ਵੱਧ ਰਹੇ ਨਜਾਇਜ਼ ਸੰਬੰਧ - ਸੱਭਿਅਕ ਸਮਾਜ ਦੇ ਮੱਥੇ ’ਤੇ ਕਲੰਕ........ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਜਦੋਂ ਕਿਸੇ ਵਿਆਹੇ ਮਰਦ ਜਾਂ ਔਰਤ ਦੇ ਕਿਸੇ ਹੋਰ ਵਿਆਹੇ ਜਾਂ ਕੁਆਰੇ ਮਰਦ ਜਾਂ ਔਰਤ ਨਾਲ ਸੰਬੰਧ ਬਣ ਜਾਣ ਤਾਂ ਇਨ੍ਹਾਂ ਸੰਬੰਧਾਂ ਨੂੰ ਨਜਾਇਜ਼ ਸੰਬੰਧ ਕਹਿੰਦੇ ਹਨ। ਦੋ ਕੁਆਰੇ ਜੋੜਿਆਂ ਵਿੱਚ ਬਣੇ ਸੰਬੰਧਾਂ ਨੂੰ ਪ੍ਰੇਮ ਸੰਬੰਧ ਤਾਂ ਕਹਿ ਸਕਦੇ ਹਾਂ ਪਰ ਨਜਾਇਜ਼ ਸੰਬੰਧ ਨਹੀਂ। ਨਜਾਇਜ਼ ਸੰਬੰਧ ਬਣਾਉਣ ਲਈ ਇੱਕ ਧਿਰ ਦਾ ਵਿਆਹਿਆ ਹੋਣਾ ਜਰੂਰੀ ਹੈ। ਪੇਸ਼ੇਵਰ ਔਰਤਾਂ ਜਾਂ ਕੁੜੀਆਂ ਕੋਲ ਕੋਠਿਆਂ ਵਿੱਚ ਜਾ ਕੇ ਸਬੰਧ ਬਣਾਉਣੇ ਤਾਂ ਸਿਰਫ ਇੱਕ ਸੁਆਦ ਤੱਕ ਸੀਮਤ ਹੁੰਦਾ ਹੈ। ਜਦੋਂ ਕਿ ਨਜਾਇਜ਼ ਸੰਬੰਧਾਂ ਵਿੱਚ ਇੱਕ-ਦੂਜੇ ਪ੍ਰਤੀ ਖਿੱਚ ਜਾਂ ਮਤਲਬ ਦੀ ਭਾਵਨਾ ਹੁੰਦੀ ਹੈ।
ਸਾਡੇ ਸਮਾਜ ਵਿੱਚ ਨਜਾਇਜ਼ ਸੰਬੰਧ ਕਿਸੇ ਵੀ ਉਮਰ ਵਿੱਚ ਕਿਸੇ ਵੀ ਰਿਸ਼ਤੇ ਨਾਲ, ਕਿਸੇ ਸਮੇਂ, ਕਿਸੇ ਵਿਚਕਾਰ ਪੈਦਾ ਹੋ ਸਕਦੇ ਹਨ। ਨਜਾਇਜ਼ ਸੰਬੰਧ ਆਪਣੇ ਕਿਸੇ ਪ੍ਰੇਮੀ ਨਾਲ, ਜਾਂ ਪ੍ਰੇਮਿਕਾ ਨਾਲ ਹੋਣ ਤਾਂ ਆਮ ਹੈ ਪਰ ਸਮਾਜਿਕ ਰਿਸ਼ਤਿਆਂ ਵਿੱਚ ਪੈਦਾ ਹੋਏ ਨਜਾਇਜ਼ ਸੰਬੰਧ ਬਣਦਿਆਂ ਨੂੰ ਬਹੁਤਾ ਸਮਾਂ ਨਹੀਂ ਲੱਗਦਾ, ਪਰ ਇਨ੍ਹਾਂ ਸੰਬੰਧਾਂ ਦੇ ਜੱਗ ਜ਼ਾਹਿਰ ਹੋਣ ਵਿੱਚ ਥੋੜਾ ਸਮਾਂ ਜ਼ਰੂਰ ਲੱਗ ਜਾਂਦਾ ਹੈ।
ਇਹ ਨਜਾਇਜ਼ ਸੰਬੰਧ ਕਿਵੇਂ ਅਤੇ ਕਿਉਂ ਬਣਦੇ ਹਨ ਇਸ ਬਾਰੇ ਸਪੱਸ਼ਟ ਤੌਰ ’ਤੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਮਾਹਿਰਾਂ ਅਨੁਸਾਰ ਸੈਕਸ ਦੀ ਵੱਧ ਰਹੀ ਭੁੱਖ ਹੀ ਇਨ੍ਹਾਂ ਸੰਬੰਧਾਂ ਦਾ ਅਸਲ ਕਾਰਨ ਹੋ ਨਿਬੜਦੀ ਹੈ। ਪਰ ਇਹ ਗੱਲ ਵੀ ਸੋਲਾਂ ਆਨੇ ਸੱਚ ਨਹੀਂ ਲੱਗਦੀ। ਕਈ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿੱਚ ਆਪਣੇ ਬੌਸ ਜਾਂ ਉਚ ਅਧਿਕਾਰੀ ਤੋਂ ਕੋਈ ਕੰਮ ਕਢਵਾਉਣ ਲਈ, ਜਾਂ ਕਿਸੇ ਨੂੰ ਚਲਦਾ ਕਰਨ ਲਈ ਵੀ ਇਹ ਸੰਬੰਧ ਬਣਾਏ ਜਾ ਸਕਦੇ ਹਨ। ਉਲਝੇ ਹੋਏ ਸਮਾਜਿਕ ਤਾਣੇ ਬਾਣੇ ਵਿੱਚ ਕਿਸੇ ਨੂੰ ਫਸਾਉਣ ਲਈ ਵੀ ਇਹ ਸੰਬੰਧ ਸਥਾਪਿਤ ਹੋ ਜਾਂਦੇ ਹਨ। ਅਜਿਹੇ ਸੰਬੰਧਾਂ ਵਿੱਚ ਔਰਤ ਪਹਿਲਾਂ ਆਪਣਾ ਰੋਲ ਅਦਾ ਕਰਦੀ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਜਿਥੇ ਸੰਬੰਧ ਬਣਾਉਣ ਵਿੱਚ ਔਰਤ ਪਹਿਲ ਕਰਦੀ ਹੈ ਉਥੇ ਪੰਜਾਹ ਪ੍ਰਤੀਸ਼ਤ ਸੰਬੰਧ ਇਸ ਲਈ ਹੀ ਬਣਾਏ ਜਾਂਦੇ ਹਨ ਕਿ ਇੱਕ ਵਾਰ ਸੰਬੰਧ ਬਣਾਕੇ ਬਾਅਦ ਵਿੱਚ ਇਸੇ ਅਧਾਰ ’ਤੇ ਕੋਈ ਪੈਸਾ ਜਾਂ ਪ੍ਰਾਪਰਟੀ ਨੂੰ ਹੜੱਪ ਕਰਨਾ ਇਨ੍ਹਾਂ ਸੰਬੰਧਾਂ ਦਾ ਅਸਲ ਕਾਰਨ ਹੋ ਨਿਬੜਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਮਰਦ ਵੀ ਅਜਿਹੇ ਸੰਬੰਧ ਬਣਾ ਕੇ ਕਿਸੇ ਔਰਤ ਕੋਲੋਂ ਉਸਦੀ ਜਾਇਦਾਦ ਦਾ ਪੈਸੇ ਨੂੰ ਹੜਪਣਾ ਚਾਹੁੰਦੇ ਹਨ ਪਰ ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦ ਕੋਈ ਔਰਤ ਵਿਧਵਾ ਹੋ ਜਾਵੇ ਜਾਂ ਜਿਸਦੀ ਕੋਈ ਸਾਰੇ ਲੈਣ ਵਾਲਾ ਨਾ ਹੋਵੇ ਤਾਂ ਅਜਿਹੀਆਂ ਔਰਤਾਂ ਨਾਲ ਚਲਾਕ ਕਿਸਮ ਦੇ ਆਦਮੀ ਨਾਲੇ ਆਪਣਾ ਸੁਆਦ ਪੂਰਾ ਕਰ ਲੈਂਦੇ ਹਨ, ਨਾਲੇ ਕੋਈ ਨਾ ਕੋਈ ਪ੍ਰਾਪਰਟੀ ਆਦਿ ਆਪਣੇ ਨਾਮ ਕਰਵਾ ਲੈਂਦੇ ਹਨ ਅਤੇ ਬਾਅਦ ਵਿੱਚ ਉਸ ਔਰਤ ਦਾ ਖੁਰਾ ਖੋਜ ਹੀ ਮਿਟਾ ਦਿੱਤਾ ਜਾਂਦਾ ਹੈ। ਮਰਦ ਅਧਿਆਪਕਾਂ ਜਾਂ ਪ੍ਰੋਫੈਸਰਾਂ ਦੇ ਵਿਦਿਆਰਥਣਾਂ ਨਾਲ ਅਤੇ ਮਰਦ ਡਾਕਟਰਾਂ ਦੇ ਨਰਸਾਂ ਜਾਂ ਮਰੀਜਾਂ ਨਾਲ ਸੰਬੰਧਾਂ ਦੀ ਚਰਚਾ ਆਮ ਛਿੜੀ ਰਹਿੰਦੀ ਹੈ ਪਰ ਇਸਤੋਂ ਉਲਟ ਔਰਤ ਅਧਿਆਪਕਾਵਾਂ ਜਾਂ ਔਰਤ ਡਾਕਟਰਾਂ ਦੇ ਆਪਣੇ ਵਿਦਿਆਰਥੀਆਂ ਜਾਂ ਮਰੀਜਾਂ ਨਾਲ ਸੰਬੰਧਾਂ ਦੇ ਚਰਚੇ ਘੱਟ ਹੀ ਸੁਨਣ ਨੂੰ ਮਿਲਦੇ ਹਨ। ਫਿਲਮੀ ਕਲਾਕਾਰ ਅਤੇ ਡੇਰਾਵਾਦ ਵੀ ਨਜਾਇਜ਼ ਸੰਬੰਧਾਂ ਨੂੰ ਪ੍ਰਫੁੱਲਿਤ ਕਰਨ ਦਾ ਬਹੁਤ ਵੱਡਾ ਜ਼ਰੀਆ ਸਾਬਤ ਹੋ ਰਿਹਾ ਹੈ।
ਸਾਡੇ ਸਮਾਜ ਵਿੱਚ ਨਜਾਇਜ਼ ਸੰਬੰਧ ਸਥਾਪਿਤ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨਸ਼ਿਆਂ ਨੇ ਨੌਜਵਾਨ ਪੀੜੀ ਨੂੰ ਜਿੱਥੇ ਮਾਨਸਿਕ ਤੌਰ ’ਤੇ ਖੋਰਾ ਲਾਇਆ ਹੈ ਉਥੇ ਨਸ਼ੇੜੀ ਨੌਜਵਾਨ ਇੱਕ ਵਾਰ ਤਾਂ ਨਸ਼ਾ ਕਰਕੇ ਆਪਣੇ ਆਪ ਨੂੰ ਬਹੁਤ ਹੀ ਸ਼ਕਤੀਸ਼ਾਲੀ ਸਮਝਦੇ ਹਨ ਪਰ ਹੌਲੀ ਹੌਲੀ ਉਹ ਸਰੀਰਕ ਤੌਰ ’ਤੇ ਨਕਾਰਾ ਹੋ ਜਾਂਦੇ ਹਨ। ਅਜਿਹੇ ਨੌਜਵਾਨਾਂ ਨੂੰ ਵਿਆਹੀਆਂ ਕੁੜੀਆਂ ਦੀ ਜਦੋਂ ਆਪਣੇ ਪਤੀ ਕੋਲੋਂ ਭੁੱਖ ਪੂਰੀ ਨਹੀਂ ਹੁੰਦੀ ਤਾਂ ਨਜਾਇਜ਼ ਸੰਬੰਧ ਸਥਾਪਿਤ ਹੋਣੇ ਸੁਭਾਵਿਕ ਗੱਲ ਹੈ। ਇਸਦੇ ਨਾਲ ਮਿਲਦਾ ਜੁਲਦਾ ਇੱਕ ਹੋਰ ਕਾਰਨ ਇਹ ਹੈ ਕਿ ਨਸ਼ੇੜੀ ਬੰਦੇ ਕੋਈ ਕੰਮ ਨਹੀਂ ਕਰਦੇ ਜਾਂ ਜਿਹੜੇ ਕੰਮ ਕਰਦੇ ਹਨ ਉਹ ਜਿੰਨਾ ਕਮਾਉਂਦੇ ਹਨ ਉਸ ਨਾਲ ਤਾਂ ਸਿਰਫ ਉਹਨਾਂ ਦੇ ਨਸ਼ਿਆਂ ਦੀ ਹੀ ਪੂਰਤੀ ਹੁੰਦੀ ਹੈ। ਇਸ ਤਰਾਂ ਘਰ ਦਾ ਗੁਜ਼ਾਰਾ ਨਹੀਂ ਚੱਲਦਾ। ਬੱਸ ਇਸੇ ਮਜ਼ਬੂਰੀ ਵੱਸ ਬਹੁਤੀਆਂ ਔਰਤਾਂ ਆਪਣੀ ਸਰੀਰਕ ਭੁੱਖ ਦੇ ਨਾਲ ਨਾਲ ਆਪਣੇ ਬੱਚਿਆਂ ਦਾ ਢਿੱਡ ਵੀ ਭਰਦੀਆਂ ਹਨ। ਉਹ ਔਰਤਾਂ ਜਿੰਨਾਂ ਦੇ ਪਤੀ ਘਰ ਤੋਂ ਦੂਰ ਰਹਿੰਦੇ ਹਨ ਅਤੇ ਲੰਮਾ ਸਮਾਂ ਘਰੇ ਵਾਪਸ ਨਹੀਂ ਮੁੜਦੇ, ਜਿਥੇ ਉਹਨਾਂ ਔਰਤਾਂ ਦੇ ਸੰਬੰਧ ਇਧਰ ਕਿਸੇ ਨਾਲ ਬਣਦੇ ਹਨ ਉਥੇ ਘਰ ਤੋਂ ਦੂਰ ਗਏ ਆਦਮੀ ਬਾਹਰ ਜਾ ਕੇ ਆਪਣੇ ਸੰਬੰਧ ਕਾਇਮ ਕਰ ਲੈਂਦੇ ਹਨ। ਸਿੱਟਾ ਇਹ ਨਿਕਲਦਾ ਹੈ ਕਿ ਕਈ ਤਾਂ ਹੌਲੀ ਹੌਲੀ ਇੱਕ-ਦੂਜੇ ਤੋਂ ਦੂਰ ਹੋ ਕੇ ਆਪਣੇ ਪੱਕੇ ਤੌਰ ’ਤੇ ਹੀ ਸੰਬੰਧ ਸਥਾਪਿਤ ਕਰ ਲੈਂਦੇ ਹਨ।
ਉਹ ਔਰਤਾਂ ਜਿੰਨਾਂ ਦਾ ਵਿਆਹ ਆਪ ਤੋਂ ਵੱਡੀ ਉਮਰ ਦੇ ਆਦਮੀ ਨਾਲ ਹੋ ਜਾਵੇ ਜਾਂ ਤਲਾਕਸ਼ੁਦਾ ਆਦਮੀ/ਔਰਤ, ਵਿਧਵਾ ਔਰਤ ਜਾਂ ਜਿਸ ਆਦਮੀ ਦੀ ਪਤਨੀ ਮਰ ਜਾਵੇ ਉਹ ਕੁੱਝ ਕੁ ਮਜ਼ਬੂਰੀ ਵਸ, ਕੁਝ ਕੁ ਜਾਣਬੁਝ ਕੇ ਆਪਣੇ ਨਜਾਇਜ਼ ਸੰਬੰਧ ਕਾਇਮ ਕਰ ਲੈਂਦੇ ਹਨ। ਛੜੇ ਬੰਦੇ ਦੇ ਆਪਣੇ ਤੋਂ ਛੋਟੀ ਜਾਂ ਵੱਡੀ ਭਰਜਾਈ ਨਾਲ ਜਾਂ ਬਾਹਰ ਵੀ ਸੰਬੰਧਾਂ ਦੇ ਚਰਚੇ ਆਮ ਦੇਖਣ-ਸੁਨਣ ਨੂੰ ਮਿਲਦੇ ਹਨ। ਇਹ ਜਰੂਰੀ ਨਹੀਂ ਕਿ ਅਜਿਹੇ ਸਬੰਧ ਜਵਾਨੀ ਜਾਂ ਅੱਧਖੜ੍ਹ ਉਮਰ ਵਿੱਚ ਹੀ ਬਣਨ ਬਹੁਤੇ ਬੁੱਢਿਆਂ ਦੇ ਨੌਜਵਾਨ ਕੁੜੀਆਂ ਨਾਲ ਸੰਬੰਧਾਂ ਦਾ ਜ਼ਿਕਰ ਅਸੀਂ ਆਮ ਪੜ੍ਹਦੇ-ਸੁਣਦੇ ਹਾਂ। ਉਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬੁੱਢਿਆਂ ’ਤੇ ਕੋਈ ਸ਼ੱਕ ਨਹੀਂ ਕਰਦਾ। ਪਰ ਇਸ ਤੋਂ ਉਲਟ ਵੱਡੀ ਉਮਰ ਦੀਆਂ ਔਰਤਾਂ ਦੇ ਜਵਾਨ ਮੁੰਡਿਆਂ ਨਾਲ ਸੰਬੰਧਾਂ ਦੇ ਚਰਚੇ ਘੱਟ ਹੀ ਸੁਣਨ ਨੂੰ ਮਿਲਦੇ ਹਨ ਕਿਉਂਕਿ ਔਰਤ ਵਿੱਚ ਪੰਜਾਹ-ਸੱਠ ਸਾਲ ਦੀ ਉਮਰ ਤੋਂ ਬਾਅਦ ਸੈਕਸ ਬਿਲਕੁਲ ਹੀ ਘੱਟ ਜਾਂਦਾ ਹੈ ਪਰ ਮਰਦਾਂ ਵਿੱਚ ਬੁਢਾਪੇ ਤੱਕ ਵੀ ਸੈਕਸ ਦੀ ਇੱਛਾ ਬਰਕਰਾਰ ਰਹਿੰਦੀ ਹੈ ਸ਼ਰਤ ਇਹ ਹੈ ਕਿ ਬੁੱਢਾ ਸਰੀਰਕ ਤੌਰ ’ਤੇ ਕਮਜ਼ੋਰ ਅਤੇ ਬੀਮਾਰ ਨਾ ਹੋਵੇ।
ਪਤੀ-ਪਤਨੀ ਵਿਚੋਂ ਕਿਸੇ ਇੱਕ ਧਿਰ ਦਾ ਦੂਜੇ ਨੂੰ ਪਸੰਦ ਨਾ ਕਰਨਾ ਜਾਂ ਕਿਸੇ ਇੱਕ ਧਿਰ ਦਾ ਬੀਮਾਰ ਰਹਿਣਾ ਜਾਂ ਆਪਸ ਵਿੱਚ ਤਕਰਾਰਬਾਜ਼ੀ ਵੀ ਨਜਾਇਜ਼ ਸੰਬੰਧਾਂ ਦਾ ਕਾਰਨ ਬਣ ਸਕਦੀ ਹੈ। ਭਾਰਤ ਨੂੰ ਇੱਕ ਸੱਭਿਅਕ ਦੇਸ਼ ਮੰਨਿਆ ਗਿਆ ਹੈ ਇੱਥੋਂ ਦੀ ਸੰਸਕ੍ਰਿਤੀ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਉਚੀ ਅਤੇ ਸੁੱਚੀ ਹੈ। ਭਾਰਤ ਇੱਕ ‘ਸੈਕਸ ਫਰੀ’ ਕੰਟਰੀ ਨਹੀਂ, ਪਰ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ। ਉਸ ਤੋਂ ਇਹ ਸਿੱਧ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਾਹਰਲੇ ਮੁਲਕਾਂ ਵਾਂਗ ਇਥੇ ਵੀ ਕਿਤੇ ਉਹੋ ਜਿਹਾ ਮਾਹੌਲ ਹੀ ਨਾ ਬਣ ਜਾਵੇ।
ਪੰਜਾਬ ਵਿੱਚ, ਮਾਲਵੇ ਇਲਾਕੇ ਵਿੱਚ ਨਸ਼ਾ ਅਤੇ ਦੁਆਬੇ ਦਾ ਬਾਹਰਲੇ ਮੁਲਕਾਂ ਵਿੱਚ ਪ੍ਰਵੇਸ਼ ਨਜਾਇਜ਼ ਸੰਬੰਧਾਂ ਦਾ ਕਾਰਨ ਮੰਨਿਆ ਜਾ ਰਿਹਾ ਹੈ। ਵੱਧ ਰਹੀ ਬੇਰੁਜ਼ਗਾਰੀ ਅਤੇ ਗਰੀਬੀ ਵੀ ਇਨ੍ਹਾਂ ਨਜਾਇਜ਼ ਸੰਬੰਧਾਂ ਦਾ ਕਾਰਨ ਬਣ ਰਹੀ ਹੈ। ਇਹ ਜ਼ਰੂਰੀ ਨਹੀਂ ਕਿ ਸਿਰਫ ਸੈਕਸ ਦੀ ਭੁੱਖ ਹੀ ਇਹਨਾਂ ਸਬੰਧਾਂ ਨੂੰ ਜਨਮ ਦਿੰਦੀ ਹੈ। ਕਈ ਥਾਵੇਂ ਮਜ਼ਬੂਰੀ ਅਤੇ ਲਾਚਾਰੀ ਵੀ ਇਨ੍ਹਾਂ ਸੰਬੰਧਾਂ ਵਿੱਚ ਝਲਕਦੀ ਹੈ। ਆਪਣੀ ਇੱਜ਼ਤ ਅਤੇ ਅਣਖ ਨੂੰ ਦਾਅ ’ਤੇ ਲਾਉਣਾ ਕੋਈ ਮਾਮੂਲੀ ਗੱਲ ਨਹੀਂ।
ਸੋ ਲੋੜ ਹੈ ਨਰੋਏ ਸਮਾਜ ਨੂੰ ਸਿਰਜਣ ਦੀ ਜਿਥੇ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਉਥੇ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਰੋਲ ਅਦਾ ਕਰ ਸਕਦੀਆਂ ਹਨ ਤਾਂ ਕਿ ਸੱਭਿਅਕ ਸਮਾਜ ਦੇ ਮੱਥੇ ’ਤੇ ਖੁਣਿਆ ਜਾ ਰਿਹਾ ਕਲੰਕ ਕੁਝ ਮੱਧਮ ਹੋ ਜਾਵੇ।
****

No comments: