ਹਾਸੇ –ਮਜ਼ਾਕ ਦਾ ਦਿਨ ਪਹਿਲੀ ਅਪ੍ਰੈਲ........ ਲੇਖ / ਰਣਜੀਤ ਸਿੰਘ ਪ੍ਰੀਤ

ਇਤਿਹਾਸ ਵਿੱਚ ਪਹਿਲੀ ਅਪ੍ਰੈਲ ਦਾ ਦਿਨ ਹਾਸਿਆਂ-ਮਖੌਲਾਂ-ਮਸ਼ਕਰੀਆਂ-ਹੱਸਣ ਮਾਨਣ ਦਾ ਦਿਨ ਹੁੰਦਾ ਹੈ। ਅੱਜ ਦੇ ਬਹੁਤ ਹੀ ਮਸ਼ਰੂਫ਼ੀਅਤ ਭਰੇ ਮਾਹੌਲ ਵਿੱਚ ਉੱਚੀ ਉੱਚੀ ਹੱਸਣ ਦਾ ਰਿਵਾਜ ਵੀ ਇਤਿਹਾਸ ਬਣਨ ਕਿਨਾਰੇ ਪਹੁੰਚ ਚੁੱਕਿਆ ਹੈ। ਕਿਓਂਕਿ ਨਾ ਤਾਂ ਸਹਿਣਸ਼ੀਲਤਾ ਹੀ ਰਹੀ ਹੈ ਅਤੇ ਨਾ ਹੀ ਮਜ਼ਬੂਤ ਰਿਸ਼ਤੇ-ਸਾਂਝਾਂ। ਪਰ ਇਸ ਦਿਨ ਕਿਧਰੇ ਕਿਧਰੇ ਮੁਸਕਰਾਹਟ ਦੀ ਥਾਂ ਹਾਸਿਆਂ ਦੀਆਂ ਫੁਲਝੜੀਆਂ ਚਲਦੀਆਂ ਜ਼ਰੂਰ ਵੇਖੀਆਂ ਜਾ ਸਕਦੀਆਂ ਹਨ ਅਤੇ ਕਈ ਵਾਰ ਲੜਾਈਆਂ ਵੀ।

ਇਸ ਦਿਨ ਨੂੰ ਮੂਰਖਾਂ ਦੇ ਦਿਨ ਵਜੋਂ ਕਿਓਂ ਅਤੇ ਕਦੋਂ ਤੋਂ ਮਨਾਇਆ ਜਾਣਾ ਸ਼ੁਰੂ ਹੋਇਆ ਹੈ, ਇਸ ਬਾਰੇ ਵੀ ਬਹੁ-ਗਿਣਤੀ ਨੂੰ ਪਤਾ ਨਹੀਂ ਹੈ। ਇਹ ਦਿਨ ਸਭ ਤੋਂ ਪਹਿਲਾਂ 16 ਵੀਂ ਸਦੀ ਵਿੱਚ ਫਰਾਂਸ ਵਿਖੇ ਮਨਾਇਆ ਗਿਆ। ਇਹ ਵੀ ਮਤ ਹੈ ਕਿ ਰੋਮਨਜ਼ ਅਤੇ ਹਿੰਦੂਜ਼ 20 ਜਾਂ 21 ਮਾਰਚ ਨੂੰ ਅਤੇ ਯੂਰਪ ਵਿੱਚ 25 ਮਾਰਚ ਨੂੰ ਨਵਾਂ ਸਾਲ ਮਨਾਉਂਦੇ ਸਨ। ਪਰ ਪੌਪ ਗਰੇਗੋਰੀ-13 ਨੇ ਆਪਣੇ ਹੀ ਨਾਂਅ ਤੇ ਨਵਾਂ ਕੈਲੰਡਰ ਗਰੇਗੋਰੀਅਨਲਾਗੂ ਕਰਦਿਆਂ ਪਹਿਲੀ ਅਪ੍ਰੈਲ 1582 ਨੂੰ ਨਵੇਂ ਸਾਲ ਦੀ ਸ਼ੁਰੂਆਤ ਅਪ੍ਰੈਲ ਦੀ ਬਜਾਏ ਪਹਿਲੀ ਜਨਵਰੀ ਤੋਂ ਕਰਨ ਦਾ ਐਲਾਨ ਤਾਂ ਕਰ ਦਿੱਤਾ। ਪਰ ਬਹੁਤ ਲੋਕ ਅਜਿਹੇ ਸਨ ,ਜਿੰਨ੍ਹਾ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਮਿਲੀ। ਸਿੱਟੇ ਵਜੋਂ ਉਹ ਨਵੇਂ ਸਾਲ ਦੀ ਆਮਦ ਦੇ ਜਸ਼ਨ ਪਹਿਲੀ ਅਪ੍ਰੈਲ ਨੂੰ ਹੀ ਮਨਾਉਂਦੇ ਰਹੇ। ਦੂਜੇ ਲੋਕ ਉਹਨਾਂ ਦੀ ਇਸ ਹਰਕਤ ਨੂੰ ਬੇਵਕੂਫ਼ੀ ਕਹਿੰਦੇ ਮਖ਼ੌਲ ਕਰਨ ਲੱਗੇ,ਅਤੇ ਇਹ ਦਿਨ ਹਰ ਸਾਲ ਪਹਿਲੀ ਅਪ੍ਰੈਲ ਨੂੰ ਮਨਾਉਣ ਦੀ ਵਜ੍ਹਾ ਕਰਕੇ ਐਪਰਲ ਫੂਲਜ਼ ਡੇਅਵਜੋਂ ਮਨਾਇਆ ਜਾਣ ਲੱਗਿਆ। 

ਈਸਾ ਪੂਰਵ 46 ਵਿੱਚ ਜੂਲੀਅਸ ਸੀਜ਼ਰ ਨੇ ਜੂਲੀਅਨ ਕੈਲੰਡਰਨੂੰ ਲਾਗੂ ਕਰਨ ਦੇ ਯਤਨ ਕੀਤੇ। ਕਿਓਂਕਿ ਯੂਰਪ ਵਿੱਚ ਇਸਾਈ ਲੋਕ ਬਹੁ-ਗਿਣਤੀ ਵਿੱਚ ਸਨ ਅਤੇ ਉਹ ਚਾਹੁੰਦੇ ਸਨ ਕਿ ਸਾਲ ਦੀ ਸ਼ੁਰੂਆਤ ਕ੍ਰਿਸਮਿਸ ਜਾਂ ਈਸਟਰ ਨਾਲ ਜੋੜਕੇ ਕੀਤੀ ਜਾਵੇ। ਇੰਗਲੈਂਡ ਨੇ ਜਦ ਪਹਿਲੀ ਜਨਵਰੀ 1752 ਨੂੰ ਇਹ ਕੈਲੰਡਰ ਲਾਗੂ ਕੀਤਾ,ਤਾਂ ਉਦੋਂ ਤੱਕ ਉਥੇ ਐਪਰਲ ਫੂਲਜ਼ ਡੇਅਮਨਾਉਣਾ ਸ਼ੁਰੂ ਹੋ ਚੁੱਕਿਆ ਸੀ।।

ਫਰਾਂਸ ਵਿੱਚ ਸਕੂਲੀ ਬੱਚੇ ਇਸ ਦਿਨ ਆਪਣੇ ਹਮ-ਜਮਾਤੀਆਂ ਦੀ ਢੂਈ ਵੱਲ ਕਮੀਜ਼ ਉੱਤੇ ਫ਼ਿਸ਼ ਦਾ ਸਟਿੱਕਰ ਚਿਪਕਾਇਆ ਕਰਦੇ ਸਨ ਅਤੇ ਇਸ ਨੂੰ ਪੋਇਜ਼ਨ ਦ ਐਵਰਿਲਜਾਂ ਐਪਰਲ ਫਿਸ਼ਕਹਿਕੇ ਟਿੱਚਰਾਂ ਕਰਨੋ ਨਹੀਂ ਸਨ ਭੁੱਲਿਆ ਕਰਦੇ। ਇੰਗਲੈਡ ਵਿੱਚ ਇਹ ਦਿਨ ਪਹਿਲੀ ਅਪ੍ਰੈਲ ਦੀ ਸਵੇਰ ਨੂੰ ਮਨਾਇਆ ਜਾਂਦਾ ਹੈ, ਇਸ ਨੂੰ ਨੂਡਲਅਤੇ ਸਕਾਟਲੈਂਡ ਵਿੱਚ ਐਪਰਿਲ ਗੌਵਕ” (ਟੈਲੀ ਡੇਅਜ਼) ਕਹਿੰਦੇ ਹਨ। ਪੁਰਤਗਾਲ ਵਿੱਚ ਇਹ ਦਿਨ ਐਤਵਾਰ ਅਤੇ ਸੋਮਵਾਰ ਨੂੰ ਦੋ ਦਿਨਾਂ ਲਈ ਮਨਾਇਆ ਜਾਂਦਾ ਹੈ।। ਉਹ ਆਪਣੇ ਮਿੱਤਰਾਂ ਨੂੰ ਫ਼ਰਸ਼ ਤੇ ਡੇਗ ਕੇ ਮਖ਼ੌਲ ਉਡਾਉਂਦੇ ਹਨ ਅਤੇ ਰੋਮ ਵਿੱਚ ਰੋਮਨ ਲਾਫ਼ਿੰਗ ਡੇਅਪ੍ਰਚੱਲਤ ਹੈ। ਭਾਰਤ ਵਿੱਚ ਇਸ ਨੂੰ ਮਾਰਚ ਮਹੀਨੇ ਮਨਾਏ ਜਾਣ ਵਾਲੇ ਹੋਲੀ ਦੇ ਤਿਓਹਾਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਜਦ  ਦਿਓਰ ਆਪਣੀਆਂ ਭਰਜਾਈਆਂ ਜਾਂ ਮਿੱਤਰ ਪਿਆਰੇ ਇੱਕ ਦੂਜੇ ਉੱਤੇ ਰੰਗ ਪਾ ਕੇ ਅਤੇ ਉਸ ਦੇ ਬਿਗੜੇ ਹੁਲੀਏ ਨੂੰ ਵੇਖਕੇ ਹੱਸਿਆ ਕਰਦੇ ਹਨ। ਕੁਝ ਲੋਕਾਂ ਦਾ ਖ਼ਿਆਲ ਹੈ ਕਿ ਇਹ ਦਿਨ ਭਾਰਤ ਵਿੱਚ ਅੰਗਰੇਜ਼ਾਂ ਦੀ ਆਮਦ ਨਾਲ ਸ਼ੁਰੂ ਹੋਇਆ ਹੈ।

ਪਹਿਲੀ ਅਪ੍ਰੈਲ ਦੇ ਦਿਨ ਯੂਰਪ ਵਿੱਚ ਹਰ ਘਰ ਦੇ ਨੌਕਰ ਅਤੇ ਮਾਲਕ ਆਪਣੇ ਕੰਮ ਦਾ ਵਿਟਾਂਦਰਾ ਕਰ ਲਿਆ ਕਰਦੇ ਸਨ। ਮਾਲਕ ਵਾਲੀ ਕੁਰਸੀ ਤੇ ਮਾਲਕ ਵਾਲਾ ਪਹਿਰਾਵਾ ਪਹਿਨ ਨਵਾਬੀ  ਠਾਠ ਨਾਲ ਨੌਕਰ ਬੈਠਿਆ ਕਰਦਾ ਸੀ ਅਤੇ ਉਸਦੀ ਸੇਵਾ ਲਈ ਘਰ ਦਾ ਮਾਲਕ ਜੀ ਸਾਹਿਬ ਹੁਕਮ ਕਰੋਵਰਗੀ ਮੁਦਰਾ ਵਿੱਚ ਮਯੂਸਤਾ ਮਹਿਸੂਸ ਕਰਦਾ ਨੌਕਰ ਦੇ ਕਪੜੇ ਪਹਿਨ ਖੜੋਇਆ ਕਰਦਾ ਸੀ। ਇਹ ਵੇਖ ਸਾਰੇ ਹੱਸਿਆ ਅਤੇ ਮਖ਼ੌਲਾਂ ਕਰਿਆ ਕਰਦੇ ਸਨ। ਮਾਲਕ ਨੂੰ ਆਪਣੀਆਂ ਵਧੀਕੀਆਂ ਦਾ ਵੀ ਅਹਿਸਾਸ ਹੋ ਜਾਇਆ ਕਰਦਾ ਸੀ। ਨੌਕਰ ਲਈ ਆਪਣੀ ਯੋਗਤਾ ਅਤੇ ਕਾਰਜਸੈਲੀ ਦਿਖਾਉਂਣ ਦਾ ਵੀ ਮੌਕਾ ਹੁੰਦਾ ਸੀ।

ਯੂਰਪ ਤੋਂ ਉਲਟ ਫਰਾਂਸ ਵਿੱਚ ਰਾਜਾ, ਆਮ ਲੋਕ, ਅਮੀਰ-ਵਜ਼ੀਰ ਅਤੇ ਰਾਜਗੁਰੂ ਮਿਲਕੇ ਇੱਕ ਸਮਾਗਮ ਕਰਿਆ ਕਰਦੇ ਸਨ। ਜਿਸ ਦਾ ਨਾਅ ਗਧਾ ਸੰਮੇਲਨਸੀ, ਕਿਓਂਕਿ ਸਾਰੇ ਲੋਕ ਗਧੇ ਦਾ ਮਖ਼ੌਟਾ ਪਹਿਨ ਕੇ ਉਸ ਵਰਗੀ ਆਵਾਜ਼ ਕੱਢਿਆ ਕਰਦੇ ਸਨ, ਹਾਸੇ-ਮਜ਼ਾਕ ਵਾਲੇ  ਭਾਸ਼ਨ ਹੁੰਦੇ ਸਨ। ਹਰ ਕੋਈ ਪੂਰੀ ਆਜ਼ਾਦੀ ਨਾਲ ਜਿਸ ਦੇ ਵੀ ਵਿਰੁੱਧ ਹਾਸੇ ਦੇ ਰੂਪ ਵਿੱਚ ਬੋਲਣਾ ਚਾਹੇ, ਬੋਲ ਸਕਿਆ ਕਰਦਾ ਸੀ ਅਤੇ  ਖ਼ੂਬ ਹਾਸੇ-ਤਮਾਸ਼ੇ ਵਾਲਾ ਮਾਹੌਲ ਹੁੰਦਾ ਸੀ।

ਭਾਵੇਂ ਇਹ ਦਿਨ ਬਹੁਤ ਹਾਸੇ-ਮਖ਼ੌਲ ਵਾਲਾ ਹੁੰਦਾ ਹੈ,ਪਰ ਬਹੁਤ ਵਾਰੀ ਹਾਸੇ ਦਾ ਮੜਾਸਾ ਵੀ ਬਣ ਜਾਇਆ ਕਰਦਾ ਹੈ। ਕਿਸੇ ਅਣਪਛਾਤੇ ਵਿਅਕਤੀ ਨੂੰ ਗਲਤ ਮਖ਼ੌਲ ਕਰਨਾਂ, ਕਿਸੇ ਬਿਮਾਰ ਨੂੰ ਪਰੇਸ਼ਾਨ ਕਰਨਾ, ਪਤਾਸੇ ਜਾਂ ਦੁੱਧ ਆਦਿ ਵਿੱਚ ਘਟੀਆ ਕਿਸਮ ਦਾ ਰੰਗ ਮਿਲਾਉਣਾ ਆਦਿ ਮਾੜੇ ਰੁਝਾਨ ਹਨ। ਕਈ ਵਾਰ ਕਿਸੇ ਦਿਲ ਦੇ ਮਰੀਜ਼ ਨੂੰ ਕਿਸੇ ਨਜ਼ਦੀਕੀ ਦੀ ਮੌਤ ਬਾਰੇ ਐਵੇਂ ਹੀ ਸੁਨੇਹਾ ਦੇ ਦੇਣਾ, ਜਾਂ ਐਵੇ ਹੀ ਕਿਸੇ ਨੂੰ ਵੱਡੀ ਲਾਟਰੀ ਨਿਕਲਣ ਬਾਰੇ ਕਹਿ ਦੇਣਾ, ਕੋਈ ਰਸਾਇਣਕ ਪਦਾਰਥ ਵਰਤਣਾ ਆਦਿ ਵੀ ਲੜਾਈ, ਨੁਕਸਾਨ ਜਾਂ ਬਿਮਾਰੀ ਦਾ ਕਾਰਣ ਬਣਿਆ ਕਰਦੇ ਹਨ। ਚਾਹ ਵਿੱਚ ਲੂਣ ਪਾਉਣਾ,ਚਾਹ ਫਿੱਕੀ ਰੱਖਣਾ,ਰਸਤੇ ਵਿੱਚ ਸਿੱਕਾ ਸੁੱਟ ਕੇ, ਜਦ ਕੋਈ ਨਿਓਂਕਿ ਚੁੱਕਣ ਲੱਗੇ ਤਾਂ ਉਹ ਬਰੀਕ ਧਾਗੇ ਨਾਲ ਖਿੱਚ ਲੈਣਾ, ਲੂਣ ਵਾਲੀ ਮਠਿਆਈ ਦਾ ਡੱਬਾ ਭੇਜਣਾ, ਰਾਤ ਨੂੰ ਕਿਸੇ ਛੜੇ ਜਾਂ ਬਜ਼ੁਰਗ ਜੋੜੇ ਦੇ ਬੂਹੇ ਤੇ ਸ਼ਰੀਂਹ ਬੰਨ੍ਹ ਜਾਣਾ, ਜਾਂ ਉਂਝ ਹੀ ਸੰਦੇਸ਼ਾ ਦੇ ਦੇਣਾ ਕਿ ਤੈਨੂੰ ਤੇਰੇ ਉਸ ਮਿੱਤਰ ਨੇ ਹੁਣੇ ਹੀ ਸੱਦਿਆ ਹੈ ਆਦਿ ਪ੍ਰਚੱਲਿਤ ਮਖੌਲ ਹਨ। ਖ਼ੈਰ ਏਨਾ ਹੀ ਕਾਫ਼ੀ ਏ ਕਿ ਲੋਕ ਇਸ ਦਿਨ ਥੋੜਾ ਖ਼ੁਸ਼ ਹੋ ਲਿਆ ਕਰਦੇ ਹਨ। ਸ਼ਹਿਣਸ਼ੀਲਤਾ ਦਾ ਬਰਕਰਾਰ ਰੱਖਿਆ ਜਾਣਾ ਇਸ ਦਾ ਪਹਿਲਾ ਮੰਤਵ ਹੈ, ਇਸ ਲਈ ਟਿੱਚਰ ਕਰੋ ਵੀ ਅਤੇ ਕਰਵਾਓ ਵੀ। ਪਰ ਸ਼ਹਿਣਸ਼ੀਲਤਾ ਦਾ ਪੱਲਾ ਨਾ ਛੱਡੋ।
***

No comments: