ਗਣਤੰਤਰ ਦੇ 58 ਵਰ੍ਹੇ.......... ਨਜ਼ਮ/ਕਵਿਤਾ / ਰਿਸ਼ੀ ਗੁਲਾਟੀ

ਗਣਤੰਤਰ ਦੇ 58 ਵਰ੍ਹੇ
ਮੁੱਠੀ ‘ਚੋਂ ਰੇਤ ਵਾਂਗ ਕਿਰੇ
ਕਾਨੂੰਨ ਅਨੁਸਾਰ
58 ਵਾਲਾ ਕਾਬਲ ਨਹੀਂ ਰਹਿੰਦਾ
ਸੰਵਿਧਾਨ ਖੁਦ 58 ਦਾ ਹੋ ਗਿਆ
ਵੇਖਦੇ ਹਾਂ, ਹੁਣ ਕੋਈ ਕੀ ਕਹਿੰਦਾ ?
58 ਵਰ੍ਹੇ, ਇੱਕ ਲੰਮਾ ਸਫ਼ਰ

ਗੱਡੇ ਤੋਂ ਗੱਡੀ ਦਾ
ਪਜਾਮੇ ਤੋਂ ਕੈਪਰੀ ਦਾ
ਦਸਤਾਰ ਤੋਂ ਟੋਪੀ ਦਾ
ਧਰਤੀ ਤੋਂ ਖਲਾਅ ਦਾ
ਇਸ ਸਫ਼ਰ ‘ਚ ਕਈ ਸਟੇਸ਼ਨ
ਚੰਦਰਾ ਸਟੇਸ਼ਨ ’84 ਦਾ
ਰੋਂਦਾ ਅੱਜ ਵੀ ਮੇਰਾ ਦਿਲ
ਸੁੰਞੀ ਗੋਦ ਤੇ ਸੁੰਞੀ ਮਾਂਗ
ਬੁੱਢੀ ਅੱਖ ‘ਚ ਰਹਿੰਦੀ ਸਿੱਲ੍ਹ
ਧਰਮ ਦੇ ਨਾਂ ਤੇ ਦੰਗੇ
ਗੋਧਰਾ ਤੇ ਬਾਬਰੀ
ਕਿੰਨਾ ਕੁ ਖੂਨ ਹੋਰ ਮੰਗੇ
ਮੌਕਾਪ੍ਰਸਤ ਲੋਕ
ਧਰਮ ਦੇ ਨਾਂ ਤੇ ਵੋਟ
ਭੜਕਾਉਂਦੇ
ਭਰਾ ਨਾਲ ਭਰਾ ਲੜਾਉਂਦੇ
ਭੜਕਾਇਆ
ਕੁਰਸੀ ਨੂੰ ਪਾਇਆ
ਜਨਤਾ ਨੇ ਮੌਤ ਨੂੰ ਗਲ ਲਾਇਆ
ਹਰ ਦੁੱਖ ਜਨਤਾ ਨੇ ਸਹਿਣਾ
ਰਾਮ ਹੋਵੇ ਜਾਂ ਰਹੀਮ ਹੋਵੇ
ਆਮ ਜਨਤਾ ਨੇ ਕੀ ਲੈਣਾ ?
58 ਵਰ੍ਹੇ
ਬੇਕਾਰੀ ਦੇ, ਬੇਰੋਜ਼ਗਾਰੀ ਦੇ
ਵਧਦੀਆਂ ਲੁੱਟਾਂ, ਚੋਰੀ ਚਕਾਰੀ ਦੇ
ਦਹੇਜ ਦੀਆਂ ਲਪਟਾਂ
ਢੋਂਗੀ ਬਾਬਿਆਂ ਦੀ ਸਰਦਾਰੀ ਦੇ
ਅਨਪੜ੍ਹਤਾ ਤੇ ਮਕਾਰੀ ਦੇ
ਭ੍ਰਿਸ਼ਟਾਚਾਰੀ ਤੇ
ਬੇ-ਲਗਾਮ ਠਾਣੇਦਾਰੀ ਦੇ
ਲਿੰਗ ਅਨੁਪਾਤ ਦਾ ਵਧਦਾ ਪਾੜਾ
ਦੂਜੇ ਦੀ ਤਰੱਕੀ ‘ਤੇ ਸਾੜਾ
ਘਟੀਆ ਰਾਜਨੀਤੀ
ਉਹ ਤਾਂ ਗਿਆ
ਜਿਸਨੇ ਮੁਖਾਲਫ਼ਤ ਕੀਤੀ
ਸਾਨੂੰ ਸੁਚੇਤ ਹੋਣਾ ਪੈਣਾ
ਭਗਤ ਤੇ ਊਧਮ ਸਰਦਾਰ
ਸਾਨੂੰ ਹੈ ਬਣਨਾ ਪੈਣਾ
ਗਿਆ ਜ਼ਮਾਨਾ ਗਾਂਧੀ ਦਾ
ਹੱਕਾਂ ਲਈ ਲੜਨਾ ਪੈਣਾ
ਰਿਸ਼ਵਤਖੋਰੀ ਜੜ੍ਹਾਂ ‘ਚ ਭਾਰਤ ਦੇ
ਇਸ ਨੂੰ ਜੜ੍ਹੋਂ ਹੀ ਵੱਢਣਾ ਪੈਣਾ
ਕਿਉਂ ਨਹੀਂ ਚਿੰਤਾ
ਗਲੋਬਲ ਵਾਰਮਿੰਗ ਦੀ
ਘਟਦੇ ਕੁਦਰਤੀ ਸੋਮਿਆਂ ਦੀ
ਸਮਝਦੇ ਨਹੀਂ ਇਸ਼ਾਰਾ ਕੁਦਰਤ ਦਾ
ਹਰ ਸਾਲ ਵਧਦੀ ਗਰਮੀ, ਸਰਦੀ ਦਾ
ਬੱਸ ਰੇਹਾਂ ਸਪਰੇਆਂ ਸੁੱਟੀ ਜਾਂਦੇ ਹਾਂ
ਧਰਤੀ ਮਾਂ ਦੀ ਕੋਖ ਲੁੱਟੀ ਜਾਂਦੇ ਹਾਂ
ਨਵੇਂ ਰੁੱਖ ਤਾਂ ਲਗਾਉਣੇ ਕੀ
ਪੁਰਾਣੇ ਵੱਢ-ਵੱਢ ਸੁੱਟੀ ਜਾਂਦੇ ਹਾਂ
ਕਿਰਤ ਕਰੋ ਤੇ ਵੰਡ ਛਕੋ
ਹਾਏ ਮੇਰੇ ਮੌਲਾ
ਕਿਰਤ ਕਰਨ ਵਾਲੇ ਹੋਰ
ਛਕਣ ਵਾਲੇ ਹੋਰ
ਕਰਮਾਂ ਦੀ ਖੇਡ ਸਮਝ
ਸੁੱਤਾ ਪਿਆ ਕਿਰਤੀ
ਅੰਧ ਵਿਸ਼ਵਾਸ
ਬਾਬਿਆਂ ਨਾਲ ਬਿਰਤੀ
ਜਾਗ ਕਿਰਤੀ ਜਾਗ
ਜੇਕਰ ਤੂੰ ਸੁੱਤਾ ਰਿਹਾ
ਤੇਰੇ ਸੁੱਤੇ ਰਹਿਣਗੇ ਭਾਗ
ਆਓ ਸਾਥੀਓ ਆਓ
ਹੱਥ ਨਾਲ਼ ਹੱਥ ਮਿਲਾਓ
ਮੌਜੂਦਾ ਸਮੱਸਿਆਵਾਂ ਨੂੰ
ਰਲ ਕੇ ਸੁਲਝਾਓ
ਤਰੱਕੀ ਕਿਵੇਂ ਨਾਂ ਹੋਵੇਗੀ
ਜੇ ਹਿੰਮਤ ਕਰੇ ਇਨਸਾਨ
ਹਰ ਚਿਹਰਾ ਜੇਕਰ ਟਹਿਕੇਗਾ
ਤਾਂ ਹੋਵੇਗਾ ਮੇਰਾ ਭਾਰਤ ਮਹਾਨ
****

No comments: