ਮਿਰਜ਼ਾ.......... ਕਹਾਣੀ / ਹਰਜੀਤ ਅਟਵਾਲ

ਉਹ ਆਪਣੇ ਗਾਰਡਨ ਵਿਚ ਖੜਾ ਆਪਣੇ ਉਪਰੋਂ ਦੀ ਉੱਡ ਜਹਾਜ਼ਾਂ ਨੂੰ ਦੇਖ ਰਿਹਾ ਹੈ। ਇਹਨਾਂ ਵਿਚੋਂ ਹੀ ਇਕ ਜਹਾਜ਼ ਤੇਜੀ ਦਾ ਹੋਵੇਗਾ। ਤੇਜੀ, ਉਸ ਦੀ ਜਾਨ, ਉਸ ਦੀ ਮਹਿਬੂਬਾ, ਉਸ ਦੀ ਸਾਹਿਬਾਂ ਜਿਸ ਦਾ ਅਜ ਉਹ ਮਿਰਜ਼ਾ ਬਣਿਆ ਖੜਾ ਹੈ। ਪੈਂਤੀ ਸਾਲ ਬਾਅਦ ਹੀ ਸਹੀ ਪਰ ਹੈ ਤਾਂ ਉਹ ਹੁਣ ਮਿਰਜ਼ਾ। ਇੰਨੇ ਲੰਮੇ ਸਮੇਂ ਬਾਅਦ ਤੇਜੀ ਉਸ ਨੂੰ ਮਿਰਜ਼ਾ ਬਣਾਉਣ ਲਈ ਲੰਡਨ ਆਉਂਦੀ ਹੈ। ਉਸ ਦੇ ਮੂੰਹੋਂ ਨਿਕਲਦਾ ਹੈ-‘ਥੈਂਕਸ ਤੇਜੀ, ਥੈਂਕਸ ਫੋਰ ਕਮਿੰਗ!’ ਜੇ ਉਹ ਲੰਡਨ ਨਾ ਆਉਂਦੀ ਤਾਂ ਉਹ ਰਹਿ ਜਾਂਦਾ; ਮਜਨੂੰ, ਰਾਂਝਾ ਜਾਂ ਫਿਰ ਸਾਧਾਰਣ ਜਿਹਾ ਸੁੱਖਾ। ਤੇਜੀ ਦੀ ਫਲਾਈਟ ਅੱਠ ਵਜੇ ਦੀ ਹੈ ਤੇ 
ਹੁਣ ਵੱਜ ਗਏ ਹਨ ਸਾਢੇ ਅੱਠ, ਇਹਨਾਂ ਜਹਾਜ਼ਾਂ ਵਿਚੋਂ ਹੀ ਇਕ ਉਸ ਨੂੰ ਲੈ ਕੇ ਉਡਿਆ ਹੋਵੇਗਾ। ਉਸ ਨੂੰ ਯਕੀਨ ਆਉਣ ਲਗਦਾ ਹੈ ਕਿ ਹੁਣ ਤੇਜੀ ਗਈ। ਉਹ ਅੰਦਰ ਸਿਟਿੰਗ ਰੂਮ ਵਿਚ ਆ ਜਾਂਦਾ ਹੈ ਜਿਥੇ ਉਸ ਦੀ ਪਤਨੀ ਬੈਠੀ ਹੈ, ਪਤਨੀ ਦੀ ਮਾਂ ਤੇ ਪਿਤਾ ਹਨ ਜੋ ਉਹਨਾਂ ਕੋਲ ਪੱਕੇ ਤੌਰ ‘ਤੇ ਰਹਿੰਦੇ ਹਨ। ਉਹ ਕੁਝ ਦੇਰ ਉਹਨਾਂ ਕੋਲ ਬੈਠ ਆਪਣੇ ਕਮਰੇ ਵਿਚ ਕੰਪਿਊਟਰ ਨੂੰ ਜਾ ਲਗਦਾ ਹੈ। ਜਿਸ ਵਿਚੋਂ ਉਹ ਕੋਈ ਨੌਕਰੀ ਲੱਭਣ ਦੀ ਕੋਸ਼ਿਸ਼ ਕਰੇਗਾ ਹਾਲੇ ਕਿ ਉਸ ਨੂੰ ਯਕੀਨ ਹੈ ਕਿ ਨੌਕਰੀ ਉਸ ਨੂੰ ਨਹੀਂ ਮਿਲਣ ਲਗੀ। ਨੌਕਰੀ ਲਈ ਤਾਂ ਹੁਣ ਜਵਾਨ ਵਿਹਲੇ ਤੁਰੇ ਫਿਰਦੇ ਹਨ ਉਸ ਦੀ ਉਮਰ ਵਾਲੇ ਨੂੰ ਕੌਣ ਕੰਮ ਦੇ ਦੇਵੇਗਾ।
ਤੇਜੀ, ਉਸ ਦੀ ਮਹਿਬੂਬਾ। ਖਾਲਸਾ ਕਾਲਜ ਜਲੰਧਰ ਸਮੇਂ ਦੀ ਮਹਿਬੂਬਾ। ਇਕੱਠੇ ਪੰਜਾਬੀ ਦੀ ਐਮ. ਏ. ਵਿਚ ਦਾਖਲ ਹੋਣ ਗਏ। ਸੁੱਖੇ ਦੇ ਲਾਠ ਵਰਗੇ ਸਰੀਰ ਵਿਚ ਤੇਜੀ ਨੂੰ ਕੁਝ ਨਜ਼ਰ ਆਇਆ ਕਿ ਉਸ ਵਲ ਖਿੱਚੀ ਚਲੇ ਗਈ। ਇਵੇਂ ਹੀ ਸੁੱਖੇ ਨੂੰ ਤੇਜੀ ਦਾ ਮਲੂਕ ਜਿਹਾ ਵਜੂਦ ਚੰਗਾ ਲਗਿਆ। ਸੁੱਖਾ ਨੇੜੇ ਦੇ ਕਿਸੇ ਕਾਲਜ ਵਿਚੋਂ ਆਇਆ ਸੀ ਪਰ ਤੇਜੀ ਇਸੇ ਕਾਲਜ ਦੀ ਵਿਦਿਆਰਥਣ ਸੀ, ਪੋਸਟ ਗਰੇਜੂਏਟ ਦੀਆਂ ਜਮਾਤਾਂ ਵਿਚ ਇਕੱਠੇ ਹੋਏ ਸਨ। ਤੇਜੀ ਦਾ ਪਿੰਡ ਸ਼ਹਿਰ ਦੇ ਨਜ਼ਦੀਕ ਹੀ ਸੀ। ਉਸ ਦੇ ਪਿਓ ਦਾ ਕੰਮ ਵਧੀਆ ਸੀ। ਸਬਜ਼ੀਆਂ ਬੀਜਦਾ ਤੇ ਟਰੈਕਟਰ ਭਰ ਕੇ ਸ਼ਹਿਰ ਸੁੱਟ ਦਿੰਦਾ। ਸ਼ਹਿਰ ਦੇ ਨੇੜੇ ਜਮੀਨ ਹੋਣ ਦਾ ਭਰਪੂਰ ਫਾਇਦਾ ਸੀ ਉਸ ਨੂੰ ਪਰ ਸੁੱਖੇ ਦੇ ਪਿਓ ਦਾ ਕੰਮ ਕੁਝ ਢਿਲਾ ਸੀ, ਸਧਾਰਣ ਜਿਹਾ ਕਿਸਾਨ ਜੋ ਬੜੀ ਮੁਸ਼ਕਲ ਨਾਲ ਸੁੱਖੇ ਨੂੰ ਪੜਾ ਰਿਹਾ ਸੀ। ਸੁੱਖੇ ਨੂੰ ਇਸ ਗੱਲ ਦਾ ਅਹਿਸਾਸ ਸੀ ਤੇ ਚਾਹੁੰਦਾ ਸੀ ਕਿ ਜਲਦੀ ਕਿਸੇ ਕੰਮ ‘ਤੇ ਲਗ ਕੇ ਪਿਓ ਲਈ ਸਹਾਰਾ ਬਣੇ ਪਰ ਤੇਜੀ ਦੀ ਚਿੰਤਾ ਸਿਰਫ ਵਧੀਆ ਪਤੀ ਲਭਣ ਦੀ ਹੀ ਸੀ। ਉਹਨਾਂ ਦੋਨਾਂ ਦਾ ਪਿਆਰ ਇਸ ਸਭ ਕਾਸੇ ਤੋਂ ਬੇਖਬਰ ਸੀ। 
ਕੰਟੀਨ ਵਿਚ ਬੈਠਦੇ ਤਾਂ ਸੁੱਖਾ ਉਸ ਵਲ ਦੇਖਦਾ ਰਹਿੰਦਾ ਤੇ ਕਹਿੰਦਾ,
“ਤੇਜੀ, ਤੂੰ ਏਨੀ ਸੁਹਣੀ ਐਂ ਕਿ ਮੇਰਾ ਮਿਰਜ਼ਾ ਬਣਨ ਨੂੰ ਦਿਲ ਕਰਦਾ।”
“ਸ਼ਾਇਦ ਏਹ ਦੀ ਲੋੜ ਈ ਨਾ ਪਵੇ, ਗੱਲ ਕਰ ਆਪਣੇ ਘਰਦਿਆਂ ਨਾਲ਼, ਉਹ ਕਰਨ ਮੇਰੇ ਘਰਦਿਆਂ ਨਾਲ ਤੇ ਬਣ ਜਾ ਮਿਰਜ਼ਾ।”
“ਏਦਾਂ ਤਾਂ ਸਾਲ਼ਾ ਹਰੇਕ ਈ ਕਰਦਾ ਫਿਰਦਾ, ਇਹ ਕਾਹਦਾ ਹੋਇਆ ਮਿਰਜ਼ਾ!”
“ਹੋਰ ਮਿਰਜ਼ਾ ਕਿੱਦਾਂ ਬਣਨਾਂ?”
“ਵਿਆਹ ਤੋਂ ਪਹਿਲਾਂ ਈ ਤੈਨੂੰ ਚੁੱਕ ਕੇ।”
ਤੇਜੀ ਹੱਸਣ ਲਗਦੀ ਕਿ ਇਹ ਕਿਹੋ ਜਿਹੀਆਂ ਗੱਲਾਂ ਕਰਦਾ। ਹੋਰ ਸਾਲ ਨੂੰ ਪੜਾਈ ਖਤਮ ਹੋ ਜਾਵੇਗੀ, ਦੋਵਾਂ ਦੇ ਘਰ ਵਾਲੇ਼ ਸ਼ਾਇਦ ਹੀ ਇਤਰਾਜ਼ ਕਰਨ ਤੇ ਵਿਆਹ ਹੋ ਜਾਵੇਗਾ ਪਰ ਸੁੱਖਾ ਇਹ ਗੱਲ ਕਹਿੰਦਾ ਰਹਿੰਦਾ। ਸੁੱਖਾ ਸਿਨਮੇ ਹਾਲ ਵਿਚ ਫਿਲਮ ਦੇਖਦਿਆਂ ਉਸ ਦੇ ਜਿਸਮ ਨੂੰ ਮਿਣਨ ਲਗਦਾ, ਕੁਝ ਦੇਰ ਸੁੱਖੀ ਚੁੱਪ ਰਹਿੰਦੀ ਤੇ ਫਿਰ ਉਸ ਦਾ ਹੱਥ ਝਟਕਦੀ ਕਹਿੰਦੀ,
“ਵਿਆਹ ਤੋਂ ਬਾਅਦ।”
“ਮੈਂ ਮਿਰਜ਼ਾ, ਮੈਂ ਇੰਨੀ ਦੇਰ ਨਹੀਂ ਉਡੀਕ ਸਕਦਾ।”
...ਤੇ ਲੰਡਨ ਦੇ ਸਿਨਮੇ ਹਾਲ ਵਿਚ ਬੈਠੀ ਤੇਜੀ ਉਸ ਦੇ ਹੱਥ ਨੂੰ ਬਿਲਕੁਲ ਨਹੀਂ ਰੋਕਦੀ। ਸੁੱਖਾ ਹੈਰਾਨ ਹੋਇਆ ਕਹਿੰਦਾ ਹੈ,
“ਕਮਾਲ ਐ ਜਾਨ, ਨਾ ਤੇਰਾ ਢਿੱਡ ਵਧਿਆ ਤੇ ਨਾ ਈ ਛਾਤੀਆਂ ਢਿੱਲੀਆਂ ਪਈਆਂ, ਕੀ ਰਾਜ਼ ਐ?”
“ਯੋਗਾ।”
ਕਹਿ ਕੇ ਤੇਜੀ ਹੱਸਦੀ ਹੈ। ਸੁੱਖਾ ਧਿਆਨ ਨਾਲ ਦੇਖਦਾ ਹੈ ਕਿ ਤੇਜੀ ਉਪਰ ਪਿਛਲੇ ਪੈਂਤੀ ਸਾਲਾਂ ਨੇ ਕੋਈ ਖਾਸ ਅਸਰ ਨਹੀਂ ਛੱਡਿਆ ਜਦ ਕਿ ਉਹ ਮੋਟਾ ਵੀ ਹੋ ਗਿਆ ਹੈ, ਵਾਲ ਵੀ ਸਫ਼ੈਦ ਹੋ ਚਲੇ ਹਨ। ਚਾਲ ਵਿਚ ਵੀ ਉਹ ਤੇਜੀ ਨਹੀਂ ਰਹੀ। ਚਾਲ ਦਾ ਤਾਂ ਉਸ ਦਿਨ ਲੰਡਨ ਵਿਚ ਤੁਰਦਿਆਂ ਹੀ ਪਤਾ ਚਲ ਜਾਂਦਾ ਹੈ ਜਦ ਉਹ ਤੇਜੀ ਨਾਲੋਂ ਪਿੱਛੇ ਰਹਿਣ ਲਗਦਾ ਹੈ। 
ਦੋਵਾਂ ਨੇ ਪੜਾਈ ਖਤਮ ਕਰ ਲਈ। ਵਿਆਹ ਦੀ ਗੱਲ ਵੀ ਤੁਰ ਪਈ। ਦੋਵੇਂ ਨੌਕਰੀ ਦੀ ਤਲਾਸ਼ ਵਿਚ ਵੀ ਨਿਕਲ ਪਏ ਪਰ ਕਾਲਜ ਤੋਂ ਬਾਹਰ ਦੁਨੀਆ ਬਹੁਤ ਵਿਸ਼ਾਲ ਸੀ। ਬਹੁਤ ਸਾਰੇ ਸੁਫਨੇ ਕਾਲਜ ਦੀ ਇਮਾਰਤ ਵਿਚ ਰਹਿੰਦਿਆਂ ਦੇਖੇ ਜਾ ਸਕਦੇ ਹਨ ਪਰ ਬਾਹਰ ਆ ਕੇ ਹਕੀਕਤ ਕੁਝ ਹੋਰ ਹੁੰਦੀ ਹੈ। ਤੇਜੀ ਨੂੰ ਨੌਕਰੀ ਨਾ ਮਿਲੀ ਤਾਂ ਉਸ ਨੇ ਬੀ. ਐੱਡ ਵਿਚ ਦਾਖਲਾ ਲੈ ਲਿਆ ਤੇ ਸੁੱਖਾ ਕਿਸੇ ਪ੍ਰਾਈਵੇਟ ਸਕੂਲ ਵਿਚ ਥੋੜੇ ਜਿਹੇ ਪੈਸਿਆਂ ‘ਤੇ ਕੰਮ ਕਰਨ ਲਗਿਆ। ਉਹਨਾਂ ਦੇ ਵਿਆਹ ਦੀ ਗੱਲ ਵਿਚ ਅੜਿੱਕਾ ਆਣ ਲਗਿਆ ਇਕ ਤਾਂ ਅਮੀਰੀ-ਗਰੀਬੀ ਦਾ ਵੀ ਸੀ ਤੇ ਦੂਜਾ ਜੱਟ-ਸੈਣੀ ਦਾ ਵੀ। ਇਕ ਦਿਨ ਫਿਲਮ ਦੇਖਦਿਆਂ ਸੁੱਖੇ ਨੇ ਕਿਹਾ,
“ਤੇਜੀ, ਚਲ ਕੁਝ ਦਿਨਾਂ ਲਈ ਸਿ਼ਮਲੇ ਚੱਲੀਏ।”
“ਸਿ਼ਮਲੇ ਕੀ ਕਰਨਾ?”
“ਜੋ ਮਿਰਜ਼ਾ ਕਰਦਾ ਹੀ ਹੁੰਦਾ।”
ਤੇਜੀ ਹੱਸਣ ਲਗੀ ਤੇ ਬੋਲੀ,
“ਤੂੰ ਕੋਈ ਢੰਗ ਦੀ ਨੌਕਰੀ ਲੱਭ, ਕਿਸੇ ਕਾਲਜ ਵਿਚ, ਮੈਂ ਵੀ ਬੀ. ਐੱਡ ਕਰ ਲਵਾਂ, ਜ਼ਰਾ ਕੁ ਪੈਰਾਂ ‘ਤੇ ਖੜ ਕੇ ਆਪਾਂ ਘਰਦਿਆਂ ਤੋਂ ਬਾਹਰੇ ਹੋ ਕੇ ਵਿਆਹ ਕਰਾ ਲੈਨੇਂ ਆਂ।”
ਸੁੱਖਾ ਟੱਕਰਾਂ ਮਾਰਦਾ ਰਿਹਾ ਪਰ ਕਾਲਜ ਵਿਚ ਪ੍ਰੋਫੈਸਰੀ ਉਸ ਨੂੰ ਨਾ ਮਿਲੀ। ਪੰਜਾਬੀ ਦੇ ਐਮ. ਏ. ਇੰਨੇ ਸਨ ਕਿ ਅਗੇ ਖਾਲੀ ਥਾਂਵਾਂ ਬਹੁਤ ਥੋੜੀਆਂ ਹੁੰਦੀਆਂ। ਪ੍ਰਾਈਵੇਟ ਸਕੂਲ ਦੀ ਨਿਗੂਣੀ ਤਨਖਾਹ ਤਾਂ ਉਸ ਨੂੰ ਟਿੱਚਰ ਜਿਹੀ ਹੀ ਮਹਿਸੂਸ ਹੁੰਦੀ ਪਰ ਜੇਬ੍ਹ ਖਰਚ ਵੀ ਤਾਂ ਚਾਹੀਦਾ ਸੀ। ਇਕ ਹੋਰ ਆਸ ਦੀ ਕਿਰਨ ਉਸ ਨੂੰ ਨਜ਼ਰ ਆਉਣ ਲਗ ਪਈ ਕਿ ਉਸ ਦਾ ਇੰਗਲੈਂਡ ਜਾਣ ਦਾ ਸਬੱਬ ਬਣਨ ਲਗਿਆ। ਓਧਰ ਤੇਜੀ ਨੇ ਬੀ. ਐੱਡ ਕਰ ਲਈ ਪਰ ਸਰਕਾਰੀ ਸਕੂਲ ਦੀ ਨੌਕਰੀ ਉਸ ਨੂੰ ਵੀ ਨਾ ਮਿਲੀ। ਜਲੰਧਰ ਦੇ ਇਕ ਪ੍ਰਾਈਵੇਟ ਸਕੂਲ ਜੋਗੀ ਉਹ ਰਹਿ ਗਈ। ਉਸ ਦੀ ਇਹ ਗੱਲ ਸੀ ਕਿ ਤਨਖਾਹ ਸੁੱਖੇ ਨਾਲੋਂ ਕੁਝ ਜਿ਼ਆਦਾ ਸੀ। ਸ਼ਹਿਰ ਹੋਣ ਦਾ ਵੀ ਫਰਕ ਸੀ ਤੇ ਸਕੂਲ ਦੇ ਸਟੈਂਡਰਡ ਦਾ ਵੀ ਪਰ ਸਰਕਾਰੀ ਅਧਿਆਪਕਾਂ ਨਾਲੋਂ ਇਹ ਤਨਖਾਹ ਅੱਧੀ ਤੋਂ ਵੀ ਘੱਟ ਸੀ। ਇਕ ਦਿਨ ਸੁੱਖਾ ਉਸ ਕੋਲ ਜਾ ਕੇ ਕਹਿਣ ਲਗਿਆ,
“ਹਾਂ, ਮੇਰੀ ਜਾਨ, ਕਿੱਦਾਂ ਕਰਨੀ ਹੁਣ?”
“ਜਿੱਦਾਂ ਕਹੇਂ।”
“ਚੱਲੀਏ ਸਿ਼ਮਲੇ?”
“ਵਿਆਹ ਤੋਂ ਬਾਅਦ।”
“ਚਲ, ਵਿਆਹ ਕਰਾ ਲਈਏ।”
“ਠੀਕ ਐ ਪਰ ਇੰਨੀ ਕੁ ਤਨਖਾਹ ਨਾਲ ਗੁਜ਼ਾਰਾ ਕਿਦਾਂ ਹੋਏਗਾ! ਜਦੋਂ ਘਰ ਦਿਆਂ ਨੂੰ ਛੱਡਿਆ ਤਾਂ ਕਿਸੇ ਨੇ ਕੋਈ ਹੈੱਲਪ ਨਹੀਂ ਕਰਨੀ, ਸੋਚ ਕੇ ਦੇਖ, ਕਿਰਾਏ ਦਾ ਘਰ, ਸਭ ਕੁਸ਼ ਮੁੱਲ ਦਾ ਤੇ ਸਾਡੀ ਦੋਨਾਂ ਦੀ ਤਨਖਾਹ! ਤੈਨੂੰ ਸ਼ਹਿਰਾਂ ਦੇ ਖ਼ਰਚਿਆਂ ਦਾ ਪਤੈ?”
“ਤਿੰਨ-ਚਾਰ ਸਾਲ ਦਾ ਇਸ਼ਕ ਸਾਡਾ, ਇਹਦਾ ਵੀ ਤਾਂ ਕੋਈ ਮੁੱਲ ਐ।”
“ਮੈਨੂੰ ਘਰ ਦੇ ਵਿਆਹ ਬਾਰੇ ਆਖਦੇ ਪਏ ਆ ਵੈਸੇ ਤਾਂ ਮੈਂ ਨਾਂਹ ਕਰ ਚੁੱਕੀ ਆਂ ਪਰ ਤੂੰ ਕਰ ਕੁਸ਼, ਤੇਰੀ ਤਨਖਾਹ ਤਾਂ ਚਪੜਾਸੀ ਦੀ ਤਨਖਾਹ ਤੋਂ ਵੀ ਘੱਟ ਐ।”
“ਇਕ ਹੋਰ ਬੂਹਾ ਖੁਲ੍ਹ ਰਿਹੈ।”
“ਉਹ ਕਿਹੜਾ?”
“ਮੇਰੇ ਇੰਗਲੈਂਡ ਜਾਣ ਦਾ।”
“ਇਹ ਠੀਕ ਐ।”
“ਚੱਲ, ਫੇਰ ਵਿਆਹ ਕਰਾ ਲਈਏ।”
“ਤੂੰ ਮੈਨੂੰ ਵਿਆਹ ਕੇ ਕਿਹਦੇ ਆਸਰੇ ਛੱਡ ਜਾਏਂਗਾ ਤੇ ਮੈਂ ਰਹਿ ਜਾਵਾਂਗੀ ਇਕੱਲੀ।”
ਸੁੱਖਾ ਸੋਚਾਂ ਵਿਚ ਪੈ ਗਿਆ। ਗੱਲ ਤਾਂ ਤੇਜੀ ਦੀ ਠੀਕ ਸੀ। ਇਹੋ ਵਧੀਆ ਸੀ ਕਿ ਇੰਗਲੈਂਡ ਜਾਵੇ ਤੇ ਤੇਜੀ ਨੂੰ ਉਥੇ ਸੱਦ ਲਵੇ। ਉਹ ਬੋਲਿਆ,
“ਚੱਲ, ਸਿ਼ਮਲੇ ਚੱਲੀਏ।”
“ਨਹੀਂ, ਵਿਆਹ ਤੋਂ ਬਾਅਦ।”
“ਇਹਦਾ ਮਤਲਬ ਤੂੰ ਸਾਹਿਬਾਂ ਨਹੀਂ ਤੇ ਮੈਂ ਮਿਰਜ਼ਾ ਨਹੀਂ?”
“ਤੂੰ ਸੁੱਖਾ ਹੋਣ ਨਾਲ਼ ਈ ਕੰਮ ਚਲਾ ਲੈ।”
ਤੇਜੀ ਹੱਸਦੀ ਹੋਈ ਬੋਲੀ।
ਸੁੱਖਾ ਇੰਗਲੈਂਡ ਆ ਗਿਆ। ਤੇਜੀ ਨੂੰ ਪ੍ਰੋਫੈਸਰ ਮੁੰਡਾ ਮਿਲ ਗਿਆ ਤੇ ਸੁੱਖੇ ਨੇ ਵੀ ਵਿਆਹ ਕਰਾ ਲਿਆ। ਮਿਰਜ਼ੇ ਵਾਲਾ ਸੁਫਨਾ ਜਾ ਪਿਆ ਕਿਸੇ ਖੱਡ ਵਿਚ। ਉਹ ਇੰਡੀਆ ਜਾਂਦਾ, ਤੇਜੀ ਨੂੰ ਮਿਲਣ ਉਸ ਦੇ ਸਕੂਲ ਚਲੇ ਜਾਂਦਾ। ਉਸ ਲਈ ਕੋਈ ਨਾ ਕੋਈ ਤੋਹਫ਼ਾ ਵੀ ਹੁੰਦਾ; ਕਦੇ ਕੋਈ ਕਪੜਾ, ਕਦੇ ਘੜੀ, ਇਕ ਵਾਰ ਮੁਬਾਈਬਲ ਫੋਨ ਵੀ। ਸੁੱਖਾ ਆਖਦਾ,
“ਹੁਣ ਤਾਂ ਬਹੁਤ ਵਕਤ ਲੰਘ ਗਿਆ, ਹੁਣ ਤਾਂ ਵਕਤ ਕੱਢ ਲੈ।”
ਤੇਜੀ ਉਸ ਦੇ ਦਿਤੇ ਤੋਹਫ਼ੇ ‘ਤੇ ਹੱਥ ਫੇਰਦੀ ਤੇ ਕਹਿੰਦੀ,
“ਦੇਖੋ, ਜੇ ਮੌਕਾ ਮੇਲ਼ ਹੋ ਗਿਆ ਤਾਂ ਪਰ ਮੈਨੂੰ ਪ੍ਰੋਫੈਸਰ ਸਾਹਿਬ ਦਾ ਵੀ ਤਾਂ ਸੋਚਣਾ ਪੈਂਦਾ।”
ਦੋ ਕੁ ਸਾਲ ਪਹਿਲਾਂ ਅਜਿਹਾ ਹੀ ਉਤਰ ਲੈ ਕੇ ਮੁੜੇ ਸੁੱਖੇ ਨੂੰ ਸਮਝ ਨਹੀਂ ਲਗ ਰਹੀ ਕਿ ਉਹ ਤੇਜੀ ਕੋਲ ਵਾਰ ਵਾਰ ਕਿਉਂ ਜਾਂਦਾ ਹੈ। ਹੁਣ ਉਹ ਮਿਰਜ਼ਾ ਨਹੀਂ ਰਿਹਾ। ਮਿਰਜ਼ਾ ਬਣਨ ਦਾ ਸੁਫਨਾ ਵੀ ਬਹੁਤ ਪਿੱਛੇ ਰਹਿ ਚੁੱਕਾ ਹੈ। ਹੁਣ ਉਸ ਨੂੰ ਨਵੀਂਆਂ ਰਾਹਾਂ ਉਪਰ ਤੁਰਦੇ ਕੁਝ ਲੱਭਣਾ ਚਾਹੀਦਾ ਹੈ। ਫਿਰ ਉਹ ਸੋਚਦਾ ਹੈ ਕਿ ਯੂਨੀਵਰਸਿਟੀ ਵਿਚ ਪੜ੍ਹਦੇ ਦੋ ਬੱਚੇ ਤੇ ਘਰ ਬੈਠੀ ਪਤਨੀ ਦੇ ਹੁੰਦੇ ਉਹ ਕਿਹੜੀਆਂ ਨਵੀਂ ਰਾਹਾਂ ਲੱਭ ਸਕੇਗਾ।
ਜਿਵੇਂ ਕਹਿੰਦੇ ਹਨ ਕਿ ਰੱਬ ਦੇ ਘਰ ਦਾ ਕੁਝ ਨਹੀਂ ਪਤਾ। ਪਤਾ ਨਹੀਂ ਕਿਹੜੇ ਵੇਲੇ ਸਮੇਂ ਨੇ ਕਰਵਟ ਲੈ ਕੇ ਤੁਹਾਡੇ ਮੂਹਰੇ ਕਿਹੜਾ ਤੋਹਫ਼ਾ ਪੇਸ਼ ਕਰ ਦੇਣਾ ਹੈ। ਇਵੇਂ ਹੀ ਸੁੱਖੇ ਨਾਲ ਹੁੰਦਾ ਹੈ। ਇਕ ਦਿਨ ਉਸ ਦੇ ਮੁਬਾਈਲ ਦੀ ਘੰਟੀ ਵਜਦੀ ਹੈ। ਫੋਨ ਇੰਡੀਆ ਤੋਂ ਹੈ। ਕੋਈ ਓਪਰਾ ਜਿਹਾ ਨੰਬਰ। ਉਹ ਸੋਚਦਾ ਹੋਇਆ ਕਿ ਕਿਸ ਦਾ ਹੋਵੇਗਾ ਫੋਨ ਔਨ ਕਰਦਾ ਹੈ। ਦੂਜੇ ਪਾਸਿਓਂ ਔਰਤਾਨਾ ਅਵਾਜ਼ ਕਹਿ ਰਹੀ ਹੈ,
“ਮਿਰਜਿ਼ਆ, ਕੀ ਹਾਲ ਐ?”
“ਹੁਣ ਮੈਂ ਕਾਹਦਾ ਮਿਰਜ਼ਾ ਰਹਿ ਗਿਆ, ਤੂੰ ਮਿਰਜ਼ਾ ਬਣਨ ਈ ਨਹੀਂ ਦਿਤਾ, ਅਜ ਕਿਦਾਂ ਯਾਦ ਆ ਗਈ?”
“ਪੁਰਾਣੀ ਮੁਹੱਬਤ ਨੇ ਛੱਲ ਮਾਰੀ ਤੇ ਯਾਦਾਂ ‘ਚੋਂ ਤੇਰਾ ਨੰਬਰ ਕੱਢਿਆ ਤੇ ਘੁਮਾ ਲਿਆ।”
“ਚੰਗਾ ਕੀਤਾ, ਸੁਣਾ ਕੀ ਹਾਲ ਐ ਤੇਰੇ ਟੱਬਰ ਦਾ, ਤੇਰੇ ਪ੍ਰੋਫੈਸਰ ਦਾ।”
“ਪ੍ਰੋਫੈਸਰ ਠੀਕ ਐ, ਮੇਰੀ ਕੁੜੀ ਦੇ ਮੁੰਡਾ ਐ ਤੇ ਮੇਰੇ ਮੁੰਡੇ ਦੇ ਕੁੜੀ, ਪ੍ਰੋਫੈਸਰ ਸਾਬ ਪਿਛਲੇ ਸਾਲ ਰਿਟਾਇਰ ਹੋ ਗਏ ਤੇ ਮੈਂ ਐਤਕੀਂ। ਤੂੰ ਸੁਣਾ ਆਪਣੀ ਕਹਾਣੀ।”
“ਮੁੰਡਾ ਕੁੜੀ ਪੜਦੇ ਆ ਤੇ ਮੇਰੀ ਜੌਬ ਛੁੱਟ ਗਈ ਤੇ ਵਿਹਲਾਂ।”
“ਫੇਰ ਤਾਂ ਰੋਜ਼ ਮਿਰਜ਼ਾ ਬਣਦਾਂ ਹੋਏਂਗਾ।”
“ਹੈ ਕਮਲ਼ੀ, ਭਲਾ ਘਰੇ ਵੀ ਕੋਈ ਮਿਰਜ਼ਾ ਬਣ ਸਕਦੈ!”
“ਅੱਛਾ, ਗੱਲ ਸੁਣ, ਮੇਰੀ ਭਾਣਜੀ ਦਾ ਵਿਆਹ ਐ, ਸਾਊਥਾਲ ਈ ਰਹਿੰਦੀ ਐ ਮੇਰੀ ਭੈਣ, ਆ ਜਾਵਾਂ ਵਿਆਹ ‘ਤੇ?”
“ਜਾਣੀ ਕਿ ਮਿਰਜ਼ਾ ਬਣਨ ਦਾ ਸੁਫਨਾ ਫਿਰ ਤੋਂ ਲੈਣਾ ਸ਼ੁਰੂ ਕਰ ਦੇਵਾਂ?”
ਸੁੱਖੇ ਦੀ ਗੱਲ ਸੁਣ ਤੇਜੀ ਹੱਸਣ ਲਗਦੀ ਹੈ ਤੇ ਕਹਿੰਦੀ ਹੈ,
“ਤੂੰ ਬੜਾ ਜ਼ਿੱਦੀ ਐਂ, ਗੱਲ ਸੁਣ, ਸਾਡਾ ਤਾਂ ਹੱਥ ਹੁਣ ਤੰਗ ਐ, ਟਿਕਟ ਖ਼ਰਚੇਂਗਾ?”
ਸੁਖਾ ਸੋਚਣ ਲਗ ਜਾਂਦਾ ਹੈ। ਤੇਜੀ ਫਿਰ ਕਹਿੰਦੀ ਹੈ,
“ਪਹਿਲੀ ਵਾਰੀ ਤੈਨੂੰ ਕੋਈ ਕੰਮ ਕਹਿ ਰਹੀ ਆਂ।”
“ਹਾਂ ਹਾਂ, ਕੋਈ ਗੱਲ ਨਹੀਂ ਆ ਜਾ।”
ਇਸ ਦਾ ਮਤਲਬ ਕਿ ਸੁੱਖੇ ਦੇ ਸੁਫਨੇ ਮੁੜ ਸ਼ੁਰੂ। ਉਹ ਨਵੇਂ ਉਤਸ਼ਾਹ ਨਾਲ ਭੱਜਾ ਫਿਰਦਾ ਹੈ। ਉਹ ਤੇਜੀ ਦੇ ਇੰਤਜ਼ਾਰ ਵਿਚ ਆਪਣੇ ਘਰ ਉਪਰ ਦੀ ਲੰਘਦੇ ਹਰ ਜਹਾਜ਼ ਨੂੰ ਨਿਹਾਰਨ ਲਗਦਾ ਹੈ। ਆਪਣੇ ਘਰ ਉਪਰ ਦੀ ਹਵਾਈ ਜਹਾਜ਼ਾਂ ਦਾ ਲਾਂਘਾ ਉਸ ਨੂੰ ਹਮੇਸ਼ਾ ਹੀ ਬੁਰਾ ਲਗਿਆ ਹੈ ਪਰ ਹੁਣ ਨਹੀਂ। ਤੇਜੀ ਦੇ ਆਉਣ ਦੀ ਤਰੀਕ ਆ ਜਾਂਦੀ ਹੈ। ਉਸ ਨੂੰ ਫਲਾਈਟ ਨੰਬਰ ਦਾ ਪਤਾ ਹੈ। ਉਹ ਇੰਟਰਨੈੱਟ ਤੇ ਉਸ ਬਾਰੇ ਪੜ੍ਹਦਾ ਰਹਿੰਦਾ ਹੈ। ਉਹ ਦੇਖਦਾ ਹੈ ਕਿ ਫਲਾਈਟ ਵਕਤ ਸਿਰ ਲਗ ਰਹੀ ਹੈ। ਉਸ ਨੂੰ ਕਾਹਲ ਪੈ ਰਹੀ ਹੈ ਕਿ ਪਤਾ ਨਹੀਂ ਤੇਜੀ ਨੂੰ ਲੈਣ ਉਸ ਦੀ ਭੈਣ ਗਈ ਵੀ ਹੋਵੇਗੀ ਕਿ ਨਹੀਂ। ਜੇ ਹਲਾਤ ਅਜਿਹੇ ਹੁੰਦੇ ਕਿ ਤੇਜੀ ਨੂੰ ਉਹ ਲਿਆ ਸਕਦਾ ਤਾਂ ਉਹ ਕਦੇ ਵੀ ਲੇਟ ਨਾ ਹੁੰਦਾ। ਉਹ ਘੜੀ ਦੇਖਦਾ ਹੈ। ...ਤੇਜੀ ਬਾਹਰ ਆ ਗਈ ਹੋਵੇਗੀ। ਉਹ ਆਪਣੀ ਭੈਣ ਨਾਲ ਕਾਰ ਵਿਚ ਜਾ ਰਹੀ ਹੋਵੇਗੀ। ਭੈਣ ਸਾਊਥਾਲ ਹੀ ਰਹਿੰਦੀ ਹੈ, ਹੰਸਲੋ ਤੋਂ ਦੋ ਤਿੰਨ ਮੀਲ ਦੂਰ। ਦਸ ਮਿੰਟ ਦਾ ਰਾਹ। ਉਸ ਨੂੰ ਆਸ ਹੈ ਕਿ ਘਰ ਪੁੱਜਦਿਆਂ ਹੀ ਤੇਜੀ ਉਸ ਨੂੰ ਫੋਨ ਕਰੇਗੀ। ਕਈ ਘੰਟੇ ਨਿਕਲ ਜਾਂਦੇ ਹਨ। ਸਵੇਰ ਦੀ ਲਗੀ ਫਲਾਈਟ ਤੇ ਹੁਣ ਸ਼ਾਮ ਹੋ ਰਹੀ ਹੈ। ਉਹ ਆਪਣੇ ਫੋਨ ਨੂੰ ਰਹਿ ਰਹਿ ਕੇ ਦੇਖਦਾ ਹੈ ਕਿ ਕਿਤੇ ਖਰਾਬ ਹੀ ਨਾ ਹੋਵੇ। ਅੰਤ ਅੱਠ ਕੁ ਵਜੇ ਉਸ ਦੇ ਫੋਨ ਘੰਟੀ ਵਜਦੀ ਹੈ। ਓਪਰਾ ਜਿਹਾ ਲੋਕਲ ਮੁਬਾਈਲ ਨੰਬਰ ਹੈ। ਉਹ ਹੈਲੋ ਕਹਿੰਦਾ ਹੈ। ਅਗੇ ਤੇਜੀ ਹੀ ਹੈ, ਫਤਿਹ ਤੋਂ ਬਾਅਦ ਦੱਸਣ ਲਗਦੀ ਹੈ,
“ਇਹ ਮੇਰਾ ਨੰਬਰ ਐ, ਮੇਰੇ ਭਾਣਜੇ ਨੇ ਆਪਣੇ ਇਕ ਫੋਨ ਵਿਚ ਸਿਮ ਕਾਰਡ ਪਾ ਦਿਤਾ ਤੇ ਹੁਣ ਮੈਂ ਜਿੰਨੇ ਦਿਨ ਰਹੀ ਇਹੋ ਵਰਤਾਂਗੀ।”
“ਮੈਨੂੰ ਘੰਟੀ ਕਰ ਕੇ ਛੱਡ ਦਿਆ ਕਰ, ਮੈਂ ਆਪੇ ਵਾਪਸ ਕਰ ਲਊਂ, ਹੁਣ ਕੀ ਪ੍ਰੋਗਰਾਮ ਐਂ, ਕਦੋਂ ਮਿਲ ਰਹੀ ਰਹੀ ਐਂ?
“ਪਰਸੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ, ਕੱਲ ਨੂੰ ਵਿਹਲ ਐ, ਵੈਸੇ ਮੈਂ ਤਾਂ ਵਿਹਲੀ ਈ ਆਂ ਸਿਰਫ਼ ਰਸਮਾਂ ਵਿਚ ਈ ਜਾਣਾਂ।”
ਅਗਲੇ ਦਿਨ ਗਿਆਰਾਂ ਕੁ ਵਜੇ ਸੁੱਖਾ ਤੇਜੀ ਨੂੰ ਸਾਊਥਾਲ ਦੀ ਇਕ ਰੋਡ ਤੋਂ ਚੁੱਕ ਲੈਂਦਾ ਹੈ। ਇਕ ਸੁੰਨੀ ਜਿਹੀ ਰੋਡ ‘ਤੇ ਕਾਰ ਖੜੀ ਕਰ ਉਸ ਵਲ ਵਧਦਾ ਹੈ। ਤੇਜੀ ਵੀ ਉਸ ਨੂੰ ਬਾਂਹਾਂ ਵਿਚ ਲੈ ਲੈਂਦੀ ਹੈ। ਇਕ ਭਰਵਾਂ ਜਿਹਾ ਚੁੰਮਣ! ਤੇਜੀ ਕਹਿੰਦੀ ਹੈ,
“ਕਿੰਨੇ ਸਾਲ ਉਡੀਕਣਾ ਪਿਆ ਇਸ ਪਲ ਨੂੰ ਮਾਣਨ ਲਈ।”
“ਹਾਂ, ਪੈਂਤੀ ਸਾਲ! ਪਰ ਹੁਣ ਮੈਂ ਆਪਣੀਆਂ ਸਾਰੀਆਂ ਸੱਧਰਾਂ ਪੂਰੀਆਂ ਕਰਨੀਆਂ।”
“ਮਿਰਜਿ਼ਆ, ਤੇਰੀਆਂ ਨਹੀਂ ਮੇਰੀਆਂ ਵੀ, ਕਿਦਾਂ ਵਕਤ ਨੇ ਸਾਨੂੰ ਦੂਰ ਰੱਖਿਆ! ਮੈਨੂੰ ਪਤਾ ਸੀ ਕਿ ਰੱਬ ਦੇ ਘਰ ਦੇਰ ਹੋ ਸਕਦੀ ਐ ਹਨੇਰ ਨਹੀਂ, ਦੇਖ ਰੱਬ ਨੇ ਕਿਦਾਂ ਮੌਕਾ ਮੇਲ ਬਣਾਇਆ ਹੁਣ।”
ਸਵਾਦ ਵਿਚ ਤੇਜੀ ਨੇ ਅੱਖਾਂ ਮੁੰਦੀਆਂ ਹੋਈਆਂ ਹਨ। ਸੁੱਖਾ ਵੀ ਕਿਸੇ ਹੋਰ ਹੀ ਦੁਨੀਆ ਵਿਚ ਹੈ। ਕਿੰਨਾ ਚਿਰ ਹੀ ਉਸ ਉਸੇ ਮੁਦਰਾ ਵਿਚ ਰਹਿੰਦੇ ਹਨ। ਫਿਰ ਤੇਜੀ ਨੇ ਆਖਦੀ ਹੈ,
“ਕਿਧਰ ਲੈ ਕੇ ਚੱਲੇਂਗਾ?”
“ਹਾਲੇ ਤਾਂ ਤੈਨੂੰ ਦੇਖਣ ਦੀ ਭੁੱਖ ਈ ਪੂਰੀ ਨਹੀਂ ਹੋਈ।”
ਸੁੱਖਾ ਕਾਰ ਨੂੰ ਨੇੜਲੀ ਇਕ ਪਹਾੜੀ ‘ਤੇ ਲੈ ਜਾਂਦਾ ਹੈ ਜਿਥੇ ਉਜਾੜ ਜਿਹੀ ਵਿਚ ਪ੍ਰੇਮੀ ਆਪਣੀਆਂ ਕਾਰਾਂ ਖੜੀਆਂ ਕਰ ਰਖਦੇ ਹਨ। ਚਾਰ ਘੰਟੇ ਉਹ ਉਥੇ ਗੱਲਾਂ ਕਰਦੇ ਬਿਤਾ ਦਿੰਦੇ ਹਨ। ਆਪੋ ਆਪਣੀਆਂ ਕਹਾਣੀਆਂ, ਆਪਣੇ ਪਰਿਵਾਰਾਂ ਦੀਆਂ ਕਹਾਣੀਆਂ, ਦੁੱਖ-ਸੁੱਖ ਵਿਚ ਬੀਤੇ ਪਲ। ਜਿ਼ੰਦਗੀ ਵਿਚ ਆਏ ਉਤਰਾ- ਚੜ੍ਹਾਅ। ਵਕਤ ਦਾ ਪਤਾ ਹੀ ਨਹੀਂ ਚਲਦਾ ਕਿ ਕਿਹੜੇ ਵੇਲੇ ਬੀਤ ਜਾਂਦਾ ਹੈ। ਤੇਜੀ ਘੜੀ ਦੇਖਦੀ ਹੋਈ ਕਹਿੰਦੀ ਹੈ,
“ਹੁਣ ਜਿੰਨੇ ਦਿਨ ਇਥੇ ਆਂ ਮੈਂ ਚਾਹੁਨੀ ਆਂ ਕਿ ਪਿਛਲੇ ਪੈਂਤੀ ਸਾਲਾਂ ਦੀ ਦੂਰੀ ਇਹਨਾਂ ਦੋ ਮਹੀਨਿਆਂ ਵਿਚ ਕੱਢ ਦੇਈਏ।”
“ਇਹੋ ਤਾਂ ਮੈਂ ਚਾਹੁੰਨਾ, ਤੂੰ ਦਸ ਕਿ ਲੰਡਨ ਦੀ ਕਿਹੜੀ ਜਗਾਹ ਤੂੰ ਦੇਖਣੀ ਚਾਹੁੰਨੀ ਐਂ ਦਿਖਾ ਦੇਵਾਂਗਾ।”
“ਮੈਂ ਤਾਂ ਲੰਡਨ ਦਾ ਇਹ ਥੰਮ ਦੇਖਣਾ ਚਾਹੁੰਨੀ ਆਂ, ਇਹ ਮੇਰੇ ਕੋਲ਼ ਬੈਠਾ, ਹੋਰ ਜੋ ਤੂੰ ਮਰਜ਼ੀ ਦਿਖਾਈ ਜਾਹ। ਮੈਂ ਭੈਣ ਦੇ ਘਰ ਤਾਂ ਉਸੇ ਦਿਨ ਠਹਿਰਨਾ ਜਿਸ ਦਿਨ ਕੋਈ ਰਸਮ ਹੋਵੇ ਨਹੀਂ ਤਾਂ ਮੈਂ ਸਾਰਾ ਦਿਨ ਵਿਹਲੀ। ਘਰ ਵਿਚ ਸਾਰੇ ਈ ਵਿਆਹ ਵਿਚ ਬੀਜ਼ੀ ਐ ਤੇ ਪਰਾਹੁਣਿਆਂ ਦੀ ਕਿਸ ਨੂੰ ਚਿੰਤਾ!”
ਇਵੇਂ ਹੀ ਹੁੰਦੀ ਹੈ। ਪਿਛਲੇ ਪੈਂਤੀ ਸਾਲ ਦੀ ਕਸਰ ਨਿਕਲਣ ਲਗਦੀ ਹੈ। ਕਦੇ ਲੰਡਨ ਦੀ ਕੋਈ ਜਗਾਹ ਤੇ ਕਦੇ ਹੋਟਲ ਦਾ ਕੋਈ ਕਮਰਾ। ਜਿਸ ਦਿਨ ਦਾ ਵੀ ਪ੍ਰੋਗਰਾਮ ਹੋਵੇ ਸੁੱਖਾ ਤੇਜੀ ਨੂੰ ਗਿਆਰਾਂ ਕੁ ਵਜੇ ਭੈਣ ਦੇ ਘਰ ਦੇ ਨੇੜਲੇ ਮੋੜ ਤੋਂ ਚੁੱਕ ਲੈਂਦਾ ਹੈ ਤੇ ਸ਼ਾਮ ਨੂੰ ਛੇ ਕੁ ਵਜੇ ਉਸੇ ਮੋੜ ‘ਤੇ ਉਤਾਰ ਜਾਂਦਾ ਹੈ। ਹੋਟਲ ਤਾਂ ਭਾਵੇਂ ਏਅਰਪੋਰਟ ਦੇ ਨੇੜੇ ਵੀ ਬਹੁਤ ਹਨ ਪਰ ਉਹ ਉਤਰੀ ਲੰਡਨ ਵਲ ਨਿਕਲਦੇ ਹਨ ਜਿਥੇ ਕੋਈ ਵਾਕਫ਼ ਮਿਲਣ ਦੀ ਆਸ ਨਹੀਂ ਹੁੰਦੀ। ਲੰਡਨ ਵਿਚ ਤਾਂ ਉਹ ਹੱਥ ਵਿਚ ਹੱਥ ਪਾਈ ਨਵੇਂ ਨਵੇਕਲੇ ਪ੍ਰੇਮੀਆਂ ਵਾਂਗ ਘੁੰਮਦੇ ਹਨ। ਉਹਨਾਂ ਨੂੰ ਆਲੇ ਦੁਆਲੇ ਦੀ ਜਿਵੇਂ ਕੋਈ ਖ਼ਬਰ ਹੀ ਨਾ ਹੋਵੇ। ਦੋ ਮਹੀਨੇ ਕਦੋਂ ਲੰਘ ਗਏ ਹਨ ਪਤਾ ਹੀ ਨਹੀਂ ਚਲਦਾ। ਸੁੱਖੇ ਨੂੰ ਇੰਨੀ ਕੁ ਖ਼ਬਰ ਹੈ ਕਿ ਉਸ ਦੇ ਕਰੈਡਿਟ ਕਾਰਡਾਂ ਦੀ ਲਾਲ ਲਕੀਰ ਦਿਨੋ ਦਿਨ ਉਚੀ ਹੁੰਦੀ ਜਾਂਦੀ ਹੈ ਪਰ ਉਹ ਅਨੰਦ ਦੇ ਇਸ ਆਲਮ ਵਿਚ ਬਹੁਤਾ ਸੋਚਣਾ ਨਹੀਂ ਚਾਹੁੰਦਾ। 
...ਹੁਣ ਤੇਜੀ ਦਾ ਜਹਾਜ਼ ਉਸ ਦੇ ਸਿਰ ਉਪਰੋਂ ਦੀ ਲੰਘ ਚੁੱਕਾ ਹੈ। ਉਹ ਵਾਪਸ ਆਪਣੀ ਕੁਰਸੀ ‘ਤੇ ਬੈਠ ਅੱਖਾਂ ਬੰਦ ਕਰ ਬੀਤੇ ਬਾਰੇ ਸੋਚਣ ਲਗਦਾ ਹੈ। ਉਹ ਪਿਛਲੇ ਪੈਂਤੀ ਵਰ੍ਹਿਆਂ ਬਾਰੇ ਨਹੀਂ ਸੋਚਦਾ ਉਸ ਨੂੰ ਤਾਂ ਇਹਨਾਂ ਦੋ ਮਹੀਨਿਆਂ ਨੂੰ ਦੀ ਯਾਦ ਹੀ ਕਰ ਸਵਾਦ ਸਵਾਦ ਕਰੀ ਜਾਂਦੀ ਹੈ। ਉਹ ਇਸ ਧਰਤੀ ‘ਤੇ ਪੁਜੀ ਤੇਜੀ ਦੀ ਫੋਨ ਉਪਰ ਪਹਿਲੀ ਅਵਾਜ਼ ਸੁਣਨ ਤੋਂ ਲੈ ਕੇ ਆਖਰੀ ਅਲਵਿਦਾ ਤਕ ਚੇਤੇ ਕਰਨਾ ਚਾਹੁੰਦਾ ਹੈ। ਅਚਾਨਕ ਉਹ ਕੀ ਦੇਖਦਾ ਹੈ ਕਿ ਇਸ ਸਭ ਕਾਸੇ ਵਿਚ ਇਕ ਕੰਕਰ ਹੈ, ਇਕ ਕੋਕੜੂ ਹੈ ਜੋ ਬੁਰੀ ਤਰ੍ਹਾਂ ਰੜਕਣ ਲਗਦਾ ਹੈ। ਉਹ ਅੱਖਾਂ ਖੋਹਲ ਆਲਾ ਦੁਆਲਾ ਦੇਖਦਾ ਹੈ। ਉਥੇ ਕੋਈ ਵੀ ਨਹੀਂ ਹੈ। ਉਸ ਦੀ ਪਤਨੀ ਤੇ ਹੋਰ ਸਾਰੇ ਦੂਜੇ ਕਮਰੇ ਵਿਚ ਹਨ। ਉਹ ਸੋਚਣ ਲਗਦਾ ਹੈ ਕਿ ਇਹ ਕੰਕਰ ਕੈਸਾ ਹੋਇਆ। ਇੰਨੇ ਵਿਸਮਾਦ ਵਿਚ ਇਹ ਕਿਥੋਂ ਆ ਗਿਆ। ਉਹ ਫਿਰ ਪਹਿਲਾਂ ਤੋਂ ਸਭ ਕੁਝ ਚੇਤੇ ਕਰਨ ਲਗਦਾ ਹੈ;
ਦੂਜੀ ਮੁਲਾਕਾਤ ‘ਤੇ ਉਹ ਤੇਜੀ ਨੂੰ ਲੰਡਨ ਲੈ ਜਾਂਦਾ ਹੈ ਤੇ ਤੀਜੀ ਮੁਲਾਕਾਤ ਸਮੇਂ ਉਤਰੀ ਲੰਡਨ ਦੇ ਪ੍ਰੀਮੀਅਰ ਹੋਟਲ ਵਿਚ ਇਕ ਕਮਰਾ ਬੁੱਕ ਕਰਾ ਲੈਂਦਾ ਹੈ। ਤੇਜੀ ਖੁਸ਼ ਹੈ। ਸੁੱਖਾ ਆਪਣੇ ਲਈ ਵਿਸਕੀ ਦੀ ਬੋਤਲ ਖਰੀਦਦਾ ਹੈ ਤੇ ਤੇਜੀ ਲਈ ਵੀ ਖਾਣ ਪੀਣ ਲਈ ਕਾਫੀ ਸਾਰਾ। ਆਪਣੇ ਕਮਰੇ ਵਿਚ ਪੁੱਜਦੇ ਹਨ। ਢੇਰ ਸਾਰੀਆਂ ਗੱਲਾਂ। ਸੁੱਖਾ ਪੈੱਗ ਤੇ ਪੈੱਗ ਚੁੱਕਦਾ ਜਾ ਰਿਹਾ ਹੈ ਪਰ ਤੇਜੀ ਤੇ ਚਿਹਰੇ ਤੇ ਕੁਝ ਕੁ ਤਣਾਓ ਹੈ। ਸੁੱਖਾ ਉਸ ਨੂੰ ਬਿਸਤਰ ਵਲ ਖਿੱਚਦਾ ਹੈ। ਸੁੱਖੀ ਕੁਝ ਨਹੀਂ ਕਹਿੰਦੀ। ਉਹ ਉਸ ਦੇ ਕਪੜੇ ਉਤਾਰਨ ਲਗਦਾ ਹੈ। ਤੇਜੀ ਚੁੱਪ ਚੁੱਪ ਹੈ ਪਰ ਇਤਰਾਜ਼ ਨਹੀਂ ਕਰਦੀ। ਸੁੱਖਾ ਹੋਰ ਅਗੇ ਵਧਦਾ ਹੈ। ਤੇਜੀ ਉਸ ਨੂੰ ਰੋਕ ਦਿੰਦੀ ਹੈ, ਕਹਿਣ ਲਗਦੀ ਹੈ,
“ਨਹੀਂ ਸੁੱਖੇ, ਨਹੀਂ, ਇਸ ਤੋਂ ਅਗੇ ਨਹੀਂ।”
“ਇਥੇ ਤਕ ਪੁੱਜ ਗਈ ਐਂ ਹੁਣ ਨਾਂਹ ਕਿਉਂ?”
“ਨਹੀਂ ਸੁੱਖੇ, ਮੈਂ ਇਸ ਤੋਂ ਅਗੇ ਨਹੀਂ ਜਾ ਸਕਦੀ, ਇਹੋ ਮੇਰੀ ਹੱਦ ਐ, ਮੈਂ ਤੇਜੀ ਵੀ ਆਂ ਪਰ ਇਕ ਪਤਨੀ, ਮਾਂ, ਸੱਸ ,ਦਾਦੀ, ਨਾਨੀ ਵੀ ਆਂ। ਮੈਂ ਆਪਣੀ ਹੱਦ ਵਿਚ ਰਹਿਣਾ ਚਾਹੁੰਨੀ ਆਂ।”
“ਨਹੀਂ ਤੇਜੀ, ਇਸ ਵੇਲੇ ਆਪਾਂ ਦੋ ਆਸ਼ਕ ਆਂ, ਸਭ ਰਿਸ਼ਤਿਆਂ ਤੋਂ ਮੁਕਤ।”
“ਨਹੀਂ ਸੁੱਖੇ, ਮੈਂ ਜੋ ਵੀ ਆਂ ਪਰ ਇਕ ਹੱਦ ਐ ਮੇਰੀ।”
“ਤੇਜੀ, ਉਹ ਹੱਦ ਤਾਂ ਬਹੁਤ ਪਿੱਛੇ ਰਹਿ ਗਈ, ਆਪਾਂ ਤਾਂ ਬਿਸਤਰ ਵਿਚ ਸਹਿਵਾਸ ਦੀ ਤਿਆਰੀ ਵਿਚ ਆਂ, ਜਿਹੜੀ ਹੱਦ ਦੀ ਗੱਲ ਤੂੰ ਕਰਦੀ ਐਂ ਉਹ ਇਸ ਬਿਸਤਰ ਤੋਂ ਬਹੁਤ ਦੂਰ ਹੁੰਦੀ ਐ।”
“ਕੁਸ਼ ਵੀ ਹੋਵੇ ਸੁੱਖੇ, ਮੈਂ ਇਸ ਤੋਂ ਅਗੇ ਨਹੀਂ ਜਾ ਸਕਦੀ, ਜੇ ਤੂੰ ਇਸ ਤੋਂ ਅਗੇ ਵਧੇਂਗਾ ਤਾਂ ਤੂੰ ਜਬਰਦਸਤੀ ਕਰ ਰਿਹਾ ਹੋਵੇਂਗਾ, ਮੇਰੀ ਆਤਮਾ ਕੁਰਲਾਵੇਗੀ ਤੇ ਤੈਨੂੰ ਕਦੇ ਮੁਆਫ਼ ਨਹੀਂ ਕਰੇਗੀ।”
ਸੁੱਖਾ ਇਕ ਦਮ ਪਿੱਛੇ ਹਟ ਜਾਂਦਾ ਹੈ ਪਰ ਉਹ ਤੇਜੀ ਨਾਲ ਕੋਈ ਗਿਲਾ ਨਹੀਂ ਕਰਦਾ, ਆਖਰ ਤੇਜੀ ਉਸ ਦੀ ਪਹਿਲੀ ਮੁਹੱਬਤ ਹੈ। ਉਹ ਉਸ ਨਾਲ ਗੁੱਸੇ ਕਿਵੇਂ ਹੋ ਸਕਦਾ ਹੈ। 
ਤੇਜੀ ਨੂੰ ਘਰ ਛੱਡ ਉਹ ਵਾਪਸ ਆ ਰਿਹਾ ਹੈ ਤੇ ਸੋਚ ਰਿਹਾ ਹੈ ਕਿ ਤੇਜੀ ਅਜਿਹੀ ਤਾਂ ਨਹੀਂ ਕਿ ਇੰਨਾ ਫਾਸਲਾ ਤਹਿ ਕਰਕੇ ਨਾਂਹ ਕਰ ਦੇਵੇ। ਕਿਤੇ ਨਾ ਕਿਤੇ ਕੁਝ ਗਲਤ ਜ਼ਰੂਰ ਹੈ। ਕਿਤੇ ਨਾ ਕਿਤੇ ਗੜਬੜ ਜ਼ਰੂਰ ਹੈ। ਕਾਫੀ ਦੇਰ ਸੋਚਣ ਤੋਂ ਬਾਅਦ ਵੀ ਉਸ ਨੂੰ ਸਮਝ ਨਹੀਂ ਪੈਂਦੀ। ਸੋਚ ਸੋਚ ਕੇ ਉਹ ਪਾਗਲ ਹੋ ਰਿਹਾ ਹੈ। ਫਿਰ ਅਚਾਨਕ ਉਸ ਨੂੰ ਇਲਹਾਮ ਹੋਣ ਵਾਂਗ ਪਤਾ ਚਲ ਜਾਂਦਾ ਹੈ। ਉਹ ਕਾਰ ਨੂੰ ਇਕ ਪਾਸੇ ਰੋਕ ਕੇ ਉਚੀ ਉਚੀ ਹੱਸਣ ਲਗਦਾ ਹੈ। ਆਪਣੇ ਆਪ ਨੂੰ ਕੋਸਣ ਲਗਦਾ ਹੈ।
ਅਗਲੇ ਦਿਨ ਉਹ ਤੇਜੀ ਨੂੰ ਫੋਨ ਕਰਦਾ ਹੈ ਤੇ ਪਹਿਲਾਂ ਵਾਂਗ ਗਿਆਰਾਂ ਵਜੇ ਮੋੜ ਤੋਂ ਚੁੱਕ ਲੈਂਦਾ ਹੈ। ਸੁੰਨੀ ਜਿਹੀ ਰੋਡ ‘ਤੇ ਰੋਕ ਕੇ ਪੁੱਛਦਾ ਹੈ,
“ਕਿੰਨਾ ਕਿਰਾਇਆ ਲਗਿਆ ਫੇਰ?”
“ਚਾਰ ਸੌ ਪੱਚੀ ਪੌਂਡ।”
ਸੁੱਖਾ ਜੇਬ ਵਿਚੋਂ ਚਾਰ ਸੌ ਪੱਚੀ ਪੌਂਡ ਕੱਢ ਕੇ ਉਸ ਨੂੰ ਦਿੰਦਾ ਹੋਇਆ ਕਹਿੰਦਾ ਹੈ,
“ਆਹ ਲੈ, ਜਿਦਾਂ ਮੈਂ ਪਰੌਮਿਜ਼ ਕੀਤਾ ਸੀ।”
“ਪਰ ਸੁੱਖੇ, ਤੇਰੇ ਕੋਲ਼ ਤਾਂ ਆਪ ਜੌਬ ਹੈ ਨਹੀਂ।”
“ਐਡੀ ਵੀ ਕਿਹੜੀ ਗੱਲ ਐ।”
“ਚੱਲ ਇਹ ਪੈਸੇ ਮੇਰ ਵਲ ਉਧਾਰੇ ਰਹੇ, ਮੈਂ ਮੋੜ ਦਿਆਂਗੀ, ...ਅਜ ਕਿਥੇ, ਉਸੇ ਹੋਟਲ ਚਲਣਾਂ ਜਾਂ ਕਿਤੇ ਹੋਰ?”

(ਸਮਾਪਤ)


1 comment:

Shally Arora said...

behtreen kahani...!! pad ke akhan nam wi hoyiya te kite dil ch ek kasak wi uthi...!!

Muhabbat tenu salaam..!!

Shally.