"ਹਾਂ ਪੁੱਤ ਉਏ" ਕਹਿਣ ਵਾਲੇ ਬਾਪੂ ਜੀ.......... ਅਭੁੱਲ ਯਾਦਾਂ / ਚਰਨਜੀਤ ਕੌਰ ਧਾਲੀਵਾਲ (ਸੈਦੋ ਕੇ)

ਜਿ਼ੰਦਗੀ ਵਿਚ ਅਚਨਚੇਤ ਕਈ ਮੁਲਾਕਾਤਾਂ ਅਜਿਹੀਆ ਹੋ ਜਾਂਦੀਆਂ ਹਨ, ਜੋ ਸਦਾ ਲਈ ਦਿਲ ਵਿਚ 'ਘਰ' ਕਰ ਲੈਦੀਆਂ ਹਨ ਅਤੇ ਜੀਵਨ ਦੀਆਂ ਅਭੁੱਲ ਯਾਦਾਂ ਹੋ ਨਿੱਬੜਦੀਆਂ ਹਨ! ਅਭੁੱਲ ਯਾਦ ਦੇ ਨਾਲ ਨਾਲ ਤੁਹਾਡੀ ਜਿ਼ੰਦਗੀ ਦਾ ਸਰਮਾਇਆ ਵੀ ਬਣ ਜਾਂਦੀਆਂ ਹਨ। ਜਿ਼ੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਦੁੱਖ-ਸੁਖ, ਖੁਸ਼ੀ-ਗ਼ਮੀ ਵਿਚ ਲਬਰੇਜ਼ ਰਹਿੰਦੀਆਂ ਹਨ ਜਾਂ ਨਿੱਘੀ ਯਾਦ ਬਣ ਕੇ ਆਨੰਦ ਵੀ ਦਿੰਦੀਆਂ ਹਨ। ਏਸੇ ਤਰ੍ਹਾਂ ਹੀ ਮੇਰੀ ਮੁਲਾਕਾਤ ਹੋਈ 'ਬਾਪੂ' ਪੰਡਤ ਬਰਮਾ ਨੰਦ ਜੀ ਨਾਲ! ਜੋ ਸਾਡੇ ਹਰਮਨ ਪਿਆਰੇ, ਕਲਮ ਦੇ ਧਨੀ, ਸੰਸਾਰ ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਜੀ ਦੇ ਪਿਤਾ ਜੀ ਸਨ। 13 ਫ਼ਰਬਰੀ 2009 ਨੂੰ ਬਾਪੂ ਜੀ ਆਪਣੀਆ ਯਾਦਾਂ ਨੂੰ ਸਾਡੇ ਕੋਲ ਛੱਡ ਕੇ ਹਮੇਸ਼ਾ-ਹਮੇਸ਼ਾ ਲਈ ਇਸ ਸੰਸਾਰ ਨੂੰ 'ਅਲਵਿਦਾ' ਆਖ ਗਏ।
ਮੈਨੂੰ ਅਕਤੂਬਰ 2008 ਵਿਚ ਬਾਪੂ ਜੀ ਨੂੰ ਮਿਲਣ ਦਾ ਸੁਨਿਹਰੀ ਮੌਕਾ ਮਿਲਿਆ, ਜਦ ਮੈਂ ਲੰਬੇ ਸਮੇਂ ਬਾਅਦ ਜਰਮਨ ਤੋਂ ਕੁਝ ਕੁ ਹਫ਼ਤਿਆਂ ਲਈ ਪੰਜਾਬ ਗਈ। ਸਾਡੇ ਜਾਂਦਿਆ ਨੂੰ ਬਾਪੂ ਜੀ ਖੁੱਲ੍ਹੇ-ਡੁੱਲ੍ਹੇ ਘਰ ਵਿਚ ਵਰਾਂਡੇ ਵਿਚ ਬੈਠੇ ਸਨ। ਸਤਿ ਸ੍ਰੀ ਅਕਾਲ ਮੰਨਣ ਤੋ ਬਾਦ ਬਾਪੂ ਜੀ ਨੇ ਕਿਹਾ, "ਪੁੱਤ ਮੈ ਪਛਾਣਿਆ ਨਹੀਂ...।"
ਜਦੋ ਮੈਂ ਆਪਣਾ ਨਾਮ ਦੱਸਿਆ ਤਾਂ ਉਹਨਾਂ ਨੇ ਝੱਟ ਪਛਾਣ ਲਿਆ, "ਹਾਂ ਪੁੱਤ ਪਛਾਣ ਲਿਆ। ਮੇਰੀ ਅੱਖ 'ਚ ਲੈਨਜ਼ ਪੁਆਇਆ ਕਰਕੇ ਮੈਨੂੰ ਦੇਖਣ 'ਚ ਅਜੇ ਥੋੜੀ ਤਕਲੀਫ਼ ਹੈ।"
"ਬਹਿ ਜਾਓ ਪੁੱਤ!" ਬਾਪੂ ਜੀ ਨੇ ਕਿਹਾ।
ਮੈ ਕੋਲ ਹੀ ਉਹਨਾਂ ਦੇ ਗੋਡੇ ਨਾਲ ਲੱਗ ਬੈਠ ਗਈ। ਮੈਨੂੰ ਉਹਨਾਂ ਦਾ ਆਪਣੇ ਸਕੇ ਬਾਪ ਨਾਲੋਂ ਵੀ ਵੱਧ ਮੋਹ ਆਉਂਦਾ ਸੀ। ਉਹਨਾਂ ਨੇ ਮੇਰੇ ਨਾਲ ਜਰਮਨ ਭਾਸ਼ਾ ਵਿਚ ਗੱਲ ਕੀਤੀ। ਸ਼ਾਇਦ ਉਹ ਆਪਣਾ ਕੋਈ ਭੁਲੇਖਾ ਦੂਰ ਕਰਨਾ ਚਾਹੁੰਦੇ ਸੀ। ਇਕ ਮਸ਼ਹੂਰ ਨਾਵਲਕਾਰ ਅਤੇ ਨਾਲੋ ਨਾਲ ਪੁਲੀਸ ਅਫ਼ਸਰ ਦਾ ਬਾਪ ਦਿਮਾਗ ਪੱਖੋਂ ਪੂਰਨ ਤੌਰ 'ਤੇ ਸੁਚੇਤ ਸੀ। ਉਦੋਂ ਉਹਨਾਂ ਦੀ ਉਮਰ 77 ਸਾਲ ਦੀ ਸੀ। ਉਹ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਬਲਵੰਤ ਸਿੰਘ ਰਾਮੂਵਾਲੀਆ ਦੇ ਕੌਮੀ ਸਲਾਹਕਾਰ ਸਨ। ਪਿੰਡ ਦੇ ਪੁਰਾਣੇ-ਨਵੇਂ ਸਰਪੰਚ ਉਹਨਾਂ ਤੋਂ ਹਰ ਕੰਮ ਲਈ ਸਲਾਹ ਲੈਣ ਆਉਂਦੇ ਅਤੇ ਬਾਪੂ ਜੀ ਉਹਨਾਂ ਨੂੰ ਸਲਾਹ ਦੇ ਨਾਲ ਹਰ ਸਹਿਯੋਗ ਵੀ ਦਿੰਦੇ। ਕੁੱਸੇ ਪਿੰਡ ਦੇ ਸੁਧਾਰ ਵਿਚ ਉਹਨਾਂ ਦਾ ਅਥਾਹ ਯੋਗਦਾਨ ਰਿਹਾ ਹੈ ਅਤੇ ਲੋਕ ਉਹਨਾਂ ਦੇ ਅਗਾਂਹ-ਵਧੂ ਕਾਰਜਾਂ ਨੂੰ ਅੱਜ ਵੀ ਸਲਾਹੁੰਦੇ ਨਹੀਂ ਥੱਕਦੇ।
"ਪੁੱਤ ਚਾਹ ਪੀਣੀ ਐ ਤਾਂ ਆਪ ਹੀ ਬਣਾ ਲਉ! ਆਪਣੇ ਰੋਟੀ ਪਕਾਉਣ ਵਾਲੀ ਕੁੜੀ ਤਾਂ ਆਪਦੇ ਘਰੇ ਚਲੀ ਗਈ।" ਬਾਪੂ ਜੀ ਰਸੋਈ ਵੱਲ ਇਸ਼ਾਰਾ ਕਰਦੇ ਬੋਲੇ। ਛੇ ਫ਼ੁੱਟ ਤੋਂ ਵੀ ਉਪਰ ਬਾਪੂ ਜੀ ਦੀ ਅਵਾਜ਼ ਵਿਚ ਬੁੜ੍ਹਾਪੇ ਵਿਚ ਵੀ ਪੂਰਾ ਠਰੰਮਾਂ ਅਤੇ ਰੋਅਬ ਸੀ। ਸਰਕਾਰੇ ਦਰਬਾਰੇ ਵੀ ਉਹਨਾਂ ਦਾ ਸਤਿਕਾਰ ਬਰਕਰਾਰ ਸੀ।
"ਬਾਪੂ ਜੀ ਤੁਹਾਨੂੰ ਬਣਾ ਕੇ ਪਿਆ ਦਿੰਦੇ ਹਾ, ਅਸੀ ਤਾ ਹੁਣੇ ਹੀ ਰੋਟੀ ਖਾ ਕੇ ਆਏ ਹਾਂ।" ਮੇਰਾ ਜਵਾਬ ਸੀ।
"ਨਹੀ ਪੁੱਤ, ਮੈਨੂੰ ਲੋੜ ਨਹੀ, ਮੈ ਹੁਣੇ ਹੀ ਰੋਟੀ ਖਾਧੀ ਐ।" ਬਾਪੂ ਜੀ ਨੇ ਬੜੇ ਮੋਹ ਨਾਲ ਕਿਹਾ।
"ਆਹ ਆਪਣੇ ਘਰੇ ਕੰਮ ਵਾਲੀ ਕੁੜੀ ਵੀ ਹੁਣੇ ਹੀ ਭਾਂਡੇ ਧੋ ਕੇ ਗਈ ਐ ਤੇ ਸੱਤੇ ਹੋਰੀ ਬਾਹਰ ਗੇੜਾ ਮਾਰਨ ਤੁਰ ਗਏ।" ਸੱਤਾ ਅਤੇ ਪ੍ਰੀਤਮ ਬਾਪੂ ਜੀ ਦੇ ਸੇਵਾਦਾਰ ਲੜਕੇ ਰੱਖੇ ਹੋਏ ਸਨ।
"ਬੱਸ ਪੁੱਤ, ਜਦੋ ਸਾਰੇ ਖਿੱਲਰ ਜਾਂਦੇ ਐ, ਫੇਰ ਮੈ 'ਕੱਲਾ ਰਹਿ ਜਾਨੈ। ਜੁਆਕ ਵੀ ਤਾਂ ਪੁੱਤ ਸੁੱਖ ਨਾਲ ਇੰਗਲੈਂਡ ਰਹਿੰਦੇ ਐ, ਜਿਹੜੀ ਰੌਣਕ ਐ, ਉਹ ਤਾ ਦੂਰ ਬੈਠੀ ਐ!" ਬਾਪੂ ਜੀ ਆਪਣੇ ਦਿਲ ਅਤੇ ਇਕੱਲਤਾ ਦਾ ਦਰਦ ਤੇ ਪਿਆਰ ਜ਼ਾਹਿਰ ਕਰਦੇ ਹੋਏ ਸਾਨੂੰ ਘਰ ਦੀ ਸਾਰੀ ਗੱਲ ਸਮਝਾ ਗਏ।
ਆਪਣੇ ਪ੍ਰੀਵਾਰ ਦੀ ਯਾਦ ਤੇ ਪਿਆਰ ਪ੍ਰਤੀ ਸੁਣ ਕੇ ਸਾਨੂੰ ਬਾਪੂ ਜੀ ਉਦਾਸ ਜਿਹੇ ਲੱਗੇ।
ਮੈ ਬਾਪੂ ਜੀ ਦੀ ਗੱਲ ਦਾ ਛੋਟਾ ਜਿਹਾ ਹੁੰਗਾਰਾ ਦੇ ਕੇ, ਆਪਣੀ ਨਜ਼ਰ ਵਿਹੜੇ ਵਿਚ ਘੁੰਮਾਈ। ਮੈਨੂੰ ਮਹਿਸੂਸ ਹੋਇਆ ਕਿ ਇਹ ਖੁੱਲ੍ਹਾ-ਡੁੱਲ੍ਹਾ ਵਿਹੜਾ, ਜਿਸ ਦੇ ਵਿਚ ਘਰ ਦੇ ਸਾਰੇ ਜੀਅ ਨਹੀ ਸੀ ਸਮਾਏ ਜਾਣੇ, ਤੇ ਨਿਆਣਿਆ ਨੇ ਬਾਪੂ ਜੀ ਦੀ ਸੋਟੀ ਖੋਹ-ਖੋਹ ਕੇ ਭੱਜਣਾ ਸੀ, ਕੀ ਰੌਣਕ ਹੋਣੀ ਸੀ ਇਸ ਵਿਹੜੇ ਵਿਚ, ਜਿਹੜੀ ਬਾਹਰਲੇ ਮੁਲਕਾਂ ਨੇ ਸਾਡੇ ਬਜੁਰਗਾਂ ਕੋਲੋਂ ਖੋਹ ਲਈ ਹੈ। ਮੇਰੀਆਂ ਸੋਚਾਂ ਦੀ ਲੜੀ ਬਾਪੂ ਜੀ ਦੀ ਅਵਾਜ਼ ਅਤੇ ਖੰਘੂਰੇ ਨੇ ਤੋੜ ਦਿਤੀ।
"ਪੁੱਤ ਉਠ ਉਏ, ਇਕ ਕੰਮ ਕਰ..!"
"ਦੱਸੋ ਬਾਪੂ ਜੀ ਕੀ ਕਰਨੈ?" ਮੈਂ ਖੜ੍ਹੀ ਹੁੰਦੀ ਨੇ ਪੁੱਛਿਆ।
"ਆਹ ਫ਼ਰਿੱਜ ਖੋਲ੍ਹ..! ਵਿਚ ਮਠਿਆਈ ਵਾਲਾ ਡੱਬਾ ਪਿਐ, ਲਿਆ ਉਰੇ।" ਉਨ੍ਹਾਂ ਨੇ ਕਿਹਾ।
ਮੈਂ ਫ਼ਰਿੱਜ ਵਿਚੋਂ ਮਠਿਆਈ ਦਾ ਡੱਬਾ ਕੱਢ ਲਿਆਈ ਅਤੇ ਡੱਬਾ ਅਸੀਂ ਖੋਲ੍ਹ ਕੇ ਮੰਜੇ 'ਤੇ ਹੀ ਰੱਖ ਲਿਆ।
"ਖਾਓ ਪੁੱਤ..!" ਤੇ ਇਹ ਕਹਿ ਕੇ ਬਾਪੂ ਜੀ ਵੀ ਸਾਡੇ ਨਾਲ ਖਾਣ ਲੱਗ ਪਏ। ਹਾਲਾਂ ਕਿ ਡਾਕਟਰ ਵੱਲੋਂ ਬਾਪੂ ਜੀ ਨੂੰ ਮਿੱਠਾ ਖਾਣ ਦੀ ਮਨਾਹੀ ਕੀਤੀ ਹੋਈ ਸੀ।
ਖਾਂਦਿਆਂ ਹੀ ਉਨਾਂ ਗੱਲ ਸ਼ੁਰੂ ਕੀਤੀ, "ਪੁੱਤ ਜਦੋ ਸਾਰੇ 'ਕੱਠੇ ਹੋ ਜਾਂਦੇ ਐ, ਮੱਲੋ-ਮੱਲੀ ਜੀਅ ਲੱਗ ਜਾਦੈ, ਬੱਸ 'ਕੱਲਾ ਬੈਠਾ ਮੈ ਥੱਕ ਜਾਨੈ ਪੁੱਤ।"
"ਬਾਪੂ ਜੀ, ਕਿਉ ਨਹੀ ਤੁਸੀਂ ਇੰਗਲੈਡ ਰਹਿਣ ਲੱਗ ਜਾਂਦੇ?" ਮੇਰੇ ਤੋਂ ਨਾ ਚਾਹੁੰਦੇ ਹੋਏ ਵੀ ਆਖਿਆ ਗਿਆ।
"ਫੇਰ ਤਾ ਮੈ ਬਾਹਲਾ 'ਕੱਲਾ ਹੋਜੂੰ ਪੁੱਤ..! ਤੇਰੇ ਬੀਜੀ ਦੇ ਬਿਮਾਰ ਹੋਣ ਤੋਂ ਪਹਿਲਾਂ ਅੱਗੇ ਮੈਂ ਹਰ ਸਾਲ ਆਸਟਰੀਆ ਜਾਂਦਾ ਹੀ ਰਿਹੈਂ? ਚਲੋ ਹੁਣ ਤਾਂ ਉਹ ਬਿਚਾਰੀ ਕਰਮਾਂ ਵਾਲੀ ਨਹੀਂ ਰਹੀ। ਉਹ ਤਾਂ ਸਾਰੇ ਕੰਮਾਂ ਧੰਦਿਆਂ ਵਿਚ ਰੁੱਝ ਜਾਂਦੇ ਹਨ ਤੇ ਜੁਆਕਾਂ ਨੇ ਸਕੂਲਾਂ ਨੂੰ ਭੱਜ ਜਾਣਾਂ ਹੁੰਦੈ, ਮੈਨੂੰ ਕੋਈ ਬੋਲਣ ਚੱਲਣ ਨੂੰ ਨਹੀ ਮਿਲਣਾ, ਉਥੇ ਤਾਂ ਪੁੱਤ ਸੱਥ ਵੀ ਨਹੀ ਮਿਲਣੀ ਬੈਠਣ ਨੂੰ, ਫੇਰ ਮੈ ਕੀ ਕਰੂੰ?"
"ਏਥੇ ਤਾਂ ਆਹ ਬੂਹੇ ਮੂਹਰੇ ਰੌਣਕ ਲੱਗੀ ਰਹਿੰਦੀ ਐ।" ਮੈਂ ਬਾਹਰ ਤਖ਼ਤਪੋਸ਼ 'ਤੇ ਬੈਠੇ ਬੰਦੇ ਦੇਖ ਕੇ ਕਿਹਾ।
"ਕੋਈ ਨਾ ਕੋਈ ਆਇਆ ਗਿਆ ਰਹਿੰਦੈ, ਕੁਛ ਮੇਰੇ ਕੁਛ ਜੱਗੇ ਦੇ ਦੋਸਤ ਮਿੱਤਰ। ਲੰਘਦੇ ਟੱਪਦੇ ਗਾਉਣ ਗੂਣ ਵਾਲੇ ਮੁੰਡੇ ਕੁੜੀਆਂ ਵੀ ਮਿਲ ਜਾਂਦੇ ਐ ਆਪਣੇ ਜੱਗੇ ਕਰਕੇ। ਜਦੋਂ ਮੈਂ ਬਿਮਾਰ ਸੀ, ਮਾਣਕ ਆਇਆ ਪਤਾ ਕਰਨ। ਕਹਿੰਦਾ ਚੱਲ ਬਾਪੂ ਤੈਨੂੰ ਲੁਧਿਆਣੇ ਲੈ ਕੇ ਚੱਲਦੈਂ। ਨਾਲੇ ਇਲਾਜ ਕਰਵਾਊਂ ਤੇ ਨਾਲੇ ਸੁਣਾਊਂ ਕਲੀਆਂ। ਮੈਂ ਕਿਹਾ ਨਹੀਂ ਪੁੱਤ, ਮੈਂ ਪਿੰਡ ਹੀ ਠੀਕ ਹਾਂ।"
ਬਾਪੂ ਜੀ ਦੀਆ ਸੱਚੀਆ ਗੱਲਾਂ ਦਾ ਮੈਂ ਹੁੰਗਾਰਾ ਭਰੀ ਜਾ ਰਹੀ ਸੀ।
ਹੱਸਦੇ ਖੇਡਦੇ ਬਹੁਤ ਸਾਰੀਆ ਗੱਲਾਂ ਕਰਦਿਆਂ ਕਈ ਘੰਟੇ ਕਦੋ ਬੀਤ ਗਏ, ਪਤਾ ਹੀ ਨਹੀ ਲੱਗਿਆ।
ਅਸੀ ਗੱਲਾਂ ਕਰਦੇ-ਕਰਦੇ ਵਿਹੜੇ ਦੀ ਬਾਹਰਲੀ ਬੈਠਕ ਵਿਚ ਚਲੇ ਗਏ। ਉਨ੍ਹਾਂ ਨੇ "ਜੱਗੀ ਕੁੱਸਾ" ਦੀਆ ਵੱਖ ਵੱਖ ਮਸ਼ਹੂਰ ਕਲਾਕਾਰਾਂ ਅਤੇ ਲੇਖਕਾਂ ਨਾਲ ਫੋਟੋਆਂ ਵੱਲ ਇਸ਼ਾਰਾ ਕਰਦਿਆਂ ਕਿਹਾ, "ਪੁੱਤ ਆਹ ਬੈਠੈ ਆਪਣਾ ਜੱਗਾ! ਹੁਣ ਤਾਂ ਜੱਗੀ ਕੁੱਸਾ ਬਣਿਆਂ ਫਿ਼ਰਦੈ, ਪਰ ਮੇਰਾ ਤਾਂ ਅਜੇ ਵੀ ਜੱਗਾ ਹੀ ਹੈ!" ਬਾਪੂ ਜੀ ਨੇ ਬਹੁਤ ਹੀ ਪਿਆਰ ਅਤੇ ਭਾਵਨਾਂ ਨਾਲ ਕਿਹਾ। ਬਾਪੂ ਜੀ ਦੇ ਚਿਹਰੇ ਤੋਂ ਪੁੱਤਰ-ਪ੍ਰੇਮ ਅਤੇ ਦੂਰ ਬੈਠੇ ਦੀ ਚੀਸ ਝਲਕਦੀ ਸੀ।
ਅਸੀ ਉਹਨਾ ਦਾ ਜਜ਼ਬਾਤੀ ਹੋਇਆ ਧਿਆਨ ਉਖੇੜਨ ਲਈ ਕਿਹਾ, "ਬਾਪੂ ਜੀ, ਅਸੀ ਜਾਈਏ ਹੁਣ? ਫੇਰ ਹਨ੍ਹੇਰਾ ਹੋ ਜਾਊ।"
"ਪੁੱਤ ਮੈ ਤਾ ਨਹੀ ਕਹਿੰਦਾ ਜਾਉ।" ਬਾਪੂ ਜੀ ਨੇ ਕਿਹਾ।
"ਪਰ ਬਾਪੂ ਜੀ ਤੁਸੀਂ ਰੱਖਦੇ ਵੀ ਨੀ।" ਅਸੀਂ ਬਾਪੂ ਜੀ ਨੂੰ ਮਜ਼ਾਕ ਨਾਲ ਆਖਿਆ।
"ਨਾ ਪੁੱਤ, ਮੈ ਕਦੋ ਕਿਹੈ, ਜਾਹੋ? ਆਹ ਕੁੜੀ ਆ ਜਾਂਦੀ ਐ, ਰੋਟੀ ਖਾਓ ਤੇ ਰਾਤ ਰਹੋ, ਤੁਹਾਡਾ ਆਪਣਾ ਹੀ ਘਰ ਹੈ, ਗੱਲਾਂ ਬਾਤਾਂ ਕਰਾਂਗੇ।"
"ਨਹੀ ਬਾਪੂ ਜੀ, ਜਾਣਾ ਤਾ ਪਵੇਗਾ ਹੀ, ਕੱਲ੍ਹ ਇਕ ਜਰੂਰੀ ਕੰਮ ਹੈ।"
"ਜੇ ਕੋਈ ਜ਼ਰੂਰੀ ਕੰਮ ਐ ਤਾਂ ਠੀਕ ਐ ਪੁੱਤ, ਤੇਰੀ ਮਰਜੀ ਐ, ਪਰ ਜਦੋ ਵੀ ਆਵੇਂ, ਮਿਲ ਕੇ ਜਾਇਆ ਕਰ।"
"ਇਹ ਕਹਿਣ ਵਾਲੀ ਗੱਲ ਹੈ ਬਾਪੂ ਜੀ...? ਕੁੜੀਆ ਪੇਕੀ ਦੱਸ ਕੇ ਨਹੀਂ ਆਉਦੀਆਂ। ਇਹ ਤਾਂ ਸਾਡਾ ਫ਼ਰਜ਼ ਤੇ ਤੁਹਾਡਾ ਪਿਆਰ ਹੈ ਬਾਪੂ ਜੀ ਕਿ ਅਸੀ ਆਪਣੀਆਂ ਬਜੁਰਗ ਰੂਹਾ ਦੀਆ ਅਸ਼ੀਰਵਾਦਾਂ ਲੈਣ ਲਈ ਆਈਏ।"
ਬਾਪੂ ਜੀ ਦਾ ਦਿਲ ਖੁਸ਼ ਹੋ ਗਿਆ। ਉਨ੍ਹਾਂ ਨੇ ਮੈਨੂੰ ਜੱਫੀ ਪਾ ਕੇ ਕਿਹਾ, "ਬੱਲੇ ਉਏ ਪੁੱਤ! ਆਹ ਹੋਈ ਨਾ ਗੱਲ...! ਦਿਲ ਠਾਰਤਾ..!"
"ਬਾਪੂ ਜੀ ਖੁੱਲ੍ਹ ਕੇ ਖ਼ੁਰਾਕ ਖਾ ਲਿਆ ਕਰੋ, ਅਜੇ ਤਾਂ ਆਪਾ ਕਬੀਰ ਦਾ ਵਿਆਹ ਕਰਨੈ..!" ਬਾਪੂ ਜੀ ਦੀ ਖੁਸ਼ੀ ਨੂੰ ਵੇਖ ਕੇ ਮੈ ਕਿਹਾ।
"ਪੁੱਤ ਜਿੰਨਾਂ ਮੈ ਖਾ ਜਾਨੈ, ਏਨਾਂ ਤਾ ਉਹ ਦੋਵੇ ਪਿਉ ਪੁੱਤ ਨੀ ਖਾਂਦੇ ਹੋਣੇ!" ਬਾਪੂ ਜੀ ਦਾ ਇਸ਼ਾਰਾ ਆਪਣੇ ਪੁੱਤ-ਪੋਤਰੇ ਵੱਲ ਸੀ।
"ਮੈ ਨਹੀ ਅਜੇ ਬੁੜ੍ਹਾ ਹੁੰਦਾ ਪੁੱਤ! ਦੇਖ ਲੈ ਡੰਡੇ ਵਰਗਾ ਫਿ਼ਰਦੈਂ ਕਿ ਨਹੀਂ?" ਉਹਨਾਂ ਨੇ ਫਿ਼ਰ ਆਪਣੇ ਸੁਭਾਅ ਵਾਲੀ ਬੜ੍ਹਕ ਮਾਰੀ।
"ਚਾਹੀਦਾ ਵੀ ਹੈ ਬਾਪੂ ਜੀ।"
"ਕਬੀਰ ਦੇ ਵਿਆਹ ਨੂੰ ਤੈਨੂੰ ਪਹਿਲਾ ਫੋਨ ਕਰੂੰ ਸ਼ੇਰਾ!" ਬਾਪੂ ਜੀ ਖ਼ੁਸ਼ੀ ਵਿਚ ਗੜੁੱਚ ਹੋਏ ਖੜ੍ਹੇ ਸਨ।
"ਬਾਪੂ ਜੀ, ਜੇ ਭਰਾ-ਭਰਜਾਈ (ਕਬੀਰ ਦੇ ਮੰਮੀ-ਡੈਡੀ) ਨੇ ਨਾ ਸੱਦਿਆ, ਫ਼ੇਰ?"
"ਫੇਰ ਮੈ ਕਾਹਦੇ ਵਾਸਤੇ ਬੈਠੈਂ? ਆਪੇ ਤੇਰੇ ਘਰੇ ਫੋਨ ਖੜਕਾਊਂ, ਨਾਲੇ ਉਹਨਾਂ ਨੂੰ ਖੂੰਡਾ ਦਿਖਾਊਂ, ਅਜੇ ਤੇਰਾ ਪਿਉ ਬੈਠੈ ਭਾਈ!"
"ਮੇਰਾ ਫੋਨ ਬਹੁਤ ਮਹਿੰਗੈ ਬਾਪੂ ਜੀ, ਤੁਹਾਡੇ ਬਹੁਤ ਪੈਸੇ ਲੱਗ ਜਾਣੇ ਐ!"
"ਜਦੋ ਫੋਨ ਕਰਨਾ ਈ ਐ, ਫੇਰ ਪੈਸਿਆ ਦਾ ਕੀ ਫਿ਼ਕਰ ਪੁੱਤ ਮੇਰਿਆ? ਥੋੜੇ ਕੀ ਬਾਹਲੇ ਕੀ? ਮੇਰੇ ਕੋਲੇ ਤਾਂ ਬਾਹਰਲੇ ਡਰਾਫਟ ਆ ਜਾਂਦੇ ਐ, ਮੇਰੇ 'ਕੱਲੇ ਤੋ ਖਾਧੇ ਨੀ ਮੁਕਦੇ ਧੀਏ!" ਬਾਪੂ ਜੀ ਕੋਲ ਚੰਗੀ ਜ਼ਮੀਨ ਜਾਇਦਾਦ ਤੋਂ ਇਲਾਵਾ ਆਸਟਰੀਆ ਤੋਂ ਹਰ ਮਹੀਨੇ ਪੈਨਸ਼ਨ ਵੀ ਆ ਜਾਂਦੀ ਸੀ।
"ਮਹੀਨਾ ਤਾਂ ਕੱਲ੍ਹ ਵਾਂਗੂੰ ਆ ਜਾਂਦੈ, ਨਾਲੇ ਪੁੱਤ ਕਿਹੜਾ ਕਿਸੇ ਨੇ ਪੈਸੇ ਨਾਲ ਲੈ ਕੇ ਜਾਣੇ ਐਂ? ਏਥੇ ਈ ਛੱਡ ਜਾਣੇ ਐ।" ਬਾਪੂ ਜੀ ਆਪਣੇ ਵਾਅਦੇ ਦੀ ਗਰੰਟੀ ਦੇ ਕੇ, ਹੁਣ ਹਾਸੇ ਵਜੋਂ ਮੇਰੇ 'ਤੇ ਸਵਾਲ ਕਰਨ ਲੱਗ ਪਏ।
"ਪੁੱਤ ਜੇ ਤੇਰੇ ਸਹੁਰਿਆ ਨੇ ਨਾ ਆਉਣ ਦਿੱਤਾ?" ਬਾਪੂ ਜੀ ਮਜ਼ਾਕ ਨਾਲ ਧੀ ਦਾ ਪਿਆਰ ਫ਼ਰੋਲਣ ਲੱਗ ਪਏ।
"ਸਹੁਰੇ ਆਪਣੇ ਥਾਂ, ਬਾਪੂ ਜੀ ਤੁਸੀ ਆਪਣੇ ਥਾਂ! ਮੇਰੇ ਸਹੁਰੇ ਮੈਨੂੰ ਕੁਛ ਨਹੀਂ ਆਖਦੇ।" ਮੈ ਕਿਹਾ।
"ਪੁੱਤ ਫੇਰ ਤੇਰੇ ਨਾਲ ਲੜਨਗੇ।" ਬਾਪੂ ਜੀ ਹੱਸੀ ਜਾ ਰਹੇ ਸਨ।
"ਤੁਹਾਡੇ ਹੁੰਦਿਆ ਮੇਰੇ ਨਾਲ ਕੌਣ ਲੜੂ ਬਾਪੂ ਜੀ? ਉਹ ਤੁਹਾਡੇ ਤੋ ਤਕੜੇ ਤਾਂ ਨਹੀ ਹੋ ਸਕਦੇ?"
ਬਾਪੂ ਜੀ ਦਾ ਖੁਸੀ ਤੇ ਹੌਸਲੇ ਨਾਲ ਸੀਨਾ ਚੌੜਾ ਹੋ ਗਿਆ।
"ਜਿਉਦੀ ਵਸਦੀ ਰਹਿ ਪੁੱਤ! ਮੈਂ ਤਾਂ ਤੇਰੇ ਨਾਲ ਹਾਸਾ ਮਜ਼ਾਕ ਹੀ ਕਰਦੈਂ! ਏਸੇ ਤਰ੍ਹਾ ਹੱਸਦੇ ਖੇਡਦੇ ਆਇਆ ਕਰੋ ਤੇ ਹੱਦੇ ਖੇਡਦੇ ਹੀ ਜਾਇਆ ਕਰੋ! ਪੁੱਤ ਤੂੰ ਤਾ ਮੇਰਾ ਦਿਲ ਹਲਕਾ ਕਰ ਦਿੱਤਾ ਉਏ!" ਬਾਪੂ ਜੀ ਹੱਸ ਪਏ। ਜਿਵੇਂ ਉਨ੍ਹਾਂ ਨੂੰ ਆਪਣੀ ਧੀ ਤੇ ਮਾਣ ਹੋ ਗਿਆ ਸੀ।
ਗੱਲਾਂ ਬਾਤਾਂ ਕਰਦੇ, ਇਜਾਜ਼ਤ ਮੰਗ ਕੇ ਤੁਰਨ ਲੱਗੇ ਤਾਂ ਬਾਪੂ ਜੀ ਨੂੰ ਘੁੱਟ ਕੇ ਜੱਫੀ ਪਾ ਕੇ ਕਿਹਾ, "ਬਾਪੂ ਜੀ ਮੈਂ ਜਾ ਕੇ ਫ਼ੋਨ ਕਰੂੰਗੀ।"
ਬੜੇ ਮੋਹ ਅਤੇ ਸਨੇਹ ਨਾਲ ਬਾਪੂ ਜੀ ਨੇ ਸਿਰ ਪਲੋਸਿਆ। ਢੇਰ ਸਾਰੀਆ ਅਸੀਸਾਂ ਝੋਲੀ ਵਿਚ ਪੁਆ ਕੇ ਅਸੀਂ ਗੱਡੀ ਵਿਚ ਬੈਠ ਗਏ।
ਬਾਪੂ ਜੀ ਸੋਟੀ ਦੇ ਉਪਰ ਆਪਣਾ ਪੂਰਾ ਭਾਰ ਦੇ ਕੇ, ਸਾਨੂੰ ਹੱਥ ਹਿਲਾਉਦੇ ਰਹੇ। ਨਾਲ ਹੀ ਗੱਡੀ ਦੇ ਮੋੜ ਕੱਟ ਲੈਣ 'ਤੇ ਬਾਪੂ ਜੀ ਮੇਰੀਆ ਅੱਖਾਂ ਤੋ ਉਹਲੇ ਹੋ ਗਏ। ਕੀ ਪਤਾ ਸੀ ਕਿ ਬਾਪੂ ਜੀ ਨਾਲ ਸਾਡੀ ਇਹ 'ਆਖਰੀ' ਮਿਲਣੀ ਸੀ?
ਉਹਨਾਂ ਦੇ ਪਿਆਰ ਨੂੰ ਲੈ ਕੇ ਅਸੀ ਉਨਾਂ ਨੂੰ ਏਥੇ ਆ ਕੇ ਵੀ ਫੋਨ ਕਰਦੇ ਰਹੇ।
ਬਾਪੂ ਜੀ ਜਦੋ ਬੋਲਦੇ ਏਹੀ ਕਹਿੰਦੇ, "ਹਾ ਪੁੱਤ ਉਏ...! ਕੀ ਹਾਲ ਐ...?"
ਉਹਨਾਂ ਦੇ ਸੰਸਾਰ ਨੂੰ ਛੱਡ ਜਾਣ ਤੋ ਤਿੰਨ ਕੁ ਹਫਤੇ ਪਹਿਲਾ ਮੇਰੀ ਗੱਲ ਹੋਈ। ਮੈ ਕਿਹਾ, "ਬਾਪੂ ਜੀ ਆਪਣਾ ਖਿਆਲ ਰੱਖਿਆ ਕਰੋ!" ਉਹ ਪੂਰੀ ਚੜ੍ਹਦੀ ਕਲਾ ਵਿਚ ਬੋਲੇ, "ਪੁੱਤ ਹੁਣ ਤਾ ਠੰਢ ਲੰਘ ਗਈ, ਹੁਣ ਨਹੀ ਮੈਨੂੰ ਕੁਛ ਹੁੰਦਾ, ਤੂੰ ਮੇਰਾ ਬਹੁਤਾ ਨਾ ਫਿਕਰ ਕਰਿਆ ਕਰ!"
ਉਨ੍ਹਾਂ ਦੀਆ ਚੜ੍ਹਦੀ ਕਲਾ ਅਤੇ ਹੌਸਲੇ ਵਾਲੀਆ ਗੱਲਾ ਸੁਣ ਕੇ ਮੇਰਾ ਵੀ ਦਿਲ ਹੌਂਸਲੇ ਅਤੇ ਉਤਸ਼ਾਹ ਵਿਚ ਆ ਜਾਂਦਾ।
ਪਰ ਜਦ ਅਚਾਨਕ ਖ਼ਬਰ ਮਿਲੀ ਕਿ ਬਾਪੂ ਜੀ ਨਹੀ ਰਹੇ, ਤਾਂ ਦਿਲ ਨੂੰ ਧੱਕਾ ਜਿਹਾ ਲੱਗਿਆ। ਯਕੀਨ ਨਹੀ ਸੀ ਹੋ ਰਿਹਾ ਕਿਉਕਿ ਉਹ ਤਾਂ ਬਿਲਕੁਲ ਤੰਦਰੁਸਤ ਸਨ।
ਇਸੇ ਦੁੱਖ ਵਿਚ ਦਿਲ ਕਦੇ-ਕਦੇ ਆਪ ਮੁਹਾਰੇ ਹੀ ਬੋਲ ਪੈਦਾ ਹੈ ਕਿ ਬਾਪੂ ਜੀ ਤੁਸੀ ਆਪਣੀ ਧੀ ਨਾਲ 'ਫੇਰ ਮਿਲਣ' ਦਾ ਵਾਅਦਾ ਕਰ ਕੇ ਚਲੇ ਗਏ, ਕਿਉ ਕੀਤਾ ਤੁਸੀ ਮੇਰੇ ਨਾਲ ਇਹ ਝੂਠਾ ਵਾਅਦਾ? ਕਿਉਂ ਨਹੀਂ ਦੱਸਿਆ ਆਪਣੀ ਮੂੰਹ ਬੋਲੀ ਧੀ ਨੂੰ ਜਾਣ ਲੱਗਿਆਂ? ਮੇਰਾ ਇਹ ਗਿ਼ਲਾ ਬਾਪੂ ਜੀ ਨਾਲ ਹਮੇਸ਼ਾ ਰਹੇਗਾ!
ਬਾਪੂ ਜੀ ਨੂੰ ਇਸ ਸੰਸਾਰ ਨੂੰ 'ਅਲਵਿਦਾ' ਕਹੇ ਇਕ ਸਾਲ ਗੁਜਰ ਗਿਆ। ਪਰ ਉਨਾਂ ਦੀਆ ਮੁਲਾਕਾਤਾਂ, ਚੜ੍ਹਦੀ ਕਲਾਂ ਵਾਲੀਆ ਗੱਲਾਂ, ਬੁਲੰਦ ਹੌਸਲੇ ਹਮੇਸ਼ਾ ਹੀ ਸਾਡੇ ਆਸ ਪਾਸ ਉਨਾਂ ਦੀਆਂ ਯਾਦਾਂ ਬਣਕੇ ਰਹਿਣਗੇ। ਬਾਪੂ ਜੀ ਵਰਗੀਆ ਪਾਕ ਰੂਹਾਂ ਦਾ ਸਬੱਬ ਨਾਲ ਮੇਲ ਹੁੰਦਾ ਹੈ। ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੀ ਹਾਂ ਕਿ ਮੈ ਬਾਪੂ ਜੀ ਨਾਲ ਖੁੱਲ੍ਹਾ ਸਮਾਂ ਬਿਤਾਇਆ, ਜੋ ਮੇਰੀ ਜਿੰਦਗੀ ਦੀ ਇਕ ਅਭੁੱਲ ਯਾਦ ਅਤੇ ਮੇਰੇ ਲਈ ਕਈ ਪੱਖਾਂ ਤੋਂ ਪ੍ਰੇਰਨਾਂ ਸਰੋਤ ਹੈ। ਰੱਬ ਬਾਪੂ ਜੀ ਦੀ ਆਤਮਾਂ ਨੂੰ ਸ਼ਾਂਤੀ ਬਖ਼ਸ਼ੇ!

No comments: