ਨਾਨਕੇ......... ਲੇਖ / ਪਰਮਜੀਤ ਗਰੇਵਾਲ

ਅਸੀਂ ਨਾਨਕੇ ਜਾਵਾਂਗੇ, ਨਾਨੀ ਨੂੰ ਸਤਾਵਾਂਗੇ
ਮਾਲ ਪੂੜੇ ਖਾਵਾਂਗੇ, ਹੱਸਦੇ-ਨੱਚਦੇ ਘਰ ਨੂੰ ਆਵਾਂਗੇ ।

ਨਾਨਕਾ' ਸ਼ਬਦ ਬੜਾ ਪਿਆਰਾ ਸ਼ਬਦ ਹੈ । ਹਰ ਬਚਪਨ ਨਾਲ ਇਹ ਸ਼ਬਦ ਜੁੜਿਆ ਹੋਇਆ ਹੈ ਜਾਂ ਇਉਂ ਕਹਿ ਲਈਏ ਕਿ ਬਚਪਨ ਬਨਾਮ ਨਾਨਕਾ, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ । ਅੱਜ ਤੋਂ ਲਗਭੱਗ ਇੱਕ ਦਹਾਕਾ ਪਹਿਲਾਂ ਤੱਕ ਬਚਪਨ ਦਾ ਸਬੰਧ ਨਾਨਕਿਆਂ ਨਾਲ ਹੀ ਰਿਹਾ । ਨਾਨਕਾ ਜਾਣਿ ਨਾਨਾ-ਨਾਨੀ ਦਾ ਘਰ ।

ਜਦੋਂ ਮਨੁੱਖ ਅਜੇ ਪਦਾਰਥਕ ਦੌੜਾਂ, ਤਰੱਕੀਆਂ, ਭੱਜ-ਨੱਠ ਵਿੱਚ ਨਹੀਂ ਸੀ ਪਿਆ, ਉਦੋਂ ਤੱਕ ਇਸ ਸ਼ਬਦ ਦਾ, ਇਸਦੀ ਅਹਿਮੀਅਤ ਦਾ, ਇਸ ਨਾਲ ਜੁੜੇ ਪਾਤਰਾਂ ਦਾ ਸੰਬੰਧ ਮਾਖਿਓ ਮਿੱਠਾ ਰਿਹਾ । ਪਰ ਜਿਉਂ-ਜਿਉਂ ਮਨੁੱਖ ਪਦਾਰਥਕ ਤੌਰ ਤੇ ਤਰੱਕੀ ਕਰਦਾ ਗਿਆ, ਵਿਗਿਆਨਕ ਕਾਢਾਂ ਉਸਦੀਆਂ ਲੋੜਾਂ ਬਣਦੀਆਂ ਗਈਆਂ । ਉਹ ਘਰ ਜਿਹੜੇ ਪਹਿਲਾਂ ਰੇਡਿਉ ਤੱਕ ਸਬੰਧਿਤ ਸਨ, ਸਾਰਾ ਟੱਬਰ ਬਹਿਕੇ ਰੇਡੀਓ ਸੁਣਦਾ ਸੀ । ਕਦੇ ਭੈਣਾਂ ਦਾ ਪ੍ਰੋਗਰਾਮ, ਕਦੇ ਦਿਹਾਤੀ ਪ੍ਰੋਗਰਾਮ ਜਾਂ ਫ਼ਿਰ ਧੀਮੀ ਗਤੀ ਦੇ ਸਮਾਚਾਰ । ਹਾਂ ! ਸੱਚ ਧੀਮੀ ਗਤੀ ਦੇ ਸਮਾਚਾਰਾਂ ਤੋਂ ਜ਼ਿੰਦਗੀ ਦੀ ਸਹਿਜ ਚਾਲ ਦਾ ਵੀ ਪਤਾ ਲਗਦਾ ਸੀ । ਫ਼ਿਰ ਵਾਰੀ ਆਈ
ਟੈਲੀਵਿਜ਼ਨ ਦੀ, ਪਰ ਉਦੋਂ ਚੈਨਲਾਂ ਦਾ ਸ਼ੋਰ-ਸ਼ਰਾਬਾ ਨਹੀਂ ਸੀ, ਨਾ ਹੀ ਅਸ਼ਲੀਲਤਾ ਪਰੋਸੀ ਜਾਂਦੀ ਸੀ । ਜਲੰਧਰ ਤੇ ਦਿੱਲੀ ਦੂਰਦਰਸ਼ਨ ਹੀ ਸਮੁੱਚੀ ਕਾਇਨਾਤ ਦਾ ਧੁਰਾ ਮੰਨੇ ਜਾਂਦੇ ਸਨ । ਵੱਧ ਤੋਂ ਵੱਧ ਕਦੇ ਕਦਾਈਂ ਪਾਕਿਸਤਾਨ ਦਾ ਚੈਨਲ ਪਕੜ ਵਿਚ ਆ ਜਾਂਦਾ ਸੀ । ਗੱਲ ਕੀ ! ਰੇਡਿਓ-ਟੈਲੀਵਿਜ਼ਨ ਦੇ ਜ਼ਮਾਨੇ ਤੱਕ ਨਿਆਣੇ ਛੁੱਟੀਆਂ ਉਡੀਕਦੇ, ਤਾਂ ਕਿ ਛੂਟ ਵੱਟ ਕੇ ਨਾਨਕੀ ਜਾ ਸਕਣ । ਮੈਨੂੰ ਯਾਦ ਹੈ ਕਿ ਛੁੱਟੀਆਂ ਹੁੰਦਿਆਂ ਸਾਰ ਮੇਰੀ ਮਾਤਾ ਜੀ ਨੇ ਕਹਿਣਾ, “ਪਹਿਲਾਂ ਸਕੂਲ ਦਾ ਕੰਮ, ਫਿਰ ਨਾਨਕੇ” ।  ਫ਼ਟਾਫ਼ਟ ਭੈਣ-ਭਰਾਵਾਂ ਨੇ ਕੰਮ ਨਬੇੜਨਾ ਤੇ ਵਹੀਰਾਂ ਘੱਤ ਨਾਨਕਿਆਂ ਵੱਲ ਚਾਲੇ ਪਾ ਦੇਣੇ । ਨਾਨਾ-ਨਾਨੀ ਵੀ ਉਹਨਾਂ ਭਲੇ ਵੇਲਿਆਂ ਚ ਜਿਵੇਂ ਦੋਹਤੇ-ਦੋਹਤਿਆਂ ਨੂੰ ਹੀ ਉਡੀਕਦੇ ਹੁੰਦੇ । ਮੇਰੇ ਨਾਨਕੇ ਸ਼ਹਿਰ ਚ ਹੋਣ ਕਰਕੇ ਦਾਦਾ ਜੀ ਨੇ ਕਹਿਣਾ, “ਨਾ ਜਾਇਓ ਉਥੇ ਦੁੱਧ ਨੀ ਮਿਲਣਾ” । ਪਰ ਬਿਨਾਂ ਸੁਣਿਆਂ, ਰੱਸੇ ਤੁੜਾ ਭੱਜਣ ਦੀ ਕਰਨਾ ।

ਅੱਜ ਜਦੋਂ ਟੈਲੀਫ਼ੋਨ ਤੇ ਕੰਪਿਊਟਰ ਦਾ ਯੁੱਗ ਆ ਗਿਆ, ਤਾਂ ਸਾਰੇ ਹੀ ਰਿਸ਼ਤੇ-ਨਾਤਿਆਂ ਦੀ ਪਰਿਭਾਸ਼ਾ ਹੀ ਬਦਲ ਗਈ ।  ਫ਼ੋਨਾਂ ‘ਤੇ ਨਿੱਤ ਹੁੰਦੀ ਗੱਲ ਬਾਤ ਕਾਰਨ ਮਿਲ ਕੇ ਕਰਨ ਨੂੰ ਕੋਈ ਗੱਲਬਾਤ ਹੀ ਨਹੀਂ ਹੁੰਦੀ । ਇੱਥੋਂ ਤੱਕ ਕਿ ਸੱਤ ਸਮੁੰਦਰ ਪਾਰ ਕੀ ਵਾਪਰ ਰਿਹਾ ਹੈ, ਉਹ ਵੀ ਪਤਾ ਹੁੰਦਾ ਹੈ । ਇਸੇ ਕਾਰਣ ਰਿਸ਼ਤਿਆਂ ਦਾ ਨਿੱਘ ਵੀ ਗੁਆਚ ਗਿਆ । ਦੂਜਾ ਕੰਪਿਊਟਰ ਨੇ ਜੁਆਕਾਂ ਨੂੰ ਕਮਰਿਆਂ ਤੱਕ ਹੀ ਸੀਮਿਤ ਕਰ ਦਿੱਤਾ । ਹੁਣ ਹਰ ਕੋਈ ਆਪਣੇ ਆਪ ਵਿੱਚ ਮਗਨ ਹੈ, ਆਪਣੀ ਦੁਨੀਆਂ, ਆਪਣਾ ਸੰਸਾਰ ਹੈ । ਉਹ ਉਸੇ ਵਿਚ ਹੀ ਮਸਤ ਹਨ । ਉਹਨਾਂ ਕੋਲ ਆਪਣੇ ਮਾਂ-ਬਾਪ ਲਈ ਵਕਤ ਨਹੀਂ, ਫੇਰ ਨਾਨਕਿਆਂ ਲਈ ਕਿੱਥੇ ? ਦੂਜਾ ਇਸ ਪਦਾਰਥਿਕ ਯੁੱਗ ਨੇ ਸਭ ਕੁਝ ਬਦਲਕੇ ਰੱਖ ਦਿੱਤਾ ਹੈ । ਨਾ ਨਾਨਕਿਆਂ, ਮਾਮੇ-ਮਾਮੀਆਂ ‘ਚ ਉਹ ਪਿਆਰ ਖਿੱਚ ਰਹੀ ਹੈ, ਜਿਸ ਸਦਕਾ ਜਾਣ ਦੀ ਤਾਂਘ ਹੋਵੇ । ਬਹੁਤਾ ਹੋਵੇ ਤਾਂ ਦਿਨੇ-ਦਿਨ ਜਾਕੇ ਸਾਰਾ ਟੱਬਰ ਮਿਲ ਆਉਂਦਾ ਹੈ । ਪਹਿਲਾਂ ਆਪਣੇ ਪਿੰਡ ਵਾਂਗ ਹੀ ਨਾਨਕੇ-ਪਿੰਡ, ਆਂਢ ਗੁਆਂਢ ਨਾਲ ਮੋਹ ਹੋਣਾ, ਉਹਨਾਂ ਬਾਬਤ ਪਤਾ ਹੋਣਾ । ਪਰ ਅੱਜ ਜਦੋਂ ਅਸੀਂ ਆਧੁਨਿਕਤਾ ਦਾ ਮੁਖੌਟਾ ਚਾੜੀ ਫਿਰਦੇ ਆਂ, ਇਹਦੇ ਨਾਲ ਓਪਰੇ ਤੌਰ ਤੇ ਭਾਵੇਂ ਅਸੀਂ ਆਪਣੇ-ਆਪ ਨੂੰ ਆਧੁਨਿਕ ਸਮਝਣ ਲੱਗ ਪਏ ਹਾਂ ਪਰ ਅੰਦਰੋਂ-ਅੰਦਰੀ ਅਸੀਂ ਖੋਖਲੇ ਹੋ ਰਹੇ ਹਾਂ ।

ਅੱਜਕੱਲ ਬੱਚਿਆਂ ਦੀਆਂ ਜਦੋਂ ਵੀ ਛੁੱਟੀਆਂ ਹੁੰਦੀਆਂ ਹਨ, ਉਹ ਸਾਡੀ ਤਰ੍ਹਾਂ ਨਾਨਕੇ ਜਾਣ ਦੀ ਜ਼ਿੱਦ ਨਹੀਂ ਕਰਦੇ । ਜੇ ਕਰਦੇ ਨੇ ਤਾਂ ਸ਼ਾਪਿੰਗ-ਮਾਲਾਂ ਚ ਜਾਣ ਦੀ । ਉਹ ਨਾਨਕੇ, ਜੋ ਸਾਡੇ ਲਈ ਕਦੇ ਬਹਿਸ਼ਤ ਦਾ ਦੁਆਰ ਸੀ, ਅੱਜ ਦੇ ਬੱਚਿਆਂ ਲਈ ਕੋਈ ਅਰਥ ਨਹੀਂ ਰੱਖਦੇ । ਨਾਨਕਿਓਂ ਮੁੜਦਿਆਂ ਕਈ-ਕਈ ਦਿਨ ਚਿੱਤ ਉਦਾਸ ਰਹਿਣਾ । ਉਸ ਘਰ ਦੇ ਵਿਹੜੇ, ਘਰ ਦੀਆਂ ਕੰਧਾਂ, ਜੀਅ-ਜੰਤ ਵਿਚ ਹੀ ਮਨ ਫਿਰੀ ਜਾਣਾਂ । ਪਰ ਅੱਜ ਨਾ ਤਾਂ ਆਧੁਨਿਕ ਮਾਮੇ-ਮਾਮੀਆਂ ਕੋਲ ਵਕਤ ਹੈ, ਤੇ ਨਾ ਹੀ ਨਿਆਣੇ ਜਾਂਦੇ ਨੇ । ਅੱਗੇ ਜੇ ਕਿਧਰੇ ਦਾਦਕਿਆਂ ਦਾ ਨਾਨਕਿਆਂ ਨਾਲ ਮਾੜਾ ਮੋਟਾ ਮਨ-ਮੁਟਾਵ ਹੋ ਜਾਣਾ  ਤਾਂ ਜੁਆਕਾਂ ਦੇ ਮੋਹ-ਪਿਆਰ ਅੱਗੇ ਸਭ ਨੇ ਘੁਲ-ਮਿਲ ਜਾਣਾ । ਪਰ ਅੱਜ ਸਮੇਂ ਦੀ ਤੋਰ ਨੇ ਸਭ ਬਦਲ ਦਿੱਤਾ । ਅੱਜ ਮੇਰੇ ਆਪਣੇ ਨਾਨਕੇ ਹੀ ਖ਼ਤਮ ਹੋ ਗਏ, ਇਹ ਮਨੋਂ ਨਿਕਲੀ ਹੂਕ ਕਹਿੰਦੀ ਏ ਕਿ ਕਦੇ "ਸਾਡੇ ਵੀ ਨਾਨਕੇ ਸੀ" ।

****

No comments: