ਘਰਾਂ ਵਿਚੋਂ ਬੁਝਾ ਦੀਵੇ........... ਗ਼ਜ਼ਲ / ਪ੍ਰੋ. ਸੁਰਜੀਤ ਜੱਜ

ਘਰਾਂ ਵਿਚੋਂ ਬੁਝਾ ਦੀਵੇ, ਜ਼ਰਾ ਚਾਨਣ ਦੀ ਗੱਲ ਕਰੀਏ
ਚਲੋ, ਕੁਝ ਤਾਂ ਸਲੀਕਾ ਵਕਤ ਦਾ ਸਿੱਖਣ ਦੀ ਗੱਲ ਕਰੀਏ

ਪਤਾ ਹੈ ਏਸ ਵਿੱਚੋਂ ਰੇਤ ਕਿਰ ਜਾਣੀ ਹੈ, ਪਰ ਫਿਰ ਵੀ
ਸਮੇਂ ਦੀ ਮੰਗ ਹੈ, ਮੁੱਠੀ ਜ਼ਰਾ ਘੁੱਟਣ ਦੀ ਗੱਲ ਕਰੀਏ

ਅਸੀਂ ਉਸ ਨੂੰ ਪੁਚ੍ਹਾਇਆ ਹੀ ਨਹੀਂ ਸੀ ਖ਼ੁਦਕਸ਼ੀ ਤੀਕਰ

ਕਿਵੇਂ ਉਹ ਮਰ ਗਿਆ ਫਿਰ, ਭੇਦ ਇਹ ਲੱਭਣ ਦੀ ਗੱਲ ਕਰੀਏ

ਚਲੋ ਮੰਨਿਆਂ ਅਸੀਂ ਜੂਹਾਂ ਚਿ ਸਾੜੇ ਨੇ ਬ੍ਰਿਖ ਹੱਥੀਂ
ਭਲਾ ਕੀ ਹਰਜ ਹੈ ਇਹਦੇ 'ਚ, ਜੇ ਮੌਲਣ ਦੀ ਗੱਲ ਕਰੀਏ

ਕਿਤੇ ਨਾ ਸੂਲੀ਼ ਹੈ, ਨਾ ਕਿਧਰੇ ਪਿਆਲਾ ਜ਼ਹਿਰ ਦਾ, ਫਿਰ ਵੀ
ਮਸੀਹਾ ਉਹ ਕਿਵੇਂ ਬਣਿਆ, ਚਲੋ ਜਾਨਣ ਦੀ ਗੱਲ ਕਰੀਏ

ਘਰਾਂ ਵਿਚ ਜਗਣ ਦਾ ਏਥੇ, ਸਲੀਕਾ ਹੈ ਬੜਾ ਮੁਸ਼ਕਿਲ
ਹਵਾ ਸੰਗ ਲੁਕਣਮੀਟੀ ਹੀ ਅਜੇ ਖੇਡਣ ਦੀ ਗੱਲ ਕਰੀਏ

ਅਸਾਡੀ ਪੈੜ ਮਕਤਲ 'ਚੋਂ, ਸਿੰਘਾਸਨ ਵੱਲ ਮੁੜਦੀ ਹੈ
ਘਰੀਂ ਪਹੁੰਚਣ ਤੋਂ ਪਹਿਲਾਂ ਏਸ ਨੂੰ, ਮੇਟਣ ਦੀ ਗੱਲ ਕਰੀਏ

ਚਲੋ 'ਸੁਰਜੀਤ' ਹੋ ਲਈਏ, ਚਿਰਗਾਂ ਵਾਂਗ ਆਪਾਂ ਵੀ
ਬਝਾਰਤ ਬਣਨ ਦੀ ਥਾਂ 'ਤੇ ਚਲੋ ਬੁੱਝਣ ਦੀ ਗੱਲ ਕਰੀਏ


No comments: