ਆਓ ਚੱਲੀਏ ! ਯੋ ਯੋ ਹਨੀ ਸਿੰਘ ਦੀ ਪ੍ਰੈਸ ਕਾਨਫਰੰਸ ‘ਚ.......... ਰਿਸ਼ੀ ਗੁਲਾਟੀ

ਐਡੀਲੇਡ : ਆਪਣੇ ਛੋਟੇ ਵੀਰ ਪ੍ਰੇਮ ਦੀ ਬਰਸੀ ਵਾਲੇ ਦਿਨ ਹੋਣ ਕਰਕੇ ਮੈਂ ਉਸਦੀ ਯਾਦ ‘ਚ ਬਹੁਤ ਦੁਖੀ ਤੇ ਪ੍ਰੇਸ਼ਾਨ ਸੀ, ਜੋ ਕਿ ਪਿਛਲੇ ਸਾਲ ਕੇਵਲ 30 ਵਰ੍ਹਿਆਂ ਦੀ ਉਮਰ ‘ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ । ਐਤਵਾਰ ਕਰੀਬ 11 ਕੁ ਵਜੇ ਮਿੰਟੂ ਬਰਾੜ ਜੋ ਕਿ ਵੱਡੇ ਭਰਾਵਾਂ ਵਰਗਾ ਯਾਰ ਹੈ, ਦਾ ਫ਼ੋਨ ਆਇਆ ਕਿ ਹਨੀ ਸਿੰਘ ਦੀ ਪ੍ਰੈਸ ਕਾਨਫਰੰਸ ‘ਚ ਜਾਣ ਦਾ ਸੱਦਾ ਆਇਆ ਹੈ । ਨਿੱਜੀ ਪ੍ਰੇਸ਼ਾਨੀ ਹੋਣ ਦੇ ਬਾਵਜੂਦ ਮਾਂ ਬੋਲੀ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਮੱਦੇ ਨਜ਼ਰ ਰੱਖਦਿਆਂ ਅਸੀਂ ਕਾਨਫਰੰਸ ‘ਚ ਜਾਣ ਦਾ ਫੈਸਲਾ ਕਰ ਲਿਆ । ਮਿੰਟੂ ਬਰਾੜ ਨੇ ਇੱਕ ਲੇਖ ‘ਚ ਕੁਝ ਪੰਕਤੀਆਂ ਲਿਖੀਆਂ ਸਨ, ਜਿਨ੍ਹਾਂ ਦਾ ਭਾਵ ਇਹ ਨਿੱਕਲਦਾ ਸੀ ਕਿ;

“ਜੇ ਤੁਸੀਂ ਕਿਸੇ ਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਤਾਂ ਉਸ ਬਾਰੇ ਕੋਈ ਰਾਏ ਕਾਇਮ ਕਰਨ ਤੋਂ ਪਹਿਲਾਂ ਉਸ ਵਿਅਕਤੀ ਨੂੰ ਮਿਲ ਲੈਣਾ ਚਾਹੀਦਾ ਹੈ ਤਾਂ ਜੋ ਮਨ ‘ਚ ਉਸ ਬਾਰੇ ਗ਼ਲਤ ਭਾਵਨਾ ਜਨਮ ਨਾ ਲੈ ਲਵੇ । ਕੇਵਲ ਸੁਣੀ ਸੁਣਾਈ ਗੱਲ ‘ਤੇ ਵਿਸ਼ਵਾਸ ਕਰਕੇ ਹੀ ਕਿਸੇ ਵਿਅਕਤੀ ਬਾਰੇ ਕੋਈ ਰਾਏ ਕਾਇਮ ਨਹੀਂ ਕਰ ਲੈਣੀ ਚਾਹੀਦੀ ।”
 
ਗੱਲਾਂ ਕਈ ਰਲ ਗਈਆਂ । ਇੱਕ ਤਾਂ ਮੇਰਾ ਮਨ ਬਦਲ ਜਾਏਗਾ । ਦੂਸਰਾ ਹਨੀ ਸਿੰਘ ਬਾਰੇ ਜੋ ਕੁਝ ਸੁਣਿਆ ਸੀ, ਉਹ ਵੀ ਸਪੱਸ਼ਟ ਹੋ ਜਾਏਗਾ । ਹਾਲਾਂਕਿ ਇਸ ਸਖ਼ਸ਼ੀਅਤ ਬਾਰੇ ਬਹੁਤ ਕੁਝ ਤਾਂ ਸਪੱਸ਼ਟ ਹੀ ਸੀ, ਕਿਉਂ ਜੋ ਉਸਦੀ “ਪੱਚੀਆਂ ਪਿੰਡਾਂ ਦੀ ਸਰਦਾਰੀ” ਦੀਆਂ ਪਈਆਂ ਧੁੰਮਾਂ ਜੱਗ ਜ਼ਾਹਿਰ ਹਨ । ਪਰ ਫਿਰ ਵੀ ਸੋਚਿਆ ਕਿ ਮਿੰਟੂ ਬਾਈ ਨੇ ਸਹੀ  ਹੀ ਤਾਂ ਲਿਖਿਆ ਹੈ, ਕਿਉਂ ਨਾ ਮਿਲ ਕੇ ਵਿਚਾਰ ਸਾਂਝੇ ਕਰ ਲਏ ਜਾਣ ਤਾਂ ਜੋ ਗ਼ਲਤਫਹਿਮੀਆਂ ਦੂਰ ਹੋ ਸਕਣ । ਪ੍ਰੈੱਸ ਕਾਨਫਰੰਸ ਦਾ ਟਾਈਮ 2 ਵਜੇ ਦਾ ਸੀ । ਜਦ ਮੈਂ ਤੇ ਮਿੰਟੂ ਵੀਰ ਅੱਧੇ ਰਾਹ ਪੁੱਜ ਗਏ ਤਾਂ ਪਤਾ ਲੱਗਾ ਕਿ ਟਾਈਮ ਬਦਲ ਕੇ ਸਾਢੇ ਪੰਜ ਵਜੇ ਦਾ ਕਰ ਦਿੱਤਾ ਗਿਆ ਹੈ । ਬੜੀ ਮੁਸ਼ਕਿਲ ਹੋਈ ਕਿ ਸਾਢੇ ਤਿੰਨ ਘੰਟੇ ਦਾ ਇੰਤਜ਼ਾਰ ਤੇ ਸਭ ਨੂੰ ਸੱਦਾ ਦਿੱਤਾ ਹੋਇਆ ਸੀ । ਖ਼ੈਰ ! ਸਭ ਨੂੰ ਮੁਆਫ਼ੀਨਾਮੇ ਦੇ ਫੋਨ ਕਰਕੇ ਸ਼ਾਮ ਤੱਕ ਸਮਾਂ ਗੁਜ਼ਾਰਨ ਲਈ ਕਿਹਾ । ਸੁਨਿਸ਼ਚਿਤ ਸਮੇਂ ਤੋਂ ਕਰੀਬ 15-20 ਮਿੰਟ ਪਹਿਲਾਂ ਹੀ ਮੀਡੀਆ ਦੇ ਨੁਮਾਇੰਦੇ, ਜਿੰਨ੍ਹਾਂ ‘ਚ ਹਰਮਨ ਰੇਡੀਓ ਤੋਂ ਮਿੰਟੂ ਬਰਾੜ, ਸ਼ਬਦ ਸਾਂਝ ਤੋਂ ਰਿਸ਼ੀ ਗੁਲਾਟੀ, ਰਾਬਤਾ ਰੇਡੀਓ ਤੋਂ ਰੌਬੀ ਵੈਣੀਪਾਲ, ਦਵਿੰਦਰ ਧਾਲੀਵਾਲ, ਜਗਦੇਵ ਸਿੰਘ, ਕਰਣ ਬਰਾੜ, ਰਣਜੀਤ ਸੇਖੋਂ, ਇੰਦਰਜੀਤ, ਅਮਨ ਚੀਮਾ ਤੇ ਜਗਤਾਰ ਸਿੰਘ ਨਾਗਰੀ ਸ਼ਾਮਲ ਸਨ, ਪ੍ਰੈਸ ਕਾਨਫਰੰਸ ਵਾਲੀ ਜਗ੍ਹਾ ਜਾ ਪੁੱਜੇ । ਵਿਦੇਸ਼ਾਂ ‘ਚ ਸਮੇਂ ਦੀ ਬੜੀ ਕਦਰ ਕੀਤੀ ਜਾਂਦੀ ਹੈ । ਹਰ ਕਿਸੇ ਦੀ ਜਿੰਦਗੀ ਬੜੀ ਵਿਅਸਤ ਹੈ । ਮਿੱਤਰ ਮੰਡਲੀ ‘ਚ ਵੀ ਇੱਕ ਦੂਜੇ ਨੰ ਮਿਲਣਾ ਹੁੰਦਾ ਹੈ ਤਾਂ ਪਹਿਲਾਂ ਫੋਨ ਕਰਕੇ ਪੁੱਛ ਲਈਦਾ ਹੈ । ਇੱਥੋਂ ਤੱਕ ਕਿ ਫੋਨ ‘ਤੇ ਗੱਲ ਕਰਨ ਲੱਗਿਆਂ ਵੀ ਪਹਿਲਾਂ ਪੁੱਛ ਲਈਦਾ ਹੈ ਕਿ ਗੱਲ ਕਰਨ ਦਾ ਸਮਾਂ ਹੈ ਜਾਂ ਵਿਅਸਤ ਹੋ ? ਬਹੁਤ ਸਾਰੇ ਕਲਾਕਾਰ ਵਿਦੇਸ਼ਾਂ ‘ਚ ਰਹਿੰਦੇ ਹਨ ਤੇ ਪੰਜਾਬ ਰਹਿਣ ਵਾਲੇ ਕਲਾਕਾਰ ਵੀ ਇਤਨੇ ਵਿਦੇਸ਼ੀ ਦੌਰੇ ਲੱਗਾ ਲੈਂਦੇ ਹਨ ਕਿ ਉਤਨੇ ਵਾਰ ਸਾਡੇ ਪਿੰਡ ਵਾਲਾ 70 ਸਾਲਾਂ ਦਾ ਮੂਲੀਆ ਰਾਮ ਕਦੇ ਸੌਦਾ ਲੈਣ ਸ਼ਹਿਰ ਨਹੀਂ ਆਇਆ ਹੋਣਾ । ਪਰ ਸਮੇਂ ਦੀ ਕਦਰ ਕਰਨੀ ਅਜੇ ਵੀ ਇਹਨਾਂ ਲੋਕਾਂ ਨੂੰ ਨਹੀਂ ਆਈ, ਭਾਵੇਂ ਵਾਰਿਸ ਭਰਾ ਹੋਣ, ਸਰਤਾਜ ਹੋਵੇ ਜਾਂ ਹੁਣ ਹਨੀ ਸਿੰਘ ਤੇ ਉਸਦੀ “ਮਾਫ਼ੀਆ ਮੁੰਡੀਰ ।” ਕੋਈ ਪ੍ਰੈਸ ਕਾਨਫਰੰਸ ਤੋਂ ਲੇਟ ਤੇ ਕੋਈ ਸ਼ੋਅ ਦੇ ਸਮੇਂ ਤੋਂ ਲੇਟ । ਆਉਣ ਸਾਰ ਸਣੇ “ਸੌਰੀ” ਲੇਟ ਹੋਣ ਦੇ ਸੜੇ ਜਿਹੇ ਬਹਾਨੇ ਵੀ ਲਗਾਉਂਦੇ ਨੇ ਪਰ ਚਿਹਰੇ ‘ਤੇ ਮੁਆਫ਼ੀਨਾਮਾ ਪੇਸ਼ ਕਰਨ ਵਾਲੀ ਕੋਈ ਭਾਵਨਾ ਨਹੀਂ ਹੁੰਦੀ, ਨਾ ਹੀ ਬਹੁਤ ਸਾਰੇ ਲੋਕਾਂ ਦਾ ਸਮਾਂ ਬਰਬਾਦ ਕਰਨ ਦੇ ਨਾਲ਼ ਨਾਲ਼, ਸਮੇਂ ਦੀ ਕਦਰ ਕਰਨ ਜਿਹੀਆਂ ਸਮਾਜਿਕ ਜਿੰਮੇਵਾਰੀਆਂ ਤੋਂ ਭੱਜਣ ਦੀ । 

ਖ਼ੈਰ ! ਦੂਜੀ ਵਾਰ ਦਿੱਤੇ ਗਏ ਸਮੇਂ ਤੋਂ ਵੀ ਇੱਕ ਘੰਟੇ ਤੋਂ ਵੱਧ ਲੇਟ ਹੋਣ ਦੇ ਬਾਅਦ, ਜਦ ਉਡੀਕੇ ਜਾ ਰਹੇ ਸੱਜਣ ਆਏ ਤਾਂ ਪ੍ਰੋਮੋਟਰਾਂ ਵੱਲੋਂ ਆਉਂਦੇ ਸਾਰ ਹੀ ਹਨੀ ਸਿੰਘ ਨੂੰ ਕੋਈ ਸਵਾਲ ਨਾ ਕਰਨ ਬਾਰੇ ਜ਼ੋਰ ਪਾਇਆ ਗਿਆ । ਇਸ ਪ੍ਰੈਸ ਕਾਨਫਰੰਸ ਦੇ ਮਾਹੌਲ ‘ਚ ਤਣਾਅ, ਕੁਰਸੀਆਂ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ ਪੈਦਾ ਹੋ ਗਿਆ ਤੇ ਪਹਿਲਾ ਸਵਾਲ ਤੇ ਮੁੱਦਾ ਹੀ ਇਹ ਬਣ ਗਿਆ ਕਿ ਮੀਡੀਆ ਨੂੰ ਸਵਾਲ ਕਰਨ ਤੋਂ ਰੋਕਣ ਦਾ ਕਾਰਣ ਕੀ ਹੈ ਜਾਂ ਕਿਸ ਤਰ੍ਹਾਂ ਸੁਆਲ ਦਾ ਡਰ ਹੈ ? ਜਿਸਦਾ ਜੁਆਬ ਇਸੇ ਸਾਲ ਮਾਰਚ ‘ਚ 28 ਵਰ੍ਹੇ ਮੁਕੰਮਲ ਕਰਨ ਵਾਲੇ ਦਿੱਲੀ ਦੇ ਹਿਰਦੇਸ਼ ਸਿੰਘ ਉਰਫ਼ ਯੋ ਯੋ ਹਨੀ ਸਿੰਘ ਦੇ ਸ਼ਬਦਾਂ ‘ਚ ਸੀ ਕਿ “ਪ੍ਰੈਸ ਕਾਨਫਰੰਸਾਂ ਤਾਂ ਹੁੰਦੀਆਂ ਸਟਾਰਾਂ ਜਾਂ ਕਲਾਕਾਰਾਂ ਦੀਆਂ, ਅਸੀਂ ਤਾਂ ਛੋਟੇ ਜਿਹੇ ਜੁਆਕ ਆਂ ।” ਕਾਫ਼ੀ ਸਮਾਂ ਇਸੇ ਬਹਿਸ ‘ਚ ਖਰਾਬ ਕਰਨ ਤੋਂ ਬਾਅਦ ਕਰੀਬ ਕੁੱਲ ਕਰੀਬ 8-10 ਸਵਾਲਾਂ ਦੀ ਪ੍ਰੈੱਸ ਕਾਨਫਰੰਸ ‘ਚ “ਮਾਫ਼ੀਆ ਮੁੰਡੀਰ” ਸ਼ਬਦ (ਜੋ ਕਿ ਯੋ ਯੋ ਹਨੀ ਸਿੰਘ ਦੇ ਗਰੁੱਪ ਦੀ ਪਹਿਚਾਣ ਹੈ) ਬਾਰੇ ਸਪੱਸ਼ਟੀਕਰਣ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਮਾਫ਼ੀਆ ਦੀ ਤੁਲਨਾ ਸਰਪੰਚੀ ਤੇ ਏਕਤਾ ਨਾਲ਼ ਕਰਦਿਆਂ ਗੋਲਮੋਲ ਤੇ “ਟਰਕੌਲੌਜੀ” ਭਰਪੂਰ ਜਿਹੇ ਜੁਆਬ ਦੇਣ ਦੀ ਕੋਸਿ਼ਸ਼ ਕੀਤੀ ਪਰ ਮੀਡੀਆ ਨੂੰ ਸੰਤੁਸ਼ਟ ਨਾ ਕਰ ਸਕਣ ਤੇ ਸਵਾਲਾਂ ਦੀ ਵਾਛੜ ਹੋਣ ਦੀ ਹਾਲਤ ‘ਚ ਹਥਿਆਰ ਸੁੱਟ ਕੇ “ਮਾਫੀਆ” ਸ਼ਬਦ ਦੇ ਪਿਛਲੇ ਕੰਨੇ ‘ਤੇ ਬਿੰਦੀ ਲਗਾ ਕੇ “ਮਾਫੀਆਂ” ਬਣਾ ਦਿੱਤਾ ਤੇ ਕੱਚਾ ਜਿਹਾ ਹਾਸਾ ਹੱਸਦੇ ਹੋਏ ਹੱਥ ਜੋੜ ਦਿੱਤੇ । ਮੀਡੀਆ ਵੱਲੋਂ ਹਨੀ ਸਿੰਘ ਨੂੰ ਆਪਣੀ ਕਲਾ ਨੂੰ ਸਕਾਰਤਮਕ ਤਰੀਕੇ ਨਾਲ਼ ਨਾ ਵਰਤਣ ਦਾ ਦੋਸ਼ ਵੀ ਲਗਾਇਆ ਗਿਆ ਪਰ ਉਸਦਾ ਕੋਈ ਜੁਆਬ ਨਾ ਮਿਲਿਆ ਤੇ ਕੁੱਲ 15 ਮਿੰਟ ਦੀ ਚੱਲੀ ਪ੍ਰੈਸ ਕਾਨਫਰੰਸ ‘ਚ ਬਹੁਤਾ ਸਮਾਂ ਹਨੀ ਸਿੰਘ ਕੱਚਾ ਜਿਹਾ ਹਾਸਾ ਹੱਸਦਿਆਂ, ਗਰਮ ਪਾਣੀ ਦੇ ਘੁੱਟ ਭਰਦਿਆਂ ਤੇ ਆਪਣੇ ਸਾਥੀਆਂ ਵੱਲ ਜੁਆਬ ਦੇਣ ‘ਚ ਮੱਦਦ ਲਈ ਦੇਖਦਾ ਨਜ਼ਰ ਆਇਆ । ਜੇਕਰ ਉਸਦੀ ਕੋਈ ਵੀ ਵੀਡੀਓ ਦੇਖੀਏ ਤਾਂ ਵੀਡੀਓ ‘ਚ ਹਨੀ ਸਿੰਘ ਦਾ ਆਤਮਵਿਸ਼ਵਾਸ ਦੇਖਕੇ ਜਾਪਦਾ ਹੀ ਨਹੀਂ ਕਿ ਅੱਜ ਉਹੀ ਹਨੀ ਸਿੰਘ ਸਾਹਮਣੇ ਬੈਠਾ ਹੈ । ਸ਼ਾਇਦ ਹਨੀ ਸਿੰਘ ਦੁਆਰਾ ਗਾਏ ਗੀਤਾਂ ਦਾ ਅਹਿਸਾਸ ਉਸਦੇ ਅੰਤਰੀਵ ਮਨ ‘ਚ ਕਿਤੇ ਵੱਸਿਆ ਹੋਇਆ ਹੈ, ਜੋ ਕਿ ਉਸਨੂੰ ਸਾਡੇ ਸੱਭਿਆਚਾਰ ਜਾਂ ਮਾਂ ਬੋਲੀ ਦੇ ਸੱਚੇ ਸਪੂਤਾਂ ਦਾ ਸਾਹਮਣਾ ਕਰਨ ਤੋਂ ਉਸਨੂੰ ਸ਼ਰਮਿੰਦਾ ਕਰਦਾ ਹੈ ਤੇ ਉਸਦੇ ਆਤਮਵਿਸ਼ਵਾਸ ਨੂੰ ਦੂਰ ਕਿਤੇ ਹਨੇਰਿਆਂ ਵੱਲ ਧੱਕ ਦਿੰਦਾ ਹੈ । ਹਨੀ ਸਿੰਘ ਨੇ ਸਪੱਸ਼ਟ ਕਹਿ ਦਿੱਤਾ ਕਿ ਮੈਂ ਕੋਈ ਗਾਇਕ ਨਹੀਂ, ਮੈਂ ਤਾਂ ਸੰਗੀਤਕਾਰ ਹਾਂ ਤੇ ਲੋਕਾਂ ਦੁਆਰਾ ਰੈਪ ਪਸੰਦ ਕਰਨ ‘ਤੇ ਰੈਪ ਕਰਨਾ ਸ਼ੁਰੂ ਦਿੱਤਾ, ਜੋ ਕਿ ਸਥਾਈ ਚੀਜ਼ਾਂ ਨਹੀਂ ਹਨ ਤੇ ਪਹਿਲਾ ਤੇ ਮੁੱਖ ਮੰਤਵ ਸੰਗੀਤ ਹੈ । 

ਉਸਨੇ ਕਿਹਾ ਕਿ ਮੈਂ ਚੰਡੀਗੜ੍ਹ ਪੱਗ ਬੰਨ੍ਹ ਕੇ ਮੁੰਡਿਆਂ ‘ਚ ਜਾ ਕੇ ਬੈਠਦਾ ਹਾਂ ਤੇ ਸੁਣਦਾ ਹਾਂ ਕਿ ਉਹ ਕਿਸ ਕਿਸਮ ਦੀਆਂ ਗੱਲਾਂ ਕਰ ਰਹੇ ਹਨ । ਉਹੀ ਗੱਲਾਂ ਨੂੰ ਬੀਟ ‘ਤੇ ਲਿਖਕੇ ਰੈਪ ਬਣਾਉਂਦਾ ਹਾਂ । ਇਸ ‘ਤੇ ਮੀਡੀਆ ਦੇ ਸੁਆਲ ਕਿ “ਕੀ ਕਦੀ ਇਹ ਨਹੀਂ ਸੁਣਿਆ ਕਿ ਹਨੀ ਸਿੰਘ ਨੇ ਫਲਾਣਾ ਰੈਪ ਗ਼ਲਤ ਬੋਲਿਆ ਹੈ, ਉਹ ਨਹੀਂ ਸੀ ਬੋਲਣਾ ਚਾਹੀਦਾ ਤਾਂ ਹਨੀ ਸਿੰਘ ਨੇ ਕਿਹਾ ਕਿ “ਉਹ ਵੀ ਠੀਕ ਕਰ ਰਹੇ ਹਾਂ” ।  ਅਗਲਾ ਸੁਆਲ ਹਨੀ ਸਿੰਘ ਦੁਆਰਾ ਕਹੀ ਇਸ ਗੱਲ ਕਿ “ਚੱਕ ਲੋ ਜੋ ਵੀ ਕੁਝ ਮਿਲਦਾ, ਇੱਥੇ ਫ਼ਰੈੱਸ਼ ਕੁਝ ਵੀ ਨਹੀਂ” ਬਾਰੇ ਸੀ । ਮੀਡੀਆ ਦੁਆਰਾ ਪੁੱਛਿਆ ਗਿਆ ਕਿ;
 
“ਇਹ ਗੱਲ ਕਿੰਨਾਂ ਕੁੜੀਆਂ ਬਾਰੇ ਕਹੀ ਗਈ ? ਪੰਜਾਬ ਬਾਰੇ ? ਕੀ ਪੰਜਾਬ ‘ਚ ਕੁਝ ਵੀ ਫ਼ਰੈੱਸ਼ ਨਹੀਂ ?”
 
ਤਾਂ ਹਨੀ ਸਿੰਘ ਦਾ ਜੁਆਬ ਸੀ, “ਇੰਗਲੈਂਡ ‘ਚ ਰਹਿੰਦਿਆਂ ਇੱਕ ਗੋਰੀ ਗਰਲ ਫਰੈਂਡ ਨੂੰ ਬਹੁਤ ਸ਼ਰਾਬ ਪੀਂਦਿਆਂ ਦੇਖ ਕੇ ਗੋਰੀਆਂ ਬਾਰੇ ਕਿਹਾ ਸੀ ।”
 
“ਪਰ ਇਹ ਗੱਲ ਤੁਹਾਡੀ ਪੰਜਾਬੀ ‘ਚ ਜਾ ਰਹੀ ਹੈ, ਪੰਜਾਬ ‘ਚ ਜਾ ਰਹੀ ਹੈ ।”
 
“ਮੇਰੀ ਬੋਲੀ ਪੰਜਾਬੀ ਹੈ ਨਾ, ਮੈਨੂੰ ਪੂਰੀ ਅੰਗ੍ਰੇਜ਼ੀ ਆਉਂਦੀ ਨਹੀਂ ।”
 
“ਫੇਰ ਗੋਰੀ ਥੋੜੀ ਸਮਝੂਗੀ ਤੁਹਾਡੀ ਪੰਜਾਬੀ, ਉਹ ਗੱਲ ਤਾਂ ਪੰਜਾਬ ਦੀਆਂ ਧੀਆਂ ਤੱਕ ਪਹੁੰਚ ਰਹੀ ਹੈ ।”
 
“ਸਾਰੇ ਸਮਝਦੇ ਐ ।” ਹਨੀ ਸਿੰਘ ਬੇ-ਸਿਰ ਪੈਰ ਦਾ ਜੁਆਬ ਦਿੰਦਿਆਂ ਆਪਣੇ ਵੱਲੋਂ ਸਮਾਪਤੀ ਕਰ ਸਭ ਨਾਲ਼ ਹੱਥ ਮਿਲਾਉਂਦਿਆਂ ਖੜ੍ਹਾ ਹੋ ਗਿਆ ਪਰ ਉਸਦੇ ਨਾਲ਼ ਦੀਆਂ ਕੁਰਸੀਆਂ ‘ਤੇ ਬੈਠੇ ਸਾਥੀ ਕਲਾਕਾਰ ਨਾ ਉਠਣ ਕਰਕੇ ਮੁੜ ਬੈਠਣਾ ਪੈ ਗਿਆ । ਉਸ ਮੀਡੀਆ ਨੂੰ ਕਿਹਾ ਕਿ ਮੈਂ ਆਪਣੇ ਆਪ ‘ਚ ਸੁਧਾਰ ਲਿਆਉਣ ਦਾ ਪੂਰਾ ਯਤਨ ਕਰਾਂਗਾ । ਆਪਣੇ ਗੀਤਾਂ ‘ਚ ਅੱਧਨੰਗੀਆਂ ਕੁੜੀਆਂ ਨਾਲ਼ ਡਾਂਸ ਕਰਦੇ ਤੇ ਜੱਫੀਓ ਜੱਫੀ ਹੋਣ ਵਾਲੇ ਹਨੀ ਸਿੰਘ ਨੇ “ਅੰਗ੍ਰੇਜ਼ੀ ਸੱਭਿਆਚਾਰ ਦੇਖ ਕੇ ਹੀ ਹੈਰਾਨ” ਹੋ ਜਾਣ ਬਾਰੇ ਕਿਹਾ । ਆਖਿਰ ‘ਚ ਹਨੀ ਸਿੰਘ ਮੀਡੀਆ ਨੂੰ ਕਹਿ ਗਿਆ ਕਿ “ਜਿੱਦਾਂ ਤੁਸੀਂ ਕਹੋਂਗੇ, ਉਦਾਂ ਹੀ ਕਰਨਾ ।” ਜਦ ਕਿ ਸ਼ਾਇਦ ਹੁਣ ਤੱਕ ਯੋ ਯੋ ਹਨੀ ਸਿੰਘ ਨੂੰ ਇਸ ਪ੍ਰੈੱਸ ਕਾਨਫਰੰਸ ‘ਚ ਬੀਤਿਆ ਸਮਾਂ ਬੁਰੇ ਸੁਪਨੇ ਵਾਂਗ ਭੁੱਲ ਚੁੱਕਾ ਹੋਏਗਾ ।
 
ਇੱਕ ਗੱਲ ਯਾਦ ਆ ਗਈ । ਕਿਸੇ ਨੇ ਬੇਸ਼ਰਮ ਬੰਦੇ ਨੂੰ ਕਿਹਾ;
 
“ਓ ਬੇਸ਼ਰਮਾ ! ਤੇਰੇ ‘ਢੂਹੇ’ ‘ਤੇ ਪਿੱਪਲ ਉਗ ਆਇਆ ।”
 
“ਯਾਰ ਤਾਂ ਪਿੱਪਲਾਂ ਦੀ ਛਾਂਵੇਂ ਬਹਿੰਦੇ ਆ ।” ਉਸ ਦਾ ਜੁਆਬ ਸੀ ।
****

1 comment:

Gurinder Singh Kooner said...

ਵਾਹ ਭਾਜੀ!! ਹਨੀ ਸਿੰਘ ਵਰਗੇ ਢੀਠ ਬੰਦੇ ਨੂੰ ਅਜਿਹੇ ਪੱਤਰਕਾਰੀ ਰਗੜੇ ਲਾਉਣੇ ਜਰੂਰੀ ਹਨ, ਨਹੀਂ ਤਾਂ ਇਹ ਪੰਜਾਬੀ ਵਿਚ ਪੌਰਨ ਵੀਡੀਓ ਬਣਾਉਣ ਤੱਕ ਪਹੁੰਚ ਜਾਣਗੇ,,, ਸ਼ਾਬਾਸ!!!