗੀਤ ‘ਚ ਅਥਾਹ ਪਿਆਰ ਨਾਲ ਮੋਗੇ ਦਾ ਨਾਂ ਲਿਆ: 
“ਆਗੀ ਰੋਡਵੇਜ਼ ਦੀ ਲਾਰੀ,
ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ,
ਇਹਦੀ ਕੇਹੜੇ ਰੂਟ ਦੀ ਤਿਆਰੀ,
ਕੇਹੜੇ ਰਸਤੇ ਪੈਣੀ ਐ...।
ਬੀਬੀ ਹੁਣੇ ਕਿਵੇਂ ਮੈਂ ਕਹਿ ਦਿਆਂ 
ਕਿ ਇਹ ਮੋਗੇ ਜਾਣੀ ਐ...।”
ਇਸ ਗੀਤ ਨਾਲ ਇੱਕ ਵਾਰ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਕਿ ਰੋਡਵੇਜ਼ ਦਾ ਇੱਕ ਡਿਪੂ ਮੋਗਾ ਵੀ ਹੈ। ਅੱਜ ਵੀ ਜਦੋਂ ਕਿੱਧਰੇ ਕਾਮਿਆਂ ਦੇ ਸੰਘਰਸ਼ ਦੀ ਗੱਲ ਛਿੜਦੀ ਹੈ ਤਾਂ ਮੋਗੇ ਦੇ ਰੋਡਵੇਜ਼ ਕਾਮਿਆਂ ਦਾ ਨਾਂ ਉਂਗਲਾਂ ਦੇ ਪੋਟਿਆਂ ਤੇ ਗਿਣਿਆ ਜਾਂਦਾ ਹੈ। ਇਹ ਤਾਂ ਸੀ ਉਸ ਪੁਰਾਣੇ ਮੋਗੇ ਦੀ ਧੁੰਦਲੀ ਜਿਹੀ ‘ਫੋਟੂ’ ਜਿਸ ਨੂੰ ਲੋਕ ਕਿਸੇ ਵੇਲੇ ਪਿਆਰ ਨਾਲ ‘ਮੋਗਾ ਚਾਹ ਜੋਗਾ’ ਕਿਹਾ ਕਰਦੇ ਸਨ। 
ਹੁਣ ਗੱਲ ਕਰੀਏ ਓਸ ਮਾਡਰਨ ਮੋਗੇ ਦੀ, ਜੋ ਹੁਣ ਚਾਹ ਜੋਗਾ ਨਹੀਂ ਰਿਹਾ। ਜਦੋਂ ਪੋਤੜੇ ਫਰੋਲਣ ਬੈਠ ਹੀ ਗਏ ਹਾਂ ਤਾਂ ਪਹਿਲਾਂ ਸੂਈ ਧਰਦੇ ਆਂ ‘ਮੋਗਾ ਸੈਕਸ ਕਾਂਡ’ ‘ਤੇ...। ਭਾਵੇਂ ਤੁਹਾਨੂੰ ਯਕੀਨ ਨਾ ਹੋਵੇ ਯਾਰ ਆਪਾਂ ਵੀ ਫਿੱਟਣੀਆਂ ਦੇ ਫੇਟ ਆਂ। ਉਹ ਸੁਣ ਲਓ ਕਿ ਕਿਵੇਂ? ਆਹ ਸੈਕਸ ਕਾਂਡ ਪਤਾ ਨਹੀਂ ਕਿੰਨਿਆਂ ਦੇ ਹੋਰ ਪੁਲਸੀਆ ਘੋਟਾ ਲੁਆ ਦਿੰਦਾ, ਪਤਾ ਨਹੀਂ ਕਿੰਨੇ ਕੁ ਸ਼ਰੀਫ ਲੋਕਾਂ ਨੂੰ ‘ਨਾਲੇ ਦੇ ਢਿੱਲੇ’ ਬਣਾ ਕੇ ਦਿਖਾ ਦਿੰਦਾ, ਪਤਾ ਨਹੀਂ ਕਿੰਨਿਆਂ ਕੁ ਦੀਆਂ ਜੇਬਾਂ ਨੂੰ ਥੁੱਕ ਲੁਆ ਦਿੰਦਾ....ਜੇ ਥੋਡਾ ਫਿੱਟਣੀਆਂ ਦਾ ਫੇਟ ਆਹ ਛੋਟਾ ਵੀਰ ਇਸ ਖਿਲਾਫ ਪਹਿਲੀ ਖਬਰ ਨਾ ਲਿਖਦਾ। ਇਸ ਕਾਂਡ ਦੇ ਬਖੀਏ ਉਧੇੜਨ ਵਾਲਾ ਰਣਜੀਤ ਸਿੰਘ ਭਾਗੀਕੇ ਸਾਡੇ ਬਜ਼ੁਰਗ ਦੋਸਤ ਜਥੇਦਾਰ ਮੁਖਤਿਆਰ ਸਿੰਘ ਭਾਗੀਕੇ ਦਾ ਲੜਕਾ ਹੈ। ਇੱਕ ਦਿਨ ਮੈਨੂੰ ਤੇ ਮੇਰੇ ਪੱਤਰਕਾਰ ਦੋਸਤ ਰਣਜੀਤ ਬਾਵਾ ਜੀ ਨੂੰ ਜਥੇਦਾਰ ਜੀ ਨੇ ਜਰੂਰੀ ਮਿਲਣ ਲਈ ਸੁਨੇਹਾ ਭੇਜਿਆ। ਅਸੀਂ ਗਏ ਤਾਂ ਉਹਨਾਂ ਦੇ ਬੇਟੇ ਰਣਜੀਤ ਨੇ ਇੱਕ ਥਾਣੇਦਾਰ ਦੀ ਰਿਕਾਰਡ ਕੀਤੀ ਹੋਈ ਆਵਾਜ ਦੀ ਸੀ. ਡੀ. ਸਾਨੂੰ ਸਬੂਤ ਵਜੋਂ ਦਿੰਦਿਆਂ ਖਬਰ ਲਾਉਣ ਲਈ ਕਿਹਾ। ਬੇਸ਼ੱਕ ਇਹ ਮਸਲਾ ਬਹੁਤ ਨਾਜੁਕ ਤੇ ਗਿਣਿਆ ਮਿਥਿਆ ਸੀ ਜਿਸ ਵਿੱਚ ਆਮ ਲੋਕ, ਨੇਤਾ ਲੋਕ ਇੱਥੋਂ ਤੱਕ ਕਿ ਇੱਕ ਪੱਤਰਕਾਰ ਵੀ ਲਪੇਟ ਲਿਆ ਗਿਆ ਸੀ। ਗੱਲ ਸ਼ੁਰੂਆਤ ਕਰਨ ਤੇ ਆ ਗਈ ਕਿ ਜੇ ਕਿਸੇ ਨੇ ਵੀ ਇਸ ਖਿਲਾਫ ਬੋਲਣ ਲਿਖਣ ਦੀ ਜੁਅਰਤ ਨਾ ਕੀਤੀ ਤਾਂ ਹੋ ਸਕਦਾ ਹੈ ਕਿ ਇਸ ਘੁਲਾੜ੍ਹੀ ‘ਚ ਮੇਰੀ ਜਾਂ ਤੁਹਾਡੀ ਬਾਂਹ ਵੀ ਆ ਸਕਦੀ ਸੀ। ਮੈਂ ਉਸ ਸੀ. ਡੀ. ਦੀ ਸੱਚਾਈ ਦੇ ਸੰਬੰਧ ਵਿੱਚ ਜਾਨਣ ਬਾਰੇ ਜਦ ਉਸ ਥਾਣੇਦਾਰ ਸਾਬ੍ਹ ਨਾਲ ਗੱਲ ਕੀਤੀ ਤਾਂ ਮਾਂ ਦਾ ਬੀਬਾ ਪੁੱਤ ਇਹੀ ਕਹੀ ਜਾਵੇ ਕਿ “ਬਾਈ ਜੀ, ਮੈਂ ਖੁਦ ਪੈਸੇ ਨਹੀਂ ਲਏ ਸਗੋਂ ਮੈਂ ਤਾਂ ਬਰਸਾਲਾਂ ਵਾਲੀ ਕੁੜੀ ਨਾਲ ਇਹਨਾਂ ਦਾ ਨਿਬੇੜਾ ਕਰਾਉਣ ਲਈ ਕਿਹਾ ਸੀ ਕਿ ਉਹਨੂੰ ਪੰਜਾਹ ਕੁ ਹਜਾਰ ਦੇ ਕੇ ਆਵਦਾ ਖਹਿੜਾ ਛੁਡਾ ਲਵੋ।” ਹੁਣ ਤੁਸੀਂ ਸੋਚਦੇ ਹੋਵੋਗੇ ਕਿ ਆਹ ਬਰਸਾਲਾਂ ਵਾਲੀ ਬੀਬੀ ਕੌਣ ਹੋਈ...? ਤੇ ਥਾਣੇਦਾਰ ਸਾਬ੍ਹ ਕਿਵੇਂ ਵਿਚੋਲਪੁਣਾ ਕਰਨ ਲੱਗ ਗਏ? ਲਓ ਇਹ ਵੀ ਸੁਣੋ ਕਿ ਬਰਸਾਲਾਂ ਵਾਲੀ ਬੀਬੀ ਉਹ ਸੀ ਜਿਸ ਵੱਲੋਂ ਲੋਕਾਂ ਉੱਪਰ ਬਲਾਤਕਾਰ ਦੇ ਦੋਸ਼ ਲਾਏ ਜਾਂਦੇ ਸਨ ਤੇ ਥਾਣੇਦਾਰ ਸਾਬ੍ਹ ਵਰਗੇ ਇਸੇ ਤਰ੍ਹਾਂ ਹੀ ਖਹਿੜਾ ਛੁਡਾਉਣ ਦੀ ਰਾਇ ਦੇ ਕੇ ਸ਼ਾਇਦ ‘ਫਿਫਟੀ-ਫਿਫਟੀ’ ਦੀ ਖੇਡ ਖੇਡ ਰਹੇ ਸਨ। ਦਾਸ ਨੇ ਖਬਰ ‘ਚ ਰਣਜੀਤ ਦਾ ਥਾਣੇਦਾਰ ਵੱਲੋਂ ਝੂਠਾ ਫਸਾਉਣ ਤੇ ਪੈਸੇ ਮੰਗਣ ਦਾ ਦੋਸ਼ ਅਤੇ ਇਸ ਦੇ ਨਾਲ ਹੀ ਥਾਣੇਦਾਰ ਸਾਬ੍ਹ ਦਾ ਵਿਚਾਰ ਵੀ ਇਕੋ ਖਬਰ ‘ਚ ਹੀ ਗੁੰਦ ਕੇ ‘ਅਜੀਤ’ ਨੂੰ ਭੇਜ ਦਿੱਤੇ। ਖਬਰ ਛਪੀ, ਮੁਅੱਤਲੀਆਂ ਹੋਈਆਂ, ਕੇਸ ਦੀਆਂ ਤਹਿਆਂ ਫਰੋਲੀਆਂ ਗਈਆਂ ਤੇ ਗੱਲ ਥੋਡੇ ਸਭ ਦੇ ਸਾਹਮਣੇ ਆਈ ਪਈ ਐ ਕਿ ਹੁਣ ਮੋਗਾ ਸੈਕਸ ਕਾਂਡ ਕਿਸ ਚੁਰਾਹੇ ‘ਤੇ ਆਣ ਖੜ੍ਹਾ ਹੈ। 
ਹੁਣ ਗੱਲ ਕਰੀਏ ਮੋਗੇ ਦੀ ਪ੍ਰਸ਼ਾਸਨਿਕ ‘ਉੱਚ’ ਕਾਰਗੁਜ਼ਾਰੀ ਦੀ..! ਪਤਾ ਨਹੀਂ ਵਿਚਾਰੇ ਅਫਸਰ ਲੋਕ ਕੀ ਖਾ ਕੇ ਕੁਰਸੀਆਂ ਤੇ ਬਹਿੰਦੇ ਨੇ ਕਿ ਹਰ ਕੋਈ ਹਾਏ ਪੈਸਾ ਹਾਏ ਪੈਸਾ ਦੀ ਮੁਹਾਰਨੀ ਹੀ ਰਟੀ ਜਾਂਦੈ। ਰਾਜ ਵੀ ਓਸੇ ਬਾਦਲ ਸਾਬ੍ਹ ਦਾ ਹੀ ਹੈ, ਜਿਸਨੇ ਆਪਣੇ ਪਿਛਲੇ ਰਾਜ ਵੇਲੇ ਲੰਡੂ-ਫੰਡੂ ਰਿਸ਼ਵਤਖੋਰ ਮੁਲਾਜ਼ਮ ਨੂੰ ਰੰਗੇ ਹੱਥੀਂ ਫੜਾਉਣ ਵਾਲੇ ਨੂੰ 25 ਹਜਾਰ ਤੇ ਗਜਟਿਡ ਰਿਸ਼ਵਤਖੋਰ ਫੜਾਉਣ ਵਾਲੇ ਨੂੰ 50 ਹਜਾਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਸੀ। ਓਹੀ ਸਰਕਾਰ, ਓਹੀ ਅਫਸਰਸ਼ਾਹੀ ਤੇ ਓਹੀ ਰਿਸ਼ਵਤਖੋਰਾਂ ਨੂੰ ਫੜ੍ਹਨ ਵਾਲੇ। ਪਰ ਲੋਕ ਤਾਂ ਫਿਰ ਉਸੇ ਹੀ ਢੰਗ ਨਾਲ ਲੁੱਟੇ ਜਾ ਰਹੇ ਹਨ ਕਿ ਕੋਈ 'ਚੂੰ' ਨਹੀਂ ਕਰਦਾ। ਇਸੇ ਗੱਲ ਨਾਲ ਜੁੜੀਆਂ ਥੋਕ ਦੇ ਭਾਅ ਤਿੰਨ ਕੁ ਉਦਾਹਰਣਾਂ ਪੇਸ਼ ਕਰਨ ਦੀ ਇਜ਼ਾਜਤ ਚਾਹਾਂਗਾ। ਆਪਾਂ ਹਰ ਗੱਲ ਆਪਣੇ ਤੇ ਹੀ ਢਾਲ ਕੇ ਇਸ ਲਈ ਕਰੀਦੀ ਐ ਕਿ ਕੱਲ੍ਹ ਨੂੰ ਥੋਡੇ ‘ਚੋਂ ਹੀ ਕੋਈ ਪੀਤੀ ਖਾਧੀ ‘ਚ ਨਾ ਕਹਿ ਦੇਵੇ ਕਿ, “ਐਵੇਂ ਗਪੌੜ ਛੱਡੀ ਗਿਐ।” ਪਹਿਲੀ ਗੱਲ ਇਹ ਕਿ ਇੱਕ ਤਹਿਸੀਲਦਾਰ ਨੇ ਜਿਲ੍ਹੇ ਦੇ ਉੱਘੇ ਕਿਸਾਨ ਆਗੂ ਦੇ ਪੁੱਤਰ ਤੋਂ 5 ਹਜਾਰ ਰੁਪਏ ਜ਼ਮੀਨ ਦੀ ਰਜਿਸਟਰੀ ਬਦਲੇ ਦਾਨ ਦੱਛਣਾ ਵਜੋਂ ਲੈ ਲਏ। ਮੈਂ ਫਿੱਟਣੀਆਂ ਦੇ ਫੇਟ ਨੇ ਫਿਰ ਫੋਨ ਕਰ ਲਿਆ ਕਿ “ਮਾਲਕੋ ਕਿਸੇ ਨੂੰ ਤਾਂ ਬਖਸ਼ ਦਿਆ ਕਰੋ।” ਵੱਡੀ ਕੁਰਸੀ ਦੇ ਮਾਲਕ ਤਹਿਸੀਲਦਾਰ ਸਾਬ੍ਹ ਦਾ ਜਵਾਬ ਸੀ ਕਿ, “ਕੱਲ੍ਹ ਜਿਹੜਾ ਸੰਗਤ ਦਰਸ਼ਨ ਪ੍ਰੋਗਰਾਮ ਹੋਇਆ ਸੀ, ਉਹਦੇ ਬਾਰੇ 20 ਹਜਾਰ ਦੀ ਵਗਾਰ ਡੀ. ਸੀ. ਸਾਬ੍ਹ ਨੂੰ ਦਿੱਤੀ ਆ, ਅਸੀਂ ਵੀ ਕਿਤੋਂ ਨਾ ਕਿਤੋਂ ਤਾਂ ਪੂਰੇ ਕਰਨੇ ਈ ਆ।” ਹੁਣ ਇਹ ਗੱਲ ਮੇਰੇ ਜਿਉਣ ਜੋਗੇ ਫੋਨ ‘ਚ ਰਿਕਾਰਡ ਸੀ। ਆਪਾਂ ਸੀ. ਡੀ. ਬਣਾ ਕੇ ਉਸ ਆਦਮੀ ਨੂੰ ਦੇ ਦਿੱਤੀ ਕਿ, “ਲੈ ਬਈ ਮਿੱਤਰਾ ਤੂੰ ਆਹ ਸਬੂਤ ਡੀ. ਸੀ. ਸਾਬ੍ਹ ਨੂੰ ਪੇਸ਼ ਕਰ ਤੇ ਅਸੀਂ ਖਬਰ ਰਾਹੀਂ ਤੁਣਕਾ ਮਾਰਦੇ ਆਂ।” ਸਭ ਕੁਝ ਸੀਸ਼ੇ ਵਾਂਗ ਸਾਫ ਸੀ ਪਰ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ। ਉਮੀਦ ਹੈ ਕਿ ਅਫ਼ਸਰ ਸਾਹਿਬਾਨ ਨਿਰੰਤਰ ਲੋਕਾਂ ਦੀ ‘ਸੇਵਾ’ ਕਰ ਰਹੇ ਹੋਣਗੇ। 
ਹੁਣ ਸੁਣੋ ਦੂਜੀ ਉਦਾਹਰਣ, ਇਹ ਉਹਨਾਂ ਦਿਨਾਂ ਦੀ ਐ ਜਦੋਂ ਮੇਰੇ ਪਿਤਾ ਜੀ ਜਹਾਨੋਂ ਕੂਚ ਕਰ ਗਏ ਸਨ। ਰੋਡਵੇਜ ਮਹਿਕਮੇ ਵੱਲੋਂ ਉਹਨਾਂ ਨੂੰ ਮਿਲਣ ਵਾਲੇ ਬਕਾਇਆਂ ਬਾਰੇ ਭੱਜ ਦੌੜ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਕਿਵੇਂ ਇਸ ਹੇਠਲੇ ਪੱਧਰ ਤੇ ਵੀ ਮਰਿਆਂ ਦੇ ਕੱਫਣ ਲਾਹੁਣ ਲਈ ਹਰ ਕੋਈ ਮੁੱਠੀਆਂ ‘ਚ ਥੁੱਕੀ ਫਿਰਦਾ ਹੈ। ਜਦ ਵੀ ਬਕਾਇਆਂ ਨਾਲ ਸੰਬੰਧਤ ਦਫਤਰ ਜਾਵਾਂ ਤਾਂ ਜਵਾਬ ਮਿਲੇ ਕਿ “ਤੁਹਾਡੇ ਕਾਗਜ ਠੀਕ ਨਹੀਂ ਸੀ, ਪਤਾ ਨਹੀਂ ਕਿੰਨਾ ਟੈਮ ਲੱਗੇ।” ਕਦੇ ਕਹਿਣ ਕਿ “ਅਸੀਂ ਤਾਂ ਬੈਂਕ ਵਾਲਿਆਂ ਨੂੰ ਭੇਜ ਚੁੱਕੇ ਆਂ, ਉਹ ਕੁਛ ਭਾਲਦੇ ਹੋਣਗੇ।” ਮੇਰੇ ਪਿੰਡ ਦੀ ਬੈਂਕ ਵਾਲਾ ਦਰਵੇਸ਼ ਸਟਾਫ ਮੇਰਾ ਦੋਸਤ ਸੀ। ਉਹਨਾਂ ਪਿਆਰ ਦੇ ਭੁੱਖਿਆਂ ਨੇ ਕੀ ਭਾਲਣਾ ਸੀ ਮੈਥੋਂ? ਸਗੋਂ ਅਸਲ ਗੱਲ ਤਾਂ ਉਦੋਂ ਸਾਹਮਣੇ ਆਈ ਜਦ ਇੱਕ ਕਰਮਚਾਰੀ ਬੀਬੀ ਮੈਨੂੰ ਪਾਸੇ ਕਰਕੇ ਮੱਤ ਦੇਣ ਲੱਗੀ, “ਕਿੰਨੇ ਦਿਨ ਹੋਗੇ ਥੋਨੂੰ ਪੈਸੇ ਖਰਚਦਿਆਂ ਤੇ ਦਿਹਾੜੀਆਂ ਭੰਨਦਿਆਂ ਨੂੰ, ਜੇ ਉਦੋਂ ਦੀ ਮੇਰੇ ਨਾਲ ‘ਗੱਲ’ ਨਿਬੇੜੀ ਹੁੰਦੀ ਤਾਂ ਤੁਹਾਡੇ ਪਿਤਾ ਜੀ ਦੇ ਬਕਾਏ ਦਾ ਚੈੱਕ ਥੋਡੇ ਹੱਥ ‘ਚ ਹੋਣਾ ਸੀ।” ਮੈਂ ਉਸ ਬੀਬੀ ਨੂੰ ਸਹਿਜ ਮਤੇ ਨਾਲ ਉਹਦੀ ਕੁਰਸੀ ਤੇ ਬਿਠਾ ਕੇ ਆਪਣੇ ਅਖਬਾਰ ਤੇ ਟੈਲੀਵਿਜਨ ਪੱਤਰਕਾਰੀ ਵਾਲੇ ਪਛਾਣ ਪੱਤਰ ਦਿਖਾਏ ਤਾਂ ਠੰਢ ਦੇ ਦਿਨਾਂ ‘ਚ ਉਹਦਾ ਮੁੜ੍ਹਕਾ ਸੁੱਕਣ ਦਾ ਨਾਂ ਨਹੀਂ ਲੈ ਰਿਹਾ ਸੀ। 
ਹੁਣ ਤੁਸੀਂ ਵੀ ਸੋਚ ਸਕਦੇ ਹੋ ਕਿ ਸਾਡੇ ਮੋਗੇ ‘ਚ ਵੀ ਰੱਬ ਨਾਲੋਂ ਘਸੁੰਨ ਨੂੰ ਹੀ ਨੇੜੇ ਮੰਨਿਆ ਜਾਂਦੈ। ਜਿਹੜਾ ਘਸੁੰਨ ਦਿਖਾਵੇ ਉਹਤੋਂ ਹਰ ਕੋਈ ਪਾਸਾ ਵੱਟਦੈ, ਫਿਰ ਵਿਚਾਰੇ ਆਮ ਲੋਕ ਕੀਹਦੀ ਮਾਂ ਨੂੰ ਮਾਸੀ ਕਹਿਣ? ਹੁਣ ਰਹਿਗੀ ਤੀਜੀ ਉਦਾਹਰਣ, ਇਹ ਉਦਾਹਰਣ ਲੋਕਾਂ ਦੀ ਜਾਨ ਤੇ ਮਾਲ ਦੀ ਰਖਵਾਲੀ ਕਰਨ ਵਾਲੇ ਉਸ ਮਹਿਕਮੇ ਨਾਲ ਸੰਬੰਧਤ ਹੈ, ਜਿਸ ਨੂੰ ਸ਼ਾਇਦ ਇਹੀ ਫਿਕਰ ਰਹਿੰਦੈ ਕਿ ਪਤਾ ਨਹੀਂ ਲੋਕਾਂ ਦੀ ਜਾਨ ਕਦੋਂ ਨਿਕਲੂ? ਤੇ ਮਾਲ ਬਾਰੇ ਫਿਕਰ ਰਹਿੰਦੈ ਕਿ ਵਿਚਾਰੇ ਲੋਕਾਂ ਤੋਂ ਮਾਲ ਹੋਰ ਕੋਈ ਲੁੱਟ ਕੇ ਨਾ ਲੈ ਜਾਵੇ, ਇਸ ਕਰਕੇ ਇਹ ਮਾਲ ਪਹਿਲਾਂ ਹੀ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਹੱਥ ਹੇਠ ਕਰ ਲਵੋ। ਮਿੱਤਰੋ ਅਜੇ ਵੀ ਨਹੀਂ ਸਮਝੇ? ਓਏ ਆਪਾਂ ਗੱਲ ਖਾਕੀ ਵਰਦੀ ਵਾਲਿਆਂ ਦੀ ਕਰ ਰਹੇ ਹਾਂ। ਪਿਤਾ ਜੀ ਦੀ ਮੌਤ ਤੋਂ ਬਾਦ ਤਰਸ ਦੇ ਆਧਾਰ ‘ਤੇ ਨੌਕਰੀ ਮਿਲਣ ਦਾ ਸਬੱਬ ਬਣ ਗਿਆ। ਹੁਣ ‘ਮਹਿਕਮੇ’ ਵੱਲੋਂ ਸਾਡੇ ਚਾਲ ਚਲਣ ਦੀ ਇਨਕੁਆਰੀ ਕੀਤੀ ਜਾਣੀ ਸੀ। ਜਿਲ੍ਹੇ ਦੇ ਮੁੱਖ ਪੁਲਿਸ ਅਫਸਰ ਜੀ ਦੇ ਦਫਤਰ ਦੇ ਲਾਗੇ ਹੀ ਇੱਕ ਕਮਰਾ ਸੀ। ਜਿੱਥੇ ਬੈਠੇ ਇੱਕ ਹੱਥਾਂ ਨੂੰ ਲਾਉਣ ਵਾਲੀ ਮਹਿੰਦੀ ਨਾਲ ਲਾਲ ਜਿਹੀ ਕੀਤੀ ਦਾਹੜੀ ਵਾਲੇ ਮੁਲਾਜ਼ਮ ਨੇ ਸਾਡੇ ਸੱਤ ਜਣਿਆਂ ਨੂੰ ਇਹੋ ਜਿਹੀਆਂ ਦਲੀਲਾਂ ਦੇ ਕੇ ‘ਹਲਾਲ’ ਕੀਤਾ ਕਿ ਇਹੀ ਕਹਿਣ ਨੂੰ ਜੀਅ ਕਰਦੈ ਕਿ “ਸਦਕੇ ਜਾਈਏ ਸਾਡੇ ਮੋਗੇ ਦੀ...। 
ਲਓ ਅੱਗੇ ਸੁਣੋ, ਅਸੀਂ ਨਾ ਕੋਈ ਠੱਗੀ ਮਾਰੀ, ਨਾ ਕੋਈ ਕਤਲ ਕੀਤਾ ਪਰ ਸਾਬ੍ਹ ਜੀ ਨੇ ਮੇਰੇ ਸਾਥੀਆਂ ਲਈ ਐਨਾ ਡਰ ਪੈਦਾ ਕਰ ਦਿੱਤਾ ਕਿ ਪਲ ਦੇ ਪਲ ਸਭ ਨੂੰ ਇਉਂ ਲੱਗਣ ਲੱਗਾ ਕਿ ਜਿਵੇਂ ਬੱਕਰਾ ਖੁਦ ਹੀ ਕਸਾਈ ਕੋਲ ਆਣ ਖੜ੍ਹਾ ਹੋਵੇ। ਸਾਰਿਆਂ ਨੂੰ ਕਾਹਲ ਸੀ ਕਿ ਇਨਕੁਆਰੀ ਛੇਤੀ ਆਵੇ। ਕਿਸੇ ਨੂੰ ਇਸ ਜ਼ਮਾਨੇ ‘ਚ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਰਹੀ ਹੈ। ਇਸ ਤੋਂ ਵੱਧ ਦੁੱਖ ਮੈਨੂੰ ਇਸ ਗੱਲ ਦਾ ਹੋਇਆ ਕਿ ਇੱਕ ਸਰਕਾਰੀ ਮੁਲਾਜ਼ਮ ਨਵੇਂ ਬਣਨ ਜਾ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਹੀ ਕਿਵੇਂ ਚੂੰਡਣ ਦੀ ਨੀਅਤ ਰੱਖੀ ਬੈਠਾ ਸੀ। ਚਲੋ ਜੀ, ਕਿਵੇਂ ਨਾ ਕਿਵੇਂ ਗੱਲ ਤਣ-ਪੱਤਣ ਲੱਗੀ ਤਾਂ ‘ਗੁਲਾਬੀ ਦਾਹੜੀ’ ਵਾਲੇ ਸਾਬ੍ਹ ਨੇ ਰਾਇ ਦਿੱਤੀ, “ਦੇਖੋ ਬਈ ਮਿੱਤਰੋ, ਸਰਕਾਰੀ ਕੰਮ ਹੁੰਦੇ ਆ ਹੌਲ ਹੁੰਗਾਰੇ ਨਾਲ। ਜੇ ਫਾਈਲਾਂ ਨੂੰ ‘ਟਾਇਰ’ ਲਾਉਣੇ ਨੇ ਤਾਂ ਇੱਕ ਜਣੇ ਦੇ ਇੱਕ ਹਜਾਰ ਰੁਪਏ ਲੱਗਣਗੇ। ਇਨਕੁਆਰੀ ਇੱਕ ਹਫਤੇ ਦੇ ਅੰਦਰ ਅੰਦਰ ਲਿਆਉਣ ਦੀ ਜਿੰਮੇਵਾਰੀ ਮੇਰੀ ਰਹੀ।” ਰੇਟ ਦੀ ਟੁੱਟ ਭੱਜ ਹੁੰਦਿਆਂ ਗੱਲ 500 ਰੁਪਏ ਤੇ ਆਣ ਨਿੱਬੜੀ। ਸੱਤਾਂ ਜਣਿਆਂ ਨੇ ਪੈਂਤੀ ਸੌ ਰੁਪਏ ਸਾਬ੍ਹ ਨੂੰ ਦੇਣ ਲਈ ਮੇਰੇ ਸਪੁਰਦ ਕਰ ਦਿੱਤੇ। ਮੈਂ ਆਪਣੀ ਥੋੜ੍ਹੇ ਜਿਹੇ ਸਾਲਾਂ ਦੀ ਉਮਰ ‘ਚ ਕਦੇ ਰਿਸ਼ਵਤ ਦੇਣ ਬਾਰੇ ਸੁਪਨਾ ਵੀ ਨਹੀਂ ਸੀ ਲਿਆ। ਮੈਂ ਆਪਣੀ ਜ਼ਮੀਰ ਦਾ ਗਲ ਘੁੱਟਕੇ ਸਾਬ੍ਹ ਨੂੰ ਨੋਟ ਫੜ੍ਹਾ ਦਿੱਤੇ। ਪਰ ਮੈਂ ਆਪਣੇ ਅੰਦਰ ਬੈਠੇ ਪੱਤਰਕਾਰ ਨੂੰ ਘਤਿੱਤ ਕਰਨੋਂ ਨਾ ਰੋਕ ਸਕਿਆ। ਉਸ ਸਾਬ੍ਹ ਨਾਲ ਹੁੰਦੀ ਹਰ ਲੈਣ ਦੇਣ ਦੀ ਗੱਲ ਨੂੰ ਮੇਰਾ ਜਿਉਣ ਜੋਗਾ ਮੋਬਾਈਲ ਨਾਲੋ ਨਾਲ ਰਿਕਾਰਡ ਜੋ ਕਰਦਾ ਰਿਹਾ ਸੀ। ਮੋਏ ਪਿਉਆਂ ਦੀ ਨਿਸ਼ਾਨੀ ਵਜੋਂ ਮਿਲੀਆਂ ਨੌਕਰੀਆਂ ਵਾਲੇ ਦੋਸਤਾਂ ਦੀਆਂ ਮਜ਼ਬੂਰੀਆਂ ਨੇ ਮੈਨੂੰ ਇਸ ਕਦਰ ਠੰਢਾ ਜਿਹਾ ਕਰ ਦਿੱਤਾ ਕਿ ਮੈਂ ਉਸ ਸਾਬ੍ਹ ਨੂੰ ਚਾਹੁੰਦਿਆਂ ਹੋਇਆਂ ਵੀ ‘ਦੱਖੂਦਾਣਾ’ ਨਾ ਦੇ ਸਕਿਆ। ਮੈਂ ਇਸ ਕਰਕੇ ਚੁੱਪ ਰਹਿ ਗਿਆ ਕਿ ਜੇ ਇਨਕੁਆਰੀਆਂ ‘ਚ ਕੋਈ ਵਲ੍ਹਫੇਰ ਪਾ ਦਿੱਤਾ ਤਾਂ ਸਾਰੇ ਮੈਨੂੰ ਦੋਸ਼ ਦੇਣਗੇ। ਇਸ ਤੋਂ ਵੱਖਰੀ ਗੱਲ ਹੋਰ ਕਿ ਵਿਚਾਰਾ ਇਹ ਮਹਿਕਮਾ ਤਾਂ ਹੁਣ ‘ਮਹੰਤਾਂ’ ਵਾਲੇ ਕੰਮ ਵੀ ਕਰਨ ਲੱਗ ਪਿਐ ਕਿਉਂਕਿ ਕਿਸੇ ਦੇ ਨਵੇਂ ਬਣਨ ਜਾ ਰਹੇ ਪਾਸਪੋਰਟ ਦੀ ਇਨਕੁਆਰੀ ਦਾ ਮਾਮਲਾ ਹੋਵੇ ਤਾਂ ਇਨਕੁਆਰੀ ਕਰਨ ਗਏ ਮੁਲਾਜ਼ਮ ‘ਵਧਾਈ’ ਲੈਣਾ ਨਹੀਂ ਭੁੱਲਦੇ।
ਚਲੋ ਛੱਡੋ ਜੀ ਇਹਨਾਂ ਪੁਰਾਣੀਆਂ ਗੱਲਾਂ ਨੂੰ, ਆਪਾਂ ਗੱਲ ਕਰਦੇ ਆਂ ਨਵੇਂ ਮੋਗੇ ਦੀ। ਜਿੱਥੇ ਅੱਜ ਕੱਲ੍ਹ ਪਾਸਪੋਰਟ ਦਫਤਰ ਵੀ ਖੁੱਲ੍ਹ ਗਿਐ! ਕਿਓਂ ਹੋਗੇ ਨਾ ਹੈਰਾਨ...? ਹੁਣ ਹੋਰ ਹੈਰਾਨ ਹੋਵੋਂਗੇ ਕਿ ਪਾਸਪੋਰਟ ਬਣਾਉਂਦੇ ਵੀ ਆਪਣੇ ਖਾਕੀ ਵਰਦੀ ਵਾਲੇ ਵੀਰ ਈ ਆ! ਜੇ ਯਕੀਨ ਨਹੀਂ ਆਉਂਦਾ ਤਾਂ ਅਖਬਾਰਾਂ ਰਾਹੀਂ ਚਰਚਾ ‘ਚ ਆਏ ਹੌਲਦਾਰ ਗੁਰਦਿਆਲ ਸਿੰਘ, ਹੌਲਦਾਰ ਰਣਜੀਤ ਸਿੰਘ ਜਾਂ ਹੌਲਦਾਰ ਜਸਵਿੰਦਰ ਪਾਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਜੋ ਪਾਸਪੋਰਟ ‘ਜਾਰੀ’ ਕਰਨ ਬਦਲੇ ਤੀਹ ਹਜਾਰ ਤੋਂ ਤਿੰਨ ਲੱਖ ਤੱਕ ‘ਫੀਸ’ ਵਜੋਂ ਲੈਂਦੇ ਦੱਸੇ ਜਾਂਦੇ ਸਨ। ਪਰ ਅੱਜ ਕੱਲ੍ਹ ਉਕਤ ਤਿੰਨੋਂ ਹੌਲਦਾਰ-ਕਮ-ਪਾਸਪੋਰਟ ਅਧਿਕਾਰੀ ਜੇਲ੍ਹ ਦੇ ਦਾਲ-ਚੌਲ ਛਕ ਰਹੇ ਹਨ। ਇੱਥੇ ਹੀ ਬੱਸ ਨਹੀਂ ਇੱਕ ਹੋਰ ਖਾਕੀ ਵਰਦੀ ਵਾਲੇ ਥਾਣੇਦਾਰ ਸਾਹਿਬ ਦੀ ਕਰਤੂਤ ਵੀ ਸੁਣ ਲਓ...! ਉਹ ਇਹ ਕਿ ਜਿਲ੍ਹੇ ਦੇ ਇੱਕ ਅਡੀਸ਼ਨਲ ਐੱਸ. ਐੱਚ. ਓ. ਅਜਮੇਰ ਸਿੰਘ ਖਿਲਾਫ ਪਰਚਾ ਦਰਜ ਹੋਇਐ ਕਿ ਉਹ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਦਾ ਸੀ। ਇਹ ਗੱਲ ਉਦੋਂ ਸਾਹਮਣੇ ਆਈ ਜਦ ਪਿੰਡ ਤਲਵੰਡੀ ਮੰਗੇ ਖਾਂ ਦੀ ਬੈਂਕ ਲੁੱਟਣ ਆਏ ਲੁਟੇਰੇ ਦਬੋਚੇ ਗਏ। ਉਹਨਾਂ ਨੇ ਇਕਬਾਲ ਕੀਤਾ ਕਿ ਉਹਨਾਂ ਨੰ ਹਥਿਆਰ ‘ਵੱਡੇ ਸਾਬ੍ਹ’ ਨੇ ਦਿੱਤੇ ਸਨ। ਕਿਉਂ ਦੇਖਿਐ ਇਉਂ ਖਾ ਰਹੀ ਹੈ ਸਾਡੇ ਮੋਗੇ ‘ਚ ਖੇਤ ਨੂੰ ਵਾੜ। ਇੱਕ ਗੱਲ ਹੋਰ ਵੀ ਜਾਂਦੇ ਜਾਂਦੇ ਸੁਣ ਲਓ, ਬੇਸ਼ੱਕ ਇਸ ਕੇਸ ਬਾਰੇ ਵਾਹਵਾ ਚੀਕ ਚਿਹਾੜਾ ਜਿਹਾ ਪਈ ਜਾਂਦੈ ਪਰ ਕੋਈ ਪਤਾ ਨਹੀਂ ਲਗਦਾ ਸਾਡੇ ਮੋਗੇ ‘ਚ ਕਿਹੜਾ ਨਕਾਬਪੋਸ਼ ‘ਸਫੈਦਪੋਸ਼’ ਬਣ ਕੇ ਫੇਰ ਮੈਦਾਨ ‘ਚ ਆ ਡਟੇ....!
ਹੁਣ ਗੱਲ ਕਰੀਏ ਸਾਡੇ ਮੋਗੇ ‘ਚ ਜਿਉਂਦੇ ਜਾਗਦੇ ਪਰ ਘੁੱਗੂਬਾਟਾ ਬਣੇ ਲੋਕਤੰਤਰ ਦੀ। ਕਹਿਣ ਨੂੰ ਤਾਂ ਸਾਡੇ ਦੇਸ਼ ‘ਚ ਹਰ ਕਿਸੇ ਨੂੰ ਚੋਣ ਲੜਨ, ਪੱਤਰਕਾਰਾਂ ਨੂੰ ਲਿਖਣ ਜਾਂ ਆਪਣਾ ਦੁੱਖ ‘ਰੋਣ’ ਦੀ ਆਜਾਦੀ ਐ, ਪਰ ‘ਸਾਡੇ ਮੋਗੇ’ ‘ਚ ਜੋ ਆਲਮ ਪਿੱਛੇ ਜਿਹੇ ਲੰਘ ਕੇ ਗਈਆਂ ਲੰਡੂ ਜਿਹੀਆਂ ਚੋਣਾਂ ‘ਚ ਦੇਖਣ ਨੂੰ ਮਿਲਿਆ ਉਹ ਇੱਕ ਵਾਰ ਤਾਂ ਮੋਗੇ ਨੂੰ ਬਿਹਾਰ ਦੇ ਕਿਸੇ ਗੁੰਡਿਆਂ ਦੇ ਸ਼ਹਿਰ ਵਰਗਾ ਰੂਪ ਦੇ ਗਿਐ। ਹੈ ਨਾ ਕਮਾਲ ਕਿ ਇੱਕ ਚੋਟੀ ਦੇ ਧਾਰਮਿਕ ਆਗੂ ਜੀ ਦੇ ਜਵਾਈ ਰਾਜਾ ਨੂੰ ਜਿਤਾਉਣ ਲਈ ਕਿਵੇਂ ਲੱਠਮਾਰਾਂ ਦੀਆਂ ਟੋਲੀਆਂ ਨੇ ਦਿਨ ਦਿਹਾੜੇ ‘ਠੰਢ’ ਵਰਤਾਈ ਰੱਖੀ। ਕਿਸੇ ਪੱਤਰਕਾਰ ਨੂੰ ‘ਚੱਲ ਰਹੀ ਕਾਰਵਾਈ’ ਦੇ ਨੇੜੇ ਨਹੀਂ ਢੁੱਕਣ ਦਿੱਤਾ। ਲੋਕਾਂ ਦੀ ਜਾਨ-ਮਾਲ ਦੀ ਰਾਖੀ ਵਾਲਾ ਮਹਿਕਮਾ ਵੀ ਕਬੂਤਰ ਵਾਂਗ ਅੱਖਾਂ ਮੀਟੀ ਬੈਠਾ ਰਿਹਾ। ਜਿਹੜੇ ਬਾਹਲਾ ਟੱਪਦੇ ਜਿਹੇ ਸੀ ਉਹਨਾਂ ਦੇ ਹੱਡ ਸੇਕੇ ਗਏ। 
ਬੀਤੇ ਦਿਨੀਂ ਇੱਕ ਮੈਡੀਕਲ ਸਟੋਰ ਤੋਂ ਕਰੋੜਾਂ ਰੁਪਏ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਫੜ੍ਹੇ ਜਾਣ ਦੀ ਵਾਹਵਾ ਚਰਚਾ ਹੁੰਦੀ ਰਹੀ। ਇਹੋ ਜਿਹੀਆਂ ਚਰਚਾਵਾਂ ਸੁਣਦੇ ਰਹਿਣਾ ਮੋਗੇ ਦੇ ਲੋਕਾਂ ਦੀ ਆਦਤ ਜਿਹੀ ਬਣ ਗਈ ਐ, ਕਿਉਂਕਿ ਥੋੜ੍ਹੇ ਕੁ ਦਿਨਾਂ ਬਾਦ ਹੀ ਉਕਤ ਮੈਡੀਕਲ ਸਟੋਰ ਤੋਂ ਦਵਾਈਆਂ ਫੜ੍ਹੀਆਂ ਜਾਂਦੀਆਂ ਨੇ, ਤੇ ਵਿਚਾਰੇ ਸਟੋਰ ਵਾਲੇ ਫੇਰ ਜ਼ੋਰਾਂ ਸ਼ੋਰਾਂ ਨਾਲ ਨਸ਼ਈ ਵੀਰਾਂ ਦੀ ‘ਸੇਵਾ’ ‘ਚ ਰੁੱਝ ਜਾਂਦੇ ਨੇ। ਕਿਸੇ ਤੋਂ ਗੱਲ ਲੁਕੀ ਨਹੀਂ ਰਹੀ। ਉਕਤ ਸਟੋਰਾਂ ਵਾਲੇ ਨਸ਼ੇ ਵਾਲੀਆਂ ਦਵਾਈਆਂ ਕਾਊਂਟਰ ਦੇ ਉੱਪਰ ਰੱਖ ਕੇ ਸ਼ਰੇਆਮ ਵੇਚਦੇ ਨੇ। ਸਭ ਅਫਸਰਸ਼ਾਹੀ ਅੱਖਾਂ ਮੀਟ ਕੇ ਲੰਘ ਜਾਂਦੀ ਐ। ਸੁਣਨ ‘ਚ ਤਾਂ ਇੱਥੋਂ ਤੱਕ ਵੀ ਆਇਐ ਕਿ ਇੱਕ ਮੈਡੀਕਲ ਸਟੋਰ ਵਾਲੇ ਤਾਂ ਇਸ ‘ਹੱਕ-ਹਲਾਲ ਦੀ ਕਮਾਈ’ ‘ਚੋਂ ਇੰਨਾ ਕਮਾ ਗਏ ਨੇ ਕਿ ਉਹਨਾਂ ਨੇ ਦਵਾਈਆਂ ਦੀ ਆਪਣੀ ਫੈਕਟਰੀ ਹੀ ਖੋਲ੍ਹ ਲਈ ਐ। ਕਿਉਂ ਹੈ ਨਾ ਕਮਾਲ ਕਿ ਮੋਗਾ ਕਿੰਨੀ ਤਰੱਕੀ ਕਰ ਗਿਐ? ਤੇ ਤੁਸੀਂ ਅਜੇ ਵੀ ਬਾਬੇ ਆਦਮ ਵੇਲੇ ਦੀਆਂ ਗੱਲਾਂ ਕਰਦੇ ਪਏ ਹੋਂ ਕਿ ਅਖੇ “ਮੋਗਾ ਚਾਹ ਜੋਗਾ।” ਮੋਗੇ ਦੀ ਕੀ ਰੀਸ ਕਰੂ ਕੋਈ? ਇੱਥੇ ਤਾਂ ਇਨਸਾਫ ਲੈਣ ਲਈ ਵੀ ਆਪਣੇ ‘ਫਾਰਮੂਲੇ’ ਵਰਤਣੇ ਪੈਂਦੇ ਆ, ਫੇਰ ਕਿਤੇ ਜਾ ਕੇ ਸਾਡੇ ਅਫਸਰ ਹਰਕਤ ‘ਚ ਆਉਂਦੇ ਆ। ਬਲਾਤਕਾਰ ਦੀ ਸਿ਼ਕਾਰ ਕਿਸੇ ਦਲਿਤ ਔਰਤ ਨੂੰ ਇਨਸਾਫ ਲੈਣ ਲਈ ਦਰ ਦਰ ਭਟਕਣ ਤੋਂ ਬਾਦ ਸ਼ਰੇਆਮ ਚੌਕ ‘ਚ ਨਗਨ ਹੋਣਾ ਪਿਆ ਸੀ, ਤਾਂ ਜਾ ਕੇ ਕਿਤੇ ਵਿਚਾਰੀ ਦੀ ਸੁਣਵਾਈ ਹੋਈ ਸੀ। ਲੋਕਾਂ ਦੇ ਰਾਖੇ ਵੀਰਾਂ ਦੀ ਇੱਕ ਰਾਖੀ ਦੀ ਗੱਲ ਜਾਂਦੇ ਜਾਂਦੇ ਹੋ ਸੁਣਲੋ, ਸਾਡੇ ਮੋਗੇ ‘ਚ ਰਾਜਸਥਾਨ ਦੀ ਰਹਿਣ ਵਾਲੀ ਇੱਕ ਗੂੰਗੀ ਦਰਵੇਸ਼ ਕੰਨਿਆ ਦੀ ਇੱਜਤ ਦੀ ਖੇਹ ਖਰਾਬੀ ਕਰਨ ਦੇ ਕੇਸ ‘ਚ ਵੀ ‘ਲਾਲ ਝਾਲਰ ਵਾਲੀ ਪੱਗ ਵਾਲੇ’ ਵੀਰਾਂ ਦਾ ਨਾਂ ਅਖਬਾਰਾਂ ਦਾ ਸਿ਼ੰਗਾਰ ਬਣਿਆ ਰਿਹਾ ਹੈ। ਜੇ ਅਜੇ ਵੀ ਕੋਈ ਘਾਟ ਰਹਿ ਗਈ ਐ, ਤਾਂ ਹੁਣੇ ਦੱਸ ਦਿਓ ਆਪਾਂ ਘਾਟ ਲਗਦੇ ਹੱਥ ਹੀ ਪੂਰੀ ਕਰ ਦਿੰਨੇ ਆਂ, ਪਰ ਹਾੜ੍ਹਾ ਮੇਰੇ ਵੀਰ ਮੁੜਕੇ ਮੇਰੇ ਤਰੱਕੀ ਦੇ ਰਾਹ ਪਏ ਮੋਗੇ ਨੂੰ ‘ਮੋਗਾ ਚਾਹ ਜੋਗਾ’ ਨਾ ਆਖਿਓ....!

****

1 comment:

KANWALJIT SINGH CHANIAN said...

22g moge nu cha joge de nal dodean joge naa nall v janea janda c par moge de ethas te chath mari jave tan jithe LALA LAJPAT RAI G desh dee khatar kurbani diti uthe hi novel pitama JASWANT SINGH KANWAL Gne sikhan de maslean nu bhut gambhir roop nal likh ke likaran da maan vadea punjab de masle nu jithe namvar lekhikaAMRITA PRITAM jithe sach nahi likh paee uthe moge de is sher ne likea

dhanvad